ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w25 ਨਵੰਬਰ ਸਫ਼ੇ 2-7
  • ਬੁਢਾਪੇ ਵਿਚ ਵੀ ਆਪਣੀ ਖ਼ੁਸ਼ੀ ਬਣਾਈ ਰੱਖੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਬੁਢਾਪੇ ਵਿਚ ਵੀ ਆਪਣੀ ਖ਼ੁਸ਼ੀ ਬਣਾਈ ਰੱਖੋ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਬੁਢਾਪੇ ਕਰਕੇ ਆਪਣੀ ਖ਼ੁਸ਼ੀ ਬਣਾਈ ਰੱਖਣੀ ਔਖੀ ਕਿਉਂ ਹੋ ਸਕਦੀ ਹੈ?
  • ਆਪਣੀ ਖ਼ੁਸ਼ੀ ਕਿਵੇਂ ਬਣਾਈ ਰੱਖੀਏ?
  • ਅਸੀਂ ਬਜ਼ੁਰਗ ਭੈਣਾਂ-ਭਰਾਵਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ?
  • ਸਿਆਣੀ ਉਮਰ ਦੇ ਵਫ਼ਾਦਾਰ ਭੈਣਾਂ-ਭਰਾਵਾਂ ਨੂੰ ਅਨਮੋਲ ਸਮਝੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2021
  • ਵਫ਼ਾਦਾਰ ਆਦਮੀਆਂ ਦੇ ਆਖ਼ਰੀ ਸ਼ਬਦਾਂ ਤੋਂ ਸਿੱਖੋ ਸਬਕ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਯਹੋਵਾਹ ਆਪਣੇ ਸਿਆਣੇ ਸੇਵਕਾਂ ਨੂੰ ਬੇਹੱਦ ਪਿਆਰ ਕਰਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
  • ਨਿਮਰ ਹੋ ਕੇ ਕਬੂਲ ਕਰੋ ਕਿ ਤੁਸੀਂ ਕੁਝ ਗੱਲਾਂ ਨਹੀਂ ਜਾਣਦੇ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
w25 ਨਵੰਬਰ ਸਫ਼ੇ 2-7

ਅਧਿਐਨ ਲੇਖ 44

ਗੀਤ 138 ਧੌਲ਼ਾ ਸਿਰ ਹੈ ਤਾਜ

ਬੁਢਾਪੇ ਵਿਚ ਵੀ ਆਪਣੀ ਖ਼ੁਸ਼ੀ ਬਣਾਈ ਰੱਖੋ

“ਉਹ ਬੁਢਾਪੇ ਵਿਚ ਵੀ ਫਲ ਦੇਣਗੇ।”​—ਜ਼ਬੂ. 92:14.

ਕੀ ਸਿੱਖਾਂਗੇ?

ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਲਈ ਆਪਣੀ ਖ਼ੁਸ਼ੀ ਬਣਾਈ ਰੱਖਣੀ ਕਿਉਂ ਜ਼ਰੂਰੀ ਹੈ ਅਤੇ ਉਹ ਆਪਣੀ ਖ਼ੁਸ਼ੀ ਕਿਵੇਂ ਬਣਾਈ ਰੱਖ ਸਕਦੇ ਹਨ?

1-2. ਯਹੋਵਾਹ ਦਾ ਉਨ੍ਹਾਂ ਵਫ਼ਾਦਾਰ ਸੇਵਕਾਂ ਬਾਰੇ ਕੀ ਨਜ਼ਰੀਆ ਹੈ ਜੋ ਸਿਆਣੀ ਉਮਰ ਦੇ ਹੋ ਰਹੇ ਹਨ? (ਜ਼ਬੂਰ 92:12-14; (ਤਸਵੀਰ ਵੀ ਦੇਖੋ।)

ਦੁਨੀਆਂ ਵਿਚ ਕੁਝ ਲੋਕ ਸੋਚਦੇ ਹਨ ਕਿ ਸਿਆਣੀ ਉਮਰ ਦੇ ਹੋਣਾ ਮਾਣ ਦੀ ਗੱਲ ਹੈ, ਪਰ ਦੂਜੇ ਪਾਸੇ ਕੁਝ ਲੋਕ ਆਪਣੀ ਵਧਦੀ ਉਮਰ ਨੂੰ ਲੁਕਾਉਣ ਲਈ ਬਹੁਤ ਕੁਝ ਕਰਦੇ ਹਨ। ਮਿਸਾਲ ਲਈ, ਕੀ ਤੁਹਾਨੂੰ ਉਹ ਸਮਾਂ ਯਾਦ ਹੈ ਜਦੋਂ ਤੁਸੀਂ ਆਪਣਾ ਪਹਿਲਾ ਚਿੱਟਾ ਵਾਲ਼ ਦੇਖਿਆ ਸੀ? ਇਸ ਤੋਂ ਪਹਿਲਾਂ ਕਿ ਕੋਈ ਹੋਰ ਤੁਹਾਡਾ ਚਿੱਟਾ ਵਾਲ਼ ਦੇਖਦਾ, ਤੁਸੀਂ ਇਸ ਨੂੰ ਪੁੱਟਣ ਦੀ ਕੋਸ਼ਿਸ਼ ਕੀਤੀ ਹੋਣੀ। ਪਰ ਸੱਚ ਤਾਂ ਇਹ ਹੈ ਕਿ ਚਾਹੇ ਅਸੀਂ ਆਪਣੇ ਜਿੰਨੇ ਮਰਜ਼ੀ ਚਿੱਟੇ ਵਾਲ਼ ਪੁੱਟ ਲਈਏ, ਪਰ ਅਸੀਂ ਆਪਣੀ ਉਮਰ ਨੂੰ ਵਧਣ ਤੋਂ ਰੋਕ ਨਹੀਂ ਸਕਦੇ।

2 ਪਰ ਸਾਡੇ ਸਵਰਗੀ ਪਿਤਾ ਦਾ ਉਨ੍ਹਾਂ ਸੇਵਕਾਂ ਬਾਰੇ ਕੀ ਨਜ਼ਰੀਆ ਹੈ ਜੋ ਸਿਆਣੀ ਉਮਰ ਦੇ ਹੋ ਰਹੇ ਹਨ? (ਕਹਾ. 16:31) ਬਾਈਬਲ ਵਿਚ ਉਸ ਨੇ ਉਨ੍ਹਾਂ ਦੀ ਤੁਲਨਾ ਵਧਦੇ-ਫੁੱਲਦੇ ਦਰਖ਼ਤਾਂ ਨਾਲ ਕੀਤੀ ਹੈ। (ਜ਼ਬੂਰ 92:12-14 ਪੜ੍ਹੋ।) ਇਹ ਤੁਲਨਾ ਕਰਨੀ ਸਹੀ ਕਿਉਂ ਹੈ? ਜਿਹੜੇ ਦਰਖ਼ਤ ਬਹੁਤ ਪੁਰਾਣੇ ਹੁੰਦੇ ਹਨ, ਉਹ ਅਕਸਰ ਪੱਤਿਆਂ ਤੇ ਖ਼ੁਸ਼ਬੂਦਾਰ ਫੁੱਲਾਂ ਨਾਲ ਲੱਦੇ ਹੁੰਦੇ ਹਨ ਅਤੇ ਬਹੁਤ ਸੋਹਣੇ ਲੱਗਦੇ ਹਨ। ਇੱਦਾਂ ਦਾ ਹੀ ਇਕ ਦਰਖ਼ਤ ਹੈ, ਜਪਾਨ ਦਾ ਚੈਰੀ ਬਲੌਸਮ। ਕੁਝ ਚੈਰੀ ਬਲੌਸਮ ਦੇ ਦਰਖ਼ਤ 1,000 ਤੋਂ ਵੀ ਜ਼ਿਆਦਾ ਸਾਲ ਪੁਰਾਣੇ ਹਨ ਅਤੇ ਇਹ ਬਹੁਤ ਹੀ ਜ਼ਿਆਦਾ ਸੋਹਣੇ ਹਨ। ਇਨ੍ਹਾਂ ਦਰਖ਼ਤਾਂ ਵਾਂਗ ਪਰਮੇਸ਼ੁਰ ਦੇ ਜਿਹੜੇ ਵਫ਼ਾਦਾਰ ਸੇਵਕ ਸਿਆਣੀ ਉਮਰ ਦੇ ਹੋ ਗਏ ਹਨ, ਉਹ ਵੀ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਬਹੁਤ ਹੀ ਜ਼ਿਆਦਾ ਸੋਹਣੇ ਹਨ। ਯਹੋਵਾਹ ਇਨ੍ਹਾਂ ਸੇਵਕਾਂ ਦੇ ਚਿੱਟੇ ਵਾਲ਼ ਨਹੀਂ, ਸਗੋਂ ਦਿਲ ਦੇਖਦਾ ਹੈ। ਨਾਲੇ ਉਹ ਦੇਖਦਾ ਹੈ ਕਿ ਉਨ੍ਹਾਂ ਨੇ ਕਿੰਨਾ ਧੀਰਜ ਰੱਖਿਆ ਹੈ ਅਤੇ ਸਾਲਾਂ ਤੋਂ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰ ਰਹੇ ਹਨ। ਇਸ ਕਰਕੇ ਉਹ ਉਨ੍ਹਾਂ ਨੂੰ ਬਹੁਤ ਅਨਮੋਲ ਸਮਝਦਾ ਹੈ।

ਇਕ ਬਜ਼ੁਰਗ ਜੋੜਾ ਬੈਂਚ ʼਤੇ ਬੈਠਾ ਹੋਇਆ ਹੈ ਅਤੇ ਉਨ੍ਹਾਂ ਦੇ ਆਲੇ-ਦੁਆਲੇ ਫੁੱਲਾਂ ਨਾਲ ਭਰਿਆ ਚੈਰੀ ਬਲੌਸਮ ਦਾ ਦਰਖ਼ਤ ਹੈ।

ਜਿੱਦਾਂ ਪੁਰਾਣੇ ਦਰਖ਼ਤ ਪੱਤਿਆਂ ਤੇ ਫੁੱਲਾਂ ਨਾਲ ਲੱਦੇ ਹੁੰਦੇ ਹਨ ਅਤੇ ਬਹੁਤ ਜ਼ਿਆਦਾ ਸੋਹਣੇ ਦਿਸਦੇ ਹਨ, ਉਸੇ ਤਰ੍ਹਾਂ ਸਿਆਣੀ ਉਮਰ ਦੇ ਵਫ਼ਾਦਾਰ ਸੇਵਕ ਵੀ ਬਹੁਤ ਸੋਹਣੇ ਹੁੰਦੇ ਹਨ ਅਤੇ ਉਹ ਹਮੇਸ਼ਾ ਵਧਦੇ-ਫੁੱਲਦੇ ਹਨ (ਪੈਰਾ 2 ਦੇਖੋ)


3. ਯਹੋਵਾਹ ਨੇ ਸਿਆਣੀ ਉਮਰ ਦੇ ਸੇਵਕਾਂ ਰਾਹੀਂ ਆਪਣਾ ਮਕਸਦ ਕਿਵੇਂ ਪੂਰਾ ਕੀਤਾ? ਮਿਸਾਲ ਦਿਓ।

3 ਚਾਹੇ ਇਕ ਵਿਅਕਤੀ ਦੀ ਉਮਰ ਜਿੰਨੀ ਮਰਜ਼ੀ ਹੋ ਜਾਵੇ, ਪਰ ਯਹੋਵਾਹ ਦੀਆਂ ਨਜ਼ਰਾਂ ਵਿਚ ਉਸ ਦੀ ਕੀਮਤ ਨਹੀਂ ਘੱਟਦੀ।a ਸੱਚ ਤਾਂ ਇਹ ਹੈ ਕਿ ਕਈ ਵਾਰ ਯਹੋਵਾਹ ਨੇ ਆਪਣੇ ਸਿਆਣੀ ਉਮਰ ਦੇ ਸੇਵਕਾਂ ਰਾਹੀਂ ਆਪਣਾ ਮਕਸਦ ਪੂਰਾ ਕੀਤਾ ਹੈ। ਮਿਸਾਲ ਲਈ, ਜਦੋਂ ਸਾਰਾਹ ਬੁੱਢੀ ਹੋ ਗਈ ਸੀ, ਤਾਂ ਯਹੋਵਾਹ ਨੇ ਕਿਹਾ ਕਿ ਉਹ ਇਕ ਪੁੱਤਰ ਨੂੰ ਜਨਮ ਦੇਵੇਗੀ ਜਿਸ ਰਾਹੀਂ ਇਕ ਵੱਡੀ ਕੌਮ ਬਣੇਗੀ ਅਤੇ ਉਹ ਮਸੀਹ ਦੀ ਪੂਰਵਜ ਬਣੇਗੀ। (ਉਤ. 17:15-19) ਮੂਸਾ ਵੀ ਬੁੱਢਾ ਹੋ ਗਿਆ ਸੀ ਜਦੋਂ ਪਰਮੇਸ਼ੁਰ ਨੇ ਉਸ ਨੂੰ ਇਜ਼ਰਾਈਲੀਆਂ ਨੂੰ ਮਿਸਰ ਤੋਂ ਛੁਡਾਉਣ ਲਈ ਕਿਹਾ ਸੀ। (ਕੂਚ 7:6, 7) ਨਾਲੇ ਯੂਹੰਨਾ ਰਸੂਲ ਵੀ ਉਦੋਂ ਕਾਫ਼ੀ ਬੁੱਢਾ ਹੋ ਗਿਆ ਸੀ ਜਦੋਂ ਪਰਮੇਸ਼ੁਰ ਨੇ ਆਪਣੀ ਪਵਿੱਤਰ ਸ਼ਕਤੀ ਰਾਹੀਂ ਉਸ ਤੋਂ ਬਾਈਬਲ ਦੀਆਂ ਪੰਜ ਕਿਤਾਬਾਂ ਲਿਖਵਾਈਆਂ ਸਨ।

4. ਕਹਾਉਤਾਂ 15:15 ਅਨੁਸਾਰ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਕਿਹੜੀ ਗੱਲ ਬਜ਼ੁਰਗ ਭੈਣਾਂ-ਭਰਾਵਾਂ ਦੀ ਮਦਦ ਕਰ ਸਕਦੀ ਹੈ? (ਤਸਵੀਰ ਵੀ ਦੇਖੋ।)

4 ਬੁਢਾਪੇ ਵਿਚ ਅਕਸਰ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਤੇ ਜ਼ਿੰਦਗੀ ਜੀਉਣੀ ਔਖੀ ਹੋ ਜਾਂਦੀ ਹੈ। ਇਕ ਸਿਆਣੀ ਉਮਰ ਦੀ ਭੈਣ ਨੇ ਹਾਸੇ-ਹਾਸੇ ਵਿਚ ਕਿਹਾ: “ਬੁੱਢੇ ਹੋਣਾ ਕੋਈ ਮਜ਼ਾਕ ਦੀ ਗੱਲ ਨਹੀਂ ਹੈ।” ਪਰ ਜੇ ਬਜ਼ੁਰਗ ਭੈਣ-ਭਰਾ ਆਪਣੀ ਖ਼ੁਸ਼ੀb ਬਣਾਈ ਰੱਖਣ, ਤਾਂ ਉਨ੍ਹਾਂ ਲਈ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਸੌਖਾ ਹੋ ਸਕਦਾ ਹੈ। (ਕਹਾਉਤਾਂ 15:15 ਪੜ੍ਹੋ।) ਇਸ ਲੇਖ ਵਿਚ ਅਸੀਂ ਕੁਝ ਸੁਝਾਵਾਂ ʼਤੇ ਗੌਰ ਕਰਾਂਗੇ ਜਿਨ੍ਹਾਂ ਨੂੰ ਲਾਗੂ ਕਰ ਕੇ ਬਜ਼ੁਰਗ ਭੈਣ-ਭਰਾ ਆਪਣੀ ਖ਼ੁਸ਼ੀ ਬਣਾਈ ਰੱਖ ਸਕਦੇ ਹਨ। ਅਸੀਂ ਇਹ ਵੀ ਜਾਣਾਂਗੇ ਕਿ ਮੰਡਲੀ ਦੇ ਹੋਰ ਮਸੀਹੀ ਇਨ੍ਹਾਂ ਭੈਣਾਂ-ਭਰਾਵਾਂ ਲਈ ਕੀ ਕਰ ਸਕਦੇ ਹਨ। ਪਰ ਪਹਿਲਾਂ ਆਓ ਆਪਾਂ ਦੇਖੀਏ ਕਿ ਵਧਦੀ ਉਮਰ ਕਰਕੇ ਆਪਣੀ ਖ਼ੁਸ਼ੀ ਬਣਾਈ ਰੱਖਣੀ ਔਖੀ ਕਿਉਂ ਹੋ ਸਕਦੀ ਹੈ।

ਪਿਛਲੀ ਤਸਵੀਰ ਵਿਚ ਜਿਹੜਾ ਜੋੜਾ ਦਿਖਾਇਆ ਗਿਆ ਸੀ, ਉਹ ਫੁੱਲਾਂ ਨਾਲ ਭਰੇ ਚੈਰੀ ਬਲੌਸਮ ਦਰਖ਼ਤ ਦੇ ਥੱਲੇ ਖੜ੍ਹਾ ਹੈ ਅਤੇ ਉਨ੍ਹਾਂ ਨੇ ਇਕ-ਦੂਜੇ ਦਾ ਹੱਥ ਫੜਿਆ ਹੋਇਆ ਹੈ ਤੇ ਮੁਸਕਰਾ ਰਿਹਾ ਹੈ।

ਖ਼ੁਸ਼ ਰਹਿ ਕੇ ਵੀ ਸਿਆਣੀ ਉਮਰ ਦੇ ਭੈਣ-ਭਰਾ ਬੁਢਾਪੇ ਵਿਚ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕਦੇ ਹਨ (ਪੈਰਾ 4 ਦੇਖੋ)


ਬੁਢਾਪੇ ਕਰਕੇ ਆਪਣੀ ਖ਼ੁਸ਼ੀ ਬਣਾਈ ਰੱਖਣੀ ਔਖੀ ਕਿਉਂ ਹੋ ਸਕਦੀ ਹੈ?

5. ਕੁਝ ਬਜ਼ੁਰਗ ਭੈਣ-ਭਰਾ ਸ਼ਾਇਦ ਨਿਰਾਸ਼ ਕਿਉਂ ਹੋ ਜਾਣ?

5 ਬਜ਼ੁਰਗ ਭੈਣ-ਭਰਾ ਸ਼ਾਇਦ ਕਿਉਂ ਨਿਰਾਸ਼ ਹੋ ਜਾਣ? ਉਹ ਸ਼ਾਇਦ ਇਹ ਸੋਚ ਕੇ ਨਿਰਾਸ਼ ਹੋ ਜਾਣ ਕਿ ਉਹ ਪਹਿਲਾਂ ਕਿੰਨਾ ਕੁਝ ਕਰ ਸਕਦੇ ਸਨ, ਪਰ ਹੁਣ ਉਹ ਕੁਝ ਵੀ ਨਹੀਂ ਕਰ ਸਕਦੇ। ਉਹ ਸ਼ਾਇਦ ਸੋਚਣ, ‘ਕਾਸ਼! ਜਵਾਨੀ ਦੇ ਉਹ ਦਿਨ ਵਾਪਸ ਆ ਜਾਣ ਜਦੋਂ ਮੇਰੀ ਸਿਹਤ ਵਧੀਆ ਹੁੰਦੀ ਸੀ।’ (ਉਪ. 7:10) ਭੈਣ ਰੂਬੀ ਕਈ ਵਾਰ ਨਿਰਾਸ਼ ਹੋ ਜਾਂਦੀ ਹੈ। ਉਹ ਦੱਸਦੀ ਹੈ: “ਕਦੀ-ਕਦਾਈਂ ਤਾਂ ਮੇਰੇ ਹੱਥ-ਪੈਰ ਕੰਮ ਹੀ ਨਹੀਂ ਕਰਦੇ। ਮੇਰੇ ਪੂਰੇ ਸਰੀਰ ਵਿਚ ਇੰਨੀ ਦਰਦ ਰਹਿੰਦੀ ਹੈ ਕਿ ਮੇਰੇ ਲਈ ਕੱਪੜੇ ਪਾਉਣੇ ਔਖੇ ਹੋ ਜਾਂਦੇ ਹਨ। ਜੁਰਾਬਾਂ ਪਾਉਣ ਲਈ ਪੈਰ ਚੁੱਕਣ ਵਿਚ ਵੀ ਬੜੀ ਤਕਲੀਫ਼ ਹੁੰਦੀ ਹੈ। ਹੱਥ ਸੁੰਨ ਰਹਿਣ ਕਰਕੇ ਅਤੇ ਜੋੜਾਂ ਵਿਚ ਦਰਦ ਰਹਿਣ ਕਰਕੇ ਮੇਰੇ ਲਈ ਛੋਟੇ-ਮੋਟੇ ਕੰਮ ਕਰਨੇ ਵੀ ਔਖੇ ਹਨ।” ਭਰਾ ਹੈਰਲਡ, ਜੋ ਬੈਥਲ ਵਿਚ ਸੇਵਾ ਕਰਦਾ ਸੀ, ਕਹਿੰਦਾ ਹੈ: “ਆਪਣੀ ਹਾਲਤ ਦੇਖ ਕੇ ਕਦੀ-ਕਦਾਈਂ ਮੈਨੂੰ ਬਹੁਤ ਗੁੱਸਾ ਆਉਂਦਾ ਹੈ। ਜਦੋਂ ਮੈਂ ਜਵਾਨ ਸੀ, ਤਾਂ ਮੈਨੂੰ ਖੇਡਣ ਦਾ ਬਹੁਤ ਸ਼ੌਕ ਸੀ। ਬੇਸਬਾਲ ਖੇਡਦੇ ਵੇਲੇ ਲੋਕ ਕਹਿੰਦੇ ਸਨ, ‘ਹੈਰਲਡ ਨੂੰ ਬਾਲ ਦੇ ਦਿਓ ਤੇ ਫਿਰ ਆਪਾਂ ਜਿੱਤ ਜਾਣਾ।’ ਪਰ ਹੁਣ ਤਾਂ ਮੇਰੇ ਵਿਚ ਬਾਲ ਸੁੱਟਣ ਦੀ ਵੀ ਤਾਕਤ ਨਹੀਂ ਰਹੀ।”

6. (ੳ) ਬਜ਼ੁਰਗ ਭੈਣ-ਭਰਾ ਹੋਰ ਕਿਹੜੇ ਕਾਰਨਾਂ ਕਰਕੇ ਨਿਰਾਸ਼ ਹੋ ਸਕਦੇ ਹਨ? (ਅ) ਬਜ਼ੁਰਗ ਭੈਣ-ਭਰਾ ਕਿਵੇਂ ਤੈਅ ਕਰ ਸਕਦੇ ਹਨ ਕਿ ਉਨ੍ਹਾਂ ਨੂੰ ਗੱਡੀ ਚਲਾਉਣੀ ਬੰਦ ਕਰ ਦੇਣੀ ਚਾਹੀਦੀ ਹੈ ਜਾਂ ਨਹੀਂ? (ਇਸ ਅੰਕ ਵਿਚ “ਕੀ ਮੈਨੂੰ ਹੁਣ ਗੱਡੀ ਚਲਾਉਣੀ ਬੰਦ ਕਰ ਦੇਣੀ ਚਾਹੀਦੀ ਹੈ?” ਨਾਂ ਦਾ ਲੇਖ ਦੇਖੋ।)

6 ਆਪਣੀ ਆਜ਼ਾਦੀ ਗੁਆਉਣ ਕਰਕੇ ਸ਼ਾਇਦ ਤੁਸੀਂ ਨਿਰਾਸ਼ ਹੋ ਜਾਓ। ਇੱਦਾਂ ਖ਼ਾਸ ਕਰਕੇ ਉਦੋਂ ਹੋ ਸਕਦਾ ਹੈ ਜਦੋਂ ਤੁਹਾਡੀ ਦੇਖ-ਭਾਲ ਕਰਨ ਲਈ ਕਿਸੇ ਨੂੰ ਰੱਖਿਆ ਜਾਂਦਾ ਹੈ ਜਾਂ ਜਦੋਂ ਤੁਹਾਨੂੰ ਆਪਣਾ ਘਰ ਛੱਡ ਕੇ ਆਪਣੇ ਕਿਸੇ ਬੱਚੇ ਨਾਲ ਰਹਿਣਾ ਪੈਂਦਾ ਹੈ। ਜਾਂ ਸਿਹਤ ਵਿਗੜਨ ਜਾਂ ਨਜ਼ਰ ਕਮਜ਼ੋਰ ਹੋਣ ਕਰਕੇ ਤੁਸੀਂ ਇਕੱਲੇ ਕਿਤੇ ਆ-ਜਾ ਨਹੀਂ ਸਕਦੇ ਜਾਂ ਫਿਰ ਗੱਡੀ, ਮੋਟਰਸਾਈਕਲ ਜਾਂ ਸਾਈਕਲ ਵਗੈਰਾ ਨਹੀਂ ਚਲਾ ਸਕਦੇ। ਅਜਿਹੇ ਹਾਲਾਤਾਂ ਵਿਚ ਸ਼ਾਇਦ ਤੁਸੀਂ ਨਿਰਾਸ਼ ਹੋ ਜਾਓ। ਪਰ ਯਾਦ ਰੱਖੋ ਕਿ ਇਨ੍ਹਾਂ ਕਾਰਨਾਂ ਕਰਕੇ ਯਹੋਵਾਹ ਅਤੇ ਦੂਜਿਆਂ ਦੀਆਂ ਨਜ਼ਰਾਂ ਵਿਚ ਤੁਹਾਡੀ ਕੀਮਤ ਨਹੀਂ ਘੱਟਦੀ। ਨਾਲੇ ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ ਜਾਣਦਾ ਹੈ ਕਿ ਤੁਸੀਂ ਕਿੱਦਾਂ ਮਹਿਸੂਸ ਕਰ ਰਹੇ ਹੋ। ਉਸ ਲਈ ਇਹ ਗੱਲ ਜ਼ਿਆਦਾ ਮਾਅਨੇ ਰੱਖਦੀ ਹੈ ਕਿ ਤੁਸੀਂ ਅੰਦਰੋਂ ਕਿਹੋ ਜਿਹੇ ਇਨਸਾਨ ਹੋ। ਯਹੋਵਾਹ ਦੇਖਦਾ ਹੈ ਕਿ ਤੁਹਾਡੇ ਦਿਲ ਵਿਚ ਉਸ ਲਈ ਅਤੇ ਭੈਣਾਂ-ਭਰਾਵਾਂ ਲਈ ਕਿੰਨਾ ਪਿਆਰ ਅਤੇ ਕਦਰ ਹੈ। ਇਸ ਕਰਕੇ ਉਹ ਤੁਹਾਨੂੰ ਅਨਮੋਲ ਸਮਝਦਾ ਹੈ।​—1 ਸਮੂ. 16:7.

7. ਜੇ ਤੁਸੀਂ ਇਹ ਸੋਚ ਕੇ ਨਿਰਾਸ਼ ਹੋ ਕਿ ਤੁਹਾਡੇ ਜੀਉਂਦੇ ਜੀ ਅੰਤ ਨਹੀਂ ਆਵੇਗਾ, ਤਾਂ ਤੁਸੀਂ ਕਿਹੜੀ ਗੱਲ ਯਾਦ ਰੱਖ ਸਕਦੇ ਹੋ?

7 ਸ਼ਾਇਦ ਤੁਸੀਂ ਇਹ ਸੋਚ ਕੇ ਵੀ ਨਿਰਾਸ਼ ਹੋ ਜਾਓ ਕਿ ਤੁਹਾਡੇ ਜੀਉਂਦੇ ਜੀ ਅੰਤ ਨਹੀਂ ਆਵੇਗਾ। ਜੇ ਤੁਹਾਨੂੰ ਇੱਦਾਂ ਲੱਗਦਾ ਹੈ, ਤਾਂ ਯਾਦ ਰੱਖੋ ਕਿ ਯਹੋਵਾਹ ਵੀ ਇਸ ਦੁਸ਼ਟ ਦੁਨੀਆਂ ਦਾ ਅੰਤ ਕਰਨਾ ਚਾਹੁੰਦਾ ਹੈ। ਪਰ ਉਸ ਨੇ ਧੀਰਜ ਰੱਖਿਆ ਹੋਇਆ ਹੈ। (ਯਸਾ. 30:18) ਕਿਉਂ? ਕਿਉਂਕਿ ਉਹ ਲੱਖਾਂ ਲੋਕਾਂ ਨੂੰ ਉਸ ਬਾਰੇ ਜਾਣਨ ਤੇ ਉਸ ਦੀ ਸੇਵਾ ਕਰਨ ਦਾ ਸਮਾਂ ਤੇ ਮੌਕਾ ਦੇ ਰਿਹਾ ਹੈ। (2 ਪਤ. 3:9) ਸੋ ਜਦੋਂ ਤੁਸੀਂ ਨਿਰਾਸ਼ ਹੁੰਦੇ ਹੋ, ਤਾਂ ਸੋਚੋ ਕਿ ਯਹੋਵਾਹ ਦੇ ਧੀਰਜ ਰੱਖਣ ਕਰਕੇ ਅੰਤ ਆਉਣ ਤੋਂ ਪਹਿਲਾਂ ਕਿੰਨੇ ਲੋਕਾਂ ਨੂੰ ਫ਼ਾਇਦਾ ਹੋਵੇਗਾ। ਕੀ ਪਤਾ ਉਨ੍ਹਾਂ ਵਿੱਚੋਂ ਕੁਝ ਜਣੇ ਤੁਹਾਡੇ ਘਰਦੇ ਵੀ ਹੋਣ?

8. ਕੁਝ ਜਣੇ ਸਿਹਤ ਜਾਂ ਵਧਦੀ ਉਮਰ ਕਰਕੇ ਸ਼ਾਇਦ ਕੀ ਕਰਨ?

8 ਚਾਹੇ ਅਸੀਂ ਜਵਾਨ ਹੋਈਏ ਜਾਂ ਬਜ਼ੁਰਗ, ਜਦੋਂ ਸਾਡੀ ਸਿਹਤ ਠੀਕ ਨਹੀਂ ਹੁੰਦੀ, ਤਾਂ ਅਸੀਂ ਕਈ ਵਾਰ ਕੁਝ ਅਜਿਹਾ ਕਹਿ ਦਿੰਦੇ ਹਾਂ ਜਾਂ ਕਰ ਦਿੰਦੇ ਹਾਂ ਜਿਸ ਦਾ ਬਾਅਦ ਵਿਚ ਸਾਨੂੰ ਪਛਤਾਵਾ ਹੁੰਦਾ ਹੈ। (ਉਪ. 7:7; ਯਾਕੂ. 3:2) ਮਿਸਾਲ ਲਈ, ਵਫ਼ਾਦਾਰ ਸੇਵਕ ਅੱਯੂਬ ਨੇ ਦੁੱਖਾਂ-ਤਕਲੀਫ਼ਾਂ ਵਿੱਚੋਂ ਲੰਘਦਿਆਂ “ਆਵਾਗੌਣ ਗੱਲਾਂ” ਕਹੀਆਂ ਸਨ। (ਅੱਯੂ. 6:1-3) ਕਦੇ-ਕਦੇ ਸਿਆਣੀ ਉਮਰ ਦੇ ਲੋਕ ਕਿਸੇ ਬੀਮਾਰੀ ਜਾਂ ਦਵਾਈ ਕਰਕੇ ਕੁਝ ਅਜਿਹਾ ਕਹਿ ਜਾਂ ਕਰ ਦਿੰਦੇ ਹਨ ਜੋ ਉਹ ਆਮ ਤੌਰ ਤੇ ਨਹੀਂ ਕਰਦੇ। ਪਰ ਸਾਨੂੰ ਕਦੇ ਵੀ ਆਪਣੀ ਸਿਹਤ ਜਾਂ ਵਧਦੀ ਉਮਰ ਦਾ ਬਹਾਨਾ ਬਣਾ ਕੇ ਨਾ ਤਾਂ ਕਿਸੇ ਨਾਲ ਰੁੱਖੇ ਤਰੀਕੇ ਨਾਲ ਪੇਸ਼ ਆਉਣਾ ਚਾਹੀਦਾ ਹੈ ਤੇ ਨਾ ਹੀ ਉਨ੍ਹਾਂ ਤੋਂ ਹੱਦੋਂ ਵੱਧ ਉਮੀਦਾਂ ਰੱਖਣੀਆਂ ਚਾਹੀਦੀਆਂ ਹਨ। ਨਾਲੇ ਜਦੋਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਅਸੀਂ ਕਿਸੇ ਨੂੰ ਦੁੱਖ ਪਹੁੰਚਾਇਆ ਹੈ, ਤਾਂ ਸਾਨੂੰ ਜਲਦੀ ਤੋਂ ਜਲਦੀ ਉਸ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ।​—ਮੱਤੀ 5:23, 24.

ਆਪਣੀ ਖ਼ੁਸ਼ੀ ਕਿਵੇਂ ਬਣਾਈ ਰੱਖੀਏ?

ਚੈਰੀ ਬਲੌਸਮ ਦੀ ਟਹਿਣੀ ਫੁੱਲਾਂ ਨਾਲ ਭਰੀ ਹੋਈ ਹੈ। ਛੋਟੀਆਂ ਤਸਵੀਰਾਂ ਵਿਚ ਦਿਖਾਇਆ ਗਿਆ ਹੈ ਕਿ ਬੁਢਾਪੇ ਵਿਚ ਵੀ ਭੈਣ-ਭਰਾ ਅਲੱਗ-ਅਲੱਗ ਤਰੀਕਿਆਂ ਨਾਲ ਆਪਣੀ ਖ਼ੁਸ਼ੀ ਬਣਾਈ ਰੱਖ ਸਕਦੇ ਹਨ। ਇਹੀ ਤਸਵੀਰਾਂ ਪੈਰੇ 9-13 ਨਾਲ ਵੀ ਦਿਖਾਈਆਂ ਗਈਆਂ ਹਨ।

ਬੁਢਾਪੇ ਵਿਚ ਆਉਣ ਵਾਲੀਆਂ ਮੁਸ਼ਕਲਾਂ ਦੇ ਬਾਵਜੂਦ ਵੀ ਤੁਸੀਂ ਆਪਣੀ ਖ਼ੁਸ਼ੀ ਕਿਵੇਂ ਬਣਾਈ ਰੱਖ ਸਕਦੇ ਹੋ? (ਪੈਰੇ 9-13 ਦੇਖੋ)


9. ਤੁਹਾਨੂੰ ਦੂਜਿਆਂ ਤੋਂ ਮਦਦ ਕਿਉਂ ਮੰਗਣੀ ਚਾਹੀਦੀ ਹੈ? (ਤਸਵੀਰਾਂ ਵੀ ਦੇਖੋ।)

9 ਦੂਜਿਆਂ ਤੋਂ ਮਦਦ ਮੰਗੋ। (ਗਲਾ. 6:2) ਸ਼ੁਰੂ-ਸ਼ੁਰੂ ਵਿਚ ਸ਼ਾਇਦ ਤੁਹਾਨੂੰ ਇੱਦਾਂ ਕਰਨਾ ਔਖਾ ਲੱਗੇ। ਭੈਣ ਗ੍ਰੇਟਲ ਕਹਿੰਦੀ ਹੈ: “ਕਦੀ-ਕਦਾਈਂ ਮੈਨੂੰ ਦੂਜਿਆਂ ਤੋਂ ਮਦਦ ਮੰਗਣੀ ਔਖੀ ਲੱਗਦੀ ਹੈ। ਮੈਨੂੰ ਇੱਦਾਂ ਲੱਗਦਾ ਹੈ ਜਿੱਦਾਂ ਮੈਂ ਉਨ੍ਹਾਂ ʼਤੇ ਬੋਝ ਬਣ ਜਾਵਾਂਗੀ। ਮੈਨੂੰ ਆਪਣੀ ਸੋਚ ਬਦਲਣ ਅਤੇ ਇਹ ਕਬੂਲ ਕਰਨ ਵਿਚ ਸਮਾਂ ਲੱਗਾ ਕਿ ਮੈਨੂੰ ਮਦਦ ਦੀ ਲੋੜ ਹੈ।” ਦੂਜਿਆਂ ਤੋਂ ਮਦਦ ਮੰਗ ਕੇ ਤੁਸੀਂ ਉਨ੍ਹਾਂ ਨੂੰ ਉਹ ਖ਼ੁਸ਼ੀ ਦੇ ਰਹੇ ਹੁੰਦੇ ਹੋ ਜੋ ਦੇਣ ਨਾਲ ਮਿਲਦੀ ਹੈ। (ਰਸੂ. 20:35) ਨਾਲੇ ਤੁਹਾਨੂੰ ਇਸ ਤੋਂ ਵੀ ਜ਼ਰੂਰ ਖ਼ੁਸ਼ੀ ਮਿਲੇਗੀ ਕਿ ਦੂਜੇ ਤੁਹਾਡੇ ਨਾਲ ਕਿੰਨਾ ਪਿਆਰ ਕਰਦੇ ਹਨ ਅਤੇ ਤੁਹਾਡੀ ਕਿੰਨੀ ਪਰਵਾਹ ਕਰਦੇ ਹਨ!

ਇਕ ਬਜ਼ੁਰਗ ਭੈਣ ਨੇ ਇਕ ਨੌਜਵਾਨ ਭੈਣ ਦੀ ਬਾਂਹ ਫੜੀ ਹੋਈ ਹੈ ਅਤੇ ਉਹ ਫਲ-ਸਬਜ਼ੀਆਂ ਖ਼ਰੀਦ ਰਹੀਆਂ ਹਨ।

(ਪੈਰਾ 9 ਦੇਖੋ)


10. ਤੁਹਾਨੂੰ ਸ਼ੁਕਰਗੁਜ਼ਾਰੀ ਕਿਉਂ ਦਿਖਾਉਣੀ ਚਾਹੀਦੀ ਹੈ? (ਤਸਵੀਰਾਂ ਵੀ ਦੇਖੋ।)

10 ਸ਼ੁਕਰਗੁਜ਼ਾਰੀ ਦਿਖਾਓ। (ਕੁਲੁ. 3:15; 1 ਥੱਸ. 5:18) ਜਦੋਂ ਦੂਜੇ ਸਾਡੇ ਲਈ ਕੁਝ ਚੰਗਾ ਕਰਦੇ ਹਨ, ਤਾਂ ਅਸੀਂ ਉਨ੍ਹਾਂ ਦੇ ਦਿਲੋਂ ਸ਼ੁਕਰਗੁਜ਼ਾਰ ਹੁੰਦੇ ਹਾਂ। ਪਰ ਸ਼ਾਇਦ ਅਸੀਂ ਉਨ੍ਹਾਂ ਦਾ ਸ਼ੁਕਰੀਆ ਕਰਨਾ ਹੀ ਭੁੱਲ ਜਾਈਏ। ਜੇ ਅਸੀਂ ਉਨ੍ਹਾਂ ਵੱਲ ਦੇਖ ਕੇ ਮੁਸਕਰਾਈਏ ਅਤੇ ਉਨ੍ਹਾਂ ਨੂੰ ਥੈਂਕਯੂ ਕਹੀਏ, ਤਾਂ ਅਸੀਂ ਉਨ੍ਹਾਂ ਨੂੰ ਅਹਿਸਾਸ ਦਿਵਾ ਸਕਦੇ ਹਾਂ ਕਿ ਅਸੀਂ ਉਨ੍ਹਾਂ ਦੀ ਮਦਦ ਦੀ ਕਿੰਨੀ ਕਦਰ ਕਰਦੇ ਹਾਂ। ਜ਼ਰਾ ਭੈਣ ਲੀਆਹ ਦੇ ਤਜਰਬੇ ʼਤੇ ਗੌਰ ਕਰੋ ਜੋ ਬੈਥਲ ਵਿਚ ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰਦੀ ਹੈ। ਉਹ ਦੱਸਦੀ ਹੈ: “ਮੈਂ ਜਿਨ੍ਹਾਂ ਭੈਣਾਂ ਦੀ ਦੇਖ-ਭਾਲ ਕਰਦੀ ਹਾਂ, ਉਨ੍ਹਾਂ ਵਿੱਚੋਂ ਇਕ ਭੈਣ ਇਕ ਛੋਟੇ ਪੇਪਰ ʼਤੇ ਕੁਝ ਲਿਖ ਕੇ ਹਮੇਸ਼ਾ ਮੇਰਾ ਸ਼ੁਕਰੀਆ ਕਰਦੀ ਹੈ। ਉਹ ਜ਼ਿਆਦਾ ਕੁਝ ਤਾਂ ਨਹੀਂ ਲਿਖਦੀ, ਪਰ ਉਹ ਜੋ ਵੀ ਲਿਖਦੀ ਹੈ, ਉਹ ਮੇਰੇ ਦਿਲ ਨੂੰ ਛੂਹ ਜਾਂਦਾ ਹੈ। ਉਹ ਮੈਨੂੰ ਜਦੋਂ ਵੀ ਇੱਦਾਂ ਦਾ ਕੋਈ ਪੇਪਰ ਦਿੰਦੀ ਹੈ, ਤਾਂ ਮੈਂ ਦੱਸ ਨਹੀਂ ਸਕਦੀ ਕਿ ਮੈਨੂੰ ਕਿੰਨਾ ਵਧੀਆ ਲੱਗਦਾ ਹੈ। ਮੈਨੂੰ ਖ਼ੁਸ਼ੀ ਹੈ ਕਿ ਉਹ ਮੇਰੀ ਮਿਹਨਤ ਦੀ ਕਦਰ ਕਰਦੀ ਹੈ।”

ਇਕ ਬਜ਼ੁਰਗ ਭੈਣ ਥੈਂਕਯੂ ਕਾਰਡ ਲਿਖ ਰਹੀ ਹੈ।

(ਪੈਰਾ 10 ਦੇਖੋ)


11. ਤੁਸੀਂ ਦੂਜਿਆਂ ਦੀ ਮਦਦ ਕਿਵੇਂ ਕਰ ਸਕਦੇ ਹੋ? (ਤਸਵੀਰ ਞੀ ਦੇਖੋ।)

11 ਦੂਜਿਆਂ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰੋ। ਜਦੋਂ ਤੁਸੀਂ ਦੂਜਿਆਂ ਬਾਰੇ ਸੋਚੋਗੇ ਅਤੇ ਉਨ੍ਹਾਂ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰੋਗੇ, ਤਾਂ ਤੁਹਾਡਾ ਧਿਆਨ ਆਪਣੀਆਂ ਮੁਸ਼ਕਲਾਂ ʼਤੇ ਨਹੀਂ ਜਾਵੇਗਾ। ਇਕ ਅਫ਼ਰੀਕੀ ਕਹਾਵਤ ਹੈ ਕਿ ਸਿਆਣੀ ਉਮਰ ਵਾਲੇ ਕਿਤਾਬਾਂ ਨਾਲ ਭਰੀ ਲਾਇਬ੍ਰੇਰੀ ਵਾਂਗ ਹੁੰਦੇ ਹਨ ਜਿਨ੍ਹਾਂ ਵਿਚ ਗਿਆਨ ਅਤੇ ਬੁੱਧ ਦਾ ਭੰਡਾਰ ਹੁੰਦਾ ਹੈ। ਪਰ ਜੇ ਕਿਤਾਬਾਂ ਸ਼ੈਲਫ਼ ʼਤੇ ਹੀ ਪਈਆਂ ਰਹਿਣ, ਤਾਂ ਉਨ੍ਹਾਂ ਦਾ ਕਿਸੇ ਨੂੰ ਕੋਈ ਫ਼ਾਇਦਾ ਨਹੀਂ ਹੋਣਾ। ਇਸ ਲਈ ਖ਼ੁਦ ਅੱਗੇ ਵੱਧ ਕੇ ਨੌਜਵਾਨਾਂ ਨਾਲ ਗੱਲ ਕਰੋ। ਉਨ੍ਹਾਂ ਨੂੰ ਉਹ ਸਭ ਕੁਝ ਦੱਸੋ ਜੋ ਤੁਹਾਨੂੰ ਪਤਾ ਹੈ ਅਤੇ ਜੋ ਸਿੱਖਿਆ ਹੈ। ਉਨ੍ਹਾਂ ਨੂੰ ਸਵਾਲ ਪੁੱਛੋ ਤੇ ਫਿਰ ਧਿਆਨ ਨਾਲ ਉਨ੍ਹਾਂ ਦੀ ਸੁਣੋ। ਉਨ੍ਹਾਂ ਨੂੰ ਦੱਸੋ ਕਿ ਯਹੋਵਾਹ ਦਾ ਕਹਿਣਾ ਮੰਨਣ ਨਾਲ ਤੁਹਾਨੂੰ ਕੀ-ਕੀ ਫ਼ਾਇਦੇ ਹੋਏ ਹਨ। ਨਾਲੇ ਦੱਸੋ ਕਿ ਇੱਦਾਂ ਕਰਨ ਨਾਲ ਉਨ੍ਹਾਂ ਨੂੰ ਵੀ ਖ਼ੁਸ਼ੀਆਂ ਮਿਲਣਗੀਆਂ। ਆਪਣੇ ਨੌਜਵਾਨ ਦੋਸਤਾਂ ਦਾ ਹੌਸਲਾ ਵਧਾ ਕੇ ਤੇ ਉਨ੍ਹਾਂ ਨੂੰ ਦਿਲਾਸਾ ਦੇ ਕੇ ਤੁਹਾਨੂੰ ਜ਼ਰੂਰ ਖ਼ੁਸ਼ੀ ਮਿਲੇਗੀ।​—ਜ਼ਬੂ. 71:18.

ਇਕ ਬਜ਼ੁਰਗ ਭਰਾ ਇਕ ਨੌਜਵਾਨ ਭਰਾ ਦੇ ਦਿਲ ਦੀ ਗੱਲ ਧਿਆਨ ਨਾਲ ਸੁਣ ਰਿਹਾ ਹੈ।

(ਪੈਰਾ 11 ਦੇਖੋ)


12. ਯਸਾਯਾਹ 46:4 ਅਨੁਸਾਰ ਯਹੋਵਾਹ ਨੇ ਬਜ਼ੁਰਗ ਭੈਣਾਂ-ਭਰਾਵਾਂ ਨਾਲ ਕੀ ਵਾਅਦਾ ਕੀਤਾ ਹੈ? (ਤਸਵੀਰ ਞੀ ਦੇਖੋ।)

12 ਤਾਕਤ ਲਈ ਯਹੋਵਾਹ ਨੂੰ ਪ੍ਰਾਰਥਨਾ ਕਰੋ। ਸ਼ਾਇਦ ਕਦੇ-ਕਦਾਈਂ ਤੁਸੀਂ ਬਹੁਤ ਥੱਕ ਜਾਓ ਜਾਂ ਤੁਹਾਨੂੰ ਲੱਗੇ ਕਿ ਤੁਹਾਡੇ ਵਿਚ ਜਾਨ ਹੀ ਨਹੀਂ ਰਹੀ। ਇਸ ਕਰਕੇ ਸ਼ਾਇਦ ਤੁਸੀਂ ਨਿਰਾਸ਼ ਹੋ ਜਾਓ। ਪਰ ਯਾਦ ਰੱਖੋ ਕਿ ਯਹੋਵਾਹ “ਨਾ ਕਦੇ ਥੱਕਦਾ ਤੇ ਨਾ ਕਦੇ ਹੰਭਦਾ ਹੈ।” (ਯਸਾ. 40:28) ਸੋ ਉਹ ਤੁਹਾਨੂੰ ਵੀ ਲੋੜੀਂਦੀ ਤਾਕਤ ਦੇ ਸਕਦਾ ਹੈ। (ਯਸਾ. 40:29-31) ਸੱਚ ਤਾਂ ਇਹ ਹੈ ਕਿ ਉਹ ਤੁਹਾਡੀ ਮਦਦ ਕਰਨ ਦਾ ਵਾਅਦਾ ਕਰਦਾ ਹੈ। (ਯਸਾਯਾਹ 46:4 ਪੜ੍ਹੋ।) ਨਾਲੇ ਯਹੋਵਾਹ ਹਮੇਸ਼ਾ ਆਪਣੇ ਵਾਅਦੇ ਨਿਵਾਉਂਦਾ ਹੈ। (ਯਹੋ. 23:14; ਯਸਾ. 55:10, 11) ਜਦੋਂ ਤੁਸੀਂ ਯਹੋਵਾਹ ਨੂੰ ਪ੍ਰਾਰਥਨਾ ਕਰੋਗੇ, ਤਾਂ ਉਹ ਤੁਹਾਡੀ ਜ਼ਰੂਰ ਮਦਦ ਕਰੇਗਾ। ਉਸ ਵੇਲੇ ਤੁਸੀਂ ਮਹਿਸੂਸ ਕਰੋਗੇ ਕਿ ਉਹ ਤੁਹਾਨੂੰ ਕਿੰਨਾ ਪਿਆਰ ਕਰਦਾ ਹੈ ਤੇ ਇਸ ਨਾਲ ਤੁਹਾਨੂੰ ਬਹੁਤ ਖ਼ੁਸ਼ੀ ਹੋਵੇਗੀ।

ਇਕ ਬਜ਼ੁਰਗ ਭਰਾ ਪ੍ਰਾਰਥਨਾ ਕਰ ਰਿਹਾ ਹੈ।

(ਪੈਰਾ 12 ਦੇਖੋ)


13. ਦੂਜਾ ਕੁਰਿੰਥੀਆਂ 4:16-18 ਮੁਤਾਬਕ ਸਾਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ? (ਤਸਵੀਰ ਞੀ ਦੇਖੋ।)

13 ਯਾਦ ਰੱਖੋ ਕਿ ਤੁਸੀਂ ਹਮੇਸ਼ਾ ਬੁੱਢੇ ਨਹੀਂ ਰਹੋਗੇ। ਇਹ ਯਾਦ ਰੱਖਣ ਨਾਲ ਤੁਹਾਡੇ ਲਈ ਆਪਣੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਸੌਖਾ ਹੋ ਜਾਵੇਗਾ। ਬਾਈਬਲ ਸਾਨੂੰ ਯਕੀਨ ਦਿਵਾਉਂਦੀ ਹੈ ਕਿ ਛੇਤੀ ਹੀ ਬੁਢਾਪੇ ਤੇ ਬੀਮਾਰੀ ਨੂੰ ਖ਼ਤਮ ਕੀਤਾ ਜਾਵੇਗਾ। (ਅੱਯੂ. 33:25; ਯਸਾ. 33:24) ਸੋ ਇਸ ਗੱਲ ਦੀ ਖ਼ੁਸ਼ੀ ਮਨਾਓ ਕਿ ਤੁਹਾਡੀ ਜ਼ਿੰਦਗੀ ਦੇ ਸਭ ਤੋਂ ਵਧੀਆ ਦਿਨ ਬੀਤ ਨਹੀਂ ਗਏ, ਸਗੋਂ ਅੱਗੇ ਆਉਣ ਵਾਲੇ ਹਨ। (2 ਕੁਰਿੰਥੀਆਂ 4:16-18 ਪੜ੍ਹੋ।) ਪਰ ਹੁਣ ਆਓ ਆਪਾਂ ਦੇਖੀਏ ਕਿ ਮੰਡਲੀ ਦੇ ਭੈਣ-ਭਰਾ ਕਿਵੇਂ ਮਦਦ ਕਰ ਸਕਦੇ ਹਨ।

ਇਕ ਬਜ਼ੁਰਗ ਭੈਣ ਵੀਲ੍ਹ-ਚੇਅਰ ʼਤੇ ਬੈਠੀ ਬਾਈਬਲ ਪੜ੍ਹ ਰਹੀ ਹੈ। ਉਹ ਆਪਣੇ ਆਪ ਨੂੰ ਨਵੀਂ ਦੁਨੀਆਂ ਵਿਚ ਦੇਖ ਰਹੀ ਹੈ ਕਿ ਉਹ ਜਵਾਨ ਹੋ ਗਈ ਹੈ ਅਤੇ ਵੀਲ੍ਹ-ਚੇਅਰ ਤੋਂ ਬਗੈਰ ਤੁਰ-ਫਿਰ ਰਹੀ ਹੈ।

(ਪੈਰਾ 13 ਦੇਖੋ)


ਅਸੀਂ ਬਜ਼ੁਰਗ ਭੈਣਾਂ-ਭਰਾਵਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ?

14. ਬਜ਼ੁਰਗ ਭੈਣਾਂ-ਭਰਾਵਾਂ ਨੂੰ ਫ਼ੋਨ ਕਰਨਾ ਅਤੇ ਉਨ੍ਹਾਂ ਨੂੰ ਮਿਲਣ ਜਾਣਾ ਕਿਉਂ ਜ਼ਰੂਰੀ ਹੈ?

14 ਬਜ਼ੁਰਗ ਭੈਣਾਂ-ਭਰਾਵਾਂ ਨੂੰ ਬਾਕਾਇਦਾ ਫ਼ੋਨ ਕਰੋ ਤੇ ਉਨ੍ਹਾਂ ਨੂੰ ਮਿਲਣ ਜਾਓ। (ਇਬ. 13:16) ਬਜ਼ੁਰਗ ਭੈਣ-ਭਰਾ ਸ਼ਾਇਦ ਅਕਸਰ ਇਕੱਲਾਪਣ ਮਹਿਸੂਸ ਕਰਨ। ਭਰਾ ਕਮੀਲ, ਜੋ ਘਰੋਂ ਬਾਹਰ ਨਹੀਂ ਸੀ ਜਾ ਸਕਦਾ, ਦੱਸਦਾ ਹੈ: “ਸਵੇਰ ਤੋਂ ਲੈ ਕੇ ਸ਼ਾਮ ਤਕ ਮੈਂ ਘਰ ਵਿਚ ਹੀ ਰਹਿੰਦਾ ਹਾਂ। ਇਸ ਲਈ ਮੈਂ ਬਹੁਤ ਬੋਰ ਹੋ ਜਾਂਦਾ ਹਾਂ। ਕਦੇ-ਕਦੇ ਮੈਨੂੰ ਲੱਗਦਾ ਹੈ ਕਿ ਮੈਂ ਪਿੰਜਰੇ ਵਿਚ ਬੰਦ ਇਕ ਬੁੱਢਾ ਸ਼ੇਰ ਹਾਂ। ਮੈਂ ਬਹੁਤ ਬੇਚੈਨ ਹੋ ਜਾਂਦਾ ਹਾਂ ਤੇ ਕਦੇ-ਕਦੇ ਤਾਂ ਮੈਨੂੰ ਬਹੁਤ ਗੁੱਸਾ ਆਉਂਦਾ ਹੈ।” ਜਦੋਂ ਅਸੀਂ ਸਿਆਣੀ ਉਮਰ ਵਾਲਿਆਂ ਨੂੰ ਮਿਲਣ ਜਾਂਦੇ ਹਾਂ, ਤਾਂ ਅਸੀਂ ਉਨ੍ਹਾਂ ਨੂੰ ਦੱਸ ਸਕਦੇ ਹਾਂ ਕਿ ਅਸੀਂ ਉਨ੍ਹਾਂ ਨੂੰ ਕਿੰਨਾ ਪਿਆਰ ਕਰਦੇ ਹਾਂ ਅਤੇ ਉਹ ਸਾਡੇ ਲਈ ਕਿੰਨੇ ਅਨਮੋਲ ਹਨ। ਕਦੀ-ਕਦਾਈਂ ਅਸੀਂ ਸੋਚਦੇ ਹਾਂ ਕਿ ਅਸੀਂ ਕਿਸੇ ਬਜ਼ੁਰਗ ਭੈਣ-ਭਰਾ ਨੂੰ ਫ਼ੋਨ ਕਰਾਂਗੇ ਜਾਂ ਉਸ ਨੂੰ ਮਿਲਣ ਜਾਵਾਂਗੇ। ਪਰ ਅਸੀਂ ਇੱਦਾਂ ਨਹੀਂ ਕਰ ਪਾਉਂਦੇ। ਅਸੀਂ ਸਾਰੇ ਰੁਝੇਵਿਆਂ ਭਰੀ ਜ਼ਿੰਦਗੀ ਜੀਉਂਦੇ ਹਾਂ, ਪਰ ਬਜ਼ੁਰਗ ਭੈਣਾਂ-ਭਰਾਵਾਂ ਨੂੰ ਮਿਲਣਾ ਵੀ “ਜ਼ਿਆਦਾ ਜ਼ਰੂਰੀ ਗੱਲਾਂ” ਵਿੱਚੋਂ ਇਕ ਹੈ। (ਫ਼ਿਲਿ. 1:10) ਤਾਂ ਫਿਰ ਅਸੀਂ ਕੀ ਕਰ ਸਕਦੇ ਹਾਂ ਤਾਂਕਿ ਅਸੀਂ ਆਪਣੇ ਬਜ਼ੁਰਗ ਭੈਣਾਂ-ਭਰਾਵਾਂ ਨੂੰ ਨਾ ਭੁੱਲੀਏ? ਕਦੇ ਵੀ ਇੱਦਾਂ ਨਾ ਸੋਚੋ ਕਿ ਮੌਕਾ ਮਿਲਣ ਤੇ ਅਸੀਂ ਉਨ੍ਹਾਂ ਨੂੰ ਮਿਲਣ ਜਾਵਾਂਗੇ। ਇਸ ਦੀ ਬਜਾਇ, ਆਪਣੇ ਕਲੰਡਰ ਵਿਚ ਲਿਖੋ ਕਿ ਤੁਸੀਂ ਕਦੋਂ ਉਨ੍ਹਾਂ ਨੂੰ ਫ਼ੋਨ ਕਰੋਗੇ ਜਾਂ ਮੈਸਿਜ ਭੇਜੋਗੇ। ਨਾਲੇ ਇਕ ਦਿਨ ਅਤੇ ਸਮਾਂ ਵੀ ਤੈਅ ਕਰੋ ਕਿ ਤੁਸੀਂ ਕਦੋਂ ਉਨ੍ਹਾਂ ਨੂੰ ਮਿਲਣ ਜਾਓਗੇ।

15. ਜਵਾਨ ਅਤੇ ਸਿਆਣੀ ਉਮਰ ਦੇ ਭੈਣ-ਭਰਾ ਮਿਲ ਕੇ ਕੀ ਕਰ ਸਕਦੇ ਹਨ?

15 ਜੇ ਤੁਸੀਂ ਜਵਾਨ ਹੋ, ਤਾਂ ਤੁਸੀਂ ਸ਼ਾਇਦ ਸੋਚੋ, ‘ਮੈਂ ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਨਾਲ ਕਿਸ ਬਾਰੇ ਗੱਲ ਕਰ ਸਕਦਾ ਹਾਂ ਜਾਂ ਉਨ੍ਹਾਂ ਨਾਲ ਮਿਲ ਕੇ ਕੀ ਕਰ ਸਕਦਾ ਹਾਂ?’ ਪਰ ਇਸ ਬਾਰੇ ਜ਼ਿਆਦਾ ਫ਼ਿਕਰ ਨਾ ਕਰੋ। ਬੱਸ ਉਨ੍ਹਾਂ ਦੇ ਚੰਗੇ ਦੋਸਤ ਬਣੋ। (ਕਹਾ. 17:17) ਸਭਾਵਾਂ ਤੋਂ ਪਹਿਲਾਂ ਜਾਂ ਬਾਅਦ ਵਿਚ ਉਨ੍ਹਾਂ ਨਾਲ ਗੱਲ ਕਰੋ। ਜੇ ਤੁਸੀਂ ਚਾਹੋ, ਤਾਂ ਤੁਸੀਂ ਉਨ੍ਹਾਂ ਤੋਂ ਪੁੱਛ ਸਕਦੇ ਹੋ ਕਿ ਉਨ੍ਹਾਂ ਦੀ ਮਨਪਸੰਦ ਆਇਤ ਕਿਹੜੀ ਹੈ। ਜਾਂ ਉਨ੍ਹਾਂ ਨੂੰ ਕਹਿ ਸਕਦੇ ਹੋ ਕਿ ਉਹ ਆਪਣੇ ਬਚਪਨ ਦਾ ਕੋਈ ਮਜ਼ੇਦਾਰ ਕਿੱਸਾ ਦੱਸਣ। ਜਾਂ ਫਿਰ ਤੁਸੀਂ ਉਨ੍ਹਾਂ ਨਾਲ ਮਿਲ ਕੇ ਬ੍ਰਾਡਕਾਸਟਿੰਗ ਦੇਖ ਸਕਦੇ ਹੋ। ਤੁਸੀਂ ਕਿਸੇ ਹੋਰ ਤਰੀਕੇ ਨਾਲ ਵੀ ਉਨ੍ਹਾਂ ਦੀ ਮਦਦ ਕਰ ਸਕਦੇ ਹੋ। ਮਿਸਾਲ ਲਈ, ਤੁਸੀਂ ਉਨ੍ਹਾਂ ਦਾ ਫ਼ੋਨ ਜਾਂ ਟੈਬਲੇਟ ਅਪਡੇਟ ਕਰ ਸਕਦੇ ਹੋ ਤੇ ਉਸ ਵਿਚ ਨਵੇਂ ਪ੍ਰਕਾਸ਼ਨ ਡਾਊਨਲੋਡ ਕਰ ਸਕਦੇ ਹੋ। ਭੈਣ ਕੈਰਲ ਦੱਸਦੀ ਹੈ: “ਤੁਹਾਨੂੰ ਜੋ ਕੰਮ ਕਰ ਕੇ ਖ਼ੁਸ਼ੀ ਮਿਲਦੀ ਹੈ, ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਨਾਲ ਮਿਲ ਕੇ ਵੀ ਉਹੀ ਕਰੋ। ਵੈਸੇ ਤਾਂ ਮੇਰੀ ਉਮਰ ਹੋ ਗਈ ਹੈ, ਪਰ ਮੈਂ ਵੀ ਜ਼ਿੰਦਗੀ ਦਾ ਮਜ਼ਾ ਲੈਣਾ ਚਾਹੁੰਦੀ ਹਾਂ। ਮੈਨੂੰ ਸ਼ਾਪਿੰਗ ਕਰਨੀ, ਘੁੰਮਣਾ-ਫਿਰਨਾ ਤੇ ਦੋਸਤਾਂ ਨਾਲ ਖਾਣਾ-ਪੀਣਾ ਚੰਗਾ ਲੱਗਦਾ ਹੈ।” ਭੈਣ ਮਾਰੀਆ ਦੱਸਦੀ ਹੈ: “ਮੇਰੀ ਇਕ ਸਹੇਲੀ 90 ਸਾਲਾਂ ਦੀ ਹੈ। ਸਾਡੇ ਵਿਚ ਲਗਭਗ 57 ਸਾਲਾਂ ਦਾ ਫ਼ਰਕ ਹੈ। ਪਰ ਜਦੋਂ ਮੈਂ ਉਨ੍ਹਾਂ ਨੂੰ ਮਿਲਦੀ ਹਾਂ, ਤਾਂ ਮੈਂ ਭੁੱਲ ਜਾਂਦੀ ਹਾਂ ਕਿ ਉਹ ਮੇਰੇ ਤੋਂ ਕਿੰਨੇ ਵੱਡੇ ਹਨ। ਅਸੀਂ ਬਹੁਤ ਗੱਲਾਂ ਕਰਦੀਆਂ ਹਾਂ, ਹੱਸਦੀਆਂ ਹਾਂ ਤੇ ਫ਼ਿਲਮਾਂ ਦੇਖਦੀਆਂ ਹਾਂ। ਨਾਲੇ ਕੋਈ ਮੁਸ਼ਕਲ ਆਉਣ ʼਤੇ ਇਕ-ਦੂਜੇ ਤੋਂ ਸਲਾਹ ਲੈਂਦੀਆਂ ਹਾਂ।”

16. ਜਦੋਂ ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਨੇ ਡਾਕਟਰ ਕੋਲ ਜਾਣਾ ਹੁੰਦਾ ਹੈ, ਤਾਂ ਉਨ੍ਹਾਂ ਨਾਲ ਜਾਣਾ ਵਧੀਆ ਕਿਉਂ ਹੁੰਦਾ ਹੈ?

16 ਜਦੋਂ ਉਨ੍ਹਾਂ ਨੇ ਡਾਕਟਰ ਕੋਲ ਜਾਣਾ ਹੁੰਦਾ ਹੈ, ਤਾਂ ਉਨ੍ਹਾਂ ਦੇ ਨਾਲ ਜਾਓ। ਤੁਸੀਂ ਉਨ੍ਹਾਂ ਨੂੰ ਆਪਣੀ ਗੱਡੀ ਵਿਚ ਡਾਕਟਰ ਦੇ ਲਿਜਾ ਸਕਦੇ ਹੋ। ਨਾਲੇ ਤੁਸੀਂ ਇਸ ਗੱਲ ਦਾ ਧਿਆਨ ਰੱਖ ਸਕਦੇ ਹੋ ਕਿ ਡਾਕਟਰ ਅਤੇ ਨਰਸ ਉਨ੍ਹਾਂ ਨਾਲ ਵਧੀਆ ਤਰੀਕੇ ਨਾਲ ਪੇਸ਼ ਆਉਣ ਤੇ ਉਨ੍ਹਾਂ ਦੀ ਮਦਦ ਕਰਨ। (ਯਸਾ. 1:17) ਇਸ ਤੋਂ ਇਲਾਵਾ, ਜਦੋਂ ਡਾਕਟਰ ਕੁਝ ਦੱਸਦਾ ਹੈ ਜਾਂ ਕੁਝ ਕਰਨ ਲਈ ਕਹਿੰਦਾ ਹੈ, ਤਾਂ ਤੁਸੀਂ ਉਨ੍ਹਾਂ ਲਈ ਉਹ ਗੱਲਾਂ ਲਿਖ ਸਕਦੇ ਹੋ। ਬਜ਼ੁਰਗ ਭੈਣ ਰੂਥ ਦੱਸਦੀ ਹੈ: “ਅਕਸਰ ਇੱਦਾਂ ਹੁੰਦਾ ਹੈ ਕਿ ਜਦੋਂ ਮੈਂ ਇਕੱਲੀ ਡਾਕਟਰ ਕੋਲ ਜਾਂਦੀ ਹਾਂ, ਤਾਂ ਉਹ ਮੇਰੀਆਂ ਗੱਲਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੰਦਾ। ਡਾਕਟਰ ਸ਼ਾਇਦ ਇੱਦਾਂ ਦੀਆਂ ਗੱਲਾਂ ਕਹਿਣ, ‘ਨਹੀਂ-ਨਹੀਂ, ਤੁਹਾਨੂੰ ਕੁਝ ਨਹੀਂ ਹੋਇਆ। ਤੁਸੀਂ ਬਿਲਕੁਲ ਠੀਕ ਹੋ। ਇਹ ਸਿਰਫ਼ ਤੁਹਾਡਾ ਵਹਿਮ ਹੈ।’ ਪਰ ਜਦੋਂ ਕੋਈ ਮੇਰੇ ਨਾਲ ਜਾਂਦਾ ਹੈ, ਤਾਂ ਡਾਕਟਰ ਮੇਰੀ ਗੱਲ ਬਹੁਤ ਧਿਆਨ ਨਾਲ ਸੁਣਦਾ ਹੈ ਅਤੇ ਮੇਰੇ ਨਾਲ ਵਧੀਆ ਤਰੀਕੇ ਨਾਲ ਪੇਸ਼ ਆਉਂਦਾ ਹੈ। ਮੈਂ ਉਨ੍ਹਾਂ ਭੈਣਾਂ-ਭਰਾਵਾਂ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਜੋ ਸਮਾਂ ਕੱਢ ਕੇ ਮੇਰੇ ਨਾਲ ਡਾਕਟਰ ਕੋਲ ਜਾਂਦੇ ਹਨ।”

17. ਬਜ਼ੁਰਗ ਭੈਣਾਂ-ਭਰਾਵਾਂ ਨਾਲ ਪ੍ਰਚਾਰ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ?

17 ਉਨ੍ਹਾਂ ਨਾਲ ਮਿਲ ਕੇ ਪ੍ਰਚਾਰ ਕਰੋ। ਕੁਝ ਬਜ਼ੁਰਗ ਭੈਣਾਂ-ਭਰਾਵਾਂ ਵਿਚ ਘਰ-ਘਰ ਜਾ ਕੇ ਪ੍ਰਚਾਰ ਕਰਨ ਦੀ ਤਾਕਤ ਨਹੀਂ ਹੁੰਦੀ। ਪਰ ਤੁਸੀਂ ਸ਼ਾਇਦ ਉਨ੍ਹਾਂ ਨੂੰ ਪ੍ਰਕਾਸ਼ਨਾਂ ਵਾਲੀ ਰੇੜ੍ਹੀ ਰਾਹੀਂ ਗਵਾਹੀ ਦੇਣ ਲਈ ਆਪਣੇ ਨਾਲ ਲਿਜਾ ਸਕਦੇ ਹੋ। ਤੁਸੀਂ ਉਨ੍ਹਾਂ ਦੇ ਬੈਠਣ ਲਈ ਇਕ ਕੁਰਸੀ ਵੀ ਲਿਜਾ ਸਕਦੇ ਹੋ ਤਾਂਕਿ ਉਹ ਰੇੜ੍ਹੀ ਕੋਲ ਆਰਾਮ ਨਾਲ ਬੈਠ ਸਕਣ। ਜਾਂ ਤੁਸੀਂ ਉਨ੍ਹਾਂ ਨੂੰ ਆਪਣੇ ਨਾਲ ਬਾਈਬਲ ਸਟੱਡੀ ʼਤੇ ਲਿਜਾ ਸਕਦੇ ਹੋ। ਜਾਂ ਫਿਰ ਉਨ੍ਹਾਂ ਦੇ ਘਰ ਵਿਚ ਹੀ ਸਟੱਡੀ ਕਰਵਾ ਸਕਦੇ ਹੋ। ਮੰਡਲੀ ਦੇ ਬਜ਼ੁਰਗ ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਦੀ ਮਦਦ ਕਰ ਸਕਦੇ ਹਨ। ਉਹ ਉਨ੍ਹਾਂ ਦੇ ਘਰ ਪ੍ਰਚਾਰ ਦੀ ਸਭਾ ਰੱਖ ਸਕਦੇ ਹਨ ਤਾਂਕਿ ਉਹ ਉਸ ਵਿਚ ਆਸਾਨੀ ਨਾਲ ਹਿੱਸਾ ਲੈ ਸਕਣ। ਅਸੀਂ ਬਜ਼ੁਰਗ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਜੋ ਵੀ ਮਿਹਨਤ ਕਰਦੇ ਹਾਂ, ਉਸ ਨੂੰ ਦੇਖ ਕੇ ਯਹੋਵਾਹ ਬਹੁਤ ਖ਼ੁਸ਼ ਹੁੰਦਾ ਹੈ।​—ਕਹਾ. 3:27; ਰੋਮੀ. 12:10.

18. ਅਗਲੇ ਲੇਖ ਵਿਚ ਅਸੀਂ ਕੀ ਜਾਣਾਂਗੇ?

18 ਇਸ ਲੇਖ ਵਿਚ ਸਾਨੂੰ ਯਾਦ ਕਰਾਇਆ ਗਿਆ ਹੈ ਕਿ ਯਹੋਵਾਹ ਬਜ਼ੁਰਗ ਭੈਣਾਂ-ਭਰਾਵਾਂ ਨੂੰ ਬਹੁਤ ਪਿਆਰ ਕਰਦਾ ਹੈ ਤੇ ਉਨ੍ਹਾਂ ਨੂੰ ਅਨਮੋਲ ਸਮਝਦਾ ਹੈ। ਨਾਲੇ ਮੰਡਲੀ ਦੇ ਸਾਰੇ ਭੈਣ-ਭਰਾ ਵੀ ਉਨ੍ਹਾਂ ਬਾਰੇ ਇੱਦਾਂ ਹੀ ਮਹਿਸੂਸ ਕਰਦੇ ਹਨ। ਬੁਢਾਪੇ ਕਰਕੇ ਕਈ ਮੁਸ਼ਕਲਾਂ ਆਉਂਦੀਆਂ ਹਨ, ਪਰ ਯਹੋਵਾਹ ਦੀ ਮਦਦ ਨਾਲ ਤੁਸੀਂ ਆਪਣੀ ਖ਼ੁਸ਼ੀ ਬਣਾਈ ਰੱਖ ਸਕਦੇ ਹੋ। (ਜ਼ਬੂ. 37:25) ਯਾਦ ਰੱਖੋ, ਤੁਹਾਡੀ ਜ਼ਿੰਦਗੀ ਦੇ ਸਭ ਤੋਂ ਵਧੀਆ ਦਿਨ ਬੀਤ ਨਹੀਂ ਗਏ, ਸਗੋਂ ਅੱਗੇ ਆਉਣ ਵਾਲੇ ਹਨ। ਪਰ ਕੁਝ ਭੈਣ-ਭਰਾ ਆਪਣੇ ਪਰਿਵਾਰ ਵਿਚ ਸਿਆਣੀ ਉਮਰ ਦੇ ਵਿਅਕਤੀ, ਬੱਚਿਆਂ ਜਾਂ ਕਿਸੇ ਬੀਮਾਰ ਦੀ ਦੇਖ-ਭਾਲ ਕਰਦੇ ਹਨ। ਉਹ ਆਪਣੀ ਖ਼ੁਸ਼ੀ ਕਿਵੇਂ ਬਣਾਈ ਰੱਖ ਸਕਦੇ ਹਨ? ਇਸ ਬਾਰੇ ਅਸੀਂ ਅਗਲੇ ਲੇਖ ਵਿਚ ਜਾਣਾਂਗੇ।

ਤੁਸੀਂ ਕੀ ਜਵਾਬ ਦਿਓਗੇ?

  • ਬਜ਼ੁਰਗ ਭੈਣ-ਭਰਾ ਕਿਹੜੀਆਂ ਗੱਲਾਂ ਕਰਕੇ ਆਪਣੀ ਖ਼ੁਸ਼ੀ ਗੁਆ ਸਕਦੇ ਹਨ?

  • ਬਜ਼ੁਰਗ ਭੈਣ-ਭਰਾ ਆਪਣੀ ਖ਼ੁਸ਼ੀ ਕਿਵੇਂ ਬਣਾਈ ਰੱਖ ਸਕਦੇ ਹਾਂ?

  • ਮੰਡਲੀ ਬਜ਼ੁਰਗ ਭੈਣਾਂ-ਭਰਾਵਾਂ ਦੀ ਮਦਦ ਕਿਵੇਂ ਕਰ ਸਕਦੀ ਹੈ?

ਗੀਤ 30 ਯਹੋਵਾਹ ਮੇਰਾ ਮਾਲਕ, ਪਿਤਾ ਅਰ ਦੋਸਤ

a jw.org/pa ਅਤੇ JW ਲਾਇਬ੍ਰੇਰੀ ʼਤੇ ਬਜ਼ੁਰਗੋ​—ਤੁਸੀਂ ਬਹੁਤ ਕੁਝ ਕਰ ਸਕਦੇ ਹੋ ਨਾਂ ਦੀ ਵੀਡੀਓ ਦੇਖੋ।

b ਸ਼ਬਦ ਦਾ ਮਤਲਬ: ਖ਼ੁਸ਼ੀ ਪਵਿੱਤਰ ਸ਼ਕਤੀ ਦਾ “ਫਲ” ਹੈ। (ਗਲਾ. 5:22, ਫੁਟਨੋਟ) ਸੱਚੀ ਖ਼ੁਸ਼ੀ ਯਹੋਵਾਹ ਨਾਲ ਵਧੀਆ ਰਿਸ਼ਤਾ ਹੋਣ ਕਰਕੇ ਹੀ ਮਿਲ ਸਕਦੀ ਹੈ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ