ਕੋਈ ਵੀ ਇਨਸਾਨ ਦੋ ਮਾਲਕਾਂ ਦੀ ਗ਼ੁਲਾਮੀ ਨਹੀਂ ਕਰ ਸਕਦਾ
‘ਕੋਈ ਵੀ ਇਨਸਾਨ ਦੋ ਮਾਲਕਾਂ ਦੀ ਗ਼ੁਲਾਮੀ ਨਹੀਂ ਕਰ ਸਕਦਾ। ਤੁਸੀਂ ਪਰਮੇਸ਼ੁਰ ਅਤੇ ਪੈਸੇ ਦੋਵਾਂ ਦੀ ਗ਼ੁਲਾਮੀ ਨਹੀਂ ਕਰ ਸਕਦੇ।’—ਮੱਤੀ 6:24.
1-3. (ੳ) ਪੈਸੇ ਪੱਖੋਂ ਕਈ ਪਰਿਵਾਰਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਅਤੇ ਉਹ ਇਨ੍ਹਾਂ ਨੂੰ ਹੱਲ ਕਰਨ ਦੀ ਕਿਵੇਂ ਕੋਸ਼ਿਸ਼ ਕਰਦੇ ਹਨ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ਅ) ਜਿਹੜੇ ਮਾਪੇ ਵਿਦੇਸ਼ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਪਰਵਰਿਸ਼ ਬਾਰੇ ਕਿਹੜੀ ਚਿੰਤਾ ਹੁੰਦੀ ਹੈ?
ਮੋਨੀਕਾ ਨਾਂ ਦੀ ਇਕ ਭੈਣ ਦੱਸਦੀ ਹੈ: “ਜਦ ਮੇਰੇ ਪਤੀ ਕੰਮ ਤੋਂ ਘਰ ਵਾਪਸ ਆਉਂਦੇ ਸਨ, ਤਾਂ ਉਹ ਬਹੁਤ ਥੱਕੇ-ਟੁੱਟੇ ਹੁੰਦੇ ਸਨ। ਇੰਨੀ ਮਿਹਨਤ ਕਰਨ ਦੇ ਬਾਵਜੂਦ ਉਨ੍ਹਾਂ ਦੀ ਤਨਖ਼ਾਹ ਨਾਲ ਸਾਡੇ ਰੋਜ਼ ਦੇ ਖ਼ਰਚੇ ਪੂਰੇ ਨਹੀਂ ਸੀ ਹੁੰਦੇ। ਮੈਂ ਨੌਕਰੀ ਕਰ ਕੇ ਉਨ੍ਹਾਂ ਦਾ ਬੋਝ ਹਲਕਾ ਕਰਨਾ ਚਾਹੁੰਦੀ ਸੀ ਅਤੇ ਆਪਣੇ ਬੇਟੇ ਜੌਨੀ ਲਈ ਸਕੂਲ ਦੇ ਦੂਜੇ ਬੱਚਿਆਂ ਵਾਂਗ ਵਧੀਆ ਤੋਂ ਵਧੀਆ ਚੀਜ਼ਾਂ ਖ਼ਰੀਦਣਾ ਚਾਹੁੰਦੀ ਸੀ।”a ਮੋਨੀਕਾ ਪੈਸੇ ਪੱਖੋਂ ਆਪਣੇ ਰਿਸ਼ਤੇਦਾਰਾਂ ਦੀ ਵੀ ਮਦਦ ਕਰਨਾ ਚਾਹੁੰਦੀ ਸੀ ਅਤੇ ਭਵਿੱਖ ਲਈ ਕੁਝ ਪੈਸੇ ਜੋੜਨਾ ਚਾਹੁੰਦੀ ਸੀ। ਉਸ ਦੀਆਂ ਕਈ ਸਹੇਲੀਆਂ ਵੀ ਹੋਰ ਪੈਸੇ ਕਮਾਉਣ ਲਈ ਵਿਦੇਸ਼ਾਂ ਵਿਚ ਕੰਮ ਕਰਨ ਗਈਆਂ ਸਨ। ਪਰ ਜਦ ਉਹ ਆਪ ਵਿਦੇਸ਼ ਜਾਣ ਬਾਰੇ ਸੋਚ ਰਹੀ ਸੀ, ਤਾਂ ਉਸ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਕੀ ਫ਼ੈਸਲਾ ਲਵੇ। ਕਿਉਂ?
2 ਮੋਨੀਕਾ ਨੂੰ ਆਪਣੇ ਪਰਿਵਾਰ ਨੂੰ ਛੱਡਣ ਤੋਂ ਬਹੁਤ ਡਰ ਲੱਗ ਰਿਹਾ ਸੀ। ਉਹ ਸਾਰੇ ਮਿਲ ਕੇ ਯਹੋਵਾਹ ਦੀ ਭਗਤੀ ਕਰ ਰਹੇ ਸਨ। ਪਰ ਜੇ ਉਹ ਵਿਦੇਸ਼ ਚਲੀ ਜਾਵੇ, ਤਾਂ ਉਹ ਆਪਣੇ ਪਰਿਵਾਰ ਨਾਲ ਮਿਲ ਕੇ ਯਹੋਵਾਹ ਦੀ ਭਗਤੀ ਕਿਵੇਂ ਕਰ ਸਕੇਗੀ? ਨਾਲੇ ਉਸ ਨੇ ਸੋਚਿਆ ਕਿ ਦੂਜੇ ਵੀ ਤਾਂ ਆਪਣੇ ਪਰਿਵਾਰਾਂ ਤੋਂ ਦੂਰ ਹੋਰ ਦੇਸ਼ਾਂ ਵਿਚ ਕੰਮ ਕਰਨ ਗਏ ਹਨ ਅਤੇ ਲੱਗਦਾ ਹੈ ਕਿ ਉਹ ਸੱਚਾਈ ਵਿਚ ਮਜ਼ਬੂਤ ਹਨ। ਉਸ ਨੂੰ ਇਕ ਹੋਰ ਗੱਲ ਦਾ ਵੀ ਫ਼ਿਕਰ ਸੀ ਕਿ ਉਹ ਦੂਰ ਰਹਿ ਕੇ ਆਪਣੇ ਬੇਟੇ ਦੀ ਪਰਵਰਿਸ਼ ਕਿਵੇਂ ਕਰ ਸਕੇਗੀ? ਕੀ ਉਹ ਇੰਟਰਨੈੱਟ ਦੇ ਜ਼ਰੀਏ ਆਪਣੇ ਲਾਡਲੇ ਨਾਲ ਗੱਲ ਕਰ ਕੇ ਉਸ ਨੂੰ “ਯਹੋਵਾਹ ਦੀ ਤਾੜਨਾ ਅਤੇ ਸਿੱਖਿਆ” ਦੇ ਸਕੇਗੀ?—ਅਫ਼. 6:4.
3 ਮੋਨੀਕਾ ਨੇ ਇਹ ਫ਼ੈਸਲਾ ਲੈਣ ਵਿਚ ਦੂਸਰਿਆਂ ਤੋਂ ਸਲਾਹ ਲਈ। ਉਸ ਦਾ ਪਤੀ ਨਹੀਂ ਸੀ ਚਾਹੁੰਦਾ ਕਿ ਮੋਨੀਕਾ ਵਿਦੇਸ਼ ਜਾਵੇ, ਪਰ ਉਸ ਨੇ ਕਿਹਾ ਕਿ ਉਹ ਉਸ ਨੂੰ ਜਾਣ ਤੋਂ ਨਹੀਂ ਰੋਕੇਗਾ। ਮੰਡਲੀ ਦੇ ਬਜ਼ੁਰਗਾਂ ਤੇ ਕਈ ਭੈਣਾਂ-ਭਰਾਵਾਂ ਨੇ ਉਸ ਨੂੰ ਸਮਝਾਇਆ ਕਿ ਉਹ ਨਾ ਜਾਵੇ, ਪਰ ਕੁਝ ਭੈਣਾਂ ਨੇ ਉਸ ਨੂੰ ਜਾਣ ਲਈ ਉਕਸਾਇਆ। ਉਨ੍ਹਾਂ ਨੇ ਕਿਹਾ: “ਜੇ ਤੂੰ ਆਪਣੇ ਪਰਿਵਾਰ ਨੂੰ ਪਿਆਰ ਕਰਦੀ ਹੈਂ, ਤਾਂ ਤੈਨੂੰ ਜ਼ਰੂਰ ਜਾਣਾ ਚਾਹੀਦਾ ਹੈ। ਤੂੰ ਉੱਥੇ ਵੀ ਤਾਂ ਯਹੋਵਾਹ ਦੀ ਸੇਵਾ ਕਰ ਸਕਦੀ ਹੈਂ।” ਹਾਲਾਂਕਿ ਉਹ ਅਜੇ ਵੀ ਉਲਝਣ ਵਿਚ ਸੀ, ਫਿਰ ਵੀ ਉਹ ਆਪਣੇ ਪਤੀ ਬੌਬੀ ਅਤੇ ਬੇਟੇ ਜੌਨੀ ਨੂੰ ਅਲਵਿਦਾ ਕਹਿ ਵਿਦੇਸ਼ ਕੰਮ ਕਰਨ ਚਲੀ ਗਈ। ਉਸ ਨੇ ਵਾਅਦਾ ਕੀਤਾ: “ਮੈਂ ਜਲਦੀ ਵਾਪਸ ਆ ਜਾਵਾਂਗੀ।”b
ਪਰਿਵਾਰਕ ਜ਼ਿੰਮੇਵਾਰੀਆਂ ਅਤੇ ਬਾਈਬਲ ਦੇ ਅਸੂਲ
4. ਕੁਝ ਲੋਕ ਆਪਣੇ ਪਰਿਵਾਰਾਂ ਨੂੰ ਛੱਡ ਕੇ ਵਿਦੇਸ਼ਾਂ ਨੂੰ ਕਿਉਂ ਜਾਂਦੇ ਹਨ ਅਤੇ ਉਨ੍ਹਾਂ ਦੇ ਬੱਚਿਆਂ ਦੀ ਪਰਵਰਿਸ਼ ਕੌਣ ਕਰਦੇ ਹਨ?
4 ਯਹੋਵਾਹ ਨਹੀਂ ਚਾਹੁੰਦਾ ਕਿ ਉਸ ਦੇ ਸੇਵਕ ਭੁੱਖੇ ਮਰਨ। ਲੋਕ ਸਦੀਆਂ ਤੋਂ ਗ਼ਰੀਬੀ ਵਿੱਚੋਂ ਬਾਹਰ ਨਿਕਲਣ ਲਈ ਵਿਦੇਸ਼ਾਂ ਨੂੰ ਜਾਂਦੇ ਰਹੇ ਹਨ। (ਜ਼ਬੂ. 37:25; ਕਹਾ. 30:8) ਮਿਸਾਲ ਲਈ, ਭੁੱਖਮਰੀ ਤੋਂ ਬਚਣ ਲਈ ਯਾਕੂਬ ਨੇ ਆਪਣੇ ਪੁੱਤਰਾਂ ਨੂੰ ਖਾਣਾ ਖ਼ਰੀਦਣ ਲਈ ਮਿਸਰ ਭੇਜਿਆ।c (ਉਤ. 42:1, 2) ਪਰ ਅੱਜ ਜ਼ਿਆਦਾਤਰ ਲੋਕ ਵਿਦੇਸ਼ਾਂ ਨੂੰ ਇਸ ਲਈ ਨਹੀਂ ਜਾਂਦੇ ਕਿ ਉਨ੍ਹਾਂ ਨੂੰ ਖਾਣ-ਪੀਣ ਦੀ ਕਮੀ ਹੈ। ਹੋ ਸਕਦਾ ਹੈ ਕਿ ਉਹ ਕਰਜ਼ੇ ਦੇ ਬੋਝ ਹੇਠਾਂ ਦੱਬੇ ਹੋਏ ਹਨ। ਦੂਜੇ ਸ਼ਾਇਦ ਅਜਿਹੇ ਦੇਸ਼ਾਂ ਵਿਚ ਰਹਿੰਦੇ ਹਨ ਜਿੱਥੇ ਮੰਦੀ ਦਾ ਦੌਰ ਚੱਲ ਰਿਹਾ ਹੈ। ਇਸ ਲਈ ਉਹ ਹੋਰ ਪੈਸੇ ਕਮਾਉਣ ਲਈ ਆਪਣੇ ਹੀ ਦੇਸ਼ ਵਿਚ ਜਾਂ ਕਿਸੇ ਹੋਰ ਦੇਸ਼ ਵਿਚ ਜਾ ਕੇ ਕੰਮ ਕਰਨ ਦਾ ਫ਼ੈਸਲਾ ਕਰਦੇ ਹਨ ਤਾਂਕਿ ਉਹ ਆਪਣੇ ਪਰਿਵਾਰ ਨੂੰ ਸੁੱਖ-ਆਰਾਮ ਦੀ ਜ਼ਿੰਦਗੀ ਦੇ ਸਕਣ। ਅਕਸਰ ਉਹ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ ਦੀ ਜ਼ਿੰਮੇਵਾਰੀ ਆਪਣੇ ਜੀਵਨ ਸਾਥੀ, ਵੱਡੇ ਬੱਚਿਆਂ, ਆਪਣੇ ਮਾਪਿਆਂ, ਰਿਸ਼ਤੇਦਾਰਾਂ ਜਾਂ ਦੋਸਤਾਂ ਨੂੰ ਦੇ ਦਿੰਦੇ ਹਨ। ਭਾਵੇਂ ਉਨ੍ਹਾਂ ਨੂੰ ਆਪਣੇ ਜੀਵਨ ਸਾਥੀ ਅਤੇ ਬੱਚਿਆਂ ਨੂੰ ਪਿੱਛੇ ਛੱਡਣ ਦਾ ਬਹੁਤ ਦੁੱਖ ਹੁੰਦਾ ਹੈ, ਪਰ ਉਹ ਸੋਚਦੇ ਹਨ ਕਿ ਵਿਦੇਸ਼ ਜਾਣ ਤੋਂ ਸਿਵਾਇ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ ਹੈ।
5, 6. (ੳ) ਯਿਸੂ ਨੇ ਖ਼ੁਸ਼ੀ ਅਤੇ ਮਨ ਦਾ ਸਕੂਨ ਪਾਉਣ ਬਾਰੇ ਕੀ ਸਿਖਾਇਆ ਸੀ? (ਅ) ਯਿਸੂ ਮੁਤਾਬਕ ਸਾਨੂੰ ਆਪਣੀਆਂ ਕਿਹੜੀਆਂ ਲੋੜਾਂ ਬਾਰੇ ਪ੍ਰਾਰਥਨਾ ਕਰਨੀ ਚਾਹੀਦੀ ਹੈ? (ੲ) ਯਹੋਵਾਹ ਸਾਡੇ ਨਾਲ ਕੀ ਵਾਅਦਾ ਕਰਦਾ ਹੈ?
5 ਯਿਸੂ ਦੇ ਜ਼ਮਾਨੇ ਵਿਚ ਵੀ ਬਹੁਤ ਸਾਰੇ ਲੋਕ ਗ਼ਰੀਬ ਤੇ ਬੇਸਹਾਰਾ ਸਨ। ਉਨ੍ਹਾਂ ਨੂੰ ਲੱਗਦਾ ਸੀ ਕਿ ਜੇ ਉਨ੍ਹਾਂ ਕੋਲ ਹੋਰ ਪੈਸੇ ਹੁੰਦੇ, ਤਾਂ ਉਹ ਜ਼ਿਆਦਾ ਖ਼ੁਸ਼ ਹੁੰਦੇ ਅਤੇ ਉਨ੍ਹਾਂ ਦਾ ਗੁਜ਼ਾਰਾ ਚੰਗਾ ਚੱਲਦਾ। (ਮਰ. 14:7) ਪਰ ਯਿਸੂ ਚਾਹੁੰਦਾ ਸੀ ਕਿ ਉਹ ਪੈਸੇ ਜਾਂ ਚੀਜ਼ਾਂ ʼਤੇ ਭਰੋਸਾ ਕਰਨ ਦੀ ਬਜਾਇ ਯਹੋਵਾਹ ʼਤੇ ਭਰੋਸਾ ਕਰਨ। ਪੈਸੇ ਜਾਂ ਚੀਜ਼ਾਂ ਤਾਂ ਸਿਰਫ਼ ਥੋੜ੍ਹੇ ਸਮੇਂ ਲਈ ਹੁੰਦੀਆਂ ਹਨ, ਪਰ ਪਰਮੇਸ਼ੁਰ ਤੋਂ ਮਿਲੀਆਂ ਬਰਕਤਾਂ ਹਮੇਸ਼ਾ ਰਹਿੰਦੀਆਂ ਹਨ। ਆਪਣੇ ਮਸ਼ਹੂਰ ਉਪਦੇਸ਼ ਵਿਚ ਯਿਸੂ ਨੇ ਸਮਝਾਇਆ ਕਿ ਸੱਚੀ ਖ਼ੁਸ਼ੀ ਅਤੇ ਮਨ ਦਾ ਸਕੂਨ ਸਵਰਗੀ ਪਿਤਾ ਯਹੋਵਾਹ ਨਾਲ ਚੰਗਾ ਰਿਸ਼ਤਾ ਕਾਇਮ ਕਰ ਕੇ ਮਿਲਦਾ ਹੈ, ਨਾ ਕਿ ਪੈਸੇ, ਚੀਜ਼ਾਂ ਜਾਂ ਆਪਣੀਆਂ ਕੋਸ਼ਿਸ਼ਾਂ ਨਾਲ।
6 ਜਦ ਯਿਸੂ ਨੇ ਸਾਨੂੰ ਪ੍ਰਾਰਥਨਾ ਕਰਨੀ ਸਿਖਾਈ ਸੀ, ਤਾਂ ਉਸ ਨੇ ਕਿਹਾ ਸੀ ਕਿ ਸਾਨੂੰ ਐਸ਼ੋ-ਆਰਾਮ ਦੀ ਜ਼ਿੰਦਗੀ ਲਈ ਨਹੀਂ, ਸਗੋਂ “ਅੱਜ ਦੀ ਰੋਟੀ” ਯਾਨੀ ਆਪਣੀਆਂ ਰੋਜ਼ਮੱਰਾ ਦੀਆਂ ਲੋੜਾਂ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। ਉਸ ਨੇ ਸਾਫ਼-ਸਾਫ਼ ਕਿਹਾ: “ਧਰਤੀ ਉੱਤੇ ਆਪਣੇ ਲਈ ਧਨ ਜੋੜਨਾ ਛੱਡ ਦਿਓ। . . . ਇਸ ਦੀ ਬਜਾਇ, ਸਵਰਗ ਵਿਚ ਆਪਣੇ ਲਈ ਧਨ ਜੋੜੋ।” (ਮੱਤੀ 6:9, 11, 19, 20) ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਆਪਣੇ ਵਾਅਦੇ ਮੁਤਾਬਕ ਸਾਨੂੰ ਬਰਕਤਾਂ ਦੇਵੇਗਾ। ਯਹੋਵਾਹ ਸਿਰਫ਼ ਕਹਿੰਦਾ ਹੀ ਨਹੀਂ ਕਿ ਅਸੀਂ ਉਸ ਦੇ ਲੋਕ ਹਾਂ, ਸਗੋਂ ਉਹ ਸਾਨੂੰ ਗਾਰੰਟੀ ਦਿੰਦਾ ਹੈ ਕਿ ਉਹ ਸਾਡੀਆਂ ਲੋੜਾਂ ਪੂਰੀਆਂ ਕਰੇਗਾ। ਜੀ ਹਾਂ, ਪੈਸੇ ਦੀ ਬਜਾਇ ਆਪਣੇ ਪਿਆਰੇ ਪਿਤਾ ਯਹੋਵਾਹ ʼਤੇ ਭਰੋਸਾ ਰੱਖਣ ਨਾਲ ਹੀ ਅਸੀਂ ਦਿਲੋਂ ਖ਼ੁਸ਼ੀ ਅਤੇ ਮਨ ਦੀ ਸ਼ਾਂਤੀ ਪਾ ਸਕਦੇ ਹਾਂ।—ਮੱਤੀ 6:24, 25, 31-34 ਪੜ੍ਹੋ।
7. (ੳ) ਯਹੋਵਾਹ ਨੇ ਬੱਚਿਆਂ ਦੀ ਪਰਵਰਿਸ਼ ਕਰਨ ਦੀ ਜ਼ਿੰਮੇਵਾਰੀ ਕਿਸ ਨੂੰ ਸੌਂਪੀ ਹੈ? (ਅ) ਇਹ ਕਿਉਂ ਜ਼ਰੂਰੀ ਹੈ ਕਿ ਮਾਂ-ਬਾਪ ਇਕੱਠੇ ਰਹਿ ਕੇ ਬੱਚਿਆਂ ਦੀ ਪਰਵਰਿਸ਼ ਕਰਨ?
7 ਪਰਮੇਸ਼ੁਰ ਦੀਆਂ ‘ਨਜ਼ਰਾਂ ਵਿਚ ਸਹੀ ਕੰਮ ਕਰਨ’ ਲਈ ਜ਼ਰੂਰੀ ਹੈ ਕਿ ਅਸੀਂ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਯਹੋਵਾਹ ਦੇ ਤਰੀਕੇ ਨਾਲ ਨਿਭਾਈਏ। ਮਿਸਾਲ ਲਈ, ਮੂਸਾ ਦੇ ਕਾਨੂੰਨ ਵਿਚ ਮਾਪਿਆਂ ਨੂੰ ਇਹ ਹੁਕਮ ਦਿੱਤਾ ਗਿਆ ਸੀ ਕਿ ਉਹ ਆਪਣੇ ਬੱਚਿਆਂ ਨੂੰ ਯਹੋਵਾਹ ਬਾਰੇ ਸਿਖਾਉਣ ਅਤੇ ਉਸ ਦੇ ਸੇਵਕ ਬਣਨ ਵਿਚ ਉਨ੍ਹਾਂ ਦੀ ਮਦਦ ਕਰਨ। ਇਹ ਹੁਕਮ ਅੱਜ ਮਸੀਹੀਆਂ ʼਤੇ ਵੀ ਲਾਗੂ ਹੁੰਦਾ ਹੈ। (ਬਿਵਸਥਾ ਸਾਰ 6:6, 7 ਪੜ੍ਹੋ।) ਪਰਮੇਸ਼ੁਰ ਨੇ ਇਹ ਜ਼ਿੰਮੇਵਾਰੀ ਨਾਨਾ-ਨਾਨੀ, ਦਾਦਾ-ਦਾਦੀ ਜਾਂ ਕਿਸੇ ਹੋਰ ਨੂੰ ਨਹੀਂ, ਸਗੋਂ ਮਾਪਿਆਂ ਨੂੰ ਦਿੱਤੀ ਹੈ। ਰਾਜਾ ਸੁਲੇਮਾਨ ਨੇ ਕਿਹਾ: ‘ਹੇ ਮੇਰੇ ਪੁੱਤ੍ਰ, ਤੂੰ ਆਪਣੇ ਪਿਉ ਦਾ ਉਪਦੇਸ਼ ਸੁਣ, ਅਤੇ ਆਪਣੀ ਮਾਂ ਦੀ ਤਾਲੀਮ ਨੂੰ ਨਾ ਛੱਡੀਂ।’ (ਕਹਾ. 1:8) ਯਹੋਵਾਹ ਚਾਹੁੰਦਾ ਹੈ ਕਿ ਮਾਂ-ਬਾਪ ਇਕੱਠੇ ਰਹਿ ਕੇ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ ਅਤੇ ਉਨ੍ਹਾਂ ਨੂੰ ਸਿੱਖਿਆ ਦੇਣ। (ਕਹਾ. 31:10, 27, 28) ਜਦ ਬੱਚੇ ਰੋਜ਼ ਆਪਣੇ ਮੰਮੀ-ਡੈਡੀ ਨੂੰ ਯਹੋਵਾਹ ਬਾਰੇ ਗੱਲ ਕਰਦਿਆਂ ਸੁਣਦੇ ਹਨ ਅਤੇ ਉਸ ਦੀ ਸੇਵਾ ਕਰਦਿਆਂ ਦੇਖਦੇ ਹਨ, ਤਾਂ ਉਹ ਆਪਣੇ ਮਾਪਿਆਂ ਦੀ ਮਿਸਾਲ ਤੋਂ ਯਹੋਵਾਹ ਦੀ ਸੇਵਾ ਕਰਨੀ ਸਿੱਖਦੇ ਹਨ।
ਅੰਜਾਮ ਤੋਂ ਅਣਜਾਣ
8, 9. (ੳ) ਜਦ ਇਕ ਮਾਂ ਜਾਂ ਬਾਪ ਬੱਚਿਆਂ ਤੋਂ ਦੂਰ ਰਹਿੰਦਾ ਹੈ, ਤਾਂ ਅਕਸਰ ਪਰਿਵਾਰ ਵਿਚ ਕਿਹੜੀਆਂ ਤਬਦੀਲੀਆਂ ਆਉਂਦੀਆਂ ਹਨ? (ਅ) ਜਦੋਂ ਮਾਪੇ ਅਤੇ ਬੱਚੇ ਇਕੱਠੇ ਨਹੀਂ ਰਹਿੰਦੇ, ਤਾਂ ਇਸ ਦਾ ਪਰਿਵਾਰ ਉੱਤੇ ਕੀ ਅਸਰ ਪੈਂਦਾ ਹੈ?
8 ਵਿਦੇਸ਼ ਜਾਣ ਤੋਂ ਪਹਿਲਾਂ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਪਰਿਵਾਰ ਨੂੰ ਪਿੱਛੇ ਛੱਡਣ ਨਾਲ ਕੁਝ ਸਮੱਸਿਆਵਾਂ ਖੜ੍ਹੀਆਂ ਹੋ ਸਕਦੀਆਂ ਹਨ। ਪਰ ਉਹ ਇਹ ਨਹੀਂ ਸਮਝਦੇ ਕਿ ਉਨ੍ਹਾਂ ਦੇ ਇਸ ਫ਼ੈਸਲੇ ਦਾ ਪਰਿਵਾਰ ʼਤੇ ਕਿੰਨਾ ਅਸਰ ਪਵੇਗਾ। (ਕਹਾ. 22:3)d ਆਪਣੇ ਪਰਿਵਾਰ ਤੋਂ ਜੁਦਾ ਹੋਣ ਤੋਂ ਥੋੜ੍ਹੀ ਹੀ ਦੇਰ ਬਾਅਦ ਮੋਨੀਕਾ ਨੂੰ ਉਨ੍ਹਾਂ ਦੀ ਬਹੁਤ ਯਾਦ ਸਤਾਉਣ ਲੱਗੀ ਅਤੇ ਉਨ੍ਹਾਂ ਦਾ ਵਿਛੋੜਾ ਸਹਿਣਾ ਉਸ ਲਈ ਬਹੁਤ ਔਖਾ ਸੀ। ਨਾਲੇ ਉਸ ਦੇ ਪਤੀ ਤੇ ਬੇਟੇ ਲਈ ਵੀ ਮੋਨੀਕਾ ਤੋਂ ਦੂਰ ਰਹਿਣਾ ਬਹੁਤ ਮੁਸ਼ਕਲ ਸੀ। ਜੌਨੀ ਆਪਣੀ ਮੰਮੀ ਨੂੰ ਪੁੱਛਦਾ ਸੀ: “ਤੁਸੀਂ ਮੈਨੂੰ ਛੱਡ ਕੇ ਕਿਉਂ ਚਲੇ ਗਏ?” ਭਾਵੇਂ ਕਿ ਮੋਨੀਕਾ ਨੇ ਕੁਝ ਹੀ ਮਹੀਨਿਆਂ ਲਈ ਜਾਣ ਦਾ ਇਰਾਦਾ ਕੀਤਾ ਸੀ, ਪਰ ਫਿਰ ਕਈ ਸਾਲ ਬੀਤ ਗਏ। ਉਸ ਦੇ ਪਰਿਵਾਰ ਦੇ ਮੈਂਬਰਾਂ ਦਾ ਸੁਭਾਅ ਹੌਲੀ-ਹੌਲੀ ਬਦਲ ਗਿਆ ਜਿਸ ਨੂੰ ਦੇਖ ਕੇ ਉਹ ਡਰ ਗਈ। ਜੌਨੀ ਗੁੰਮ-ਸੁੰਮ ਰਹਿਣ ਲੱਗਾ ਅਤੇ ਹੁਣ ਉਹ ਆਪਣੀ ਮੰਮੀ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਨਹੀਂ ਸੀ ਕਰਨੀਆਂ ਚਾਹੁੰਦਾ। ਮੋਨੀਕਾ ਭਾਰੇ ਮਨ ਨਾਲ ਕਹਿੰਦੀ ਹੈ: “ਮੇਰਾ ਬੇਟਾ ਹੁਣ ਮੈਨੂੰ ਪਿਆਰ ਨਹੀਂ ਕਰਦਾ।”
9 ਜਦ ਮਾਪੇ ਤੇ ਬੱਚੇ ਇਕੱਠੇ ਨਹੀਂ ਰਹਿੰਦੇ, ਤਾਂ ਉਨ੍ਹਾਂ ਦੇ ਰਿਸ਼ਤੇ ਵਿਚ ਦਰਾੜ ਪੈ ਸਕਦੀ ਹੈ। ਇਸ ਤੋਂ ਇਲਾਵਾ, ਸ਼ਾਇਦ ਉਨ੍ਹਾਂ ਨੂੰ ਸਹੀ-ਗ਼ਲਤ ਵਿਚ ਫ਼ਰਕ ਨਜ਼ਰ ਨਾ ਆਵੇ।e ਬੱਚੇ ਜਿੰਨੇ ਛੋਟੇ ਹੁੰਦੇ ਹਨ ਅਤੇ ਮਾਪਿਆਂ ਤੋਂ ਜਿੰਨਾ ਜ਼ਿਆਦਾ ਦੂਰ ਰਹਿੰਦੇ ਹਨ, ਉੱਨਾ ਜ਼ਿਆਦਾ ਉਨ੍ਹਾਂ ʼਤੇ ਬੁਰਾ ਅਸਰ ਪੈਂਦਾ ਹੈ। ਮੋਨੀਕਾ ਨੇ ਜੌਨੀ ਨੂੰ ਸਮਝਾਇਆ ਸੀ ਕਿ ਉਹ ਉਸ ਦੀ ਖ਼ਾਤਰ ਵਿਦੇਸ਼ ਜਾ ਰਹੀ ਸੀ। ਪਰ ਜੌਨੀ ਨੂੰ ਲੱਗਾ ਕਿ ਉਸ ਦੀ ਮੰਮੀ ਉਸ ਨੂੰ ਪਿਆਰ ਨਹੀਂ ਸੀ ਕਰਦੀ, ਇਸੇ ਕਰਕੇ ਉਹ ਉਸ ਨੂੰ ਇਕੱਲਾ ਛੱਡ ਕੇ ਚਲੀ ਗਈ। ਪਹਿਲਾਂ-ਪਹਿਲਾਂ ਜੌਨੀ ਆਪਣੀ ਮੰਮੀ ਦੀ ਜੁਦਾਈ ਕਰਕੇ ਬਹੁਤ ਉਦਾਸ ਤੇ ਗੁੱਸੇ ਹੋ ਜਾਂਦਾ ਸੀ, ਪਰ ਸਮੇਂ ਦੇ ਬੀਤਣ ਨਾਲ ਉਸ ਦਾ ਸੁਭਾਅ ਬਦਲ ਗਿਆ। ਜਦ ਮੋਨੀਕਾ ਉਸ ਨੂੰ ਮਿਲਣ ਲਈ ਵਾਪਸ ਆਉਂਦੀ ਸੀ, ਤਾਂ ਉਹ ਆਪਣੀ ਮੰਮੀ ਨੂੰ ਦੇਖ ਕੇ ਖਿੱਝ ਜਾਂਦਾ ਸੀ। ਜੌਨੀ ਨੂੰ ਲੱਗਾ ਕਿ ਮੋਨੀਕਾ ਮਾਂ ਹੋਣ ਦਾ ਹੱਕ ਗੁਆ ਬੈਠੀ ਸੀ ਜਿਸ ਕਰਕੇ ਉਸ ਨੂੰ ਆਪਣੀ ਮੰਮੀ ਦਾ ਕਹਿਣਾ ਮੰਨਣ ਅਤੇ ਉਸ ਨੂੰ ਪਿਆਰ ਕਰਨ ਦੀ ਕੋਈ ਲੋੜ ਨਹੀਂ ਸੀ। ਜਿਨ੍ਹਾਂ ਬੱਚਿਆਂ ਨੂੰ ਉਨ੍ਹਾਂ ਦੇ ਮਾਪੇ ਛੱਡ ਕੇ ਵਿਦੇਸ਼ ਚਲੇ ਜਾਂਦੇ ਹਨ, ਉਹ ਅਕਸਰ ਇੱਦਾਂ ਹੀ ਮਹਿਸੂਸ ਕਰਦੇ ਹਨ।—ਕਹਾਉਤਾਂ 29:15 ਪੜ੍ਹੋ।
ਤੁਸੀਂ ਇੰਟਰਨੈੱਟ ਦੇ ਜ਼ਰੀਏ ਆਪਣੇ ਬੱਚੇ ਨੂੰ ਆਪਣੀ ਮਮਤਾ ਦਾ ਅਹਿਸਾਸ ਨਹੀਂ ਕਰਾ ਸਕਦੇ (ਪੈਰਾ 10 ਦੇਖੋ)
10. (ੳ) ਜੇ ਮਾਪੇ ਬੱਚੇ ਨੂੰ ਆਪਣਾ ਪਿਆਰ ਅਤੇ ਸਮਾਂ ਦੇਣ ਦੀ ਬਜਾਇ ਸਿਰਫ਼ ਤੋਹਫ਼ੇ ਦੇਣ, ਤਾਂ ਕੀ ਹੋ ਸਕਦਾ ਹੈ? (ਅ) ਮਾਪਿਆਂ ਤੋਂ ਦੂਰ ਹੋਣ ਨਾਲ ਬੱਚੇ ਕਿਸ ਚੀਜ਼ ਦੀ ਕਮੀ ਮਹਿਸੂਸ ਕਰਦੇ ਹਨ?
10 ਮੋਨੀਕਾ ਨੇ ਸੋਚਿਆ ਕਿ ਜੌਨੀ ਨੂੰ ਤੋਹਫ਼ੇ ਅਤੇ ਪੈਸੇ ਭੇਜ ਕੇ ਉਹ ਆਪਣੇ ਰਿਸ਼ਤੇ ਵਿਚ ਪਈ ਦਰਾੜ ਨੂੰ ਭਰ ਸਕਦੀ ਸੀ। ਪਰ ਉਸ ਨੇ ਦੇਖਿਆ ਕਿ ਉਸ ਦਾ ਬੇਟਾ ਦਿਨ-ਬਦਿਨ ਉਸ ਤੋਂ ਦੂਰ ਹੁੰਦਾ ਜਾ ਰਿਹਾ ਸੀ ਅਤੇ ਉਹ ਅਣਜਾਣੇ ਵਿਚ ਆਪਣੇ ਮੁੰਡੇ ਨੂੰ ਯਹੋਵਾਹ ਅਤੇ ਪਰਿਵਾਰ ਤੋਂ ਜ਼ਿਆਦਾ ਪੈਸੇ ਨੂੰ ਪਿਆਰ ਕਰਨਾ ਸਿਖਾ ਰਹੀ ਸੀ। (ਕਹਾ. 22:6) ਜੌਨੀ ਉਸ ਨੂੰ ਕਹਿੰਦਾ ਸੀ: “ਮੰਮੀ ਵਾਪਸ ਨਾ ਆਈਂ। ਬਸ ਮੈਨੂੰ ਚੀਜ਼ਾਂ ਭੇਜਦੀ ਰਹੀਂ।” ਮੋਨੀਕਾ ਨੂੰ ਮਹਿਸੂਸ ਹੋਣ ਲੱਗਾ ਕਿ ਉਹ ਚਿੱਠੀਆਂ, ਫ਼ੋਨ ਜਾਂ ਵੀਡੀਓ ਚੈਟ ਰਾਹੀਂ ਆਪਣੇ ਬੇਟੇ ਦੀ ਪਰਵਰਿਸ਼ ਨਹੀਂ ਕਰ ਸਕਦੀ ਸੀ। ਉਹ ਕਹਿੰਦੀ ਹੈ: “ਤੁਸੀਂ ਇੰਟਰਨੈੱਟ ਦੇ ਜ਼ਰੀਏ ਆਪਣੇ ਬੱਚੇ ਨੂੰ ਆਪਣੀ ਮਮਤਾ ਦਾ ਅਹਿਸਾਸ ਨਹੀਂ ਕਰਾ ਸਕਦੇ।”
ਆਪਣੇ ਜੀਵਨ ਸਾਥੀ ਤੋਂ ਦੂਰ ਰਹਿਣ ਦਾ ਕੀ ਅੰਜਾਮ ਹੋ ਸਕਦਾ ਹੈ? (ਪੈਰਾ 11 ਦੇਖੋ)
11. (ੳ) ਜਦ ਪਤੀ-ਪਤਨੀ ਨੌਕਰੀ ਕਰਕੇ ਇਕ-ਦੂਜੇ ਤੋਂ ਅਲੱਗ ਰਹਿੰਦੇ ਹਨ, ਤਾਂ ਇਸ ਦਾ ਉਨ੍ਹਾਂ ਦੇ ਰਿਸ਼ਤੇ ʼਤੇ ਕੀ ਅਸਰ ਪੈਂਦਾ ਹੈ? (ਅ) ਇਕ ਭੈਣ ਇਹ ਗੱਲ ਕਿਵੇਂ ਸਮਝ ਪਾਈ ਕਿ ਉਸ ਨੂੰ ਆਪਣੇ ਪਰਿਵਾਰ ਕੋਲ ਵਾਪਸ ਜਾਣਾ ਚਾਹੀਦਾ ਹੈ?
11 ਇਸ ਤੋਂ ਇਲਾਵਾ, ਮੋਨੀਕਾ ਦਾ ਯਹੋਵਾਹ ਨਾਲ ਰਿਸ਼ਤਾ ਵਿਗੜਦਾ ਜਾ ਰਿਹਾ ਸੀ। ਉਹ ਹਫ਼ਤੇ ਵਿਚ ਇਕ-ਅੱਧੀ ਵਾਰੀ ਹੀ ਮੀਟਿੰਗਾਂ ਅਤੇ ਪ੍ਰਚਾਰ ਵਿਚ ਜਾ ਪਾਉਂਦੀ ਸੀ। ਨਾਲੇ ਉਸ ਵਿਚ ਅਤੇ ਉਸ ਦੇ ਪਤੀ ਬੌਬੀ ਵਿਚ ਦੂਰੀਆਂ ਵਧਦੀਆਂ ਜਾ ਰਹੀਆਂ ਸਨ। ਉਸ ਨੂੰ ਆਪਣੇ ਬਾਸ ਤੋਂ ਦਬਾਅ ਦਾ ਸਾਮ੍ਹਣਾ ਕਰਨਾ ਪੈ ਰਿਹਾ ਸੀ ਜੋ ਉਸ ਨਾਲ ਸਰੀਰਕ ਸੰਬੰਧ ਰੱਖਣਾ ਚਾਹੁੰਦਾ ਸੀ। ਮੋਨੀਕਾ ਤੇ ਬੌਬੀ ਇਕ-ਦੂਜੇ ਤੋਂ ਦੂਰ ਹੋਣ ਕਰਕੇ ਅਜਿਹੀਆਂ ਮੁਸ਼ਕਲਾਂ ਬਾਰੇ ਇਕ-ਦੂਜੇ ਨਾਲ ਖੁੱਲ੍ਹ ਕੇ ਗੱਲਬਾਤ ਨਹੀਂ ਕਰ ਪਾਉਂਦੇ ਸਨ। ਇਸ ਕਰਕੇ ਉਹ ਆਪਣੇ ਦਿਲ ਦੀਆਂ ਗੱਲਾਂ ਕਿਸੇ ਹੋਰ ਨਾਲ ਸਾਂਝੀਆਂ ਕਰਨ ਲੱਗੇ। ਪਰ ਇਸ ਤੋਂ ਪਹਿਲਾਂ ਕਿ ਉਹ ਦੋਵੇਂ ਹਰਾਮਕਾਰੀ ਕਰ ਬੈਠਦੇ, ਉਨ੍ਹਾਂ ਦੇ ਕਦਮ ਸੰਭਲ ਗਏ। ਮੋਨੀਕਾ ਸੋਚਣ ਲੱਗੀ ਕਿ ਭਾਵੇਂ ਉਸ ਨੇ ਅਤੇ ਉਸ ਦੇ ਪਤੀ ਨੇ ਇਕ-ਦੂਜੇ ਨਾਲ ਬੇਵਫ਼ਾਈ ਨਹੀਂ ਕੀਤੀ, ਫਿਰ ਵੀ ਉਹ ਬਾਈਬਲ ਦੀਆਂ ਹਿਦਾਇਤਾਂ ਮੁਤਾਬਕ ਪਤੀ-ਪਤਨੀ ਵਜੋਂ ਨਾ ਤਾਂ ਇਕ-ਦੂਜੇ ਦਾ ਖ਼ਿਆਲ ਰੱਖ ਰਹੇ ਸਨ ਅਤੇ ਨਾ ਹੀ ਵਿਆਹ ਦਾ ਹੱਕ ਪੂਰਾ ਕਰ ਰਹੇ ਸਨ। ਇਕੱਠੇ ਨਾ ਹੋਣ ਕਾਰਨ ਉਹ ਪਤੀ-ਪਤਨੀ ਵਜੋਂ ਸਮਾਂ ਨਹੀਂ ਗੁਜ਼ਾਰ ਸਕਦੇ ਸਨ ਅਤੇ ਇਕ-ਦੂਜੇ ਲਈ ਪਿਆਰ ਜ਼ਾਹਰ ਨਹੀਂ ਕਰ ਸਕਦੇ ਸਨ। (ਸਰੇ. 1:2; 1 ਕੁਰਿੰ. 7:3, 5) ਨਾਲੇ ਉਹ ਆਪਣੇ ਬੇਟੇ ਨਾਲ ਮਿਲ ਕੇ ਯਹੋਵਾਹ ਦੀ ਭਗਤੀ ਨਹੀਂ ਕਰ ਸਕਦੇ ਸਨ। ਮੋਨੀਕਾ ਕਹਿੰਦੀ ਹੈ: “ਜਦ ਮੈਂ ਇਕ ਸੰਮੇਲਨ ਵਿਚ ਸੁਣਿਆ ਕਿ ਯਹੋਵਾਹ ਦੇ ਮਹਾਨ ਦਿਨ ਵਿੱਚੋਂ ਬਚਣ ਲਈ ਸਾਡੇ ਵਾਸਤੇ ਹਰ ਹਫ਼ਤੇ ਪਰਿਵਾਰਕ ਸਟੱਡੀ ਕਰਨੀ ਕਿੰਨੀ ਜ਼ਰੂਰੀ ਹੈ, ਤਾਂ ਮੈਂ ਸਮਝ ਗਈ ਕਿ ਮੈਨੂੰ ਆਪਣੇ ਪਰਿਵਾਰ ਕੋਲ ਵਾਪਸ ਜਾਣਾ ਚਾਹੀਦਾ ਹੈ। ਮੈਨੂੰ ਪਰਮੇਸ਼ੁਰ ਨਾਲ ਅਤੇ ਆਪਣੇ ਪਰਿਵਾਰ ਨਾਲ ਆਪਣਾ ਰਿਸ਼ਤਾ ਦੁਬਾਰਾ ਮਜ਼ਬੂਤ ਕਰਨ ਦੀ ਲੋੜ ਸੀ।”
ਵਧੀਆ ਅਤੇ ਮਾੜੀ ਸਲਾਹ
12. ਪਰਿਵਾਰਾਂ ਤੋਂ ਦੂਰ ਰਹਿੰਦੇ ਮਸੀਹੀਆਂ ਲਈ ਬਾਈਬਲ ਦੀ ਕਿਹੜੀ ਸਲਾਹ ਫ਼ਾਇਦੇਮੰਦ ਹੈ?
12 ਜਦ ਮੋਨੀਕਾ ਨੇ ਘਰ ਵਾਪਸ ਜਾਣ ਦਾ ਫ਼ੈਸਲਾ ਕੀਤਾ, ਤਾਂ ਕਈਆਂ ਨੇ ਉਸ ਨੂੰ ਵਧੀਆ ਸਲਾਹ ਦਿੱਤੀ ਤੇ ਕਈਆਂ ਨੇ ਮਾੜੀ। ਮੰਡਲੀ ਦੇ ਬਜ਼ੁਰਗਾਂ ਨੇ ਮੋਨੀਕਾ ਦੀ ਨਿਹਚਾ ਤੇ ਹਿੰਮਤ ਲਈ ਉਸ ਦੀ ਤਾਰੀਫ਼ ਕੀਤੀ। ਪਰ ਕੁਝ ਜਣੇ ਉਸ ਦੇ ਫ਼ੈਸਲੇ ਤੋਂ ਖ਼ੁਸ਼ ਨਹੀਂ ਸਨ ਜੋ ਉਸ ਵਾਂਗ ਆਪਣੇ ਪਰਿਵਾਰਾਂ ਤੋਂ ਅਲੱਗ ਵਿਦੇਸ਼ ਵਿਚ ਰਹਿ ਰਹੇ ਸਨ। ਉਸ ਦੀ ਚੰਗੀ ਮਿਸਾਲ ਦੀ ਰੀਸ ਕਰਨ ਦੀ ਬਜਾਇ ਉਨ੍ਹਾਂ ਨੇ ਉਸ ਦਾ ਮਨ ਬਦਲਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ: “ਦੇਖੀਂ, ਤੂੰ ਛੇਤੀ ਵਾਪਸ ਆ ਜਾਣਾ। ਵਾਪਸ ਜਾ ਕੇ ਤੂੰ ਆਪਣੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਤੋਰੇਂਗੀ?” ਇੱਦਾਂ ਦੀਆਂ ਗੱਲਾਂ ਨਾਲ ਭੈਣਾਂ-ਭਰਾਵਾਂ ਦਾ ਹੌਸਲਾ ਢਾਹੁਣ ਦੀ ਬਜਾਇ ਸਾਨੂੰ ਚਾਹੀਦਾ ਹੈ ਕਿ ਅਸੀਂ ‘ਜਵਾਨ ਭੈਣਾਂ ਨੂੰ ਚੰਗੀ ਮੱਤ ਦੇਈਏ ਕਿ ਉਹ ਆਪਣੇ ਪਤੀਆਂ ਅਤੇ ਆਪਣੇ ਬੱਚਿਆਂ ਨਾਲ ਪਿਆਰ ਕਰਨ’ ਅਤੇ ਆਪਣਾ ‘ਘਰ-ਬਾਰ ਸੰਭਾਲਣ ਤਾਂਕਿ ਪਰਮੇਸ਼ੁਰ ਦੇ ਬਚਨ ਦੀ ਨਿੰਦਿਆ ਨਾ ਹੋਵੇ।’—ਤੀਤੁਸ 2:3-5 ਪੜ੍ਹੋ।
13, 14. ਯਹੋਵਾਹ ਨੂੰ ਖ਼ੁਸ਼ ਕਰਨ ਲਈ ਆਪਣੇ ਪਰਿਵਾਰ ਦੀਆਂ ਇੱਛਾਵਾਂ ਖ਼ਿਲਾਫ਼ ਜਾਣ ਲਈ ਸਾਨੂੰ ਪੱਕੀ ਨਿਹਚਾ ਦੀ ਲੋੜ ਕਿਉਂ ਪੈਂਦੀ ਹੈ? ਮਿਸਾਲ ਦਿਓ।
13 ਦੂਸਰੇ ਦੇਸ਼ਾਂ ਵਿਚ ਜਾ ਕੇ ਕੰਮ ਕਰਨ ਵਾਲੇ ਕਈ ਲੋਕ ਅਜਿਹੇ ਸਭਿਆਚਾਰਾਂ ਵਿਚ ਜੰਮੇ-ਪਲ਼ੇ ਹੁੰਦੇ ਹਨ ਜਿਨ੍ਹਾਂ ਵਿਚ ਰੀਤਾਂ-ਰਿਵਾਜਾਂ ਅਤੇ ਪਰਿਵਾਰਕ ਜ਼ਿੰਮੇਵਾਰੀਆਂ, ਖ਼ਾਸ ਕਰਕੇ ਮਾਪਿਆਂ ਪ੍ਰਤੀ ਜ਼ਿੰਮੇਵਾਰੀਆਂ ਸਭ ਤੋਂ ਜ਼ਿਆਦਾ ਮਾਅਨੇ ਰੱਖਦੀਆਂ ਹਨ। ਜਦ ਇਕ ਮਸੀਹੀ ਆਪਣੇ ਪਰਿਵਾਰ ਦੀਆਂ ਇੱਛਾਵਾਂ ਖ਼ਿਲਾਫ਼ ਜਾ ਕੇ ਯਹੋਵਾਹ ਨੂੰ ਖ਼ੁਸ਼ ਕਰਦਾ ਹੈ, ਤਾਂ ਉਹ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ।
14 ਜ਼ਰਾ ਕਿਰਨ ਦੀ ਕਹਾਣੀ ʼਤੇ ਗੌਰ ਕਰੋ। ਉਹ ਕਹਿੰਦੀ ਹੈ: “ਜਦ ਮੈਂ ਅਤੇ ਮੇਰੇ ਪਤੀ ਵਿਦੇਸ਼ ਵਿਚ ਕੰਮ ਕਰ ਰਹੇ ਸੀ, ਤਾਂ ਉਦੋਂ ਮੇਰੇ ਬੇਟੇ ਵਿਜੇ ਦਾ ਜਨਮ ਹੋਇਆ। ਮੈਂ ਹਾਲੇ ਬਾਈਬਲ ਦੀ ਸਟੱਡੀ ਕਰਨੀ ਸ਼ੁਰੂ ਹੀ ਕੀਤੀ ਸੀ। ਮੇਰੇ ਸਾਰੇ ਰਿਸ਼ਤੇਦਾਰ ਚਾਹੁੰਦੇ ਸਨ ਕਿ ਜਦ ਤਕ ਅਸੀਂ ਹੋਰ ਪੈਸਾ ਨਹੀਂ ਕਮਾ ਲੈਂਦੇ, ਤਦ ਤਕ ਮੈਂ ਵਿਜੇ ਨੂੰ ਆਪਣੇ ਮੰਮੀ-ਡੈਡੀ ਕੋਲ ਭੇਜ ਦੇਵਾਂ।” ਜਦ ਕਿਰਨ ਨੇ ਕਿਹਾ ਕਿ ਉਹ ਆਪ ਆਪਣੇ ਬੇਟੇ ਦੀ ਪਰਵਰਿਸ਼ ਕਰੇਗੀ, ਤਾਂ ਉਸ ਦੇ ਰਿਸ਼ਤੇਦਾਰਾਂ ਤੇ ਉਸ ਦੇ ਪਤੀ ਨੇ ਉਸ ਨੂੰ ਆਲਸੀ ਕਹਿੰਦੇ ਹੋਏ ਉਸ ਦਾ ਮਜ਼ਾਕ ਉਡਾਇਆ। ਕਿਰਨ ਕਹਿੰਦੀ ਹੈ: “ਜੇ ਮੈਂ ਸੱਚ ਦੱਸਾਂ, ਤਾਂ ਉਸ ਸਮੇਂ ਮੈਂ ਪੂਰੀ ਤਰ੍ਹਾਂ ਇਹ ਗੱਲ ਸਮਝ ਨਹੀਂ ਪਾਈ ਕਿ ਕੁਝ ਸਾਲਾਂ ਲਈ ਵਿਜੇ ਨੂੰ ਆਪਣੇ ਮਾਪਿਆਂ ਕੋਲ ਭੇਜਣ ਵਿਚ ਕੀ ਹਰਜ਼ ਸੀ। ਪਰ ਮੈਂ ਜਾਣਦੀ ਸੀ ਕਿ ਯਹੋਵਾਹ ਨੇ ਸਾਡੇ ਬੇਟੇ ਦੀ ਪਰਵਰਿਸ਼ ਕਰਨ ਦੀ ਜ਼ਿੰਮੇਵਾਰੀ ਮੈਨੂੰ ਤੇ ਮੇਰੇ ਪਤੀ ਨੂੰ ਦਿੱਤੀ ਸੀ।” ਜਦ ਕਿਰਨ ਦੁਬਾਰਾ ਮਾਂ ਬਣਨ ਵਾਲੀ ਸੀ, ਤਾਂ ਉਸ ਦੇ ਅਵਿਸ਼ਵਾਸੀ ਪਤੀ ਨੇ ਉਸ ʼਤੇ ਗਰਭਪਾਤ ਕਰਾਉਣ ਲਈ ਜ਼ੋਰ ਪਾਇਆ। ਪਹਿਲਾਂ ਵਿਜੇ ਨੂੰ ਆਪਣੇ ਕੋਲ ਰੱਖਣ ਦਾ ਸਹੀ ਫ਼ੈਸਲਾ ਲੈਣ ਨਾਲ ਉਸ ਦੀ ਨਿਹਚਾ ਮਜ਼ਬੂਤ ਹੋਈ ਸੀ ਜਿਸ ਕਰਕੇ ਇਸ ਵਾਰੀ ਵੀ ਉਸ ਨੇ ਯਹੋਵਾਹ ਨੂੰ ਖ਼ੁਸ਼ ਕਰਨ ਲਈ ਸਹੀ ਫ਼ੈਸਲਾ ਕੀਤਾ। ਹੁਣ ਉਹ, ਉਸ ਦਾ ਪਤੀ ਅਤੇ ਬੱਚੇ ਬਹੁਤ ਖ਼ੁਸ਼ ਹਨ ਕਿ ਉਸ ਸਮੇਂ ਉਹ ਸਾਰੇ ਇਕੱਠੇ ਰਹੇ। ਜੇ ਕਿਰਨ ਨੇ ਆਪਣੇ ਬੇਟੇ ਜਾਂ ਦੋਵੇਂ ਬੱਚਿਆਂ ਦੀ ਪਰਵਰਿਸ਼ ਆਪ ਨਾ ਕੀਤੀ ਹੁੰਦੀ, ਤਾਂ ਅੰਜਾਮ ਸ਼ਾਇਦ ਕੁਝ ਹੋਰ ਹੀ ਹੁੰਦਾ।
15, 16. (ੳ) ਬਚਪਨ ਵਿਚ ਮਾਪਿਆਂ ਤੋਂ ਦੂਰ ਰਹਿਣ ਦਾ ਇਕ ਭੈਣ ਦੀ ਜ਼ਿੰਦਗੀ ਉੱਤੇ ਕੀ ਅਸਰ ਪਿਆ? (ਅ) ਉਸ ਨੇ ਆਪਣੀ ਧੀ ਦੀ ਪਰਵਰਿਸ਼ ਆਪ ਕਰਨ ਦਾ ਕਿਉਂ ਫ਼ੈਸਲਾ ਕੀਤਾ?
15 ਵਿੱਕੀ ਨਾਂ ਦੀ ਭੈਣ ਦੱਸਦੀ ਹੈ: “ਮੇਰੀ ਛੋਟੀ ਭੈਣ ਮੇਰੇ ਮੰਮੀ-ਡੈਡੀ ਨਾਲ ਰਹਿੰਦੀ ਸੀ, ਪਰ ਮੇਰੀ ਪਰਵਰਿਸ਼ ਕੁਝ ਸਾਲਾਂ ਤਕ ਮੇਰੀ ਨਾਨੀ ਜੀ ਨੇ ਕੀਤੀ ਸੀ। ਜਦੋਂ ਮੈ ਦੁਬਾਰਾ ਆਪਣੇ ਮਾਪਿਆਂ ਨਾਲ ਰਹਿਣ ਗਈ, ਤਾਂ ਉਨ੍ਹਾਂ ਲਈ ਮੇਰਾ ਪਿਆਰ ਪਹਿਲਾਂ ਵਰਗਾ ਨਹੀਂ ਰਿਹਾ। ਮੇਰੀ ਭੈਣ ਖੁੱਲ੍ਹ ਕੇ ਮੰਮੀ-ਡੈਡੀ ਨਾਲ ਗੱਲ ਕਰਦੀ ਸੀ, ਉਨ੍ਹਾਂ ਨੂੰ ਗਲੇ ਮਿਲਦੀ ਸੀ ਅਤੇ ਉਹ ਉਨ੍ਹਾਂ ਨੂੰ ਬਹੁਤ ਪਿਆਰ ਕਰਦੀ ਸੀ। ਮੈਨੂੰ ਲੱਗਦਾ ਸੀ ਕਿ ਮੇਰੇ ਤੇ ਮੇਰੇ ਮਾਪਿਆਂ ਵਿਚ ਦੂਰੀਆਂ ਪੈ ਗਈਆਂ ਸਨ। ਵੱਡੀ ਹੋਣ ਤੋਂ ਬਾਅਦ ਵੀ ਮੈਂ ਉਨ੍ਹਾਂ ਨਾਲ ਖੁੱਲ੍ਹ ਕੇ ਗੱਲ ਨਹੀਂ ਕਰ ਪਾਈ। ਮੈਂ ਤੇ ਮੇਰੀ ਭੈਣ ਨੇ ਮੰਮੀ-ਡੈਡੀ ਨਾਲ ਵਾਅਦਾ ਕੀਤਾ ਹੈ ਕਿ ਅਸੀਂ ਉਨ੍ਹਾਂ ਦੇ ਬੁਢਾਪੇ ਵਿਚ ਉਨ੍ਹਾਂ ਦੀ ਦੇਖ-ਭਾਲ ਕਰਾਂਗੇ। ਪਰ ਫ਼ਰਕ ਸਿਰਫ਼ ਇਹ ਹੈ ਕਿ ਮੇਰੀ ਭੈਣ ਪਿਆਰ ਕਰਨ ਕਰਕੇ ਉਨ੍ਹਾਂ ਦੀ ਦੇਖ-ਭਾਲ ਕਰੇਗੀ ਅਤੇ ਮੈਂ ਆਪਣਾ ਫ਼ਰਜ਼ ਸਮਝ ਕੇ।”
16 ਵਿੱਕੀ ਅੱਗੇ ਕਹਿੰਦੀ ਹੈ: “ਹੁਣ ਮੇਰੀ ਮੰਮੀ ਚਾਹੁੰਦੀ ਹੈ ਕਿ ਮੈਂ ਆਪਣੀ ਧੀ ਨੂੰ ਉਨ੍ਹਾਂ ਕੋਲ ਘੱਲਾਂ ਜਿੱਦਾਂ ਉਨ੍ਹਾਂ ਨੇ ਮੈਨੂੰ ਆਪਣੀ ਮੰਮੀ ਕੋਲ ਭੇਜਿਆ ਸੀ। ਪਰ ਮੈਂ ਪਿਆਰ ਨਾਲ ਉਨ੍ਹਾਂ ਨੂੰ ਸਮਝਾਇਆ ਕਿ ਮੈਂ ਇੱਦਾਂ ਨਹੀਂ ਕਰਾਂਗੀ। ਮੈਂ ਤੇ ਮੇਰੇ ਪਤੀ ਆਪਣੀ ਬੱਚੀ ਦੀ ਪਰਵਰਿਸ਼ ਆਪ ਕਰਨੀ ਚਾਹੁੰਦੇ ਹਾਂ ਤਾਂਕਿ ਉਹ ਯਹੋਵਾਹ ਦੀ ਗਵਾਹ ਬਣੇ। ਮੈਂ ਨਹੀਂ ਚਾਹੁੰਦੀ ਕਿ ਕੱਲ੍ਹ ਨੂੰ ਸਾਡਾ ਮਾਂ-ਧੀ ਦਾ ਪਿਆਰ ਫਿੱਕਾ ਪੈ ਜਾਵੇ।” ਵਿੱਕੀ ਨੇ ਦੇਖਿਆ ਹੈ ਕਿ ਅਕਲਮੰਦੀ ਇਸੇ ਵਿਚ ਹੈ ਕਿ ਉਹ ਪੈਸੇ ਅਤੇ ਪਰਿਵਾਰ ਦੀਆਂ ਖ਼ਾਹਸ਼ਾਂ ਤੋਂ ਜ਼ਿਆਦਾ ਯਹੋਵਾਹ ਤੇ ਉਸ ਦੇ ਅਸੂਲਾਂ ਨੂੰ ਪਹਿਲ ਦੇਵੇ। ਯਿਸੂ ਨੇ ਸਾਫ਼-ਸਾਫ਼ ਸਮਝਾਇਆ ਸੀ: “ਕੋਈ ਵੀ ਇਨਸਾਨ ਦੋ ਮਾਲਕਾਂ” ਯਾਨੀ ਪਰਮੇਸ਼ੁਰ ਤੇ ਪੈਸੇ ਦੋਵਾਂ ਦੀ “ਗ਼ੁਲਾਮੀ ਨਹੀਂ ਕਰ ਸਕਦਾ।”—ਮੱਤੀ 6:24; ਕੂਚ 23:2.
ਯਹੋਵਾਹ ਸਾਡੀਆਂ ਕੋਸ਼ਿਸ਼ਾਂ ʼਤੇ ਬਰਕਤ ਪਾਵੇਗਾ
17, 18. (ੳ) ਮਸੀਹੀ ਕਿਹੜਾ ਰਾਹ ਚੁਣ ਸਕਦੇ ਹਨ? (ਅ) ਅਗਲੇ ਲੇਖ ਵਿਚ ਅਸੀਂ ਕਿਨ੍ਹਾਂ ਸਵਾਲਾਂ ਦੇ ਜਵਾਬ ਦੇਖਾਂਗੇ?
17 ਜੇ ਅਸੀਂ ਪਰਮੇਸ਼ੁਰ ਦੇ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਪਹਿਲ ਦਿੰਦੇ ਹਾਂ ਅਤੇ ਉਸ ਦੀਆਂ ਨਜ਼ਰਾਂ ਵਿਚ ਜੋ ਸਹੀ ਹੈ ਉਹੀ ਕਰਦੇ ਰਹਿੰਦੇ ਹਾਂ, ਤਾਂ ਉਹ ਸਾਡੀ ਹਰ ਲੋੜ ਪੂਰੀ ਕਰਦੇ ਹੋਏ ਪਿਤਾ ਵਜੋਂ ਆਪਣਾ ਫ਼ਰਜ਼ ਨਿਭਾਵੇਗਾ। (ਮੱਤੀ 6:33) ਸਾਡੇ ਉੱਤੇ ਜੋ ਮਰਜ਼ੀ ਮੁਸੀਬਤ ਆ ਜਾਵੇ, ਪਰਮੇਸ਼ੁਰ ਵਾਅਦਾ ਕਰਦਾ ਹੈ ਕਿ ਉਹ ਸਾਡੇ ਲਈ ‘ਰਾਹ ਖੋਲ੍ਹੇਗਾ’ ਤਾਂਕਿ ਅਸੀਂ ਬਾਈਬਲ ਦੇ ਅਸੂਲਾਂ ਮੁਤਾਬਕ ਚੱਲਦੇ ਹੋਏ ਸਹੀ ਫ਼ੈਸਲਾ ਕਰ ਸਕੀਏ। ਇਸ ਲਈ ਸੱਚੇ ਮਸੀਹੀ ਹਮੇਸ਼ਾ ਪਰਮੇਸ਼ੁਰ ਦੀ ਮਦਦ ਨਾਲ ਸਹੀ ਰਾਹ ਚੁਣ ਸਕਦੇ ਹਨ। (1 ਕੁਰਿੰਥੀਆਂ 10:13 ਪੜ੍ਹੋ।) ਤਾਂ ਫਿਰ ਯਹੋਵਾਹ ਦੀ ‘ਉਡੀਕ ਕਰੋ।’ ਉਸ ਨੂੰ ਬੁੱਧ ਤੇ ਅਗਵਾਈ ਲਈ ਪ੍ਰਾਰਥਨਾ ਕਰੋ ਅਤੇ ਉਸ ਦੇ ਅਸੂਲਾਂ ਮੁਤਾਬਕ ਚੱਲੋ। ਜਦ ਅਸੀਂ ਇਹ ਸਭ ਕੁਝ ਕਰ ਕੇ ਪਰਮੇਸ਼ੁਰ ਉੱਤੇ ‘ਭਰੋਸਾ ਰੱਖਦੇ’ ਹਾਂ, ਤਾਂ ਉਹ ਜ਼ਰੂਰ ਸਾਡੀ ਦੇਖ-ਭਾਲ ਕਰੇਗਾ। (ਜ਼ਬੂ. 37:5, 7) ਜਦ ਯਹੋਵਾਹ ਦੇਖਦਾ ਹੈ ਕਿ ਅਸੀਂ ਉਸ ਨੂੰ ਹੀ ਆਪਣਾ ਮਾਲਕ ਮੰਨਦੇ ਹੋਏ ਉਸ ਨੂੰ ਖ਼ੁਸ਼ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਤਾਂ ਉਹ ਸਾਡੀ ਹਰ ਲੋੜ ਪੂਰੀ ਕਰੇਗਾ। ਜੇ ਅਸੀਂ ਉਸ ਦੀ ਮਰਜ਼ੀ ਨੂੰ ਪਹਿਲ ਦਿੰਦੇ ਹਾਂ, ਤਾਂ ਅਸੀਂ ਉਸ ਦੀ ਮਦਦ ਨਾਲ ਜ਼ਿੰਦਗੀ ਵਿਚ ਜ਼ਰੂਰ ‘ਸਫ਼ਲ’ ਹੋਵਾਂਗੇ।—ਉਤਪਤ 39:3 ਵਿਚ ਨੁਕਤਾ ਦੇਖੋ।
18 ਰਿਸ਼ਤਿਆਂ ਵਿਚ ਆਈ ਦਰਾੜ ਨੂੰ ਅਸੀਂ ਕਿਵੇਂ ਭਰ ਸਕਦੇ ਹਾਂ? ਅਸੀਂ ਆਪਣੇ ਪਰਿਵਾਰ ਤੋਂ ਅਲੱਗ ਹੋਏ ਬਗੈਰ ਪਰਿਵਾਰ ਦਾ ਗੁਜ਼ਾਰਾ ਕਿਵੇਂ ਤੋਰ ਸਕਦੇ ਹਾਂ? ਅਸੀਂ ਦੂਜਿਆਂ ਨੂੰ ਪਿਆਰ ਨਾਲ ਸਲਾਹ ਕਿਵੇਂ ਦੇ ਸਕਦੇ ਹਾਂ ਕਿ ਉਹ ਆਪਣੇ ਪਰਿਵਾਰਾਂ ਨਾਲ ਰਹਿਣ? ਅਗਲੇ ਲੇਖ ਵਿਚ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਦੇਖਾਂਗੇ।
a ਇਸ ਲੇਖ ਵਿਚ ਨਾਂ ਬਦਲੇ ਗਏ ਹਨ।
b ਭਾਵੇਂ ਇਸ ਲੇਖ ਵਿਚ ਕੰਮ ਵਾਸਤੇ ਪਤਨੀ ਦੇ ਵਿਦੇਸ਼ ਜਾਣ ਬਾਰੇ ਗੱਲ ਕੀਤੀ ਗਈ ਹੈ, ਪਰ ਇਸ ਵਿਚ ਦਿੱਤੀ ਗਈ ਸਲਾਹ ਪਤੀ-ਪਤਨੀ ਦੋਵਾਂ ʼਤੇ ਲਾਗੂ ਹੁੰਦੀ ਹੈ।
c ਜਦੋਂ ਵੀ ਯਾਕੂਬ ਦੇ ਪੁੱਤਰ ਮਿਸਰ ਨੂੰ ਜਾਂਦੇ ਸਨ, ਤਾਂ ਉਹ ਸ਼ਾਇਦ ਸਿਰਫ਼ ਤਿੰਨ ਕੁ ਹਫ਼ਤੇ ਆਪਣੇ ਪਰਿਵਾਰਾਂ ਤੋਂ ਦੂਰ ਰਹਿੰਦੇ ਸਨ। ਜਦ ਯਾਕੂਬ ਤੇ ਉਸ ਦੇ ਪੁੱਤਰ ਮਿਸਰ ਵਿਚ ਰਹਿਣ ਗਏ ਸਨ, ਤਾਂ ਉਹ ਆਪਣੇ ਨਾਲ ਆਪਣੀਆਂ ਪਤਨੀਆਂ ਤੇ ਬੱਚਿਆਂ ਨੂੰ ਵੀ ਲੈ ਕੇ ਗਏ ਸਨ।—ਉਤ. 46:6, 7.
d ਜਨਵਰੀ-ਮਾਰਚ 2013 ਦੇ ਜਾਗਰੂਕ ਬਣੋ! ਵਿਚ “ਵਿਦੇਸ਼ ਜਾਣਾ—ਸੁਪਨੇ ਤੇ ਹਕੀਕਤ” ਨਾਂ ਦਾ ਲੇਖ ਦੇਖੋ।
e ਕਈ ਦੇਸ਼ਾਂ ਤੋਂ ਮਿਲੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਜਦ ਕੋਈ ਕੰਮ ਕਰਨ ਲਈ ਵਿਦੇਸ਼ ਜਾ ਕੇ ਆਪਣੇ ਜੀਵਨ ਸਾਥੀ ਜਾਂ ਬੱਚਿਆਂ ਤੋਂ ਅਲੱਗ ਰਹਿੰਦਾ ਹੈ, ਤਾਂ ਉਹ ਆਪ ਅਤੇ ਉਸ ਦਾ ਪਰਿਵਾਰ ਗੰਭੀਰ ਮੁਸ਼ਕਲਾਂ ਵਿਚ ਫਸ ਜਾਂਦਾ ਹੈ। ਕਦੇ-ਕਦੇ ਪਤੀ-ਪਤਨੀ ਇਕ-ਦੂਜੇ ਨਾਲ ਬੇਵਫ਼ਾਈ ਕਰ ਬੈਠਦੇ ਹਨ ਅਤੇ ਕਈ ਤਾਂ ਸਮਲਿੰਗੀ ਸੰਬੰਧਾਂ ਜਾਂ ਸਕੇ-ਸੰਬੰਧੀਆਂ ਨਾਲ ਜਿਨਸੀ ਸੰਬੰਧਾਂ ਵਰਗੇ ਗ਼ਲਤ ਕੰਮ ਕਰ ਬੈਠਦੇ ਹਨ। ਇਸ ਤੋਂ ਇਲਾਵਾ, ਬੱਚਿਆਂ ਨੂੰ ਵੀ ਕਈ ਮੁਸ਼ਕਲਾਂ ਆਉਂਦੀਆਂ ਹਨ, ਜਿਵੇਂ ਕਿ ਉਨ੍ਹਾਂ ਨੂੰ ਸਕੂਲ ਦੀ ਪੜ੍ਹਾਈ ਕਰਨ ਵਿਚ ਮੁਸ਼ਕਲ ਆਉਂਦੀ ਹੈ, ਉਨ੍ਹਾਂ ਦਾ ਸੁਭਾਅ ਚਿੜਚਿੜਾ ਹੋ ਜਾਂਦਾ ਹੈ, ਉਹ ਗੁੱਸੇਖ਼ੋਰ ਬਣ ਜਾਂਦੇ ਹਨ ਤੇ ਪਰੇਸ਼ਾਨ ਰਹਿਣ ਲੱਗਦੇ ਹਨ। ਕੁਝ ਤਾਂ ਡਿਪਰੈਸ਼ਨ ਦੇ ਸ਼ਿਕਾਰ ਹੋ ਕੇ ਆਤਮ-ਹੱਤਿਆ ਕਰਨ ਬਾਰੇ ਵੀ ਸੋਚਦੇ ਹਨ।