ਮੁੱਖ ਪੰਨੇ ਤੋਂ | ਬਾਈਬਲ—ਲੱਖ ਹਮਲਿਆਂ ਦੇ ਬਾਵਜੂਦ ਸਾਡੇ ਤਕ ਪਹੁੰਚੀ
ਬਾਈਬਲ ਹੁਣ ਤਕ ਕਿਉਂ ਬਚੀ ਰਹੀ?
ਬਾਈਬਲ ਅੱਜ ਵੀ ਸਹੀ-ਸਲਾਮਤ ਹੈ। ਇਸ ਲਈ ਤੁਸੀਂ ਇਸ ਨੂੰ ਲੈ ਸਕਦੇ ਹੋ ਅਤੇ ਪੜ੍ਹ ਸਕਦੇ ਹੋ। ਜੇ ਤੁਸੀਂ ਇਸ ਦਾ ਇਕ ਵਧੀਆ ਅਨੁਵਾਦ ਪੜ੍ਹਨ ਲਈ ਚੁਣਦੇ ਹੋ, ਤਾਂ ਤੁਸੀਂ ਯਕੀਨ ਕਰ ਸਕਦੇ ਹੋ ਕਿ ਇਹ ਮੁਢਲੀਆਂ ਲਿਖਤਾਂ ਦੇ ਮੁਤਾਬਕ ਹੈ।a ਪਰ ਬਾਈਬਲ ਇੰਨੀਆਂ ਸਦੀਆਂ ਤਕ ਖ਼ਰਾਬ ਹੋਣ ਤੋਂ ਕਿਉਂ ਬਚ ਗਈ? ਵਿਰੋਧੀਆਂ ਦੀਆਂ ਇੰਨੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਹ ਸਾਡੇ ਕੋਲ ਕਿਉਂ ਪਹੁੰਚੀ? ਨਾਲੇ ਇਹ ਉਦੋਂ ਵੀ ਕਿਉਂ ਨਹੀਂ ਬਦਲੀ ਜਦੋਂ ਲੋਕਾਂ ਨੇ ਇਸ ਵਿਚ ਫੇਰ-ਬਦਲ ਕਰਨ ਦੀ ਕੋਸ਼ਿਸ਼ ਕੀਤੀ? ਇਹ ਕਿਤਾਬ ਇੰਨੀ ਖ਼ਾਸ ਕਿਉਂ ਹੈ?
“ਹੁਣ ਮੈਨੂੰ ਪੂਰਾ ਯਕੀਨ ਹੋ ਗਿਆ ਹੈ ਕਿ ਮੇਰੇ ਕੋਲ ਜਿਹੜੀ ਬਾਈਬਲ ਹੈ, ਉਹ ਰੱਬ ਵੱਲੋਂ ਇਕ ਤੋਹਫ਼ਾ ਹੈ”
ਬਾਈਬਲ ਅਧਿਐਨ ਕਰਨ ਵਾਲੇ ਅੱਜ ਬਹੁਤ ਸਾਰੇ ਲੋਕ ਯਿਸੂ ਦੇ ਚੇਲੇ ਪੌਲੁਸ ਰਸੂਲ ਵਾਂਗ ਇਸ ਨਤੀਜੇ ʼਤੇ ਪਹੁੰਚੇ ਹਨ ਕਿ “ਪੂਰਾ ਧਰਮ-ਗ੍ਰੰਥ ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਲਿਖਿਆ ਗਿਆ ਹੈ।” (2 ਤਿਮੋਥਿਉਸ 3:16) ਉਹ ਇਹ ਗੱਲ ਮੰਨਦੇ ਹਨ ਕਿ ਬਾਈਬਲ ਅੱਜ ਤਕ ਇਸ ਲਈ ਸਹੀ-ਸਲਾਮਤ ਹੈ ਕਿਉਂਕਿ ਇਹ ਰੱਬ ਦਾ ਬਚਨ ਹੈ ਤੇ ਰੱਬ ਨੇ ਇਸ ਨੂੰ ਅੱਜ ਤਕ ਮਹਿਫੂਜ਼ ਰੱਖਿਆ ਹੈ। ਫੈਜ਼ਲ ਨੇ, ਜਿਸ ਦਾ ਜ਼ਿਕਰ ਪਹਿਲੇ ਲੇਖ ਵਿਚ ਕੀਤਾ ਗਿਆ ਸੀ, ਇਹ ਫ਼ੈਸਲਾ ਕੀਤਾ ਕਿ ਉਹ ਆਪ ਬਾਈਬਲ ਦਾ ਅਧਿਐਨ ਕਰ ਕੇ ਦੇਖੇਗਾ ਕਿ ਜਿਹੜੀਆਂ ਗੱਲਾਂ ਉਸ ਨੇ ਬਾਈਬਲ ਬਾਰੇ ਸੁਣੀਆਂ ਹਨ, ਉਹ ਸਹੀ ਹਨ ਜਾਂ ਨਹੀਂ। ਅਧਿਐਨ ਕਰ ਕੇ ਉਸ ਨੂੰ ਜੋ ਪਤਾ ਲੱਗਾ, ਉਸ ਤੋਂ ਉਹ ਹੈਰਾਨ ਰਹਿ ਗਿਆ। ਉਸ ਨੇ ਇਹ ਵੀ ਦੇਖਿਆ ਕਿ ਚਰਚ ਵਿਚ ਸਿਖਾਈਆਂ ਜਾਂਦੀਆਂ ਬਹੁਤ ਸਾਰੀਆਂ ਗੱਲਾਂ ਬਾਈਬਲ ਵਿਚ ਹੈ ਹੀ ਨਹੀਂ। ਉਸ ਨੂੰ ਬਾਈਬਲ ਵਿੱਚੋਂ ਇਹ ਗੱਲ ਪੜ੍ਹ ਕੇ ਵੀ ਬਹੁਤ ਚੰਗਾ ਲੱਗਾ ਕਿ ਰੱਬ ਨੇ ਧਰਤੀ ਲਈ ਕਿੰਨਾ ਵਧੀਆ ਮਕਸਦ ਰੱਖਿਆ ਹੈ।
ਫੈਜ਼ਲ ਨੇ ਕਿਹਾ: “ਹੁਣ ਮੈਨੂੰ ਪੂਰਾ ਯਕੀਨ ਹੋ ਗਿਆ ਹੈ ਕਿ ਮੇਰੇ ਕੋਲ ਜਿਹੜੀ ਬਾਈਬਲ ਹੈ, ਉਹ ਰੱਬ ਵੱਲੋਂ ਇਕ ਤੋਹਫ਼ਾ ਹੈ। ਸੋਚਣ ਵਾਲੀ ਗੱਲ ਹੈ ਕਿ ਜਿਸ ਰੱਬ ਨੇ ਪੂਰੀ ਕਾਇਨਾਤ ਨੂੰ ਬਣਾਇਆ ਹੈ, ਉਸ ਕੋਲ ਇੰਨੀ ਤਾਕਤ ਨਹੀਂ ਹੋਵੇਗੀ ਕਿ ਉਹ ਸਾਨੂੰ ਇਕ ਕਿਤਾਬ ਦੇ ਸਕੇ ਤੇ ਉਸ ਨੂੰ ਸਦੀਆਂ ਤਕ ਮਹਿਫੂਜ਼ ਰੱਖ ਸਕੇ। ਜੇ ਅਸੀਂ ਇਹ ਗੱਲ ਨਾ ਮੰਨੀਏ, ਤਾਂ ਅਸੀਂ ਇਹ ਕਹਿ ਰਹੇ ਹੋਵਾਂਗੇ ਕਿ ਉਸ ਕੋਲ ਇੰਨੀ ਤਾਕਤ ਨਹੀਂ ਹੈ। ਨਾਲੇ ਮੈਂ ਕੌਣ ਹੁੰਦਾ ਪੂਰੀ ਕਾਇਨਾਤ ਦੇ ਮਾਲਕ ʼਤੇ ਸ਼ੱਕ ਕਰਨ ਵਾਲਾ?”—ਯਸਾਯਾਹ 40:8.
a 1 ਮਈ 2008 ਦੇ ਪਹਿਰਾਬੁਰਜ ਵਿਚ “ਤੁਸੀਂ ਬਾਈਬਲ ਦਾ ਸਹੀ ਅਨੁਵਾਦ ਕਿਵੇਂ ਚੁਣ ਸਕਦੇ ਹੋ?” (ਅੰਗ੍ਰੇਜ਼ੀ) ਨਾਂ ਦਾ ਲੇਖ ਦੇਖੋ।