ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w16 ਅਗਸਤ ਸਫ਼ੇ 31-32
  • “ਯਹੋਵਾਹ ਦੀ ਮਹਿਮਾ ਕਰ ਕੇ ਮੈਨੂੰ ਬਰਕਤਾਂ ਮਿਲੀਆਂ”

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਯਹੋਵਾਹ ਦੀ ਮਹਿਮਾ ਕਰ ਕੇ ਮੈਨੂੰ ਬਰਕਤਾਂ ਮਿਲੀਆਂ”
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2016
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2016
w16 ਅਗਸਤ ਸਫ਼ੇ 31-32
ਯੋਹਾਨਸ ਰਾਉਟੇ ਪ੍ਰਚਾਰ ’ਤੇ ਜਾਣ ਲਈ ਭੈਣਾਂ-ਭਰਾਵਾਂ ਨੂੰ ਮਿਲਦਾ ਹੋਇਆ

ਸ਼ਾਇਦ 1920 ਦੇ ਦਹਾਕੇ ਵਿਚ ਯੋਹਾਨਸ ਰਾਉਟੇ ਪ੍ਰਚਾਰ ਕਰਦਿਆਂ

ਇਤਿਹਾਸ ਦੇ ਪੰਨਿਆਂ ਤੋਂ

“ਯਹੋਵਾਹ ਦੀ ਮਹਿਮਾ ਕਰ ਕੇ ਮੈਨੂੰ ਬਰਕਤਾਂ ਮਿਲੀਆਂ”

1 ਸਤੰਬਰ 1915 ਦੇ ਪਹਿਰਾਬੁਰਜ ਵਿਚ ਦੱਸਿਆ ਗਿਆ ਸੀ: ‘ਪਹਿਲੇ ਵਿਸ਼ਵ ਯੁੱਧ ਕਰਕੇ ਯੂਰਪ ਦੇ ਹਾਲਾਤ ਇੰਨੇ ਭਿਆਨਕ ਹੋ ਗਏ ਹਨ ਕਿ ਦੁਨੀਆਂ ਨੇ ਇੱਦਾਂ ਦੇ ਹਾਲਾਤ ਪਹਿਲਾਂ ਕਦੇ ਨਹੀਂ ਦੇਖੇ।’ ਇਸ ਯੁੱਧ ਵਿਚ ਲਗਭਗ 30 ਦੇਸ਼ਾਂ ਨੇ ਹਿੱਸਾ ਲਿਆ। ਪਹਿਰਾਬੁਰਜ ਨੇ ਦੱਸਿਆ ਕਿ ਇਸ ਯੁੱਧ ਕਰਕੇ “[ਰਾਜ] ਦੇ ਕੰਮਾਂ ਵਿਚ ਕੁਝ ਹੱਦ ਤਕ ਰੁਕਾਵਟ ਪੈ ਗਈ ਹੈ, ਖ਼ਾਸ ਕਰਕੇ ਜਰਮਨੀ ਅਤੇ ਫਰਾਂਸ ਵਿਚ।”

ਇਸ ਯੁੱਧ ਦੌਰਾਨ ਕੁਝ ਬਾਈਬਲ ਵਿਦਿਆਰਥੀ ਫ਼ੌਜ ਵਿਚ ਭਰਤੀ ਹੋ ਗਏ ਕਿਉਂਕਿ ਉਹ ਨਿਰਪੱਖਤਾ ਦੇ ਅਸੂਲ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਸਕੇ। ਪਰ ਉਨ੍ਹਾਂ ਨੇ ਖ਼ੁਸ਼ ਖ਼ਬਰੀ ਸੁਣਾਉਣ ਦਾ ਪੱਕਾ ਇਰਾਦਾ ਕੀਤਾ ਹੋਇਆ ਸੀ। ਵਿਲਹੈਲਮ ਹਿਲਡਾਬਰਾਨ ਰਾਜ ਦੇ ਕੰਮ ਵਿਚ ਹਿੱਸਾ ਲੈਣਾ ਚਾਹੁੰਦਾ ਸੀ, ਇਸ ਲਈ ਉਸ ਨੇ ਫਰਾਂਸੀਸੀ ਭਾਸ਼ਾ ਵਿਚ ਬਾਈਬਲ ਸਟੂਡੈਂਟਸ ਦੇ ਮਾਸਿਕ ਪੱਤਰ ਦੀਆਂ ਕਾਪੀਆਂ ਮੰਗਵਾਈਆਂ। ਉਹ ਫਰਾਂਸ ਵਿਚ ਪੂਰੇ ਸਮੇਂ ਦੇ ਸੇਵਕ (ਕੋਲਪੋਰਟਰ) ਵਜੋਂ ਨਹੀਂ, ਸਗੋਂ ਇਕ ਜਰਮਨ ਫੌਜੀ ਵਜੋਂ ਆਇਆ ਸੀ। ਇਹ ਦਿਖਾਵੇ ਦਾ ਫ਼ੌਜੀ ਵਰਦੀ ਪਾ ਕੇ ਰਾਹ ਵਿਚ ਆਉਣ-ਜਾਣ ਵਾਲੇ ਲੋਕਾਂ ਨੂੰ ਸ਼ਾਂਤੀ ਦਾ ਸੰਦੇਸ਼ ਦੇ ਰਿਹਾ ਸੀ। ਫਰਾਂਸ ਦੇ ਲੋਕ ਉਸ ਨੂੰ ਇਹ ਕੰਮ ਕਰਦਿਆਂ ਦੇਖ ਕੇ ਹੈਰਾਨ ਸਨ।

ਪਹਿਰਾਬੁਰਜ ਵਿਚ ਛਪੀਆਂ ਚਿੱਠੀਆਂ ਤੋਂ ਪਤਾ ਲੱਗਦਾ ਹੈ ਕਿ ਫ਼ੌਜ ਵਿਚ ਹੋਣ ਦੇ ਬਾਵਜੂਦ ਵੀ ਜਰਮਨੀ ਦੇ ਹੋਰ ਵੀ ਬਹੁਤ ਸਾਰੇ ਬਾਈਬਲ ਸਟੂਡੈਂਟਸ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣਾ ਚਾਹੁੰਦੇ ਸਨ। ਭਰਾ ਲੈਮਕੇ ਜਲ-ਸੈਨਾ ਵਿਚ ਸੀ। ਉਸ ਨੇ ਦੱਸਿਆ ਕਿ ਉਸ ਨਾਲ ਕੰਮ ਕਰਨ ਵਾਲੇ ਪੰਜ ਫ਼ੌਜੀਆਂ ਵਿੱਚੋਂ ਕੁਝ ਜਣੇ ਸੱਚਾਈ ਬਾਰੇ ਜਾਣਨਾ ਚਾਹੁੰਦੇ ਸਨ। ਉਸ ਨੇ ਲਿਖਿਆ: “ਜਹਾਜ਼ ਵਿਚ ਵੀ ਮੈਂ ਲੋਕਾਂ ਨੂੰ ਸੱਚਾਈ ਦੱਸ ਕੇ ਯਹੋਵਾਹ ਦੀ ਮਹਿਮਾ ਕੀਤੀ।”

ਗੇਓਰਗ ਕਾਇਜ਼ਰ ਗਿਆ ਫੌਜੀ ਬਣ ਕੇ, ਪਰ ਆਇਆ ਸੱਚੇ ਪਰਮੇਸ਼ੁਰ ਦਾ ਸੇਵਕ ਬਣ ਕੇ। ਉਸ ਨਾਲ ਕੀ ਹੋਇਆ? ਉਸ ਨੂੰ ਕਿਸੇ-ਨਾ-ਕਿਸੇ ਤਰ੍ਹਾਂ ਬਾਈਬਲ ਸਟੂਡੈਂਟਸ ਦਾ ਪ੍ਰਕਾਸ਼ਨ ਮਿਲਿਆ। ਉਸ ਨੇ ਦਿਲੋਂ ਸੱਚਾਈ ਨੂੰ ਸਵੀਕਾਰ ਕੀਤਾ ਅਤੇ ਲੜਾਈ ਵਿਚ ਹਿੱਸਾ ਲੈਣਾ ਛੱਡ ਦਿੱਤਾ। ਫਿਰ ਉਹ ਫ਼ੌਜ ਵਿਚ ਹੋਰ ਕੰਮ ਕਰਨ ਲੱਗ ਪਿਆ। ਯੁੱਧ ਤੋਂ ਬਾਅਦ ਉਸ ਨੇ ਕਈ ਸਾਲਾਂ ਤਕ ਜੋਸ਼ੀਲੇ ਪਾਇਨੀਅਰ ਵਜੋਂ ਸੇਵਾ ਕੀਤੀ।

ਭਾਵੇਂ ਕਿ ਬਾਈਬਲ ਸਟੂਡੈਂਟਸ ਨਿਰਪੱਖ ਰਹਿਣ ਬਾਰੇ ਪੂਰੀ ਤਰ੍ਹਾਂ ਨਹੀਂ ਜਾਣਦੇ ਸਨ, ਪਰ ਉਨ੍ਹਾਂ ਦਾ ਰਵੱਈਆ ਅਤੇ ਉਨ੍ਹਾਂ ਦੇ ਕੰਮ ਯੁੱਧ ਦਾ ਸਮਰਥਨ ਕਰਨ ਵਾਲੇ ਲੋਕਾਂ ਤੋਂ ਬਿਲਕੁਲ ਵੱਖਰੇ ਸਨ। ਨੇਤਾਵਾਂ ਅਤੇ ਚਰਚ ਦੇ ਆਗੂਆਂ ਨੇ ਯੁੱਧ ਦਾ ਪੱਖ ਲਿਆ, ਪਰ ਬਾਈਬਲ ਵਿਦਿਆਰਥੀਆਂ ਨੇ ‘ਸ਼ਾਂਤੀ ਦੇ ਰਾਜ ਕੁਮਾਰ’ ਦਾ ਪੱਖ ਲਿਆ। (ਯਸਾ. 9:6) ਭਾਵੇਂ ਕਿ ਕੁਝ ਜਣੇ ਪੂਰੀ ਤਰ੍ਹਾਂ ਨਿਰਪੱਖ ਨਹੀਂ ਰਹਿ ਸਕੇ, ਪਰ ਫਿਰ ਵੀ ਉਨ੍ਹਾਂ ਦਾ ਵਿਸ਼ਵਾਸ ਭਰਾ ਕੌਨਰੈਡ ਮੋਰਟਰ ਵਾਂਗ ਪੱਕਾ ਸੀ ਜਿਸ ਨੇ ਕਿਹਾ: “ਮੈਂ ਪਰਮੇਸ਼ੁਰ ਦੇ ਬਚਨ ਤੋਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਇਕ ਮਸੀਹੀ ਨੂੰ ਕਿਸੇ ਦਾ ਖ਼ੂਨ ਨਹੀਂ ਕਰਨਾ ਚਾਹੀਦਾ।”​—ਕੂਚ 20:13.a

ਹੈਨਜ਼ ਹੌਲਟਰਹੋਫ਼ ਰੇੜ੍ਹੀ ਨੂੰ ਦ ਗੋਲਡਨ ਏਜ ਦੀ ਮਸ਼ਹੂਰੀ ਕਰਨ ਲਈ ਵਰਤਦਾ ਹੋਇਆ

ਹੈਨਜ਼ ਹੌਲਟਰਹੋਫ਼ ਨੇ ਇਸ ਰੇੜ੍ਹੀ ਨੂੰ ਦ ਗੋਲਡਨ ਏਜ ਦੀ ਮਸ਼ਹੂਰੀ ਕਰਨ ਲਈ ਵਰਤਿਆ

ਜਰਮਨੀ ਵਿਚ ਲੋਕ ਆਪਣੇ ਧਾਰਮਿਕ ਵਿਸ਼ਵਾਸਾਂ ਕਰਕੇ ਫ਼ੌਜ ਵਿਚ ਭਰਤੀ ਹੋਣ ਤੋਂ ਇਨਕਾਰ ਨਹੀਂ ਕਰ ਸਕਦੇ ਸਨ। ਉੱਥੇ 20 ਤੋਂ ਜ਼ਿਆਦਾ ਬਾਈਬਲ ਸਟੂਡੈਂਟਸ ਨੇ ਫ਼ੌਜ ਵਿਚ ਕਿਸੇ ਵੀ ਤਰ੍ਹਾਂ ਦਾ ਕੰਮ ਕਰਨ ਤੋਂ ਇਨਕਾਰ ਕੀਤਾ। ਉਨ੍ਹਾਂ ਵਿੱਚੋਂ ਕਈਆਂ ਨੂੰ ਪਾਗਲ ਕਿਹਾ ਗਿਆ, ਜਿਵੇਂ ਕਿ ਗੁਸਤਵ ਕੂਜਾਥ ਨੂੰ। ਉਸ ਨੂੰ ਪਾਗਲਾਂ ਦੇ ਹਸਪਤਾਲ ਵਿਚ ਭਰਤੀ ਕੀਤਾ ਗਿਆ ਜਿੱਥੇ ਦਿਮਾਗ਼ ਠੀਕ ਕਰਨ ਲਈ ਉਸ ਨੂੰ ਦਵਾਈਆਂ ਦਿੱਤੀਆਂ ਗਈਆਂ। ਹੈਨਜ਼ ਹੌਲਟਰਹੋਫ਼ ਨੇ ਵੀ ਫ਼ੌਜ ਵਿਚ ਭਰਤੀ ਹੋਣ ਤੋਂ ਇਨਕਾਰ ਕੀਤਾ। ਇਸ ਕਰਕੇ ਉਸ ਨੂੰ ਕੈਦ ਵਿਚ ਸੁੱਟਿਆ ਗਿਆ ਜਿੱਥੇ ਉਸ ਨੇ ਯੁੱਧ ਨਾਲ ਸੰਬੰਧਿਤ ਕੋਈ ਵੀ ਕੰਮ ਕਰਨ ਤੋਂ ਇਨਕਾਰ ਕੀਤਾ। ਪਹਿਰੇਦਾਰਾਂ ਨੇ ਉਸ ਨੂੰ ਇਸ ਤਰੀਕੇ ਨਾਲ ਬੰਨ੍ਹਿਆ ਕਿ ਉਹ ਆਪਣਾ ਧੜ ਨਹੀਂ ਸੀ ਹਿਲਾ ਪਾਉਂਦਾ। ਨਾਲੇ ਉਸ ਦੇ ਸਾਰੇ ਅੰਗ ਸੁੰਨ ਹੋ ਗਏ। ਜਦੋਂ ਉਹ ਉਸ ਦੀ ਵਫ਼ਾਦਾਰੀ ਤੋੜ ਨਹੀਂ ਸਕੇ, ਤਾਂ ਉਨ੍ਹਾਂ ਨੇ ਉਸ ਨੂੰ ਮਾਰਨ ਦਾ ਡਰਾਵਾ ਦਿੱਤਾ। ਪਰ ਹੈਨਜ਼ ਹਮੇਸ਼ਾ ਵਫ਼ਾਦਾਰ ਰਿਹਾ।

ਫ਼ੌਜ ਵਿਚ ਭਰਤੀ ਹੋਏ ਭਰਾਵਾਂ ਨੇ ਯੁੱਧ ਵਿਚ ਹਿੱਸਾ ਲੈਣ ਤੋਂ ਮਨ੍ਹਾ ਕੀਤਾ। ਪਰ ਉਹ ਹੋਰ ਕੰਮ ਕਰਨ ਲਈ ਤਿਆਰ ਸਨ।b ਯੋਹਾਨਸ ਰਾਊਥ ਉਨ੍ਹਾਂ ਵਿੱਚੋਂ ਇਕ ਸੀ ਅਤੇ ਉਸ ਨੂੰ ਰੇਲਵੇ ਵਿਚ ਕੰਮ ਕਰਨ ਲਈ ਭੇਜਿਆ ਗਿਆ। ਕੌਨਰੈਡ ਮੋਰਟਰ ਹਸਪਤਾਲ ਵਿਚ ਛੋਟੇ-ਮੋਟੇ ਕੰਮ ਕਰਦਾ ਸੀ ਅਤੇ ਰੀਨਹਾਲਟ ਵੈਬਰ ਨੇ ਨਰਸ ਵਜੋਂ ਕੰਮ ਕੀਤਾ। ਅਗੂਸੋਤ ਕਰਾਫ਼ਚਿਕ ਫ਼ੌਜੀਆਂ ਦੇ ਸਾਮਾਨ ਦੀ ਦੇਖ-ਭਾਲ ਕਰਦਾ ਸੀ। ਉਹ ਖ਼ੁਸ਼ ਸੀ ਕਿ ਉਹ ਯੁੱਧ ਵਿਚ ਜਾਣ ਤੋਂ ਬਚ ਗਿਆ। ਯਹੋਵਾਹ ਪ੍ਰਤੀ ਪਿਆਰ ਅਤੇ ਵਫ਼ਾਦਾਰੀ ਕਰਕੇ ਇਨ੍ਹਾਂ ਅਤੇ ਹੋਰ ਬਾਈਬਲ ਸਟੂਡੈਂਟਾਂ ਨੇ ਯਹੋਵਾਹ ਦੀ ਸੇਵਾ ਕਰਨ ਦਾ ਪੱਕਾ ਇਰਾਦਾ ਕੀਤਾ ਹੋਇਆ ਸੀ।

ਯੁੱਧ ਦੇ ਦੌਰਾਨ ਬਾਈਬਲ ਸਟੂਡੈਂਟਸ ਆਪਣੇ ਰਵੱਈਏ ਕਰਕੇ ਅਧਿਕਾਰੀਆਂ ਦੀਆਂ ਨਜ਼ਰਾਂ ਵਿਚ ਆ ਗਏ। ਆਉਣ ਵਾਲੇ ਸਾਲਾਂ ਦੌਰਾਨ ਜਰਮਨੀ ਦੇ ਬਾਈਬਲ ਸਟੂਡੈਂਟਸ ਨੂੰ ਪ੍ਰਚਾਰ ਕਰਨ ਕਰਕੇ ਹਜ਼ਾਰਾਂ ਕੇਸ ਭੁਗਤਣੇ ਪਏ। ਉਨ੍ਹਾਂ ਦੀ ਮਦਦ ਕਰਨ ਲਈ ਜਰਮਨੀ ਦੇ ਸ਼ਾਖ਼ਾ ਦਫ਼ਤਰ ਨੇ ਮੈਗਡੇਬਰਗ ਬੈਥਲ ਵਿਚ ਕਾਨੂੰਨੀ ਵਿਭਾਗ ਖੋਲ੍ਹਿਆ।

ਯਹੋਵਾਹ ਦੇ ਗਵਾਹਾਂ ਦੀ ਨਿਰਪੱਖ ਰਹਿਣ ਦੀ ਸਮਝ ਵਿਚ ਹੌਲੀ-ਹੌਲੀ ਸੁਧਾਰ ਕੀਤਾ ਗਿਆ। ਜਦੋਂ ਦੂਜਾ ਵਿਸ਼ਵ ਯੁੱਧ ਸ਼ੁਰੂ ਹੋਇਆ, ਤਾਂ ਉਨ੍ਹਾਂ ਨੇ ਫ਼ੌਜ ਦੇ ਕਿਸੇ ਵੀ ਕੰਮ ਵਿਚ ਹਿੱਸਾ ਨਾ ਲੈ ਕੇ ਆਪਣੇ ਆਪ ਨੂੰ ਬਿਲਕੁਲ ਨਿਰਪੱਖ ਰੱਖਿਆ। ਇਸ ਕਰਕੇ ਉਨ੍ਹਾਂ ਨੂੰ ਜਰਮਨੀ ਦੇ ਗੱਦਾਰ ਸਮਝਿਆ ਗਿਆ ਅਤੇ ਬਹੁਤ ਸਤਾਇਆ ਗਿਆ। ਇਨ੍ਹਾਂ ਭੈਣਾਂ-ਭਰਾਵਾਂ ਦੀ ਹੱਡ-ਬੀਤੀ ਬਾਰੇ ਤੁਹਾਨੂੰ “ਇਤਿਹਾਸ ਦੇ ਪੰਨਿਆਂ ਤੋਂ” ਦੀ ਲੜੀ ਦੇ ਆਉਣ ਵਾਲੇ ਲੇਖਾਂ ਵਿਚ ਦੱਸਿਆ ਜਾਵੇਗਾ।​—⁠ਕੇਂਦਰੀ ਯੂਰਪ ਵਿਚ ਸਾਡੇ ਇਤਿਹਾਸਕ ਰਿਕਾਰਡ ਤੋਂ।

a ਪਹਿਲੇ ਵਿਸ਼ਵ ਯੁੱਧ ਦੌਰਾਨ ਇੰਗਲੈਂਡ ਦੇ ਬਾਈਬਲ ਸਟੂਡੈਂਟਸ ਬਾਰੇ ਦੇਖਣ ਲਈ 15 ਮਈ 2013 ਦੇ ਪਹਿਰਾਬੁਰਜ ਵਿਚ “ਇਤਿਹਾਸ ਦੇ ਪੰਨਿਆਂ ਤੋਂ​—ਉਹ ‘ਅਜ਼ਮਾਇਸ਼ ਦੀ ਘੜੀ’ ਵਿਚ ਵਫ਼ਾਦਾਰ ਰਹੇ” ਨਾਂ ਦਾ ਲੇਖ ਪੜ੍ਹੋ।

b ਇਹ ਕੰਮ ਕਰਨ ਦੀ ਸਲਾਹ ਲੜੀਵਾਰ ਮਲੈਨਿਅਲ ਡੌਨ (1904) ਦੇ ਖੰਡ 6 ਅਤੇ ਅਗਸਤ 1906 ਦੇ ਜਰਮਨ ਭਾਸ਼ਾ ਦੇ ਜ਼ਾਇਨਸ ਵਾਚ ਟਾਵਰ ਵਿਚ ਦਿੱਤੀ ਗਈ ਸੀ। ਸਤੰਬਰ 1915 ਦੇ ਪਹਿਰਾਬੁਰਜ ਨੇ ਸਾਡੀ ਸਮਝ ਵਿਚ ਸੁਧਾਰ ਕੀਤਾ ਅਤੇ ਬਾਈਬਲ ਸਟੂਡੈਂਟਸ ਨੂੰ ਫ਼ੌਜ ਵਿਚ ਭਰਤੀ ਹੋਣ ਤੋਂ ਮਨ੍ਹਾ ਕੀਤਾ ਗਿਆ। ਪਰ ਇਹ ਲੇਖ ਜਰਮਨ ਭਾਸ਼ਾ ਵਿਚ ਨਹੀਂ ਛਾਪਿਆ ਗਿਆ ਸੀ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ