ਨਿੱਜੀ ਅਧਿਐਨ ਦੁਆਰਾ ਅਧਿਆਤਮਿਕ ਪ੍ਰਗਤੀ ਹੁੰਦੀ ਹੈ
1 ਯਹੋਵਾਹ ਇਕ ਪ੍ਰਗਤੀਸ਼ੀਲ ਪਰਮੇਸ਼ੁਰ ਹੈ। ਇਹ ਧਰਤੀ ਦੀ ਸ੍ਰਿਸ਼ਟੀ ਤੋਂ ਸਪੱਸ਼ਟ ਸੀ। ਸ੍ਰਿਸ਼ਟੀ ਦਾ ਹਰੇਕ ਪੜਾਅ ਮਾਨਵਜਾਤੀ ਦੀ ਸਦੀਵੀ ਹੋਂਦ ਲਈ ਇਕ ਸੁੰਦਰ ਧਰਤੀ ਤਿਆਰ ਕਰਨ ਵੱਲ ਪ੍ਰਗਤੀ ਸੀ। ਜਦੋਂ ਮਾਨਵ ਨੇ ਸ਼ੁੱਧ ਉਪਾਸਨਾ ਨੂੰ ਅਵੱਗਿਆਪੂਰਵਕ ਤਿਆਗ ਦਿੱਤਾ, ਉਦੋਂ ਵੀ ਪਿਆਰ ਨੇ ਯਹੋਵਾਹ ਨੂੰ ਪ੍ਰੇਰਿਤ ਕੀਤਾ ਕਿ ਉਹ ਧਰਤੀ ਉੱਤੇ ਪਰਾਦੀਸ ਨੂੰ ਆਖ਼ਰਕਾਰ ਮੁੜ-ਸਥਾਪਿਤ ਕਰਨ ਲਈ ਇਕ ਪ੍ਰਗਤੀਸ਼ੀਲ ਪ੍ਰਬੰਧ ਆਰੰਭ ਕਰੇ।—ਉਤ. 3:15.
2 ਮੁੱਢ ਵਿਚ ਪਰਮੇਸ਼ੁਰ ਦੇ ਸਰੂਪ ਉੱਤੇ ਬਣਾਏ ਗਏ ਮਨੁੱਖ ਨੂੰ ਵੀ ਇਕ ਪ੍ਰਗਤੀਸ਼ੀਲ ਸੁਭਾਉ ਨਾਲ ਰਚਿਆ ਗਿਆ ਹੈ। ਪਰ ਅੱਜ ਬਹੁਤ ਸਾਰੇ ਲੋਕ ਮਾਲੀ ਸੰਪਤੀ ਵਧਾਉਣ ਨੂੰ ਹੀ ਪ੍ਰਗਤੀ ਸਮਝਦੇ ਹਨ। ਕੀ ਯਹੋਵਾਹ ਅੱਜ ਆਪਣੇ ਸੇਵਕਾਂ ਵਿਚ ਇਸ ਤਰ੍ਹਾਂ ਦੀ ਪ੍ਰਗਤੀ ਚਾਹੁੰਦਾ ਹੈ? ਤੁਹਾਡੇ ਜੀਵਨ ਵਿਚ ਮੁੱਖ ਤੌਰ ਤੇ ਕਿਸ ਪ੍ਰਕਾਰ ਦੀ ਪ੍ਰਗਤੀ ਦਿਖਾਈ ਦਿੰਦੀ ਹੈ?
3 ਪਰਮੇਸ਼ੁਰ ਅਤੇ ਗੁਆਂਢੀ ਲਈ ਪਿਆਰ ਅਧਿਆਤਮਿਕ ਪ੍ਰਗਤੀ ਨੂੰ ਪ੍ਰੇਰਦਾ ਹੈ: ਹਾਲਾਂਕਿ ਮਸੀਹੀਆਂ ਨੂੰ ਆਪਣੇ ਪਰਿਵਾਰਾਂ ਦੀਆਂ ਲੋੜਾਂ ਦੀ ਉਚਿਤ ਰੂਪ ਵਿਚ ਪੂਰਤੀ ਕਰਨ ਦੀ ਜ਼ਰੂਰਤ ਨੂੰ ਸਮਝਣਾ ਚਾਹੀਦਾ ਹੈ, ਫਿਰ ਵੀ ਉਨ੍ਹਾਂ ਨੂੰ ਇਹ ਵੀ ਅਹਿਸਾਸ ਹੋਣਾ ਚਾਹੀਦਾ ਹੈ ਕਿ ਇਹ ਲੋੜਾਂ ਉਨ੍ਹਾਂ ਦੇ ਧਿਆਨ ਦਾ ਮੁੱਖ ਕੇਂਦਰ ਨਹੀਂ ਬਣਨੀਆਂ ਚਾਹੀਦੀਆਂ ਹਨ। ਇਕ ਨੌਜਵਾਨ ਵਜੋਂ, ਯਿਸੂ ਨੇ ਅਧਿਆਤਮਿਕ ਪ੍ਰਗਤੀ ਨੂੰ ਜੀਵਨ ਦਾ ਸਭ ਤੋਂ ਮਹੱਤਵਪੂਰਣ ਟੀਚਾ ਸਮਝਿਆ। (ਲੂਕਾ 2:52) ਬਾਅਦ ਵਿਚ, ਉਸ ਨੇ ਮਰਕੁਸ 12:29-31 ਵਿਚ ਦਰਜ ਸ਼ਬਦਾਂ ਰਾਹੀਂ ਬਿਆਨ ਕੀਤਾ ਕਿ ਉਸ ਦੀ ਅਧਿਆਤਮਿਕ ਪ੍ਰਗਤੀ ਦਾ ਕੀ ਕਾਰਨ ਸੀ।
4 ਜ਼ਰਾ ਕੁਝ ਸਮੇਂ ਲਈ ਵਿਚਾਰ ਕਰੋ ਕਿ ਅਸੀਂ ਕਿੰਨੀ ਅਧਿਆਤਮਿਕ ਪ੍ਰਗਤੀ ਕਰ ਰਹੇ ਹਾਂ। ਜਦੋਂ ਅਸੀਂ ਪਹਿਲਾਂ-ਪਹਿਲ ਯਹੋਵਾਹ ਅਤੇ ਉਸ ਦੇ ਵਿਅਕਤਿੱਤਵ ਬਾਰੇ ਸਿੱਖਿਆ, ਤਾਂ ਉਸ ਪ੍ਰਤੀ ਸਾਡੀ ਕਦਰ ਅਤੇ ਪਿਆਰ ਨੇ ਸਾਨੂੰ ਆਪਣੀ ਸੋਚਣੀ ਅਤੇ ਜੀਵਨ-ਢੰਗ ਵਿਚ ਤਬਦੀਲੀਆਂ ਲਿਆਉਣ ਲਈ ਪ੍ਰੇਰਿਆ ਸੀ। ਇਹ ਪਿਆਰ ਇੰਨਾ ਵਧਿਆ ਕਿ ਇਸ ਨੇ ਸਾਡੇ ਵਿਚ ਇੱਛਾ ਪੈਦਾ ਕੀਤੀ ਕਿ ਅਸੀਂ ਆਪਣਾ ਜੀਵਨ ਪਰਮੇਸ਼ੁਰ ਨੂੰ ਸਮਰਪਿਤ ਕਰੀਏ, ਅਤੇ ਇਸ ਦੇ ਜਨਤਕ ਪ੍ਰਤੀਕ ਵਜੋਂ ਪਾਣੀ ਦਾ ਬਪਤਿਸਮਾ ਲਈਏ। ਇਹ ਸਾਡੇ ਦ੍ਰਿੜ੍ਹ ਫ਼ੈਸਲੇ ਦਾ ਸਬੂਤ ਸੀ ਕਿ ਅਸੀਂ ਪਰਮੇਸ਼ੁਰ ਦੀ ਸੇਵਾ ਵਿਚ ਤਰੱਕੀ ਕਰਾਂਗੇ ਅਤੇ ਆਪਣੇ ਸੰਗੀ ਮਾਨਵ ਦੀ ਪ੍ਰੇਮਮਈ ਪਰਵਾਹ ਕਰਾਂਗੇ। ਹੁਣ ਸਮਾਂ ਬੀਤਣ ਨਾਲ, ਸਾਨੂੰ ਸ਼ਾਇਦ ਫ਼ਿਲਿੱਪੀਆਂ 3:16 ਦੇ ਪ੍ਰੇਰਿਤ ਸ਼ਬਦਾਂ ਦੇ ਭਾਵ ਉੱਤੇ ਵਿਚਾਰ ਕਰਨ ਦੀ ਲੋੜ ਹੋਵੇ।
5 ਪਰਮੇਸ਼ੁਰ ਪ੍ਰਤੀ ਸਾਡੇ ਸਮਰਪਣ ਨੇ, ਜੋ ਕਿ ਸਾਡੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਣ ਫ਼ੈਸਲਾ ਸੀ, ਸਾਡੇ ਜੀਵਨ-ਢੰਗ ਵਿਚ ਵੱਡੀਆਂ ਤਬਦੀਲੀਆਂ ਦੀ ਮੰਗ ਕੀਤੀ ਸੀ। ਅਸੀਂ ਖ਼ੁਸ਼ੀ ਨਾਲ ਉਹ ਕਦਮ ਚੁੱਕਿਆ ਸੀ ਅਤੇ ਆਪਣੇ ਜੀਵਨ ਨੂੰ ਪਰਮੇਸ਼ੁਰ ਦੇ ਰਾਹਾਂ ਅਨੁਸਾਰ ਢਾਲਿਆ ਸੀ ਕਿਉਂਕਿ ਅਸੀਂ ਸਾਡੇ ਲਈ ਪਰਮੇਸ਼ੁਰ ਦੇ ਪਿਆਰ ਦੇ ਬਹੁਤ ਸਾਰੇ ਪ੍ਰਗਟਾਵਿਆਂ ਤੋਂ ਪ੍ਰੇਰਿਤ ਹੋਏ ਸੀ, ਜਿਸ ਕਾਰਨ ਪਰਮੇਸ਼ੁਰ ਲਈ ਸਾਡਾ ਪਿਆਰ ਹੋਰ ਜ਼ਿਆਦਾ ਵਧਿਆ ਸੀ। ਉਦੋਂ ਤੋਂ ਲੈ ਕੇ ਹੁਣ ਤਕ, ਕੀ ਪਰਮੇਸ਼ੁਰ ਲਈ ਸਾਡਾ ਪਿਆਰ ਵਧਦਾ ਰਿਹਾ ਹੈ? ਕੀ ਇਹ ਪਿਆਰ ਸਾਡੇ ਜੀਵਨ ਵਿਚ ਹੋਰ ਵੀ ਵੱਡੀ ਪ੍ਰਭਾਵਸ਼ਕਤੀ ਬਣਿਆ ਹੈ? ਜਾਂ ਕੀ ਅਸੀਂ ਅਫ਼ਸੁਸ ਕਲੀਸਿਯਾ ਦੇ ਮਸੀਹੀਆਂ ਵਾਂਗ ਬਣ ਗਏ ਹਾਂ ਜੋ ‘ਆਪਣਾ ਪਹਿਲਾ ਪ੍ਰੇਮ ਛੱਡ ਬੈਠੇ’ ਸਨ?—ਪਰ. 2:4, 5.
6 ਪਰਮੇਸ਼ੁਰ ਦਾ ਪਿਆਰ ਗਤੀਹੀਣ ਜਾਂ ਕਾਰਜਹੀਣ ਨਹੀਂ ਹੈ, ਬਲਕਿ ਪ੍ਰਗਤੀਸ਼ੀਲ ਹੈ। ਅਸੀਂ ਕਦੇ ਵੀ ਜੀਵਨ ਦੇ ਉਸ ਮੁਕਾਮ ਤੇ ਨਹੀਂ ਪਹੁੰਚਾਂਗੇ ਜਿੱਥੇ ਅਸੀਂ ਮਹਿਸੂਸ ਕਰਾਂਗੇ ਕਿ ਪਰਮੇਸ਼ੁਰ ਲਈ ਸਾਡਾ ਪਿਆਰ ਆਪਣੇ ਸਿਖਰ ਤਕ ਪਹੁੰਚ ਚੁੱਕਾ ਹੈ, ਅਤੇ ਪ੍ਰਗਤੀ ਦੀ ਹੋਰ ਗੁੰਜਾਇਸ਼ ਨਹੀਂ ਹੈ। ਜਿਉਂ-ਜਿਉਂ ਅਸੀਂ ਪਰਮੇਸ਼ੁਰ ਦੇ ਗਿਆਨ ਵਿਚ ਵਧਦੇ ਹਾਂ, ਉਸ ਲਈ ਸਾਡਾ ਪਿਆਰ ਵੀ ਵਧਦਾ ਜਾਂਦਾ ਹੈ। ਇਹ ਸਦੀਵਤਾ ਤੀਕਰ ਵਧਦਾ ਰਹੇਗਾ। ਪੌਲੁਸ ਨੇ ਰੋਮੀਆਂ 11:33-36 ਵਿਚ ਇਹ ਗੱਲ ਕਿੰਨੀ ਚੰਗੀ ਤਰ੍ਹਾਂ ਨਾਲ ਵਿਅਕਤ ਕੀਤੀ ਸੀ। ਅਸੀਂ ਵੀ ਨਿਮਰਤਾ ਸਹਿਤ ਇਸ ਸਵਾਲ ਦੀ ਸੱਚਾਈ ਸਵੀਕਾਰ ਕਰਦੇ ਹਾਂ, “ਪ੍ਰਭੁ ਦੀ ਬੁੱਧੀ ਨੂੰ ਕਿਸ ਜਾਣਿਆ?”
7 ਇਨ੍ਹਾਂ ਸ਼ਬਦਾਂ ਤੋਂ ਸਾਨੂੰ ਆਪਣੇ ਨਿੱਜੀ ਜੀਵਨ ਉੱਤੇ ਵਿਚਾਰ ਕਰਨ ਲਈ ਅਤੇ ਯਹੋਵਾਹ ਪ੍ਰਤੀ ਆਪਣੇ ਪਿਆਰ ਦੀ ਡੂੰਘਾਈ ਨੂੰ ਜਾਂਚਣ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ। ਕੀ ਅਸੀਂ ਪ੍ਰਗਤੀ ਕਰ ਰਹੇ ਹਾਂ, ਜਾਂ ਕੀ ਜੀਵਨ ਦੇ ਦਬਾਵਾਂ ਕਾਰਨ ਸਾਨੂੰ ਅਧਿਆਤਮਿਕ ਗੱਲਾਂ ਲਈ ਘੱਟ ਹੀ ਸਮਾਂ ਮਿਲਦਾ ਹੈ? ਕੀ ਹੁਣ ਮਸੀਹੀ ਕਲੀਸਿਯਾ ਤੋਂ ਬਾਹਰ ਆਪਣੇ ਗੁਆਂਢੀਆਂ ਨੂੰ ਜਾਂ ਆਪਣੇ ਜ਼ਿਆਦਾ ਨੇੜਲੇ ਗੁਆਂਢੀ, ਅਰਥਾਰ ਆਪਣੇ ਭੈਣ-ਭਰਾਵਾਂ ਨੂੰ ਪਿਆਰ ਦਿਖਾਉਣ ਲਈ ਸਮਾਂ ਕੱਢਣਾ ਜ਼ਿਆਦਾ ਮੁਸ਼ਕਲ ਹੁੰਦਾ ਜਾ ਰਿਹਾ ਹੈ? ਜੇਕਰ ਹਾਂ, ਤਾਂ ਉਪਰੋਕਤ ਉਲਿਖਤ ਫ਼ਿਲਿੱਪੀਆਂ 3:16 ਦਾ ਸ਼ਾਸਤਰਵਚਨ ਸਾਡੇ ਲਈ ਖ਼ਾਸ ਅਹਿਮੀਅਤ ਰੱਖਦਾ ਹੈ।
8 ਅਸੀਂ ਕਿਵੇਂ ਨਿਸ਼ਚਿਤ ਕਰ ਸਕਦੇ ਹਾਂ ਕਿ ਪਰਮੇਸ਼ੁਰ ਅਤੇ ਗੁਆਂਢੀਆਂ ਲਈ ਸਾਡਾ ਪਿਆਰ ਇੰਨਾ ਜ਼ਿਆਦਾ ਹੈ ਕਿ ਇਹ ਸਾਨੂੰ ਅਧਿਆਤਮਿਕ ਪ੍ਰਗਤੀ ਕਰਨ ਲਈ ਪ੍ਰੇਰੇਗਾ? ਕੀ ਅਸੀਂ ਹਮੇਸ਼ਾ ਪਰਮੇਸ਼ੁਰ ਅਤੇ ਇਨਸਾਨ ਪ੍ਰਤੀ ਪਿਆਰ ਨੂੰ ਮੁੱਖ ਰੱਖਦੇ ਹੋਏ ਫ਼ੈਸਲਾ ਕਰਦੇ ਹਾਂ? ਅਸੀਂ 2 ਕੁਰਿੰਥੀਆਂ 13:5 ਦੀ ਇਕਸਾਰਤਾ ਵਿਚ ਇਸ ਨੂੰ ਕਿਵੇਂ ਪਰਖ ਸਕਦੇ ਹਾਂ? ਇਹ ਕਲੀਸਿਯਾ ਵਿਚ ਦੂਸਰਿਆਂ ਨਾਲ ਤੁਲਨਾ ਕਰ ਕੇ ਨਹੀਂ ਕੀਤਾ ਜਾਂਦਾ ਹੈ। ਪਰਮੇਸ਼ੁਰ ਅਤੇ ਗੁਆਂਢੀ ਲਈ ਪਿਆਰ ਇਕ ਨਿੱਜੀ ਮਾਮਲਾ ਹੈ। ਸਾਡੇ ਆਪਣੇ ਲਾਖਣਿਕ ਦਿਲ ਵਿਚ ਪ੍ਰਗਟ ਹੋਣ ਵਾਲਾ ਪਿਆਰ ਅਸਲ ਵਿਚ ਮਹੱਤਵ ਰੱਖਦਾ ਹੈ। ਪੌਲੁਸ ਨੇ ਗਲਾਤੀਆਂ 6:4 ਵਿਚ ਸਹੀ ਰਵੱਈਆ ਪ੍ਰਗਟ ਕੀਤਾ। ਉਸ ਨੇ ਰੋਮੀਆਂ 14:12 ਵਿਚ ਵੀ ਇਹੋ ਵਿਚਾਰ ਉੱਤੇ ਜ਼ੋਰ ਦਿੱਤਾ ਸੀ।
9 ਕੀ ਅਸੀਂ ਭਾਂਪਦੇ ਹਾਂ ਕਿ ਪਰਮੇਸ਼ੁਰ ਪ੍ਰਤੀ ਸਾਡਾ ਪਿਆਰ ਠੰਡਾ ਪੈ ਰਿਹਾ ਹੈ, ਜਿਸ ਕਾਰਨ ਅਸੀਂ ਢਿੱਲੇ ਪੈ ਗਏ ਹਾਂ? ਕੀ ਅਧਿਆਤਮਿਕ ਸਰਗਰਮੀਆਂ ਵਿਚ ਸ਼ਾਮਲ ਹੋਣ ਦੀ ਸਾਡੀ ਇੱਛਾ ਘੱਟ ਗਈ ਹੈ? ਕੁਝ ਮੁਢਲੇ ਮਸੀਹੀਆਂ ਨੇ ਇਸੇ ਤਰ੍ਹਾਂ ਮਹਿਸੂਸ ਕੀਤਾ ਸੀ ਅਤੇ ਸ਼ਾਇਦ ਇਸੇ ਕਾਰਨ ਪੌਲੁਸ ਨੇ 2 ਥੱਸਲੁਨੀਕੀਆਂ 3:13 ਦੇ ਉਤਸ਼ਾਹਜਨਕ ਸ਼ਬਦ ਲਿਖੇ ਸਨ। ਪੌਲੁਸ ਜਾਣਦਾ ਸੀ ਕਿ ਮਸੀਹੀਆਂ ਨੂੰ ਉਨ੍ਹਾਂ ਦਬਾਵਾਂ ਦੇ ਬਾਵਜੂਦ ਵੀ ਅਧਿਆਤਮਿਕ ਪ੍ਰਗਤੀ ਕਰਦੇ ਰਹਿਣਾ ਚਾਹੀਦਾ ਹੈ, ਜੋ ਸੰਸਾਰ ਉਨ੍ਹਾਂ ਉੱਤੇ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਜਿਉਂ-ਜਿਉਂ ਅਸੀਂ ਆਪਣੇ ਜੀਵਨ ਵਿਚ ਉਸ ਦੇ ਕਥਨਾਂ ਨੂੰ ਅਮਲ ਵਿਚ ਲਿਆਉਂਦੇ ਹਾਂ, ਅਸੀਂ ਅਧਿਆਤਮਿਕ ਸਫ਼ਲਤਾ ਬਾਰੇ ਯਕੀਨੀ ਹੋ ਸਕਦੇ ਹਾਂ। ਉਸ ਨੇ ਸਾਨੂੰ ਫ਼ਿਲਿੱਪੀਆਂ 4:13 ਵਿਚ ਹੋਰ ਉਤਸ਼ਾਹ ਦਿੱਤਾ ਹੈ।
10 ਬਾਈਬਲ ਪਠਨ ਅਤੇ ਨਿੱਜੀ ਅਧਿਐਨ ਦੁਆਰਾ ਅਧਿਆਤਮਿਕ ਸ਼ਕਤੀ: ਯਹੋਵਾਹ ਆਪਣੇ ਲਿਖਤੀ ਬਚਨ ਦੁਆਰਾ ਅਧਿਆਤਮਿਕ ਸ਼ਕਤੀ ਅਤੇ ਤਾਕਤ ਦਿੰਦਾ ਹੈ। (ਇਬ. 4:12) ਅਸੀਂ ਬਾਈਬਲ ਵਰਤਦੇ ਹੋਏ ਇਸ ਸੰਸਾਰ ਦੇ ਦਬਾਉ ਦੇ ਕਾਰਨ ਢਿੱਲੇ ਪੈਣ ਦੇ ਕਿਸੇ ਵੀ ਝੁਕਾਉ ਦਾ ਕਿਵੇਂ ਵਿਰੋਧ ਕਰ ਸਕਦੇ ਹਾਂ? ਬਹੁਤ ਸਾਰੇ ਭੈਣ-ਭਰਾ ਵੀਹ, ਤੀਹ, ਇੱਥੋਂ ਤਕ ਕਿ ਇਸ ਤੋਂ ਵੀ ਵੱਧ ਸਾਲਾਂ ਤੋਂ ਯਹੋਵਾਹ ਦੀ ਵਫ਼ਾਦਾਰ ਸੇਵਾ ਵਿਚ ਸਥਿਰ ਰਹੇ ਹਨ, ਅਤੇ ਹੁਣ ਉਹ ਬੀਮਾਰੀ ਜਾਂ ਬੁਢਾਪੇ ਨਾਲ ਜੂਝ ਰਹੇ ਹਨ। ਜੇਕਰ ਅਸੀਂ ਇਸ ਸਥਿਤੀ ਵਿਚ ਹਾਂ, ਤਾਂ ਅਸੀਂ ਇਬਰਾਨੀਆਂ 6:10 ਦੇ ਸ਼ਬਦਾਂ ਤੋਂ ਉਤਸ਼ਾਹ ਹਾਸਲ ਕਰ ਸਕਦੇ ਹਾਂ। ਪਰੰਤੂ ਉਦੋਂ ਕੀ ਜੇਕਰ ਅਸੀਂ ਦੇਖਦੇ ਹਾਂ ਕਿ ਸਾਡੇ ਅਧਿਆਤਮਿਕ ਕਾਰਜ ਦੀ ਘਾਟ ਬੁਢਾਪੇ ਜਾਂ ਬੀਮਾਰੀ ਕਾਰਨ ਨਹੀਂ ਹੈ। ਪਰਮੇਸ਼ੁਰ ਦਾ ਬਚਨ ਸਾਨੂੰ ਅਧਿਆਤਮਿਕ ਸ਼ਕਤੀ ਕਿਵੇਂ ਦੇ ਸਕਦਾ ਹੈ?
11 ਅਸੀਂ ਸੰਖੇਪ ਵਿਚ ਦੋ ਤਰੀਕਿਆਂ ਦੀ ਚਰਚਾ ਕਰਾਂਗੇ ਕਿ ਕਿਵੇਂ ਪਰਮੇਸ਼ੁਰ ਦੇ ਬਚਨ ਦਾ ਪਠਨ ਅਤੇ ਅਧਿਐਨ ਸਾਡੀ ਮਦਦ ਕਰ ਸਕਦੇ ਹਨ। ਪਹਿਲਾ, ਰੋਜ਼ਾਨਾ ਬਾਈਬਲ ਪੜ੍ਹਨ ਅਤੇ ਪੜ੍ਹੀਆਂ ਹੋਈਆਂ ਗੱਲਾਂ ਤੇ ਮਨਨ ਕਰਨ ਨਾਲ ਅਸੀਂ ਯਹੋਵਾਹ ਦੇ ਵਿਅਕਤਿੱਤਵ ਨੂੰ ਹੋਰ ਡੂੰਘਾਈ ਨਾਲ ਸਮਝ ਸਕਦੇ ਹਾਂ। ਅਸੀਂ ਉਸ ਦੇ ਸਾਰੇ ਵਿਹਾਰਾਂ ਅਤੇ ਸਿਧਾਂਤਾਂ ਵਿਚ ਪ੍ਰਗਟਾਈ ਗਈ ਬੁੱਧੀ ਅਤੇ ਪਿਆਰ ਦੀ ਕਦਰ ਕਰਨੀ ਸਿੱਖਦੇ ਹਾਂ। ਅਸੀਂ ਜ਼ਬੂਰਾਂ ਦੇ ਲਿਖਾਰੀ ਵਾਂਗ ਮਹਿਸੂਸ ਕਰਦੇ ਹਾਂ ਜਿਸ ਨੇ ਜ਼ਬੂਰ 119:97 ਦੇ ਸ਼ਬਦ ਲਿਖੇ ਸਨ। ਜਿਉਂ-ਜਿਉਂ ਪਰਮੇਸ਼ੁਰ ਦੇ ਬਚਨ ਲਈ ਸਾਡਾ ਪਿਆਰ ਵਧਦਾ ਹੈ, ਤਿਉਂ-ਤਿਉਂ ਇਸ ਬਚਨ ਦੇ ਰਚਣਹਾਰ ਲਈ ਵੀ ਸਾਡਾ ਪਿਆਰ ਵਧਦਾ ਜਾਂਦਾ ਹੈ। ਪਰਮੇਸ਼ੁਰ ਲਈ ਡੂੰਘਾ ਪਿਆਰ ਸਾਡੇ ਜੀਵਨ ਵਿਚ ਵੱਡੀ ਸ਼ਕਤੀ ਬਣ ਜਾਂਦਾ ਹੈ। (ਸਰੇ. 8:6, 7) ਇਹ ਸਾਨੂੰ ਉਸ ਦੀ ਸੇਵਾ ਵਿਚ “ਵੱਡਾ ਜਤਨ” ਕਰਦੇ ਰਹਿਣ ਲਈ ਅਧਿਆਤਮਿਕ ਇੱਛਾ ਅਤੇ ਸ਼ਕਤੀ ਦਿੰਦਾ ਹੈ।—ਲੂਕਾ 13:24.
12 ਦੂਸਰਾ, ਬਾਈਬਲ ਪਵਿੱਤਰ ਆਤਮਾ ਦੀ ਉਪਜ ਹੈ। ਰੋਜ਼ਾਨਾ ਪਰਮੇਸ਼ੁਰ ਦਾ ਬਚਨ ਪੜ੍ਹਨ ਨਾਲ ਸਾਡੇ ਲਈ ਪਵਿੱਤਰ ਆਤਮਾ ਦਾ ਅਦਭੁਤ ਸੋਮਾ ਖੁੱਲ੍ਹ ਜਾਂਦਾ ਹਾਂ। ਇਹ ਪਵਿੱਤਰ ਆਤਮਾ ਹੀ ਹੈ ਜਿਸ ਨੇ ਵਫ਼ਾਦਾਰ ਸੇਵਕਾਂ ਨੂੰ ਸ਼ਕਤੀ ਦਿੱਤੀ ਸੀ ਕਿ ਉਹ ਕਦੇ ਵੀ ਸਹੀ ਕੰਮ ਕਰਨ ਤੋਂ ਪਿੱਛੇ ਨਾ ਹਟਣ। ਇਹੋ ਪਵਿੱਤਰ ਆਤਮਾ ਅੱਜ ਸਾਰਿਆਂ ਲਈ ਉਪਲਬਧ ਹੈ, ਪਰ ਇਸ ਨੂੰ ਹਾਸਲ ਕਰਨ, ਆਪਣੇ ਕੋਲ ਰੱਖਣ, ਅਤੇ ਸਾਡੇ ਜੀਵਨ ਨੂੰ ਇਸ ਤੋਂ ਪ੍ਰਭਾਵਿਤ ਹੋਣ ਦੇਣ ਲਈ ਸਾਨੂੰ ਜਤਨ ਕਰਨ ਦੀ ਲੋੜ ਹੈ।
13 ਕੀ ਅਸੀਂ ਵੀ ਇੰਜ ਮਹਿਸੂਸ ਕਰਦੇ ਹਾਂ ਜਿਵੇਂ ਅੱਗੇ ਦੱਸਿਆ ਗਿਆ ਹੈ? “ਮੈਨੂੰ ਪੜ੍ਹਨ ਦਾ ਸ਼ੌਕ ਹੀ ਨਹੀਂ ਹੈ।” “ਮੇਰੇ ਲਈ ਅਧਿਐਨ ਕਰਨਾ ਬਹੁਤ ਔਖਾ ਕੰਮ ਹੈ।” “ਮੈਂ ਪੜ੍ਹਾਈ ਵਿਚ ਹੁਸ਼ਿਆਰ ਨਹੀਂ ਹਾਂ ਅਤੇ ਇਸ ਲਈ ਮੈਨੂੰ ਪੜ੍ਹਨ ਅਤੇ ਅਧਿਐਨ ਕਰਨ ਵਿਚ ਮਜ਼ਾ ਨਹੀਂ ਆਉਂਦਾ ਹੈ।” “ਆਪਣੇ ਰੁਝੇਵਿਆਂ ਵਿੱਚੋਂ ਪਠਨ ਅਤੇ ਅਧਿਐਨ ਲਈ ਸਮਾਂ ਕੱਢਣਾ ਮੇਰੇ ਲਈ ਮੁਸ਼ਕਲ ਹੈ।” “ਮੈਂ ਚੰਗੇ ਇਰਾਦਿਆਂ ਨਾਲ ਆਰੰਭ ਕਰਦਾ ਹਾਂ, ਪਰ ਫਿਰ ਦੂਸਰੇ ਕੰਮ ਆ ਜਾਂਦੇ ਹਨ, ਅਤੇ ਮੇਰੀ ਪਠਨ ਅਤੇ ਅਧਿਐਨ ਦੀ ਸਮਾਂ-ਸਾਰਣੀ ਇਕ ਪਾਸੇ ਪੈ ਜਾਂਦੀ ਹੈ।” ਕੀ ਅਸੀਂ ਇਨ੍ਹਾਂ ਵਿੱਚੋਂ ਇਕ ਜਾਂ ਇਕ ਤੋਂ ਵੱਧ ਸਮੱਸਿਆਵਾਂ ਦਾ ਸਾਮ੍ਹਣਾ ਕਰਦੇ ਹਾਂ? ਜੇਕਰ ਹਾਂ, ਤਾਂ ਅਸੀਂ ਕੀ ਕਰ ਸਕਦੇ ਹਾਂ? ਪਹਿਲਾ ਕਦਮ ਇਹ ਹੋਵੇਗਾ ਕਿ ਅਸੀਂ ਪਰਮੇਸ਼ੁਰ ਪ੍ਰਤੀ ਆਪਣੇ ਦਿਲ ਦੀਆਂ ਭਾਵਨਾਵਾਂ ਦੀ ਜਾਂਚ ਕਰੀਏ। ਜੇ ਸਾਨੂੰ ਇਕ ਪ੍ਰੇਮਮਈ ਨਜ਼ਦੀਕੀ ਮਿੱਤਰ ਜਾਂ ਸਾਕ-ਸੰਬੰਧੀ ਕੋਲੋਂ ਚਿੱਠੀ ਆਉਂਦੀ ਹੈ, ਤਾਂ ਕੀ ਅਸੀਂ ਕਹਾਂਗੇ ਕਿ ਸਾਡੇ ਕੋਲ ਇਹ ਪੜ੍ਹਨ ਦਾ ਸਮਾਂ ਨਹੀਂ ਹੈ, ਜਾਂ ਕਿ ਅਸੀਂ ਇਸ ਨੂੰ ਖੋਲ੍ਹਣ ਦੀ ਖੇਚਲ ਨਹੀਂ ਕਰਨੀ ਕਿਉਂਕਿ ਸਾਨੂੰ ਪੜ੍ਹਨਾ ਚੰਗਾ ਨਹੀਂ ਲੱਗਦਾ ਹੈ? ਨਹੀਂ। ਅਸੀਂ ਇਸ ਨੂੰ ਖੋਲ੍ਹ ਕੇ ਪੜ੍ਹਨ ਲਈ ਉਤਾਵਲੇ ਹੁੰਦੇ ਹਾਂ। ਤਾਂ ਕੀ ਸਾਨੂੰ ਆਪਣੇ ਸਵਰਗੀ ਪਿਤਾ ਕੋਲੋਂ ਬਾਈਬਲ ਦੇ ਰੂਪ ਵਿਚ ਆਈ ਚਿੱਠੀ ਬਾਰੇ ਵੀ ਇਸੇ ਤਰ੍ਹਾਂ ਮਹਿਸੂਸ ਨਹੀਂ ਕਰਨਾ ਚਾਹੀਦਾ ਹੈ?
14 ਸੰਸਥਾ ਜਾਂ ਬਜ਼ੁਰਗ ਸਾਨੂੰ ਬਾਈਬਲ ਪਠਨ ਦੀ ਇਕ ਪੱਕੀ ਸਮਾਂ-ਸਾਰਣੀ ਨਹੀਂ ਦੇ ਸਕਦੇ ਹਨ, ਕਿਉਂਕਿ ਹਰੇਕ ਦੇ ਹਾਲਾਤ ਵੱਖ-ਵੱਖ ਹੁੰਦੇ ਹਨ। ਪਰਮੇਸ਼ੁਰ ਪ੍ਰਤੀ ਸਾਡਾ ਪਿਆਰ ਅਤੇ ਇਸ ਪਿਆਰ ਨੂੰ ਵਧਾਉਣ ਦੀ ਇੱਛਾ ਸਾਨੂੰ ਪ੍ਰੇਰਿਤ ਕਰੇਗੀ ਕਿ ਅਸੀਂ ਬਾਈਬਲ ਪਠਨ ਅਤੇ ਨਿੱਜੀ ਅਧਿਐਨ ਨੂੰ ਆਪਣੇ ਨਿਤ-ਕਰਮ ਵਿਚ ਬਾਕਾਇਦਾ ਸ਼ਾਮਲ ਕਰੀਏ। ਹਰੇਕ ਪਰਿਵਾਰਕ ਸਿਰ ਨੂੰ ਬਾਈਬਲ ਪਠਨ ਅਤੇ ਨਿੱਜੀ ਅਧਿਐਨ ਨੂੰ ਪਰਿਵਾਰ ਦੇ ਅਧਿਆਤਮਿਕ ਹਿਤਾਂ ਦੀ ਦੇਖ-ਭਾਲ ਕਰਨ ਅਤੇ ਬੱਚਿਆਂ ਨੂੰ ਸਿਖਲਾਈ ਦੇਣ ਦਾ ਇਕ ਜ਼ਰੂਰੀ ਭਾਗ ਸਮਝਣਾ ਚਾਹੀਦਾ ਹੈ। ਮਾਪਿਆਂ ਨੂੰ ਹਿਦਾਇਤ ਕੀਤੀ ਗਈ ਸੀ ਕਿ ਉਹ ਰੋਜ਼ ਆਪਣੇ ਬੱਚਿਆਂ ਦੇ ਦਿਲ ਵਿਚ ਪਰਮੇਸ਼ੁਰ ਦਾ ਪਿਆਰ ਬਿਠਾਉਣ। (ਬਿਵ. 6:4-9, ਨਿ ਵ) ਬਾਈਬਲ ਪਠਨ ਪਰਮੇਸ਼ੁਰ ਦੀ ਇਸ ਮੰਗ ਨੂੰ ਪੂਰਾ ਕਰਨ ਦਾ ਇਕ ਵਧੀਆ ਤਰੀਕਾ ਹੈ। ਅਸੀਂ ਕਦੇ ਵੀ ਸਹੀ ਕੰਮ ਕਰਨ ਤੋਂ ਪਿੱਛੇ ਨਾ ਹਟੀਏ! ਪਰਮੇਸ਼ੁਰ ਅਤੇ ਮਸੀਹ ਲਈ ਸਾਡਾ ਪਿਆਰ ਸਾਨੂੰ ਰੋਜ਼ ਬਾਈਬਲ ਪੜ੍ਹਨ ਲਈ ਪ੍ਰੇਰਿਤ ਕਰੇ। (2 ਕੁਰਿੰ. 5:14) ਦੂਸਰਿਆਂ ਦੀ ਨਜ਼ਰ ਵਿਚ ਸਾਡੀ ਅਧਿਆਤਮਿਕ ਤਰੱਕੀ ਪਰਮੇਸ਼ੁਰ ਲਈ ਸਾਡੇ ਪਿਆਰ ਦਾ ਪ੍ਰਗਟਾਵਾ ਹੋਵੇਗਾ।—1 ਤਿਮੋ. 4:15.
15 ਸਫ਼ਾ 158 ਤੇ ਸ਼ੁਰੂ ਕਰਦੇ ਹੋਏ, ਗਿਆਨ ਪੁਸਤਕ ਨਿੱਤ ਬਾਈਬਲ ਪਠਨ ਬਾਰੇ ਇਹ ਕਹਿੰਦੀ ਹੈ: “ਜਿਵੇਂ ਕਿ ਸਾਨੂੰ ਸ਼ਾਇਦ ਉਸ ਭੌਤਿਕ ਭੋਜਨ ਲਈ ਸੁਆਦ ਵਿਕਸਿਤ ਕਰਨਾ ਪਵੇ ਜੋ ਸਾਡੇ ਲਈ ਸਿਹਤਮੰਦ ਹੈ, ਸਾਨੂੰ ‘ਬਚਨ ਦੇ ਖਾਲਸ ਦੁੱਧ ਦੀ ਲੋਚ ਪੈਦਾ ਕਰਨ’ ਲਈ ਉਤੇਜਿਤ ਕੀਤਾ ਜਾਂਦਾ ਹੈ। ਰੋਜ਼ਾਨਾ ਪਰਮੇਸ਼ੁਰ ਦਾ ਬਚਨ ਪੜ੍ਹਨ ਦੇ ਦੁਆਰਾ ਅਧਿਆਤਮਿਕ ਭੋਜਨ ਲਈ ਸੁਆਦ ਵਿਕਸਿਤ ਕਰੋ। . . . ਤੁਸੀਂ ਜੋ ਬਾਈਬਲ ਵਿਚ ਪੜ੍ਹਦੇ ਹੋ, ਉਸ ਉੱਤੇ ਮਨਨ ਕਰੋ। . . . ਇਸ ਦਾ ਮਤਲਬ ਹੈ ਸਾਮੱਗਰੀ ਉੱਤੇ ਸੋਚ-ਵਿਚਾਰ ਕਰਨਾ। . . . ਤੁਸੀਂ ਜੋ ਪੜ੍ਹ ਰਹੇ ਹੋ, ਇਸ ਦਾ ਉਨ੍ਹਾਂ ਗੱਲਾਂ ਦੇ ਨਾਲ ਸੰਬੰਧ ਜੋੜ ਕੇ ਜੋ ਤੁਸੀਂ ਪਹਿਲਾਂ ਤੋਂ ਹੀ ਜਾਣਦੇ ਹੋ, ਅਧਿਆਤਮਿਕ ਭੋਜਨ ਹਜ਼ਮ ਕਰ ਸਕਦੇ ਹੋ। ਇਸ ਉੱਤੇ ਗੌਰ ਕਰੋ ਕਿ ਸਾਮੱਗਰੀ ਕਿਵੇਂ ਤੁਹਾਡੇ ਜੀਵਨ ਉੱਤੇ ਪ੍ਰਭਾਵ ਪਾਉਂਦੀ ਹੈ, ਜਾਂ ਇਸ ਉੱਤੇ ਵਿਚਾਰ ਕਰੋ ਕਿ ਇਹ ਯਹੋਵਾਹ ਦੇ ਗੁਣਾਂ ਅਤੇ ਵਰਤਾਉ ਬਾਰੇ ਕੀ ਪ੍ਰਗਟ ਕਰਦੀ ਹੈ। ਇੰਜ ਵਿਅਕਤੀਗਤ ਅਧਿਐਨ ਦੁਆਰਾ ਤੁਸੀਂ ਉਹ ਅਧਿਆਤਮਿਕ ਭੋਜਨ ਲੈ ਸਕਦੇ ਹੋ ਜੋ ਯਹੋਵਾਹ ਪ੍ਰਦਾਨ ਕਰਦਾ ਹੈ। ਇਹ ਤੁਹਾਨੂੰ ਪਰਮੇਸ਼ੁਰ ਦੇ ਹੋਰ ਨੇੜੇ ਲੈ ਜਾਵੇਗਾ ਅਤੇ ਦਿਨ ਪ੍ਰਤਿ ਦਿਨ ਦੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰਨ ਵਿਚ ਮਦਦ ਕਰੇਗਾ।”
16 ਇਸ ਲਈ, ਕਦੇ ਵੀ ਨਿੱਜੀ ਅਧਿਐਨ ਦੀ ਅਣਗਹਿਲੀ ਨਾ ਕਰੋ; ਇਹ ਅਧਿਆਤਮਿਕ ਪ੍ਰਗਤੀ ਲਈ ਜ਼ਰੂਰੀ ਹੈ ਅਤੇ ਅਧਿਆਤਮਿਕ ਪ੍ਰਗਤੀ ਪਰਮੇਸ਼ੁਰ ਦੇ ਅਦਭੁਤ ਨਵੇਂ ਸੰਸਾਰ ਵਿਚ ਬਚ ਕੇ ਜਾਣ ਲਈ ਜ਼ਰੂਰੀ ਹੈ। ਆਓ ਅਸੀਂ ਸਾਰੇ ਯਹੋਵਾਹ ਨਾਲ ਅਤੇ ਆਪਣੇ ਗੁਆਂਢੀ ਨਾਲ ਇੰਨਾ ਜ਼ਿਆਦਾ ਪਿਆਰ ਕਰਦੇ ਰਹੀਏ ਕਿ ਅਸੀਂ ਪ੍ਰਗਤੀ ਕਰਨ ਦੇ ਇੱਛੁਕ ਹੋਵਾਂਗੇ, ਅਤੇ ਆਓ ਅਸੀਂ ਆਪਣੇ ਨਿੱਜੀ ਅਧਿਐਨ ਵਿਚ ਸਿਰੜੀ ਹੋਣ ਦੁਆਰਾ ਇਹ ਪ੍ਰਗਤੀ ਹਾਸਲ ਕਰੀਏ।—ਕਹਾ. 2:1-9.