ਪ੍ਰਸ਼ਨ ਡੱਬੀ
◼ ਜੇ ਅਸੀਂ ਸਾਹਿੱਤ ਲੈਂਦੇ ਸਮੇਂ ਦਾਨ ਦਿੰਦੇ ਹਾਂ ਅਤੇ ਫਿਰ ਲੋਕਾਂ ਵੱਲੋਂ ਸੋਸਾਇਟੀ ਦੇ ਵਿਸ਼ਵ-ਵਿਆਪੀ ਕੰਮ ਲਈ ਦਿੱਤੇ ਗਏ ਦਾਨ ਨੂੰ ਵੀ ਦਾਨ ਪੇਟੀਆਂ ਵਿਚ ਪਾਉਂਦੇ ਹਾਂ, ਤਾਂ ਕੀ ਅਸੀਂ ਸਾਹਿੱਤ ਲਈ ਦੋ ਵਾਰ ਦਾਨ ਨਹੀਂ ਦਿੰਦੇ?
ਨਹੀਂ। ਸੋਸਾਇਟੀ ਦੇ ਵਿਸ਼ਵ-ਵਿਆਪੀ ਕੰਮ ਲਈ ਦਾਨ ਪੇਟੀਆਂ ਵਿਚ ਪਾਇਆ ਜਾਂਦਾ ਦਾਨ ਸਿਰਫ਼ ਸਾਹਿੱਤ ਲਈ ਹੀ ਨਹੀਂ ਹੁੰਦਾ। ਪ੍ਰਕਾਸ਼ਕ ਅਤੇ ਦਿਲਚਸਪੀ ਰੱਖਣ ਵਾਲੇ ਲੋਕ ਦੋਵੇਂ ਹੀ ਬਿਨਾਂ ਕੋਈ ਕੀਮਤ ਦਿੱਤੇ ਸਾਹਿੱਤ ਲੈਂਦੇ ਹਨ। ਜਦੋਂ ਪ੍ਰਕਾਸ਼ਕ ਦਾਨ ਦਿੰਦੇ ਹਨ, ਤਾਂ ਇਹ ਯਿਸੂ ਮਸੀਹ ਦੁਆਰਾ ਆਪਣੇ ਚੇਲਿਆਂ ਨੂੰ ਦਿੱਤੇ ਕੰਮ ਨੂੰ ਪੂਰਾ ਕਰਨ ਲਈ ਖੋਲ੍ਹੇ ਗਏ ਸ਼ਾਖ਼ਾ ਦਫ਼ਤਰਾਂ, ਬੈਥਲ ਘਰਾਂ, ਸੇਵਕਾਈ ਸਕੂਲਾਂ, ਸਫ਼ਰੀ ਨਿਗਾਹਬਾਨਾਂ, ਸਾਹਿੱਤ ਵੰਡਾਈ ਕੇਂਦਰਾਂ ਅਤੇ ਹੋਰ ਕਈ ਲੋੜੀਂਦੀਆਂ ਸਹਿਯੋਗੀ ਸੇਵਾਵਾਂ ਲਈ ਵਰਤਿਆ ਜਾਂਦਾ ਹੈ। ਸਾਹਿੱਤ ਛਾਪਣਾ ਇਸ ਕੰਮ ਦਾ ਸਿਰਫ਼ ਇਕ ਛੋਟਾ ਜਿਹਾ ਹਿੱਸਾ ਹੈ।
ਇਸ ਲਈ ਜੋ ਦਾਨ ਸਾਨੂੰ ਦਿਲਚਸਪੀ ਰੱਖਣ ਵਾਲੇ ਲੋਕਾਂ ਤੋਂ ਮਿਲਦਾ ਹੈ, ਉਸ ਬਾਰੇ ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਹੈ ਕਿ ਇਹ ਦਾਨ “ਸਾਹਿੱਤ ਲਈ” ਹੈ। ਜਿਵੇਂ ਅਸੀਂ ਉਨ੍ਹਾਂ ਨੂੰ ਸਮਝਾਉਂਦੇ ਹਾਂ, ਜੋ ਲੋਕ ਸਾਡੇ ਸਾਹਿੱਤ ਨੂੰ ਪੜ੍ਹਨ ਦੀ ਦਿਲੀ ਇੱਛਾ ਰੱਖਦੇ ਹਨ, ਅਸੀਂ ਉਨ੍ਹਾਂ ਨੂੰ ਬਿਨਾਂ ਕੀਮਤ ਦੇ ਸਾਹਿੱਤ ਦਿੰਦੇ ਹਾਂ। ਅਜਿਹੇ ਲੋਕ ਜੋ ਵੀ ਦਾਨ ਦਿੰਦੇ ਹਨ, ਉਸ ਨੂੰ ਸਾਡੇ ਵਿਸ਼ਵ-ਵਿਆਪੀ ਕੰਮ ਦੇ ਖ਼ਰਚੇ ਪੂਰੇ ਕਰਨ ਲਈ ਵਰਤਿਆ ਜਾਵੇਗਾ। ਪ੍ਰਕਾਸ਼ਕਾਂ ਦੁਆਰਾ ਦਿੱਤੇ ਦਾਨ ਨੂੰ ਵੀ ਇਨ੍ਹਾਂ ਕੰਮਾਂ ਲਈ ਹੀ ਵਰਤਿਆ ਜਾਂਦਾ ਹੈ।