ਕੀ ਮੈਨੂੰ ਹੁਣ ਗੱਡੀ ਚਲਾਉਣੀ ਬੰਦ ਕਰ ਦੇਣੀ ਚਾਹੀਦੀ ਹੈ?
ਤੁਸੀਂ ਸਾਲਾਂ ਤੋਂ ਗੱਡੀ, ਮੋਟਰਸਾਈਕਲ ਜਾਂ ਸਾਈਕਲ ਚਲਾ ਰਹੇ ਹੋ ਅਤੇ ਤੁਹਾਨੂੰ ਵਧੀਆ ਲੱਗਦਾ ਹੈ ਕਿ ਤੁਸੀਂ ਇਸ ਨੂੰ ਖ਼ੁਦ ਚਲਾ ਕੇ ਕਿਤੇ ਵੀ ਆ-ਜਾ ਸਕਦੇ ਹੋ। ਪਰ ਹੁਣ ਤੁਹਾਡੀ ਉਮਰ ਕਰਕੇ ਤੁਹਾਡੇ ਘਰਦਿਆਂ ਤੇ ਦੋਸਤਾਂ ਨੂੰ ਤੁਹਾਡਾ ਫ਼ਿਕਰ ਹੋਣ ਲੱਗ ਪਿਆ ਹੈ। ਉਹ ਚਾਹੁੰਦੇ ਹਨ ਕਿ ਤੁਸੀਂ ਇਸ ਬਾਰੇ ਸੋਚੋ ਕਿ ਹੁਣ ਤੋਂ ਤੁਹਾਨੂੰ ਗੱਡੀ ਵਗੈਰਾ ਚਲਾਉਣੀ ਚਾਹੀਦੀ ਹੈ ਜਾਂ ਨਹੀਂ। ਪਰ ਤੁਸੀਂ ਸਮਝ ਨਹੀਂ ਪਾ ਰਹੇ ਕਿ ਉਹ ਇੰਨਾ ਫ਼ਿਕਰ ਕਿਉਂ ਕਰ ਰਹੇ ਹਨ?
ਕੀ ਤੁਹਾਡੇ ਨਾਲ ਵੀ ਇੱਦਾਂ ਹੀ ਹੋ ਰਿਹਾ ਹੈ? ਜੇ ਹਾਂ, ਤਾਂ ਕਿਹੜੀ ਗੱਲ ਇਹ ਤੈਅ ਕਰਨ ਵਿਚ ਤੁਹਾਡੀ ਮਦਦ ਕਰ ਸਕਦੀ ਹੈ ਕਿ ਹੁਣ ਤੋਂ ਤੁਹਾਨੂੰ ਗੱਡੀ ਵਗੈਰਾ ਚਲਾਉਣੀ ਚਾਹੀਦੀ ਹੈ ਜਾਂ ਨਹੀਂ?
ਕੁਝ ਦੇਸ਼ਾਂ ਵਿਚ ਇਹ ਕਾਨੂੰਨ ਹੁੰਦਾ ਹੈ ਕਿ ਜੇ ਇਕ ਵਿਅਕਤੀ ਇਕ ਉਮਰ ਤੋਂ ਬਾਅਦ ਆਪਣਾ ਲਸੰਸ ਰਿਨਿਊ ਕਰਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਡਾਕਟਰ ਤੋਂ ਇਕ ਸਰਟੀਫਿਕੇਟ ਬਣਾ ਕੇ ਦੇਣਾ ਪੈਂਦਾ ਹੈ। ਜਿਹੜੇ ਮਸੀਹੀ ਅਜਿਹੇ ਦੇਸ਼ਾਂ ਵਿਚ ਰਹਿੰਦੇ ਹਨ, ਉਹ ਉੱਥੇ ਦੀ ਸਰਕਾਰ ਦੇ ਬਣਾਏ ਕਾਨੂੰਨ ਮੰਨਦੇ ਹਨ। (ਰੋਮੀ. 13:1) ਭਾਵੇਂ ਤੁਹਾਡੇ ਦੇਸ਼ ਵਿਚ ਅਜਿਹੇ ਨਿਯਮ ਹੋਣ ਜਾਂ ਨਾ, ਪਰ ਅਜਿਹੀਆਂ ਹਿਦਾਇਤਾਂ ਜ਼ਰੂਰ ਹੋਣਗੀਆਂ ਜਿਨ੍ਹਾਂ ਨੂੰ ਮੰਨਣ ਨਾਲ ਤੁਸੀਂ ਤੈਅ ਕਰ ਸਕੋਗੇ ਕਿ ਤੁਸੀਂ ਸੁਰੱਖਿਅਤ ਤਰੀਕੇ ਨਾਲ ਗੱਡੀ ਚਲਾ ਸਕਦੇ ਹੋ ਜਾਂ ਨਹੀਂ।
ਸੋਚੋ ਕਿ ਤੁਹਾਡਾ ਗੱਡੀ ਵਗੈਰਾ ਚਲਾਉਣਾ ਕਿੰਨਾ ਕੁ ਸੁਰੱਖਿਅਤ ਹੈ
ਅਮਰੀਕਾ ਦੀ ‘ਨੈਸ਼ਨਲ ਇੰਸਟੀਚਿਊਟ ਔਨ ਏਜਿੰਗ’ (NIA) ਨਾਂ ਦੀ ਇਕ ਵੈੱਬਸਾਈਟ ʼਤੇ ਇਸ ਬਾਰੇ ਕੁਝ ਸੁਝਾਅ ਦਿੱਤੇ ਗਏ ਹਨ। ਉਸ ਮੁਤਾਬਕ ਖ਼ੁਦ ਤੋਂ ਹੇਠਾਂ ਦਿੱਤੇ ਸਵਾਲ ਪੁੱਛੋ:
ਕੀ ਮੇਰੇ ਲਈ ਸੜਕ ʼਤੇ ਲੱਗੇ ਸਾਈਨ ਬੋਰਡ ਪੜ੍ਹਨੇ ਜਾਂ ਰਾਤ ਨੂੰ ਦੇਖਣਾ ਔਖਾ ਹੈ?
ਕੀ ਮੇਰੇ ਲਈ ਆਪਣੀ ਧੌਣ ਮੋੜ ਕੇ ਉਨ੍ਹਾਂ ਚੀਜ਼ਾਂ ਜਾਂ ਗੱਡੀਆਂ ਨੂੰ ਦੇਖਣਾ ਔਖਾ ਹੈ ਜੋ ਸੌਖਿਆਂ ਹੀ ਦਿਖਾਈ ਨਹੀਂ ਦਿੰਦੀਆਂ?
ਕੀ ਮੇਰੇ ਲਈ ਝੱਟ ਕਦਮ ਚੁੱਕਣਾ ਔਖਾ ਹੈ? ਮਿਸਾਲ ਲਈ, ਜੇ ਮੈਨੂੰ ਅਚਾਨਕ ਬ੍ਰੇਕ ਲਾਉਣੀ ਪਵੇ, ਤਾਂ ਕੀ ਮੈਂ ਇਕਦਮ ਬ੍ਰੇਕ ਲਾ ਸਕਦਾ ਹਾਂ?
ਕੀ ਮੈਂ ਇੰਨੀ ਹੌਲੀ ਗੱਡੀ ਚਲਾਉਂਦਾ ਹਾਂ ਜਿਸ ਕਰਕੇ ਦੂਜੇ ਪਰੇਸ਼ਾਨ ਹੋ ਜਾਂਦੇ ਹਨ?
ਕੀ ਹਾਲ ਹੀ ਵਿਚ ਇੱਦਾਂ ਕਈ ਵਾਰ ਹੋਇਆ ਹੈ ਕਿ ਮੇਰੀ ਗੱਡੀ ਦਾ ਐਕਸੀਡੈਂਟ ਹੁੰਦਿਆਂ-ਹੁੰਦਿਆਂ ਬਚਿਆ? ਜਾਂ ਕੀ ਮੇਰੀ ਗੱਡੀ ʼਤੇ ਇੱਧਰ-ਉੱਧਰ ਟਕਰਾਉਣ ਕਰਕੇ ਕਾਫ਼ੀ ਡੈਂਟ ਜਾਂ ਝਰੀਟਾਂ ਪੈ ਗਈਆਂ ਹਨ?
ਕੀ ਮੈਂ ਜਿਸ ਤਰ੍ਹਾਂ ਗੱਡੀ ਚਲਾਉਂਦਾ ਹਾਂ, ਉਸ ਕਰਕੇ ਮੈਨੂੰ ਪੁਲਿਸ ਨੇ ਰੋਕਿਆ ਹੈ?
ਕੀ ਕਦੀ ਗੱਡੀ ਚਲਾਉਂਦਿਆਂ ਮੇਰੀ ਝੋਕ ਲੱਗੀ ਹੈ?
ਕੀ ਮੈਂ ਕੋਈ ਅਜਿਹੀ ਦਵਾਈ ਲੈਂਦਾ ਹਾਂ ਜਿਸ ਕਰਕੇ ਮੇਰੇ ਲਈ ਗੱਡੀ ਚਲਾਉਣੀ ਔਖੀ ਹੋ ਸਕਦੀ ਹੈ?
ਕੀ ਮੇਰੇ ਘਰਦਿਆਂ ਜਾਂ ਦੋਸਤਾਂ ਨੇ ਕਿਹਾ ਹੈ ਕਿ ਜਦੋਂ ਮੈਂ ਗੱਡੀ ਵਗੈਰਾ ਚਲਾਉਂਦਾ ਹਾਂ, ਤਾਂ ਉਨ੍ਹਾਂ ਨੂੰ ਬਹੁਤ ਚਿੰਤਾ ਹੁੰਦੀ ਹੈ?
ਜੇ ਤੁਸੀਂ ਇਕ ਜਾਂ ਦੋ ਸਵਾਲਾਂ ਦੇ ਜਵਾਬ ਹਾਂ ਵਿਚ ਦਿੱਤੇ ਹਨ, ਤਾਂ ਤੁਸੀਂ ਚਾਹੋ, ਤਾਂ ਗੱਡੀ ਵਗੈਰਾ ਚਲਾਉਣ ਦੇ ਮਾਮਲੇ ਵਿਚ ਕੁਝ ਫੇਰ-ਬਦਲ ਕਰ ਸਕਦੇ ਹੋ। ਮਿਸਾਲ ਲਈ, ਤੁਸੀਂ ਸ਼ਾਇਦ ਸੋਚੋ ਕਿ ਹੁਣ ਤੁਸੀਂ ਪਹਿਲਾਂ ਜਿੰਨਾ ਗੱਡੀ ਵਗੈਰਾ ਨਹੀਂ ਚਲਾਓਗੇ, ਖ਼ਾਸ ਕਰਕੇ ਰਾਤ ਨੂੰ। ਸਮੇਂ-ਸਮੇਂ ਤੇ ਇਹ ਦੇਖਣ ਦੀ ਕੋਸ਼ਿਸ਼ ਕਰੋ ਕਿ ਤੁਸੀਂ ਠੀਕ ਤਰੀਕੇ ਨਾਲ ਗੱਡੀ ਵਗੈਰਾ ਚਲਾ ਸਕਦੇ ਹੋ ਜਾਂ ਨਹੀਂ। ਤੁਸੀਂ ਇਸ ਬਾਰੇ ਆਪਣੇ ਕਿਸੇ ਘਰ ਦੇ ਮੈਂਬਰ ਜਾਂ ਦੋਸਤ ਨੂੰ ਪੁੱਛ ਸਕਦੇ ਹੋ। ਤੁਸੀਂ ਚਾਹੋ, ਤਾਂ ਤੁਸੀਂ ਡ੍ਰਾਈਵਿੰਗ ਕੋਰਸ ਕਰ ਸਕਦੇ ਹੋ ਤਾਂਕਿ ਤੁਸੀਂ ਹੋਰ ਸੁਰੱਖਿਅਤ ਤਰੀਕੇ ਨਾਲ ਗੱਡੀ ਵਗੈਰਾ ਚਲਾ ਸਕੋ। ਪਰ ਜੇ ਤੁਸੀਂ ਉੱਪਰ ਦੱਸੇ ਕਈ ਸਵਾਲਾਂ ਦੇ ਜਵਾਬ ਹਾਂ ਵਿਚ ਦਿੱਤੇ ਹਨ, ਤਾਂ ਵਧੀਆ ਰਹੇਗਾ ਕਿ ਤੁਸੀਂ ਗੱਡੀ ਵਗੈਰਾ ਚਲਾਉਣੀ ਬੰਦ ਕਰ ਦਿਓ।a
ਬਾਈਬਲ ਦੇ ਅਸੂਲਾਂ ਮੁਤਾਬਕ ਫ਼ੈਸਲੇ ਕਰੋ
ਤੁਹਾਨੂੰ ਸ਼ਾਇਦ ਅਹਿਸਾਸ ਨਾ ਹੋਵੇ, ਪਰ ਹੋ ਸਕਦਾ ਹੈ ਕਿ ਹੁਣ ਤੁਸੀਂ ਪਹਿਲਾਂ ਵਾਂਗ ਗੱਡੀ ਵਗੈਰਾ ਨਾ ਚਲਾ ਸਕੋ। ਨਾਲੇ ਇਹ ਫ਼ੈਸਲਾ ਕਰਨਾ ਔਖਾ ਹੋ ਸਕਦਾ ਹੈ ਕਿ ਤੁਹਾਨੂੰ ਗੱਡੀ ਵਗੈਰਾ ਚਲਾਉਣੀ ਬੰਦ ਕਰ ਦੇਣੀ ਚਾਹੀਦੀ ਹੈ ਜਾਂ ਨਹੀਂ। ਤਾਂ ਫਿਰ ਇਸ ਮਾਮਲੇ ਵਿਚ ਬਾਈਬਲ ਦੇ ਕਿਹੜੇ ਅਸੂਲ ਹਾਲਾਤਾਂ ਅਨੁਸਾਰ ਸਹੀ ਫ਼ੈਸਲਾ ਕਰਨ ਵਿਚ ਤੁਹਾਡੀ ਮਦਦ ਕਰ ਸਕਦੇ ਹਨ? ਆਓ ਆਪਾਂ ਦੋ ਅਸੂਲਾਂ ʼਤੇ ਗੌਰ ਕਰੀਏ।
ਆਪਣੀਆਂ ਹੱਦਾਂ ਪਛਾਣੋ। (ਕਹਾ. 11:2) ਬੁਢਾਪੇ ਵਿਚ ਨਜ਼ਰ ਕਮਜ਼ੋਰ ਹੋ ਜਾਂਦੀ ਹੈ, ਠੀਕ ਤਰ੍ਹਾਂ ਸੁਣਦਾ ਨਹੀਂ ਹੈ, ਮਾਸ-ਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਛੇਤੀ-ਛੇਤੀ ਕੰਮ ਨਹੀਂ ਕਰ ਹੁੰਦਾ। ਮਿਸਾਲ ਲਈ, ਜ਼ਿਆਦਾਤਰ ਲੋਕ ਇਕ ਉਮਰ ਤੋਂ ਬਾਅਦ ਕੁਝ ਖੇਡਾਂ ਖੇਡਣੀਆਂ ਬੰਦ ਕਰ ਦਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਜ਼ਿਆਦਾ ਉਮਰ ਹੋਣ ਕਰਕੇ ਉਨ੍ਹਾਂ ਨੂੰ ਸੌਖਿਆਂ ਹੀ ਸੱਟ ਲੱਗ ਸਕਦੀ ਹੈ। ਇਹੀ ਅਸੂਲ ਗੱਡੀ ਵਗੈਰਾ ਚਲਾਉਣ ਦੇ ਮਾਮਲੇ ਵਿਚ ਵੀ ਲਾਗੂ ਹੋ ਸਕਦਾ ਹੈ। ਜਿਹੜਾ ਵਿਅਕਤੀ ਆਪਣੀਆਂ ਹੱਦਾਂ ਪਛਾਣਦਾ ਹੈ, ਉਹ ਸ਼ਾਇਦ ਇਕ ਉਮਰ ਤੋਂ ਬਾਅਦ ਗੱਡੀ ਵਗੈਰਾ ਚਲਾਉਣੀ ਬੰਦ ਕਰ ਦੇਵੇ ਕਿਉਂਕਿ ਉਹ ਜਾਣਦਾ ਹੈ ਕਿ ਇੱਦਾਂ ਕਰਨਾ ਸੁਰੱਖਿਅਤ ਨਹੀਂ ਹੈ। (ਕਹਾ. 22:3) ਨਾਲੇ ਅਜਿਹਾ ਵਿਅਕਤੀ ਉਦੋਂ ਦੂਜਿਆਂ ਦੀ ਗੱਲ ਧਿਆਨ ਨਾਲ ਸੁਣਦਾ ਹੈ ਜਦੋਂ ਉਹ ਦੱਸਦੇ ਹਨ ਕਿ ਉਨ੍ਹਾਂ ਨੂੰ ਉਸ ਦੀ ਕਿੰਨੀ ਚਿੰਤਾ ਹੁੰਦੀ ਹੈ।—2 ਸਮੂਏਲ 21:15-17 ਵਿਚ ਨੁਕਤਾ ਦੇਖੋ।
ਖ਼ੂਨ ਦੇ ਦੋਸ਼ੀ ਬਣਨ ਤੋਂ ਬਚੋ। (ਬਿਵ. 22:8) ਗੱਡੀ ਵਗੈਰਾ ਸਹੀ ਢੰਗ ਨਾਲ ਨਾ ਚਲਾਉਣ ਕਰਕੇ ਕਿਸੇ ਦੀ ਜਾਨ ਜਾ ਸਕਦੀ ਹੈ। ਜੇ ਇਕ ਵਿਅਕਤੀ ਉਦੋਂ ਵੀ ਗੱਡੀ ਵਗੈਰਾ ਚਲਾਉਂਦਾ ਰਹਿੰਦਾ ਹੈ ਜਦੋਂ ਉਸ ਲਈ ਇੱਦਾਂ ਕਰਨਾ ਸੁਰੱਖਿਅਤ ਨਹੀਂ ਹੁੰਦਾ, ਤਾਂ ਉਹ ਖ਼ੁਦ ਦੀ ਅਤੇ ਦੂਜਿਆਂ ਦੀ ਜਾਨ ਖ਼ਤਰੇ ਵਿਚ ਪਾ ਰਿਹਾ ਹੁੰਦਾ ਹੈ। ਜੇ ਗੱਡੀ ਵਗੈਰਾ ਚਲਾਉਂਦਿਆਂ ਉਸ ਕਰਕੇ ਐਕਸੀਡੈਂਟ ਹੋ ਜਾਵੇ ਤੇ ਕਿਸੇ ਦੀ ਜਾਨ ਚਲੀ ਜਾਵੇ, ਤਾਂ ਉਹ ਖ਼ੂਨ ਦਾ ਦੋਸ਼ੀ ਠਹਿਰ ਸਕਦਾ ਹੈ।
ਸ਼ਾਇਦ ਵਧਦੀ ਉਮਰ ਕਰਕੇ ਤੁਹਾਨੂੰ ਇਹ ਫ਼ੈਸਲਾ ਕਰਨਾ ਪਵੇ ਕਿ ਹੁਣ ਤੁਹਾਨੂੰ ਗੱਡੀ ਵਗੈਰਾ ਚਲਾਉਣੀ ਬੰਦ ਕਰ ਦੇਣੀ ਚਾਹੀਦੀ ਹੈ ਜਾਂ ਨਹੀਂ। ਇਹ ਨਾ ਸੋਚੋ ਕਿ ਜੇ ਤੁਸੀਂ ਗੱਡੀ ਵਗੈਰਾ ਚਲਾਉਣੀ ਬੰਦ ਕਰ ਦਿਓਗੇ, ਤਾਂ ਦੂਜੇ ਤੁਹਾਡੀ ਇੱਜ਼ਤ ਨਹੀਂ ਕਰਨਗੇ। ਯਹੋਵਾਹ ਤੁਹਾਡੇ ਚੰਗੇ ਗੁਣਾਂ ਕਰਕੇ ਤੁਹਾਨੂੰ ਪਿਆਰ ਕਰਦਾ ਹੈ, ਜਿਵੇਂ ਤੁਸੀਂ ਨਿਮਰ ਹੋ, ਆਪਣੀਆਂ ਹੱਦਾਂ ਪਛਾਣਦੇ ਹੋ ਅਤੇ ਦੂਜਿਆਂ ਲਈ ਪਰਵਾਹ ਦਿਖਾਉਂਦੇ ਹੋ। ਨਾਲੇ ਯਹੋਵਾਹ ਨੇ ਵਾਅਦਾ ਕੀਤਾ ਹੈ ਕਿ ਉਹ ਤੁਹਾਨੂੰ ਸੰਭਾਲੇਗਾ ਅਤੇ ਤੁਹਾਨੂੰ ਦਿਲਾਸਾ ਦੇਵੇਗਾ। (ਯਸਾ. 46:4) ਉਹ ਤੁਹਾਨੂੰ ਕਦੇ ਨਹੀਂ ਛੱਡੇਗਾ। ਇਸ ਲਈ ਉਸ ਨੂੰ ਪ੍ਰਾਰਥਨਾ ਕਰੋ ਕਿ ਉਹ ਤੁਹਾਨੂੰ ਬੁੱਧ ਦੇਵੇ ਅਤੇ ਬਾਈਬਲ ਦੇ ਅਸੂਲ ਸਮਝਣ ਵਿਚ ਤੁਹਾਡੀ ਮਦਦ ਕਰੇ। ਇਸ ਤਰ੍ਹਾਂ ਤੁਸੀਂ ਸਹੀ ਫ਼ੈਸਲਾ ਕਰ ਸਕੋਗੇ ਕਿ ਤੁਹਾਨੂੰ ਗੱਡੀ ਚਲਾਉਣੀ ਬੰਦ ਕਰ ਦੇਣੀ ਚਾਹੀਦੀ ਹੈ ਕਿ ਨਹੀਂ।
a ਹੋਰ ਜਾਣਕਾਰੀ ਲਈ 22 ਅਗਸਤ 2002 ਦੇ ਜਾਗਰੂਕ ਬਣੋ! ਵਿਚ “ਸੜਕ ਦੁਰਘਟਨਾਵਾਂ—ਕੀ ਤੁਹਾਡੀ ਜ਼ਿੰਦਗੀ ਖ਼ਤਰੇ ਵਿਚ ਹੈ?” ਨਾਂ ਦਾ ਲੇਖ ਦੇਖੋ।