ਨਵੀਂ ਵੱਡੀ ਪੁਸਤਿਕਾ ਅਤੇ ਇਸ ਦੀ ਕੈਸਟ ਵਰਤਦੇ ਹੋਏ ਪਰਮੇਸ਼ੁਰ ਦੀਆਂ ਮੰਗਾਂ ਬਾਰੇ ਸਿੱਖਣ ਵਿਚ ਦੂਜਿਆਂ ਦੀ ਮਦਦ ਕਰੋ
1 “ਈਸ਼ਵਰੀ ਸ਼ਾਂਤੀ ਦੇ ਸੰਦੇਸ਼ਵਾਹਕ” ਜ਼ਿਲ੍ਹਾ ਮਹਾਂ-ਸੰਮੇਲਨ ਦੌਰਾਨ, ਦੂਜਿਆਂ ਨੂੰ ਪਰਮੇਸ਼ੁਰ ਦੀਆਂ ਮੰਗਾਂ ਬਾਰੇ ਸਿੱਖਣ ਵਿਚ ਮਦਦ ਦੇਣ ਦੀ ਗੱਲ ਉੱਤੇ ਜ਼ੋਰ ਦਿੱਤਾ ਗਿਆ ਸੀ। ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਵੱਡੀ ਪੁਸਤਿਕਾ ਜਾਰੀ ਕਰਨ ਮਗਰੋਂ, ਇਕ ਭਾਸ਼ਣ ਦੁਆਰਾ ਦੱਸਿਆ ਗਿਆ ਸੀ ਕਿ ਇਸ ਵੱਡੀ ਪੁਸਤਿਕਾ ਤੋਂ ਬਾਈਬਲ ਅਧਿਐਨ ਕਰਵਾਉਣ ਦੁਆਰਾ ਦੂਜਿਆਂ ਦੀ ਕਿਵੇਂ ਮਦਦ ਕੀਤੀ ਜਾ ਸਕਦੀ ਹੈ ਤਾਂ ਜੋ ਉਹ ਪਰਮੇਸ਼ੁਰ ਦੀ ਸੇਵਾ ਕਰਨ ਲਈ ਅਤਿ-ਜ਼ਰੂਰੀ ਮੰਗਾਂ ਬਾਰੇ ਸਿੱਖ ਸਕਣ। ਇਸ ਵੱਡੀ ਪੁਸਤਿਕਾ ਵਿਚ 13 ਦੋ-ਸਫ਼ਾ ਪਾਠ ਅਤੇ ਤਿੰਨ ਇਕ-ਸਫ਼ਾ ਪਾਠ ਹਨ ਜੋ ਤੁਲਨਾਤਮਕ ਤੌਰ ਤੇ ਘੱਟ ਸਮੇਂ ਵਿਚ ਘਰ-ਸੁਆਮੀ ਨੂੰ ਇਹ ਸਮਝਣ ਵਿਚ ਮਦਦ ਦਿੰਦੇ ਹਨ ਕਿ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਕਿਹੜੀਆਂ ਜ਼ਰੂਰੀ ਮੰਗਾਂ ਹਨ। ਉਸ ਭਾਸ਼ਣ ਅਤੇ ਉਸ ਦੌਰਾਨ ਕੀਤੇ ਗਏ ਪ੍ਰਦਰਸ਼ਨ ਨੇ ਦਿਖਾਇਆ ਸੀ ਕਿ ਇਸ ਪ੍ਰਕਾਸ਼ਨ ਨੂੰ ਇਸਤੇਮਾਲ ਕਰਦੇ ਹੋਏ ਬਾਈਬਲ ਅਧਿਐਨ ਆਰੰਭ ਕਰਨਾ ਕਿੰਨਾ ਆਸਾਨ ਹੋ ਸਕਦਾ ਹੈ।
2 ਫਿਰ ਸਵਾਲ ਪੁੱਛਿਆ ਗਿਆ ਸੀ: “ਉਦੋਂ ਕੀ ਜੇਕਰ ਇਕ ਰੁਚੀ ਰੱਖਣ ਵਾਲਾ ਵਿਅਕਤੀ ਪੜ੍ਹਨਾ ਨਹੀਂ ਜਾਣਦਾ ਹੈ?” ਉਸ ਸਮੇਂ, ਇਕ ਆਡੀਓ-ਕੈਸਟ ਇਸ ਘੋਸ਼ਣਾ ਨਾਲ ਜਾਰੀ ਕੀਤੀ ਗਈ ਸੀ, “ਸਾਨੂੰ ਇਹ ਐਲਾਨ ਕਰਦੇ ਹੋਏ ਖ਼ੁਸ਼ੀ ਹੁੰਦੀ ਹੈ ਕਿ ਸੰਸਥਾ ਇਸ ਨਵੀਂ ਵੱਡੀ ਪੁਸਤਿਕਾ ਨੂੰ ਆਡੀਓ-ਕੈਸਟ ਤੇ ਉਪਲਬਧ ਕਰਾ ਰਹੀ ਹੈ।” ਇਹ ਕੈਸਟ ਹੁਣ ਦਸ ਭਾਰਤੀ ਭਾਸ਼ਾਵਾਂ ਵਿਚ ਉਪਲਬਧ ਹੈ, ਇਸ ਲਈ ਅਸੀਂ ਤਸਵੀਰਾਂ ਨਾਲ ਭਰੀ ਇਸ ਵੱਡੀ ਪੁਸਤਿਕਾ ਅਤੇ ਇਸ ਦੀ ਆਡੀਓ-ਕੈਸਟ ਦੀ ਮਦਦ ਨਾਲ ਬਹੁਤ ਸਾਰੇ ਰੁਚੀ ਰੱਖਣ ਵਾਲੇ ਵਿਅਕਤੀਆਂ ਨਾਲ ਅਧਿਐਨ ਸ਼ੁਰੂ ਕਰ ਸਕਾਂਗੇ ਜੋ ਪੜ੍ਹ ਨਹੀਂ ਸਕਦੇ ਹਨ। (1 ਤਿਮੋ. 2:3, 4) ਇਸ ਤੋਂ ਇਲਾਵਾ, ਵੱਡੀ ਪੁਸਤਿਕਾ ਅਤੇ ਕੈਸਟ ਦੋਹਾਂ ਦੇ ਨਾਲ ਅਸੀਂ ਛੋਟੇ ਬੱਚਿਆਂ ਨਾਲ ਵੀ ਅਧਿਐਨ ਕਰ ਸਕਦੇ ਹਾਂ ਜੋ ਸ਼ਾਇਦ ਅਜੇ ਚੰਗੀ ਤਰ੍ਹਾਂ ਨਾਲ ਪੜ੍ਹ ਨਹੀਂ ਸਕਦੇ ਹਨ। ਇਹ ਪ੍ਰਭਾਵਕਾਰੀ ਢੰਗ ਨਾਲ ਕਿਵੇਂ ਕੀਤਾ ਜਾ ਸਕਦਾ ਹੈ?
3 ਆਓ ਅਸੀਂ ਕਲਪਨਾ ਕਰੀਏ ਕਿ ਪ੍ਰਕਾਸ਼ਕ ਪੁਨਰ-ਮੁਲਾਕਾਤ ਕਰਨ ਲਈ ਘਰ-ਸੁਆਮੀ ਦੇ ਘਰ ਆਇਆ ਹੈ। ਇਕ ਟੇਪ-ਰਿਕਾਰਡਰ ਅਤੇ ਸਥਾਨਕ ਭਾਸ਼ਾ ਵਿਚ ਮੰਗ ਵੱਡੀ ਪੁਸਤਿਕਾ ਦੀ ਕੈਸਟ ਇਸਤੇਮਾਲ ਕਰਦੇ ਹੋਏ, ਉਹ ਘਰ-ਸੁਆਮੀ ਨੂੰ ਜੋ ਪੜ੍ਹਨਾ ਨਹੀਂ ਜਾਣਦਾ ਹੈ, ਪ੍ਰਦਰਸ਼ਿਤ ਕਰਦਾ ਹੈ ਕਿ ਕਿਵੇਂ ਕੈਸਟ ਅਤੇ ਮੰਗ ਵੱਡੀ ਪੁਸਤਿਕਾ ਨੂੰ ਅਧਿਐਨ ਕਰਵਾਉਣ ਲਈ ਵਰਤਿਆ ਜਾਵੇਗਾ, ਤਾਂ ਜੋ ਉਹ ਸਿੱਖ ਸਕੇ ਕਿ ਪਰਮੇਸ਼ੁਰ ਦੀਆਂ ਕੀ ਮੰਗਾਂ ਹਨ।
4 ਪਹਿਲਾਂ ਤਾਂ ਟੇਪ-ਰਿਕਾਰਡਰ ਚਲਾਓ। ਜਿਉਂ-ਜਿਉਂ ਘਰ-ਸੁਆਮੀ ਟੇਪ ਸੁਣਦਾ ਹੈ, ਅਸੀਂ ਪਹਿਲੇ ਪਾਠ ਵਿਚ ਪੈਰਾ ਇਕ ਤੇ ਆਉਂਦੇ ਹਾਂ, ਜੋ ਕਹਿੰਦਾ ਹੈ ਕਿ ਪਰਮੇਸ਼ੁਰ ਵੱਲੋਂ ਸਾਨੂੰ ਮਿਲੀ ਸਭ ਤੋਂ ਵਡਮੁੱਲੀ ਵਸਤ ਬਾਈਬਲ ਹੈ। ਟੇਪ-ਰਿਕਾਰਡਰ ਬੰਦ ਕਰੋ ਅਤੇ ਘਰ-ਸੁਆਮੀ ਨੂੰ ਸਫ਼ਾ ਤਿੰਨ ਉੱਤੇ ਦਿੱਤੀ ਗਈ ਤਸਵੀਰ ਦਿਖਾ ਕੇ ਦੱਸੋ ਕਿ ਇਹ ਦਰਸਾਉਂਦੀ ਹੈ ਕਿ ਬਾਈਬਲ ਦੀ ਪ੍ਰਾਚੀਨ ਹੱਥ-ਲਿਖਤਾਂ ਤੋਂ ਕਿਵੇਂ ਨਕਲ ਕੀਤੀ ਜਾਂਦੀ ਸੀ, ਅਤੇ ਕਿੰਨੇ ਧਿਆਨ ਨਾਲ ਕਾਪੀਆਂ ਤਿਆਰ ਕੀਤੀਆਂ ਜਾਂਦੀਆਂ ਸਨ। ਜਦੋਂ ਤੁਸੀਂ ਅਗਲੇ ਪਾਠ ਤੇ ਜਾਂਦੇ ਹੋ, ਤਾਂ ਪੈਰਾ ਛੇ ਦਿਖਾਉਂਦਾ ਹੈ ਕਿ ਅਸੀਂ ਪਰਮੇਸ਼ੁਰ ਨੂੰ ਉਸ ਦੀ ਸ੍ਰਿਸ਼ਟੀ ਅਤੇ ਉਸ ਦੇ ਬਚਨ ਰਾਹੀਂ ਜਾਣ ਸਕਦੇ ਹਾਂ। ਇਕ ਵਾਰ ਫਿਰ, ਟੇਪ-ਰਿਕਾਰਡਰ ਬੰਦ ਕਰਨ ਮਗਰੋਂ, ਘਰ-ਸੁਆਮੀ ਦਾ ਧਿਆਨ ਸਫ਼ੇ ਚਾਰ ਅਤੇ ਪੰਜ ਉੱਤੇ ਦਿੱਤੀਆਂ ਸੁੰਦਰ ਤਸਵੀਰਾਂ ਵੱਲ ਖਿੱਚੋ ਅਤੇ ਯਹੋਵਾਹ ਦੀ ਰਚਨਾਤਮਕ ਯੋਗਤਾ ਨੂੰ ਉਜਾਗਰ ਕਰਦੇ ਹੋਏ, ਉਸ ਨੂੰ ਇਨ੍ਹਾਂ ਤਸਵੀਰਾਂ ਉੱਤੇ ਟਿੱਪਣੀ ਕਰਨ ਲਈ ਕਹੋ। ਪੈਰਾ ਛੇ ਦੀ ਚਰਚਾ ਦੌਰਾਨ ਹੀ ਸਟੈਂਡ ਉੱਤੇ ਖੁੱਲ੍ਹੀ ਪਈ ਹੋਈ ਬਾਈਬਲ ਦਿਖਾਓ। ਇਸ ਤਰ੍ਹਾਂ, ਘਰ-ਸੁਆਮੀ ਦੇ ਮਨ ਵਿਚ ਇਹ ਬਿਠਾਓ ਕਿ ਪਰਮੇਸ਼ੁਰ ਦੇ ਰਚਨਾਤਮਕ ਕੰਮਾਂ ਅਤੇ ਉਸ ਦੇ ਬਚਨ ਤੋਂ ਅਸੀਂ ਜਾਣ ਸਕਦੇ ਹਾਂ ਕਿ ਪਰਮੇਸ਼ੁਰ ਹੈ। ਬਾਕੀ ਪਾਠਾਂ ਦੀ ਵੀ ਇਸੇ ਤਰੀਕੇ ਨਾਲ ਚਰਚਾ ਕਰੋ।
5 ਤਸਵੀਰਾਂ ਵੱਲ ਧਿਆਨ ਖਿੱਚਣ ਲਈ, ਲੋੜ ਪੈਣ ਤੇ ਟੇਪ-ਰਿਕਾਰਡਰ ਬੰਦ ਕਰਨ ਲਈ ਸੁਚੇਤ ਰਹੋ। ਹਰੇਕ ਪਾਠ ਮਗਰੋਂ, (ਟੇਪ-ਰਿਕਾਰਡਰ ਬੰਦ ਕਰ ਕੇ) ਪੁਨਰ-ਵਿਚਾਰ ਦੇ ਸਵਾਲ ਦੁਬਾਰਾ ਪੁੱਛੋ ਅਤੇ ਘਰ-ਸੁਆਮੀ ਨੂੰ ਉਸ ਦੇ ਆਪਣੇ ਸ਼ਬਦਾਂ ਵਿਚ ਟਿੱਪਣੀ ਕਰਨ ਦਿਓ। ਸਿੱਖਿਆਰਥੀ ਦੀ ਧਿਆਨ ਦੇਣ ਦੀ ਯੋਗਤਾ ਅਤੇ ਉਸ ਦੀਆਂ ਕਾਬਲੀਅਤਾਂ ਉੱਤੇ ਨਿਰਭਰ ਕਰਦੇ ਹੋਏ, ਹਰ ਅਧਿਐਨ ਵਿਚ ਘੱਟੋ-ਘੱਟ ਇਕ ਪਾਠ ਖ਼ਤਮ ਕਰਨਾ ਮੁਮਕਿਨ ਹੋਣਾ ਚਾਹੀਦਾ ਹੈ। ਅਧਿਐਨ ਵਿਚ ਕਾਹਲੀ ਨਾ ਕਰੋ। ਸਾਡਾ ਮੁੱਖ ਉਦੇਸ਼ ਯਹੋਵਾਹ ਪ੍ਰਤੀ ਦਿਲੀ ਕਦਰਦਾਨੀ ਪੈਦਾ ਕਰਨ ਵਿਚ ਸਿੱਖਿਆਰਥੀ ਦੀ ਮਦਦ ਕਰਨਾ ਹੈ। ਜਦੋਂ ਘਰ-ਸੁਆਮੀ ਇਸ ਵੱਡੀ ਪੁਸਤਿਕਾ ਵਿਚ ਸਮਝਾਈਆਂ ਗਈਆਂ ਬੁਨਿਆਦੀ ਗੱਲਾਂ ਸਮਝ ਜਾਂਦਾ ਹੈ, ਤਾਂ ਅਧਿਐਨ ਨੂੰ ਗਿਆਨ ਪੁਸਤਕ ਵਿੱਚੋਂ ਜਾਰੀ ਰੱਖੋ।
6 ਅਧਿਐਨ ਸ਼ੁਰੂ ਕਰਦੇ ਹੀ ਘਰ-ਸੁਆਮੀ ਨੂੰ ਸਥਾਨਕ ਰਾਜ ਗ੍ਰਹਿ ਵਿਖੇ ਸਭਾਵਾਂ ਲਈ ਆਉਣ ਦਾ ਸੱਦਾ ਦਿਓ। ਉਸ ਨੂੰ ਹਰ ਹਫ਼ਤੇ ਦੇ ਪਬਲਿਕ ਭਾਸ਼ਣ ਦਾ ਵਿਸ਼ਾ ਦੱਸੋ, ਅਤੇ ਜਦੋਂ ਪਬਲਿਕ ਭਾਸ਼ਣ ਅਜਿਹੇ ਵਿਸ਼ੇ ਉੱਤੇ ਹੈ ਜਿਸ ਵਿਚ ਸਿੱਖਿਆਰਥੀ ਨੇ ਰੁਚੀ ਦਿਖਾਈ ਸੀ, ਤਾਂ ਉਸ ਨੂੰ ਇਸ ਭਾਸ਼ਣ ਲਈ ਹਾਜ਼ਰ ਹੋਣ ਲਈ ਖ਼ਾਸ ਉਤਸ਼ਾਹ ਦਿਓ। ਜਦੋਂ ਉਹ ਆਉਂਦਾ ਹੈ, ਤਾਂ ਉਸ ਨੂੰ ਸਭਾ ਗ੍ਰਹਿ ਵਿਖੇ ਦੂਸਰਿਆਂ ਨਾਲ ਮਿਲਾਓ। ਇਸ ਤਰ੍ਹਾਂ ਤੁਸੀਂ ਹੌਲੀ-ਹੌਲੀ ਸਿੱਖਿਆਰਥੀ ਦੀ ਮਦਦ ਕਰ ਸਕੋਗੇ ਕਿ ਉਹ ਸੰਗਠਨ ਨਾਲ ਸੰਗਤ ਰੱਖੇ। ਇਕ ਦੋ ਵਾਰੀ ਸਭਾਵਾਂ ਲਈ ਆਉਣ ਮਗਰੋਂ, ਉਸ ਨੂੰ ਕਿਸੇ ਵੀ ਪ੍ਰਕਾਰ ਦੇ ਸੰਕੋਚ ਉੱਤੇ ਕਾਬੂ ਪਾਉਣ ਅਤੇ ਆਪਣੇ ਸ਼ਬਦਾਂ ਵਿਚ ਸੰਖੇਪ ਟਿੱਪਣੀ ਕਰਨ ਵਿਚ ਮਦਦ ਦਿਓ। ਇਹ ਉਸ ਦੀ ਇਹ ਮਹਿਸੂਸ ਕਰਨ ਵਿਚ ਮਦਦ ਕਰੇਗਾ ਕਿ ਉਹ ਵੀ ਸਭਾ ਵਿਚ ਹਿੱਸਾ ਲੈ ਰਿਹਾ ਹੈ।
7 ਜਿਉਂ-ਜਿਉਂ ਉਹ ਪ੍ਰਗਤੀ ਕਰਦਾ ਹੈ, ਸਿੱਖਿਆਰਥੀ ਨੂੰ ਉਤਸ਼ਾਹਿਤ ਕਰੋ ਕਿ ਉਹ ਇਸ ਵੱਡੀ ਪੁਸਤਿਕਾ ਅਤੇ ਕੈਸਟ ਜਾਂ ਗਿਆਨ ਪੁਸਤਕ ਤੋਂ ਸਿੱਖੇ ਵਡਮੁੱਲੇ ਨੁਕਤਿਆਂ ਬਾਰੇ ਦੂਸਰਿਆਂ ਨੂੰ ਦੱਸੇ। ਸਮਾਂ ਆਉਣ ਤੇ, ਸਾਡੇ ਨਾਲ ਸੇਵਕਾਈ ਵਿਚ ਸ਼ਾਮਲ ਹੋਣ ਦੀ ਲੋੜ ਬਾਰੇ ਉਸ ਨਾਲ ਚਰਚਾ ਕਰੋ ਅਤੇ ਉਸ ਨੂੰ ਬਪਤਿਸਮਾ-ਰਹਿਤ ਪ੍ਰਕਾਸ਼ਕ ਬਣਨ ਦੇ ਵਿਸ਼ੇਸ਼-ਸਨਮਾਨ ਲਈ ਤਿਆਰ ਕਰੋ। ਇਹ ਕਦਮ ਬਾਅਦ ਵਿਚ ਸਮਰਪਣ ਅਤੇ ਬਪਤਿਸਮੇ ਦੇ ਯੋਗ ਬਣਨ ਵਿਚ ਉਸ ਦੀ ਮਦਦ ਕਰਨਗੇ।
8 ਇਕ ਉੱਦਮੀ ਤੇ ਸੂਝਵਾਨ ਸਿੱਖਿਅਕ ਵਜੋਂ, ਤੁਸੀਂ ਯਹੋਵਾਹ ਅਤੇ ਉਸ ਦੇ ਸੰਗਠਨ ਪ੍ਰਤੀ ਸਿੱਖਿਆਰਥੀ ਦੇ ਪਿਆਰ ਨੂੰ ਮਾਪ ਸਕੋਗੇ। ਚੇਤੇ ਰੱਖੋ ਕਿ ਮੰਗ ਵੱਡੀ ਪੁਸਤਿਕਾ ਅਤੇ ਇਸ ਦੀ ਕੈਸਟ ਉਨ੍ਹਾਂ ਲਈ ਦੁਹਰਾ ਸਹਾਇਕ ਸਾਧਨ ਹਨ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਪੜ੍ਹਨਾ ਨਹੀਂ ਆਉਂਦਾ ਹੈ। ਅਜਿਹਿਆਂ ਦੀ ਮਦਦ ਕਰਨ ਲਈ ਇਨ੍ਹਾਂ ਸਾਧਨਾਂ ਦਾ ਚੰਗਾ ਇਸਤੇਮਾਲ ਕਰੋ ਤਾਂਕਿ ਉਹ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਸਦੀਪਕ ਜੀਵਨ ਹਾਸਲ ਕਰ ਸਕਣ।