ਅਧਿਐਨ ਲੇਖ 45
ਗੀਤ 111 ਸਾਡੀ ਖ਼ੁਸ਼ੀ ਦੇ ਕਾਰਨ
ਆਪਣਿਆਂ ਦੀ ਦੇਖ-ਭਾਲ ਕਰਦਿਆਂ ਖ਼ੁਸ਼ੀ ਬਣਾਈ ਰੱਖੋ
“ ਜਿਹੜੇ ਹੰਝੂ ਵਹਾ-ਵਹਾ ਕੇ ਬੀਜਦੇ ਹਨ ਉਹ ਖ਼ੁਸ਼ੀ-ਖ਼ੁਸ਼ੀ ਵੱਢਣਗੇ।”—ਜ਼ਬੂ. 126:5.
ਕੀ ਸਿੱਖਾਂਗੇ?
ਬੁੱਢੇ ਜਾਂ ਬੀਮਾਰਾਂ ਦੀ ਦੇਖ-ਭਾਲ ਕਰਨ ਵਾਲੇ ਵਿਅਕਤੀ ਆਪਣੀ ਖ਼ੁਸ਼ੀ ਕਿਵੇਂ ਬਣਾਈ ਰੱਖ ਸਕਦੇ ਹਨ?
1-2. ਆਪਣਿਆਂ ਦੀ ਦੇਖ-ਭਾਲ ਕਰਨ ਵਾਲਿਆਂ ਬਾਰੇ ਯਹੋਵਾਹ ਕਿੱਦਾਂ ਮਹਿਸੂਸ ਕਰਦਾ ਹੈ? (ਕਹਾਉਤਾਂ 19:17) (ਤਸਵੀਰਾਂ ਵੀ ਦੇਖੋ।)
ਕੋਰੀਆ ਵਿਚ ਰਹਿਣ ਵਾਲਾ ਭਰਾ ਜੀਨ-ਯੋਲ ਕਹਿੰਦਾ ਹੈ: “ਮੇਰੇ ਵਿਆਹ ਨੂੰ 32 ਤੋਂ ਜ਼ਿਆਦਾ ਸਾਲ ਹੋ ਗਏ ਹਨ। ਮੇਰੀ ਘਰਵਾਲੀ ਨੂੰ ਪਾਰਕਿਨਸਨਜ਼ ਨਾਂ ਦੀ ਬੀਮਾਰੀ ਹੈ ਅਤੇ ਪਿਛਲੇ ਪੰਜ ਸਾਲਾਂ ਤੋਂ ਮੈਂ ਉਸ ਦੀ ਦੇਖ-ਭਾਲ ਕਰ ਰਿਹਾ ਹਾਂ। ਉਹ ਬੈੱਡ ʼਤੇ ਹੀ ਰਹਿੰਦੀ ਹੈ ਅਤੇ ਹਿਲਜੁਲ ਨਹੀਂ ਸਕਦੀ। ਮੈਂ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਉਸ ਦੀ ਦੇਖ-ਭਾਲ ਕਰਨੀ ਮੈਨੂੰ ਬਹੁਤ ਵਧੀਆ ਲੱਗਦੀ ਹੈ। ਮੈਂ ਉਸ ਲਈ ਘਰ ਵਿਚ ਹਸਪਤਾਲ ਵਾਲਾ ਬੈੱਡ ਖ਼ਰੀਦ ਕੇ ਰੱਖਿਆ ਹੈ। ਉਹ ਉਸ ʼਤੇ ਸੌਂਦੀ ਹੈ ਅਤੇ ਮੇਰਾ ਬੈੱਡ ਵੀ ਉਸ ਕੋਲ ਹੀ ਲੱਗਾ ਹੋਇਆ ਹੈ। ਅਸੀਂ ਹਰ ਰਾਤ ਇਕ-ਦੂਜੇ ਦਾ ਹੱਥ ਫੜ੍ਹ ਕੇ ਸੌਂਦੇ ਹਾਂ।”
2 ਕੀ ਤੁਸੀਂ ਆਪਣੇ ਬਜ਼ੁਰਗ ਮਾਪਿਆਂ, ਆਪਣੇ ਬੀਮਾਰ ਜੀਵਨ ਸਾਥੀ, ਬੱਚੇ ਜਾਂ ਕਿਸੇ ਦੋਸਤ ਦੀ ਦੇਖ-ਭਾਲ ਕਰ ਰਹੇ ਹੋ? ਅਸੀਂ ਜਾਣਦੇ ਹਾਂ ਕਿ ਤੁਸੀਂ ਉਸ ਨੂੰ ਬਹੁਤ ਪਿਆਰ ਕਰਦੇ ਹੋ। ਇਸ ਲਈ ਤੁਸੀਂ ਉਸ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰਦੇ ਹੋ ਅਤੇ ਇੱਦਾਂ ਕਰ ਕੇ ਤੁਹਾਨੂੰ ਖ਼ੁਸ਼ੀ ਵੀ ਮਿਲਦੀ ਹੈ। ਆਪਣੇ ਪਿਆਰਿਆਂ ਦੀ ਦੇਖ-ਭਾਲ ਕਰ ਕੇ ਤੁਸੀਂ ਇਹ ਵੀ ਦਿਖਾਉਂਦੇ ਹੋ ਕਿ ਤੁਸੀਂ ਯਹੋਵਾਹ ਨੂੰ ਪਿਆਰ ਕਰਦੇ ਹੋ। (1 ਤਿਮੋ. 5:4, 8; ਯਾਕੂ. 1:27) ਪਰ ਆਪਣਿਆਂ ਦੀ ਦੇਖ-ਭਾਲ ਕਰਨੀ ਇੰਨੀ ਸੌਖੀ ਨਹੀਂ ਹੁੰਦੀ। ਤੁਹਾਨੂੰ ਅਜਿਹੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ ਜਿਨ੍ਹਾਂ ਬਾਰੇ ਅਕਸਰ ਦੂਜਿਆਂ ਨੂੰ ਕੁਝ ਪਤਾ ਨਹੀਂ ਹੁੰਦਾ। ਨਾਲੇ ਕਦੇ-ਕਦੇ ਤੁਸੀਂ ਸ਼ਾਇਦ ਇੰਨੇ ਨਿਰਾਸ਼ ਹੋ ਜਾਓ ਕਿ ਤੁਸੀਂ ਸੋਚਣ ਲੱਗ ਜਾਓ ਕਿ ਕੋਈ ਤੁਹਾਡਾ ਦਰਦ ਨਹੀਂ ਸਮਝਦਾ। ਲੋਕਾਂ ਨਾਲ ਹੁੰਦਿਆਂ ਸ਼ਾਇਦ ਤੁਹਾਡੇ ਚਿਹਰੇ ʼਤੇ ਖ਼ੁਸ਼ੀ ਹੋਵੇ, ਪਰ ਇਕੱਲਿਆਂ ਵਿਚ ਸ਼ਾਇਦ ਤੁਸੀਂ ਰੋਂਦੇ ਹੋਵੋ। (ਜ਼ਬੂ. 6:6) ਭਾਵੇਂ ਕਿ ਦੂਜਿਆਂ ਨੂੰ ਪਤਾ ਨਾ ਹੋਵੇ ਕਿ ਤੁਹਾਡੇ ʼਤੇ ਕੀ ਬੀਤ ਰਹੀ ਹੈ, ਪਰ ਯਹੋਵਾਹ ਨੂੰ ਸਾਰਾ ਕੁਝ ਪਤਾ ਹੈ। (ਕੂਚ 3:7 ਵਿਚ ਨੁਕਤਾ ਦੇਖੋ।) ਉਹ ਤੁਹਾਡੇ ਹਰ ਹੰਝੂ ਦਾ ਹਿਸਾਬ ਰੱਖਦਾ ਹੈ ਅਤੇ ਤੁਹਾਡੀਆਂ ਕੁਰਬਾਨੀਆਂ ਦੀ ਕਦਰ ਕਰਦਾ ਹੈ। (ਜ਼ਬੂ. 56:8; 126:5) ਤੁਸੀਂ ਆਪਣਿਆਂ ਦੀ ਦੇਖ-ਭਾਲ ਕਰਨ ਲਈ ਜੋ ਵੀ ਕਰ ਰਹੇ ਹੋ, ਯਹੋਵਾਹ ਉਸ ʼਤੇ ਧਿਆਨ ਦਿੰਦਾ ਹੈ। ਉਹ ਖ਼ੁਦ ਨੂੰ ਤੁਹਾਡਾ ਕਰਜ਼ਦਾਰ ਸਮਝਦਾ ਹੈ ਅਤੇ ਤੁਹਾਡਾ ਕਰਜ਼ਾ ਚੁਕਾਉਣ ਦਾ ਵਾਅਦਾ ਕਰਦਾ ਹੈ।—ਕਹਾਉਤਾਂ 19:17 ਪੜ੍ਹੋ।
ਕੀ ਤੁਸੀਂ ਕਿਸੇ ਆਪਣੇ ਦੀ ਦੇਖ-ਭਾਲ ਕਰ ਰਹੇ ਹੋ? (ਪੈਰਾ 2 ਦੇਖੋ)
3. ਅਬਰਾਹਾਮ ਅਤੇ ਸਾਰਾਹ ਲਈ ਆਪਣੇ ਪਿਤਾ ਤਾਰਹ ਦੀ ਦੇਖ-ਭਾਲ ਕਰਨੀ ਸ਼ਾਇਦ ਔਖੀ ਕਿਉਂ ਰਹੀ ਹੋਣੀ?
3 ਬਾਈਬਲ ਵਿਚ ਅਜਿਹੇ ਕਈ ਲੋਕਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੇ ਆਪਣਿਆਂ ਦੀ ਦੇਖ-ਭਾਲ ਕੀਤੀ ਸੀ। ਜ਼ਰਾ ਅਬਰਾਹਾਮ ਅਤੇ ਸਾਰਾਹ ਦੀ ਮਿਸਾਲ ʼਤੇ ਧਿਆਨ ਦਿਓ। ਜਦੋਂ ਉਹ ਊਰ ਸ਼ਹਿਰ ਤੋਂ ਨਿਕਲੇ, ਤਾਂ ਉਨ੍ਹਾਂ ਦਾ ਪਿਤਾ ਤਾਰਹ ਵੀ ਉਨ੍ਹਾਂ ਦੇ ਨਾਲ ਗਿਆ। ਤਾਰਹ ਉਸ ਵੇਲੇ ਲਗਭਗ 200 ਸਾਲਾਂ ਦਾ ਸੀ। ਉਨ੍ਹਾਂ ਨੇ ਹਾਰਾਨ ਜਾਣ ਲਈ ਲਗਭਗ 960 ਕਿਲੋਮੀਟਰ (600 ਮੀਲ) ਦਾ ਸਫ਼ਰ ਤੈਅ ਕੀਤਾ। (ਉਤ. 11:31, 32) ਬਿਨਾਂ ਸ਼ੱਕ, ਅਬਰਾਹਾਮ ਅਤੇ ਸਾਰਾਹ ਆਪਣੇ ਪਿਤਾ ਨਾਲ ਬਹੁਤ ਪਿਆਰ ਕਰਦੇ ਸਨ। ਪਰ ਸੋਚੋ ਕਿ ਆਪਣੇ ਬਜ਼ੁਰਗ ਪਿਤਾ ਦੀ ਦੇਖ-ਭਾਲ ਕਰਨੀ ਉਨ੍ਹਾਂ ਲਈ ਕਿੱਦਾਂ ਰਹੀ ਹੋਣੀ। ਉਨ੍ਹਾਂ ਲਈ ਸਫ਼ਰ ਕਰਨਾ ਸੌਖਾ ਨਹੀਂ ਸੀ। ਉਨ੍ਹਾਂ ਨੇ ਜ਼ਰੂਰ ਊਠਾਂ ਜਾਂ ਗਧਿਆਂ ʼਤੇ ਸਫ਼ਰ ਕੀਤਾ ਹੋਣਾ। ਇਸ ਕਰਕੇ ਸ਼ਾਇਦ ਬਜ਼ੁਰਗ ਤਾਰਹ ਲਈ ਇਹ ਸਫ਼ਰ ਕਰਨਾ ਬਹੁਤ ਔਖਾ ਹੋਇਆ ਹੋਣਾ। ਅਬਰਾਹਾਮ ਤੇ ਸਾਰਾਹ ਆਪਣੇ ਪਿਤਾ ਦੀ ਦੇਖ-ਭਾਲ ਕਰਨ ਕਰਕੇ ਸ਼ਾਇਦ ਕਦੇ-ਕਦਾਈਂ ਥੱਕ ਕੇ ਚੂਰ ਹੋ ਜਾਂਦੇ ਹੋਣੇ। ਪਰ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਇਹ ਸਭ ਕੁਝ ਕਰਨ ਲਈ ਯਹੋਵਾਹ ਨੇ ਉਨ੍ਹਾਂ ਨੂੰ ਤਾਕਤ ਜ਼ਰੂਰ ਦਿੱਤੀ ਹੋਣੀ। ਯਹੋਵਾਹ ਨੇ ਜਿਸ ਤਰੀਕੇ ਨਾਲ ਉਨ੍ਹਾਂ ਨੂੰ ਸੰਭਾਲਿਆ, ਉਸੇ ਤਰ੍ਹਾਂ ਉਹ ਤੁਹਾਨੂੰ ਵੀ ਸੰਭਾਲੇਗਾ ਅਤੇ ਤਾਕਤ ਦੇਵੇਗਾ।—ਜ਼ਬੂ. 55:22.
4. ਇਸ ਲੇਖ ਵਿਚ ਅਸੀਂ ਕੀ ਜਾਣਾਂਗੇ?
4 ਜਦੋਂ ਇਕ ਇਨਸਾਨ ਅੰਦਰੋਂ ਖ਼ੁਸ਼ ਹੁੰਦਾ ਹੈ, ਤਾਂ ਉਸ ਲਈ ਆਪਣਿਆਂ ਦੀ ਦੇਖ-ਭਾਲ ਕਰਨੀ ਸੌਖੀ ਹੁੰਦੀ ਹੈ। (ਕਹਾ. 15:13) ਅਜਿਹਾ ਇਨਸਾਨ ਔਖੇ ਹਾਲਾਤਾਂ ਵਿਚ ਵੀ ਆਪਣੀ ਖ਼ੁਸ਼ੀ ਬਣਾਈ ਰੱਖ ਸਕਦਾ ਹੈ। (ਯਾਕੂ. 1:2, 3) ਪਰ ਤੁਸੀਂ ਇਹ ਖ਼ੁਸ਼ੀ ਪਾਉਣ ਲਈ ਕੀ ਕਰ ਸਕਦੇ ਹੋ? ਯਹੋਵਾਹ ਨੂੰ ਪ੍ਰਾਰਥਨਾ ਕਰੋ ਅਤੇ ਸਹੀ ਨਜ਼ਰੀਆ ਬਣਾਈ ਰੱਖਣ ਵਿਚ ਉਸ ਤੋਂ ਮਦਦ ਮੰਗੋ। ਇਸ ਲੇਖ ਵਿਚ ਅਸੀਂ ਜਾਣਾਂਗੇ ਕਿ ਦੂਜਿਆਂ ਦੀ ਦੇਖ-ਭਾਲ ਕਰਨ ਵਾਲੇ ਲੋਕ ਆਪਣੀ ਖ਼ੁਸ਼ੀ ਬਣਾਈ ਰੱਖਣ ਲਈ ਹੋਰ ਕੀ ਕਰ ਸਕਦੇ ਹਨ। ਨਾਲੇ ਅਸੀਂ ਇਹ ਵੀ ਜਾਣਾਂਗੇ ਕਿ ਦੂਜੇ ਉਨ੍ਹਾਂ ਦੀ ਕਿੱਦਾਂ ਮਦਦ ਕਰ ਸਕਦੇ ਹਨ। ਪਰ ਆਓ ਪਹਿਲਾਂ ਆਪਾਂ ਦੇਖੀਏ ਕਿ ਦੂਜਿਆਂ ਦੀ ਦੇਖ-ਭਾਲ ਕਰਨ ਵਾਲਿਆਂ ਲਈ ਆਪਣੀ ਖ਼ੁਸ਼ੀ ਬਣਾਈ ਰੱਖਣੀ ਕਿਉਂ ਜ਼ਰੂਰੀ ਹੈ ਅਤੇ ਉਹ ਆਪਣੀ ਖ਼ੁਸ਼ੀ ਕਿਉਂ ਗੁਆ ਸਕਦੇ ਹਨ।
ਤੁਸੀਂ ਆਪਣੀ ਖ਼ੁਸ਼ੀ ਕਿਉਂ ਗੁਆ ਸਕਦੇ ਹੋ?
5. ਦੇਖ-ਭਾਲ ਕਰਨ ਵਾਲਿਆਂ ਲਈ ਆਪਣੀ ਖ਼ੁਸ਼ੀ ਬਣਾਈ ਰੱਖਣੀ ਕਿਉਂ ਬਹੁਤ ਜ਼ਰੂਰੀ ਹੈ?
5 ਜੇ ਦੂਜਿਆਂ ਦੀ ਦੇਖ-ਭਾਲ ਕਰਨ ਵਾਲੇ ਲੋਕ ਆਪਣੀ ਖ਼ੁਸ਼ੀ ਗੁਆ ਬੈਠਣ, ਤਾਂ ਉਹ ਸੌਖਿਆਂ ਹੀ ਹਿੰਮਤ ਹਾਰ ਸਕਦੇ ਹਨ ਤੇ ਥੱਕ ਸਕਦੇ ਹਨ। (ਕਹਾ. 24:10) ਨਾਲੇ ਜੇ ਉਹ ਥੱਕ ਗਏ, ਤਾਂ ਉਹ ਆਪਣਿਆਂ ਨਾਲ ਉੱਨੇ ਪਿਆਰ ਨਾਲ ਪੇਸ਼ ਨਹੀਂ ਆਉਣਗੇ ਤੇ ਨਾ ਹੀ ਉਹ ਉੱਨੇ ਵਧੀਆ ਤਰੀਕੇ ਨਾਲ ਉਨ੍ਹਾਂ ਦੀ ਮਦਦ ਕਰ ਸਕਣਗੇ ਜਿੰਨੀ ਉਹ ਕਰਨੀ ਚਾਹੁੰਦੇ ਹਨ। ਦੇਖ-ਭਾਲ ਕਰਨ ਵਾਲਾ ਵਿਅਕਤੀ ਆਪਣੀ ਖ਼ੁਸ਼ੀ ਕਿਉਂ ਗੁਆ ਸਕਦਾ ਹੈ? ਆਓ ਦੇਖੀਏ।
6. ਆਪਣਿਆਂ ਦੀ ਦੇਖ-ਭਾਲ ਕਰਨ ਵਾਲੇ ਕੁਝ ਜਣੇ ਥੱਕ ਕੇ ਚੂਰ ਕਿਉਂ ਹੋ ਜਾਂਦੇ ਹਨ?
6 ਹੋ ਸਕਦਾ ਹੈ ਕਿ ਤੁਸੀਂ ਪੂਰੀ ਤਰ੍ਹਾਂ ਥੱਕ ਕੇ ਚੂਰ ਹੋ ਜਾਓ। ਭੈਣ ਲੀਆਹ ਦੱਸਦੀ ਹੈ: “ਜਦੋਂ ਸਾਰਾ ਕੁਝ ਠੀਕ ਹੁੰਦਾ ਹੈ, ਉਦੋਂ ਵੀ ਮੈਂ ਥੱਕ ਜਾਂਦੀ ਹਾਂ। ਦਿਨ ਖ਼ਤਮ ਹੁੰਦਿਆਂ-ਹੁੰਦਿਆਂ ਇੱਦਾਂ ਲੱਗਦਾ ਹੈ ਜਿੱਦਾਂ ਮੇਰੇ ਸਰੀਰ ਵਿਚ ਜਾਨ ਹੀ ਨਹੀਂ ਰਹੀ। ਕਦੇ-ਕਦੇ ਤਾਂ ਮੇਰੇ ਵਿਚ ਮੈਸਿਜ ਦਾ ਜਵਾਬ ਦੇਣ ਦੀ ਵੀ ਤਾਕਤ ਨਹੀਂ ਰਹਿੰਦੀ।” ਕੁਝ ਭੈਣ-ਭਰਾ ਅਜਿਹੇ ਹਨ ਜਿਨ੍ਹਾਂ ਨੂੰ ਆਰਾਮ ਕਰਨ ਦੀ ਵੀ ਵਿਹਲ ਨਹੀਂ ਮਿਲਦੀ। ਭੈਣ ਈਨੈਸ ਕਹਿੰਦੀ ਹੈ: “ਮੈਨੂੰ ਰਾਤ ਨੂੰ ਦੋ-ਦੋ ਘੰਟਿਆਂ ਬਾਅਦ ਆਪਣੀ ਸੱਸ ਨੂੰ ਦੇਖਣ ਲਈ ਉੱਠਣਾ ਪੈਂਦਾ ਹੈ। ਮੈਂ ਤੇ ਮੇਰੇ ਪਤੀ ਕਈ ਸਾਲਾਂ ਤੋਂ ਕਿਤੇ ਘੁੰਮਣ ਨਹੀਂ ਗਏ।” ਕੁਝ ਭੈਣਾਂ-ਭਰਾਵਾਂ ਨੂੰ ਪੂਰਾ ਟਾਈਮ ਆਪਣਿਆਂ ਦੀ ਦੇਖ-ਭਾਲ ਕਰਨੀ ਪੈਂਦੀ ਹੈ। ਇਸ ਕਰਕੇ ਕਈ ਜਣੇ ਆਪਣੇ ਦੋਸਤਾਂ ਨਾਲ ਸਮਾਂ ਨਹੀਂ ਬਿਤਾ ਪਾਉਂਦੇ ਅਤੇ ਉਨ੍ਹਾਂ ਨੂੰ ਤਾਂ ਮੰਡਲੀਆਂ ਵਿਚ ਜ਼ਿੰਮੇਵਾਰੀਆਂ ਲੈਣ ਤੋਂ ਵੀ ਮਨ੍ਹਾ ਕਰਨਾ ਪੈਂਦਾ ਹੈ। ਇਨ੍ਹਾਂ ਹਾਲਾਤਾਂ ਕਰਕੇ ਸ਼ਾਇਦ ਉਹ ਬੇਬੱਸ ਜਾਂ ਇਕੱਲਾਪਣ ਮਹਿਸੂਸ ਕਰਨ।
7. ਆਪਣਿਆਂ ਦੀ ਦੇਖ-ਭਾਲ ਕਰਨ ਵਾਲੇ ਕੁਝ ਲੋਕ ਦੋਸ਼ੀ ਜਾਂ ਦੁਖੀ ਕਿਉਂ ਮਹਿਸੂਸ ਕਰਦੇ ਹਨ?
7 ਸ਼ਾਇਦ ਤੁਸੀਂ ਦੋਸ਼ੀ ਮਹਿਸੂਸ ਕਰੋ ਜਾਂ ਦੁਖੀ ਹੋ ਜਾਓ। ਭੈਣ ਜੈਸਿਕਾ ਕਹਿੰਦੀ ਹੈ: “ਮੈਨੂੰ ਅਕਸਰ ਇੱਦਾਂ ਲੱਗਦਾ ਹੈ ਕਿ ਮੈਨੂੰ ਆਪਣੇ ਡੈਡੀ ਦੀ ਹੋਰ ਵੀ ਮਦਦ ਕਰਨੀ ਚਾਹੀਦੀ ਹੈ। ਜੇ ਮੈਂ ਥੋੜ੍ਹਾ ਜਿਹਾ ਆਰਾਮ ਕਰ ਲਵਾਂ, ਤਾਂ ਮੈਨੂੰ ਇੱਦਾਂ ਲੱਗਦਾ ਹੈ ਕਿ ਮੈਂ ਕਿੰਨੀ ਮਤਲਬੀ ਹਾਂ।” ਕੁਝ ਜਣਿਆਂ ਨੂੰ ਲੱਗਦਾ ਹੈ ਕਿ ਉਹ ਆਪਣਿਆਂ ਦੀ ਉੱਨੀ ਮਦਦ ਨਹੀਂ ਕਰ ਪਾ ਰਹੇ ਜਿੰਨੀ ਉਨ੍ਹਾਂ ਨੂੰ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਸ਼ਾਇਦ ਲੱਗੇ ਕਿ ਉਹ ਹੁਣ ਦੇਖ-ਭਾਲ ਨਹੀਂ ਕਰ ਸਕਦੇ। ਥੱਕੇ ਹੋਣ ਕਰਕੇ ਸ਼ਾਇਦ ਉਨ੍ਹਾਂ ਤੋਂ ਕੁਝ ਪੁੱਠਾ-ਸਿੱਧਾ ਕਹਿ ਜਾਂ ਕਰ ਹੋ ਜਾਵੇ। ਇਨ੍ਹਾਂ ਸਾਰੀਆਂ ਗੱਲਾਂ ਕਰਕੇ ਉਹ ਸ਼ਾਇਦ ਬਾਅਦ ਵਿਚ ਪਛਤਾਉਣ। (ਯਾਕੂ. 3:2) ਦੂਜੇ ਪਾਸੇ, ਕੁਝ ਜਣੇ ਇਹ ਸੋਚ ਕੇ ਦੁਖੀ ਹੋ ਜਾਂਦੇ ਹਨ ਕਿ ਇਕ ਸਮੇਂ ਤੇ ਉਨ੍ਹਾਂ ਦੇ ਅਜ਼ੀਜ਼ ਕਿੰਨੇ ਜ਼ਿਆਦਾ ਸਿਹਤਮੰਦ ਸਨ ਅਤੇ ਹੁਣ ਉਨ੍ਹਾਂ ਦਾ ਕਿੰਨਾ ਬੁਰਾ ਹਾਲ ਹੋ ਗਿਆ ਹੈ। ਭੈਣ ਬਾਰਬਰਾ ਕਹਿੰਦੀ ਹੈ: “ਆਪਣੀ ਸਹੇਲੀ ਨੂੰ ਦਿਨ-ਬਦਿਨ ਕਮਜ਼ੋਰ ਹੁੰਦਿਆਂ ਦੇਖ ਕੇ ਮੈਂ ਅੰਦਰੋਂ ਪੂਰੀ ਤਰ੍ਹਾਂ ਟੁੱਟ ਜਾਂਦੀ ਹਾਂ।”
8. ਤਾਰੀਫ਼ ਦੇ ਦੋ ਸ਼ਬਦ ਸੁਣ ਕੇ ਦੇਖ-ਭਾਲ ਕਰਨ ਲੋਕਾਂ ਨੂੰ ਕਿੱਦਾਂ ਲੱਗਦਾ ਹੈ? ਇਕ ਤਜਰਬਾ ਦੱਸੋ।
8 ਸ਼ਾਇਦ ਤੁਹਾਨੂੰ ਲੱਗੇ ਕਿ ਤੁਹਾਡੇ ਕੰਮ ਦੀ ਕਦਰ ਨਹੀਂ ਕੀਤੀ ਜਾਂਦੀ। ਤੁਹਾਨੂੰ ਇੱਦਾਂ ਕਿਉਂ ਲੱਗ ਸਕਦਾ ਹੈ? ਤੁਸੀਂ ਜੋ ਮਿਹਨਤ ਅਤੇ ਜੋ ਕੁਰਬਾਨੀਆਂ ਕਰਦੇ ਹੋ, ਉਸ ਲਈ ਸ਼ਾਇਦ ਕੋਈ ਤੁਹਾਡਾ ਧੰਨਵਾਦ ਨਾ ਕਰੇ ਜਾਂ ਤੁਹਾਡੀ ਤਾਰੀਫ਼ ਨਾ ਕਰੇ। ਤਾਰੀਫ਼ ਦੇ ਦੋ ਸ਼ਬਦਾਂ ਨਾਲ ਤੁਹਾਨੂੰ ਹਿੰਮਤ ਮਿਲ ਸਕਦੀ ਹੈ। (1 ਥੱਸ. 5:18) ਭੈਣ ਮੈਲਿਸਾ ਦੱਸਦੀ ਹੈ: “ਕਦੇ-ਕਦੇ ਮੈਂ ਬਹੁਤ ਪਰੇਸ਼ਾਨ ਹੋ ਜਾਂਦੀ ਹਾਂ ਅਤੇ ਰੋਂਦੀ ਹਾਂ। ਪਰ ਜਿਨ੍ਹਾਂ ਦੀ ਮੈਂ ਦੇਖ-ਭਾਲ ਕਰਦੀ ਹਾਂ, ਜਦੋਂ ਉਹ ਮੈਨੂੰ ਕਹਿੰਦੇ ਹਨ, ‘ਤੂੰ ਸਾਡੇ ਲਈ ਜੋ ਕਰਦੀ ਹੈਂ, ਉਸ ਲਈ ਥੈਂਕਯੂ,’ ਤਾਂ ਮੈਂ ਅੰਦਰੋਂ ਜੋਸ਼ ਨਾਲ ਭਰ ਜਾਂਦੀ ਹਾਂ। ਅਗਲੇ ਦਿਨ ਮੈਂ ਖ਼ੁਸ਼ੀ-ਖ਼ੁਸ਼ੀ ਉੱਠਦੀ ਹਾਂ ਅਤੇ ਮੇਰਾ ਦਿਲ ਕਰਦਾ ਹੈ ਕਿ ਮੈਂ ਉਨ੍ਹਾਂ ਦੀ ਦੇਖ-ਭਾਲ ਕਰਦੀ ਰਹਾਂ।” ਭਰਾ ਅਮਾਦੂ ਦੱਸਦਾ ਹੈ ਕਿ ਜਦੋਂ ਉਸ ਦੀ ਅਤੇ ਉਸ ਦੀ ਪਤਨੀ ਦੀ ਤਾਰੀਫ਼ ਕੀਤੀ ਜਾਂਦੀ ਹੈ, ਤਾਂ ਉਨ੍ਹਾਂ ਨੂੰ ਬਹੁਤ ਚੰਗਾ ਲੱਗਦਾ ਹੈ। ਉਸ ਦੀ ਪਤਨੀ ਦੀ ਭਾਣਜੀ ਉਨ੍ਹਾਂ ਦੇ ਨਾਲ ਰਹਿੰਦੀ ਹੈ। ਉਸ ਨੂੰ ਮਿਰਗੀ ਦੇ ਦੌਰੇ ਪੈਂਦੇ ਹਨ ਅਤੇ ਉਹ ਉਸ ਦੀ ਦੇਖ-ਭਾਲ ਕਰਦੇ ਹਨ। ਭਰਾ ਦੱਸਦਾ ਹੈ: “ਚਾਹੇ ਉਹ ਪੂਰੀ ਤਰ੍ਹਾਂ ਨਹੀਂ ਸਮਝ ਸਕਦੀ ਕਿ ਅਸੀਂ ਉਸ ਲਈ ਕਿੰਨੀਆਂ ਕੁਰਬਾਨੀਆਂ ਕਰਦੇ ਹਾਂ, ਪਰ ਜਦੋਂ ਵੀ ਉਹ ਸਾਨੂੰ ‘ਥੈਂਕਯੂ’ ਕਹਿੰਦੀ ਹੈ ਜਾਂ ਆਪਣੇ ਹੱਥਾਂ ਨਾਲ ‘ਆਈ ਲਵ ਯੂ’ ਲਿਖ ਕੇ ਦਿੰਦੀ ਹੈ, ਤਾਂ ਮੈਂ ਦੱਸ ਨਹੀਂ ਸਕਦਾ ਕਿ ਮੈਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ।”
ਤੁਸੀਂ ਆਪਣੀ ਖ਼ੁਸ਼ੀ ਕਿਵੇਂ ਬਣਾਈ ਰੱਖ ਸਕਦੇ ਹੋ?
9. ਦੇਖ-ਭਾਲ ਕਰਨ ਵਾਲੇ ਲੋਕ ਕਿਵੇਂ ਦਿਖਾ ਸਕਦੇ ਹਨ ਕਿ ਉਹ ਆਪਣੀਆਂ ਹੱਦਾਂ ਪਛਾਣਦੇ ਹਨ?
9 ਆਪਣੀਆਂ ਹੱਦਾਂ ਪਛਾਣੋ। (ਕਹਾ. 11:2) ਸਾਡੇ ਕੋਲ ਇੰਨਾ ਸਮਾਂ ਅਤੇ ਤਾਕਤ ਨਹੀਂ ਹੁੰਦੀ ਕਿ ਅਸੀਂ ਉਹ ਸਾਰੇ ਕੰਮ ਕਰ ਸਕੀਏ ਜੋ ਅਸੀਂ ਕਰਨੇ ਚਾਹੁੰਦੇ ਹਾਂ। ਇਸ ਲਈ ਤੁਹਾਨੂੰ ਤੈਅ ਕਰਨਾ ਚਾਹੀਦਾ ਹੈ ਕਿ ਤੁਸੀਂ ਕੀ ਕਰੋਗੇ ਤੇ ਕੀ ਨਹੀਂ। ਕਦੇ-ਕਦਾਈਂ ਤਾਂ ਤੁਹਾਨੂੰ ਕੁਝ ਕੰਮ ਕਰਨ ਤੋਂ ਸਿੱਧਾ-ਸਿੱਧਾ ਮਨ੍ਹਾ ਕਰਨਾ ਪੈ ਸਕਦਾ ਹੈ। ਨਾਂਹ ਕਹਿਣ ਵਿਚ ਕੋਈ ਬੁਰਾਈ ਨਹੀਂ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਆਪਣੀਆਂ ਹੱਦਾਂ ਪਛਾਣਦੇ ਹੋ। ਜੇ ਕੋਈ ਤੁਹਾਡੀ ਮਦਦ ਕਰਨੀ ਚਾਹੁੰਦਾ ਹੈ, ਤਾਂ ਖ਼ੁਸ਼ੀ-ਖ਼ੁਸ਼ੀ ਉਸ ਤੋਂ ਮਦਦ ਲਓ। ਭਰਾ ਜੇਅ ਦੱਸਦਾ ਹੈ: “ਅਸੀਂ ਹਰ ਰੋਜ਼ ਉੱਨਾ ਹੀ ਕੰਮ ਕਰ ਸਕਦੇ ਹਾਂ ਜਿੰਨਾ ਸਾਡੇ ਕੋਲ ਸਮਾਂ ਤੇ ਤਾਕਤ ਹੁੰਦੀ ਹੈ। ਜੇ ਅਸੀਂ ਆਪਣੀਆਂ ਹੱਦਾਂ ਪਛਾਣਦੇ ਹਾਂ, ਤਾਂ ਅਸੀਂ ਆਪਣੀ ਖ਼ੁਸ਼ੀ ਬਣਾਈ ਰੱਖ ਸਕਾਂਗੇ।”
10. ਦੇਖ-ਭਾਲ ਕਰਨ ਵਾਲੇ ਲੋਕਾਂ ਲਈ ਸਮਝ ਤੋਂ ਕੰਮ ਲੈਣਾ ਕਿਉਂ ਜ਼ਰੂਰੀ ਹੈ? (ਕਹਾਉਤਾਂ 19:11)
10 ਸਮਝ ਤੋਂ ਕੰਮ ਲਓ। (ਕਹਾਉਤਾਂ 19:11 ਪੜ੍ਹੋ।) ਜੇ ਤੁਸੀਂ ਇੱਦਾਂ ਕਰਦੇ ਹੋ, ਤਾਂ ਤੁਸੀਂ ਉਸ ਵੇਲੇ ਸ਼ਾਂਤ ਰਹਿ ਸਕਦੇ ਹੋ ਜਦੋਂ ਤੁਹਾਡੇ ਆਪਣੇ ਤੁਹਾਨੂੰ ਕੁਝ ਬੁਰਾ ਕਹਿੰਦੇ ਹਨ ਜਾਂ ਕਰਦੇ ਹਨ। ਸਮਝ ਤੋਂ ਕੰਮ ਲੈਣ ਵਾਲਾ ਵਿਅਕਤੀ ਇਹ ਸਮਝਣ ਦੀ ਕੋਸ਼ਿਸ਼ ਕਰਦਾ ਹੈ ਕਿ ਸਾਮ੍ਹਣੇ ਵਾਲਾ ਇੱਦਾਂ ਕਿਉਂ ਪੇਸ਼ ਆ ਰਿਹਾ ਹੈ। ਲੰਬੇ ਸਮੇਂ ਤੋਂ ਬੀਮਾਰ ਵਿਅਕਤੀ ਸ਼ਾਇਦ ਕੁਝ ਅਜਿਹਾ ਕਰ ਦੇਵੇ ਜੋ ਉਹ ਆਮ ਤੌਰ ਤੇ ਨਹੀਂ ਕਰਦਾ। (ਉਪ. 7:7) ਮਿਸਾਲ ਲਈ, ਹੋ ਸਕਦਾ ਹੈ ਕਿ ਇਕ ਵਿਅਕਤੀ ਆਮ ਤੌਰ ਤੇ ਬਹੁਤ ਪਿਆਰ ਨਾਲ ਗੱਲ ਕਰਦਾ ਹੋਵੇ, ਪਰ ਸ਼ਾਇਦ ਗੰਭੀਰ ਬੀਮਾਰੀ ਕਰਕੇ ਉਹ ਬਹਿਸ ਕਰਨ ਲੱਗ ਪਵੇ ਜਾਂ ਲੜਨ ਲੱਗ ਪਵੇ। ਇਹ ਵੀ ਹੋ ਸਕਦਾ ਹੈ ਕਿ ਉਹ ਬਹੁਤ ਜ਼ਿਆਦਾ ਸ਼ਿਕਾਇਤ ਕਰਨ ਲੱਗ ਪਵੇ ਜਾਂ ਗੱਲ-ਗੱਲ ʼਤੇ ਗੁੱਸੇ ਹੋਣ ਲੱਗ ਪਵੇ। ਇੱਦਾਂ ਹੋਣ ਤੇ ਚੰਗਾ ਹੋਵੇਗਾ ਕਿ ਤੁਸੀਂ ਉਸ ਦੀ ਬੀਮਾਰੀ ਬਾਰੇ ਹੋਰ ਜਾਣੋ। ਤੁਸੀਂ ਜਿੰਨਾ ਜ਼ਿਆਦਾ ਇਸ ਬਾਰੇ ਜਾਣੋਗੇ, ਤੁਸੀਂ ਉੱਨਾ ਜ਼ਿਆਦਾ ਉਸ ਦੇ ਹਾਲਾਤ ਸਮਝ ਸਕੋਗੇ। ਤੁਸੀਂ ਸਮਝ ਸਕੋਗੇ ਕਿ ਉਹ ਬੁਰਾ ਇਨਸਾਨ ਨਹੀਂ ਹੈ, ਸਗੋਂ ਆਪਣੀ ਬੀਮਾਰੀ ਕਰਕੇ ਇੱਦਾਂ ਪੇਸ਼ ਆ ਰਿਹਾ ਹੈ।—ਕਹਾ. 14:29.
11. ਦੇਖ-ਭਾਲ ਕਰਨ ਵਾਲੇ ਲੋਕਾਂ ਨੂੰ ਹਰ ਰੋਜ਼ ਕਿਨ੍ਹਾਂ ਜ਼ਰੂਰੀ ਗੱਲਾਂ ਲਈ ਸਮਾਂ ਕੱਢਣਾ ਚਾਹੀਦਾ ਹੈ? (ਜ਼ਬੂਰ 132:4, 5)
11 ਯਹੋਵਾਹ ਨਾਲ ਆਪਣੀ ਦੋਸਤੀ ਗੂੜ੍ਹੀ ਕਰਨ ਲਈ ਸਮਾਂ ਕੱਢੋ। ਕਦੀ-ਕਦਾਈਂ ਤੁਹਾਨੂੰ ਆਪਣੇ ਕੁਝ ਕੰਮਾਂ ਨੂੰ ਇਕ ਪਾਸੇ ਰੱਖਣਾ ਪਵੇ ਤਾਂਕਿ ਤੁਸੀਂ “ਜ਼ਿਆਦਾ ਜ਼ਰੂਰੀ” ਗੱਲਾਂ ਲਈ ਸਮਾਂ ਕੱਢ ਸਕੋ। (ਫ਼ਿਲਿ. 1:10) ਯਹੋਵਾਹ ਨਾਲ ਆਪਣੀ ਦੋਸਤੀ ਗੂੜ੍ਹੀ ਕਰਨੀ ਜ਼ਿਆਦਾ ਜ਼ਰੂਰੀ ਗੱਲਾਂ ਵਿੱਚੋਂ ਇਕ ਹੈ। ਜ਼ਰਾ ਰਾਜਾ ਦਾਊਦ ਬਾਰੇ ਸੋਚੋ। ਉਸ ਕੋਲ ਕਰਨ ਲਈ ਬਹੁਤ ਸਾਰੇ ਕੰਮ ਸਨ। ਪਰ ਉਸ ਲਈ ਯਹੋਵਾਹ ਦੀ ਭਗਤੀ ਕਰਨੀ ਸਭ ਤੋਂ ਜ਼ਿਆਦਾ ਜ਼ਰੂਰੀ ਸੀ। (ਜ਼ਬੂਰ 132:4, 5 ਪੜ੍ਹੋ।) ਉਸ ਵਾਂਗ ਤੁਹਾਨੂੰ ਵੀ ਹਰ ਰੋਜ਼ ਪ੍ਰਾਰਥਨਾ ਕਰਨ ਅਤੇ ਬਾਈਬਲ ਪੜ੍ਹਨ ਵਰਗੀਆਂ ਜ਼ਰੂਰੀ ਗੱਲਾਂ ਨੂੰ ਅਹਿਮੀਅਤ ਦੇਣੀ ਚਾਹੀਦੀ ਹੈ। ਭੈਣ ਅਲੀਸ਼ਾ ਦੱਸਦੀ ਹੈ: “ਮੈਂ ਯਹੋਵਾਹ ਨੂੰ ਪ੍ਰਾਰਥਨਾ ਕਰਦੀ ਹਾਂ ਅਤੇ ਜ਼ਬੂਰਾਂ ਦੀ ਕਿਤਾਬ ਵਿੱਚੋਂ ਦਿਲਾਸਾ ਦੇਣ ਵਾਲੀਆਂ ਕੁਝ ਆਇਤਾਂ ਪੜ੍ਹਦੀ ਹਾਂ ਜਿਸ ਕਰਕੇ ਮੈਂ ਖ਼ੁਸ਼ ਰਹਿ ਪਾਉਂਦੀ ਹਾਂ। ਮੈਂ ਦੱਸ ਨਹੀਂ ਸਕਦੀ ਕਿ ਪ੍ਰਾਰਥਨਾ ਤੋਂ ਮੈਨੂੰ ਕਿੰਨੀ ਮਦਦ ਮਿਲਦੀ ਹੈ। ਸ਼ਾਂਤ ਰਹਿਣ ਲਈ ਮੈਂ ਦਿਨ ਵਿਚ ਕਈ-ਕਈ ਵਾਰ ਯਹੋਵਾਹ ਨੂੰ ਪ੍ਰਾਰਥਨਾ ਕਰਦੀ ਹਾਂ।”
12. ਦੇਖ-ਭਾਲ ਕਰਨ ਵਾਲਿਆਂ ਨੂੰ ਆਪਣੀ ਸਿਹਤ ਦਾ ਖ਼ਿਆਲ ਰੱਖਣ ਲਈ ਸਮਾਂ ਕਿਉਂ ਕੱਢਣਾ ਚਾਹੀਦਾ ਹੈ?
12 ਆਪਣੀ ਸਿਹਤ ਦਾ ਖ਼ਿਆਲ ਰੱਖਣ ਲਈ ਸਮਾਂ ਕੱਢੋ। ਹੋ ਸਕਦਾ ਹੈ ਕਿ ਦੂਜਿਆਂ ਦੀ ਦੇਖ-ਭਾਲ ਕਰਨ ਵਿਚ ਤੁਹਾਡਾ ਇੰਨਾ ਸਮਾਂ ਲੱਗ ਜਾਵੇ ਕਿ ਤੁਹਾਨੂੰ ਫਲ-ਸਬਜ਼ੀਆਂ ਖ਼ਰੀਦਣ ਅਤੇ ਪੌਸ਼ਟਿਕ ਖਾਣਾ ਬਣਾਉਣ ਦਾ ਸਮਾਂ ਹੀ ਨਾ ਮਿਲੇ। ਪਰ ਤਨ-ਮਨ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਪੌਸ਼ਟਿਕ ਖਾਣਾ ਖਾਈਏ ਅਤੇ ਕਸਰਤ ਕਰੀਏ। ਭਾਵੇਂ ਕਿ ਤੁਹਾਡੇ ਕੋਲ ਜ਼ਿਆਦਾ ਸਮਾਂ ਨਹੀਂ ਹੁੰਦਾ, ਫਿਰ ਵੀ ਪੌਸ਼ਟਿਕ ਖਾਣਾ ਖਾਣ ਅਤੇ ਕਸਰਤ ਕਰਨ ਦੀ ਪੂਰੀ ਕੋਸ਼ਿਸ਼ ਕਰੋ। (ਅਫ਼. 5:15, 16) ਇਸ ਤੋਂ ਇਲਾਵਾ, ਚੰਗੀ ਨੀਂਦ ਲਓ। (ਉਪ. 4:6) ਮਾਹਰਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਸੌਂਦੇ ਹਾਂ, ਤਾਂ ਸਾਡੇ ਦਿਮਾਗ਼ ਦੀ ਮੁਰੰਮਤ ਹੁੰਦੀ ਹੈ ਅਤੇ ਇਹ ਚੰਗੀ ਤਰ੍ਹਾਂ ਕੰਮ ਕਰ ਪਾਉਂਦਾ ਹੈ। ਕੁਝ ਸਾਲ ਪਹਿਲਾਂ ਸਿਹਤ ʼਤੇ ਅਧਿਐਨ ਕਰਨ ਵਾਲੀ ਇਕ ਸੰਸਥਾ ਨੇ ਇਕ ਲੇਖ ਛਾਪਿਆ ਸੀ ਜਿਸ ਦਾ ਵਿਸ਼ਾ ਸੀ: “ਨੀਂਦ ਦਾ ਤਣਾਅ ਨਾਲ ਕੀ ਸੰਬੰਧ ਹੈ?” ਇਸ ਵਿਚ ਦੱਸਿਆ ਗਿਆ ਸੀ ਕਿ ਚੰਗੀ ਨੀਂਦ ਲੈਣ ਨਾਲ ਸਾਡਾ ਤਣਾਅ ਘੱਟਦਾ ਹੈ ਅਤੇ ਅਸੀਂ ਮੁਸ਼ਕਲਾਂ ਵਿਚ ਵੀ ਸ਼ਾਂਤ ਰਹਿ ਪਾਉਂਦੇ ਹਾਂ। ਨੀਂਦ ਲੈਣ ਤੋਂ ਇਲਾਵਾ ਮਨੋਰੰਜਨ ਲਈ ਵੀ ਸਮਾਂ ਕੱਢੋ। (ਉਪ. 8:15) ਦੂਜਿਆਂ ਦੀ ਦੇਖ-ਭਾਲ ਕਰਨ ਵਾਲੀ ਇਕ ਭੈਣ ਦੱਸਦੀ ਹੈ ਕਿ ਉਹ ਕਿਵੇਂ ਆਪਣੀ ਖ਼ੁਸ਼ੀ ਬਣਾਈ ਰੱਖ ਪਾਉਂਦੀ ਹੈ: “ਜਦੋਂ ਮੌਸਮ ਵਧੀਆ ਹੁੰਦਾ ਹੈ ਅਤੇ ਧੁੱਪ ਨਿਕਲੀ ਹੁੰਦੀ ਹੈ, ਤਾਂ ਮੈਂ ਸੈਰ ʼਤੇ ਜਾਣ ਦੀ ਕੋਸ਼ਿਸ਼ ਕਰਦੀ ਹਾਂ। ਨਾਲੇ ਮਹੀਨੇ ਵਿਚ ਘੱਟੋ-ਘੱਟ ਇਕ ਵਾਰ ਮੈਂ ਕੁਝ ਅਜਿਹਾ ਕਰਨ ਦੀ ਕੋਸ਼ਿਸ਼ ਕਰਦੀ ਹਾਂ ਜੋ ਮੈਨੂੰ ਤੇ ਮੇਰੀ ਸਹੇਲੀ ਨੂੰ ਪਸੰਦ ਹੋਵੇ।”
13. ਹਾਸਾ-ਮਜ਼ਾਕ ਕਰਨਾ ਕਿਉਂ ਚੰਗਾ ਹੁੰਦਾ ਹੈ? (ਕਹਾਉਤਾਂ 17:22)
13 ਹਾਸਾ-ਮਜ਼ਾਕ ਕਰਦੇ ਰਹੋ। (ਕਹਾਉਤਾਂ 17:22 ਪੜ੍ਹੋ; ਉਪ. 3:1, 4) ਹੱਸਣ ਨਾਲ ਸਿਹਤ ਚੰਗੀ ਰਹਿੰਦੀ ਹੈ ਅਤੇ ਤਣਾਅ ਘੱਟਦਾ ਹੈ। ਜਦੋਂ ਤੁਸੀਂ ਕਿਸੇ ਦੀ ਦੇਖ-ਭਾਲ ਕਰਦੇ ਹੋ, ਤਾਂ ਹਰ ਚੀਜ਼ ਤੁਹਾਡੀ ਸੋਚ ਅਨੁਸਾਰ ਨਹੀਂ ਹੁੰਦੀ। ਇਸ ਤਰ੍ਹਾਂ ਹੋਣ ਤੇ ਆਪਣੇ ਹਾਲਾਤਾਂ ਬਾਰੇ ਥੋੜ੍ਹਾ ਹਾਸਾ-ਮਜ਼ਾਕ ਕਰਨ ਨਾਲ ਇਨ੍ਹਾਂ ਦਾ ਸਾਮ੍ਹਣਾ ਕਰਨਾ ਤੁਹਾਡੇ ਲਈ ਸੌਖਾ ਹੋ ਸਕਦਾ ਹੈ। ਜੇ ਤੁਸੀਂ ਉਸ ਨਾਲ ਵੀ ਥੋੜ੍ਹਾ ਬਹੁਤਾ ਹਾਸਾ-ਮਜ਼ਾਕ ਕਰੋ ਜਿਸ ਦੀ ਤੁਸੀਂ ਦੇਖ-ਭਾਲ ਕਰਦੇ ਹੋ, ਤਾਂ ਤੁਹਾਡੀ ਦੋਸਤੀ ਹੋਰ ਪੱਕੀ ਹੋ ਸਕਦੀ ਹੈ।
14. ਕਿਸੇ ਭਰੋਸੇਮੰਦ ਦੋਸਤ ਨਾਲ ਗੱਲ ਕਰਕੇ ਤੁਹਾਡੀ ਮਦਦ ਕਿਵੇਂ ਹੋ ਸਕਦੀ ਹੈ?
14 ਕਿਸੇ ਭਰੋਸੇਮੰਦ ਦੋਸਤ ਨਾਲ ਗੱਲ ਕਰੋ। ਚਾਹੇ ਤੁਸੀਂ ਖ਼ੁਸ਼ ਰਹਿਣ ਦੀ ਜਿੰਨੀ ਮਰਜ਼ੀ ਕੋਸ਼ਿਸ਼ ਕਰੋ, ਪਰ ਫਿਰ ਵੀ ਤੁਹਾਨੂੰ ਕਦੇ-ਨਾ-ਕਦੇ ਟੈਂਸ਼ਨ ਜ਼ਰੂਰ ਹੋਵੇਗੀ। ਇੱਦਾਂ ਹੋਣ ਤੇ ਤੁਸੀਂ ਕਿਸੇ ਭਰੋਸੇਮੰਦ ਦੋਸਤ ਨੂੰ ਆਪਣੀ ਟੈਂਸ਼ਨ ਦੱਸ ਸਕਦੇ ਹੋ, ਇਕ ਅਜਿਹਾ ਦੋਸਤ ਜੋ ਨਾ ਤਾਂ ਤੁਹਾਨੂੰ ਗ਼ਲਤ ਸਮਝੇ ਅਤੇ ਨਾ ਹੀ ਰਾਈ ਦਾ ਪਹਾੜ ਬਣਾਵੇ। (ਕਹਾ. 17:17) ਜਦੋਂ ਉਹ ਤੁਹਾਡੀ ਗੱਲ ਧਿਆਨ ਨਾਲ ਸੁਣੇਗਾ ਅਤੇ ਤੁਹਾਨੂੰ ਤਸੱਲੀ ਦੇਵੇਗਾ, ਤਾਂ ਤੁਸੀਂ ਫਿਰ ਤੋਂ ਖ਼ੁਸ਼ ਰਹਿ ਸਕੋਗੇ।—ਕਹਾ. 12:25.
15. ਆਪਣੀ ਉਮੀਦ ʼਤੇ ਧਿਆਨ ਲਾਈ ਰੱਖਣ ਨਾਲ ਤੁਹਾਨੂੰ ਖ਼ੁਸ਼ੀ ਕਿਵੇਂ ਮਿਲ ਸਕਦੀ ਹੈ?
15 ਸੋਚੋ ਕਿ ਤੁਸੀਂ ਨਵੀਂ ਦੁਨੀਆਂ ਵਿਚ ਇਕੱਠੇ ਮਿਲ ਕੇ ਕੀ-ਕੀ ਕਰੋਗੇ। ਯਹੋਵਾਹ ਕਦੇ ਨਹੀਂ ਚਾਹੁੰਦਾ ਸੀ ਕਿ ਕੋਈ ਵੀ ਇਨਸਾਨ ਬੀਮਾਰ ਜਾਂ ਬੁੱਢਾ ਹੋਵੇ। ਇਸ ਲਈ ਯਾਦ ਰੱਖੋ ਕਿ ਤੁਹਾਨੂੰ ਆਪਣੇ ਅਜ਼ੀਜ਼ਾਂ ਦੀ ਦੇਖ-ਭਾਲ ਹਮੇਸ਼ਾ ਨਹੀਂ ਕਰਨੀ ਪੈਣੀ। (2 ਕੁਰਿੰ. 4:16-18) ਅਸੀਂ ਜੋ ਜ਼ਿੰਦਗੀ ਜੀ ਰਹੇ ਹਾਂ, ਉਹ “ਅਸਲੀ ਜ਼ਿੰਦਗੀ” ਨਹੀਂ ਹੈ। ਉਹ ਜ਼ਿੰਦਗੀ ਤਾਂ ਅੱਗੇ ਮਿਲਣ ਵਾਲੀ ਹੈ। (1 ਤਿਮੋ. 6:19) ਇਸ ਲਈ ਤੁਸੀਂ ਜਿਸ ਦੀ ਦੇਖ-ਭਾਲ ਕਰਦੇ ਹੋ, ਉਸ ਨਾਲ ਮਿਲ ਕੇ ਗੱਲ ਕਰੋ ਕਿ ਤੁਸੀਂ ਨਵੀਂ ਦੁਨੀਆਂ ਵਿਚ ਇਕੱਠਿਆਂ ਕੀ-ਕੀ ਕਰੋਗੇ। ਇੱਦਾਂ ਕਰਨ ਨਾਲ ਤੁਹਾਨੂੰ ਬਹੁਤ ਖ਼ੁਸ਼ੀ ਮਿਲੇਗੀ। (ਯਸਾ. 33:24; 65:21) ਭੈਣ ਹੈਦਰ ਦੱਸਦੀ ਹੈ: “ਮੈਂ ਜਿਨ੍ਹਾਂ ਦੀ ਦੇਖ-ਭਾਲ ਕਰਦੀ ਹਾਂ, ਮੈਂ ਉਨ੍ਹਾਂ ਨੂੰ ਅਕਸਰ ਕਹਿੰਦੀ ਹਾਂ ਕਿ ਜਲਦੀ ਹੀ ਅਸੀਂ ਇਕੱਠਿਆਂ ਮਿਲ ਕੇ ਕੱਪੜੇ ਸੀਵਾਂਗੇ, ਦੌੜਾਂਗੇ ਅਤੇ ਸਾਈਕਲ ਚਲਾਵਾਂਗੇ। ਨਾਲੇ ਜਦੋਂ ਸਾਡੇ ਅਜ਼ੀਜ਼ਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ, ਤਾਂ ਅਸੀਂ ਉਨ੍ਹਾਂ ਲਈ ਬਰੈੱਡ ਅਤੇ ਖਾਣਾ ਬਣਾਵਾਂਗੇ। ਅਸੀਂ ਮਿਲ ਕੇ ਯਹੋਵਾਹ ਦਾ ਧੰਨਵਾਦ ਵੀ ਕਰਦੇ ਹਾਂ ਕਿ ਉਸ ਨੇ ਸਾਨੂੰ ਕਿੰਨੀ ਵਧੀਆ ਉਮੀਦ ਦਿੱਤੀ ਹੈ!”
ਮੰਡਲੀ ਦੇ ਭੈਣ-ਭਰਾ ਕਿਵੇਂ ਮਦਦ ਕਰ ਸਕਦੇ ਹਨ?
16. ਅਸੀਂ ਦੇਖ-ਭਾਲ ਕਰਨ ਵਾਲੇ ਲੋਕਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ? (ਤਸਵੀਰ ਵੀ ਦੇਖੋ।)
16 ਮਦਦ ਲਈ ਹੱਥ ਵਧਾਓ ਤਾਂਕਿ ਦੇਖ-ਭਾਲ ਕਰਨ ਵਾਲਿਆਂ ਨੂੰ ਥੋੜ੍ਹਾ ਆਰਾਮ ਮਿਲ ਸਕੇ। ਮੰਡਲੀ ਦੇ ਭੈਣ-ਭਰਾ ਦੇਖ-ਭਾਲ ਕਰਨ ਵਾਲਿਆਂ ਦੀ ਮਦਦ ਕਰ ਸਕਦੇ ਹਨ। ਇਸ ਤਰ੍ਹਾਂ ਉਨ੍ਹਾਂ ਨੂੰ ਥੋੜ੍ਹੀ ਰਾਹਤ ਮਿਲੇਗੀ ਅਤੇ ਉਹ ਆਪਣੇ ਦੂਜੇ ਕੰਮ-ਕਾਰ ਕਰ ਸਕਣਗੇ। (ਗਲਾ. 6:2) ਕੁਝ ਪ੍ਰਚਾਰਕਾਂ ਨੇ ਇੱਦਾਂ ਕਰਨ ਲਈ ਹਰ ਹਫ਼ਤੇ ਲਈ ਇਕ ਸ਼ਡਿਉਲ ਬਣਾਇਆ ਹੈ ਤਾਂਕਿ ਅਲੱਗ-ਅਲੱਗ ਭੈਣ-ਭਰਾ ਇਸ ਕੰਮ ਵਿਚ ਹੱਥ ਵਟਾ ਸਕਣ। ਭੈਣ ਨਤਾਲਿਆ, ਜਿਸ ਦੇ ਪਤੀ ਨੂੰ ਅਧਰੰਗ ਹੋਇਆ ਹੈ, ਦੱਸਦੀ ਹੈ: “ਸਾਡੀ ਮੰਡਲੀ ਦਾ ਇਕ ਭਰਾ ਹਫ਼ਤੇ ਵਿਚ ਇਕ-ਦੋ ਵਾਰ ਆ ਕੇ ਮੇਰੇ ਪਤੀ ਨਾਲ ਸਮਾਂ ਬਿਤਾਉਂਦਾ ਹੈ। ਉਹ ਇਕੱਠੇ ਮਿਲ ਕੇ ਪ੍ਰਚਾਰ ਕਰਦੇ ਹਨ, ਗੱਲਾਂ ਕਰਦੇ ਹਨ ਅਤੇ ਕਦੇ-ਕਦਾਈਂ ਫ਼ਿਲਮਾਂ ਵੀ ਦੇਖਦੇ ਹਨ। ਮੇਰੇ ਪਤੀ ਹਰ ਹਫ਼ਤੇ ਉਸ ਭਰਾ ਦੀ ਉਡੀਕ ਕਰਦੇ ਹਨ। ਉਸ ਭਰਾ ਦੇ ਆਉਣ ਕਰਕੇ ਮੈਨੂੰ ਵੀ ਆਰਾਮ ਕਰਨ ਜਾਂ ਹੋਰ ਕੰਮ ਕਰਨ ਲਈ ਥੋੜ੍ਹਾ ਸਮਾਂ ਮਿਲ ਜਾਂਦਾ ਹੈ, ਜਿਵੇਂ ਸੈਰ ʼਤੇ ਜਾਣਾ।” ਕੁਝ ਮਾਮਲਿਆਂ ਵਿਚ ਤੁਸੀਂ ਦੇਖ-ਭਾਲ ਕਰਨ ਵਾਲਿਆਂ ਨੂੰ ਦੱਸ ਸਕਦੇ ਹੋ ਕਿ ਜੇ ਉਹ ਚਾਹੁਣ, ਤਾਂ ਤੁਸੀਂ ਕਦੇ-ਕਦਾਈਂ ਉਨ੍ਹਾਂ ਦੇ ਘਰ ਰਾਤ ਰਹਿ ਸਕਦੇ ਹੋ ਅਤੇ ਉਨ੍ਹਾਂ ਦੇ ਅਜ਼ੀਜ਼ ਦੀ ਦੇਖ-ਭਾਲ ਕਰ ਸਕਦੇ ਹੋ। ਇਸ ਤਰ੍ਹਾਂ ਦੇਖ-ਭਾਲ ਕਰਨ ਵਾਲਾ ਰਾਤ ਨੂੰ ਚੰਗੀ ਨੀਂਦ ਸੌਂ ਸਕੇਗਾ।
ਤੁਸੀਂ ਮੰਡਲੀ ਦੇ ਉਨ੍ਹਾਂ ਭੈਣਾਂ-ਭਰਾਵਾਂ ਦੀ ਕਿੱਦਾਂ ਮਦਦ ਕਰ ਸਕਦੇ ਹੋ ਜੋ ਕਿਸੇ ਆਪਣੇ ਦੀ ਦੇਖ-ਭਾਲ ਕਰਦੇ ਹਨ? (ਪੈਰਾ 16 ਦੇਖੋ)a
17. ਤੁਸੀਂ ਕੀ ਕਰ ਸਕਦੇ ਹਾਂ ਤਾਂਕਿ ਦੇਖ-ਭਾਲ ਕਰਨ ਵਾਲਿਆਂ ਨੂੰ ਸਭਾਵਾਂ ਤੋਂ ਫ਼ਾਇਦਾ ਹੋ ਸਕੇ?
17 ਮਦਦ ਲਈ ਹੱਥ ਵਧਾਓ ਤਾਂਕਿ ਦੇਖ-ਭਾਲ ਕਰਨ ਵਾਲੇ ਲੋਕਾਂ ਨੂੰ ਸਭਾਵਾਂ ਤੋਂ ਫ਼ਾਇਦਾ ਮਿਲ ਸਕੇ। ਆਪਣੇ ਅਜ਼ੀਜ਼ਾਂ ਦੀ ਦੇਖ-ਭਾਲ ਕਰਨ ਵਾਲੇ ਲੋਕ ਅਕਸਰ ਸਭਾਵਾਂ, ਸੰਮੇਲਨਾਂ ਅਤੇ ਵੱਡੇ ਸੰਮੇਲਨਾਂ ਦਾ ਪ੍ਰੋਗ੍ਰਾਮ ਚੰਗੀ ਤਰ੍ਹਾਂ ਨਹੀਂ ਸੁਣ ਪਾਉਂਦੇ। ਤੁਸੀਂ ਉਨ੍ਹਾਂ ਦੀ ਮਦਦ ਕਿਵੇਂ ਕਰ ਸਕਦੇ ਹੋ? ਤੁਸੀਂ ਪੂਰੀ ਸਭਾ ਦੌਰਾਨ ਜਾਂ ਕੁਝ ਸਮੇਂ ਲਈ ਉਨ੍ਹਾਂ ਦੇ ਅਜ਼ੀਜ਼ਾਂ ਕੋਲ ਬੈਠ ਸਕਦੇ ਹੋ। ਨਾਲੇ ਜੇ ਕੋਈ ਬੀਮਾਰ ਜਾਂ ਬਜ਼ੁਰਗ ਵਿਅਕਤੀ ਆਪਣੇ ਹਾਲਾਤਾਂ ਕਰਕੇ ਘਰੋਂ ਬਾਹਰ ਨਹੀਂ ਜਾ ਸਕਦਾ, ਉਦੋਂ ਕੀ? ਤੁਸੀਂ ਉਸ ਦੇ ਘਰ ਜਾ ਸਕਦੇ ਹੋ ਅਤੇ ਉਸ ਨਾਲ ਆਨ-ਲਾਈਨ ਸਭਾ ਵਿਚ ਜੁੜ ਸਕਦੇ ਹੋ। ਇਸ ਤਰ੍ਹਾਂ ਉਸ ਦੀ ਦੇਖ-ਭਾਲ ਕਰਨ ਵਾਲਾ ਵਿਅਕਤੀ ਸਭਾ ʼਤੇ ਜਾ ਸਕੇਗਾ।
18. ਅਸੀਂ ਦੇਖ-ਭਾਲ ਕਰਨ ਵਾਲੇ ਲੋਕਾਂ ਲਈ ਹੋਰ ਕੀ ਕਰ ਸਕਦੇ ਹਾਂ?
18 ਦੇਖ-ਭਾਲ ਕਰਨ ਵਾਲੇ ਲੋਕਾਂ ਦੀ ਤਾਰੀਫ਼ ਕਰੋ ਅਤੇ ਉਨ੍ਹਾਂ ਲਈ ਪ੍ਰਾਰਥਨਾ ਕਰੋ। ਮੰਡਲੀ ਦੇ ਬਜ਼ੁਰਗਾਂ ਨੂੰ ਬਾਕਾਇਦਾ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ ਜੋ ਆਪਣਿਆਂ ਦੀ ਦੇਖ-ਭਾਲ ਕਰਦੇ ਹਨ। (ਕਹਾ. 27:23) ਨਾਲੇ ਸਾਡੇ ਹਾਲਾਤ ਚਾਹੇ ਜਿੱਦਾਂ ਦੇ ਮਰਜ਼ੀ ਹੋਣ, ਫਿਰ ਵੀ ਅਸੀਂ ਸਾਰੇ ਬਾਕਾਇਦਾ ਉਨ੍ਹਾਂ ਦੀ ਦਿਲ ਖੋਲ੍ਹ ਕੇ ਤਾਰੀਫ਼ ਕਰ ਸਕਦੇ ਹਾਂ। ਅਸੀਂ ਉਨ੍ਹਾਂ ਲਈ ਪ੍ਰਾਰਥਨਾ ਵੀ ਕਰ ਸਕਦੇ ਹਾਂ ਕਿ ਯਹੋਵਾਹ ਉਨ੍ਹਾਂ ਨੂੰ ਤਾਕਤ ਦਿੰਦਾ ਰਹੇ ਅਤੇ ਉਨ੍ਹਾਂ ਦੀ ਖ਼ੁਸ਼ੀ ਬਣਾਈ ਰੱਖਣ ਵਿਚ ਮਦਦ ਕਰੇ।—2 ਕੁਰਿੰ. 1:11
19. ਸਾਨੂੰ ਕਿਸ ਗੱਲ ਦੀ ਉਮੀਦ ਹੈ?
19 ਜਲਦੀ ਹੀ ਯਹੋਵਾਹ ਉਨ੍ਹਾਂ ਸਾਰੀਆਂ ਦੁੱਖਾਂ-ਤਕਲੀਫ਼ਾਂ ਨੂੰ ਦੂਰ ਕਰ ਦੇਵੇਗਾ ਜਿਨ੍ਹਾਂ ਕਰਕੇ ਅਸੀਂ ਰੋਂਦੇ ਹਾਂ। ਨਾਲੇ ਬੀਮਾਰੀ ਅਤੇ ਮੌਤ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ। (ਪ੍ਰਕਾ. 21:3, 4) “ਲੰਗੜਾ ਹਿਰਨ ਵਾਂਗ ਛਲਾਂਗਾਂ ਮਾਰੇਗਾ।” (ਯਸਾ. 35:5, 6) ਉਸ ਸਮੇਂ ਕੋਈ ਵੀ ਬੁੱਢਾ ਨਹੀਂ ਹੋਵੇਗਾ ਅਤੇ ਸਾਨੂੰ ਆਪਣੇ ਅਜ਼ੀਜ਼ਾਂ ਨੂੰ ਤਕਲੀਫ਼ ਵਿਚ ਨਹੀਂ ਦੇਖਣਾ ਪਵੇਗਾ। ਇਹ ਸਾਰੀਆਂ ਗੱਲਾਂ ਸਾਡੇ “ਮਨ ਵਿਚ ਨਹੀਂ ਆਉਣਗੀਆਂ।” (ਯਸਾ. 65:17) ਇਸ ਉਮੀਦ ਦੇ ਪੂਰਾ ਹੋਣ ਦੀ ਉਡੀਕ ਕਰਦਿਆਂ ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਹਮੇਸ਼ਾ ਸਾਡਾ ਸਾਥ ਦੇਵੇਗਾ। ਜੇ ਅਸੀਂ ਉਸ ʼਤੇ ਨਿਰਭਰ ਰਹਾਂਗੇ, ਤਾਂ ਅਸੀਂ “ਧੀਰਜ ਅਤੇ ਖ਼ੁਸ਼ੀ ਨਾਲ ਸਭ ਕੁਝ ਸਹਿ” ਸਕਾਂਗੇ।—ਕੁਲੁ. 1:11.
ਗੀਤ 155 ਹਮੇਸ਼ਾ ਦੀ ਖ਼ੁਸ਼ੀ
a ਤਸਵੀਰ ਬਾਰੇ ਜਾਣਕਾਰੀ: ਦੋ ਨੌਜਵਾਨ ਭੈਣਾਂ ਇਕ ਬਜ਼ੁਰਗ ਦੀ ਭੈਣ ਨੂੰ ਮਿਲਣ ਆਈਆਂ ਹਨ ਤਾਂਕਿ ਉਸ ਦੀ ਦੇਖ-ਭਾਲ ਕਰਨ ਵਾਲੀ ਨੂੰ ਆਪਣੇ ਲਈ ਥੋੜ੍ਹਾ ਸਮਾਂ ਮਿਲ ਸਕੇ ਅਤੇ ਉਹ ਸੈਰ ʼਤੇ ਜਾ ਸਕੇ।