ਅਧਿਐਨ ਲੇਖ 29
“ਜਾਓ . . . ਚੇਲੇ ਬਣਾਓ”
“ਇਸ ਲਈ, ਜਾਓ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ।”—ਮੱਤੀ 28:19.
ਗੀਤ 10 ‘ਮੈਂ ਹਾਜ਼ਰ ਹਾਂ ਮੈਨੂੰ ਘੱਲੋ!’
ਖ਼ਾਸ ਗੱਲਾਂa
1-2. (ੳ) ਮੱਤੀ 28:18-20 ਵਿਚ ਦਰਜ ਯਿਸੂ ਦੇ ਹੁਕਮ ਅਨੁਸਾਰ ਮਸੀਹੀ ਮੰਡਲੀਆਂ ਦੀ ਮੁੱਖ ਜ਼ਿੰਮੇਵਾਰੀ ਕੀ ਹੈ? (ਅ) ਇਸ ਲੇਖ ਵਿਚ ਅਸੀਂ ਕਿਨ੍ਹਾਂ ਸਵਾਲਾਂ ʼਤੇ ਚਰਚਾ ਕਰਾਂਗੇ?
ਜੀਉਂਦਾ ਹੋਣ ਤੋਂ ਬਾਅਦ ਯਿਸੂ ਨੇ ਆਪਣੇ ਚੇਲਿਆਂ ਨੂੰ ਪਹਾੜ ʼਤੇ ਆ ਕੇ ਮਿਲਣ ਲਈ ਕਿਹਾ ਸੀ। ਪਹਾੜ ʼਤੇ ਇਕੱਠੇ ਹੋਏ ਰਸੂਲ ਜ਼ਰੂਰ ਉਤਸੁਕ ਹੋਣੇ। (ਮੱਤੀ 28:16) ਇਹ ਸ਼ਾਇਦ ਉਹ ਮੌਕਾ ਸੀ ਜਦੋਂ “ਉਹ ਇਕ ਵਾਰ 500 ਤੋਂ ਜ਼ਿਆਦਾ ਭਰਾਵਾਂ ਦੇ ਸਾਮ੍ਹਣੇ ਪ੍ਰਗਟ ਹੋਇਆ।” (1 ਕੁਰਿੰ. 15:6) ਯਿਸੂ ਨੇ ਆਪਣੇ ਚੇਲਿਆਂ ਨੂੰ ਉੱਥੇ ਆ ਕੇ ਮਿਲਣ ਲਈ ਕਿਉਂ ਕਿਹਾ ਸੀ? ਉਨ੍ਹਾਂ ਨੂੰ ਇਕ ਹੁਕਮ ਦੇਣ ਲਈ: “ਜਾਓ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ।”—ਮੱਤੀ 28:18-20 ਪੜ੍ਹੋ।
2 ਜਿਹੜੇ ਚੇਲਿਆਂ ਨੇ ਯਿਸੂ ਦੇ ਸ਼ਬਦ ਸੁਣੇ ਸਨ, ਉਹ ਪਹਿਲੀ ਸਦੀ ਦੀਆਂ ਮੰਡਲੀਆਂ ਦਾ ਹਿੱਸਾ ਬਣ ਗਏ। ਉਨ੍ਹਾਂ ਮੰਡਲੀਆਂ ਦੀ ਮੁੱਖ ਜ਼ਿੰਮੇਵਾਰੀ ਸੀ, ਮਸੀਹ ਦੇ ਹੋਰ ਚੇਲੇ ਬਣਾਉਣੇ।b ਅੱਜ ਪੂਰੀ ਦੁਨੀਆਂ ਵਿਚ ਸੱਚੇ ਮਸੀਹੀਆਂ ਦੀਆਂ ਸਾਰੀਆਂ ਮੰਡਲੀਆਂ ਦੀ ਵੀ ਇਹੀ ਜ਼ਿੰਮੇਵਾਰੀ ਹੈ। ਇਸ ਲੇਖ ਵਿਚ ਅਸੀਂ ਚਾਰ ਸਵਾਲਾਂ ʼਤੇ ਗੌਰ ਕਰਾਂਗੇ: ਚੇਲੇ ਬਣਾਉਣ ਦਾ ਕੰਮ ਇੰਨਾ ਅਹਿਮ ਕਿਉਂ ਹੈ? ਇਸ ਕੰਮ ਵਿਚ ਕੀ ਕੁਝ ਸ਼ਾਮਲ ਹੈ? ਕੀ ਸਾਰੇ ਮਸੀਹੀ ਚੇਲੇ ਬਣਾਉਣ ਦੇ ਕੰਮ ਵਿਚ ਹਿੱਸਾ ਲੈਂਦੇ ਹਨ? ਇਹ ਕੰਮ ਕਰਨ ਲਈ ਸਾਨੂੰ ਧੀਰਜ ਰੱਖਣ ਦੀ ਕਿਉਂ ਲੋੜ ਹੈ?
ਚੇਲੇ ਬਣਾਉਣ ਦਾ ਕੰਮ ਇੰਨਾ ਅਹਿਮ ਕਿਉਂ ਹੈ?
3. ਯੂਹੰਨਾ 14:6 ਤੇ 17:3 ਅਨੁਸਾਰ ਚੇਲੇ ਬਣਾਉਣ ਦਾ ਕੰਮ ਇੰਨਾ ਅਹਿਮ ਕਿਉਂ ਹੈ?
3 ਚੇਲੇ ਬਣਾਉਣ ਦਾ ਕੰਮ ਇੰਨਾ ਅਹਿਮ ਕਿਉਂ ਹੈ? ਕਿਉਂਕਿ ਸਿਰਫ਼ ਮਸੀਹ ਦੇ ਚੇਲੇ ਹੀ ਪਰਮੇਸ਼ੁਰ ਦੇ ਦੋਸਤ ਬਣ ਸਕਦੇ ਹਨ। ਨਾਲੇ ਮਸੀਹ ਦੀ ਰੀਸ ਕਰਨ ਵਾਲੇ ਅੱਜ ਆਪਣੀਆਂ ਜ਼ਿੰਦਗੀਆਂ ਵਿਚ ਸੁਧਾਰ ਕਰਦੇ ਹਨ ਅਤੇ ਭਵਿੱਖ ਵਿਚ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਰੱਖਦੇ ਹਨ। (ਯੂਹੰਨਾ 14:6; 17:3 ਪੜ੍ਹੋ।) ਬਿਨਾਂ ਸ਼ੱਕ, ਯਿਸੂ ਨੇ ਸਾਨੂੰ ਇਹ ਅਹਿਮ ਜ਼ਿੰਮੇਵਾਰੀ ਦਿੱਤੀ ਹੈ, ਪਰ ਅਸੀਂ ਇਹ ਕੰਮ ਆਪਣੀ ਤਾਕਤ ਨਾਲ ਨਹੀਂ ਕਰਦੇ। ਪੌਲੁਸ ਰਸੂਲ ਨੇ ਆਪਣੇ ਤੇ ਹੋਰ ਮਸੀਹੀਆਂ ਬਾਰੇ ਲਿਖਿਆ: “ਅਸੀਂ ਪਰਮੇਸ਼ੁਰ ਨਾਲ ਮਿਲ ਕੇ ਕੰਮ ਕਰਦੇ ਹਾਂ।” (1 ਕੁਰਿੰ. 3:9) ਯਹੋਵਾਹ ਤੇ ਮਸੀਹ ਨੇ ਪਾਪੀ ਇਨਸਾਨਾਂ ਨੂੰ ਕਿੰਨਾ ਹੀ ਵੱਡਾ ਸਨਮਾਨ ਦਿੱਤਾ ਹੈ!
4. ਅਸੀਂ ਈਵਾਨ ਤੇ ਮਾਟਿਲਡੇ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?
4 ਚੇਲੇ ਬਣਾਉਣ ਦੇ ਕੰਮ ਤੋਂ ਸਾਨੂੰ ਬਹੁਤ ਖ਼ੁਸ਼ੀ ਮਿਲ ਸਕਦੀ ਹੈ। ਜ਼ਰਾ ਕੋਲੰਬੀਆ ਦੇ ਈਵਾਨ ਅਤੇ ਉਸ ਦੀ ਪਤਨੀ ਮਾਟਿਲਡੇ ਦੀ ਮਿਸਾਲ ʼਤੇ ਗੌਰ ਕਰੋ। ਉਨ੍ਹਾਂ ਨੇ ਡਾਵੀਅਰ ਨਾਂ ਦੇ ਇਕ ਨੌਜਵਾਨ ਨੂੰ ਗਵਾਹੀ ਦਿੱਤੀ ਜਿਸ ਨੇ ਉਨ੍ਹਾਂ ਨੂੰ ਕਿਹਾ: “ਮੈਂ ਆਪਣੀ ਜ਼ਿੰਦਗੀ ਵਿਚ ਬਦਲਾਅ ਤਾਂ ਕਰਨੇ ਚਾਹੁੰਦਾ ਹਾਂ, ਪਰ ਨਹੀਂ ਕਰ ਸਕਦਾ।” ਡਾਵੀਅਰ ਮੁੱਕੇਬਾਜ਼ ਸੀ, ਉਹ ਨਸ਼ੇ ਕਰਦਾ ਸੀ, ਹੱਦੋਂ ਵੱਧ ਸ਼ਰਾਬ ਪੀਂਦਾ ਸੀ ਅਤੇ ਆਪਣੀ ਪ੍ਰੇਮਿਕਾ ਐਰਿਕਾ ਨਾਲ ਰਹਿੰਦਾ ਸੀ। ਈਵਾਨ ਦੱਸਦਾ ਹੈ: “ਅਸੀਂ ਉਸ ਨੂੰ ਉਸ ਦੇ ਦੂਰ-ਦੁਰਾਡੇ ਪਿੰਡ ਵਿਚ ਜਾ ਕੇ ਮਿਲਦੇ ਸੀ। ਉੱਥੇ ਜਾਣ ਲਈ ਸਾਨੂੰ ਸਾਈਕਲ ʼਤੇ ਕਈ ਘੰਟੇ ਲੱਗ ਜਾਂਦੇ ਸਨ ਤੇ ਰਾਹ ਵੀ ਚਿੱਕੜ ਭਰਿਆ ਹੁੰਦਾ ਸੀ। ਡਾਵੀਅਰ ਦੇ ਪੇਸ਼ ਆਉਣ ਦੇ ਤਰੀਕੇ ਅਤੇ ਰਵੱਈਏ ਵਿਚ ਬਦਲਾਅ ਦੇਖ ਕੇ ਐਰਿਕਾ ਨੇ ਵੀ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ।” ਸਮੇਂ ਦੇ ਬੀਤਣ ਨਾਲ, ਡਾਵੀਅਰ ਨੇ ਨਸ਼ੇ ਕਰਨੇ, ਸ਼ਰਾਬ ਪੀਣੀ ਅਤੇ ਮੁੱਕੇਬਾਜ਼ੀ ਕਰਨੀ ਛੱਡ ਦਿੱਤੀ। ਉਸ ਨੇ ਐਰਿਕਾ ਨਾਲ ਵਿਆਹ ਵੀ ਕਰਾ ਲਿਆ। ਮਾਟਿਲਡੇ ਦੱਸਦੀ ਹੈ: “ਜਦੋਂ 2016 ਵਿਚ ਡਾਵੀਅਰ ਤੇ ਐਰਿਕਾ ਨੇ ਬਪਤਿਸਮਾ ਲਿਆ, ਤਾਂ ਅਸੀਂ ਸੋਚਿਆ ਕਿ ਡਾਵੀਅਰ ਕਹਿੰਦਾ ਹੁੰਦਾ ਸੀ, ‘ਮੈਂ ਆਪਣੀ ਜ਼ਿੰਦਗੀ ਵਿਚ ਬਦਲਾਅ ਤਾਂ ਕਰਨੇ ਚਾਹੁੰਦਾ ਹਾਂ, ਪਰ ਨਹੀਂ ਕਰ ਸਕਦਾ।’ ਅਸੀਂ ਆਪਣੇ ਖ਼ੁਸ਼ੀ ਦੇ ਹੰਝੂ ਨਾ ਰੋਕ ਸਕੇ।” ਬਿਨਾਂ ਸ਼ੱਕ, ਮਸੀਹ ਦੇ ਚੇਲੇ ਬਣਨ ਵਿਚ ਲੋਕਾਂ ਦੀ ਮਦਦ ਕਰ ਕੇ ਸਾਨੂੰ ਬਹੁਤ ਖ਼ੁਸ਼ੀ ਮਿਲਦੀ ਹੈ।
ਚੇਲੇ ਬਣਾਉਣ ਦੇ ਕੰਮ ਵਿਚ ਕੀ ਕੁਝ ਸ਼ਾਮਲ ਹੈ?
5. ਚੇਲੇ ਬਣਾਉਣ ਲਈ ਪਹਿਲਾ ਕਦਮ ਕਿਹੜਾ ਹੈ?
5 ਜਦੋਂ ਅਸੀਂ ਨੇਕਦਿਲ ਲੋਕਾਂ ਨੂੰ ‘ਲੱਭਣ’ ਜਾਂਦੇ ਹਾਂ, ਤਾਂ ਅਸੀਂ ਚੇਲੇ ਬਣਾਉਣ ਲਈ ਪਹਿਲਾ ਕਦਮ ਚੁੱਕਦੇ ਹਾਂ। (ਮੱਤੀ 10:11) ਆਪਣੇ ਇਲਾਕੇ ਵਿਚ ਹਰ ਕਿਸੇ ਨੂੰ ਗਵਾਹੀ ਦੇਣ ਦੀ ਕੋਸ਼ਿਸ਼ ਕਰ ਕੇ ਅਤੇ ਪ੍ਰਚਾਰ ਕਰਨ ਦੇ ਮਸੀਹ ਦੇ ਹੁਕਮ ਨੂੰ ਮੰਨ ਕੇ ਅਸੀਂ ਸਾਬਤ ਕਰਦੇ ਹਾਂ ਕਿ ਅਸੀਂ ਵਾਕਈ ਯਹੋਵਾਹ ਦੇ ਗਵਾਹ ਅਤੇ ਸੱਚੇ ਮਸੀਹੀ ਹਾਂ।
6. ਅਸੀਂ ਕੀ ਕਰ ਸਕਦੇ ਹਾਂ ਤਾਂਕਿ ਲੋਕ ਪ੍ਰਚਾਰ ਵਿਚ ਸਾਡੀ ਗੱਲ ਸੁਣਨ?
6 ਕੁਝ ਲੋਕ ਬਾਈਬਲ ਦੀਆਂ ਸੱਚਾਈਆਂ ਸਿੱਖਣ ਲਈ ਤਿਆਰ ਹਨ, ਪਰ ਸ਼ਾਇਦ ਪਹਿਲੀ ਵਾਰ ਮਿਲਣ ʼਤੇ ਸਾਨੂੰ ਲੱਗੇ ਕਿ ਬਹੁਤ ਜਣੇ ਸਾਡੀ ਗੱਲ ਨਹੀਂ ਸੁਣਦੇ। ਸਾਨੂੰ ਸ਼ਾਇਦ ਉਨ੍ਹਾਂ ਵਿਚ ਦਿਲਚਸਪੀ ਜਗਾਉਣੀ ਪਵੇ। ਪ੍ਰਚਾਰ ਵਿਚ ਸਫ਼ਲ ਹੋਣ ਲਈ ਸਾਨੂੰ ਚੰਗੀ ਤਿਆਰੀ ਕਰਨ ਦੀ ਲੋੜ ਹੈ। ਖ਼ਾਸ ਵਿਸ਼ੇ ਚੁਣੋ ਜੋ ਪ੍ਰਚਾਰ ਵਿਚ ਮਿਲਣ ਵਾਲੇ ਲੋਕਾਂ ਨੂੰ ਚੰਗੇ ਲੱਗਣਗੇ। ਫਿਰ ਤਿਆਰੀ ਕਰੋ ਕਿ ਤੁਸੀਂ ਹਰ ਵਿਸ਼ੇ ਬਾਰੇ ਕਿਵੇਂ ਦੱਸੋਗੇ।
7. ਤੁਸੀਂ ਕਿਸੇ ਨਾਲ ਗੱਲ ਕਿਵੇਂ ਸ਼ੁਰੂ ਕਰ ਸਕਦੇ ਹੋ ਅਤੇ ਘਰ-ਮਾਲਕ ਦੀ ਗੱਲ ਸੁਣਨੀ ਅਤੇ ਉਸ ਲਈ ਆਦਰ ਦਿਖਾਉਣਾ ਕਿਉਂ ਜ਼ਰੂਰੀ ਹੈ?
7 ਮਿਸਾਲ ਲਈ, ਤੁਸੀਂ ਸ਼ਾਇਦ ਘਰ-ਮਾਲਕ ਨੂੰ ਪੁੱਛੋ: “ਕੀ ਮੈਂ ਇਸ ਵਿਸ਼ੇ ਬਾਰੇ ਤੁਹਾਡੀ ਰਾਇ ਜਾਣ ਸਕਦਾ ਹਾਂ? ਅੱਜ ਦੁਨੀਆਂ ਭਰ ਵਿਚ ਲੋਕ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹਨ। ਕੀ ਤੁਹਾਨੂੰ ਲੱਗਦਾ ਹੈ ਕਿ ਕੋਈ ਸਰਕਾਰ ਇਨ੍ਹਾਂ ਮੁਸ਼ਕਲਾਂ ਨੂੰ ਹੱਲ ਕਰ ਸਕਦੀ ਹੈ?” ਫਿਰ ਤੁਸੀਂ ਦਾਨੀਏਲ 2:44 ʼਤੇ ਚਰਚਾ ਕਰੋ। ਜਾਂ ਤੁਸੀਂ ਕਿਸੇ ਨੂੰ ਕਹਿ ਸਕਦੇ ਹੋ: “ਤੁਹਾਨੂੰ ਕੀ ਲੱਗਦਾ ਕਿ ਬੱਚਿਆਂ ਨੂੰ ਚੰਗੇ ਸੰਸਕਾਰ ਸਿਖਾਉਣ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ? ਕੀ ਤੁਸੀਂ ਇਸ ਬਾਰੇ ਮੈਨੂੰ ਆਪਣੀ ਰਾਇ ਦੱਸ ਸਕਦੇ ਹੋ?” ਫਿਰ ਬਿਵਸਥਾ ਸਾਰ 6:6, 7 ʼਤੇ ਚਰਚਾ ਕਰੋ। ਕੋਈ ਵੀ ਵਿਸ਼ਾ ਚੁਣਦਿਆਂ ਸੋਚੋ ਕਿ ਕਿਹੜੇ ਲੋਕ ਇਸ ʼਤੇ ਗੱਲ ਕਰਨੀ ਚਾਹੁਣਗੇ। ਸੋਚੋ ਕਿ ਬਾਈਬਲ ਤੋਂ ਸਿੱਖਿਆ ਲੈਣ ਨਾਲ ਉਨ੍ਹਾਂ ਨੂੰ ਕੀ ਫ਼ਾਇਦਾ ਹੋਵੇਗਾ। ਉਨ੍ਹਾਂ ਨਾਲ ਗੱਲ ਕਰਦਿਆਂ ਜ਼ਰੂਰੀ ਹੈ ਕਿ ਤੁਸੀਂ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣੋ ਅਤੇ ਉਨ੍ਹਾਂ ਦੇ ਵਿਚਾਰਾਂ ਲਈ ਆਦਰ ਦਿਖਾਓ। ਇਸ ਤਰ੍ਹਾਂ ਤੁਸੀਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਮਝ ਸਕੋਗੇ ਅਤੇ ਉਹ ਤੁਹਾਡੀ ਗੱਲ ਸੁਣਨ ਲਈ ਤਿਆਰ ਹੋਣਗੇ।
8. ਸਾਨੂੰ ਲੋਕਾਂ ਨੂੰ ਵਾਰ-ਵਾਰ ਜਾ ਕੇ ਕਿਉਂ ਮਿਲਣਾ ਚਾਹੀਦਾ ਹੈ?
8 ਸ਼ਾਇਦ ਸਾਨੂੰ ਕਿਸੇ ਵਿਅਕਤੀ ਨੂੰ ਵਾਰ-ਵਾਰ ਮਿਲਣ ਜਾਣ ਲਈ ਸਮਾਂ ਲਾਉਣ ਤੇ ਜਤਨ ਕਰਨ ਦੀ ਲੋੜ ਹੋਵੇ ਤਾਂਕਿ ਉਹ ਬਾਈਬਲ ਅਧਿਐਨ ਕਰਨ ਦਾ ਫ਼ੈਸਲਾ ਕਰ ਲਵੇ। ਕਿਉਂ? ਕਿਉਂਕਿ ਸ਼ਾਇਦ ਉਹ ਦੂਜੀ ਵਾਰ ਸਾਨੂੰ ਘਰ ਨਾ ਮਿਲੇ। ਨਾਲੇ ਘਰ-ਮਾਲਕ ਪਹਿਲੀ ਵਾਰ ਬਾਈਬਲ ਸਟੱਡੀ ਕਰਨ ਲਈ ਤਿਆਰ ਨਾ ਹੋਵੇ। ਯਾਦ ਰੱਖੋ ਕਿ ਇਕ ਪੌਦਾ ਉਦੋਂ ਹੀ ਵਧਦਾ ਹੈ ਜਦੋਂ ਉਸ ਨੂੰ ਬਾਕਾਇਦਾ ਪਾਣੀ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਦਿਲਚਸਪੀ ਰੱਖਣ ਵਾਲੇ ਵਿਅਕਤੀ ਦਾ ਯਹੋਵਾਹ ਤੇ ਮਸੀਹ ਲਈ ਪਿਆਰ ਉਦੋਂ ਹੀ ਵਧਦਾ ਹੈ ਜਦੋਂ ਅਸੀਂ ਬਾਕਾਇਦਾ ਉਸ ਨਾਲ ਪਰਮੇਸ਼ੁਰ ਦੇ ਬਚਨ ਵਿੱਚੋਂ ਚਰਚਾ ਕਰਦੇ ਹਾਂ।
ਕੀ ਸਾਰੇ ਮਸੀਹੀ ਚੇਲੇ ਬਣਾਉਣ ਦੇ ਕੰਮ ਵਿਚ ਹਿੱਸਾ ਲੈਂਦੇ ਹਨ?
ਦੁਨੀਆਂ ਭਰ ਵਿਚ ਗਵਾਹ ਨੇਕਦਿਲ ਲੋਕਾਂ ਨੂੰ ਲੱਭਣ ਵਿਚ ਹਿੱਸਾ ਲੈਂਦੇ ਹਨ (ਪੈਰੇ 9-10 ਦੇਖੋ)c
9-10. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਨੇਕਦਿਲ ਲੋਕਾਂ ਨੂੰ ਲੱਭਣ ਵਿਚ ਹਰ ਮਸੀਹੀ ਹਿੱਸਾ ਲੈਂਦਾ ਹੈ?
9 ਹਰ ਮਸੀਹੀ ਨੇਕਦਿਲ ਲੋਕਾਂ ਨੂੰ ਲੱਭਣ ਵਿਚ ਮਦਦ ਕਰਦਾ ਹੈ। ਅਸੀਂ ਇਸ ਕੰਮ ਦੀ ਤੁਲਨਾ ਗੁਆਚੇ ਹੋਏ ਬੱਚੇ ਨੂੰ ਲੱਭਣ ਨਾਲ ਕਰ ਸਕਦੇ ਹਾਂ। ਕਿਵੇਂ? ਜ਼ਰਾ ਇਕ ਸੱਚੀ ਘਟਨਾ ʼਤੇ ਗੌਰ ਕਰੋ। ਇਕ ਤਿੰਨ ਸਾਲਾਂ ਦਾ ਬੱਚਾ ਗੁਆਚ ਗਿਆ। ਉਸ ਨੂੰ ਲਗਭਗ 500 ਲੋਕ ਲੱਭ ਰਹੇ ਸਨ। ਅਖ਼ੀਰ ਲਗਭਗ 20 ਘੰਟਿਆਂ ਬਾਅਦ ਇਕ ਵਿਅਕਤੀ ਨੂੰ ਬੱਚਾ ਮੱਕੀ ਦੇ ਖੇਤ ਵਿੱਚੋਂ ਮਿਲਿਆ। ਉਸ ਵਿਅਕਤੀ ਨੇ ਬੱਚੇ ਨੂੰ ਲੱਭਣ ਦਾ ਸਿਹਰਾ ਆਪਣੇ ʼਤੇ ਨਹੀਂ ਲਿਆ। ਉਸ ਨੇ ਕਿਹਾ: “ਇਸ ਨੂੰ ਲੱਭਣ ਵਿਚ ਕਈ ਲੋਕਾਂ ਨੇ ਮਦਦ ਕੀਤੀ ਸੀ।”
10 ਬਹੁਤ ਸਾਰੇ ਲੋਕ ਇਸ ਗੁਆਚੇ ਹੋਏ ਬੱਚੇ ਵਾਂਗ ਮਹਿਸੂਸ ਕਰਦੇ ਹਨ। ਉਨ੍ਹਾਂ ਕੋਲ ਕੋਈ ਉਮੀਦ ਨਹੀਂ ਹੈ ਜਿਸ ਕਰਕੇ ਉਹ ਚਾਹੁੰਦੇ ਹਨ ਕਿ ਕੋਈ ਉਨ੍ਹਾਂ ਦੀ ਮਦਦ ਕਰੇ। (ਅਫ਼. 2:12) ਅਸੀਂ 80 ਲੱਖ ਤੋਂ ਜ਼ਿਆਦਾ ਜਣੇ ਇਨ੍ਹਾਂ ਨੇਕਦਿਲ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਤੁਹਾਨੂੰ ਸ਼ਾਇਦ ਉਹ ਵਿਅਕਤੀ ਨਾ ਮਿਲੇ ਜੋ ਤੁਹਾਡੇ ਨਾਲ ਬਾਈਬਲ ਅਧਿਐਨ ਕਰਨਾ ਚਾਹੇ। ਪਰ ਉਸੇ ਇਲਾਕੇ ਵਿਚ ਪ੍ਰਚਾਰ ਕਰਨ ਵਾਲੇ ਹੋਰ ਪ੍ਰਚਾਰਕ ਨੂੰ ਸ਼ਾਇਦ ਕੋਈ ਅਜਿਹਾ ਵਿਅਕਤੀ ਮਿਲੇ ਜੋ ਪਰਮੇਸ਼ੁਰ ਦੇ ਬਚਨ ਤੋਂ ਸੱਚਾਈ ਸਿੱਖਣੀ ਚਾਹੁੰਦਾ ਹੈ। ਜਦੋਂ ਕਿਸੇ ਭੈਣ ਜਾਂ ਭਰਾ ਨੂੰ ਅਜਿਹਾ ਵਿਅਕਤੀ ਮਿਲਦਾ ਹੈ ਜੋ ਮਸੀਹ ਦਾ ਚੇਲਾ ਬਣਦਾ ਹੈ, ਤਾਂ ਇਸ ਕੰਮ ਵਿਚ ਹਿੱਸਾ ਲੈਣ ਵਾਲੇ ਸਾਰੇ ਮਸੀਹੀਆਂ ਨੂੰ ਖ਼ੁਸ਼ੀ ਹੋਣੀ ਚਾਹੀਦੀ ਹੈ।
11. ਚਾਹੇ ਤੁਸੀਂ ਕੋਈ ਵੀ ਬਾਈਬਲ ਸਟੱਡੀ ਨਹੀਂ ਕਰਾ ਰਹੇ, ਪਰ ਫਿਰ ਵੀ ਤੁਸੀਂ ਹੋਰ ਕਿਹੜੇ ਤਰੀਕਿਆਂ ਨਾਲ ਚੇਲੇ ਬਣਾਉਣ ਦੇ ਕੰਮ ਵਿਚ ਹਿੱਸਾ ਲੈ ਸਕਦੇ ਹੋ?
11 ਚਾਹੇ ਤੁਸੀਂ ਕੋਈ ਵੀ ਬਾਈਬਲ ਸਟੱਡੀ ਨਹੀਂ ਕਰਾ ਰਹੇ, ਪਰ ਫਿਰ ਵੀ ਤੁਸੀਂ ਹੋਰ ਤਰੀਕਿਆਂ ਨਾਲ ਚੇਲੇ ਬਣਾਉਣ ਦੇ ਕੰਮ ਵਿਚ ਹਿੱਸਾ ਲੈ ਸਕਦੇ ਹੋ। ਮਿਸਾਲ ਲਈ, ਤੁਸੀਂ ਕਿੰਗਡਮ ਹਾਲ ਵਿਚ ਆਏ ਨਵੇਂ ਲੋਕਾਂ ਦਾ ਸੁਆਗਤ ਕਰ ਸਕਦੇ ਹੋ ਅਤੇ ਉਨ੍ਹਾਂ ਨਾਲ ਦੋਸਤਾਨਾ ਤਰੀਕੇ ਨਾਲ ਪੇਸ਼ ਆ ਸਕਦੇ ਹੋ। ਇਸ ਤਰੀਕੇ ਨਾਲ ਤੁਸੀਂ ਉਨ੍ਹਾਂ ਦੀ ਇਹ ਦੇਖਣ ਵਿਚ ਮਦਦ ਕਰ ਸਕਦੇ ਹੋ ਕਿ ਪਿਆਰ ਸੱਚੇ ਮਸੀਹੀਆਂ ਦੀ ਪਛਾਣ ਹੈ। (ਯੂਹੰ. 13:34, 35) ਸਭਾਵਾਂ ਵਿਚ ਛੋਟੇ ਜਵਾਬ ਦੇ ਕੇ ਤੁਸੀਂ ਨਵੇਂ ਆਏ ਲੋਕਾਂ ਨੂੰ ਸਿਖਾ ਸਕਦੇ ਹੋ ਕਿ ਉਹ ਦਿਲੋਂ ਤੇ ਆਦਰ ਨਾਲ ਸਭਾਵਾਂ ਵਿਚ ਟਿੱਪਣੀਆਂ ਦੇ ਕੇ ਆਪਣੀ ਨਿਹਚਾ ਪ੍ਰਗਟ ਕਰਨ। ਤੁਸੀਂ ਨਵੇਂ ਬਣੇ ਪ੍ਰਚਾਰਕ ਨਾਲ ਪ੍ਰਚਾਰ ʼਤੇ ਵੀ ਜਾ ਸਕਦੇ ਹੋ ਅਤੇ ਲੋਕਾਂ ਨਾਲ ਬਾਈਬਲ ਵਿੱਚੋਂ ਤਰਕ ਕਰਨ ਵਿਚ ਉਸ ਦੀ ਮਦਦ ਕਰ ਸਕਦੇ ਹੋ। ਇਸ ਤਰ੍ਹਾਂ ਕਰ ਕੇ ਤੁਸੀਂ ਉਸ ਨੂੰ ਮਸੀਹ ਦੀ ਰੀਸ ਕਰਨੀ ਸਿਖਾ ਰਹੇ ਹੋਵੋਗੇ।—ਲੂਕਾ 10:25-28.
12. ਕੀ ਚੇਲੇ ਬਣਾਉਣ ਲਈ ਸਾਡੇ ਵਿਚ ਕੋਈ ਖ਼ਾਸ ਕਾਬਲੀਅਤ ਹੋਣੀ ਚਾਹੀਦੀ ਹੈ? ਸਮਝਾਓ।
12 ਸਾਨੂੰ ਕਿਸੇ ਨੂੰ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਮਸੀਹ ਦੇ ਚੇਲੇ ਬਣਨ ਵਿਚ ਦੂਜਿਆਂ ਦੀ ਮਦਦ ਕਰਨ ਲਈ ਸਾਡੇ ਵਿਚ ਕੋਈ ਖ਼ਾਸ ਕਾਬਲੀਅਤ ਹੋਣੀ ਚਾਹੀਦੀ ਹੈ। ਇੱਦਾਂ ਕਿਉਂ ਨਹੀਂ ਸੋਚਣਾ ਚਾਹੀਦਾ? ਜ਼ਰਾ ਬੋਲੀਵੀਆ ਵਿਚ ਰਹਿੰਦੀ ਫਾਓਸਤੀਨਾ ਦੀ ਮਿਸਾਲ ʼਤੇ ਗੌਰ ਕਰੋ। ਜਦੋਂ ਉਹ ਪਹਿਲੀ ਵਾਰ ਯਹੋਵਾਹ ਦੇ ਗਵਾਹਾਂ ਨੂੰ ਮਿਲੀ, ਤਾਂ ਉਸ ਨੂੰ ਪੜ੍ਹਨਾ ਨਹੀਂ ਸੀ ਆਉਂਦਾ। ਫਿਰ ਉਸ ਨੇ ਥੋੜ੍ਹਾ-ਬਹੁਤਾ ਪੜ੍ਹਨਾ ਸਿੱਖਿਆ। ਉਸ ਨੇ ਬਪਤਿਸਮਾ ਲੈ ਲਿਆ ਤੇ ਉਸ ਨੂੰ ਦੂਜਿਆਂ ਨੂੰ ਸਿਖਾ ਕੇ ਮਜ਼ਾ ਆਉਂਦਾ ਹੈ। ਉਹ ਹਰ ਹਫ਼ਤੇ ਪੰਜ ਅਧਿਐਨ ਕਰਾਉਂਦੀ ਹੈ। ਚਾਹੇ ਫਾਓਸਤੀਨਾ ਅਜੇ ਵੀ ਆਪਣੇ ਜ਼ਿਆਦਾਤਰ ਵਿਦਿਆਰਥੀਆਂ ਵਾਂਗ ਚੰਗੀ ਤਰ੍ਹਾਂ ਪੜ੍ਹ ਨਹੀਂ ਸਕਦੀ, ਪਰ ਫਿਰ ਵੀ ਉਸ ਨੇ ਛੇ ਜਣਿਆਂ ਦੀ ਬਪਤਿਸਮਾ ਲੈਣ ਵਿਚ ਮਦਦ ਕੀਤੀ।—ਲੂਕਾ 10:21.
13. ਆਪਣੇ ਕੰਮਾਂ ਵਿਚ ਰੁੱਝੇ ਹੋਣ ਦੇ ਬਾਵਜੂਦ ਵੀ ਚੇਲੇ ਬਣਾਉਣ ਦਾ ਕੰਮ ਕਰ ਕੇ ਸਾਨੂੰ ਕਿਹੜੀਆਂ ਕੁਝ ਬਰਕਤਾਂ ਮਿਲ ਸਕਦੀਆਂ ਹਨ?
13 ਬਹੁਤ ਸਾਰੇ ਮਸੀਹੀ ਅਹਿਮ ਜ਼ਿੰਮੇਵਾਰੀਆਂ ਸੰਭਾਲਣ ਵਿਚ ਰੁੱਝੇ ਹੋਏ ਹਨ। ਪਰ ਫਿਰ ਵੀ ਉਹ ਬਾਈਬਲ ਸਟੱਡੀਆਂ ਕਰਾਉਣ ਲਈ ਸਮਾਂ ਕੱਢਦੇ ਹਨ ਅਤੇ ਉਨ੍ਹਾਂ ਨੂੰ ਇਸ ਕੰਮ ਤੋਂ ਬਹੁਤ ਖ਼ੁਸ਼ੀ ਮਿਲਦੀ ਹੈ। ਜ਼ਰਾ ਅਲਾਸਕਾ ਵਿਚ ਰਹਿਣ ਵਾਲੀ ਮੀਲਾਨੀ ਦੀ ਮਿਸਾਲ ʼਤੇ ਗੌਰ ਕਰੋ। ਉਹ ਇਕੱਲੀ ਆਪਣੀ ਅੱਠ ਸਾਲਾਂ ਦੀ ਧੀ ਦੀ ਪਰਵਰਿਸ਼ ਕਰਦੀ ਸੀ। ਉਹ ਪੂਰਾ ਸਮਾਂ ਕੰਮ ਕਰਨ ਦੇ ਨਾਲ-ਨਾਲ ਆਪਣੇ ਪਿਤਾ ਦੀ ਦੇਖ-ਭਾਲ ਵੀ ਕਰਦੀ ਸੀ ਜਿਸ ਨੂੰ ਕੈਂਸਰ ਸੀ। ਮੀਲਾਨੀ ਦੂਰ-ਦੁਰਾਡੇ ਇਲਾਕੇ ਵਿਚ ਰਹਿੰਦੀ ਸੀ ਜਿੱਥੇ ਉਹ ਇਕੱਲੀ ਹੀ ਗਵਾਹ ਸੀ। ਉਹ ਅਕਸਰ ਤਾਕਤ ਲਈ ਪ੍ਰਾਰਥਨਾ ਕਰਦੀ ਸੀ ਕਿ ਉਹ ਠੰਢ ਦੇ ਬਾਵਜੂਦ ਪ੍ਰਚਾਰ ʼਤੇ ਜਾ ਸਕੇ। ਉਹ ਦਿਲੋਂ ਕਿਸੇ ਅਜਿਹੇ ਵਿਅਕਤੀ ਨੂੰ ਲੱਭਣਾ ਚਾਹੁੰਦੀ ਸੀ ਜਿਸ ਨੂੰ ਉਹ ਅਧਿਐਨ ਕਰਾ ਸਕੇ। ਅਖ਼ੀਰ ਉਸ ਨੂੰ ਸਾਰਾ ਨਾਂ ਦੀ ਔਰਤ ਮਿਲੀ ਜਿਸ ਨੂੰ ਪਰਮੇਸ਼ੁਰ ਦਾ ਨਾਂ ਜਾਣ ਕੇ ਬਹੁਤ ਖ਼ੁਸ਼ੀ ਹੋਈ। ਕੁਝ ਸਮੇਂ ਬਾਅਦ ਸਾਰਾ ਨੇ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਮੀਲਾਨੀ ਦੱਸਦੀ ਹੈ: “ਸ਼ੁੱਕਰਵਾਰ ਸ਼ਾਮ ਨੂੰ ਮੈਂ ਬਹੁਤ ਥੱਕ ਜਾਂਦੀ ਸੀ, ਪਰ ਮੈਨੂੰ ਤੇ ਮੇਰੀ ਧੀ ਨੂੰ ਉਸ ਨਾਲ ਸਟੱਡੀ ਕਰ ਕੇ ਬਹੁਤ ਫ਼ਾਇਦਾ ਹੁੰਦਾ ਸੀ। ਸਾਨੂੰ ਸਾਰਾ ਵੱਲੋਂ ਪੁੱਛੇ ਸਵਾਲਾਂ ਦੀ ਖੋਜਬੀਨ ਕਰ ਕੇ ਮਜ਼ਾ ਆਉਂਦਾ ਸੀ। ਉਸ ਨੂੰ ਯਹੋਵਾਹ ਦੀ ਦੋਸਤ ਬਣਦਿਆਂ ਦੇਖ ਸਾਨੂੰ ਬਹੁਤ ਖ਼ੁਸ਼ੀ ਹੋਈ।” ਸਾਰਾ ਨੇ ਦਲੇਰੀ ਨਾਲ ਵਿਰੋਧਤਾ ਦਾ ਸਾਮ੍ਹਣਾ ਕੀਤਾ, ਆਪਣਾ ਚਰਚ ਛੱਡ ਦਿੱਤਾ ਅਤੇ ਬਪਤਿਸਮਾ ਲੈ ਲਿਆ।
ਚੇਲੇ ਬਣਾਉਣ ਦੇ ਕੰਮ ਵਿਚ ਸਾਨੂੰ ਧੀਰਜ ਰੱਖਣ ਦੀ ਕਿਉਂ ਲੋੜ ਹੈ?
14. (ੳ) ਚੇਲੇ ਬਣਾਉਣ ਦਾ ਕੰਮ ਮੱਛੀਆਂ ਫੜਨ ਦੇ ਕੰਮ ਵਰਗਾ ਕਿਵੇਂ ਹੈ? (ਅ) 2 ਤਿਮੋਥਿਉਸ 4:1, 2 ਵਿਚ ਦਰਜ ਪੌਲੁਸ ਦੇ ਸ਼ਬਦਾਂ ਦਾ ਤੁਹਾਡੇ ʼਤੇ ਕੀ ਅਸਰ ਪਿਆ ਹੈ?
14 ਜੇ ਤੁਹਾਨੂੰ ਅਜੇ ਤਕ ਅਜਿਹਾ ਕੋਈ ਵਿਅਕਤੀ ਨਹੀਂ ਲੱਭਾ ਜੋ ਮਸੀਹ ਦਾ ਚੇਲਾ ਬਣਨਾ ਚਾਹੁੰਦਾ ਹੈ, ਤਾਂ ਵੀ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਲੱਭਣ ਵਿਚ ਹਾਰ ਨਾ ਮੰਨੋ। ਯਾਦ ਰੱਖੋ ਕਿ ਯਿਸੂ ਨੇ ਚੇਲੇ ਬਣਾਉਣ ਦੇ ਕੰਮ ਦੀ ਤੁਲਨਾ ਮੱਛੀਆਂ ਫੜਨ ਦੇ ਕੰਮ ਨਾਲ ਕੀਤੀ। ਇਕ ਮਛੇਰੇ ਨੂੰ ਮੱਛੀਆਂ ਫੜਨ ਲਈ ਸ਼ਾਇਦ ਕਈ ਘੰਟੇ ਬਿਤਾਉਣੇ ਪੈਣ। ਉਹ ਅਕਸਰ ਦੇਰ ਰਾਤ ਨੂੰ ਜਾਂ ਤੜਕੇ ਮੱਛੀਆਂ ਫੜਦੇ ਹਨ ਅਤੇ ਕਈ ਵਾਰ ਉਨ੍ਹਾਂ ਨੂੰ ਬਹੁਤ ਦੂਰ ਤਕ ਜਾਣਾ ਪੈਂਦਾ ਹੈ। (ਲੂਕਾ 5:5) ਇਸੇ ਤਰ੍ਹਾਂ ਕੁਝ ਪ੍ਰਚਾਰਕਾਂ ਨੂੰ ਧੀਰਜ ਰੱਖ ਕੇ ਅਲੱਗ-ਅਲੱਗ ਸਮੇਂ ʼਤੇ ਅਤੇ ਅਲੱਗ-ਅਲੱਗ ਥਾਵਾਂ ʼਤੇ ਪ੍ਰਚਾਰ ਕਰਨ ਲਈ ਕਈ ਘੰਟੇ ਬਿਤਾਉਣੇ ਪੈਂਦੇ ਹਨ। ਕਿਉਂ? ਤਾਂਕਿ ਉਹ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਮਿਲ ਸਕਣ। ਇਸ ਤਰੀਕੇ ਨਾਲ ਸਖ਼ਤ ਮਿਹਨਤ ਕਰਨ ਵਾਲਿਆਂ ਨੂੰ ਅਕਸਰ ਸੰਦੇਸ਼ ਵਿਚ ਦਿਲਚਸਪੀ ਰੱਖਣ ਵਾਲੇ ਲੋਕ ਮਿਲ ਜਾਂਦੇ ਹਨ। ਕੀ ਤੁਸੀਂ ਉਸ ਸਮੇਂ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜਦੋਂ ਲੋਕ ਅਕਸਰ ਘਰ ਵਿਚ ਮਿਲਦੇ ਹਨ ਜਾਂ ਉਸ ਜਗ੍ਹਾ ʼਤੇ ਜਿੱਥੇ ਤੁਸੀਂ ਜ਼ਿਆਦਾ ਲੋਕਾਂ ਨਾਲ ਗੱਲ ਕਰ ਸਕਦੇ ਹੋ?—2 ਤਿਮੋਥਿਉਸ 4:1, 2 ਪੜ੍ਹੋ।
ਧੀਰਜ ਨਾਲ ਆਪਣੇ ਵਿਦਿਆਰਥੀ ਦੀ ਯਹੋਵਾਹ ਬਾਰੇ ਜਾਣਨ, ਉਸ ਨਾਲ ਪਿਆਰ ਕਰਨ ਅਤੇ ਉਸ ਦਾ ਕਹਿਣਾ ਮੰਨਣ ਵਿਚ ਮਦਦ ਕਰੋ (ਪੈਰੇ 15-16 ਦੇਖੋ)d
15. ਬਾਈਬਲ ਅਧਿਐਨ ਕਰਾਉਂਦਿਆਂ ਧੀਰਜ ਰੱਖਣ ਦੀ ਕਿਉਂ ਲੋੜ ਹੈ?
15 ਬਾਈਬਲ ਅਧਿਐਨ ਕਰਾਉਂਦਿਆਂ ਧੀਰਜ ਰੱਖਣ ਦੀ ਕਿਉਂ ਲੋੜ ਹੈ? ਇਸ ਦਾ ਇਕ ਕਾਰਨ ਇਹ ਹੈ ਕਿ ਸਾਨੂੰ ਵਿਦਿਆਰਥੀ ਦੀ ਬਾਈਬਲ ਵਿਚ ਦਿੱਤੀਆਂ ਸਿੱਖਿਆਵਾਂ ਨੂੰ ਜਾਣਨ ਦੇ ਨਾਲ-ਨਾਲ ਬਾਈਬਲ ਦੇ ਲੇਖਕ ਯਹੋਵਾਹ ਨੂੰ ਜਾਣਨ ਅਤੇ ਉਸ ਨੂੰ ਪਿਆਰ ਕਰਨ ਵਿਚ ਵੀ ਮਦਦ ਕਰਨੀ ਚਾਹੀਦੀ ਹੈ। ਨਾਲੇ ਵਿਦਿਆਰਥੀ ਨੂੰ ਨਾ ਸਿਰਫ਼ ਇਹ ਸਿਖਾਉਣ ਦੀ ਲੋੜ ਹੈ ਕਿ ਯਿਸੂ ਆਪਣੇ ਚੇਲਿਆਂ ਤੋਂ ਕੀ ਮੰਗ ਕਰਦਾ ਹੈ, ਸਗੋਂ ਇਹ ਵੀ ਸਿਖਾਉਣ ਦੀ ਲੋੜ ਹੈ ਕਿ ਉਹ ਸੱਚੇ ਮਸੀਹੀਆਂ ਵਾਂਗ ਜ਼ਿੰਦਗੀ ਕਿਵੇਂ ਬਿਤਾ ਸਕਦਾ ਹੈ। ਸਾਨੂੰ ਧੀਰਜ ਨਾਲ ਉਸ ਦੀ ਮਦਦ ਕਰਨੀ ਚਾਹੀਦੀ ਹੈ ਜਦੋਂ ਉਹ ਬਾਈਬਲ ਦੇ ਅਸੂਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਕੁਝ ਜਣੇ ਸਿਰਫ਼ ਕੁਝ ਮਹੀਨਿਆਂ ਵਿਚ ਹੀ ਆਪਣੀ ਸੋਚ ਤੇ ਆਦਤਾਂ ਨੂੰ ਬਦਲ ਸਕਦੇ ਹਨ ਜਦ ਕਿ ਕੁਝ ਜਣਿਆਂ ਨੂੰ ਜ਼ਿਆਦਾ ਸਮਾਂ ਲੱਗਦਾ ਹੈ।
16. ਰਾਊਲ ਦੇ ਤਜਰਬੇ ਤੋਂ ਤੁਸੀਂ ਕੀ ਸਿੱਖਿਆ ਹੈ?
16 ਪੀਰੂ ਤੋਂ ਇਕ ਮਿਸ਼ਨਰੀ ਦੇ ਤਜਰਬੇ ʼਤੇ ਗੌਰ ਕਰੋ ਜਿਸ ਤੋਂ ਪਤਾ ਲੱਗਦਾ ਹੈ ਕਿ ਧੀਰਜ ਰੱਖਣ ਦੇ ਕਿੰਨੇ ਫ਼ਾਇਦੇ ਹਨ। ਉਹ ਮਿਸ਼ਨਰੀ ਦੱਸਦਾ ਹੈ: “ਮੈਂ ਰਾਊਲ ਨਾਂ ਦੇ ਇਕ ਵਿਦਿਆਰਥੀ ਨਾਲ ਦੋ ਕਿਤਾਬਾਂ ਵਿੱਚੋਂ ਅਧਿਐਨ ਕੀਤਾ। ਪਰ ਫਿਰ ਵੀ ਉਸ ਨੂੰ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕਰਨੀਆਂ ਔਖੀਆਂ ਲੱਗ ਰਹੀਆਂ ਸਨ। ਉਸ ਦੇ ਵਿਆਹੁਤਾ ਜੀਵਨ ਵਿਚ ਬਹੁਤ ਮੁਸ਼ਕਲਾਂ ਸਨ ਅਤੇ ਉਹ ਗਾਲ਼ਾਂ ਕੱਢਦਾ ਸੀ ਜਿਸ ਕਰਕੇ ਉਸ ਦੇ ਬੱਚੇ ਉਸ ਦਾ ਆਦਰ ਨਹੀਂ ਕਰਦੇ ਸਨ। ਉਹ ਬਾਕਾਇਦਾ ਸਭਾਵਾਂ ਵਿਚ ਆਉਂਦਾ ਸੀ ਜਿਸ ਕਰਕੇ ਮੈਂ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਮਦਦ ਕਰਨ ਲਈ ਉਸ ਨੂੰ ਮਿਲਣ ਜਾਂਦਾ ਰਿਹਾ। ਮੈਂ ਉਸ ਕੋਲ ਤਿੰਨ ਤੋਂ ਜ਼ਿਆਦਾ ਸਾਲ ਜਾਂਦਾ ਰਿਹਾ। ਉਸ ਤੋਂ ਬਾਅਦ ਰਾਊਲ ਨੇ ਬਪਤਿਸਮਾ ਲਿਆ।”
17. ਅਗਲੇ ਲੇਖ ਵਿਚ ਅਸੀਂ ਕੀ ਦੇਖਾਂਗੇ?
17 ਯਿਸੂ ਨੇ ਸਾਨੂੰ ਕਿਹਾ: “ਜਾਓ . . . ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ।” ਇਸ ਹੁਕਮ ਨੂੰ ਪੂਰਾ ਕਰਨ ਲਈ ਸਾਨੂੰ ਅਕਸਰ ਉਨ੍ਹਾਂ ਲੋਕਾਂ ਨਾਲ ਗੱਲ ਕਰਨੀ ਪੈਂਦੀ ਹੈ ਜੋ ਕਿਸੇ ਵੀ ਧਰਮ ਨੂੰ ਨਹੀਂ ਮੰਨਦੇ, ਰੱਬ ʼਤੇ ਵਿਸ਼ਵਾਸ ਨਹੀਂ ਕਰਦੇ ਜਾਂ ਜਿਨ੍ਹਾਂ ਦੀ ਸੋਚ ਸਾਡੇ ਤੋਂ ਬਹੁਤ ਵੱਖਰੀ ਹੁੰਦੀ ਹੈ। ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਅਲੱਗ-ਅਲੱਗ ਪਿਛੋਕੜ ਦੇ ਲੋਕਾਂ ਨੂੰ ਅਸੀਂ ਖ਼ੁਸ਼ ਖ਼ਬਰੀ ਕਿਵੇਂ ਸੁਣਾ ਸਕਦੇ ਹਾਂ।
ਗੀਤ 44 ਖ਼ੁਸ਼ੀ ਨਾਲ ਵਾਢੀ ਕਰੋ
a ਸਾਰੀਆਂ ਮੰਡਲੀਆਂ ਦੀ ਮੁੱਖ ਜ਼ਿੰਮੇਵਾਰੀ ਹੈ, ਮਸੀਹ ਦੇ ਚੇਲੇ ਬਣਨ ਵਿਚ ਲੋਕਾਂ ਦੀ ਮਦਦ ਕਰਨੀ। ਇਸ ਲੇਖ ਵਿਚ ਵਧੀਆ ਸੁਝਾਅ ਦਿੱਤੇ ਗਏ ਹਨ ਜੋ ਇਹ ਜ਼ਿੰਮੇਵਾਰੀ ਨਿਭਾਉਣ ਵਿਚ ਸਾਡੀ ਮਦਦ ਕਰਨਗੇ।
b ਸ਼ਬਦਾਂ ਦਾ ਮਤਲਬ: ਮਸੀਹ ਦੇ ਚੇਲੇ ਸਿਰਫ਼ ਯਿਸੂ ਤੋਂ ਸਿੱਖਦੇ ਹੀ ਨਹੀਂ, ਸਗੋਂ ਉਹ ਸਿੱਖੀਆਂ ਗੱਲਾਂ ਨੂੰ ਲਾਗੂ ਵੀ ਕਰਦੇ ਹਨ। ਉਹ ਯਿਸੂ ਦੇ ਨਕਸ਼ੇ-ਕਦਮਾਂ ਉੱਤੇ ਧਿਆਨ ਨਾਲ ਚੱਲਣ ਦੀ ਪੂਰੀ-ਪੂਰੀ ਕੋਸ਼ਿਸ਼ ਕਰਦੇ ਹਨ।—1 ਪਤ. 2:21.
c ਤਸਵੀਰਾਂ ਬਾਰੇ ਜਾਣਕਾਰੀ: ਇਕ ਵਿਅਕਤੀ ਛੁੱਟੀਆਂ ʼਤੇ ਜਾਂਦਿਆਂ ਏਅਰਪੋਰਟ ʼਤੇ ਗਵਾਹਾਂ ਤੋਂ ਪ੍ਰਕਾਸ਼ਨ ਲੈਂਦਾ ਹੋਇਆ। ਬਾਅਦ ਵਿਚ ਘੁੰਮਦਿਆਂ ਉਹ ਗਵਾਹਾਂ ਨੂੰ ਰੇੜ੍ਹੀ ਨਾਲ ਗਵਾਹੀ ਦਿੰਦੇ ਹੋਏ ਦੇਖਦਾ ਹੋਇਆ। ਘਰ ਵਾਪਸ ਆਉਣ ʼਤੇ ਪ੍ਰਚਾਰਕ ਉਸ ਦੇ ਘਰ ਪ੍ਰਚਾਰ ਕਰਨ ਆਏ।
d ਤਸਵੀਰਾਂ ਬਾਰੇ ਜਾਣਕਾਰੀ: ਉਹੀ ਆਦਮੀ ਬਾਈਬਲ ਅਧਿਐਨ ਕਰਨ ਲਈ ਮੰਨ ਜਾਂਦਾ ਹੈ। ਅਖ਼ੀਰ ਉਹ ਬਪਤਿਸਮਾ ਲੈਂਦਾ ਹੋਇਆ।