ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w17 ਅਗਸਤ ਸਫ਼ੇ 27-29
  • ਪਿਆਰ—ਇਕ ਬਹੁਮੁੱਲਾ ਗੁਣ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਿਆਰ—ਇਕ ਬਹੁਮੁੱਲਾ ਗੁਣ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਪਿਆਰ ਕੀ ਹੈ?
  • ਪਿਆਰ ਦਿਖਾਉਣ ਵਿਚ ਯਹੋਵਾਹ ਅਤੇ ਯਿਸੂ ਬੇਮਿਸਾਲ
  • “ਪਿਆਰ ਕਰਦੇ ਰਹੋ”
  • ਪਿਆਰ ਕਿਵੇਂ ਪੈਦਾ ਕਰੀਏ?
  • ਪਿਆਰ ਦਿਖਾਉਣ ਦੇ ਫ਼ਾਇਦੇ
  • “ਪਿਆਰ ਹੱਲਾਸ਼ੇਰੀ ਦਿੰਦਾ ਹੈ”
  • “ਪ੍ਰੇਮ ਨਾਲ ਚੱਲੋ”
    ਯਹੋਵਾਹ ਦੇ ਨੇੜੇ ਰਹੋ
  • ਪਿਆਰ ਨਾਲ ਮਜ਼ਬੂਤ ਹੋਵੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • ਪਰਮੇਸ਼ੁਰ ਦੇ ਪਿਆਰ ਦੇ ਬਦਲੇ ਉਸ ਨੂੰ ਪਿਆਰ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
  • ਆਪਣਾ ਪਿਆਰ ਠੰਢਾ ਨਾ ਪੈਣ ਦਿਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
w17 ਅਗਸਤ ਸਫ਼ੇ 27-29

ਪਿਆਰ—ਇਕ ਬਹੁਮੁੱਲਾ ਗੁਣ

  • ਪਿਆਰ

  • ਖ਼ੁਸ਼ੀ

  • ਸ਼ਾਂਤੀ

  • ਸਹਿਣਸ਼ੀਲਤਾ

  • ਦਇਆ

  • ਭਲਾਈ

  • ਨਿਹਚਾ

  • ਨਰਮਾਈ

  • ਸੰਜਮ

ਯਹੋਵਾਹ ਨੇ ਪੌਲੁਸ ਰਸੂਲ ਨੂੰ ਪ੍ਰੇਰਿਤ ਕੀਤਾ ਕਿ ਉਹ ਨੌਂ ਗੁਣਾਂ ਬਾਰੇ ਲਿਖੇ ਜੋ ਪਵਿੱਤਰ ਸ਼ਕਤੀ ਅਨੁਸਾਰ ਚੱਲ ਕੇ ਪੈਦਾ ਹੁੰਦੇ ਹਨ। (ਗਲਾ. 5:22, 23) ਇਨ੍ਹਾਂ ਗੁਣਾਂ ਨੂੰ ਪਵਿੱਤਰ ਸ਼ਕਤੀ ਦੇ “ਫਲ” ਵੀ ਕਿਹਾ ਗਿਆ ਹੈ।a ਇਹ ਫਲ “ਨਵੇਂ ਸੁਭਾਅ” ਦਾ ਹਿੱਸਾ ਹਨ। (ਕੁਲੁ. 3:10) ਇਕ ਦਰਖ਼ਤ ਉਦੋਂ ਹੀ ਫਲ ਦੇਵੇਗਾ ਜਦੋਂ ਉਸ ਨੂੰ ਢੇਰ ਸਾਰਾ ਪਾਣੀ ਮਿਲੇਗਾ। ਉਸੇ ਤਰ੍ਹਾਂ ਇਕ ਵਿਅਕਤੀ ਆਪਣੀ ਜ਼ਿੰਦਗੀ ਵਿਚ ਉਦੋਂ ਹੀ ਇਹ ਬਹੁਮੁੱਲਾ ਗੁਣ ਪੈਦਾ ਕਰ ਸਕੇਗਾ ਜਦੋਂ ਪਵਿੱਤਰ ਸ਼ਕਤੀ ਪੂਰੀ ਤਰ੍ਹਾਂ ਉਸ ਦੀ ਜ਼ਿੰਦਗੀ ਵਿਚ ਕੰਮ ਕਰ ਰਹੀ ਹੋਵੇਗੀ।​—ਜ਼ਬੂ. 1:1-3.

ਪੌਲੁਸ ਨੇ ਪਹਿਲਾਂ ਪਿਆਰ ਦਾ ਜ਼ਿਕਰ ਕੀਤਾ ਸੀ। ਇਹ ਗੁਣ ਕਿੰਨਾ ਕੁ ਜ਼ਰੂਰੀ ਹੈ? ਪੌਲੁਸ ਨੇ ਕਿਹਾ ਕਿ ਪਿਆਰ ਤੋਂ ਬਿਨਾਂ ਉਹ “ਕੁਝ ਵੀ ਨਹੀਂ।” (1 ਕੁਰਿੰ. 13:2) ਪਰ ਪਿਆਰ ਹੈ ਕੀ? ਅਸੀਂ ਆਪਣੇ ਵਿਚ ਇਹ ਗੁਣ ਕਿਵੇਂ ਪੈਦਾ ਕਰ ਸਕਦੇ ਹਾਂ? ਅਸੀਂ ਹਰ ਰੋਜ਼ ਪਿਆਰ ਕਿਵੇਂ ਦਿਖਾ ਸਕਦੇ ਹਾਂ?

ਪਿਆਰ ਕੀ ਹੈ?

ਪਿਆਰ ਨੂੰ ਸ਼ਬਦਾਂ ਵਿਚ ਪੂਰਾ ਤਰ੍ਹਾਂ ਸਮਝਾਉਣਾ ਬਹੁਤ ਔਖਾ ਹੈ। ਪਰ ਬਾਈਬਲ ਦੱਸਦੀ ਹੈ ਕਿ ਇਕ ਪਿਆਰ ਕਰਨ ਵਾਲੇ ਵਿਅਕਤੀ ਦੇ ਕੰਮ ਅਤੇ ਸੋਚ ਕਿਹੋ ਜਿਹੀ ਹੁੰਦੀ ਹੈ। ਮਿਸਾਲ ਲਈ, ਪਿਆਰ ਕਰਨ ਵਾਲਾ ਇਨਸਾਨ ‘ਧੀਰਜਵਾਨ, ਦਿਆਲੂ ਅਤੇ ਸੱਚਾਈ ਤੋਂ ਖ਼ੁਸ਼ ਹੁੰਦਾ ਹੈ।’ “ਉਹ ਸਭ ਕੁਝ ਬਰਦਾਸ਼ਤ ਕਰ ਲੈਂਦਾ ਹੈ, ਸਾਰੀਆਂ ਗੱਲਾਂ ਉੱਤੇ ਭਰੋਸਾ ਕਰਦਾ ਹੈ, ਸਾਰੀਆਂ ਗੱਲਾਂ ਦੀ ਆਸ ਰੱਖਦਾ ਹੈ, ਕਿਸੇ ਗੱਲ ਵਿਚ ਹਿੰਮਤ ਨਹੀਂ ਹਾਰਦਾ।” ਉਸ ਵਿਅਕਤੀ ਦੇ ਦਿਲ ਵਿਚ ਲੋਕਾਂ ਲਈ ਗਹਿਰਾ ਮੋਹ ਹੁੰਦਾ ਹੈ, ਉਹ ਦਿਲੋਂ ਲੋਕਾਂ ਦੀ ਪਰਵਾਹ ਕਰਦਾ ਹੈ ਅਤੇ ਇਕ ਵਫ਼ਾਦਾਰ ਦੋਸਤ ਹੁੰਦਾ ਹੈ। ਪਰ ਜਿਸ ਵਿਚ ਪਿਆਰ ਨਹੀਂ ਹੁੰਦਾ ਉਹ ਈਰਖਾਲੂ, ਘਮੰਡੀ, ਬਦਤਮੀਜ਼, ਮਤਲਬੀ ਅਤੇ ਦੂਜਿਆਂ ਨੂੰ ਮਾਫ਼ ਨਾ ਕਰਨ ਵਾਲਾ ਹੁੰਦਾ ਹੈ। ਪਰ ਅਸੀਂ ਇਸ ਤਰ੍ਹਾਂ ਦੇ ਔਗੁਣ ਨਹੀਂ ਪੈਦਾ ਕਰਨਾ ਚਾਹੁੰਦੇ, ਸਗੋਂ ਅਸੀਂ ਲੋਕਾਂ ਨੂੰ ਉਹ ਪਿਆਰ ਦਿਖਾਉਣਾ ਚਾਹੁੰਦੇ ਹਾਂ ਜੋ “ਆਪਣੇ ਬਾਰੇ ਹੀ ਨਹੀਂ ਸੋਚਦਾ।”​—1 ਕੁਰਿੰ. 13:4-8.

ਪਿਆਰ ਦਿਖਾਉਣ ਵਿਚ ਯਹੋਵਾਹ ਅਤੇ ਯਿਸੂ ਬੇਮਿਸਾਲ

“ਪਰਮੇਸ਼ੁਰ ਪਿਆਰ ਹੈ।” (1 ਯੂਹੰ. 4:8) ਉਸ ਦੇ ਸਾਰੇ ਕੰਮਾਂ ਤੋਂ ਪਿਆਰ ਝਲਕਦਾ ਹੈ। ਇਨਸਾਨਾਂ ਦੀ ਖ਼ਾਤਰ ਪਰਮੇਸ਼ੁਰ ਨੇ ਯਿਸੂ ਨੂੰ ਧਰਤੀ ʼਤੇ ਘੱਲਿਆ ਅਤੇ ਉਹ ਸਾਡੇ ਲਈ ਤੜਫ਼-ਤੜਫ਼ ਕੇ ਮਰਿਆ। ਇਹ ਯਹੋਵਾਹ ਦੇ ਪਿਆਰ ਦਾ ਸਭ ਤੋਂ ਵੱਡਾ ਸਬੂਤ ਹੈ। ਯੂਹੰਨਾ ਰਸੂਲ ਨੇ ਕਿਹਾ: “ਸਾਡੇ ਲਈ ਪਰਮੇਸ਼ੁਰ ਦਾ ਪਿਆਰ ਇਸ ਤਰ੍ਹਾਂ ਜ਼ਾਹਰ ਹੋਇਆ ਸੀ ਕਿ ਪਰਮੇਸ਼ੁਰ ਨੇ ਆਪਣੇ ਇਕਲੌਤੇ ਪੁੱਤਰ ਨੂੰ ਦੁਨੀਆਂ ਵਿਚ ਘੱਲਿਆ ਤਾਂਕਿ ਉਸ ਰਾਹੀਂ ਸਾਨੂੰ ਜ਼ਿੰਦਗੀ ਮਿਲੇ। ਪਰਮੇਸ਼ੁਰ ਨੇ ਆਪਣਾ ਪਿਆਰ ਇਸ ਕਰਕੇ ਜ਼ਾਹਰ ਨਹੀਂ ਕੀਤਾ ਕਿ ਅਸੀਂ ਉਸ ਨੂੰ ਪਿਆਰ ਕੀਤਾ, ਸਗੋਂ ਉਸ ਨੇ ਸਾਡੇ ਨਾਲ ਪਿਆਰ ਕੀਤਾ ਅਤੇ ਸਾਡੇ ਪਾਪਾਂ ਲਈ ਕੁਰਬਾਨੀ ਦੇਣ ਵਾਸਤੇ ਆਪਣੇ ਪੁੱਤਰ ਨੂੰ ਘੱਲਿਆ, ਤਾਂਕਿ ਸਾਡੀ ਉਸ ਨਾਲ ਸੁਲ੍ਹਾ ਹੋ ਸਕੇ।” (1 ਯੂਹੰ. 4:9, 10) ਪਰਮੇਸ਼ੁਰ ਦੇ ਪਿਆਰ ਕਰਕੇ ਸਾਨੂੰ ਮਾਫ਼ੀ, ਉਮੀਦ ਅਤੇ ਜ਼ਿੰਦਗੀ ਮਿਲ ਸਕਦੀ ਹੈ।

ਯਿਸੂ ਨੇ ਇਨਸਾਨਾਂ ਲਈ ਆਪਣਾ ਪਿਆਰ ਜ਼ਾਹਰ ਕੀਤਾ ਜਦੋਂ ਉਸ ਨੇ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਲਈ ਆਪਣੀ ਜਾਨ ਦੇ ਦਿੱਤੀ। ਪੌਲੁਸ ਰਸੂਲ ਸਾਨੂੰ ਦੱਸਦਾ ਹੈ: “ਪਰਮੇਸ਼ੁਰ ਦੀ ਇਸ ‘ਇੱਛਾ’ ਅਨੁਸਾਰ ਸਾਨੂੰ ਯਿਸੂ ਮਸੀਹ ਦੇ ਸਰੀਰ ਦੀ ਬਲ਼ੀ ਰਾਹੀਂ ਇੱਕੋ ਵਾਰ ਹਮੇਸ਼ਾ ਲਈ ਸ਼ੁੱਧ ਕੀਤਾ ਗਿਆ ਹੈ।” (ਇਬ. 10:9, 10) ਇਸ ਤੋਂ ਜ਼ਿਆਦਾ ਪਿਆਰ ਹੋਰ ਕੋਈ ਕਰ ਹੀ ਨਹੀਂ ਸਕਦਾ! ਯਿਸੂ ਨੇ ਕਿਹਾ: “ਇਸ ਤੋਂ ਵੱਡਾ ਪਿਆਰ ਹੋਰ ਕੀ ਹੋ ਸਕਦਾ ਹੈ ਕਿ ਕੋਈ ਆਪਣੇ ਦੋਸਤਾਂ ਦੀ ਖ਼ਾਤਰ ਆਪਣੀ ਜਾਨ ਦੇਵੇ।” (ਯੂਹੰ. 15:13) ਕੀ ਅਸੀਂ ਪਾਪੀ ਇਨਸਾਨ ਉੱਨਾ ਪਿਆਰ ਦਿਖਾ ਸਕਦੇ ਹਾਂ ਜਿੰਨਾ ਯਹੋਵਾਹ ਅਤੇ ਯਿਸੂ ਨੇ ਦਿਖਾਇਆ ਸੀ? ਬਿਲਕੁਲ! ਆਓ ਆਪਾਂ ਦੇਖੀਏ ਕਿ ਅਸੀਂ ਉਨ੍ਹਾਂ ਵਰਗਾ ਪਿਆਰ ਕਿਵੇਂ ਦਿਖਾ ਸਕਦੇ ਹਾਂ।

“ਪਿਆਰ ਕਰਦੇ ਰਹੋ”

ਪੌਲੁਸ ਨੇ ਸਾਨੂੰ ਇਹ ਹੱਲਾਸ਼ੇਰੀ ਦਿੱਤੀ: “ਪਰਮੇਸ਼ੁਰ ਦੇ ਪਿਆਰੇ ਬੱਚਿਆਂ ਵਾਂਗ ਉਸ ਦੀ ਰੀਸ ਕਰੋ ਅਤੇ ਪਿਆਰ ਕਰਦੇ ਰਹੋ ਜਿਵੇਂ ਮਸੀਹ ਨੇ ਤੁਹਾਡੇ ਨਾਲ ਪਿਆਰ ਕੀਤਾ ਅਤੇ ਤੁਹਾਡੀ ਖ਼ਾਤਰ ਆਪਣੀ ਜਾਨ ਦੀ ਕੁਰਬਾਨੀ ਦਿੱਤੀ।” (ਅਫ਼. 5:1, 2) ‘ਪਿਆਰ ਕਰਦੇ ਰਹਿਣ’ ਦਾ ਕੀ ਮਤਲਬ ਹੈ? ਇਸ ਦਾ ਮਤਲਬ ਹੈ ਕਿ ਅਸੀਂ ਹਰ ਵੇਲੇ ਪਿਆਰ ਦਿਖਾਈਏ। ਸਾਨੂੰ ਸਿਰਫ਼ ਕਹਿਣਾ ਹੀ ਨਹੀਂ ਚਾਹੀਦਾ, ਸਗੋਂ ਆਪਣੇ ਕੰਮਾਂ ਤੋਂ ਦਿਖਾਉਣਾ ਚਾਹੀਦਾ ਹੈ ਕਿ ਅਸੀਂ ਲੋਕਾਂ ਨੂੰ ਪਿਆਰ ਕਰਦੇ ਹਾਂ। ਯੂਹੰਨਾ ਨੇ ਲਿਖਿਆ: “ਪਿਆਰੇ ਬੱਚਿਓ, ਆਓ ਆਪਾਂ ਗੱਲੀਂ-ਬਾਤੀਂ ਜਾਂ ਜ਼ਬਾਨੀ ਹੀ ਨਹੀਂ, ਸਗੋਂ ਦਿਲੋਂ ਕੁਝ ਕਰ ਕੇ ਆਪਣੇ ਪਿਆਰ ਦਾ ਸਬੂਤ ਦੇਈਏ।” (1 ਯੂਹੰ. 3:18) ਮਿਸਾਲ ਲਈ, ਅਸੀਂ “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ” ਇਸ ਲਈ ਕਰਦੇ ਹਾਂ ਕਿਉਂਕਿ ਅਸੀਂ ਯਹੋਵਾਹ ਅਤੇ ਆਪਣੇ ਗੁਆਂਢੀ ਨੂੰ ਪਿਆਰ ਕਰਦੇ ਹਾਂ। (ਮੱਤੀ 24:14; ਲੂਕਾ 10:27) ‘ਪਿਆਰ ਕਰਦੇ ਰਹਿਣ’ ਦਾ ਇਹ ਵੀ ਮਤਲਬ ਹੈ ਕਿ ਅਸੀਂ ਧੀਰਜ ਅਤੇ ਭਲਾਈ ਦਿਖਾਈਏ ਅਤੇ ਦੂਜਿਆਂ ਨੂੰ ਮਾਫ਼ ਕਰੀਏ। ਅਸੀਂ ਬਾਈਬਲ ਦੀ ਇਹ ਸਲਾਹ ਮੰਨਦੇ ਹਾਂ: “ਜਿਵੇਂ ਯਹੋਵਾਹ ਨੇ ਤੁਹਾਨੂੰ ਦਿਲੋਂ ਮਾਫ਼ ਕੀਤਾ ਹੈ, ਤੁਸੀਂ ਵੀ ਇਸੇ ਤਰ੍ਹਾਂ ਕਰੋ।”​—ਕੁਲੁ. 3:13.

ਜਦੋਂ ਸਾਨੂੰ ਕਿਸੇ ਨੂੰ ਤਾੜਨਾ ਦੇਣੀ ਪੈਂਦੀ ਹੈ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਉਸ ਨੂੰ ਪਿਆਰ ਨਹੀਂ ਕਰਦੇ। ਮਿਸਾਲ ਲਈ, ਆਪਣੇ ਰੋਂਦੇ ਬੱਚੇ ਨੂੰ ਚੁੱਪ ਕਰਾਉਣ ਲਈ ਕੁਝ ਮਾਪੇ ਉਸ ਦੀ ਜ਼ਿੱਦ ਸਾਮ੍ਹਣੇ ਝੁਕ ਜਾਂਦੇ ਹਨ। ਪਰ ਜਿਹੜੇ ਮਾਪੇ ਆਪਣੇ ਬੱਚਿਆਂ ਨਾਲ ਸੱਚਾ ਪਿਆਰ ਕਰਦੇ ਹਨ ਉਹ ਲੋੜ ਪੈਣ ʼਤੇ ਉਨ੍ਹਾਂ ਨਾਲ ਸਖ਼ਤੀ ਨਾਲ ਪੇਸ਼ ਆਉਂਦੇ ਹਨ। ਇਸੇ ਤਰ੍ਹਾਂ, ਚਾਹੇ ਪਰਮੇਸ਼ੁਰ ਪਿਆਰ ਹੈ, ਪਰ “ਯਹੋਵਾਹ ਜਿਸ ਨੂੰ ਪਿਆਰ ਕਰਦਾ ਹੈ, ਉਸੇ ਨੂੰ ਅਨੁਸ਼ਾਸਨ ਦਿੰਦਾ ਹੈ।” (ਇਬ. 12:6) ਇਸ ਲਈ ਤਾੜਨਾ ਦੇਣੀ ਪਿਆਰ ਦੀ ਨਿਸ਼ਾਨੀ ਹੈ। (ਕਹਾ. 3:11, 12) ਪਰ ਇਹ ਗੱਲ ਸੱਚ ਹੈ ਕਿ ਪਾਪੀ ਹੋਣ ਕਰਕੇ ਅਸੀਂ ਕਦੀ-ਕਦੀ ਪਿਆਰ ਨਹੀਂ ਦਿਖਾਉਂਦੇ। ਇਸ ਲਈ ਪਿਆਰ ਦਿਖਾਉਣ ਦੇ ਮਾਮਲੇ ਵਿਚ ਅਸੀਂ ਸਾਰੇ ਸੁਧਾਰ ਕਰ ਸਕਦੇ ਹਾਂ। ਪਰ ਕਿਵੇਂ? ਆਓ ਆਪਾਂ ਤਿੰਨ ਤਰੀਕੇ ਦੇਖੀਏ।

ਪਿਆਰ ਕਿਵੇਂ ਪੈਦਾ ਕਰੀਏ?

ਪਹਿਲਾ, ਪਰਮੇਸ਼ੁਰ ਤੋਂ ਪਵਿੱਤਰ ਸ਼ਕਤੀ ਦੀ ਮੰਗ ਕਰੋ ਕਿਉਂਕਿ ਉਸ ਦੁਆਰਾ ਪਿਆਰ ਪੈਦਾ ਕੀਤਾ ਜਾ ਸਕਦਾ ਹੈ। ਯਿਸੂ ਨੇ ਕਿਹਾ ਸੀ ਕਿ ਸਾਡੇ ਮੰਗਣ ʼਤੇ ਯਹੋਵਾਹ ਸਾਨੂੰ “ਪਵਿੱਤਰ ਸ਼ਕਤੀ ਜ਼ਰੂਰ ਦੇਵੇਗਾ!” (ਲੂਕਾ 11:13) ਭਰੋਸਾ ਰੱਖੋ ਕਿ ਪਵਿੱਤਰ ਸ਼ਕਤੀ ਲਈ ਪ੍ਰਾਰਥਨਾ ਕਰ ਕੇ ਅਤੇ ਇਸ ਅਨੁਸਾਰ ਚੱਲ ਕੇ ਤੁਸੀਂ ਪਿਆਰ ਪੈਦਾ ਕਰ ਸਕਦੇ ਹੋ। (ਗਲਾ. 5:16) ਜੇ ਤੁਸੀਂ ਮੰਡਲੀ ਦੇ ਬਜ਼ੁਰਗ ਹੋ, ਤਾਂ ਪਵਿੱਤਰ ਸ਼ਕਤੀ ਲਈ ਜ਼ਰੂਰ ਪ੍ਰਾਰਥਨਾ ਕਰੋ। ਕਿਉਂ? ਕਿਉਂਕਿ ਜੇ ਤੁਹਾਨੂੰ ਕਿਸੇ ਨੂੰ ਤਾੜਨਾ ਦੇਣੀ ਪਈ, ਤਾਂ ਪਵਿੱਤਰ ਸ਼ਕਤੀ ਤੁਹਾਡੀ ਪਿਆਰ ਨਾਲ ਤਾੜਨਾ ਦੇਣ ਵਿਚ ਮਦਦ ਕਰੇਗੀ। ਜੇ ਤੁਹਾਡੇ ਬੱਚੇ ਹਨ, ਤਾਂ ਪਵਿੱਤਰ ਸ਼ਕਤੀ ਲਈ ਪ੍ਰਾਰਥਨਾ ਕਰੋ ਤਾਂਕਿ ਤੁਸੀਂ ਗੁੱਸੇ ਨਾਲ ਨਹੀਂ, ਸਗੋਂ ਪਿਆਰ ਨਾਲ ਬੱਚਿਆਂ ਨੂੰ ਤਾੜਨਾ ਦੇ ਸਕੋ।

ਦੂਜਾ, ਸੋਚੋ ਕਿ ਯਿਸੂ ਨਾਲ ਬੁਰਾ ਸਲੂਕ ਹੋਣ ʼਤੇ ਵੀ ਉਹ ਪਿਆਰ ਨਾਲ ਪੇਸ਼ ਆਇਆ। (1 ਪਤ. 2:21, 23) ਜੇ ਕਿਸੇ ਨੇ ਤੁਹਾਨੂੰ ਨਾਰਾਜ਼ ਕੀਤਾ ਹੈ ਜਾਂ ਤੁਹਾਡੇ ਨਾਲ ਬੇਇਨਸਾਫ਼ੀ ਹੋਈ ਹੈ, ਤਾਂ ਆਪਣੇ ਆਪ ਨੂੰ ਪੁੱਛੋ, ‘ਜੇ ਯਿਸੂ ਮੇਰੀ ਥਾਂ ਹੁੰਦਾ, ਤਾਂ ਉਹ ਕੀ ਕਰਦਾ?’ ਲੀ ਨਾਂ ਦੀ ਭੈਣ ਕਹਿੰਦੀ ਹੈ ਕਿ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਉਹ ਹਮੇਸ਼ਾ ਇਸ ਸਵਾਲ ਬਾਰੇ ਸੋਚਦੀ ਹੈ। ਇਸ ਤਰ੍ਹਾਂ ਕਰ ਕੇ ਉਹ ਸਮਝਦਾਰੀ ਤੋਂ ਕੰਮ ਲੈਂਦੀ ਹੈ। ਉਹ ਦੱਸਦੀ ਹੈ: “ਇਕ ਵਾਰ ਮੇਰੇ ਨਾਲ ਕੰਮ ਕਰਨ ਵਾਲੀ ਔਰਤ ਨੇ ਮੇਰੇ ਦਫ਼ਤਰ ਵਿਚ ਸਾਰਿਆਂ ਨੂੰ ਇਕ ਈ-ਮੇਲ ਭੇਜਿਆ। ਉਸ ਵਿਚ ਉਸ ਨੇ ਮੇਰੇ ਅਤੇ ਮੇਰੇ ਕੰਮ ਬਾਰੇ ਬੁਰਾ-ਭਲਾ ਕਿਹਾ। ਮੈਨੂੰ ਬਹੁਤ ਬੁਰਾ ਲੱਗਾ। ਪਰ ਮੈਂ ਆਪਣੇ ਆਪ ਤੋਂ ਪੁੱਛਿਆ, ‘ਯਿਸੂ ਦੀ ਰੀਸ ਕਰਦਿਆਂ ਮੈਂ ਇਸ ਵਿਅਕਤੀ ਨਾਲ ਕਿਵੇਂ ਪੇਸ਼ ਆਵਾਂ?’ ਯਿਸੂ ਬਾਰੇ ਸੋਚਣ ਤੋਂ ਬਾਅਦ ਮੈਂ ਫ਼ੈਸਲਾ ਕੀਤਾ ਕਿ ਚੰਗਾ ਹੋਵੇਗਾ ਜੇ ਮੈਂ ਮਾਮਲੇ ਨੂੰ ਜਾਣ ਦੇਵਾਂ। ਰਾਈ ਦੇ ਦਾਣੇ ਨੂੰ ਪਹਾੜ ਬਣਾਉਣ ਦਾ ਕੋਈ ਫ਼ਾਇਦਾ ਨਹੀਂ। ਬਾਅਦ ਵਿਚ ਮੈਨੂੰ ਪਤਾ ਲੱਗਾ ਕਿ ਉਹ ਔਰਤ ਬਹੁਤ ਨਿਰਾਸ਼ ਅਤੇ ਬੀਮਾਰ ਸੀ। ਮੈਂ ਸੋਚਿਆ ਕਿ ਉਸ ਨੇ ਜੋ ਵੀ ਲਿਖਿਆ ਸ਼ਾਇਦ ਉਸ ਦੇ ਕਹਿਣ ਦਾ ਮਤਲਬ ਕੁਝ ਹੋਰ ਹੀ ਹੋਵੇ। ਯਿਸੂ ਨੇ ਉਦੋਂ ਵੀ ਪਿਆਰ ਦਿਖਾਇਆ ਜਦੋਂ ਉਸ ਨੂੰ ਖਿਝਾਇਆ ਗਿਆ ਸੀ। ਇਸ ਗੱਲ ਨੇ ਮੇਰੀ ਮਦਦ ਕੀਤੀ ਕਿ ਮੈਂ ਵੀ ਉਸ ਔਰਤ ਨਾਲ ਪਿਆਰ ਨਾਲ ਪੇਸ਼ ਆਵਾਂ।” ਜੇ ਅਸੀਂ ਯਿਸੂ ਦੀ ਰੀਸ ਕਰਾਂਗੇ, ਤਾਂ ਅਸੀਂ ਹਮੇਸ਼ਾ ਦੂਜਿਆਂ ਨਾਲ ਪਿਆਰ ਨਾਲ ਪੇਸ਼ ਆਵਾਂਗੇ।

ਤੀਜਾ, ਨਿਰਸੁਆਰਥ ਪਿਆਰ ਦਿਖਾਓ। ਇਹ ਪਿਆਰ ਯਿਸੂ ਦੇ ਸੱਚੇ ਚੇਲਿਆਂ ਦੀ ਪਛਾਣ ਹੈ। (ਯੂਹੰ. 13:34, 35) ਯਿਸੂ ਨੇ ਵੀ ਇੱਦਾਂ ਦਾ ਹੀ ਪਿਆਰ ਦਿਖਾਇਆ ਸੀ ਅਤੇ ਸਾਡੇ ਲਈ ਸਭ ਤੋਂ ਬਿਹਤਰੀਨ ਮਿਸਾਲ ਰੱਖੀ। ਉਹ ਕਿਵੇਂ? “ਉਹ ਆਪਣਾ ਸਭ ਕੁਝ ਤਿਆਗ ਕੇ” ਸਵਰਗੋਂ ਧਰਤੀ ʼਤੇ ਆਇਆ ਅਤੇ ਸਾਡੇ ਲਈ ਆਪਣੀ ਜਾਨ ਕੁਰਬਾਨ ਕੀਤੀ। (ਫ਼ਿਲਿ. 2:5-8) ਯਿਸੂ ਵਾਂਗ ਨਿਰਸੁਆਰਥ ਪਿਆਰ ਦਿਖਾ ਕੇ ਸਾਡੀ ਸੋਚ ਅਤੇ ਭਾਵਨਾਵਾਂ ਉਸ ਵਰਗੀਆਂ ਬਣ ਜਾਣਗੀਆਂ। ਨਾਲੇ ਅਸੀਂ ਆਪਣੇ ਬਾਰੇ ਸੋਚਣ ਦੀ ਬਜਾਇ ਪਹਿਲਾਂ ਦੂਜਿਆਂ ਬਾਰੇ ਸੋਚਾਂਗੇ। ਪਿਆਰ ਦਿਖਾਉਣ ਦੇ ਹੋਰ ਕਿਹੜੇ ਕੁਝ ਫ਼ਾਇਦੇ ਹਨ?

ਪਿਆਰ ਦਿਖਾਉਣ ਦੇ ਫ਼ਾਇਦੇ

ਪਿਆਰ ਦਿਖਾਉਣ ਦੇ ਬਹੁਤ ਸਾਰੇ ਫ਼ਾਇਦੇ ਹਨ। ਆਓ ਦੋ ਫ਼ਾਇਦਿਆਂ ʼਤੇ ਗੌਰ ਕਰੀਏ:

ਅਲੱਗ-ਅਲੱਗ ਦੇਸ਼ ਤੇ ਉਮਰ ਦੇ ਯਹੋਵਾਹ ਦੇ ਗਵਾਹ ਕਿੰਗਡਮ ਹਾਲ ਵਿਚ ਸੰਗਤੀ ਕਰਦੇ ਹੋਏ

ਪਿਆਰ ਦਿਖਾਉਣ ਦੇ ਕਿਹੜੇ ਫ਼ਾਇਦੇ ਹੁੰਦੇ ਹਨ?

  • ਦੁਨੀਆਂ ਭਰ ਵਿਚ ਸਾਡਾ ਭਾਈਚਾਰਾ: ਆਪਸੀ ਪਿਆਰ ਹੋਣ ਕਰਕੇ ਅਸੀਂ ਜਾਣਦੇ ਹਾਂ ਕਿ ਭਾਵੇਂ ਅਸੀਂ ਦੁਨੀਆਂ ਦੇ ਕਿਸੇ ਵੀ ਮੰਡਲੀ ਵਿਚ ਚੱਲੇ ਜਾਈਏ, ਫਿਰ ਵੀ ਸਾਡੇ ਭੈਣ-ਭਰਾ ਸਾਡਾ ਨਿੱਘਾ ਸੁਆਗਤ ਕਰਨਗੇ। ਇਹ ਜਾਣ ਕੇ ਸਾਨੂੰ ਕਿੰਨਾ ਚੰਗਾ ਲੱਗਦਾ ਹੈ ਕਿ “ਦੁਨੀਆਂ ਭਰ” ਵਿਚ ਸਾਡੇ “ਭਰਾ” ਸਾਨੂੰ ਪਿਆਰ ਕਰਦੇ ਹਨ। (1 ਪਤ. 5:9) ਇਸ ਤਰ੍ਹਾਂ ਦਾ ਪਿਆਰ ਸਿਰਫ਼ ਪਰਮੇਸ਼ੁਰ ਦੇ ਲੋਕਾਂ ਵਿਚ ਮਿਲਦਾ ਹੈ।

  • ਸ਼ਾਂਤੀ: ਬਾਈਬਲ ਕਹਿੰਦੀ ਹੈ ਕਿ ਸਾਨੂੰ “ਪਿਆਰ ਨਾਲ ਇਕ-ਦੂਜੇ ਦੀ ਸਹਿ” ਲੈਣੀ ਚਾਹੀਦੀ ਹੈ। ਇਸ ਤਰ੍ਹਾਂ ਕਰ ਕੇ ਅਸੀਂ “ਏਕਤਾ ਦੇ ਬੰਧਨ ਨੂੰ ਪੱਕਾ” ਰੱਖਦੇ ਹਾਂ। (ਅਫ਼. 4:2, 3) ਅਸੀਂ ਸਭਾਵਾਂ ਅਤੇ ਸੰਮੇਲਨਾਂ ਵਿਚ ਇੱਦਾਂ ਦੀ ਸ਼ਾਂਤੀ ਦੇਖ ਸਕਦੇ ਹਾਂ। ਇਸ ਫੁੱਟ ਪਈ ਦੁਨੀਆਂ ਵਿਚ ਸਾਡੀ ਸ਼ਾਂਤੀ ਵਾਕਈ ਅਨੋਖੀ ਹੈ। (ਜ਼ਬੂ. 119:165; ਯਸਾ. 54:13) ਜਦੋਂ ਅਸੀਂ ਦੂਸਰਿਆਂ ਨਾਲ ਸ਼ਾਂਤੀ ਬਣਾਈ ਰੱਖਣੀ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਉਨ੍ਹਾਂ ਨੂੰ ਦਿਲੋਂ ਪਿਆਰ ਕਰਦੇ ਹਾਂ। ਇਹ ਦੇਖ ਕੇ ਸਾਡੇ ਸਵਰਗੀ ਪਿਤਾ ਦਾ ਦਿਲ ਬਹੁਤ ਖ਼ੁਸ਼ ਹੁੰਦਾ ਹੈ।​—ਜ਼ਬੂ. 133:1-3; ਮੱਤੀ 5:9.

“ਪਿਆਰ ਹੱਲਾਸ਼ੇਰੀ ਦਿੰਦਾ ਹੈ”

ਪੌਲੁਸ ਨੇ ਲਿਖਿਆ: “ਪਿਆਰ ਹੱਲਾਸ਼ੇਰੀ ਦਿੰਦਾ ਹੈ।” (1 ਕੁਰਿੰ. 8:1) ਉਸ ਦੇ ਕਹਿਣ ਦਾ ਕੀ ਮਤਲਬ ਸੀ? ਪੌਲੁਸ ਨੇ 1 ਕੁਰਿੰਥੀਆਂ ਅਧਿਆਏ 13 ਵਿਚ ਇਸ ਬਾਰੇ ਸਮਝਾਇਆ। ਕੁਝ ਲੋਕ ਇਸ ਅਧਿਆਏ ਨੂੰ “ਪਿਆਰ ਦਾ ਗੀਤ” ਕਹਿੰਦੇ ਹਨ। ਪਿਆਰ ਦੂਸਰਿਆਂ ਦੇ ਫ਼ਾਇਦੇ ਬਾਰੇ ਸੋਚਦਾ ਹੈ। ਪਿਆਰ ਦੂਸਰਿਆਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦਾ ਹੈ। (1 ਕੁਰਿੰ. 10:24; 13:5) ਪਿਆਰ ਧੀਰਜਵਾਨ, ਦਿਆਲੂ ਅਤੇ ਦੂਜਿਆਂ ਬਾਰੇ ਸੋਚਦਾ ਹੈ। ਪਿਆਰ ਪਰਿਵਾਰਕ ਰਿਸ਼ਤੇ ਮਜ਼ਬੂਤ ਕਰਦਾ ਹੈ ਅਤੇ ਮੰਡਲੀ ਦੀ ਏਕਤਾ ਵਧਾਉਂਦਾ ਹੈ।​—ਕੁਲੁ. 3:14.

ਦੂਸਰਿਆਂ ਨੂੰ ਪਿਆਰ ਦਿਖਾਉਣ ਦੇ ਹੋਰ ਵੀ ਬਹੁਤ ਸਾਰੇ ਤਰੀਕੇ ਹਨ। ਪਰ ਪਰਮੇਸ਼ੁਰ ਲਈ ਸਾਡਾ ਪਿਆਰ ਸਭ ਤੋਂ ਅਹਿਮ ਹੈ ਜਿਸ ਤੋਂ ਸਾਨੂੰ ਬਹੁਤ ਜ਼ਿਆਦਾ ਹੱਲਾਸ਼ੇਰੀ ਮਿਲਦੀ ਹੈ। ਕਿਉਂ? ਕਿਉਂਕਿ ਪਰਮੇਸ਼ੁਰ ਲਈ ਪਿਆਰ ਹੋਣ ਕਰਕੇ ਹੀ ਅਸੀਂ ਏਕਤਾ ਦੇ ਬੰਧਨ ਵਿਚ ਬੰਨ੍ਹੇ ਰਹਿੰਦੇ ਹਾਂ! ਹਰ ਪਿਛੋਕੜ, ਜਾਤੀ ਅਤੇ ਭਾਸ਼ਾ ਦੇ ਲੋਕ “ਇੱਕ ਮਨ ਹੋ ਕੇ” ਯਹੋਵਾਹ ਦੀ ਭਗਤੀ ਕਰਦੇ ਹਨ। (ਸਫ਼. 3:9) ਆਓ ਆਪਾਂ ਹਰ ਰੋਜ਼ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਅਨੁਸਾਰ ਚੱਲ ਕੇ ਇਹ ਬਹੁਮੁੱਲਾ ਗੁਣ ਪੈਦਾ ਕਰਨ ਦੀ ਪੂਰੀ ਕੋਸ਼ਿਸ਼ ਕਰੀਏ।

a ਇਹ ਲੇਖ ਨੌਂ ਭਾਗਾਂ ਵਾਲੀ ਲੜੀ ਵਿੱਚੋਂ ਪਹਿਲਾ ਹੈ। ਇਸ ਲੜੀ ਵਿਚ ਪਵਿੱਤਰ ਸ਼ਕਤੀ ਦੇ ਸਾਰੇ ਗੁਣਾਂ ਬਾਰੇ ਗੱਲ ਕੀਤੀ ਜਾਵੇਗੀ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ