“ਆਪਣਾ ਘਰ ਬਣਾ”
1 ਸਪੱਸ਼ਟ ਤੌਰ ਤੇ, ਦੁਨੀਆਂ ਵਿਚ ਚਾਰੇ ਪਾਸੇ ਹਰੇਕ ਸਭਿਆਚਾਰ ਵਿਚ ਪਰਿਵਾਰਕ ਜੀਵਨ ਤਬਾਹ ਹੋ ਰਿਹਾ ਹੈ। ਸ਼ਤਾਨ ਦਾ ਸੰਸਾਰ ਫ਼ਰੇਬ ਅਤੇ ਅਨੈਤਿਕਤਾ ਦੇ ਚਿੱਕੜ ਵਿਚ ਲਿਟਿਆ ਹੋਇਆ ਹੈ। (1 ਯੂਹੰ. 5:19) ਇਹ ਸਾਡੇ ਲਈ ‘ਆਪਣੇ ਘਰ ਬਣਾਉਣ’ ਦੀ ਅਤੇ ਹੋਰਨਾ ਨੂੰ ਵੀ ਅਜਿਹਾ ਕਰਨ ਲਈ ਸਿਖਾਉਣ ਦੀ ਵੱਡੀ ਲੋੜ ਉੱਤੇ ਜ਼ੋਰ ਦਿੰਦਾ ਹੈ।—ਕਹਾ. 24:3, 27.
2 ਬਾਈਬਲ ਦੇ ਸਿਧਾਂਤ ਇਕ ਬਚਾਉ ਹਨ: ਸੱਚੀ ਪਰਿਵਾਰਕ ਖ਼ੁਸ਼ੀ ਦਾ ਰਾਜ਼ ਬਾਈਬਲ ਸਿਧਾਂਤਾਂ ਦੀ ਵਰਤੋਂ ਵਿਚ ਹੈ। ਇਹ ਅਸਰਦਾਰ ਸੱਚਾਈਆਂ ਘਰ ਦੇ ਹਰੇਕ ਜੀਅ ਨੂੰ ਜੀਵਨ ਦੇ ਸਭ ਪਹਿਲੂਆਂ ਵਿਚ ਲਾਭ ਪਹੁੰਚਾਉਂਦੀਆਂ ਹਨ। ਇਨ੍ਹਾਂ ਨੂੰ ਲਾਗੂ ਕਰਨ ਵਾਲਾ ਪਰਿਵਾਰ ਖ਼ੁਸ਼ ਹੋਵੇਗਾ ਅਤੇ ਈਸ਼ਵਰੀ ਸ਼ਾਂਤੀ ਦਾ ਆਨੰਦ ਮਾਣੇਗਾ।—ਤੁਲਨਾ ਕਰੋ ਯਸਾਯਾਹ 32:17, 18.
3 ਜਿਹੜੇ ਸਿਧਾਂਤ ਸਾਨੂੰ ਆਪਣੇ ਘਰ ਬਣਾਉਣ ਵਿਚ ਸਾਡੀ ਮਦਦ ਕਰ ਸਕਦੇ ਹਨ, ਉਹ ਨਵੀਂ ਕਿਤਾਬ, ਪਰਿਵਾਰਕ ਖ਼ੁਸ਼ੀ ਦਾ ਰਾਜ਼ ਵਿਚ ਸੰਖਿਪਤ ਤੌਰ ਤੇ ਦਰਜ ਹਨ। ਹਰੇਕ ਅਧਿਆਇ ਦੇ ਅੰਤ ਵਿਚ ਇਕ ਸਹਾਇਕ ਸਿੱਖਿਆ ਡੱਬੀ ਹੈ ਜੋ ਉਨ੍ਹਾਂ ਸਿਧਾਂਤਾਂ ਨੂੰ ਉਜਾਗਰ ਕਰਦੀ ਹੈ ਜੋ ਪਰਿਵਾਰ ਦੇ ਜੀਆਂ ਨੂੰ ਯਾਦ ਰੱਖਣੇ ਚਾਹੀਦੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਡੱਬੀਆਂ ਇਸ ਸਵਾਲ ਨਾਲ ਸ਼ੁਰੂ ਹੁੰਦੀਆਂ ਹਨ, “ਇਹ ਬਾਈਬਲ ਸਿਧਾਂਤ ਕਿਵੇਂ . . . ਮਦਦ ਕਰ ਸਕਦੇ ਹਨ?” ਇਹ ਸਵਾਲ ਪਰਮੇਸ਼ੁਰ ਦੇ ਖ਼ਿਆਲਾਂ ਵੱਲ ਧਿਆਨ ਖਿੱਚਦਾ ਹੈ ਤਾਂਕਿ ਜਿਸ ਵਿਸ਼ੇ ਦੀ ਚਰਚਾ ਚੱਲ ਰਹੀ ਹੈ ਉਸ ਸੰਬੰਧੀ ਅਸੀਂ ਉਸ ਦੇ ਵਿਚਾਰ ਜਾਣੀਏ।—ਯਸਾ. 48:17.
4 ਕਿਤਾਬ ਤੋਂ ਜਾਣੂ ਹੋਵੋ। ਉਨ੍ਹਾਂ ਸਿਧਾਂਤਾਂ ਨੂੰ ਲੱਭਣਾ ਸਿੱਖੋ ਜੋ ਤਰ੍ਹਾਂ-ਤਰ੍ਹਾਂ ਦੀਆਂ ਸਮੱਸਿਆਵਾਂ ਦੇ ਉੱਠਣ ਵੇਲੇ ਸਹਾਇਤਾ ਦੇ ਸਕਦੇ ਹਨ। ਕਿਤਾਬ ਇਹੋ ਜਿਹੀਆਂ ਗੱਲਾਂ ਦੀ ਚਰਚਾ ਕਰਦੀ ਹੈ: ਇਕ ਸੰਭਾਵੀ ਵਿਆਹੁਤਾ ਸਾਥੀ ਬਾਰੇ ਵਿਚਾਰਦੇ ਸਮੇਂ ਇਕ ਵਿਅਕਤੀ ਨੂੰ ਕਿਨ੍ਹਾਂ ਗੱਲਾਂ ਦੀ ਭਾਲ ਕਰਨੀ ਚਾਹੀਦੀ ਹੈ (ਅਧਿਆਇ 2), ਕਿਹੜੀਆਂ ਅਤਿ-ਮਹੱਤਵਪੂਰਣ ਕੁੰਜੀਆਂ ਹਨ ਜੋ ਵਿਆਹ ਸੰਬੰਧੀ ਸਥਾਈ ਖ਼ੁਸ਼ੀ ਦਾ ਦੁਆਰ ਖੋਲ੍ਹਦੀਆਂ ਹਨ (ਅਧਿਆਇ 3), ਮਾਂ-ਪਿਉ ਆਪਣੇ ਕਿਸ਼ੋਰਾਂ ਦੀ ਪਰਵਰਿਸ਼ ਕਿਸ ਤਰ੍ਹਾਂ ਕਰ ਸਕਦੇ ਹਨ ਕਿ ਉਹ ਜ਼ਿੰਮੇਵਾਰ, ਪਰਮੇਸ਼ੁਰ ਤੋਂ ਡਰਨ ਵਾਲੇ ਬਾਲਗ ਬਣਨ (ਅਧਿਆਇ 6), ਪਰਿਵਾਰ ਨੂੰ ਵਿਨਾਸ਼ਕ ਪ੍ਰਭਾਵਾਂ ਤੋਂ ਕਿਸ ਤਰ੍ਹਾਂ ਬਚਾਉਣਾ ਹੈ (ਅਧਿਆਇ 8), ਸਿਧਾਂਤ ਜੋ ਇਕੱਲੀ ਮਾਤਾ ਜਾਂ ਪਿਤਾ ਵਾਲੇ ਪਰਿਵਾਰਾਂ ਨੂੰ ਸਫ਼ਲ ਹੋਣ ਲਈ ਮਦਦ ਦਿੰਦੇ ਹਨ (ਅਧਿਆਇ 9), ਨਸ਼ਈਪੁਣਾ ਅਤੇ ਹਿੰਸਾ ਕਾਰਨ ਦੁਖੀ ਪਰਿਵਾਰਾਂ ਲਈ ਅਧਿਆਤਮਿਕ ਮਦਦ (ਅਧਿਆਇ 12), ਜਦੋਂ ਵਿਆਹ ਦੇ ਬੰਧਨ ਟੁੱਟਣ ਦੀ ਨੌਬਤ ਤੇ ਹੁੰਦੇ ਹਨ ਉਦੋਂ ਕੀ ਕਰਨਾ ਚਾਹੀਦਾ ਹੈ (ਅਧਿਆਇ 13), ਬਿਰਧ ਮਾਪਿਆਂ ਦਾ ਆਦਰ ਕਰਨ ਲਈ ਕੀ ਕੀਤਾ ਜਾ ਸਕਦਾ ਹੈ (ਅਧਿਆਇ 15), ਅਤੇ ਆਪਣੇ ਪਰਿਵਾਰ ਦੇ ਲਈ ਇਕ ਸਥਾਈ ਭਵਿੱਖ ਕਿਸ ਤਰ੍ਹਾਂ ਨਿਸ਼ਚਿਤ ਕਰਨਾ ਹੈ (ਅਧਿਆਇ 16)।
5 ਨਵੀਂ ਕਿਤਾਬ ਨੂੰ ਪੂਰੀ ਤਰ੍ਹਾਂ ਇਸਤੇਮਾਲ ਕਰੋ: ਜੇ ਤੁਸੀਂ ਅਜੇ ਤਕ ਇੰਜ ਨਹੀਂ ਕੀਤਾ ਹੈ, ਤਾਂ ਕਿਉਂ ਨਾ ਇਕੱਠੇ ਇਕ ਪਰਿਵਾਰ ਵਜੋਂ ਪਰਿਵਾਰਕ ਖ਼ੁਸ਼ੀ ਕਿਤਾਬ ਦਾ ਅਧਿਐਨ ਕਰੋ? ਅਤੇ ਜਦੋਂ ਕਦੇ ਵੀ ਤੁਹਾਡਾ ਪਰਿਵਾਰ ਨਵੀਆਂ ਸਮੱਸਿਆਵਾਂ ਜਾਂ ਪਰਿਸਥਿਤੀਆਂ ਦਾ ਸਾਮ੍ਹਣਾ ਕਰਦਾ ਹੈ, ਉਦੋਂ ਕਿਤਾਬ ਦੇ ਉਨ੍ਹਾਂ ਅਧਿਆਵਾਂ ਦਾ ਪੁਨਰ-ਵਿਚਾਰ ਕਰੋ ਜੋ ਇਨ੍ਹਾਂ ਬਾਰੇ ਦੱਸਦੇ ਹਨ, ਅਤੇ ਸਲਾਹ ਨੂੰ ਕਿਵੇਂ ਲਾਗੂ ਕਰਨਾ ਹੈ, ਉੱਤੇ ਪ੍ਰਾਰਥਨਾਪੂਰਣ ਢੰਗ ਨਾਲ ਵਿਚਾਰ ਕਰੋ। ਇਸ ਤੋਂ ਇਲਾਵਾ, ਮਾਰਚ ਦੇ ਦੌਰਾਨ ਖੁੱਲ੍ਹੇ-ਦਿਲ ਨਾਲ ਖੇਤਰ ਸੇਵਕਾਈ ਲਈ ਸਮਾਂ ਕੱਢੋ ਤਾਂਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਹੱਥਾਂ ਵਿਚ ਪਰਿਵਾਰਕ ਖ਼ੁਸ਼ੀ ਦਾ ਰਾਜ਼ ਦੇਣ ਦੀ ਕੋਸ਼ਿਸ਼ ਕਰ ਸਕੋ।
6 ਪਰਿਵਾਰ ਜੋ ਈਸ਼ਵਰੀ ਭਗਤੀ ਦਾ ਅਭਿਆਸ ਕਰਦੇ ਹਨ ਉਹ ਅਧਿਆਤਮਿਕ ਰੂਪ ਵਿਚ ਮਜ਼ਬੂਤ ਅਤੇ ਇਕਮੁੱਠ ਹੋਣਗੇ ਅਤੇ ਸ਼ਤਾਨ ਦੇ ਹਮਲਿਆਂ ਦਾ ਮੁਕਾਬਲਾ ਕਰਨ ਲਈ ਚੰਗੀ ਤਰ੍ਹਾਂ ਤਿਆਰ ਰਹਿਣਗੇ। (1 ਤਿਮੋ. 4:7, 8; 1 ਪਤ. 5:8, 9) ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਪਰਿਵਾਰ ਦੇ ਆਰੰਭਕਰਤਾ ਤੋਂ ਸਾਨੂੰ ਈਸ਼ਵਰੀ ਹਿਦਾਇਤਾਂ ਹਾਸਲ ਹਨ!