ਬਿਰਧ ਜਨ ਬਿਨਾਂ ਮੱਧਮ ਪਏ ਪ੍ਰਚਾਰ ਕਰਦੇ ਹਨ
1 ਜਿਉਂ-ਜਿਉਂ ਲੋਕ ਬੁੱਢੇ ਹੋਣ ਲੱਗਦੇ ਹਨ, ਉਨ੍ਹਾਂ ਵਿੱਚੋਂ ਬਹੁਤ ਸਾਰੇ ਆਪਣੀ ਪੱਕੀ ਨੌਕਰੀ ਤੋਂ ਸੇਵਾ-ਮੁਕਤ ਹੋਣ ਦੀ ਅਤੇ ਆਪਣੇ ਬਾਕੀ ਸਾਲਾਂ ਦੌਰਾਨ ਇਕ ਨਿਸ਼ਚਿੰਤ ਜ਼ਿੰਦਗੀ ਬਿਤਾਉਣ ਦੀ ਉਤਸ਼ਾਹ ਨਾਲ ਉਡੀਕ ਕਰਦੇ ਹਨ। ਉਹ ਸ਼ਾਇਦ ਮਹਿਸੂਸ ਕਰਨ ਕਿ ਉਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ ਅਤੇ ਹੁਣ ਉਹ ਆਰਾਮ ਦੇ ਹੱਕਦਾਰ ਹਨ। ਜਾਂ ਹੋ ਸਕਦਾ ਹੈ ਕਿ ਉਹ ਕੇਵਲ ਆਪਣੀ ਬਾਕੀ ਦੀ ਜ਼ਿੰਦਗੀ ਦਾ ਮਜ਼ਾ ਲੈਣਾ ਚਾਹੁੰਦੇ ਹਨ।—ਲੂਕਾ 12:19.
2 ਯਹੋਵਾਹ ਦੇ ਸਮਰਪਿਤ ਸੇਵਕਾਂ ਵਜੋਂ, ਜੀਵਨ ਬਾਰੇ ਸਾਡਾ ਦ੍ਰਿਸ਼ਟੀਕੋਣ ਭਿੰਨ ਹੈ। ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਦੀ ਸੇਵਾ ਤੋਂ ਕੋਈ ਸੇਵਾ-ਮੁਕਤੀ ਨਹੀਂ ਹੁੰਦੀ ਹੈ। ਸਾਡਾ ਦ੍ਰਿਸ਼ਟੀਕੋਣ ਸਕਾਰਾਤਮਕ ਹੈ ਕਿਉਂਕਿ ਅਸੀਂ “ਸਦੀਪਕ ਜੀਵਨ” ਨੂੰ ਨਜ਼ਰ ਵਿਚ ਰੱਖਦੇ ਹਾਂ। (ਯਹੂ. 21) ਵਰ੍ਹਿਆਂ ਦੌਰਾਨ ਪ੍ਰਾਪਤ ਕੀਤਾ ਗਿਆ ਗਿਆਨ ਅਤੇ ਤਜਰਬਾ ਸ਼ਾਇਦ ਇਕ ਵਿਅਕਤੀ ਦੀ ਸੂਝ ਅਤੇ ਅੰਤਰਦ੍ਰਿਸ਼ਟੀ ਨੂੰ ਵਧਾਵੇ। ਇਹ ਇਕ ਵਿਅਕਤੀ ਨੂੰ ਜ਼ਿਆਦਾ ਬੁੱਧੀਮਾਨ ਬਣਨ ਅਤੇ ਜ਼ਿਆਦਾ ਸੰਤੁਲਿਤ ਹੋਣ ਅਤੇ ਜੀਵਨ ਲਈ ਜ਼ਿਆਦਾ ਗਹਿਰੀ ਕਦਰ ਪ੍ਰਗਟ ਕਰਨ ਦੇ ਯੋਗ ਬਣਾ ਸਕਦਾ ਹੈ। ਇਹ ਸਾਰੇ ਗੁਣ ਖ਼ੁਸ਼ ਖ਼ਬਰੀ ਦੇ ਇਕ ਸੇਵਕ ਨੂੰ ਅਧਿਕ ਲਾਭ ਪਹੁੰਚਾਉਂਦੇ ਹਨ।
3 ਬੁੱਢਾ ਹੋਣਾ ਕੇਵਲ ਸਰੀਰਕ ਬੁਢਾਪੇ ਦੀ ਗੱਲ ਹੀ ਨਹੀਂ ਹੈ; ਇਸ ਵਿਚ ਇਕ ਵਿਅਕਤੀ ਦੀ ਮਾਨਸਿਕ ਮਨੋਬਿਰਤੀ ਵੀ ਸ਼ਾਮਲ ਹੈ। ਜੇਕਰ ਤੁਸੀਂ ਲੰਬੀ ਉਮਰ ਜੀਉਣ ਦੀ ਆਸ ਰੱਖਦੇ ਹੋ ਅਤੇ ਆਪਣੇ ਦ੍ਰਿਸ਼ਟੀਕੋਣ ਨੂੰ ਜਵਾਨ ਬਣਾਈ ਰੱਖਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਇਨ੍ਹਾਂ ਦੋਨੋਂ ਗੱਲਾਂ ਦੀ ਪੂਰਤੀ ਦੀ ਸੰਭਾਵਨਾ ਵਧ ਸਕਦੀ ਹੈ। ਬਿਰਧ ਲੋਕ ਆਪਣੇ ਅਧਿਆਤਮਿਕ ਗਿਆਨ ਨੂੰ ਵਧਾਉਣ ਅਤੇ ਇਸ ਨੂੰ ਦੂਜਿਆਂ ਨਾਲ ਸਾਂਝਾ ਕਰਨ ਦੁਆਰਾ ਆਪਣੇ ਜੀਵਨ ਨੂੰ ਹੋਰ ਸੰਵਾਰ ਸਕਦੇ ਹਨ।—1 ਕੁਰਿੰ. 9:23.
4 ਹਕੀਕੀ ਉਦਾਹਰਣਾਂ: ਇਕ ਭੈਣ ਨੇ 86 ਸਾਲ ਦੀ ਉਮਰ ਵਿਚ ਕਿਹਾ: “ਜਦੋਂ ਮੈਂ ਆਪਣੇ ਬੀਤੇ 60 ਸਾਲਾਂ ਉੱਤੇ ਵਿਚਾਰ ਕਰਦੀ ਹਾਂ ਜਦੋਂ ਤੋਂ ਮੈਂ ਸੱਚਾਈ ਸਿੱਖੀ ਹੈ, ਤਾਂ ਪਰਮੇਸ਼ੁਰ ਦਾ ਭਰੋਸਾ-ਦਿਵਾਊ ਵਾਅਦਾ ਮੇਰੇ ਦਿਲ ਵਿਚ ਉੱਭਰ ਆਉਂਦਾ ਹੈ। ਜੀ ਹਾਂ, ਯਹੋਵਾਹ ਜੋ ਨਿਸ਼ਠਾਵਾਨਾਂ ਨਾਲ ਨਿਸ਼ਠਾ ਵਿਚ ਕੰਮ ਕਰੇਗਾ, ਸਾਨੂੰ ਭਰਪੂਰ ਆਨੰਦ ਸਮੇਟਣ ਦੀ ਇਜਾਜ਼ਤ ਦੇ ਰਿਹਾ ਹੈ।” (ਜ਼ਬੂ. 18:25) ਇਕ ਬਿਰਧ ਭਰਾ ਨੇ ਯਾਦ ਕੀਤਾ ਕਿ ਉਸ ਦੀ ਪਤਨੀ ਦੀ ਮੌਤ ਨਾਲ ਉਸ ਨੂੰ ਬਹੁਤ ਵੱਡਾ ਧੱਕਾ ਲੱਗਾ, ਜਿਸ ਮਗਰੋਂ ਉਸ ਦੀ ਸਿਹਤ ਬੁਰੀ ਤਰ੍ਹਾਂ ਨਾਲ ਵਿਗੜਨ ਲੱਗੀ। ਉਸ ਨੇ ਕਿਹਾ: “ਫਿਰ ਵੀ, ਯਹੋਵਾਹ ਦੀ ਅਯੋਗ ਦਿਆਲਗੀ ਨਾਲ, ਮੇਰੀ ਸਿਹਤ ਇਸ ਹੱਦ ਤਕ ਸੁਧਰੀ ਕਿ ਦੋ ਸਾਲ ਬਾਅਦ ਮੈਂ ਪਾਇਨੀਅਰ ਸੇਵਾ ਸ਼ੁਰੂ ਕਰ ਸਕਿਆ। ਮੈਂ ਯਹੋਵਾਹ ਦਾ ਕਿੰਨਾ ਸ਼ੁਕਰਗੁਜ਼ਾਰ ਹਾਂ ਕਿ ਪ੍ਰਚਾਰ ਕੰਮ ਵਿਚ ਇਸ ਵਾਧੇ ਦੇ ਕਾਰਨ ਮੇਰੀ ਸਿਹਤ ਅਸਲ ਵਿਚ ਸੁਧਰੀ ਹੈ!”
5 ਇਹ ਕਿੰਨੀ ਸ਼ਲਾਘਾਯੋਗ ਗੱਲ ਹੈ ਕਿ ਇੰਨੇ ਸਾਰੇ ਬਿਰਧ ਜਨ—ਬਿਨਾਂ ਮੱਧਮ ਪਏ—ਉਸ ਹੱਦ ਤਕ ਪ੍ਰਚਾਰ ਕੰਮ ਵਿਚ ਲੱਗੇ ਰਹਿਣ ਦਾ ਦ੍ਰਿੜ੍ਹ ਇਰਾਦਾ ਰੱਖਦੇ ਹਨ, ਜਿਸ ਹੱਦ ਤਕ ਉਨ੍ਹਾਂ ਦੀ ਸਿਹਤ ਅਤੇ ਤਾਕਤ ਇਜਾਜ਼ਤ ਦਿੰਦੀ ਹੈ! ਉਨ੍ਹਾਂ ਕੋਲ ਇਹ ਬੋਲ ਉੱਠਣ ਦਾ ਚੰਗਾ ਕਾਰਨ ਹੈ: “ਹੇ ਪਰਮੇਸ਼ੁਰ, ਤੈਂ ਮੈਨੂੰ ਜੁਆਨੀ ਤੋਂ ਸਿਖਲਾਇਆ ਹੈ, ਅਤੇ ਹੁਣ ਤੀਕੁਰ ਮੈਂ ਤੇਰੇ ਅਨੋਖੇ ਕੰਮਾਂ ਨੂੰ ਦੱਸਦਾ ਰਿਹਾ।”—ਜ਼ਬੂ. 71:17.