ਸਾਡੀ ਇਕ ਕਾਰਜ-ਨਿਯੁਕਤੀ ਹੈ
1 ਯਿਸੂ ਨੇ ਆਪਣੇ ਪੈਰੋਕਾਰਾਂ ਨੂੰ ‘ਸਾਰੀਆਂ ਕੌਮਾਂ ਨੂੰ ਚੇਲੇ ਬਣਾਉਣ’ ਦਾ ਹੁਕਮ ਦਿੱਤਾ। (ਮੱਤੀ 28:19) ਧਰਤੀ ਭਰ ਵਿਚ 232 ਦੇਸ਼ਾਂ ਅਤੇ ਟਾਪੂ ਸਮੂਹਾਂ ਵਿਚ, ਯਹੋਵਾਹ ਪਰਮੇਸ਼ੁਰ ਦੀ ਉਸਤਤ ਕਰਨ ਵਾਲੇ ਪੰਜਾਹ ਲੱਖ ਤੋਂ ਵੱਧ ਲੋਕ ਯਿਸੂ ਦੇ ਹੁਕਮ ਦੀ ਪੂਰਤੀ ਦਾ ਜਿਉਂਦਾ-ਜਾਗਦਾ ਸਬੂਤ ਪੇਸ਼ ਕਰਦੇ ਹਨ। ਲੇਕਿਨ ਵਿਅਕਤੀਗਤ ਤੌਰ ਤੇ ਸਾਡੇ ਬਾਰੇ ਕੀ? ਕੀ ਅਸੀਂ ਪ੍ਰਚਾਰ ਕਰਨ ਦੀ ਕਾਰਜ-ਨਿਯੁਕਤੀ ਨੂੰ ਗੰਭੀਰਤਾ ਨਾਲ ਲੈਂਦੇ ਹਾਂ?
2 ਇਕ ਨੈਤਿਕ ਫ਼ਰਜ਼: ਇਕ ਕਾਰਜ-ਨਿਯੁਕਤੀ “ਨਿਯਤ ਕਾਰਜਾਂ ਨੂੰ ਪੂਰਾ ਕਰਨ ਦਾ ਹੁਕਮ” ਹੁੰਦਾ ਹੈ। ਸਾਨੂੰ ਮਸੀਹ ਕੋਲੋਂ ਪ੍ਰਚਾਰ ਕਰਨ ਦਾ ਹੁਕਮ ਮਿਲਿਆ ਹੈ। (ਰਸੂ. 10:42) ਰਸੂਲ ਪੌਲੁਸ ਨੇ ਅਹਿਸਾਸ ਕੀਤਾ ਕਿ ਇਹ ਉਸ ਲਈ ਅਵੱਸ਼ ਸੀ, ਜਾਂ ਇਕ ਨੈਤਿਕ ਫ਼ਰਜ਼ ਸੀ ਕਿ ਉਹ ਖ਼ੁਸ਼ ਖ਼ਬਰੀ ਸੁਣਾਵੇ। (1 ਕੁਰਿੰ. 9:16) ਮਿਸਾਲ ਵਜੋਂ: ਕਲਪਨਾ ਕਰੋ ਕਿ ਤੁਸੀਂ ਇਕ ਡੁੱਬ ਰਹੇ ਜਹਾਜ਼ ਉੱਤੇ ਜਹਾਜ਼ੀ ਅਮਲੇ ਦੇ ਇਕ ਸਦੱਸ ਹੋ। ਕਪਤਾਨ ਤੁਹਾਨੂੰ ਮੁਸਾਫ਼ਰਾਂ ਨੂੰ ਚੇਤਾਵਨੀ ਦੇਣ ਅਤੇ ਉਨ੍ਹਾਂ ਨੂੰ ਬਚਾਉ-ਕਿਸ਼ਤੀਆਂ ਵੱਲ ਨਿਰਦੇਸ਼ਿਤ ਕਰਨ ਲਈ ਹੁਕਮ ਦਿੰਦਾ ਹੈ। ਕੀ ਤੁਸੀਂ ਇਸ ਹੁਕਮ ਨੂੰ ਅਣਡਿੱਠ ਕਰ ਕੇ ਕੇਵਲ ਖ਼ੁਦ ਨੂੰ ਬਚਾਉਣ ਵੱਲ ਧਿਆਨ ਦਿਓਗੇ? ਨਿਸ਼ਚੇ ਹੀ ਨਹੀਂ। ਦੂਜੇ ਤੁਹਾਡੇ ਉੱਤੇ ਨਿਰਭਰ ਹਨ। ਉਨ੍ਹਾਂ ਦੀਆਂ ਜਾਨਾਂ ਖ਼ਤਰੇ ਵਿਚ ਹਨ। ਤੁਸੀਂ ਉਨ੍ਹਾਂ ਦੀ ਮਦਦ ਕਰਨ ਦੀ ਆਪਣੀ ਕਾਰਜ-ਨਿਯੁਕਤੀ ਪੂਰੀ ਕਰਨ ਲਈ ਨੈਤਿਕ ਤੌਰ ਤੇ ਵਚਨਬੱਧ ਹੋ।
3 ਸਾਨੂੰ ਚੇਤਾਵਨੀ ਦੇਣ ਦੀ ਈਸ਼ਵਰੀ ਕਾਰਜ-ਨਿਯੁਕਤੀ ਮਿਲੀ ਹੈ। ਯਹੋਵਾਹ ਛੇਤੀ ਹੀ ਇਸ ਸਮੁੱਚੀ ਦੁਸ਼ਟ ਰੀਤੀ-ਵਿਵਸਥਾ ਦਾ ਅੰਤ ਕਰ ਦੇਵੇਗਾ। ਲੱਖਾਂ ਜਾਨਾਂ ਵਿਚ-ਵਿਚਾਲੇ ਲਟਕੀਆਂ ਹੋਈਆਂ ਹਨ। ਕੀ ਇਹ ਸਾਡੇ ਲਈ ਉਚਿਤ ਹੋਵੇਗਾ ਕਿ ਅਸੀਂ ਦੂਜਿਆਂ ਉੱਤੇ ਆਏ ਖ਼ਤਰੇ ਨੂੰ ਅਣਡਿੱਠ ਕਰ ਕੇ ਕੇਵਲ ਆਪਣੇ ਆਪ ਨੂੰ ਹੀ ਬਚਾਉਣ ਬਾਰੇ ਚਿੰਤਿਤ ਹੋਈਏ? ਨਿਸ਼ਚੇ ਹੀ ਨਹੀਂ। ਅਸੀਂ ਦੂਜਿਆਂ ਦੀਆਂ ਜਾਨਾਂ ਬਚਾਉਣ ਲਈ ਨੈਤਿਕ ਤੌਰ ਤੇ ਵਚਨਬੱਧ ਹਾਂ।—1 ਤਿਮੋ. 4:16.
4 ਪੈਰਵੀ ਕਰਨ ਲਈ ਵਫ਼ਾਦਾਰ ਮਿਸਾਲ: ਨਬੀ ਹਿਜ਼ਕੀਏਲ ਨੇ ਬੇਵਫ਼ਾ ਇਸਰਾਏਲੀਆਂ ਨੂੰ ਚੇਤਾਵਨੀ ਦਾ ਸੰਦੇਸ਼ ਸੁਣਾਉਣ ਪ੍ਰਤੀ ਜਵਾਬਦੇਹੀ ਮਹਿਸੂਸ ਕੀਤੀ। ਯਹੋਵਾਹ ਨੇ ਜ਼ੋਰਦਾਰ ਤਰੀਕੇ ਨਾਲ ਉਸ ਨੂੰ ਚੇਤਾਵਨੀ ਦਿੱਤੀ ਕਿ ਨਤੀਜੇ ਕੀ ਹੋਣਗੇ ਜੇਕਰ ਉਸ ਨੇ ਆਪਣੀ ਕਾਰਜ-ਨਿਯੁਕਤੀ ਪੂਰੀ ਨਹੀਂ ਕੀਤੀ: “ਜਦੋਂ ਮੈਂ ਦੁਸ਼ਟ ਨੂੰ ਆਖਾਂ ਕਿ ਤੂੰ ਨਿਸਚੇ ਮਰੇਂਗਾ ਅਤੇ ਤੂੰ ਉਸ ਨੂੰ ਚਿਤਾਉਨੀ ਨਾ ਦੇਵੇਂ . . . ਤਾਂ ਦੁਸ਼ਟ ਆਪਣੀ ਬਦੀ ਵਿੱਚ ਤਾਂ ਮਰੇਗਾ ਪਰ ਮੈਂ ਉਹ ਦੇ ਖੂਨ ਦਾ ਬਦਲਾ ਤੇਰੇ ਹੱਥੋਂ ਲਵਾਂਗਾ।” (ਹਿਜ਼. 3:18) ਹਿਜ਼ਕੀਏਲ ਨੇ ਸਖ਼ਤ ਵਿਰੋਧ ਦੇ ਬਾਵਜੂਦ ਵੀ ਆਪਣੀ ਕਾਰਜ-ਨਿਯੁਕਤੀ ਨੂੰ ਨਿਸ਼ਠਾ ਸਹਿਤ ਪੂਰਾ ਕੀਤਾ। ਇਸ ਲਈ, ਉਹ ਆਨੰਦ ਮਨਾ ਸਕਿਆ ਜਦੋਂ ਯਹੋਵਾਹ ਦੇ ਨਿਆਵਾਂ ਦੀ ਪੂਰਤੀ ਹੋਈ।
5 ਸਦੀਆਂ ਮਗਰੋਂ, ਰਸੂਲ ਪੌਲੁਸ ਨੇ ਪ੍ਰਚਾਰ ਕਰਨ ਦੀ ਆਪਣੀ ਜ਼ਿੰਮੇਵਾਰੀ ਬਾਰੇ ਲਿਖਿਆ। ਉਸ ਨੇ ਬਿਆਨ ਕੀਤਾ: “ਮੈਂ ਸਭਨਾਂ ਦੇ ਲਹੂ ਤੋਂ ਬੇਦੋਸ਼ ਹਾਂ। ਕਿਉਂ ਜੋ ਮੈਂ ਤੁਹਾਨੂੰ ਪਰਮੇਸ਼ੁਰ ਦੀ ਸਾਰੀ ਮੱਤ ਦੱਸਣ ਤੋਂ ਨਹੀਂ ਝਕਿਆ।” ਪੌਲੁਸ ਨੇ ਖੁਲ੍ਹੇਆਮ ਅਤੇ ਘਰ-ਘਰ ਪ੍ਰਚਾਰ ਕੀਤਾ ਕਿਉਂਕਿ ਉਸ ਨੂੰ ਅਹਿਸਾਸ ਸੀ ਕਿ ਇੰਜ ਨਾ ਕਰਨਾ, ਉਸ ਨੂੰ ਪਰਮੇਸ਼ੁਰ ਅੱਗੇ ਖ਼ੂਨ ਦਾ ਦੋਸ਼ੀ ਠਹਿਰਾ ਸਕਦਾ ਸੀ।—ਰਸੂ. 20:20, 26, 27.
6 ਕੀ ਸਾਡੇ ਵਿਚ ਹਿਜ਼ਕੀਏਲ ਵਰਗਾ ਜੋਸ਼ ਹੈ? ਕੀ ਅਸੀਂ ਪ੍ਰਚਾਰ ਕਰਨ ਦੇ ਲਈ ਪੌਲੁਸ ਵਾਂਗ ਉਤੇਜਿਤ ਮਹਿਸੂਸ ਕਰਦੇ ਹਾਂ? ਸਾਡੀ ਕਾਰਜ-ਨਿਯੁਕਤੀ ਉਹੋ ਹੈ ਜੋ ਉਨ੍ਹਾਂ ਦੀ ਸੀ। ਸਾਨੂੰ ਦੂਜਿਆਂ ਨੂੰ ਉਨ੍ਹਾਂ ਦੀ ਉਦਾਸੀਨਤਾ, ਅਰੁਚੀ, ਜਾਂ ਵਿਰੋਧ ਦੇ ਬਾਵਜੂਦ, ਚੇਤਾਵਨੀ ਦੇਣ ਦੀ ਆਪਣੀ ਜ਼ਿੰਮੇਵਾਰੀ ਪੂਰੀ ਕਰਦੇ ਰਹਿਣਾ ਹੈ। ਅਜੇ ਹੋਰ ਹਜ਼ਾਰਾਂ ਵਿਅਕਤੀ ਰਾਜ ਸੰਦੇਸ਼ ਨੂੰ ਪ੍ਰਤਿਕ੍ਰਿਆ ਦਿਖਾ ਕੇ ਇਹ ਆਖ ਸਕਦੇ ਹਨ: “ਅਸੀਂ ਤੁਹਾਡੇ ਨਾਲ ਚੱਲਾਂਗੇ ਕਿਉਂ ਜੋ ਅਸਾਂ ਸੁਣਿਆਂ ਹੈ ਕਿ ਪਰਮੇਸ਼ੁਰ ਤੁਹਾਡੇ ਸੰਗ ਹੈ।” (ਜ਼ਕ. 8:23) ਇੰਜ ਹੋਵੇ ਕਿ ਪਰਮੇਸ਼ੁਰ ਦੇ ਲਈ ਅਤੇ ਆਪਣੇ ਸੰਗੀ ਮਨੁੱਖਾਂ ਦੇ ਲਈ ਸਾਡਾ ਪ੍ਰੇਮ ਸਾਨੂੰ ਹਾਰ ਨਾ ਮੰਨਣ ਲਈ ਪ੍ਰੇਰਿਤ ਕਰੇ। ਸਾਡੇ ਕੋਲ ਪ੍ਰਚਾਰ ਕਰਨ ਦੀ ਇਕ ਕਾਰਜ-ਨਿਯੁਕਤੀ ਹੈ!