ਪਰਿਵਾਰ—ਇਕ ਮਨੁੱਖੀ ਜ਼ਰੂਰਤ!
ਇਹ ਕਿਹਾ ਗਿਆ ਹੈ ਕਿ ਮਨੁੱਖੀ ਸਮਾਜ ਤਾਂ ਹੀ ਖ਼ੁਸ਼ਹਾਲ ਹੋ ਸਕਦਾ ਹੈ ਜੇਕਰ ਇਸ ਦੇ ਪਰਿਵਾਰ ਖ਼ੁਸ਼ਹਾਲ ਹੋਣ। ਇਤਿਹਾਸ ਦਿਖਾਉਂਦਾ ਹੈ ਕਿ ਜਿਉਂ-ਜਿਉਂ ਪਰਿਵਾਰਕ ਪ੍ਰਬੰਧ ਵਿਗੜਦਾ ਜਾਂਦਾ ਹੈ, ਸਮਾਜ ਅਤੇ ਕੌਮਾਂ ਦਾ ਬਲ ਵੀ ਘੱਟਦਾ ਜਾਂਦਾ ਹੈ। ਜਦੋਂ ਪ੍ਰਾਚੀਨ ਯੂਨਾਨ ਵਿਚ ਅਨੈਤਿਕਤਾ ਨੇ ਪਰਿਵਾਰਾਂ ਨੂੰ ਨਾਸ਼ ਕਰ ਦਿੱਤਾ, ਤਾਂ ਇਸ ਦੀ ਸਭਿਅਤਾ ਖੇਰੂੰ-ਖੇਰੂੰ ਹੋ ਗਈ, ਜਿਸ ਕਾਰਨ ਇਹ ਅਸੁਰੱਖਿਅਤ ਹੋ ਕੇ ਰੋਮੀਆਂ ਤੋਂ ਹਾਰ ਗਈ। ਰੋਮੀ ਸਾਮਰਾਜ ਉਦੋਂ ਤਕ ਹੀ ਸ਼ਕਤੀਸ਼ਾਲੀ ਰਿਹਾ ਜਦੋਂ ਤਕ ਪਰਿਵਾਰ ਸ਼ਕਤੀਸ਼ਾਲੀ ਰਹੇ। ਪਰੰਤੂ ਜਿਉਂ-ਜਿਉਂ ਸਦੀਆਂ ਬੀਤੀਆਂ, ਪਰਿਵਾਰਕ ਜੀਵਨ ਕਮਜ਼ੋਰ ਹੋਣ ਲੱਗਾ, ਅਤੇ ਸਾਮਰਾਜ ਦੀ ਸ਼ਕਤੀ ਘੱਟਦੀ ਗਈ। ਹਾਵਰਡ ਯੂਨੀਵਰਸਿਟੀ ਦੇ ਸਾਬਕਾ ਪ੍ਰਧਾਨ ਚਾਰਲਜ਼ ਡਬਲਯੂ. ਐਲੀਅਟ ਨੇ ਟਿੱਪਣੀ ਕੀਤੀ: “ਪਰਿਵਾਰ ਅਤੇ ਪਰਿਵਾਰਕ ਜੀਵਨ ਦੀ ਸੁਰੱਖਿਆ ਅਤੇ ਤਰੱਕੀ ਹੀ ਸਭਿਅਤਾ ਦੇ ਮੁੱਖ ਟੀਚੇ ਹਨ ਅਤੇ ਸਾਰੇ ਜਤਨਾਂ ਦੇ ਮੁੱਖ ਉਦੇਸ਼ ਹਨ।”
ਜੀ ਹਾਂ, ਪਰਿਵਾਰ ਇਕ ਮਨੁੱਖੀ ਜ਼ਰੂਰਤ ਹੈ। ਇਹ ਸਮਾਜ ਦੀ ਸਥਿਰਤਾ ਉੱਤੇ ਅਤੇ ਬੱਚਿਆਂ ਤੇ ਭਾਵੀ ਪੀੜ੍ਹੀਆਂ ਦੇ ਕਲਿਆਣ ਉੱਤੇ ਸਿੱਧਾ ਅਸਰ ਪਾਉਂਦਾ ਹੈ। ਬਿਨਾਂ ਸ਼ੱਕ, ਬਹੁਤ ਸਾਰੀਆਂ ਇਕੱਲੀਆਂ ਮਾਵਾਂ ਹਨ ਜੋ ਆਪਣੇ ਬੱਚਿਆਂ ਨੂੰ ਸਦਗੁਣੀ ਬਣਾਉਣ ਲਈ ਬਹੁਤ ਮਿਹਨਤ ਕਰਦੀਆਂ ਹਨ, ਅਤੇ ਇਸ ਸਖ਼ਤ ਮਿਹਨਤ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ। ਫਿਰ ਵੀ, ਅਧਿਐਨ ਦਿਖਾਉਂਦੇ ਹਨ ਕਿ ਜੇਕਰ ਬੱਚੇ ਮਾਤਾ-ਪਿਤਾ ਨਾਲ ਇੱਕੋ ਪਰਿਵਾਰ ਵਿਚ ਰਹਿੰਦੇ ਹਨ, ਤਾਂ ਉਹ ਜ਼ਿਆਦਾ ਵੱਧਦੇ-ਫੁੱਲਦੇ ਹਨ।
ਆਸਟ੍ਰੇਲੀਆ ਵਿਚ 2,100 ਕਿਸ਼ੋਰਾਂ ਉੱਤੇ ਕੀਤੇ ਗਏ ਇਕ ਅਧਿਐਨ ਨੇ ਪਾਇਆ ਕਿ “ਸੰਯੁਕਤ ਪਰਿਵਾਰਾਂ ਵਿਚ ਰਹਿਣ ਵਾਲੇ ਬੱਚਿਆਂ ਨਾਲੋਂ ਟੁੱਟੇ ਪਰਿਵਾਰਾਂ ਵਿਚ ਰਹਿਣ ਵਾਲੇ ਕਿਸ਼ੋਰਾਂ ਵਿਚ ਆਮ ਸਿਹਤ ਸਮੱਸਿਆਵਾਂ ਜ਼ਿਆਦਾ ਸਨ, ਭਾਵਾਤਮਕ ਸਮੱਸਿਆਵਾਂ ਦੀ ਸੰਭਾਵਨਾ ਜ਼ਿਆਦਾ ਸੀ, ਅਤੇ ਲਿੰਗੀ ਤੌਰ ਤੇ ਸਕ੍ਰਿਆ ਹੋਣ ਦੀ ਸੰਭਾਵਨਾ ਜ਼ਿਆਦਾ ਸੀ।” ਯੂ. ਐਸ. ਨੈਸ਼ਨਲ ਇੰਸਟੀਚੀਊਟ ਆਫ਼ ਹੈਲਥ ਸਟੈਟਿਸਟਿਕਸ ਦੁਆਰਾ ਕੀਤੇ ਗਏ ਇਕ ਅਧਿਐਨ ਨੇ ਪ੍ਰਗਟ ਕੀਤਾ ਕਿ ਟੁੱਟੇ ਪਰਿਵਾਰਾਂ ਦੇ ਬੱਚਿਆਂ ਨਾਲ “ਦੁਰਘਟਨਾ ਵਾਪਰਨ ਦੀ ਸੰਭਾਵਨਾ 20-30 ਪ੍ਰਤਿਸ਼ਤ ਜ਼ਿਆਦਾ ਹੁੰਦੀ ਹੈ, ਕਲਾਸ ਦੁਹਰਾਉਣ ਦੀ ਸੰਭਾਵਨਾ 40-75 ਪ੍ਰਤਿਸ਼ਤ ਜ਼ਿਆਦਾ ਹੁੰਦੀ ਹੈ, ਅਤੇ ਸਕੂਲ ਵਿੱਚੋਂ ਕੱਢੇ ਜਾਣ ਦੀ ਸੰਭਾਵਨਾ 70 ਪ੍ਰਤਿਸ਼ਤ ਜ਼ਿਆਦਾ ਹੁੰਦੀ ਹੈ।” ਅਤੇ ਇਕ ਨੀਤੀ ਵਿਸ਼ਲੇਸ਼ਕ ਰਿਪੋਰਟ ਕਰਦਾ ਹੈ ਕਿ “ਰਵਾਇਤੀ ਪਰਿਵਾਰਾਂ ਵਿਚ ਵੱਡੇ ਹੋਣ ਵਾਲੇ ਬੱਚਿਆਂ ਨਾਲੋਂ ਇਕੱਲੀ ਮਾਤਾ ਜਾਂ ਪਿਤਾ ਵਾਲੇ ਪਰਿਵਾਰਾਂ ਦੇ ਬੱਚੇ ਸੰਭਵ ਤੌਰ ਤੇ ਅਪਰਾਧ ਵਿਚ ਜ਼ਿਆਦਾ ਸ਼ਾਮਲ ਹੁੰਦੇ ਹਨ।”
ਘਰ ਇਕ ਪਨਾਹ ਹੈ
ਪਰਿਵਾਰਕ ਪ੍ਰਬੰਧ ਸਾਰਿਆਂ ਨੂੰ ਇਕ ਖ਼ੁਸ਼ਹਾਲ, ਉਸਾਰੂ, ਅਤੇ ਸੁਹਾਵਣਾ ਘਰ ਪੇਸ਼ ਕਰਦਾ ਹੈ। ਇਕ ਸਵੀਡਿਸ਼ ਅਧਿਕਾਰੀ ਦਾਅਵਾ ਕਰਦਾ ਹੈ: “ਖ਼ੁਸ਼ੀ ਅਤੇ ਕਲਿਆਣ ਦਾ ਸਭ ਤੋਂ ਮਹੱਤਵਪੂਰਣ ਸੋਮਾ ਨਾ ਕਿੱਤਾ ਹੈ, ਨਾ ਚੀਜ਼ਾਂ ਹਨ, ਨਾ ਸ਼ੁਗਲ ਹਨ, ਅਤੇ ਨਾ ਹੀ ਦੋਸਤ ਹਨ ਪਰ ਪਰਿਵਾਰ।”
ਬਾਈਬਲ ਦਿਖਾਉਂਦੀ ਹੈ ਕਿ ਧਰਤੀ ਉੱਤੇ ਹਰ ਪਰਿਵਾਰ ਦਾ ਨਾਂ ਪਰਿਵਾਰਾਂ ਦੇ ਮਹਾਨ ਸਿਰਜਣਹਾਰ, ਯਹੋਵਾਹ ਪਰਮੇਸ਼ੁਰ ਤੋਂ ਆਖੀਦਾ ਹੈ, ਕਿਉਂ ਜੋ ਉਸ ਨੇ ਪਰਿਵਾਰਕ ਪ੍ਰਬੰਧ ਕਾਇਮ ਕੀਤਾ ਸੀ। (ਉਤਪਤ 1:27, 28; 2:23, 24; ਅਫ਼ਸੀਆਂ 3:14, 15) ਪਰੰਤੂ, ਪ੍ਰੇਰਿਤ ਸ਼ਾਸਤਰ ਵਿਚ ਪੌਲੁਸ ਰਸੂਲ ਨੇ ਭਵਿੱਖਬਾਣੀ ਕੀਤੀ ਸੀ ਕਿ ਪਰਿਵਾਰ ਉੱਤੇ ਜ਼ਬਰਦਸਤ ਹਮਲਾ ਹੋਵੇਗਾ, ਜਿਸ ਦਾ ਸਿੱਟਾ ਮਸੀਹੀ ਕਲੀਸਿਯਾ ਤੋਂ ਬਾਹਰ ਨੈਤਿਕਤਾ ਅਤੇ ਮਨੁੱਖੀ ਸਮਾਜ ਦਾ ਪਤਨ ਸੀ। ਉਸ ਨੇ ਕਿਹਾ ਕਿ “ਅੰਤ ਦਿਆਂ ਦਿਨਾਂ” ਦੀ ਵਿਸ਼ੇਸ਼ਤਾ ਬੇਵਫ਼ਾਈ, “ਨਿਰਮੋਹ,” ਅਤੇ ਮਾਪਿਆਂ ਪ੍ਰਤੀ ਅਣਆਗਿਆਕਾਰਤਾ ਹੋਵੇਗੀ, ਅਤੇ ਇਹ ਔਗੁਣ ਉਨ੍ਹਾਂ ਵਿਚ ਵੀ ਪਾਏ ਜਾਣਗੇ ਜੋ ‘ਭਗਤੀ ਦਾ ਰੂਪ ਧਾਰਦੇ ਹਨ।’ ਉਸ ਨੇ ਮਸੀਹੀਆਂ ਨੂੰ ਅਜਿਹਿਆਂ ਤੋਂ ਪਰੇ ਰਹਿਣ ਦੀ ਤਾਕੀਦ ਕੀਤੀ। ਯਿਸੂ ਨੇ ਪਹਿਲਾਂ ਦੱਸਿਆ ਸੀ ਕਿ ਪਰਮੇਸ਼ੁਰ ਦੀ ਸੱਚਾਈ ਪ੍ਰਤੀ ਵਿਰੋਧਤਾ ਕਾਰਨ ਪਰਿਵਾਰਾਂ ਵਿਚ ਫੁੱਟਾਂ ਪੈਣਗੀਆਂ।—2 ਤਿਮੋਥਿਉਸ 3:1-5; ਮੱਤੀ 10:32-37.
ਪਰੰਤੂ, ਪਰਮੇਸ਼ੁਰ ਨੇ ਸਾਨੂੰ ਬੇਸਹਾਰਾ ਨਹੀਂ ਛੱਡਿਆ ਹੈ। ਉਸ ਦੇ ਬਚਨ ਵਿਚ ਪਰਿਵਾਰਕ ਰਿਸ਼ਤਿਆਂ ਸੰਬੰਧੀ ਬਹੁਤ ਸਾਰੀਆਂ ਹਿਦਾਇਤਾਂ ਦਿੱਤੀਆਂ ਗਈਆਂ ਹਨ। ਇਹ ਸਾਨੂੰ ਦੱਸਦਾ ਹੈ ਕਿ ਅਸੀਂ ਆਪਣੇ ਪਰਿਵਾਰ ਨੂੰ ਸਫ਼ਲ ਅਤੇ ਘਰ ਨੂੰ ਇਕ ਸੁਖਦਾਈ ਜਗ੍ਹਾ ਕਿਵੇਂ ਬਣਾ ਸਕਦੇ ਹਾਂ ਜਿੱਥੇ ਪਰਿਵਾਰ ਦੇ ਹਰ ਜੀਅ ਕੋਲ ਦੂਸਰਿਆਂ ਪ੍ਰਤੀ ਜ਼ਿੰਮੇਵਾਰੀ ਹੈ।a—ਅਫ਼ਸੀਆਂ 5:33; 6:1-4.
ਕੀ ਇਨ੍ਹਾਂ ਦਿਨਾਂ ਵਿਚ, ਜਦੋਂ ਕਿ ਪਰਿਵਾਰ ਨੂੰ ਬਹੁਤ ਜ਼ਿਆਦਾ ਖ਼ਤਰਾ ਹੈ, ਅਜਿਹਾ ਇਕ ਖ਼ੁਸ਼ੀਆਂ ਭਰਿਆ ਰਿਸ਼ਤਾ ਕਾਇਮ ਕਰਨਾ ਸੰਭਵ ਹੈ? ਯਕੀਨਨ ਸੰਭਵ ਹੈ! ਇਸ ਕਠੋਰ, ਰੇਗਿਸਤਾਨ ਵਰਗੇ ਸੰਸਾਰ ਵਿਚ ਤੁਸੀਂ ਆਪਣੇ ਪਰਿਵਾਰ ਨੂੰ ਆਨੰਦ ਅਤੇ ਤਾਜ਼ਗੀ ਦੇਣ ਵਾਲਾ ਚਸ਼ਮਾ ਬਣਾ ਸਕਦੇ ਹੋ। ਪਰ ਇਹ ਪਰਿਵਾਰ ਦੇ ਦਾਇਰੇ ਵਿਚ ਹਰ ਮੈਂਬਰ ਤੋਂ ਕੁਝ ਮੰਗ ਕਰਦਾ ਹੈ। ਅੱਗੇ ਕੁਝ ਸੁਝਾਅ ਦਿੱਤੇ ਗਏ ਹਨ।
ਆਪਣੇ ਪਰਿਵਾਰ ਦੀ ਬਚਣ ਵਿਚ ਮਦਦ ਕਰਨਾ
ਪਰਿਵਾਰ ਲਈ ਸੰਯੁਕਤ ਰਹਿਣ ਦਾ ਇਕ ਸਭ ਤੋਂ ਵਧੀਆ ਤਰੀਕਾ ਹੈ ਇਕੱਠੇ ਸਮਾਂ ਬਤੀਤ ਕਰਨਾ। ਸਾਰੇ ਜੀਆਂ ਨੂੰ ਇੱਛਾ-ਪੂਰਵਕ ਆਪਣੇ ਵਿਹਲੇ ਸਮੇਂ ਨੂੰ ਇਕੱਠੇ ਬਿਤਾਉਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਲਈ ਸ਼ਾਇਦ ਤਿਆਗ ਕਰਨੇ ਪੈਣ। ਉਦਾਹਰਣ ਲਈ, ਹੇ ਕਿਸ਼ੋਰੋ, ਤੁਹਾਨੂੰ ਸ਼ਾਇਦ ਆਪਣੇ ਕੁਝ ਮਨਪਸੰਦ ਟੀ. ਵੀ. ਪ੍ਰੋਗ੍ਰਾਮਾਂ ਨੂੰ, ਖੇਡਾਂ ਨੂੰ, ਜਾਂ ਦੋਸਤਾਂ ਨਾਲ ਬਾਹਰ ਜਾਣ ਦੇ ਮੌਕਿਆਂ ਨੂੰ ਤਿਆਗਣਾ ਪਵੇ। ਹੇ ਪਿਤਾਓ, ਜੋ ਆਮ ਤੌਰ ਤੇ ਰੋਟੀ ਕਮਾਉਣ ਵਾਲੇ ਹੋ, ਤੁਸੀਂ ਆਪਣੇ ਵਿਹਲੇ ਸਮੇਂ ਨੂੰ ਕੇਵਲ ਆਪਣੇ ਹੀ ਸ਼ੁਗਲ ਜਾਂ ਦੂਸਰੇ ਨਿੱਜੀ ਕੰਮਾਂ ਵਿਚ ਨਾ ਲਗਾਓ। ਪਰਿਵਾਰ ਨਾਲ ਸਮਾਂ ਬਿਤਾਉਣ ਦੀ ਯੋਜਨਾ ਬਣਾਓ, ਸ਼ਾਇਦ ਇਕੱਠੇ ਸਪਤਾਹ-ਅੰਤ ਜਾਂ ਛੁੱਟੀਆਂ ਮਨਾਉਣ ਬਾਰੇ। ਨਿਰਸੰਦੇਹ, ਕੋਈ ਅਜਿਹੀ ਯੋਜਨਾ ਬਣਾਓ ਜਿਸ ਤੋਂ ਸਾਰੇ ਆਨੰਦ ਪ੍ਰਾਪਤ ਕਰਨਗੇ ਅਤੇ ਜਿਸ ਦੀ ਉਹ ਉਤਸੁਕਤਾ ਨਾਲ ਉਡੀਕ ਕਰਨਗੇ।
ਬੱਚਿਆਂ ਨੂੰ ਆਪਣੇ ਮਾਪਿਆਂ ਵੱਲੋਂ ਨਾਂ-ਮਾਤਰ ਅਰਥਪੂਰਣ ਸਮੇਂ, ਅਰਥਾਤ ਨਿਰਧਾਰਿਤ ਅੱਧੇ ਕੁ ਘੰਟੇ ਨਾਲੋਂ ਜ਼ਿਆਦਾ ਸਮੇਂ ਦੀ ਜ਼ਰੂਰਤ ਹੈ। ਉਨ੍ਹਾਂ ਨੂੰ ਭਰਪੂਰ ਸਮਾਂ ਚਾਹੀਦਾ ਹੈ। ਸਵੀਡਿਸ਼ ਰੋਜ਼ਾਨਾ ਅਖ਼ਬਾਰ ਵਿਚ ਇਕ ਕਾਲਮਨਵੀਸ ਲਿਖਦਾ ਹੈ: “ਪੱਤਰਕਾਰ ਵਜੋਂ ਆਪਣੇ 15 ਸਾਲਾਂ ਦੌਰਾਨ, ਮੈਂ ਕਾਫ਼ੀ ਗਿਣਤੀ ਵਿਚ ਬਾਲ ਅਪਰਾਧੀਆਂ ਨੂੰ ਮਿਲਿਆ ਹਾਂ। . . . ਇਕ ਆਮ ਗੱਲ ਹੈ ਕਿ ਉਨ੍ਹਾਂ ਦਾ ਪਾਲਣ-ਪੋਸ਼ਣ ਕਰਨ ਲਈ ਕੇਵਲ ਅਰਥਪੂਰਣ ਸਮਾਂ ਹੀ ਦਿੱਤਾ ਗਿਆ ਜਾਪਦਾ ਹੈ: ‘ਮੇਰੇ ਮਾਪਿਆਂ ਕੋਲ ਸਮਾਂ ਨਹੀਂ ਸੀ।’ ‘ਉਹ ਕਦੀ ਮੇਰੀ ਗੱਲ ਨਹੀਂ ਸੁਣਦੇ ਸਨ।’ ‘ਮੇਰੇ ਪਿਤਾ ਜੀ ਹਮੇਸ਼ਾ ਸਫ਼ਰ ਕਰਦੇ ਰਹਿੰਦੇ ਸਨ।’ . . . ਮਾਪਿਆਂ ਵਜੋਂ, ਤੁਸੀਂ ਹਮੇਸ਼ਾ ਚੋਣ ਕਰ ਸਕਦੇ ਹੋ ਕਿ ਤੁਸੀਂ ਆਪਣੇ ਬੱਚਿਆਂ ਨਾਲ ਕਿੰਨਾ ਸਮਾਂ ਬਿਤਾਓਗੇ। ਤੁਹਾਡੀ ਚੋਣ ਦੀ ਪਰਖ 15 ਸਾਲ ਬਾਅਦ ਇਕ ਬੇਰਹਿਮ 15-ਸਾਲਾ ਬੱਚੇ ਦੁਆਰਾ ਕੀਤੀ ਜਾਵੇਗੀ।”
ਪੈਸੇ ਪ੍ਰਤੀ ਸਹੀ ਦ੍ਰਿਸ਼ਟੀਕੋਣ
ਸਾਰੇ ਜੀਆਂ ਨੂੰ ਪੈਸੇ ਪ੍ਰਤੀ ਸਹੀ ਦ੍ਰਿਸ਼ਟੀਕੋਣ ਵੀ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਨੂੰ ਪਰਿਵਾਰ ਦੇ ਸਾਂਝੇ ਖ਼ਰਚਿਆਂ ਵਿਚ ਆਪਣੀ ਯੋਗਤਾ ਅਨੁਸਾਰ ਹਿੱਸਾ ਪਾਉਣ ਲਈ ਤਿਆਰ ਹੋਣਾ ਚਾਹੀਦਾ ਹੈ। ਬਹੁਤ ਸਾਰੀਆਂ ਔਰਤਾਂ ਨੂੰ ਘਰ ਦਾ ਗੁਜ਼ਾਰਾ ਤੋਰਨ ਲਈ ਨੌਕਰੀ ਕਰਨੀ ਪੈਂਦੀ ਹੈ, ਪਰੰਤੂ ਹੇ ਪਤਨੀਓ, ਤੁਹਾਨੂੰ ਉਨ੍ਹਾਂ ਖ਼ਤਰਿਆਂ ਅਤੇ ਪਰਤਾਵਿਆਂ ਤੋਂ ਜਾਣੂ ਹੋਣਾ ਚਾਹੀਦਾ ਹੈ ਜੋ ਤੁਹਾਡੇ ਉੱਤੇ ਆ ਸਕਦੇ ਹਨ। ਇਹ ਸੰਸਾਰ ਤੁਹਾਨੂੰ ਆਪਣੀ ਹਰ ਇੱਛਾ ਨੂੰ “ਪੂਰਾ ਕਰਨ” ਅਤੇ “ਆਪਣੀ ਮਰਜ਼ੀ ਕਰਨ” ਲਈ ਉਕਸਾਉਂਦਾ ਹੈ। ਇਸ ਕਾਰਨ ਤੁਸੀਂ ਸਵੈ-ਨਿਰਭਰ ਬਣ ਸਕਦੀਆਂ ਹੋ ਅਤੇ ਇਕ ਮਾਂ ਅਤੇ ਸੁਆਣੀ ਵਜੋਂ ਆਪਣੀ ਪਰਮੇਸ਼ੁਰ-ਦਿੱਤ ਭੂਮਿਕਾ ਤੋਂ ਅਸੰਤੁਸ਼ਟ ਹੋ ਸਕਦੀਆਂ ਹੋ।—ਤੀਤੁਸ 2:4, 5.
ਹੇ ਮਾਤਾਓ, ਜੇ ਤੁਸੀਂ ਘਰ ਵਿਚ ਰਹਿ ਕੇ ਆਪਣੇ ਬੱਚਿਆਂ ਦੇ ਮਾਰਗ-ਦਰਸ਼ਕ ਅਤੇ ਦੋਸਤ ਬਣ ਸਕਦੀਆਂ ਹੋ, ਤਾਂ ਇਹ ਬਿਨਾਂ ਸ਼ੱਕ ਮਜ਼ਬੂਤ ਬੰਧਨਾਂ ਨੂੰ ਕਾਇਮ ਕਰਨ ਵਿਚ ਬਹੁਤ ਯੋਗਦਾਨ ਪਾਏਗਾ ਜੋ ਹਰ ਮੁਸੀਬਤ ਵੇਲੇ ਤੁਹਾਡੇ ਪਰਿਵਾਰ ਨੂੰ ਇਕੱਠਿਆਂ ਰੱਖੇਗਾ। ਇਕ ਔਰਤ ਘਰ ਨੂੰ ਖ਼ੁਸ਼ਹਾਲ ਅਤੇ ਸੁਰੱਖਿਅਤ ਬਣਾਉਣ ਅਤੇ ਇਸ ਨੂੰ ਚੰਗੀ ਤਰ੍ਹਾਂ ਚਲਾਉਣ ਵਿਚ ਕਾਫ਼ੀ ਵੱਡਾ ਯੋਗਦਾਨ ਪਾ ਸਕਦੀ ਹੈ। “ਇਕ ਡੇਰੇ ਨੂੰ ਬਣਾਉਣ ਲਈ ਸੌ ਆਦਮੀਆਂ ਦੀ ਜ਼ਰੂਰਤ ਪੈਂਦੀ ਹੈ, ਪਰ ਇਕ ਔਰਤ ਘਰ ਨੂੰ ਬਣਾ ਸਕਦੀ ਹੈ,” 19ਵੀਂ ਸਦੀ ਦੇ ਇਕ ਸਿਆਸਤਦਾਨ ਨੇ ਕਿਹਾ।
ਜੇਕਰ ਪਰਿਵਾਰ ਦੇ ਸਾਰੇ ਜੀਅ ਚਾਦਰ ਵੇਖ ਕੇ ਪੈਰ ਪਸਾਰਨ ਦੀ ਕੋਸ਼ਿਸ਼ ਕਰਨ, ਤਾਂ ਇਹ ਪਰਿਵਾਰ ਨੂੰ ਅਨੇਕ ਸਮੱਸਿਆਵਾਂ ਤੋਂ ਬਚਾਏਗਾ। ਜੋੜਿਆਂ ਨੂੰ ਸਾਦਾ ਜੀਵਨ ਜੀਉਣ ਅਤੇ ਅਧਿਆਤਮਿਕ ਹਿੱਤਾਂ ਨੂੰ ਪਹਿਲਾਂ ਰੱਖਣ ਵਿਚ ਸਹਿਮਤ ਹੋਣਾ ਚਾਹੀਦਾ ਹੈ। ਬੱਚਿਆਂ ਨੂੰ ਸੰਤੁਸ਼ਟ ਰਹਿਣਾ ਸਿੱਖਣਾ ਚਾਹੀਦਾ ਹੈ, ਅਤੇ ਉਨ੍ਹਾਂ ਚੀਜ਼ਾਂ ਦੀ ਮੰਗ ਨਹੀਂ ਕਰਨੀ ਚਾਹੀਦੀ ਹੈ ਜਿਸ ਨੂੰ ਪਰਿਵਾਰ ਦਾ ਬਜਟ ਸਹਾਰ ਨਹੀਂ ਸਕਦਾ। ਅੱਖਾਂ ਦੀਆਂ ਕਾਮਨਾਵਾਂ ਤੋਂ ਖ਼ਬਰਦਾਰ ਰਹੋ! ਆਪਣੀ ਸਮਰਥਾ ਤੋਂ ਬਾਹਰ ਉਨ੍ਹਾਂ ਚੀਜ਼ਾਂ ਨੂੰ ਕਰਜ਼ਾ ਲੈ ਕੇ ਖ਼ਰੀਦਣ ਦੇ ਲੋਭ ਨੇ ਬਹੁਤ ਸਾਰੇ ਪਰਿਵਾਰਾਂ ਨੂੰ ਤਬਾਹ ਕਰ ਦਿੱਤਾ ਹੈ। ਜੇਕਰ ਸਾਰੇ ਜੀਅ ਆਪਣਾ ਪੈਸਾ ਕਿਸੇ ਸਾਂਝੇ ਕੰਮ ਵਿਚ ਲਗਾਉਣ—ਇਕ ਤਾਜ਼ਗੀਦਾਇਕ ਸਫ਼ਰ ਵਿਚ, ਘਰ ਲਈ ਕੁਝ ਲਾਭਦਾਇਕ ਅਤੇ ਆਨੰਦਪੂਰਣ ਸਾਜ਼-ਸਮਾਨ ਖ਼ਰੀਦਣ ਵਿਚ, ਜਾਂ ਮਸੀਹੀ ਕਲੀਸਿਯਾ ਦੀ ਸਹਾਇਤਾ ਕਰਨ ਲਈ ਚੰਦਾ ਦੇਣ ਵਿਚ—ਤਾਂ ਇਹ ਪਰਿਵਾਰ ਦੀ ਏਕਤਾ ਲਈ ਫ਼ਾਇਦੇਮੰਦ ਹੋ ਸਕਦਾ ਹੈ।
ਖ਼ੁਸ਼ ਪਰਿਵਾਰ ਦੀ ਭਾਵਨਾ ਵਿਚ “ਯੋਗਦਾਨ” ਪਾਉਣ ਦਾ ਇਕ ਹੋਰ ਤਰੀਕਾ ਹੈ ਕਿ ਪਰਿਵਾਰ ਦੇ ਸਾਰੇ ਜੀਅ ਸਫ਼ਾਈ ਅਤੇ ਮੁਰੰਮਤ ਦੇ ਕੰਮ—ਘਰ, ਬਗ਼ੀਚੇ, ਕਾਰ, ਅਤੇ ਹੋਰ ਅਜਿਹੀਆਂ ਚੀਜ਼ਾਂ ਦੀ ਦੇਖ-ਭਾਲ—ਵਿਚ ਹਿੱਸਾ ਪਾਉਣ। ਪਰਿਵਾਰ ਦੇ ਹਰ ਜੀਅ ਨੂੰ, ਛੋਟੇ ਬੱਚਿਆਂ ਨੂੰ ਵੀ, ਕੋਈ ਕੰਮ ਦਿੱਤਾ ਜਾ ਸਕਦਾ ਹੈ। ਹੇ ਬੱਚਿਓ, ਆਪਣਾ ਸਮਾਂ ਨਸ਼ਟ ਕਰਨ ਦੀ ਨਾ ਕੋਸ਼ਿਸ਼ ਕਰੋ। ਇਸ ਦੀ ਬਜਾਇ, ਸਹਾਇਤਾ ਅਤੇ ਸਹਿਯੋਗ ਦੇਣ ਦੀ ਭਾਵਨਾ ਵਿਕਸਿਤ ਕਰੋ; ਇਸ ਨਾਲ ਸੱਚੀ ਦੋਸਤੀ ਅਤੇ ਸਾਥ ਬਣੇਗਾ, ਜੋ ਪਰਿਵਾਰਕ ਏਕਤਾ ਨੂੰ ਕਾਇਮ ਕਰਦਾ ਹੈ।
ਬਾਈਬਲ ਸਿੱਖਿਆ ਦੀ ਮਹੱਤਤਾ
ਇਕ ਸੰਯੁਕਤ ਮਸੀਹੀ ਪਰਿਵਾਰ ਵਿਚ, ਨਿਯਮਿਤ ਬਾਈਬਲ ਅਧਿਐਨ ਦੀ ਮਹੱਤਤਾ ਉੱਤੇ ਵੀ ਜ਼ੋਰ ਦਿੱਤਾ ਜਾਂਦਾ ਹੈ। ਸ਼ਾਸਤਰਵਚਨਾਂ ਦੀ ਰੋਜ਼ਾਨਾ ਚਰਚਾ ਅਤੇ ਪਵਿੱਤਰ ਸ਼ਾਸਤਰ ਦਾ ਸਪਤਾਹਕ ਅਧਿਐਨ ਇਕ ਸੰਯੁਕਤ ਪਰਿਵਾਰ ਲਈ ਆਧਾਰ ਪ੍ਰਦਾਨ ਕਰਦਾ ਹੈ। ਮੂਲ ਬਾਈਬਲ ਸੱਚਾਈਆਂ ਅਤੇ ਸਿਧਾਂਤਾਂ ਦੀ ਇਕੱਠੇ ਬੈਠ ਕੇ ਇਸ ਤਰੀਕੇ ਨਾਲ ਚਰਚਾ ਕੀਤੀ ਜਾਣੀ ਚਾਹੀਦੀ ਹੈ ਜੋ ਪਰਿਵਾਰ ਦੇ ਸਾਰੇ ਜੀਆਂ ਦੇ ਦਿਲਾਂ ਉੱਤੇ ਅਸਰ ਪਾਏ।
ਅਜਿਹੀਆਂ ਪਰਿਵਾਰਕ ਬੈਠਕਾਂ ਨੂੰ ਸਿੱਖਿਆਦਾਇਕ, ਪਰੰਤੂ ਨਾਲ ਹੀ ਆਨੰਦਮਈ ਅਤੇ ਉਤਸ਼ਾਹਪੂਰਣ ਵੀ ਹੋਣਾ ਚਾਹੀਦਾ ਹੈ। ਸਵੀਡਨ ਦੇ ਉੱਤਰੀ ਹਿੱਸੇ ਵਿਚ ਇਕ ਪਰਿਵਾਰ ਵਿਚ ਮਾਪੇ ਆਪਣੇ ਬੱਚਿਆਂ ਤੋਂ ਅਜਿਹੇ ਸਵਾਲ ਲਿਖਵਾਇਆ ਕਰਦੇ ਸਨ ਜੋ ਹਫ਼ਤੇ ਦੌਰਾਨ ਪੈਦਾ ਹੁੰਦੇ ਸਨ। ਫਿਰ ਇਨ੍ਹਾਂ ਸਵਾਲਾਂ ਦੀ ਸਪਤਾਹਕ ਬਾਈਬਲ ਅਧਿਐਨ ਦੌਰਾਨ ਚਰਚਾ ਕੀਤੀ ਜਾਂਦੀ ਸੀ। ਸਵਾਲ ਅਕਸਰ ਡੂੰਘੇ ਅਰਥ ਵਾਲੇ ਅਤੇ ਵਿਚਾਰ-ਉਕਸਾਊ ਹੁੰਦੇ ਸਨ ਅਤੇ ਸਵਾਲਾਂ ਨੇ ਬੱਚਿਆਂ ਦੀ ਸੋਚਣ-ਸ਼ਕਤੀ ਅਤੇ ਬਾਈਬਲ ਸਿੱਖਿਆਵਾਂ ਪ੍ਰਤੀ ਕਦਰ ਨੂੰ ਪ੍ਰਗਟ ਕੀਤਾ। ਕੁਝ ਸਵਾਲ ਸਨ: “ਕੀ ਯਹੋਵਾਹ ਹਰ ਚੀਜ਼ ਨੂੰ ਹਮੇਸ਼ਾ ਵਧਾਉਂਦਾ ਰਹਿੰਦਾ ਹੈ, ਜਾਂ ਕੀ ਉਸ ਨੇ ਇਹ ਸਿਰਫ਼ ਸ਼ੁਰੂ ਵਿਚ ਹੀ ਇਕ ਵਾਰ ਕੀਤਾ?” “ਬਾਈਬਲ ਕਿਉਂ ਕਹਿੰਦੀ ਹੈ ਕਿ ਪਰਮੇਸ਼ੁਰ ਨੇ ਆਦਮੀ ਨੂੰ ‘ਆਪਣੇ ਸਰੂਪ’ ਉੱਤੇ ਸ੍ਰਿਸ਼ਟ ਕੀਤਾ ਸੀ ਜਦ ਕਿ ਪਰਮੇਸ਼ੁਰ ਇਨਸਾਨ ਨਹੀਂ ਹੈ?” “ਕੀ ਪਰਾਦੀਸ ਵਿਚ ਆਦਮ ਅਤੇ ਹੱਵਾਹ ਸਰਦੀਆਂ ਵਿਚ ਠੰਢ ਨਾਲ ਠਰੇ ਨਹੀਂ ਕਿਉਂਕਿ ਉਨ੍ਹਾਂ ਦੇ ਪੈਰ ਨੰਗੇ ਸਨ ਅਤੇ ਉਨ੍ਹਾਂ ਕੋਲ ਕੱਪੜੇ ਨਹੀਂ ਸਨ?” “ਰਾਤ ਵੇਲੇ ਸਾਨੂੰ ਚੰਨ ਦੀ ਲੋੜ ਕਿਉਂ ਹੈ ਜਦੋਂ ਕਿ ਉਸ ਸਮੇਂ ਹਨੇਰਾ ਹੋਣਾ ਚਾਹੀਦਾ ਹੈ?” ਬੱਚੇ ਹੁਣ ਵੱਡੇ ਹੋ ਗਏ ਹਨ ਅਤੇ ਪੂਰਣ-ਕਾਲੀ ਸੇਵਕਾਂ ਵਜੋਂ ਪਰਮੇਸ਼ੁਰ ਦੀ ਸੇਵਾ ਕਰ ਰਹੇ ਹਨ।
ਪਰਿਵਾਰਕ ਮੁਸ਼ਕਲਾਂ ਨੂੰ ਸੁਲਝਾਉਂਦੇ ਸਮੇਂ, ਹੇ ਮਾਪਿਓ, ਤੁਸੀਂ ਸਕਾਰਾਤਮਕ ਅਤੇ ਹਸਮੁਖ ਰਹਿਣ ਦੀ ਪੂਰੀ ਕੋਸ਼ਿਸ਼ ਕਰੋ। ਵਿਚਾਰਸ਼ੀਲ ਅਤੇ ਪਰਿਵਰਤਨਸ਼ੀਲ ਬਣੋ, ਪਰੰਤੂ ਜਦੋਂ ਮਹੱਤਵਪੂਰਣ ਸਿਧਾਂਤਾਂ ਵੱਲ ਧਿਆਨ ਦੇਣ ਦੀ ਗੱਲ ਆਉਂਦੀ ਹੈ, ਤਾਂ ਦ੍ਰਿੜ੍ਹ ਰਹੋ। ਤੁਹਾਡੇ ਬੱਚੇ ਇਹ ਦੇਖਣ ਕਿ ਤੁਹਾਡੇ ਫ਼ੈਸਲੇ ਹਮੇਸ਼ਾ ਪਰਮੇਸ਼ੁਰ ਅਤੇ ਉਸ ਦੇ ਸਹੀ ਸਿਧਾਂਤਾਂ ਪ੍ਰਤੀ ਪ੍ਰੇਮ ਤੇ ਆਧਾਰਿਤ ਹੁੰਦੇ ਹਨ। ਸਕੂਲ ਦਾ ਮਾਹੌਲ ਅਕਸਰ ਤਣਾਅ-ਭਰਿਆ ਅਤੇ ਨਿਰਾਸ਼ਾਜਨਕ ਹੁੰਦਾ ਹੈ, ਅਤੇ ਅਜਿਹੇ ਪ੍ਰਭਾਵ ਦਾ ਵਿਰੋਧ ਕਰਨ ਲਈ ਘਰ ਵਿਚ ਬੱਚਿਆਂ ਨੂੰ ਬਹੁਤ ਉਤਸ਼ਾਹ ਦੀ ਲੋੜ ਹੁੰਦੀ ਹੈ।
ਹੇ ਮਾਪਿਓ, ਸੰਪੂਰਣ ਹੋਣ ਦਾ ਦਿਖਾਵਾ ਨਾ ਕਰੋ। ਗ਼ਲਤੀ ਨੂੰ ਮੰਨੋ ਅਤੇ ਜ਼ਰੂਰਤ ਪੈਣ ਤੇ ਆਪਣੇ ਬੱਚਿਆਂ ਤੋਂ ਮਾਫ਼ੀ ਮੰਗੋ। ਹੇ ਨੌਜਵਾਨੋ, ਜਦੋਂ ਮੰਮੀ-ਡੈਡੀ ਆਪਣੀ ਗ਼ਲਤੀ ਮੰਨਦੇ ਹਨ, ਤਾਂ ਉਨ੍ਹਾਂ ਪ੍ਰਤੀ ਆਪਣੇ ਪ੍ਰੇਮ ਨੂੰ ਹੋਰ ਵਧਾਓ।—ਉਪਦੇਸ਼ਕ ਦੀ ਪੋਥੀ 7:16.
ਜੀ ਹਾਂ, ਇਕ ਸੰਯੁਕਤ ਪਰਿਵਾਰ ਘਰ ਨੂੰ ਸ਼ਾਂਤੀ, ਸੁਰੱਖਿਆ, ਅਤੇ ਖ਼ੁਸ਼ੀਆਂ ਭਰਿਆ ਬਣਾਉਂਦਾ ਹੈ। ਜਰਮਨ ਕਵੀ ਗੋਇਟਾ ਨੇ ਇਕ ਵਾਰ ਕਿਹਾ: “ਰਾਜਾ ਹੋਵੇ ਜਾਂ ਰੰਕ, ਉਹੀ ਇਨਸਾਨ ਸਭ ਤੋਂ ਖ਼ੁਸ਼ ਹੈ ਜਿਸ ਨੂੰ ਆਪਣੇ ਘਰ ਵਿਚ ਖ਼ੁਸ਼ੀ ਮਿਲਦੀ ਹੈ।” ਕਦਰਦਾਨ ਮਾਪਿਆਂ ਅਤੇ ਬੱਚਿਆਂ ਲਈ, ਘਰ ਵਰਗੀ ਹੋਰ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ ਹੈ।
ਇਹ ਸੱਚ ਹੈ ਕਿ ਅੱਜ ਪਰਿਵਾਰ ਨੂੰ ਇਸ ਸੰਸਾਰ, ਜਿਸ ਵਿਚ ਅਸੀਂ ਰਹਿ ਰਹੇ ਹਾਂ, ਦੇ ਦਬਾਵਾਂ ਤੋਂ ਬਹੁਤ ਖ਼ਤਰਾ ਹੈ। ਪਰੰਤੂ ਕਿਉਂਕਿ ਪਰਮੇਸ਼ੁਰ ਨੇ ਪਰਿਵਾਰ ਦਾ ਆਰੰਭ ਕੀਤਾ, ਇਸ ਲਈ ਇਹ ਜ਼ਰੂਰ ਬਚੇਗਾ। ਤੁਹਾਡਾ ਪਰਿਵਾਰ ਬਚੇਗਾ ਅਤੇ ਤੁਸੀਂ ਵੀ ਬਚੋਗੇ, ਜੇਕਰ ਤੁਸੀਂ ਖ਼ੁਸ਼ ਪਰਿਵਾਰਕ ਜੀਵਨ ਲਈ ਪਰਮੇਸ਼ੁਰ ਦੇ ਧਰਮੀ ਮਾਰਗ-ਦਰਸ਼ਨ ਅਨੁਸਾਰ ਚੱਲਦੇ ਹੋ।
[ਫੁਟਨੋਟ]
a ਇਸ ਵਿਸ਼ੇ ਉੱਤੇ ਹੋਰ ਜਾਣਕਾਰੀ ਲਈ, ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਕੀਤੀ ਗਈ 192 ਸਫ਼ਿਆਂ ਦੀ ਪੁਸਤਕ ਪਰਿਵਾਰਕ ਖ਼ੁਸ਼ੀ ਦਾ ਰਾਜ਼ ਦੇਖੋ।