ਪਰਿਵਾਰਕ ਜੀਵਨ ਵਿਚ ਈਸ਼ਵਰੀ ਸ਼ਾਂਤੀ ਦੀ ਭਾਲ ਕਰੋ
“ਲੋਕਾਂ ਦੀਓ ਕੁੱਲੋ, ਯਹੋਵਾਹ ਨੂੰ ਮੰਨੋ, ਹਾਂ, ਪਰਤਾਪ ਅਤੇ ਸਮਰੱਥਾ ਯਹੋਵਾਹ ਦੀ ਮੰਨੋ।”—ਜ਼ਬੂਰ 96:7.
1. ਯਹੋਵਾਹ ਨੇ ਪਰਿਵਾਰਕ ਜੀਵਨ ਦੀ ਕਿਸ ਕਿਸਮ ਦੀ ਸ਼ੁਰੂਆਤ ਕੀਤੀ ਸੀ?
ਯਹੋਵਾਹ ਨੇ ਪਰਿਵਾਰਕ ਜੀਵਨ ਦੀ ਸ਼ਾਂਤਮਈ ਅਤੇ ਖ਼ੁਸ਼ੀ ਭਰੀ ਸ਼ੁਰੂਆਤ ਕੀਤੀ ਜਦੋਂ ਉਸ ਨੇ ਪਹਿਲੇ ਆਦਮੀ ਅਤੇ ਪਹਿਲੀ ਔਰਤ ਨੂੰ ਵਿਆਹ ਦੇ ਬੰਧਨ ਵਿਚ ਇਕੱਠੇ ਕੀਤਾ। ਸੱਚ-ਮੁੱਚ, ਆਦਮ ਇੰਨਾ ਖ਼ੁਸ਼ ਸੀ ਕਿ ਉਸ ਨੇ ਆਪਣਾ ਆਨੰਦ ਸਭ ਤੋਂ ਪਹਿਲੀ ਰਿਕਾਰਡ ਕੀਤੀ ਗਈ ਕਵਿਤਾ ਵਿਚ ਪ੍ਰਗਟ ਕੀਤਾ: “ਇਹ ਹੁਣ ਮੇਰੀਆਂ ਹੱਡੀਆਂ ਵਿੱਚੋਂ ਹੱਡੀ ਹੈ ਅਰ ਮੇਰੇ ਮਾਸ ਵਿੱਚੋਂ ਮਾਸ ਹੈ ਸੋ ਇਹ ਇਸ ਕਾਰਨ ਨਾਰੀ ਅਖਵਾਏਗੀ ਜੋ ਇਹ ਨਰ ਵਿੱਚੋਂ ਕੱਢੀ ਗਈ ਹੈ।”—ਉਤਪਤ 2:23.
2. ਆਪਣੇ ਮਾਨਵੀ ਬੱਚਿਆਂ ਲਈ ਖ਼ੁਸ਼ੀ ਲਿਆਉਣ ਤੋਂ ਇਲਾਵਾ ਵਿਆਹ ਲਈ ਪਰਮੇਸ਼ੁਰ ਦਾ ਕੀ ਉਦੇਸ਼ ਸੀ?
2 ਜਦੋਂ ਪਰਮੇਸ਼ੁਰ ਨੇ ਵਿਆਹ ਅਤੇ ਪਰਿਵਾਰਕ ਪ੍ਰਬੰਧ ਨੂੰ ਸਥਾਪਿਤ ਕੀਤਾ ਸੀ, ਤਾਂ ਉਸ ਦਾ ਉਦੇਸ਼ ਕੇਵਲ ਆਪਣੇ ਮਾਨਵੀ ਬੱਚਿਆਂ ਨੂੰ ਖ਼ੁਸ਼ੀ ਦੇਣਾ ਹੀ ਨਹੀਂ ਸੀ। ਉਹ ਚਾਹੁੰਦਾ ਸੀ ਕਿ ਉਹ ਉਸ ਦੀ ਇੱਛਾ ਪੂਰੀ ਕਰਨ। ਪਰਮੇਸ਼ੁਰ ਨੇ ਪਹਿਲੇ ਜੋੜੇ ਨੂੰ ਕਿਹਾ: “ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ ਅਤੇ ਉਹ ਨੂੰ ਆਪਣੇ ਵੱਸ ਵਿੱਚ ਕਰੋ ਅਤੇ ਸਮੁੰਦਰ ਦੀਆਂ ਮੱਛੀਆਂ ਉੱਤੇ ਅਰ ਅਕਾਸ਼ ਦਿਆਂ ਪੰਛੀਆਂ ਉੱਤੇ ਅਰ ਸਾਰੇ ਧਰਤੀ ਪੁਰ ਘਿੱਸਰਨ ਵਾਲਿਆਂ ਜੀਆਂ ਉੱਤੇ ਰਾਜ ਕਰੋ।” (ਉਤਪਤ 1:28) ਸੱਚ-ਮੁੱਚ ਇਕ ਸੰਤੋਖਜਨਕ ਕਾਰਜ-ਨਿਯੁਕਤੀ। ਆਦਮ, ਹੱਵਾਹ, ਅਤੇ ਉਨ੍ਹਾਂ ਦੇ ਭਾਵੀ ਬੱਚੇ ਕਿੰਨੇ ਖ਼ੁਸ਼ ਹੁੰਦੇ ਜੇਕਰ ਪਹਿਲੇ ਵਿਆਹੁਤਾ ਜੋੜੇ ਨੇ ਆਗਿਆਕਾਰੀ ਨਾਲ ਯਹੋਵਾਹ ਦੀ ਇੱਛਾ ਪੂਰੀ ਕੀਤੀ ਹੁੰਦੀ!
3. ਈਸ਼ਵਰੀ ਭਗਤੀ ਅਨੁਸਾਰ ਜੀਉਣ ਲਈ ਪਰਿਵਾਰਾਂ ਨੂੰ ਕਿਸ ਚੀਜ਼ ਦੀ ਲੋੜ ਹੈ?
3 ਤਾਂ ਵੀ, ਅੱਜ ਪਰਿਵਾਰ ਸਭ ਤੋਂ ਜ਼ਿਆਦਾ ਖ਼ੁਸ਼ ਵਸਦੇ ਹਨ ਜਦੋਂ ਉਹ ਸਾਰੇ ਇਕੱਠੇ ਮਿਲ ਕੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਦੇ ਹਨ। ਅਤੇ ਅਜਿਹੇ ਆਗਿਆਕਾਰ ਪਰਿਵਾਰਾਂ ਦਾ ਭਵਿੱਖ ਕਿੰਨਾ ਸ਼ਾਨਦਾਰ ਹੈ! ਰਸੂਲ ਪੌਲੁਸ ਨੇ ਲਿਖਿਆ: “ਭਗਤੀ ਸਭਨਾਂ ਗੱਲਾਂ ਲਈ ਲਾਭਵੰਤ ਹੈ ਕਿਉਂ ਜੋ ਹੁਣ ਦਾ ਅਤੇ ਆਉਣ ਵਾਲੇ ਜੀਵਨ ਦਾ ਵਾਇਦਾ ਉਹ ਦੇ ਨਾਲ ਹੈ।” (1 ਤਿਮੋਥਿਉਸ 4:8) ਸੱਚੀ ਈਸ਼ਵਰੀ ਭਗਤੀ ਅਨੁਸਾਰ ਜੀਉਣ ਵਾਲੇ ਪਰਿਵਾਰ ਯਹੋਵਾਹ ਦੇ ਬਚਨ ਦੇ ਸਿਧਾਂਤਾਂ ਦਾ ਅਨੁਕਰਣ ਕਰਦੇ ਹਨ ਅਤੇ ਉਸ ਦੀ ਇੱਛਾ ਪੂਰੀ ਕਰਦੇ ਹਨ। ਉਹ ਈਸ਼ਵਰੀ ਸ਼ਾਂਤੀ ਦੀ ਭਾਲ ਕਰਦੇ ਹਨ ਅਤੇ ਇਸ ਤਰ੍ਹਾਂ ‘ਹੁਣ ਦੇ ਜੀਵਨ’ ਵਿਚ ਖ਼ੁਸ਼ੀ ਪ੍ਰਾਪਤ ਕਰਦੇ ਹਨ।
ਪਰਿਵਾਰਕ ਜੀਵਨ ਖ਼ਤਰੇ ਵਿਚ
4, 5. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਸੰਸਾਰ ਭਰ ਵਿਚ ਪਰਿਵਾਰਕ ਜੀਵਨ ਖ਼ਤਰੇ ਵਿਚ ਹੈ?
4 ਵਾਸਤਵਿਕ ਤੌਰ ਤੇ ਅਸੀਂ ਹਰ ਪਰਿਵਾਰ ਵਿਚ ਸ਼ਾਂਤੀ ਅਤੇ ਖ਼ੁਸ਼ੀ ਨਹੀਂ ਪਾਉਂਦੇ ਹਾਂ। ਪਾਪੂਲੇਸ਼ਨ ਕੌਂਸਲ ਨਾਮਕ ਇਕ ਜਨ-ਸੰਖਿਅਕੀ ਵੇਰਵਾ ਸੰਸਥਾ ਦੁਆਰਾ ਕੀਤੇ ਗਏ ਇਕ ਅਧਿਐਨ ਦਾ ਹਵਾਲਾ ਦਿੰਦੇ ਹੋਏ, ਦ ਨਿਊਯਾਰਕ ਟਾਈਮਜ਼ ਬਿਆਨ ਕਰਦਾ ਹੈ: “ਦੋਵੇਂ ਅਮੀਰ ਅਤੇ ਗ਼ਰੀਬ ਦੇਸ਼ਾਂ ਵਿਚ, ਪਰਿਵਾਰਕ ਜੀਵਨ ਦੇ ਢਾਂਚੇ ਵਿਚ ਬਹੁਤ ਜ਼ਿਆਦਾ ਤਬਦੀਲੀਆਂ ਆ ਰਹੀਆਂ ਹਨ।” ਇਸ ਅਧਿਐਨ ਦੇ ਇਕ ਲੇਖਕ ਦਾ ਇਸ ਤਰ੍ਹਾਂ ਕਹਿੰਦੇ ਹੋਏ ਹਵਾਲਾ ਦਿੱਤਾ ਗਿਆ ਹੈ: “ਇਹ ਵਿਚਾਰ ਕਿ ਪਰਿਵਾਰ ਇਕ ਸਥਿਰ ਅਤੇ ਸੰਯੁਕਤ ਇਕਾਈ ਹੈ, ਜਿਸ ਵਿਚ ਪਿਤਾ ਆਰਥਿਕ ਜ਼ਰੂਰਤਾਂ ਪੂਰੀਆਂ ਕਰਨ ਵਾਲੇ ਵਜੋਂ ਅਤੇ ਮਾਤਾ ਭਾਵਾਤਮਕ ਦੇਖਭਾਲ ਕਰਨ ਵਾਲੀ ਵਜੋਂ ਕੰਮ ਕਰਦੀ ਹੈ, ਇਕ ਮਿਥ ਹੈ। ਅਸਲੀਅਤ ਤਾਂ ਇਹ ਹੈ ਕਿ ਅਣਵਿਆਹਿਆ ਮਾਂਪੁਣਾ, ਵਧਦੀਆਂ ਤਲਾਕ ਦਰਾਂ, [ਅਤੇ] ਛੋਟੇ ਪਰਿਵਾਰਾਂ . . . ਵਰਗੇ ਰੁਝਾਨ ਸੰਸਾਰ-ਭਰ ਵਿਚ ਪਾਏ ਜਾ ਰਹੇ ਹਨ।” ਇਨ੍ਹਾਂ ਰੁਝਾਨਾਂ ਕਾਰਨ, ਲੱਖਾਂ ਹੀ ਪਰਿਵਾਰਾਂ ਵਿਚ ਸਥਿਰਤਾ, ਸ਼ਾਂਤੀ, ਅਤੇ ਖ਼ੁਸ਼ੀ ਦੀ ਘਾਟ ਹੈ ਅਤੇ ਕਈ ਟੁੱਟ ਰਹੇ ਹਨ। ਸਪੇਨ ਵਿਚ 20ਵੀਂ ਸਦੀ ਦੇ ਆਖ਼ਰੀ ਦਹਾਕੇ ਦੇ ਆਰੰਭ ਤਕ, ਤਲਾਕ ਦਰ 8 ਵਿਆਹਾਂ ਵਿੱਚੋਂ 1 ਤਲਾਕ ਤਕ ਵੱਧ ਗਈ—ਕੇਵਲ 25 ਸਾਲ ਪਹਿਲਾਂ ਹੀ 100 ਵਿਆਹਾਂ ਵਿੱਚੋਂ 1 ਤਲਾਕ ਤੋਂ ਕਿਤੇ ਹੀ ਵੱਧ। ਰਿਪੋਰਟ ਅਨੁਸਾਰ ਯੂਰਪ ਵਿਚ ਇੰਗਲੈਂਡ ਸਭ ਤੋਂ ਵੱਧ ਤਲਾਕ ਦਰਾਂ ਵਾਲਾ ਦੇਸ਼ ਹੈ—10 ਵਿੱਚੋਂ 4 ਵਿਆਹ ਅਸਫ਼ਲ ਹੁੰਦੇ ਹਨ। ਉਸ ਦੇਸ਼ ਨੇ ਇਕੱਲੀ ਮਾਤਾ ਜਾਂ ਪਿਤਾ ਵਾਲੇ ਪਰਿਵਾਰਾਂ ਵਿਚ ਵੀ ਅਚਾਨਕ ਵਾਧਾ ਅਨੁਭਵ ਕੀਤਾ ਹੈ।
5 ਇਸ ਤਰ੍ਹਾਂ ਲੱਗਦਾ ਹੈ ਕਿ ਕੁਝ ਲੋਕ ਤਾਂ ਤਲਾਕ ਲੈਣ ਲਈ ਉਤਾਵਲੇ ਹਨ। ਬਹੁਤ ਸਾਰੇ ਲੋਕ ਜਪਾਨ ਵਿਚ ਟੋਕੀਓ ਲਾਗੇ “ਰਿਸ਼ਤਾ ਤੋੜ ਮੰਦਰ” ਨੂੰ ਜਾਂਦੇ ਹਨ। ਇਹ ਸ਼ਿੰਟੋ ਮੰਦਰ ਤਲਾਕ ਦੀਆਂ ਅਤੇ ਦੂਸਰੇ ਅਣਚਾਹੇ ਰਿਸ਼ਤਿਆਂ ਨੂੰ ਤੋੜਨ ਦੀਆਂ ਬੇਨਤੀਆਂ ਸਵੀਕਾਰ ਕਰਦਾ ਹੈ। ਹਰੇਕ ਨਰ ਜਾਂ ਨਾਰੀ ਉਪਾਸਕ ਆਪਣੀ ਬੇਨਤੀ ਲੱਕੜੀ ਦੇ ਇਕ ਪਤਲੇ ਫੱਟੇ ਉੱਤੇ ਲਿਖ ਕੇ ਮੰਦਰ ਦੇ ਵਿਹੜੇ ਵਿਚ ਲਟਕਾਉਂਦਾ ਹੈ, ਅਤੇ ਜਵਾਬ ਲਈ ਪ੍ਰਾਰਥਨਾ ਕਰਦਾ ਹੈ। ਇਕ ਟੋਕੀਓ ਅਖ਼ਬਾਰ ਕਹਿੰਦੀ ਹੈ ਕਿ ਜਦੋਂ ਲਗਭਗ ਇਕ ਸਦੀ ਪਹਿਲਾਂ ਇਸ ਮੰਦਰ ਨੂੰ ਸਥਾਪਿਤ ਕੀਤਾ ਗਿਆ ਸੀ, ਤਾਂ “ਸਥਾਨਕ ਅਮੀਰ ਵਪਾਰੀਆਂ ਦੀਆਂ ਪਤਨੀਆਂ ਨੇ ਇੱਥੇ ਪ੍ਰਾਰਥਨਾਵਾਂ ਲਿਖੀਆਂ ਸਨ ਕਿ ਉਨ੍ਹਾਂ ਦੇ ਪਤੀ ਆਪਣੀਆਂ ਯਾਰਨੀਆਂ ਨੂੰ ਛੱਡ ਦੇਣ ਅਤੇ ਉਨ੍ਹਾਂ ਕੋਲ ਵਾਪਸ ਆ ਜਾਣ।” ਪਰੰਤੂ, ਅੱਜ ਜ਼ਿਆਦਾਤਰ ਬੇਨਤੀਆਂ ਤਲਾਕ ਲਈ ਹੁੰਦੀਆਂ ਹਨ, ਨਾ ਕਿ ਸੁਲ੍ਹਾ-ਸਫ਼ਾਈ ਲਈ। ਬਿਨਾਂ ਸ਼ੱਕ, ਪੂਰੇ ਸੰਸਾਰ ਵਿਚ ਪਰਿਵਾਰਕ ਜੀਵਨ ਖ਼ਤਰੇ ਵਿਚ ਹੈ। ਕੀ ਇਸ ਤੋਂ ਮਸੀਹੀਆਂ ਨੂੰ ਹੈਰਾਨਗੀ ਹੋਣੀ ਚਾਹੀਦੀ ਹੈ? ਨਹੀਂ, ਕਿਉਂਕਿ ਬਾਈਬਲ ਸਾਨੂੰ ਮੌਜੂਦਾ ਪਰਿਵਾਰਕ ਸੰਕਟ ਬਾਰੇ ਅੰਤਰਦ੍ਰਿਸ਼ਟੀ ਦਿੰਦੀ ਹੈ।
ਪਰਿਵਾਰਕ ਸੰਕਟ ਕਿਉਂ?
6. ਪਹਿਲਾ ਯੂਹੰਨਾ 5:19 ਦਾ ਅੱਜ ਦੇ ਪਰਿਵਾਰਕ ਸੰਕਟ ਨਾਲ ਕੀ ਸੰਬੰਧ ਹੈ?
6 ਅੱਜ ਦੇ ਪਰਿਵਾਰਕ ਸੰਕਟ ਦਾ ਇਕ ਕਾਰਨ ਇਹ ਹੈ: “ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” (1 ਯੂਹੰਨਾ 5:19) ਅਸੀਂ ਇਸ ਦੁਸ਼ਟ, ਸ਼ਤਾਨ ਅਰਥਾਤ ਇਬਲੀਸ ਤੋਂ ਕੀ ਆਸ ਰੱਖ ਸਕਦੇ ਹਾਂ? ਉਹ ਇਕ ਘਾਤਕ, ਅਨੈਤਿਕ ਝੂਠਾ ਹੈ। (ਯੂਹੰਨਾ 8:44) ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਉਸ ਦਾ ਸੰਸਾਰ ਉਹ ਕਪਟ ਅਤੇ ਅਨੈਤਿਕਤਾ ਦੇ ਚਿੱਕੜ ਵਿਚ ਲਿਟਿਆ ਹੋਇਆ ਹੈ, ਜੋ ਪਰਿਵਾਰਕ ਜੀਵਨ ਲਈ ਇੰਨੀਆਂ ਤਬਾਹਕੁੰਨ ਹਨ! ਪਰਮੇਸ਼ੁਰ ਦੇ ਸੰਗਠਨ ਤੋਂ ਬਾਹਰ, ਸ਼ਤਾਨੀ ਪ੍ਰਭਾਵ ਯਹੋਵਾਹ ਵੱਲੋਂ ਵਿਆਹ ਦੀ ਸਥਾਪਨਾ ਨੂੰ ਤਬਾਹ ਕਰਨ ਅਤੇ ਸ਼ਾਂਤਮਈ ਪਰਿਵਾਰਕ ਜੀਵਨ ਨੂੰ ਅੰਤ ਕਰਨ ਦਾ ਖ਼ਤਰਾ ਪੇਸ਼ ਕਰਦਾ ਹੈ।
7. ਪਰਿਵਾਰ ਉਨ੍ਹਾਂ ਵਿਸ਼ੇਸ਼ ਗੁਣਾਂ ਤੋਂ ਕਿਵੇਂ ਪ੍ਰਭਾਵਿਤ ਹੋ ਸਕਦੇ ਹਨ ਜੋ ਬਹੁਤ ਸਾਰੇ ਲੋਕ ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਪ੍ਰਗਟ ਕਰਦੇ ਹਨ?
7 ਉਨ੍ਹਾਂ ਪਰਿਵਾਰਕ ਸਮੱਸਿਆਵਾਂ ਦਾ ਇਕ ਹੋਰ ਕਾਰਨ 2 ਤਿਮੋਥਿਉਸ 3:1-5 ਵਿਚ ਸੰਕੇਤ ਕੀਤਾ ਗਿਆ ਹੈ ਜੋ ਮਨੁੱਖਜਾਤੀ ਨੂੰ ਹੁਣ ਪੀੜਿਤ ਕਰਦੀਆਂ ਹਨ। ਉੱਥੇ ਦਰਜ ਕੀਤੇ ਗਏ ਪੌਲੁਸ ਦੇ ਭਵਿੱਖ-ਸੂਚਕ ਸ਼ਬਦ ਦਿਖਾਉਂਦੇ ਹਨ ਕਿ ਅਸੀਂ “ਅੰਤ ਦਿਆਂ ਦਿਨਾਂ” ਵਿਚ ਜੀ ਰਹੇ ਹਾਂ। ਪਰਿਵਾਰ ਸ਼ਾਂਤਮਈ ਅਤੇ ਖ਼ੁਸ਼ ਨਹੀਂ ਹੋ ਸਕਦੇ ਹਨ ਜੇਕਰ ਉਨ੍ਹਾਂ ਦੇ ਮੈਂਬਰ ‘ਆਪ ਸੁਆਰਥੀ, ਮਾਇਆ ਦੇ ਲੋਭੀ, ਸ਼ੇਖ਼ੀਬਾਜ਼, ਹੰਕਾਰੀ, ਕੁਫ਼ਰ ਬਕਣ ਵਾਲੇ, ਮਾਪਿਆਂ ਦੇ ਅਣਆਗਿਆਕਾਰ, ਨਾਸ਼ੁਕਰੇ, ਅਪਵਿੱਤਰ, ਨਿਰਮੋਹ, ਪੱਥਰ ਦਿਲ, ਪਰਾਈ ਨਿੰਦਿਆ ਕਰਨ ਵਾਲੇ, ਅਸੰਜਮੀ, ਕਰੜੇ, ਨੇਕੀ ਦੇ ਵੈਰੀ, ਨਿਮਕ ਹਰਾਮ, ਕਾਹਲੇ, ਘਮੰਡੀ, ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ ਹਨ। ਭਗਤੀ ਦਾ ਰੂਪ ਧਾਰ ਕੇ ਵੀ ਉਹ ਦੀ ਸ਼ਕਤੀ ਦੇ ਇਨਕਾਰੀ ਹਨ।’ ਇਕ ਪਰਿਵਾਰ ਪੂਰੀ ਤਰ੍ਹਾਂ ਖ਼ੁਸ਼ ਨਹੀਂ ਹੋ ਸਕਦਾ ਹੈ ਜੇਕਰ ਪਰਿਵਾਰ ਵਿਚ ਇਕ ਵੀ ਮੈਂਬਰ ਨਿਰਮੋਹ ਅਤੇ ਅਪਵਿੱਤਰ ਹੈ। ਪਰਿਵਾਰਕ ਜੀਵਨ ਕਿੰਨਾ ਕੁ ਸ਼ਾਂਤਮਈ ਹੋ ਸਕਦਾ ਹੈ ਜੇਕਰ ਪਰਿਵਾਰ ਵਿਚ ਕੋਈ ਕਰੜਾ ਅਤੇ ਪੱਥਰ ਦਿਲ ਹੈ? ਇਸ ਤੋਂ ਵੀ ਬੁਰਾ, ਕਿਸ ਤਰ੍ਹਾਂ ਸ਼ਾਂਤੀ ਅਤੇ ਖ਼ੁਸ਼ੀ ਹੋ ਸਕਦੀ ਹੈ ਜੇਕਰ ਪਰਿਵਾਰ ਦੇ ਮੈਂਬਰ ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ ਹਨ? ਸ਼ਤਾਨ ਦੁਆਰਾ ਸ਼ਾਸਿਤ ਇਸ ਸੰਸਾਰ ਦੇ ਲੋਕਾਂ ਦੇ ਵਿਸ਼ੇਸ਼ ਗੁਣ ਹਨ। ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਪਰਿਵਾਰਕ ਖ਼ੁਸ਼ੀ ਨਹੀਂ ਪਾਈ ਜਾਂਦੀ ਹੈ!
8, 9. ਪਰਿਵਾਰਕ ਖ਼ੁਸ਼ੀ ਉੱਤੇ ਬੱਚਿਆਂ ਦੇ ਵਤੀਰੇ ਦਾ ਕੀ ਅਸਰ ਹੋ ਸਕਦਾ ਹੈ?
8 ਬਹੁਤ ਸਾਰੇ ਪਰਿਵਾਰਾਂ ਵਿਚ ਸ਼ਾਂਤੀ ਅਤੇ ਖ਼ੁਸ਼ੀ ਦੀ ਘਾਟ ਕਿਉਂ ਹੈ, ਇਸ ਦਾ ਇਕ ਹੋਰ ਕਾਰਨ ਹੈ ਬੱਚਿਆਂ ਦਾ ਬੁਰਾ ਆਚਰਣ। ਜਦੋਂ ਪੌਲੁਸ ਨੇ ਅੰਤ ਦਿਆਂ ਦਿਨਾਂ ਦੀਆਂ ਪਰਿਸਥਿਤੀਆਂ ਬਾਰੇ ਪਹਿਲਾਂ ਹੀ ਦੱਸਿਆ ਸੀ, ਤਾਂ ਉਸ ਨੇ ਭਵਿੱਖਬਾਣੀ ਕੀਤੀ ਸੀ ਕਿ ਬਹੁਤ ਸਾਰੇ ਬੱਚੇ ਆਪਣੇ ਮਾਪਿਆਂ ਦੇ ਅਣਆਗਿਆਕਾਰ ਹੋਣਗੇ। ਜੇਕਰ ਤੁਸੀਂ ਇਕ ਜਵਾਨ ਵਿਅਕਤੀ ਹੋ, ਤਾਂ ਕੀ ਤੁਹਾਡਾ ਵਤੀਰਾ ਪਰਿਵਾਰ ਨੂੰ ਸ਼ਾਂਤਮਈ ਅਤੇ ਖ਼ੁਸ਼ ਰੱਖਣ ਵਿਚ ਸਹਾਇਤਾ ਕਰਦਾ ਹੈ?
9 ਕੁਝ ਬੱਚੇ ਵਤੀਰੇ ਵਿਚ ਮਿਸਾਲੀ ਨਹੀਂ ਹਨ। ਉਦਾਹਰਣ ਲਈ, ਇਕ ਛੋਟੇ ਮੁੰਡੇ ਨੇ ਆਪਣੇ ਪਿਤਾ ਨੂੰ ਇਹ ਅਪਮਾਨਜਨਕ ਚਿੱਠੀ ਲਿਖੀ: “ਜੇਕਰ ਤੁਸੀਂ ਮੈਨੂੰ ਐਲੇਕਜ਼ਾਨਡ੍ਰਿਆ ਨਹੀਂ ਲੈ ਕੇ ਗਏ ਤਾਂ ਮੈਂ ਤੁਹਾਨੂੰ ਚਿੱਠੀ ਨਹੀਂ ਲਿਖਾਂਗਾ, ਨਾ ਹੀ ਤੁਹਾਡੇ ਨਾਲ ਬੋਲਾਂਗਾ, ਨਾ ਤੁਹਾਨੂੰ ਅਲਵਿਦਾ ਕਹਾਂਗਾ, ਅਤੇ ਜੇ ਤੁਸੀਂ ਐਲੇਕਜ਼ਾਨਡ੍ਰਿਆ ਚਲੇ ਗਏ ਤਾਂ ਮੈਂ ਤੁਹਾਡਾ ਹੱਥ ਨਹੀਂ ਫੜਾਂਗਾ ਅਤੇ ਨਾ ਹੀ ਤੁਹਾਨੂੰ ਕਦੀ ਵੀ ਨਮਸਕਾਰ ਕਰਾਂਗਾ। ਇਸ ਤਰ੍ਹਾਂ ਹੀ ਹੋਵੇਗਾ ਜੇਕਰ ਤੁਸੀਂ ਮੈਨੂੰ ਨਾਲ ਨਾ ਲੈ ਕੇ ਗਏ . . . ਪਰੰਤੂ ਮੈਨੂੰ ਇਕ [ਹਾਰਪ] ਘੱਲ ਦਿਓ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ। ਜੇਕਰ ਤੁਸੀਂ ਨਹੀਂ ਘੱਲੋਗੇ, ਤਾਂ ਮੈਂ ਨਾ ਖਾਉਂਗਾ ਨਾ ਪਿਆਂਗਾ। ਦੇਖ ਲਈਓ।” ਕੀ ਇਹ ਅੱਜ ਦੇ ਸਮੇਂ ਦੀ ਸਥਿਤੀ ਵਾਂਗ ਨਹੀਂ ਲੱਗਦਾ? ਖ਼ੈਰ, ਇਹ ਚਿੱਠੀ 2,000 ਤੋਂ ਜ਼ਿਆਦਾ ਸਾਲ ਪਹਿਲਾਂ ਪ੍ਰਾਚੀਨ ਮਿਸਰ ਵਿਚ ਇਕ ਮੁੰਡੇ ਨੇ ਆਪਣੇ ਪਿਤਾ ਨੂੰ ਲਿਖੀ ਸੀ।
10. ਛੋਟੇ ਬੱਚੇ ਕਿਸ ਤਰ੍ਹਾਂ ਈਸ਼ਵਰੀ ਸ਼ਾਂਤੀ ਦੀ ਭਾਲ ਕਰਨ ਵਿਚ ਆਪਣੇ ਪਰਿਵਾਰਾਂ ਦੀ ਮਦਦ ਕਰ ਸਕਦੇ ਹਨ?
10 ਉਸ ਮਿਸਰੀ ਮੁੰਡੇ ਦੇ ਰਵੱਈਏ ਨੇ ਪਰਿਵਾਰਕ ਸ਼ਾਂਤੀ ਨੂੰ ਉਤਸ਼ਾਹਿਤ ਨਹੀਂ ਕੀਤਾ ਸੀ। ਨਿਰਸੰਦੇਹ, ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਪਰਿਵਾਰਾਂ ਵਿਚ ਇਸ ਤੋਂ ਵੀ ਗੰਭੀਰ ਗੱਲਾਂ ਵਾਪਰਦੀਆਂ ਹਨ। ਫਿਰ ਵੀ, ਤੁਸੀਂ ਛੋਟੇ ਬੱਚਿਓ ਈਸ਼ਵਰੀ ਸ਼ਾਂਤੀ ਦੀ ਭਾਲ ਕਰਨ ਵਿਚ ਆਪਣੇ ਪਰਿਵਾਰ ਦੀ ਮਦਦ ਕਰ ਸਕਦੇ ਹੋ। ਕਿਸ ਤਰ੍ਹਾਂ? ਇਸ ਬਾਈਬਲੀ ਸਲਾਹ ਨੂੰ ਮੰਨਣ ਦੁਆਰਾ: “ਹੇ ਬਾਲਕੋ, ਤੁਸੀਂ ਸਭਨੀਂ ਗੱਲੀਂ ਆਪਣੇ ਮਾਪਿਆਂ ਦੀ ਆਗਿਆਕਾਰੀ ਕਰੋ ਕਿਉਂ ਜੋ ਪ੍ਰਭੁ ਵਿੱਚ ਇਹ ਗੱਲ ਮਨ ਭਾਉਣੀ ਹੈ।”—ਕੁਲੁੱਸੀਆਂ 3:20.
11. ਮਾਪੇ ਆਪਣੇ ਬੱਚਿਆਂ ਦੀ ਯਹੋਵਾਹ ਦੇ ਵਫ਼ਾਦਾਰ ਸੇਵਕ ਬਣਨ ਵਿਚ ਕਿਸ ਤਰ੍ਹਾਂ ਮਦਦ ਕਰ ਸਕਦੇ ਹਨ?
11 ਤੁਸੀਂ ਮਾਪਿਆਂ ਬਾਰੇ ਕੀ? ਆਪਣੇ ਬੱਚਿਆਂ ਦੀ ਯਹੋਵਾਹ ਦੇ ਵਫ਼ਾਦਾਰ ਸੇਵਕ ਬਣਨ ਵਿਚ ਪ੍ਰੇਮਮਈ ਤਰੀਕੇ ਨਾਲ ਮਦਦ ਕਰੋ। “ਬਾਲਕ ਨੂੰ ਉਹ ਦਾ ਠੀਕ ਰਾਹ ਸਿਖਲਾ,” ਕਹਾਉਤਾਂ 22:6 ਕਹਿੰਦਾ ਹੈ। “ਤਾਂ ਉਹ ਵੱਡਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ।” ਵਧੀਆ ਸ਼ਾਸਤਰ-ਸੰਬੰਧੀ ਸਿੱਖਿਆ ਅਤੇ ਮਾਪਿਆਂ ਦੀ ਚੰਗੀ ਉਦਾਹਰਣ ਨਾਲ, ਬਹੁਤ ਸਾਰੇ ਮੁੰਡੇ ਅਤੇ ਕੁੜੀਆਂ ਵੱਡੇ ਹੋਣ ਤੇ ਵੀ ਚੰਗੇ ਰਾਹ ਤੋਂ ਨਹੀਂ ਹੱਟੇ ਹਨ। ਪਰੰਤੂ ਬਹੁਤ ਕੁਝ ਬਾਈਬਲ ਸਿਖਲਾਈ ਦੇ ਗੁਣ ਅਤੇ ਹੱਦ ਉੱਤੇ ਅਤੇ ਬੱਚੇ ਦੇ ਦਿਲ ਉੱਤੇ ਨਿਰਭਰ ਕਰਦਾ ਹੈ।
12. ਇਕ ਮਸੀਹੀ ਘਰ ਕਿਉਂ ਸ਼ਾਂਤਮਈ ਹੋਣਾ ਚਾਹੀਦਾ ਹੈ?
12 ਜੇਕਰ ਸਾਡੇ ਪਰਿਵਾਰ ਦੇ ਸਾਰੇ ਮੈਂਬਰ ਯਹੋਵਾਹ ਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਤਾਂ ਸਾਨੂੰ ਈਸ਼ਵਰੀ ਸ਼ਾਂਤੀ ਦਾ ਆਨੰਦ ਮਾਣਨਾ ਚਾਹੀਦਾ ਹੈ। ਇਕ ਮਸੀਹੀ ਘਰ ‘ਸ਼ਾਂਤੀ ਦੇ ਮਿੱਤਰਾਂ’ ਨਾਲ ਭਰਿਆ ਹੋਣਾ ਚਾਹੀਦਾ ਹੈ। ਲੂਕਾ 10:1-6 ਦਿਖਾਉਂਦਾ ਹੈ ਕਿ ਯਿਸੂ ਦੇ ਮਨ ਵਿਚ ਅਜਿਹੇ ਲੋਕ ਸਨ ਜਦੋਂ ਉਸ ਨੇ 70 ਚੇਲਿਆਂ ਨੂੰ ਸੇਵਕਾਂ ਵਜੋਂ ਘੱਲਿਆ ਅਤੇ ਉਨ੍ਹਾਂ ਨੂੰ ਕਿਹਾ: “ਜਿਸ ਘਰ ਵਿੱਚ ਤੁਸੀਂ ਜਾਓ ਪਹਿਲਾਂ ਆਖੋ ਭਈ ਇਸ ਘਰ ਦੀ ਸ਼ਾਂਤੀ ਹੋਵੇ। ਅਰ ਜੇ ਸ਼ਾਂਤੀ ਦਾ ਪੁੱਤ੍ਰ [“ਮਿੱਤਰ,” ਨਿ ਵ] ਉੱਥੇ ਹੋਵੇ ਤਾਂ ਤੁਹਾਡੀ ਸ਼ਾਂਤੀ ਉਸ ਉੱਤੇ ਠਹਿਰੇਗੀ।” ਜਿਉਂ-ਜਿਉਂ ਯਹੋਵਾਹ ਦੇ ਸੇਵਕ “ਸੁਲਾਹ ਦੀ ਖੁਸ਼ ਖਬਰੀ” ਲੈ ਕੇ ਸ਼ਾਂਤੀਪੂਰਵਕ ਘਰ-ਘਰ ਜਾਂਦੇ ਹਨ, ਉਹ ਸ਼ਾਂਤੀ ਦੇ ਮਿੱਤਰਾਂ ਦੀ ਭਾਲ ਕਰਦੇ ਹਨ। (ਰਸੂਲਾਂ ਦੇ ਕਰਤੱਬ 10:34-36; ਅਫ਼ਸੀਆਂ 2:13-18) ਯਕੀਨਨ, ਸ਼ਾਂਤੀ ਦੇ ਮਿੱਤਰਾਂ ਨਾਲ ਬਣਿਆ ਹੋਇਆ ਮਸੀਹੀ ਪਰਿਵਾਰ ਸ਼ਾਂਤਮਈ ਹੋਣਾ ਚਾਹੀਦਾ ਹੈ।
13, 14. (ੳ) ਰੂਥ ਅਤੇ ਆਰਪਾਹ ਲਈ ਨਾਓਮੀ ਦੀ ਕੀ ਇੱਛਾ ਸੀ? (ਅ) ਇਕ ਮਸੀਹੀ ਘਰ ਕਿਸ ਤਰ੍ਹਾਂ ਦਾ ਅਸਥਾਨ ਹੋਣਾ ਚਾਹੀਦਾ ਹੈ?
13 ਇਕ ਘਰ ਸ਼ਾਂਤੀ ਅਤੇ ਆਰਾਮ ਦੀ ਜਗ੍ਹਾ ਹੋਣੀ ਚਾਹੀਦੀ ਹੈ। ਬਿਰਧ ਵਿਧਵਾ ਨਾਓਮੀ ਦੀ ਆਸ਼ਾ ਸੀ ਕਿ ਪਰਮੇਸ਼ੁਰ ਉਸ ਦੀਆਂ ਜਵਾਨ, ਵਿਧਵਾ ਨੂੰਹਾਂ, ਰੂਥ ਅਤੇ ਆਰਪਾਹ ਨੂੰ ਆਰਾਮ ਅਤੇ ਸੁਖ ਬਖ਼ਸ਼ੇਗਾ ਜੋ ਚੰਗੇ ਪਤੀ ਅਤੇ ਘਰ ਮਿਲਣ ਤੇ ਹਾਸਲ ਹੁੰਦਾ ਹੈ। ਨਾਓਮੀ ਨੇ ਕਿਹਾ: “ਯਹੋਵਾਹ ਅਜਿਹਾ ਕਰੇ ਜੋ ਤੁਸੀਂ ਆਪੋ ਆਪਣੇ ਪਤੀਆਂ ਦੇ ਘਰ ਵਿੱਚ ਸੁਖ ਪਾਓ।” (ਰੂਥ 1:9) ਨਾਓਮੀ ਦੀ ਇੱਛਾ ਦੇ ਸੰਬੰਧ ਵਿਚ, ਇਕ ਵਿਦਵਾਨ ਨੇ ਲਿਖਿਆ ਕਿ ਅਜਿਹੇ ਘਰਾਂ ਵਿਚ ਰੂਥ ਅਤੇ ਆਰਪਾਹ “ਅਸ਼ਾਂਤੀ ਅਤੇ ਚਿੰਤਾ ਤੋਂ ਮੁਕਤੀ ਪਾਉਂਦੀਆਂ। ਉਹ ਆਰਾਮ ਪਾਉਂਦੀਆਂ। ਇਹ ਅਜਿਹੀ ਜਗ੍ਹਾ ਹੁੰਦੀ ਜਿੱਥੇ ਉਹ ਵਸ ਸਕਦੀਆਂ, ਅਤੇ ਜਿੱਥੇ ਉਨ੍ਹਾਂ ਦੀਆਂ ਕੋਮਲ ਭਾਵਨਾਵਾਂ ਅਤੇ ਸਭ ਤੋਂ ਸਤਿਕਾਰਯੋਗ ਇੱਛਾਵਾਂ ਨੂੰ ਸੰਤੁਸ਼ਟੀ ਅਤੇ ਸ਼ਾਂਤੀ ਮਿਲਦੀ। ਇਬਰਾਨੀ . . . ਦਾ ਵਿਸ਼ੇਸ਼ ਗੁਣ [ਯਸਾਯਾਹ 32:17, 18] ਵਿਚ ਪਾਈਆਂ ਜਾਂਦੀਆਂ ਅੰਤਰ-ਸੰਬੰਧੀ ਅਭਿਵਿਅਕਤੀਆਂ ਦੇ ਸੁਭਾਉ ਦੁਆਰਾ ਵਧੀਆ ਤਰੀਕੇ ਨਾਲ ਪ੍ਰਗਟਾਇਆ ਗਿਆ ਹੈ।
14 ਕਿਰਪਾ ਕਰਕੇ ਯਸਾਯਾਹ 32:17, 18 ਦੇ ਇਸ ਹਵਾਲੇ ਵੱਲ ਧਿਆਨ ਦਿਓ। ਉੱਥੇ ਅਸੀਂ ਪੜ੍ਹਦੇ ਹਾਂ: “ਧਰਮ ਦਾ ਕੰਮ ਸ਼ਾਂਤੀ ਹੋਵੇਗਾ, ਧਰਮ ਦਾ ਫਲ ਸਦੀਪਕ ਚੈਨ ਅਤੇ ਆਸ਼ਾ ਹੋਵੇਗਾ। ਮੇਰੀ ਪਰਜਾ ਸ਼ਾਂਤੀ ਦੇ ਭਵਨਾਂ ਵਿੱਚ, ਅਮਨ ਦੇ ਵਾਸਾਂ ਵਿੱਚ, ਅਰਾਮ ਤੇ ਚੈਨ ਦੇ ਅਸਥਾਨਾਂ ਵਿੱਚ ਵੱਸੇਗੀ।” ਇਕ ਮਸੀਹੀ ਘਰ ਧਾਰਮਿਕਤਾ, ਚੈਨ, ਸੁਰੱਖਿਆ, ਅਤੇ ਈਸ਼ਵਰੀ ਸ਼ਾਂਤੀ ਦਾ ਅਸਥਾਨ ਹੋਣਾ ਚਾਹੀਦਾ ਹੈ। ਪਰੰਤੂ ਉਦੋਂ ਕੀ ਜੇਕਰ ਅਜ਼ਮਾਇਸ਼ਾਂ, ਮਤਭੇਦਾਂ ਜਾਂ ਦੂਸਰੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ? ਉਦੋਂ ਸਾਨੂੰ ਪਰਿਵਾਰਕ ਖ਼ੁਸ਼ੀ ਦੇ ਰਾਜ਼ ਨੂੰ ਖ਼ਾਸ ਤੌਰ ਤੇ ਜਾਣਨ ਦੀ ਲੋੜ ਹੈ।
ਚਾਰ ਅਤਿ-ਮਹੱਤਵਪੂਰਣ ਸਿਧਾਂਤ
15. ਤੁਸੀਂ ਪਰਿਵਾਰਕ ਖ਼ੁਸ਼ੀ ਦੇ ਰਾਜ਼ ਦੀ ਵਿਆਖਿਆ ਕਿਸ ਤਰ੍ਹਾਂ ਕਰੋਗੇ?
15 ਪਰਿਵਾਰਾਂ ਦੇ ਸ੍ਰਿਸ਼ਟੀਕਰਤਾ, ਯਹੋਵਾਹ ਪਰਮੇਸ਼ੁਰ ਤੋਂ ਧਰਤੀ ਉੱਤੇ ਹਰੇਕ ਘਰਾਣੇ ਦਾ ਨਾਂ ਆਖੀਦਾ ਹੈ। (ਅਫ਼ਸੀਆਂ 3:14, 15) ਇਸ ਲਈ ਜੋ ਪਰਿਵਾਰਕ ਖ਼ੁਸ਼ੀ ਦੀ ਇੱਛਾ ਰੱਖਦੇ ਹਨ, ਉਨ੍ਹਾਂ ਨੂੰ ਉਸ ਦੀ ਅਗਵਾਈ ਭਾਲਣੀ ਚਾਹੀਦੀ ਹੈ ਅਤੇ ਉਸ ਦੀ ਉਸਤਤ ਕਰਨੀ ਚਾਹੀਦੀ ਹੈ, ਜਿਸ ਤਰ੍ਹਾਂ ਜ਼ਬੂਰਾਂ ਦੇ ਲਿਖਾਰੀ ਨੇ ਕੀਤੀ ਸੀ: “ਲੋਕਾਂ ਦੀਓ ਕੁੱਲੋ, ਯਹੋਵਾਹ ਨੂੰ ਮੰਨੋ, ਹਾਂ, ਪਰਤਾਪ ਅਤੇ ਸਮਰੱਥਾ ਯਹੋਵਾਹ ਦੀ ਮੰਨੋ।” (ਜ਼ਬੂਰ 96:7) ਪਰਿਵਾਰਕ ਖ਼ੁਸ਼ੀ ਦਾ ਰਾਜ਼ ਪਰਮੇਸ਼ੁਰ ਦੇ ਬਚਨ, ਬਾਈਬਲ ਵਿਚ ਅਤੇ ਉਸ ਦੇ ਸਿਧਾਂਤਾਂ ਨੂੰ ਲਾਗੂ ਕਰਨ ਵਿਚ ਪਾਇਆ ਜਾਂਦਾ ਹੈ। ਜੋ ਪਰਿਵਾਰ ਇਨ੍ਹਾਂ ਸਿਧਾਂਤਾਂ ਨੂੰ ਲਾਗੂ ਕਰਦਾ ਹੈ, ਉਹ ਖ਼ੁਸ਼ ਹੋਵੇਗਾ ਅਤੇ ਈਸ਼ਵਰੀ ਸ਼ਾਂਤੀ ਦਾ ਆਨੰਦ ਮਾਣੇਗਾ। ਇਸ ਲਈ ਆਓ ਅਸੀਂ ਇਨ੍ਹਾਂ ਮਹੱਤਵਪੂਰਣ ਸਿਧਾਂਤਾਂ ਵਿੱਚੋਂ ਚਾਰਾਂ ਨੂੰ ਦੇਖੀਏ।
16. ਆਤਮ-ਸੰਜਮ ਨੂੰ ਪਰਿਵਾਰਕ ਜੀਵਨ ਵਿਚ ਕਿਹੜੀ ਭੂਮਿਕਾ ਅਦਾ ਕਰਨੀ ਚਾਹੀਦੀ ਹੈ?
16 ਇਨ੍ਹਾਂ ਸਿਧਾਂਤਾਂ ਵਿੱਚੋਂ ਇਕ ਇਸ ਉੱਤੇ ਕੇਂਦ੍ਰਿਤ ਹੈ: ਪਰਿਵਾਰਕ ਜੀਵਨ ਵਿਚ ਈਸ਼ਵਰੀ ਸ਼ਾਂਤੀ ਲਈ ਆਤਮ-ਸੰਜਮ ਅਤਿ-ਮਹੱਤਵਪੂਰਣ ਹੈ। ਰਾਜਾ ਸੁਲੇਮਾਨ ਨੇ ਕਿਹਾ: “ਜਿਹੜਾ ਮਨੁੱਖ ਆਪਣੀ ਰੂਹ ਉੱਤੇ ਵੱਸ ਨਹੀਂ ਰੱਖਦਾ, ਉਹ ਉਸ ਢੱਠੇ ਹੋਏ ਨਗਰ ਵਰਗਾ ਹੈ ਜਿਹਦੀ ਸ਼ਹਿਰ ਪਨਾਹ ਨਾ ਹੋਵੇ।” (ਕਹਾਉਤਾਂ 25:28) ਆਪਣੀ ਰੂਹ ਉੱਤੇ ਵੱਸ ਰੱਖਣਾ—ਆਤਮ-ਸੰਜਮ ਰੱਖਣਾ—ਅਤਿ-ਮਹੱਤਵਪੂਰਣ ਹੈ ਜੇਕਰ ਅਸੀਂ ਸ਼ਾਂਤਮਈ ਅਤੇ ਖ਼ੁਸ਼ ਪਰਿਵਾਰ ਚਾਹੁੰਦੇ ਹਾਂ। ਭਾਵੇਂ ਕਿ ਅਸੀਂ ਅਪੂਰਣ ਹਾਂ, ਸਾਨੂੰ ਆਤਮ-ਸੰਜਮ ਰੱਖਣ ਦੀ ਲੋੜ ਹੈ, ਜੋ ਕਿ ਪਰਮੇਸ਼ੁਰ ਦੀ ਪਵਿੱਤਰ ਆਤਮਾ ਦਾ ਇਕ ਫਲ ਹੈ। (ਰੋਮੀਆਂ 7:21, 22; ਗਲਾਤੀਆਂ 5:22, 23) ਜੇਕਰ ਅਸੀਂ ਇਸ ਗੁਣ ਲਈ ਪ੍ਰਾਰਥਨਾ ਕਰੀਏ, ਇਸ ਬਾਰੇ ਬਾਈਬਲੀ ਸਲਾਹ ਨੂੰ ਲਾਗੂ ਕਰੀਏ, ਅਤੇ ਉਨ੍ਹਾਂ ਨਾਲ ਸੰਗਤ ਰੱਖੀਏ ਜੋ ਇਸ ਨੂੰ ਪ੍ਰਗਟ ਕਰਦੇ ਹਨ, ਤਾਂ ਆਤਮਾ ਸਾਡੇ ਵਿਚ ਆਤਮ-ਸੰਜਮ ਪੈਦਾ ਕਰੇਗੀ। ਇਹ ਕ੍ਰਿਆ-ਵਿਧੀ ‘ਹਰਾਮਕਾਰੀ ਤੋਂ ਭੱਜਣ’ ਵਿਚ ਸਾਡੀ ਮਦਦ ਕਰੇਗੀ। (1 ਕੁਰਿੰਥੀਆਂ 6:18) ਆਤਮ-ਸੰਜਮ ਹਿੰਸਾ ਨੂੰ ਤਿਆਗ ਦੇਣ, ਨਸ਼ਈਪੁਣੇ ਤੋਂ ਪਰਹੇਜ਼ ਕਰਨ ਜਾਂ ਇਸ ਉੱਤੇ ਕਾਬੂ ਪਾਉਣ ਵਿਚ, ਅਤੇ ਕਠਿਨ ਪਰਿਸਥਿਤੀਆਂ ਦੇ ਨਾਲ ਜ਼ਿਆਦਾ ਸ਼ਾਂਤੀ ਨਾਲ ਨਿਭਣ ਵਿਚ ਵੀ ਸਾਡੀ ਮਦਦ ਕਰੇਗਾ।
17, 18. (ੳ) ਪਹਿਲਾ ਕੁਰਿੰਥੀਆਂ 11:3 ਮਸੀਹੀ ਪਰਿਵਾਰਕ ਜੀਵਨ ਉੱਤੇ ਕਿਵੇਂ ਲਾਗੂ ਹੁੰਦਾ ਹੈ? (ਅ) ਸਰਦਾਰੀ ਦੀ ਸਵੀਕ੍ਰਿਤੀ ਕਿਸ ਤਰ੍ਹਾਂ ਪਰਿਵਾਰ ਵਿਚ ਈਸ਼ਵਰੀ ਸ਼ਾਂਤੀ ਨੂੰ ਉਤਸ਼ਾਹਿਤ ਕਰਦੀ ਹੈ?
17 ਇਕ ਹੋਰ ਲਾਜ਼ਮੀ ਸਿਧਾਂਤ ਨੂੰ ਇਸ ਤਰ੍ਹਾਂ ਬਿਆਨ ਕੀਤਾ ਜਾ ਸਕਦਾ ਹੈ: ਸਰਦਾਰੀ ਦੀ ਸਵੀਕ੍ਰਿਤੀ ਸਾਡੇ ਪਰਿਵਾਰ ਵਿਚ ਈਸ਼ਵਰੀ ਸ਼ਾਂਤੀ ਦੀ ਭਾਲ ਕਰਨ ਵਿਚ ਸਾਡੀ ਮਦਦ ਕਰੇਗੀ। ਪੌਲੁਸ ਨੇ ਲਿਖਿਆ: “ਮੈਂ ਚਾਹੁੰਦਾ ਹਾਂ ਜੋ ਤੁਸੀਂ ਇਹ ਜਾਣ ਲਵੋ ਭਈ ਹਰੇਕ ਪੁਰਖ ਦਾ ਸਿਰ ਮਸੀਹ ਹੈ ਅਤੇ ਇਸਤ੍ਰੀ ਦਾ ਸਿਰ ਪੁਰਖ ਹੈ ਅਤੇ ਮਸੀਹ ਦਾ ਸਿਰ ਪਰਮੇਸ਼ੁਰ ਹੈ।” (1 ਕੁਰਿੰਥੀਆਂ 11:3) ਇਸ ਦਾ ਅਰਥ ਹੈ ਕਿ ਪਰਿਵਾਰ ਵਿਚ ਇਕ ਪੁਰਸ਼ ਅਗਵਾਈ ਕਰਦਾ ਹੈ, ਕਿ ਉਸ ਦੀ ਪਤਨੀ ਨਿਸ਼ਠਾ ਨਾਲ ਸਮਰਥਨ ਦਿੰਦੀ ਹੈ, ਅਤੇ ਕਿ ਬੱਚੇ ਆਗਿਆਕਾਰ ਹੁੰਦੇ ਹਨ। (ਅਫ਼ਸੀਆਂ 5:22-25, 28-33; 6:1-4) ਅਜਿਹਾ ਆਚਰਣ ਪਰਿਵਾਰਕ ਜੀਵਨ ਵਿਚ ਈਸ਼ਵਰੀ ਸ਼ਾਂਤੀ ਨੂੰ ਉਤਸ਼ਾਹਿਤ ਕਰੇਗਾ।
18 ਇਕ ਮਸੀਹੀ ਪਤੀ ਨੂੰ ਯਾਦ ਰੱਖਣ ਦੀ ਲੋੜ ਹੈ ਕਿ ਸ਼ਾਸਤਰ-ਸੰਬੰਧੀ ਸਰਦਾਰੀ ਤਾਨਾਸ਼ਾਹੀ ਨਹੀਂ ਹੈ। ਉਸ ਨੂੰ ਯਿਸੂ, ਆਪਣੇ ਸਿਰ, ਦੀ ਨਕਲ ਕਰਨੀ ਚਾਹੀਦੀ ਹੈ। ਭਾਵੇਂ ਕਿ ਉਸ ਨੇ “ਸਭਨਾਂ ਵਸਤਾਂ ਉੱਤੇ ਸਿਰ” ਬਣਨਾ ਸੀ, ਯਿਸੂ “ਆਪਣੀ ਟਹਿਲ ਕਰਾਉਣ ਨਹੀਂ ਸਗੋਂ ਟਹਿਲ ਕਰਨ . . . ਆਇਆ” ਸੀ। (ਅਫ਼ਸੀਆਂ 1:22; ਮੱਤੀ 20:28) ਇਸੇ ਤਰ੍ਹਾਂ, ਇਕ ਮਸੀਹੀ ਪੁਰਸ਼ ਪ੍ਰੇਮਮਈ ਤਰੀਕੇ ਨਾਲ ਸਰਦਾਰੀ ਕਰਦਾ ਹੈ ਜੋ ਉਸ ਨੂੰ ਆਪਣੇ ਪਰਿਵਾਰ ਦੇ ਹਿਤਾਂ ਦੀ ਵਧੀਆ ਤਰੀਕੇ ਨਾਲ ਦੇਖ-ਭਾਲ ਕਰਨ ਦੇ ਯੋਗ ਬਣਾਉਂਦਾ ਹੈ। ਅਤੇ ਯਕੀਨਨ ਇਕ ਮਸੀਹੀ ਪਤਨੀ ਆਪਣੇ ਪਤੀ ਦਾ ਸਹਿਯੋਗ ਦੇਣਾ ਚਾਹੁੰਦੀ ਹੈ। ਉਸ ਦੀ “ਸਹਾਇਕਣ” ਅਤੇ “ਪੂਰਕ” (ਨਿ ਵ) ਵਜੋਂ, ਉਹ ਉਨ੍ਹਾਂ ਗੁਣਾਂ ਦੀ ਪੂਰਤੀ ਕਰਦੀ ਹੈ ਜੋ ਉਸ ਦੇ ਪਤੀ ਵਿਚ ਨਹੀਂ ਪਾਏ ਜਾਂਦੇ ਹਨ ਅਤੇ ਇਸ ਤਰ੍ਹਾਂ ਉਸ ਨੂੰ ਲੋੜੀਂਦਾ ਸਮਰਥਨ ਦਿੰਦੀ ਹੈ। (ਉਤਪਤ 2:20; ਕਹਾਉਤਾਂ 31:10-31) ਸਰਦਾਰੀ ਦਾ ਢੁਕਵੇਂ ਤਰੀਕੇ ਨਾਲ ਅਭਿਆਸ ਕਰਨਾ ਪਤੀਆਂ ਅਤੇ ਪਤਨੀਆਂ ਦੀ ਇਕ ਦੂਜੇ ਨਾਲ ਆਦਰ ਸਹਿਤ ਵਰਤਾਉ ਕਰਨ ਵਿਚ ਅਤੇ ਬੱਚਿਆਂ ਨੂੰ ਆਗਿਆਕਾਰ ਬਣਨ ਲਈ ਪ੍ਰੇਰਿਤ ਕਰਨ ਵਿਚ ਸਹਾਇਤਾ ਕਰੇਗਾ। ਜੀ ਹਾਂ, ਸਰਦਾਰੀ ਦੀ ਸਵੀਕ੍ਰਿਤੀ ਪਰਿਵਾਰਕ ਜੀਵਨ ਵਿਚ ਈਸ਼ਵਰੀ ਸ਼ਾਂਤੀ ਨੂੰ ਉਤਸ਼ਾਹਿਤ ਕਰਦੀ ਹੈ।
19. ਪਰਿਵਾਰਕ ਸ਼ਾਂਤੀ ਅਤੇ ਖ਼ੁਸ਼ੀ ਲਈ ਚੰਗਾ ਸੰਚਾਰ ਕਿਉਂ ਲਾਜ਼ਮੀ ਹੈ?
19 ਤੀਸਰਾ ਮਹੱਤਵਪੂਰਣ ਸਿਧਾਂਤ ਇਨ੍ਹਾਂ ਸ਼ਬਦਾਂ ਵਿਚ ਪ੍ਰਗਟ ਕੀਤਾ ਜਾ ਸਕਦਾ ਹੈ: ਪਰਿਵਾਰਕ ਸ਼ਾਂਤੀ ਅਤੇ ਖ਼ੁਸ਼ੀ ਲਈ ਚੰਗਾ ਸੰਚਾਰ ਅਤਿ-ਮਹੱਤਵਪੂਰਣ ਹੈ। ਯਾਕੂਬ 1:19 ਸਾਨੂੰ ਦੱਸਦਾ ਹੈ: “ਹਰੇਕ ਮਨੁੱਖ ਸੁਣਨ ਵਿੱਚ ਕਾਹਲਾ ਅਤੇ ਬੋਲਣ ਵਿੱਚ ਧੀਰਾ ਅਤੇ ਕ੍ਰੋਧ ਵਿੱਚ ਵੀ ਧੀਰਾ ਹੋਵੇ।” ਪਰਿਵਾਰ ਦੇ ਮੈਂਬਰਾਂ ਨੂੰ ਇਕ ਦੂਸਰੇ ਦੀ ਸੁਣਨ ਅਤੇ ਇਕ ਦੂਸਰੇ ਨਾਲ ਗੱਲ ਕਰਨ ਦੀ ਜ਼ਰੂਰਤ ਹੈ ਕਿਉਂਕਿ ਪਰਿਵਾਰਕ ਸੰਚਾਰ ਦੋ-ਦਿਸ਼ਾ ਸੜਕ ਹੈ। ਭਾਵੇਂ ਜੋ ਅਸੀਂ ਕਹਿੰਦੇ ਹਾਂ ਠੀਕ ਹੈ, ਫਿਰ ਵੀ, ਸੰਭਵ ਹੈ ਕਿ ਇਹ ਭਲੇ ਦੀ ਬਜਾਇ ਜ਼ਿਆਦਾ ਨੁਕਸਾਨ ਪਹੁੰਚਾਵੇਗਾ ਜੇਕਰ ਇਹ ਇਕ ਕਠੋਰ, ਘਮੰਡੀ, ਜਾਂ ਅਸੰਵੇਦਨਸ਼ੀਲ ਢੰਗ ਨਾਲ ਕਿਹਾ ਜਾਂਦਾ ਹੈ। ਸਾਡੀ ਬੋਲੀ ਸੁਆਦਲੀ, ਅਰਥਾਤ “ਸਲੂਣੀ” ਹੋਣੀ ਚਾਹੀਦੀ ਹੈ। (ਕੁਲੁੱਸੀਆਂ 4:6) ਪਰਿਵਾਰ ਜੋ ਸ਼ਾਸਤਰ-ਸੰਬੰਧੀ ਸਿਧਾਂਤਾਂ ਦਾ ਅਨੁਕਰਣ ਕਰਦੇ ਹਨ ਅਤੇ ਚੰਗਾ ਸੰਚਾਰ ਕਰਦੇ ਹਨ ਉਹ ਈਸ਼ਵਰੀ ਸ਼ਾਂਤੀ ਦੀ ਭਾਲ ਕਰ ਰਹੇ ਹਨ।
20. ਤੁਸੀਂ ਕਿਉਂ ਕਹੋਗੇ ਕਿ ਪ੍ਰੇਮ ਪਰਿਵਾਰਕ ਸ਼ਾਂਤੀ ਲਈ ਲਾਜ਼ਮੀ ਹੈ?
20 ਚੌਥਾ ਸਿਧਾਂਤ ਇਹ ਹੈ: ਪ੍ਰੇਮ ਪਰਿਵਾਰਕ ਸ਼ਾਂਤੀ ਅਤੇ ਖ਼ੁਸ਼ੀ ਲਈ ਲਾਜ਼ਮੀ ਹੈ। ਰੋਮਾਂਟਿਕ ਪ੍ਰੇਮ ਵਿਆਹ ਵਿਚ ਇਕ ਮਹੱਤਵਪੂਰਣ ਭੂਮਿਕਾ ਅਦਾ ਕਰ ਸਕਦਾ ਹੈ, ਅਤੇ ਪਰਿਵਾਰ ਦੇ ਮੈਂਬਰਾਂ ਵਿਚਕਾਰ ਗਹਿਰਾ ਸਨੇਹ ਵਿਕਸਿਤ ਹੋ ਸਕਦਾ ਹੈ। ਪਰੰਤੂ, ਇਸ ਤੋਂ ਵੀ ਮਹੱਤਵਪੂਰਣ ਉਹ ਪ੍ਰੇਮ ਹੈ ਜਿਸ ਨੂੰ ਯੂਨਾਨੀ ਸ਼ਬਦ ਅਗਾਪੇ ਦੁਆਰਾ ਸੂਚਿਤ ਕੀਤਾ ਜਾਂਦਾ ਹੈ। ਇਹ ਉਹ ਪ੍ਰੇਮ ਹੈ ਜੋ ਅਸੀਂ ਯਹੋਵਾਹ ਲਈ, ਯਿਸੂ ਲਈ, ਅਤੇ ਆਪਣੇ ਗੁਆਂਢੀ ਲਈ ਵਿਕਸਿਤ ਕਰਦੇ ਹਾਂ। (ਮੱਤੀ 22:37-39) ਪਰਮੇਸ਼ੁਰ ਨੇ “ਆਪਣਾ ਇਕਲੌਤਾ ਪੁੱਤ੍ਰ” ਬਖ਼ਸ਼ਣ ਦੁਆਰਾ ਮਨੁੱਖਜਾਤੀ ਲਈ ਇਹ ਪ੍ਰੇਮ ਦਿਖਾਇਆ “ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।” (ਯੂਹੰਨਾ 3:16) ਕਿੰਨਾ ਵਧੀਆ ਹੈ ਕਿ ਅਸੀਂ ਇਸੇ ਤਰ੍ਹਾਂ ਦਾ ਪ੍ਰੇਮ ਆਪਣੇ ਪਰਿਵਾਰ ਦੇ ਮੈਂਬਰਾਂ ਲਈ ਪ੍ਰਦਰਸ਼ਿਤ ਕਰ ਸਕਦੇ ਹਾਂ! ਇਹ ਉੱਤਮ ਪ੍ਰੇਮ ਇਕ “ਸੰਪੂਰਨਤਾਈ ਦਾ ਬੰਧ” ਹੈ। (ਕੁਲੁੱਸੀਆਂ 3:14) ਇਹ ਇਕ ਵਿਆਹੁਤਾ ਜੋੜੇ ਨੂੰ ਇਕੱਠੇ ਬੰਨ੍ਹਦਾ ਹੈ ਅਤੇ ਉਨ੍ਹਾਂ ਨੂੰ ਉਹ ਕਰਨ ਲਈ ਪ੍ਰੇਰਿਤ ਕਰਦਾ ਹੈ ਜੋ ਇਕ ਦੂਸਰੇ ਲਈ ਅਤੇ ਉਨ੍ਹਾਂ ਦੇ ਬੱਚਿਆਂ ਲਈ ਸਭ ਤੋਂ ਬਿਹਤਰ ਹੈ। ਜਦੋਂ ਸਮੱਸਿਆਵਾਂ ਵਿਕਸਿਤ ਹੁੰਦੀਆਂ ਹਨ, ਤਾਂ ਮਾਮਲਿਆਂ ਨਾਲ ਨਿਭਣ ਲਈ ਪ੍ਰੇਮ ਉਨ੍ਹਾਂ ਦੀ ਇਕਮੁੱਠ ਹੋ ਕੇ ਮਦਦ ਕਰਦਾ ਹੈ। ਅਸੀਂ ਇਸ ਬਾਰੇ ਨਿਸ਼ਚਿਤ ਹੋ ਸਕਦੇ ਹਾਂ ਕਿਉਂਕਿ “ਪ੍ਰੇਮ . . . ਆਪ ਸੁਆਰਥੀ ਨਹੀਂ . . . ਸਭ ਕੁਝ ਝੱਲ ਲੈਂਦਾ, ਸਭਨਾਂ ਗੱਲਾਂ ਦੀ ਪਰਤੀਤ ਕਰਦਾ, ਸਭਨਾਂ ਗੱਲਾਂ ਦੀ ਆਸ ਰੱਖਦਾ, ਸਭ ਕੁਝ ਸਹਿ ਲੈਂਦਾ। ਪ੍ਰੇਮ ਕਦੇ ਟਲਦਾ ਨਹੀਂ।” (1 ਕੁਰਿੰਥੀਆਂ 13:4-8) ਸੱਚ-ਮੁੱਚ ਹੀ, ਉਹ ਪਰਿਵਾਰ ਮੁਬਾਰਕ ਹਨ ਜਿਨ੍ਹਾਂ ਵਿਚ ਇਕ ਦੂਜੇ ਦੇ ਪ੍ਰਤੀ ਪ੍ਰੇਮ ਨੂੰ ਯਹੋਵਾਹ ਲਈ ਪ੍ਰੇਮ ਨਾਲ ਮਜ਼ਬੂਤ ਕੀਤਾ ਗਿਆ ਹੈ!
ਈਸ਼ਵਰੀ ਸ਼ਾਂਤੀ ਦੀ ਭਾਲ ਕਰਦੇ ਰਹੋ
21. ਤੁਹਾਡੇ ਪਰਿਵਾਰ ਦੀ ਸ਼ਾਂਤੀ ਅਤੇ ਖ਼ੁਸ਼ੀ ਨੂੰ ਕਿਹੜੀ ਚੀਜ਼ ਵਧਾ ਸਕਦੀ ਹੈ?
21 ਉਪਰੋਕਤ ਸਿਧਾਂਤ ਅਤੇ ਬਾਈਬਲ ਵਿੱਚੋਂ ਲਏ ਗਏ ਦੂਸਰੇ ਸਿਧਾਂਤ ਉਨ੍ਹਾਂ ਪ੍ਰਕਾਸ਼ਨਾਂ ਵਿਚ ਉਲੀਕੇ ਗਏ ਹਨ, ਜੋ ਯਹੋਵਾਹ ਨੇ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਮਿਹਰਬਾਨੀ ਨਾਲ ਮੁਹੱਈਆ ਕੀਤੇ ਹਨ। (ਮੱਤੀ 24:45) ਉਦਾਹਰਣ ਲਈ, ਅਜਿਹੀ ਜਾਣਕਾਰੀ 192 ਸਫ਼ਿਆਂ ਵਾਲੀ ਪੁਸਤਕ ਪਰਿਵਾਰਕ ਖ਼ੁਸ਼ੀ ਦਾ ਰਾਜ਼ ਵਿਚ ਪਾਈ ਜਾਂਦੀ ਹੈ, ਜੋ 1996/97 ਵਿਚ ਸੰਸਾਰ ਭਰ ਵਿਚ ਸੰਚਾਲਿਤ ਹੋਏ ਯਹੋਵਾਹ ਦੇ ਗਵਾਹਾਂ ਦੇ “ਈਸ਼ਵਰੀ ਸ਼ਾਂਤੀ ਦੇ ਸੰਦੇਸ਼ਵਾਹਕ” ਜ਼ਿਲ੍ਹਾ ਮਹਾਂ-ਸੰਮੇਲਨਾਂ ਵਿਚ ਰੀਲੀਜ਼ ਕੀਤੀ ਗਈ ਸੀ। ਅਜਿਹੇ ਪ੍ਰਕਾਸ਼ਨ ਦੀ ਸਹਾਇਤਾ ਨਾਲ ਸ਼ਾਸਤਰ ਦਾ ਵਿਅਕਤੀਗਤ ਅਤੇ ਪਰਿਵਾਰਕ ਅਧਿਐਨ ਕਰਨਾ ਬਹੁਤ ਸਾਰੇ ਫ਼ਾਇਦੇ ਲਿਆ ਸਕਦਾ ਹੈ। (ਯਸਾਯਾਹ 48:17, 18) ਜੀ ਹਾਂ, ਸ਼ਾਸਤਰ-ਸੰਬੰਧੀ ਸਲਾਹ ਨੂੰ ਲਾਗੂ ਕਰਨਾ ਤੁਹਾਡੇ ਪਰਿਵਾਰ ਦੀ ਸ਼ਾਂਤੀ ਅਤੇ ਖ਼ੁਸ਼ੀ ਨੂੰ ਵਧਾ ਸਕਦਾ ਹੈ।
22. ਸਾਡਾ ਪਰਿਵਾਰਕ ਜੀਵਨ ਕਿਸ ਚੀਜ਼ ਉੱਤੇ ਕੇਂਦ੍ਰਿਤ ਹੋਣਾ ਚਾਹੀਦਾ ਹੈ?
22 ਉਸ ਦੀ ਇੱਛਾ ਪੂਰੀ ਕਰਨ ਵਾਲੇ ਪਰਿਵਾਰਾਂ ਲਈ ਯਹੋਵਾਹ ਕੋਲ ਬਹੁਤ ਸਾਰੀਆਂ ਅਦਭੁਤ ਚੀਜ਼ਾਂ ਹਨ, ਅਤੇ ਉਹ ਸਾਡੀ ਉਸਤਤ ਅਤੇ ਸੇਵਾ ਦੇ ਯੋਗ ਹੈ। (ਪਰਕਾਸ਼ ਦੀ ਪੋਥੀ 21:1-4) ਇਸ ਲਈ ਤੁਹਾਡਾ ਪਰਿਵਾਰ ਸੱਚੇ ਪਰਮੇਸ਼ੁਰ ਦੀ ਉਪਾਸਨਾ ਉੱਤੇ ਆਪਣਾ ਜੀਵਨ ਕੇਂਦ੍ਰਿਤ ਕਰੇ। ਅਤੇ ਸਾਡਾ ਪ੍ਰੇਮਮਈ ਸਵਰਗੀ ਪਿਤਾ, ਯਹੋਵਾਹ, ਤੁਹਾਨੂੰ ਖ਼ੁਸ਼ੀ ਦੀ ਬਰਕਤ ਦੇਵੇ ਜਿਉਂ-ਜਿਉਂ ਤੁਸੀਂ ਆਪਣੇ ਪਰਿਵਾਰਕ ਜੀਵਨ ਵਿਚ ਈਸ਼ਵਰੀ ਸ਼ਾਂਤੀ ਦੀ ਭਾਲ ਕਰਦੇ ਹੋ!
ਤੁਸੀਂ ਕਿਵੇਂ ਜਵਾਬ ਦਿਓਗੇ?
◻ ਜੇਕਰ ਪਰਿਵਾਰਾਂ ਨੇ ਈਸ਼ਵਰੀ ਭਗਤੀ ਅਨੁਸਾਰ ਜੀਉਣਾ ਹੈ ਤਾਂ ਉਨ੍ਹਾਂ ਨੂੰ ਕਿਸ ਚੀਜ਼ ਦੀ ਲੋੜ ਹੈ?
◻ ਅੱਜ ਪਰਿਵਾਰਕ ਸੰਕਟ ਕਿਉਂ ਹੈ?
◻ ਪਰਿਵਾਰਕ ਖ਼ੁਸ਼ੀ ਦਾ ਰਾਜ਼ ਕੀ ਹੈ?
◻ ਪਰਿਵਾਰਕ ਜੀਵਨ ਵਿਚ ਸ਼ਾਂਤੀ ਅਤੇ ਖ਼ੁਸ਼ੀ ਨੂੰ ਉਤਸ਼ਾਹਿਤ ਕਰਨ ਲਈ ਕਿਹੜੇ ਕੁਝ ਸਿਧਾਂਤ ਹਨ ਜੋ ਸਾਡੀ ਮਦਦ ਕਰ ਸਕਦੇ ਹਨ?
[ਸਫ਼ੇ 26 ਉੱਤੇ ਤਸਵੀਰ]
ਚੰਗਾ ਸੰਚਾਰ ਪਰਿਵਾਰਕ ਜੀਵਨ ਵਿਚ ਈਸ਼ਵਰੀ ਸ਼ਾਂਤੀ ਦੀ ਭਾਲ ਕਰਨ ਲਈ ਸਾਡੀ ਮਦਦ ਕਰਦਾ ਹੈ