ਅਧਿਐਨ ਲੇਖ 40
ਗੀਤ 111 ਸਾਡੀ ਖ਼ੁਸ਼ੀ ਦੇ ਕਾਰਨ
ਯਹੋਵਾਹ ਸਾਡੀ “ਅਪਾਰ ਖ਼ੁਸ਼ੀ” ਦਾ ਸੋਮਾ ਹੈ
“ ਮੈਂ ਆਪਣੀ ਅਪਾਰ ਖ਼ੁਸ਼ੀ ਦੇ ਪਰਮੇਸ਼ੁਰ ਕੋਲ ਜਾਵਾਂਗਾ।”—ਜ਼ਬੂ. 43:4.
ਕੀ ਸਿੱਖਾਂਗੇ?
ਅਸੀਂ ਕਿਹੜੀਆਂ ਗੱਲਾਂ ਕਰਕੇ ਆਪਣੀ ਖ਼ੁਸ਼ੀ ਗੁਆ ਸਕਦੇ ਹਾਂ ਅਤੇ ਅਸੀਂ ਇਸ ਨੂੰ ਦੁਬਾਰਾ ਕਿਵੇਂ ਪਾ ਸਕਦੇ ਹਾਂ।
1-2. (ੳ) ਅੱਜ ਕਈ ਲੋਕ ਕਿੱਦਾਂ ਮਹਿਸੂਸ ਕਰਦੇ ਹਨ? (ਅ) ਇਸ ਲੇਖ ਵਿਚ ਅਸੀਂ ਕੀ ਜਾਣਾਂਗੇ?
ਅੱਜ ਦੁਨੀਆਂ ਵਿਚ ਲੋਕ ਖ਼ੁਸ਼ੀ ਪਾਉਣ ਲਈ ਅੰਨ੍ਹੇਵਾਹ ਭੱਜ ਰਹੇ ਹਨ। ਪਰ ਉਨ੍ਹਾਂ ਨੂੰ ਕਿਤੇ ਵੀ ਖ਼ੁਸ਼ੀ ਨਹੀਂ ਮਿਲਦੀ। ਕਈ ਲੋਕਾਂ ਦੀ ਜ਼ਿੰਦਗੀ ਵਿਚ ਇਕ ਅਜੀਬ ਜਿਹਾ ਖਾਲੀਪਣ ਹੈ ਅਤੇ ਉਹ ਉਦਾਸ ਰਹਿੰਦੇ ਹਨ। ਕਦੇ-ਕਦੇ ਯਹੋਵਾਹ ਦੇ ਸੇਵਕਾਂ ਨਾਲ ਵੀ ਇੱਦਾਂ ਹੋ ਸਕਦਾ ਹੈ। ਉਨ੍ਹਾਂ ਨੂੰ ਸ਼ਾਇਦ ਇੱਦਾਂ ਦੇ ਹਾਲਾਤਾਂ ਵਿੱਚੋਂ ਲੰਘਣਾ ਪਵੇ ਜਿਸ ਕਰਕੇ ਉਹ ਨਿਰਾਸ਼ ਹੋ ਜਾਣ ਜਾਂ ਆਪਣੀ ਖ਼ੁਸ਼ੀ ਗੁਆ ਬੈਠਣ। ਪਰ ਅਸੀਂ ਇਸ ਗੱਲੋਂ ਹੈਰਾਨ ਨਹੀਂ ਹੁੰਦੇ ਕਿਉਂਕਿ ਸਾਨੂੰ ਪਤਾ ਹੈ ਕਿ ਅਸੀਂ ‘ਆਖ਼ਰੀ ਦਿਨਾਂ’ ਵਿਚ ਰਹਿ ਰਹੇ ਹਾਂ “ਜਿਨ੍ਹਾਂ ਦਾ ਸਾਮ੍ਹਣਾ ਕਰਨਾ ਬਹੁਤ ਮੁਸ਼ਕਲ” ਹੈ।—2 ਤਿਮੋ. 3:1.
2 ਇਸ ਲੇਖ ਵਿਚ ਅਸੀਂ ਜਾਣਾਂਗੇ ਕਿ ਸ਼ਾਇਦ ਕਿਹੜੀਆਂ ਗੱਲਾਂ ਕਰਕੇ ਅਸੀਂ ਆਪਣੀ ਖ਼ੁਸ਼ੀ ਗੁਆ ਬੈਠੀਏ ਅਤੇ ਅਸੀਂ ਇਸ ਨੂੰ ਦੁਬਾਰਾ ਕਿਵੇਂ ਪਾ ਸਕਦੇ ਹਾਂ। ਪਰ ਆਓ ਆਪਾਂ ਪਹਿਲਾਂ ਦੇਖੀਏ ਕਿ ਸੱਚੀ ਖ਼ੁਸ਼ੀ ਦਾ ਸੋਮਾ ਕੌਣ ਹੈ।
ਸੱਚੀ ਖ਼ੁਸ਼ੀ ਦਾ ਸੋਮਾ ਕੌਣ ਹੈ?
3. ਸ੍ਰਿਸ਼ਟੀ ਤੋਂ ਯਹੋਵਾਹ ਬਾਰੇ ਕੀ ਪਤਾ ਲੱਗਦਾ ਹੈ? (ਤਸਵੀਰਾਂ ਵੀ ਦੇਖੋ।)
3 ਯਹੋਵਾਹ ਹਮੇਸ਼ਾ ਖ਼ੁਸ਼ ਰਹਿੰਦਾ ਹੈ ਅਤੇ ਚਾਹੁੰਦਾ ਹੈ ਕਿ ਅਸੀਂ ਵੀ ਖ਼ੁਸ਼ ਰਹੀਏ। ਇਸੇ ਕਰਕੇ ਉਸ ਨੇ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਹਨ। ਮਿਸਾਲ ਲਈ, ਸਾਨੂੰ ਉਦੋਂ ਖ਼ੁਸ਼ੀ ਹੁੰਦੀ ਹੈ ਜਦੋਂ ਅਸੀਂ ਆਪਣੀ ਸੋਹਣੀ ਧਰਤੀ ਨੂੰ ਅਤੇ ਇਸ ਵਿਚ ਅਲੱਗ-ਅਲੱਗ ਰੰਗਾਂ ਨੂੰ ਦੇਖਦੇ ਹਾਂ, ਜਦੋਂ ਅਸੀਂ ਜਾਨਵਰਾਂ ਨੂੰ ਖੇਡਦਿਆਂ ਦੇਖਦੇ ਹਾਂ ਅਤੇ ਜਦੋਂ ਅਸੀਂ ਆਪਣਾ ਮਨਪਸੰਦ ਖਾਣਾ ਖਾਂਦੇ ਹਾਂ। ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਸਾਨੂੰ ਬਹੁਤ ਪਿਆਰ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਦਾ ਮਜ਼ਾ ਲਈਏ।
Baby elephant: Image © Romi Gamit/Shutterstock; penguin chicks: Vladimir Seliverstov/500px via Getty Images; baby goats: Rita Kochmarjova/stock.adobe.com; two dolphins: georgeclerk/E+ via Getty Images
ਜਦੋਂ ਅਸੀਂ ਜਾਨਵਰਾਂ ਨੂੰ ਖੇਡਦੇ ਦੇਖਦੇ ਹਾਂ, ਤਾਂ ਉਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਖ਼ੁਸ਼ਦਿਲ ਪਰਮੇਸ਼ੁਰ ਹੈ (ਪੈਰਾ 3 ਦੇਖੋ)
4. (ੳ) ਦੁਨੀਆਂ ਵਿਚ ਇੰਨੀਆਂ ਦੁੱਖ-ਤਕਲੀਫ਼ਾਂ ਦੇਖਣ ਦੇ ਬਾਵਜੂਦ ਵੀ ਯਹੋਵਾਹ ਆਪਣੀ ਖ਼ੁਸ਼ੀ ਕਿਵੇਂ ਬਣਾਈ ਰੱਖਦਾ ਹੈ? (ਅ) ਯਹੋਵਾਹ ਸਾਡੀ ਕਿਵੇਂ ਮਦਦ ਕਰਦਾ ਹੈ? (ਜ਼ਬੂਰ 16:11)
4 ਭਾਵੇਂ ਕਿ ਯਹੋਵਾਹ “ਖ਼ੁਸ਼ਦਿਲ ਪਰਮੇਸ਼ੁਰ” ਹੈ, ਪਰ ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਸਾਡੇ ʼਤੇ ਕਿਹੜੀਆਂ ਮੁਸ਼ਕਲਾਂ ਆਉਂਦੀਆਂ ਹਨ ਅਤੇ ਅਸੀਂ ਦੁਨੀਆਂ ਵਿਚ ਕੀ ਕੁਝ ਝੱਲ ਰਹੇ ਹਾਂ। (1 ਤਿਮੋ. 1:11) ਪਰ ਇਸ ਕਰਕੇ ਉਸ ਨੇ ਆਪਣੀ ਖ਼ੁਸ਼ੀ ਨਹੀਂ ਗੁਆਈ। ਉਹ ਜਾਣਦਾ ਹੈ ਕਿ ਸਾਰੀਆਂ ਮੁਸ਼ਕਲਾਂ ਥੋੜ੍ਹੇ ਸਮੇਂ ਲਈ ਹੀ ਹਨ ਅਤੇ ਉਸ ਨੇ ਇਨ੍ਹਾਂ ਨੂੰ ਖ਼ਤਮ ਕਰਨ ਲਈ ਇਕ ਤਾਰੀਖ਼ ਮਿਥੀ ਹੋਈ ਹੈ। ਨਾਲੇ ਉਹ ਉਸ ਦਿਨ ਦੀ ਧੀਰਜ ਨਾਲ ਉਡੀਕ ਕਰ ਰਿਹਾ ਹੈ ਜਦੋਂ ਉਹ ਸਾਰੀਆਂ ਦੁੱਖ-ਤਕਲੀਫ਼ਾਂ ਨੂੰ ਜੜ੍ਹੋਂ ਖ਼ਤਮ ਕਰ ਦੇਵੇਗਾ। ਪਰ ਅੱਜ ਸਾਡੇ ʼਤੇ ਜੋ ਬੀਤ ਰਹੀ ਹੈ, ਯਹੋਵਾਹ ਉਸ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਅਤੇ ਸਾਡੀ ਮਦਦ ਕਰਨੀ ਚਾਹੁੰਦਾ ਹੈ। ਕਿਵੇਂ? ਉਹ ਸੱਚੀ ਖ਼ੁਸ਼ੀ ਪਾਉਣ ਵਿਚ ਸਾਡੀ ਮਦਦ ਕਰਦਾ ਹੈ। (ਜ਼ਬੂਰ 16:11 ਪੜ੍ਹੋ।) ਜ਼ਰਾ ਗੌਰ ਕਰੋ ਕਿ ਉਸ ਨੇ ਆਪਣੇ ਪੁੱਤਰ ਯਿਸੂ ਨੂੰ ਕਿਵੇਂ ਖ਼ੁਸ਼ੀ ਦਿੱਤੀ।
5-6. ਯਿਸੂ ਖ਼ੁਸ਼ ਕਿਉਂ ਰਹਿੰਦਾ ਹੈ?
5 ਯਹੋਵਾਹ ਤੋਂ ਬਾਅਦ ਪੂਰੀ ਕਾਇਨਾਤ ਵਿਚ ਸਭ ਤੋਂ ਜ਼ਿਆਦਾ ਖ਼ੁਸ਼ ਕੌਣ ਰਹਿੰਦਾ ਹੈ? ਯਿਸੂ। ਇਸ ਦੇ ਦੋ ਕਾਰਨ ਹਨ: (1) ਉਹ “ਅਦਿੱਖ ਪਰਮੇਸ਼ੁਰ ਦਾ ਸਰੂਪ ਹੈ” ਅਤੇ ਉਹ ਹਰ ਮਾਅਨੇ ਵਿਚ ਹੂ-ਬਹੂ ਆਪਣੇ ਪਿਤਾ ਵਰਗਾ ਹੈ। (ਕੁਲੁ. 1:15; 1 ਤਿਮੋ. 6:15) (2) ਉਸ ਨੇ ਆਪਣੇ ਪਿਤਾ ਨਾਲ ਸਭ ਤੋਂ ਜ਼ਿਆਦਾ ਸਮਾਂ ਬਿਤਾਇਆ ਹੈ ਜੋ ਸੱਚੀ ਖ਼ੁਸ਼ੀ ਦਾ ਸੋਮਾ ਹੈ।
6 ਯਿਸੂ ਨੂੰ ਹਮੇਸ਼ਾ ਉਹ ਕੰਮ ਕਰ ਕੇ ਖ਼ੁਸ਼ੀ ਮਿਲਦੀ ਹੈ ਜੋ ਉਸ ਦਾ ਪਿਤਾ ਉਸ ਨੂੰ ਕਰਨ ਲਈ ਕਹਿੰਦਾ ਹੈ। (ਕਹਾ. 8:30, 31; ਯੂਹੰ. 8:29) ਇਸ ਕਰਕੇ ਯਹੋਵਾਹ ਉਸ ਤੋਂ ਬਹੁਤ ਖ਼ੁਸ਼ ਹੈ ਅਤੇ ਯਿਸੂ ʼਤੇ ਉਸ ਦੀ ਮਿਹਰ ਹੈ।—ਮੱਤੀ 3:17.
7. ਸਾਨੂੰ ਸੱਚੀ ਖ਼ੁਸ਼ੀ ਕਿਵੇਂ ਮਿਲ ਸਕਦੀ ਹੈ?
7 ਸੱਚੀ ਖ਼ੁਸ਼ੀ ਦੇ ਸੋਮੇ ਯਹੋਵਾਹ ਦੇ ਨੇੜੇ ਜਾ ਕੇ ਅਸੀਂ ਵੀ ਸੱਚੀ ਖ਼ੁਸ਼ੀ ਪਾ ਸਕਦੇ ਹਾਂ। ਅਸੀਂ ਜਿੰਨਾ ਜ਼ਿਆਦਾ ਸਮਾਂ ਯਹੋਵਾਹ ਬਾਰੇ ਸਿੱਖਣ ਅਤੇ ਉਸ ਦੀ ਰੀਸ ਕਰਨ ਵਿਚ ਲਾਵਾਂਗੇ, ਅਸੀਂ ਉੱਨੇ ਹੀ ਜ਼ਿਆਦਾ ਖ਼ੁਸ਼ ਰਹਾਂਗੇ। ਸਾਨੂੰ ਇਸ ਗੱਲ ਤੋਂ ਵੀ ਖ਼ੁਸ਼ੀ ਮਿਲੇਗੀ ਕਿ ਅਸੀਂ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਾਂ ਅਤੇ ਉਸ ਦੀ ਮਿਹਰ ਸਾਡੇ ʼਤੇ ਹੈ।a (ਜ਼ਬੂ. 33:12) ਪਰ ਹੋ ਸਕਦਾ ਹੈ ਕਿ ਅਸੀਂ ਥੋੜ੍ਹੇ ਸਮੇਂ ਲਈ ਜਾਂ ਲੰਬੇ ਸਮੇਂ ਲਈ ਆਪਣੀ ਖ਼ੁਸ਼ੀ ਗੁਆ ਬੈਠੀਏ। ਕੀ ਇਸ ਦਾ ਇਹ ਮਤਲਬ ਹੈ ਕਿ ਸਾਡੇ ʼਤੇ ਪਰਮੇਸ਼ੁਰ ਦੀ ਮਿਹਰ ਨਹੀਂ ਰਹੀ? ਨਹੀਂ! ਇੱਦਾਂ ਬਿਲਕੁਲ ਵੀ ਨਹੀਂ ਹੈ। ਅਸੀਂ ਪਾਪੀ ਹਾਂ ਅਤੇ ਕਦੇ-ਕਦਾਈਂ ਦੁਖੀ ਜਾਂ ਨਿਰਾਸ਼ ਮਹਿਸੂਸ ਕਰਦੇ ਹਾਂ ਤੇ ਯਹੋਵਾਹ ਇਹ ਗੱਲ ਸਮਝਦਾ ਹੈ। (ਜ਼ਬੂ. 103:14) ਆਓ ਆਪਾਂ ਗੌਰ ਕਰੀਏ ਕਿ ਅਸੀਂ ਕਿਹੜੀਆਂ ਗੱਲਾਂ ਕਰਕੇ ਆਪਣੀ ਖ਼ੁਸ਼ੀ ਗੁਆ ਸਕਦੇ ਹਾਂ ਅਤੇ ਅਸੀਂ ਇਸ ਨੂੰ ਦੁਬਾਰਾ ਕਿਵੇਂ ਪਾ ਸਕਦੇ ਹਾਂ।
ਕਿਹੜੀਆਂ ਗੱਲਾਂ ਕਰਕੇ ਸਾਡੀ ਖ਼ੁਸ਼ੀ ਗੁਆਚ ਸਕਦੀ ਹੈ?
8. ਮੁਸ਼ਕਲਾਂ ਆਉਣ ਕਰਕੇ ਕੀ ਹੋ ਸਕਦਾ ਹੈ?
8 ਪਹਿਲੀ ਗੱਲ, ਮੁਸ਼ਕਲਾਂ ਕਰਕੇ। ਕੀ ਤੁਹਾਡੇ ʼਤੇ ਜ਼ੁਲਮ ਕੀਤੇ ਜਾ ਰਹੇ ਹਨ ਜਾਂ ਤੁਹਾਡਾ ਵਿਰੋਧ ਕੀਤਾ ਜਾ ਰਿਹਾ ਹੈ? ਕੀ ਤੁਸੀਂ ਕੁਦਰਤੀ ਆਫ਼ਤ ਜਾਂ ਗ਼ਰੀਬੀ ਦੀ ਮਾਰ ਝੱਲ ਰਹੇ ਹੋ? ਕੀ ਤੁਸੀਂ ਬੁਢਾਪੇ ਜਾਂ ਕਿਸੇ ਬੀਮਾਰੀ ਕਰਕੇ ਪਰੇਸ਼ਾਨ ਰਹਿੰਦੇ ਹੋ? ਜਦੋਂ ਤੁਹਾਡੇ ʼਤੇ ਕੋਈ ਅਜਿਹੀ ਮੁਸ਼ਕਲ ਆਉਂਦੀ ਹੈ ਜਿਸ ʼਤੇ ਤੁਹਾਡਾ ਕੋਈ ਵੱਸ ਨਹੀਂ ਚੱਲਦਾ, ਤਾਂ ਤੁਸੀਂ ਆਪਣੀ ਖ਼ੁਸ਼ੀ ਗੁਆ ਸਕਦੇ ਹੋ। ਬਾਈਬਲ ਵਿਚ ਲਿਖਿਆ ਹੈ: “ਦਿਲ ਦੀ ਉਦਾਸੀ ਮਨ ਨੂੰ ਕੁਚਲ ਦਿੰਦੀ ਹੈ।” (ਕਹਾ. 15:13) ਜ਼ਰਾ ਬਾਬੀਸ ਨਾਂ ਦੇ ਬਜ਼ੁਰਗ ਦੇ ਤਜਰਬੇ ʼਤੇ ਗੌਰ ਕਰੋ। ਚਾਰ ਸਾਲਾਂ ਦੇ ਅੰਦਰ-ਅੰਦਰ ਉਸ ਦੇ ਭਰਾ ਤੇ ਮਾਪਿਆਂ ਦੀ ਮੌਤ ਹੋ ਗਈ। ਭਰਾ ਦੱਸਦਾ ਹੈ: “ਮੈਂ ਇਕੱਲਾ ਰਹਿ ਗਿਆ ਸੀ। ਇੱਦਾਂ ਲੱਗਦਾ ਸੀ ਕਿ ਮੇਰਾ ਆਪਣਾ ਕੋਈ ਨਹੀਂ ਹੈ। ਉਨ੍ਹਾਂ ਦੀ ਮੌਤ ਤੋਂ ਪਹਿਲਾਂ ਮੈਂ ਆਪਣੇ ਕੰਮਾਂ ਵਿਚ ਇੰਨਾ ਰੁੱਝਿਆ ਹੋਇਆ ਸੀ ਕਿ ਮੈਂ ਉਨ੍ਹਾਂ ਨਾਲ ਜ਼ਿਆਦਾ ਸਮਾਂ ਨਹੀਂ ਬਿਤਾ ਸਕਿਆ। ਮੈਨੂੰ ਇਸ ਗੱਲ ਦਾ ਬਹੁਤ ਅਫ਼ਸੋਸ ਸੀ ਅਤੇ ਮੈਂ ਅੰਦਰੋਂ ਪੂਰੀ ਤਰ੍ਹਾਂ ਟੁੱਟ ਗਿਆ ਸੀ।” ਇਹ ਸੱਚ ਹੈ ਕਿ ਮੁਸ਼ਕਲਾਂ ਆਉਣ ਕਰਕੇ ਅਸੀਂ ਪੂਰੀ ਤਰ੍ਹਾਂ ਥੱਕ ਕੇ ਚੂਰ ਹੋ ਸਕਦੇ ਹਾਂ ਅਤੇ ਹਿੰਮਤ ਹਾਰ ਸਕਦੇ ਹਾਂ।
9. ਅਸੀਂ ਦੁਬਾਰਾ ਖ਼ੁਸ਼ੀ ਕਿਵੇਂ ਪਾ ਸਕਦੇ ਹਾਂ? (ਯਿਰਮਿਯਾਹ 29:4-7, 10)
9 ਅਸੀਂ ਦੁਬਾਰਾ ਖ਼ੁਸ਼ੀ ਕਿਵੇਂ ਪਾ ਸਕਦੇ ਹਾਂ? ਸਾਨੂੰ ਉਨ੍ਹਾਂ ਚੀਜ਼ਾਂ ਦੀ ਚਿੰਤਾ ਕਰਨੀ ਛੱਡ ਦੇਣੀ ਚਾਹੀਦੀ ਹੈ ਜੋ ਅਸੀਂ ਬਦਲ ਨਹੀਂ ਸਕਦੇ ਅਤੇ ਉਨ੍ਹਾਂ ਚੀਜ਼ਾਂ ਲਈ ਸ਼ੁਕਰਗੁਜ਼ਾਰੀ ਦਿਖਾਉਣੀ ਚਾਹੀਦੀ ਹੈ ਜੋ ਸਾਡੇ ਕੋਲ ਹਨ। ਦੁਨੀਆਂ ਦੇ ਲੋਕ ਸੋਚਦੇ ਹਨ ਕਿ ਜਦੋਂ ਸਾਰਾ ਕੁਝ ਵਧੀਆ ਚੱਲਦਾ ਹੈ, ਤਾਂ ਹੀ ਅਸੀਂ ਖ਼ੁਸ਼ ਰਹਿ ਸਕਦੇ ਹਾਂ। ਪਰ ਇਹ ਸੱਚ ਨਹੀਂ ਹੈ। ਜ਼ਰਾ ਧਿਆਨ ਦਿਓ ਕਿ ਯਹੋਵਾਹ ਨੇ ਬਾਬਲ ਵਿਚ ਗ਼ੁਲਾਮ ਯਹੂਦੀਆਂ ਨੂੰ ਕੀ ਕਿਹਾ ਸੀ। ਉਸ ਨੇ ਕਿਹਾ ਸੀ ਕਿ ਉਹ ਖ਼ੁਦ ਨੂੰ ਆਪਣੇ ਨਵੇਂ ਹਾਲਾਤਾਂ ਮੁਤਾਬਕ ਢਾਲਣ, ਉਸ ਨਵੀਂ ਜਗ੍ਹਾ ਨੂੰ ਆਪਣਾ ਘਰ ਬਣਾਉਣ ਅਤੇ ਖ਼ੁਸ਼ ਰਹਿਣ। (ਯਿਰਮਿਯਾਹ 29:4-7, 10 ਪੜ੍ਹੋ।) ਇਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਜਦੋਂ ਸਾਡੇ ਹਾਲਾਤ ਬਦਲ ਜਾਂਦੇ ਹਨ, ਤਾਂ ਸਾਨੂੰ ਉਨ੍ਹਾਂ ਮੁਤਾਬਕ ਖ਼ੁਦ ਨੂੰ ਢਾਲਣਾ ਚਾਹੀਦਾ ਹੈ ਅਤੇ ਅਸੀਂ ਜੋ ਕਰ ਸਕਦੇ ਹਾਂ, ਸਾਨੂੰ ਉਹ ਕਰਨਾ ਚਾਹੀਦਾ ਹੈ। ਸਾਡੇ ਕੋਲ ਜੋ ਕੁਝ ਵੀ ਹੈ, ਉਸ ਲਈ ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਨਾਲੇ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਹਰ ਵੇਲੇ ਸਾਡੇ ਨਾਲ ਹੈ। (ਜ਼ਬੂ. 63:7; 146:5) ਜ਼ਰਾ ਭੈਣ ਐਫ਼ੀ ਦੇ ਤਜਰਬੇ ʼਤੇ ਗੌਰ ਕਰੋ। ਐਕਸੀਡੈਂਟ ਹੋਣ ਕਰਕੇ ਉਸ ਨੂੰ ਅਧਰੰਗ ਹੋ ਗਿਆ ਸੀ। ਉਹ ਕਹਿੰਦੀ ਹੈ: “ਮੈਂ ਦੱਸ ਨਹੀਂ ਸਕਦੀ ਕਿ ਯਹੋਵਾਹ, ਮੇਰੇ ਘਰਦਿਆਂ ਅਤੇ ਮੰਡਲੀ ਦੇ ਭੈਣਾਂ-ਭਰਾਵਾਂ ਨੇ ਮੇਰੀ ਕਿੰਨੀ ਮਦਦ ਕੀਤੀ! ਮੈਂ ਸੋਚਿਆ ਕਿ ਜੇ ਮੈਂ ਹਾਰ ਮੰਨ ਲਈ, ਤਾਂ ਇਹ ਇੱਦਾਂ ਹੋਵੇਗਾ ਕਿ ਉਨ੍ਹਾਂ ਨੇ ਮੇਰੇ ਲਈ ਜੋ ਕੀਤਾ, ਉਸ ਲਈ ਮੇਰੇ ਦਿਲ ਵਿਚ ਜ਼ਰਾ ਵੀ ਕਦਰ ਨਹੀਂ ਹੈ। ਯਹੋਵਾਹ ਅਤੇ ਭੈਣਾਂ-ਭਰਾਵਾਂ ਨੇ ਮੇਰੇ ਲਈ ਜੋ ਕੁਝ ਕੀਤਾ ਹੈ, ਮੈਂ ਉਸ ਲਈ ਸ਼ੁਕਰਗੁਜ਼ਾਰੀ ਦਿਖਾਉਣੀ ਚਾਹੁੰਦੀ ਹਾਂ। ਇਸ ਲਈ ਮੈਂ ਖ਼ੁਸ਼ ਰਹਿਣ ਦੀ ਪੂਰੀ ਕੋਸ਼ਿਸ਼ ਕਰਦੀ ਹਾਂ।”
10. ਮੁਸ਼ਕਲਾਂ ਆਉਣ ਤੇ ਵੀ ਅਸੀਂ ਖ਼ੁਸ਼ ਕਿਉਂ ਰਹਿ ਸਕਦੇ ਹਾਂ?
10 ਚਾਹੇ ਸਾਡੀ ਜ਼ਿੰਦਗੀ ਵਿਚ ਕੋਈ ਮੁਸ਼ਕਲ ਆ ਜਾਵੇ ਜਾਂ ਸਾਡੇ ਘਰਦਿਆਂ ਨਾਲ ਕੁਝ ਬੁਰਾ ਹੋ ਜਾਵੇ, ਫਿਰ ਵੀ ਅਸੀਂ ਖ਼ੁਸ਼ ਰਹਿ ਸਕਦੇ ਹਾਂ।b (ਜ਼ਬੂ. 126:5) ਕਿਉਂ? ਕਿਉਂਕਿ ਸਾਡੀ ਖ਼ੁਸ਼ੀ ਸਾਡੇ ਹਾਲਾਤਾਂ ʼਤੇ ਨਿਰਭਰ ਨਹੀਂ ਕਰਦੀ। ਮਾਰੀਆ ਨਾਂ ਦੀ ਪਾਇਨੀਅਰ ਭੈਣ ਦੱਸਦੀ ਹੈ: “ਮੁਸ਼ਕਲਾਂ ਦੌਰਾਨ ਖ਼ੁਸ਼ ਰਹਿਣ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਰੋ ਨਹੀਂ ਸਕਦੇ ਅਤੇ ਕਿਸੇ ਨੂੰ ਦੱਸ ਨਹੀਂ ਸਕਦੇ ਕਿ ਅਸੀਂ ਕਿੱਦਾਂ ਮਹਿਸੂਸ ਕਰ ਰਹੇ ਹਾਂ। ਇਸ ਦੀ ਬਜਾਇ, ਇਸ ਦਾ ਮਤਲਬ ਹੈ ਕਿ ਸਾਨੂੰ ਯਹੋਵਾਹ ਦੇ ਵਾਅਦਿਆਂ ʼਤੇ ਪੂਰਾ ਭਰੋਸਾ ਹੈ। ਸਾਨੂੰ ਯਕੀਨ ਹੋਣਾ ਚਾਹੀਦਾ ਹੈ ਕਿ ਹਾਲਾਤ ਚਾਹੇ ਜਿੱਦਾਂ ਦੇ ਮਰਜ਼ੀ ਹੋਣ, ਸਾਡਾ ਪਿਤਾ ਖ਼ੁਸ਼ ਰਹਿਣ ਵਿਚ ਸਾਡੀ ਮਦਦ ਜ਼ਰੂਰ ਕਰੇਗਾ।” ਯਾਦ ਰੱਖੋ, ਚਾਹੇ ਸਾਡੀਆਂ ਮੁਸ਼ਕਲਾਂ ਜਿੰਨੀਆਂ ਮਰਜ਼ੀ ਵੱਡੀਆਂ ਹੋਣ, ਪਰ ਇਹ ਥੋੜ੍ਹੇ ਚਿਰ ਲਈ ਹੀ ਹਨ। ਜਿੱਦਾਂ ਸਮੁੰਦਰ ਦੀਆਂ ਲਹਿਰਾਂ ਪੈਰਾਂ ਦੇ ਨਿਸ਼ਾਨ ਮਿਟਾ ਦਿੰਦੀਆਂ ਹਨ, ਠੀਕ ਉੱਦਾਂ ਹੀ ਪਰਮੇਸ਼ੁਰ ਸਾਡੀਆਂ ਮੁਸ਼ਕਲਾਂ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ।
11. ਪੌਲੁਸ ਰਸੂਲ ਦੀ ਮਿਸਾਲ ਤੋਂ ਤੁਹਾਨੂੰ ਕੀ ਹੌਸਲਾ ਮਿਲਦਾ ਹੈ?
11 ਜਦੋਂ ਸਾਡੇ ʼਤੇ ਇਕ ਤੋਂ ਬਾਅਦ ਇਕ ਮੁਸ਼ਕਲ ਆਉਂਦੀ ਹੈ, ਤਾਂ ਸ਼ਾਇਦ ਸਾਨੂੰ ਲੱਗੇ ਕਿ ਸਾਡੇ ʼਤੇ ਯਹੋਵਾਹ ਦੀ ਮਿਹਰ ਨਹੀਂ ਹੈ। ਉਸ ਵੇਲੇ ਅਸੀਂ ਕੀ ਕਰ ਸਕਦੇ ਹਾਂ? ਅਸੀਂ ਯਹੋਵਾਹ ਦੇ ਉਨ੍ਹਾਂ ਵਫ਼ਾਦਾਰ ਸੇਵਕਾਂ ਬਾਰੇ ਸੋਚ ਸਕਦੇ ਹਾਂ ਜਿਨ੍ਹਾਂ ਨੇ ਔਖੀਆਂ ਤੋਂ ਔਖੀਆਂ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ। ਜ਼ਰਾ ਪੌਲੁਸ ਰਸੂਲ ਬਾਰੇ ਸੋਚੋ। ਯਿਸੂ ਨੇ ਖ਼ੁਦ ਉਸ ਨੂੰ ਚੁਣਿਆ ਸੀ ਤਾਂਕਿ ਉਹ “ਗ਼ੈਰ-ਯਹੂਦੀ ਲੋਕਾਂ, ਰਾਜਿਆਂ ਅਤੇ ਇਜ਼ਰਾਈਲੀ ਲੋਕਾਂ ਤਕ” ਖ਼ੁਸ਼ ਖ਼ਬਰੀ ਪਹੁੰਚਾਵੇ। (ਰਸੂ. 9:15) ਪੌਲੁਸ ਲਈ ਇਹ ਕਿੰਨੇ ਵੱਡੇ ਸਨਮਾਨ ਦੀ ਗੱਲ ਸੀ! ਪਰ ਉਸ ਦੀ ਜ਼ਿੰਦਗੀ ਵਿਚ ਵੀ ਕਈ ਮੁਸ਼ਕਲਾਂ ਸਨ। (2 ਕੁਰਿੰ. 11:23-27) ਕੀ ਇਸ ਦਾ ਇਹ ਮਤਲਬ ਸੀ ਕਿ ਉਸ ʼਤੇ ਯਹੋਵਾਹ ਦੀ ਮਿਹਰ ਨਹੀਂ ਸੀ? ਨਹੀਂ। ਉਸ ਨੇ ਜਿਸ ਤਰੀਕੇ ਨਾਲ ਮੁਸ਼ਕਲਾਂ ਵਿਚ ਧੀਰਜ ਰੱਖਿਆ, ਉਸ ਤੋਂ ਸਾਬਤ ਹੁੰਦਾ ਹੈ ਕਿ ਉਸ ʼਤੇ ਯਹੋਵਾਹ ਦੀ ਮਿਹਰ ਸੀ। (ਰੋਮੀ. 5:3-5) ਹੁਣ ਜ਼ਰਾ ਆਪਣੇ ਹਾਲਾਤਾਂ ਬਾਰੇ ਸੋਚੋ। ਮੁਸ਼ਕਲਾਂ ਦੇ ਬਾਵਜੂਦ ਵੀ ਤੁਸੀਂ ਲਗਾਤਾਰ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹੋ। ਇਸ ਲਈ ਤੁਸੀਂ ਵੀ ਪੱਕਾ ਭਰੋਸਾ ਰੱਖ ਸਕਦੇ ਹੋ ਕਿ ਤੁਹਾਡੇ ʼਤੇ ਯਹੋਵਾਹ ਦੀ ਮਿਹਰ ਹੈ।
12. ਆਸ ਪੂਰੀ ਨਾ ਹੋਣ ਕਰਕੇ ਅਸੀਂ ਆਪਣੀ ਖ਼ੁਸ਼ੀ ਕਿਵੇਂ ਗੁਆ ਸਕਦੇ ਹਾਂ?
12 ਦੂਜੀ ਗੱਲ, ਆਸ ਪੂਰੀ ਨਾ ਹੋਣ ਕਰਕੇ। (ਕਹਾ. 13:12) ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ ਅਤੇ ਉਹ ਸਾਡੇ ਲਈ ਜੋ ਕੁਝ ਕਰਦਾ ਹੈ, ਉਸ ਲਈ ਅਸੀਂ ਸ਼ੁਕਰਗੁਜ਼ਾਰ ਹਾਂ। ਇਸ ਲਈ ਅਸੀਂ ਉਸ ਦੀ ਸੇਵਾ ਵਿਚ ਟੀਚੇ ਰੱਖਦੇ ਹਾਂ। ਪਰ ਹੋ ਸਕਦਾ ਹੈ ਕਿ ਅਸੀਂ ਕੁਝ ਅਜਿਹੇ ਟੀਚੇ ਰੱਖ ਲਈਏ ਜਿਨ੍ਹਾਂ ਨੂੰ ਅਸੀਂ ਆਪਣੇ ਹਾਲਾਤਾਂ ਕਰਕੇ ਹਾਸਲ ਹੀ ਨਾ ਕਰ ਪਾਈਏ। ਇਸ ਕਰਕੇ ਅਸੀਂ ਨਿਰਾਸ਼ ਹੋ ਸਕਦੇ ਹਾਂ। (ਕਹਾ. 17:22) ਹੋਲੀ ਨਾਂ ਦੀ ਪਾਇਨੀਅਰ ਭੈਣ ਕਹਿੰਦੀ ਹੈ: “ਮੈਂ ਰਾਜ ਦੇ ਪ੍ਰਚਾਰਕਾਂ ਲਈ ਸਕੂਲ ਵਿਚ ਜਾਣਾ ਚਾਹੁੰਦੀ ਸੀ, ਕਿਸੇ ਹੋਰ ਦੇਸ਼ ਜਾ ਕੇ ਸੇਵਾ ਕਰਨੀ ਚਾਹੁੰਦੀ ਸੀ ਅਤੇ ਰਾਮਾਪੋ ਦੇ ਉਸਾਰੀ ਪ੍ਰਾਜੈਕਟ ਵਿਚ ਹੱਥ ਵਟਾਉਣਾ ਚਾਹੁੰਦੀ ਸੀ। ਪਰ ਮੇਰੇ ਹਾਲਾਤ ਬਦਲ ਗਏ ਤੇ ਮੈਂ ਆਪਣਾ ਕੋਈ ਵੀ ਟੀਚਾ ਹਾਸਲ ਨਹੀਂ ਕਰ ਸਕੀ ਜਿਸ ਕਰਕੇ ਮੈਂ ਬਹੁਤ ਨਿਰਾਸ਼ ਹੋ ਗਈ। ਜਦੋਂ ਤੁਸੀਂ ਕੁਝ ਕਰਨਾ ਚਾਹੁੰਦੇ ਹੋ, ਪਰ ਨਹੀਂ ਕਰ ਸਕਦੇ, ਤਾਂ ਬਹੁਤ ਦੁੱਖ ਲੱਗਦਾ ਹੈ।” ਬਹੁਤ ਸਾਰੇ ਭੈਣ-ਭਰਾ ਵੀ ਭੈਣ ਹੋਲੀ ਵਾਂਗ ਮਹਿਸੂਸ ਕਰਦੇ ਹਨ।
13. ਜੇ ਅਸੀਂ ਆਪਣੇ ਹਾਲਾਤਾਂ ਮੁਤਾਬਕ ਉੱਨਾ ਨਹੀਂ ਕਰ ਪਾਉਂਦੇ ਜਿੰਨਾ ਅਸੀਂ ਕਰਨਾ ਚਾਹੁੰਦੇ ਹਾਂ, ਤਾਂ ਅਸੀਂ ਕਿਹੜੇ ਟੀਚੇ ਰੱਖ ਸਕਦੇ ਹਾਂ?
13 ਅਸੀਂ ਦੁਬਾਰਾ ਖ਼ੁਸ਼ੀ ਕਿਵੇਂ ਪਾ ਸਕਦੇ ਹਾਂ? ਯਾਦ ਰੱਖੋ, ਯਹੋਵਾਹ ਸਾਡੇ ਤੋਂ ਹੱਦੋਂ ਵੱਧ ਉਮੀਦ ਨਹੀਂ ਰੱਖਦਾ ਅਤੇ ਨਾ ਹੀ ਸਾਡੇ ਕੰਮਾਂ ਦੇ ਆਧਾਰ ʼਤੇ ਸਾਨੂੰ ਅਨਮੋਲ ਸਮਝਦਾ ਹੈ। ਉਹ ਚਾਹੁੰਦਾ ਹੈ ਕਿ ਅਸੀਂ ਉਸ ਦੇ ਵਫ਼ਾਦਾਰ ਰਹੀਏ ਅਤੇ ਆਪਣੀਆਂ ਹੱਦਾਂ ਪਛਾਣੀਏ। (ਮੀਕਾ. 6:8; 1 ਕੁਰਿੰ. 4:2) ਯਹੋਵਾਹ ਇਹ ਨਹੀਂ ਦੇਖਦਾ ਕਿ ਅਸੀਂ ਉਸ ਦੀ ਸੇਵਾ ਵਿਚ ਕਿੰਨਾ ਕੁ ਕਰ ਸਕਦੇ ਹਾਂ, ਸਗੋਂ ਇਹ ਦੇਖਦਾ ਹੈ ਕਿ ਅਸੀਂ ਅੰਦਰੋਂ ਕਿਹੋ ਜਿਹੇ ਇਨਸਾਨ ਹਾਂ। ਜੇ ਯਹੋਵਾਹ ਸਾਡੇ ਤੋਂ ਹੱਦੋਂ ਵੱਧ ਉਮੀਦ ਨਹੀਂ ਰੱਖਦਾ, ਤਾਂ ਕੀ ਸਾਨੂੰ ਖ਼ੁਦ ਤੋਂ ਹੱਦੋਂ ਵੱਧ ਉਮੀਦ ਰੱਖਣੀ ਚਾਹੀਦੀ ਹੈ?c ਬਿਲਕੁਲ ਨਹੀਂ! ਸੋ ਜੇ ਤੁਸੀਂ ਆਪਣੇ ਹਾਲਾਤਾਂ ਕਰਕੇ ਯਹੋਵਾਹ ਦੀ ਸੇਵਾ ਵਿਚ ਉੱਨਾ ਨਹੀਂ ਕਰ ਸਕਦੇ ਜਿੰਨਾ ਤੁਸੀਂ ਕਰਨਾ ਚਾਹੁੰਦੇ ਹੋ, ਤਾਂ ਨਿਰਾਸ਼ ਨਾ ਹੋਵੋ। ਇਸ ਦੀ ਬਜਾਇ, ਅਜਿਹੇ ਟੀਚੇ ਰੱਖੋ ਜਿਨ੍ਹਾਂ ਨੂੰ ਤੁਸੀਂ ਹਾਸਲ ਕਰ ਸਕੋ। ਮਿਸਾਲ ਲਈ, ਕੀ ਤੁਸੀਂ ਨੌਜਵਾਨਾਂ ਨੂੰ ਟ੍ਰੇਨਿੰਗ ਦੇ ਸਕਦੇ ਹੋ? ਕੀ ਤੁਸੀਂ ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਦਾ ਹੌਸਲਾ ਵਧਾ ਸਕਦੇ ਹੋ? ਕੀ ਤੁਸੀਂ ਕਿਸੇ ਦੇ ਘਰ ਜਾ ਕੇ, ਫ਼ੋਨ ਕਰ ਕੇ ਜਾਂ ਮੈਸੇਜ ਭੇਜ ਕੇ ਉਸ ਦਾ ਹੌਸਲਾ ਵਧਾ ਸਕਦੇ ਹੋ? ਜੇ ਤੁਸੀਂ ਇੱਦਾਂ ਕਰੋਗੇ, ਤਾਂ ਯਹੋਵਾਹ ਤੁਹਾਨੂੰ ਸੱਚੀ ਖ਼ੁਸ਼ੀ ਦੇਵੇਗਾ। ਯਾਦ ਰੱਖੋ ਕਿ ਨਵੀਂ ਦੁਨੀਆਂ ਵਿਚ ਤੁਹਾਡੇ ਕੋਲ ਯਹੋਵਾਹ ਦੀ ਸੇਵਾ ਕਰਨ ਦੇ ਅਣਗਿਣਤ ਮੌਕੇ ਹੋਣਗੇ ਜਿਨ੍ਹਾਂ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ। ਭੈਣ ਹੋਲੀ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਦੱਸਦੀ ਹੈ: “ਨਿਰਾਸ਼ ਹੋਣ ਤੇ ਮੈਂ ਬੈਠ ਕੇ ਸੋਚਦੀ ਹਾਂ ਕਿ ਨਵੀਂ ਦੁਨੀਆਂ ਵਿਚ ਤਾਂ ਮੈਂ ਹਮੇਸ਼ਾ ਤਕ ਰਹਾਂਗੀ। ਉਸ ਵੇਲੇ ਮੈਂ ਯਹੋਵਾਹ ਦੀ ਸੇਵਾ ਵਿਚ ਜੋ ਵੀ ਕਰਨਾ ਚਾਹਾਂ, ਉਹ ਕਰ ਸਕਾਂਗੀ।”
14. ਹੋਰ ਕਿਹੜੀ ਗੱਲ ਕਰਕੇ ਅਸੀਂ ਆਪਣੀ ਖ਼ੁਸ਼ੀ ਗੁਆ ਸਕਦੇ ਹਾਂ?
14 ਤੀਜੀ ਗੱਲ, ਆਪਣੀਆਂ ਇੱਛਾਵਾਂ ਪੂਰੀਆਂ ਕਰਨ ਵਿਚ ਲੱਗੇ ਰਹਿਣ ਕਰਕੇ। ਕੁਝ ਜਣੇ ਸੋਸ਼ਲ ਮੀਡੀਆ ʼਤੇ ਦਿਖਾਉਂਦੇ ਹਨ ਕਿ ਸੱਚੀ ਖ਼ੁਸ਼ੀ ਅਤੇ ਕਾਮਯਾਬੀ ਆਪਣੀਆਂ ਇੱਛਾਵਾਂ ਪੂਰੀਆਂ ਕਰ ਕੇ ਹੀ ਮਿਲਦੀ ਹੈ। ਜਦੋਂ ਅਸੀਂ ਸੋਸ਼ਲ ਮੀਡੀਆ ʼਤੇ ਇਹ ਸਭ ਕੁਝ ਦੇਖਦੇ ਹਾਂ, ਤਾਂ ਸਾਨੂੰ ਲੱਗ ਸਕਦਾ ਹੈ ਕਿ ਸੱਚੀ ਖ਼ੁਸ਼ੀ ਆਪਣੇ ਸ਼ੌਕ ਪੂਰੇ ਕਰ ਕੇ, ਨਵੀਆਂ ਤੋਂ ਨਵੀਆਂ ਚੀਜ਼ਾਂ ਖ਼ਰੀਦ ਕੇ ਅਤੇ ਘੁੰਮਣ-ਫਿਰਨ ਨਾਲ ਮਿਲਦੀ ਹੈ। ਇੱਦਾਂ ਕਰਨ ਵਿਚ ਕੋਈ ਬੁਰਾਈ ਨਹੀਂ ਹੈ। ਯਹੋਵਾਹ ਵੀ ਚਾਹੁੰਦਾ ਹੈ ਕਿ ਅਸੀਂ ਜ਼ਿੰਦਗੀ ਦਾ ਮਜ਼ਾ ਲਈਏ। ਪਰ ਬਹੁਤ ਸਾਰੇ ਲੋਕਾਂ ਨੇ ਦੇਖਿਆ ਹੈ ਕਿ ਇਨ੍ਹਾਂ ਚੀਜ਼ਾਂ ਪਿੱਛੇ ਭੱਜਣ ਕਰਕੇ ਉਹ ਆਪਣੀ ਖ਼ੁਸ਼ੀ ਗੁਆ ਬੈਠੇ ਹਨ। ਈਵਾ ਨਾਂ ਦੀ ਪਾਇਨੀਅਰ ਭੈਣ ਕਹਿੰਦੀ ਹੈ: “ਅਸੀਂ ਆਪਣੀਆਂ ਇੱਛਾਵਾਂ ਜਿੰਨੀਆਂ ਮਰਜ਼ੀ ਪੂਰੀਆਂ ਕਰ ਲਈਆਂ, ਪਰ ਇਹ ਕਦੇ ਵੀ ਖ਼ਤਮ ਨਹੀਂ ਹੁੰਦੀਆਂ। ਇਹ ਦਿਨ-ਬਦਿਨ ਵਧਦੀਆਂ ਜਾਂਦੀਆਂ ਹਨ।” ਜੇ ਇਕ ਇਨਸਾਨ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਵਿਚ ਹੀ ਲੱਗਾ ਰਹੇ, ਤਾਂ ਉਸ ਦੇ ਹੱਥ ਦੁੱਖ ਅਤੇ ਨਿਰਾਸ਼ਾ ਹੀ ਲੱਗੇਗੀ।
15. ਅਸੀਂ ਰਾਜਾ ਸੁਲੇਮਾਨ ਤੋਂ ਕੀ ਸਿੱਖ ਸਕਦੇ ਹਾਂ?
15 ਆਪਣੀਆਂ ਇੱਛਾਵਾਂ ਪਿੱਛੇ ਭੱਜਣ ਦੇ ਕੀ ਅੰਜਾਮ ਹੁੰਦੇ ਹਨ? ਇਹ ਅਸੀਂ ਰਾਜਾ ਸੁਲੇਮਾਨ ਦੇ ਤਜਰਬੇ ਤੋਂ ਸਿੱਖ ਸਕਦੇ ਹਾਂ। ਉਸ ਨੇ ਖ਼ੁਸ਼ੀ ਪਾਉਣ ਲਈ ਆਪਣੀ ਹਰ ਇੱਛਾ ਪੂਰੀ ਕੀਤੀ। ਮਿਸਾਲ ਲਈ, ਉਸ ਨੇ ਵਧੀਆ ਤੋਂ ਵਧੀਆ ਖਾਣਾ ਖਾਧਾ, ਸੁਰੀਲੇ ਗਾਣੇ ਸੁਣੇ ਅਤੇ ਧਨ-ਦੌਲਤ ਨਾਲ ਜੋ ਕੁਝ ਹਾਸਲ ਕੀਤਾ ਜਾ ਸਕਦਾ ਸੀ, ਉਸ ਨੇ ਹਾਸਲ ਕੀਤਾ। ਪਰ ਇਨ੍ਹਾਂ ਚੀਜ਼ਾਂ ਨਾਲ ਉਸ ਨੂੰ ਖ਼ੁਸ਼ੀ ਨਹੀਂ ਮਿਲੀ। ਉਸ ਨੇ ਕਿਹਾ ਕਿ “ਇਹ ਸਭ ਕੁਝ ਦੇਖ ਕੇ ਅੱਖਾਂ ਨੂੰ ਤਸੱਲੀ ਨਹੀਂ ਹੁੰਦੀ ਅਤੇ ਨਾ ਹੀ ਇਨ੍ਹਾਂ ਬਾਰੇ ਸੁਣ ਕੇ ਕੰਨਾਂ ਨੂੰ ਤਸੱਲੀ ਹੁੰਦੀ” ਹੈ। (ਉਪ. 1:8; 2:1-11) ਅੱਜ ਵੀ ਲੋਕਾਂ ਨੂੰ ਇਹੀ ਲੱਗਦਾ ਹੈ ਕਿ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਨਾਲ ਸੱਚੀ ਖ਼ੁਸ਼ੀ ਮਿਲ ਸਕਦੀ ਹੈ। ਪਰ ਸੱਚ ਤਾਂ ਇਹ ਹੈ ਕਿ ਇੱਛਾਵਾਂ ਨਕਲੀ ਨੋਟ ਵਾਂਗ ਹਨ। ਜਿੱਦਾਂ ਨਕਲੀ ਨੋਟ ਨਾਲ ਕੁਝ ਵੀ ਨਹੀਂ ਖ਼ਰੀਦਿਆ ਜਾ ਸਕਦਾ, ਉਸੇ ਤਰ੍ਹਾਂ ਇੱਛਾਵਾਂ ਪੂਰੀਆਂ ਕਰਨ ਨਾਲ ਖ਼ੁਸ਼ੀ ਨਹੀਂ ਮਿਲ ਸਕਦੀ।
16. ਦੂਜਿਆਂ ਲਈ ਕੁਝ ਕਰਨ ਨਾਲ ਅਸੀਂ ਦੁਬਾਰਾ ਖ਼ੁਸ਼ੀ ਕਿਵੇਂ ਪਾ ਸਕਦੇ ਹਾਂ? (ਤਸਵੀਰਾਂ ਵੀ ਦੇਖੋ।)
16 ਅਸੀਂ ਦੁਬਾਰਾ ਖ਼ੁਸ਼ੀ ਕਿਵੇਂ ਪਾ ਸਕਦੇ ਹਾਂ? ਯਿਸੂ ਨੇ ਕਿਹਾ ਸੀ: “ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।” (ਰਸੂ. 20:35) ਐਲੇਕੋਸ ਨਾਂ ਦਾ ਇਕ ਬਜ਼ੁਰਗ ਕਹਿੰਦਾ ਹੈ: “ਮੈਂ ਆਪਣੇ ਬਾਰੇ ਸੋਚਣ ਦੀ ਬਜਾਇ ਦੂਜਿਆਂ ਦੀ ਮਦਦ ਕਰਨ ਬਾਰੇ ਸੋਚਦਾ ਹਾਂ। ਮੈਂ ਦੂਜਿਆਂ ਲਈ ਜਿੰਨਾ ਜ਼ਿਆਦਾ ਕਰਦਾ ਹਾਂ, ਮੈਨੂੰ ਉੱਨੀ ਹੀ ਜ਼ਿਆਦਾ ਖ਼ੁਸ਼ੀ ਮਿਲਦੀ ਹੈ।” ਤੁਸੀਂ ਦੂਜਿਆਂ ਲਈ ਕੀ ਕਰ ਸਕਦੇ ਹੋ? ਜੇ ਕੋਈ ਨਿਰਾਸ਼ ਹੈ, ਤਾਂ ਤੁਸੀਂ ਉਸ ਦਾ ਹੌਸਲਾ ਵਧਾ ਸਕਦੇ ਹੋ। ਸ਼ਾਇਦ ਤੁਸੀਂ ਉਨ੍ਹਾਂ ਦੀਆਂ ਮੁਸ਼ਕਲਾਂ ਹੱਲ ਨਾ ਕਰ ਸਕੋ, ਪਰ ਤੁਸੀਂ ਧਿਆਨ ਨਾਲ ਉਨ੍ਹਾਂ ਦੀ ਗੱਲ ਸੁਣ ਸਕਦੇ ਹੋ, ਹਮਦਰਦੀ ਦਿਖਾ ਸਕਦੇ ਹੋ ਅਤੇ ਉਨ੍ਹਾਂ ਨੂੰ ਯਾਦ ਕਰਾ ਸਕਦੇ ਹੋ ਕਿ ਉਹ ਆਪਣਾ ਭਾਰ ਯਹੋਵਾਹ ʼਤੇ ਸੁੱਟ ਦੇਣ। (ਜ਼ਬੂ. 55:22; 68:19) ਤੁਸੀਂ ਉਨ੍ਹਾਂ ਨੂੰ ਭਰੋਸਾ ਦਿਵਾ ਸਕਦੇ ਹੋ ਕਿ ਯਹੋਵਾਹ ਉਨ੍ਹਾਂ ਦੇ ਨਾਲ ਹੈ ਅਤੇ ਉਸ ਨੇ ਉਨ੍ਹਾਂ ਨੂੰ ਛੱਡਿਆ ਨਹੀਂ ਹੈ। (ਜ਼ਬੂ. 37:28; ਯਸਾ. 59:1) ਤੁਸੀਂ ਕੁਝ ਹੋਰ ਤਰੀਕਿਆਂ ਨਾਲ ਵੀ ਉਨ੍ਹਾਂ ਦੀ ਮਦਦ ਕਰ ਸਕਦੇ ਹੋ, ਜਿਵੇਂ ਤੁਸੀਂ ਉਨ੍ਹਾਂ ਲਈ ਖਾਣਾ ਬਣਾ ਸਕਦੇ ਹੋ ਜਾਂ ਉਨ੍ਹਾਂ ਨਾਲ ਸੈਰ ਕਰਨ ਲਈ ਜਾ ਸਕਦੇ ਹੋ। ਤੁਸੀਂ ਉਨ੍ਹਾਂ ਨੂੰ ਆਪਣੇ ਨਾਲ ਪ੍ਰਚਾਰ ʼਤੇ ਲਿਜਾ ਸਕਦੇ ਹੋ, ਇਸ ਨਾਲ ਉਨ੍ਹਾਂ ਨੂੰ ਖ਼ੁਸ਼ੀ ਮਿਲੇਗੀ। ਜ਼ਰਾ ਸੋਚੋ, ਤੁਹਾਡੇ ਜ਼ਰੀਏ ਯਹੋਵਾਹ ਦੂਜਿਆਂ ਦਾ ਹੌਸਲਾ ਵਧਾ ਸਕਦਾ ਹੈ। ਇਸ ਕਰਕੇ ਖ਼ੁਦ ਬਾਰੇ ਸੋਚਣ ਦੀ ਬਜਾਇ ਦੂਜਿਆਂ ਬਾਰੇ ਸੋਚੋ ਤੇ ਉਨ੍ਹਾਂ ਦੀ ਮਦਦ ਕਰੋ। ਇੱਦਾਂ ਕਰ ਕੇ ਤੁਹਾਨੂੰ ਸੱਚੀ ਖ਼ੁਸ਼ੀ ਮਿਲੇਗੀ!—ਕਹਾ. 11:25.
ਆਪਣੀਆਂ ਇੱਛਾਵਾਂ ਪੂਰੀਆਂ ਕਰਨ ਦੀ ਬਜਾਇ ਦੂਜਿਆਂ ਲਈ ਕੁਝ ਕਰੋ (ਪੈਰਾ 16 ਦੇਖੋ)d
17. ਸੱਚੀ ਖ਼ੁਸ਼ੀ ਪਾਉਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? (ਜ਼ਬੂਰ 43:4)
17 ਯਹੋਵਾਹ ਦੇ ਹਮੇਸ਼ਾ ਨੇੜੇ ਆਉਂਦੇ ਰਹਿਣ ਕਰਕੇ ਸਾਨੂੰ ਸੱਚੀ ਖ਼ੁਸ਼ੀ ਮਿਲਦੀ ਹੈ। ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ ਕਿ ਯਹੋਵਾਹ ਸਾਨੂੰ “ਅਪਾਰ ਖ਼ੁਸ਼ੀ” ਦਿੰਦਾ ਹੈ। (ਜ਼ਬੂਰ 43:4 ਪੜ੍ਹੋ।) ਚਾਹੇ ਸਾਡੀ ਜ਼ਿੰਦਗੀ ਵਿਚ ਜਿਹੜੀ ਮਰਜ਼ੀ ਮੁਸ਼ਕਲ ਆਵੇ, ਪਰ ਅਸੀਂ ਡਰਾਂਗੇ ਨਹੀਂ। ਆਓ ਅਸੀਂ ਆਪਣਾ ਪੂਰਾ ਧਿਆਨ ਯਹੋਵਾਹ ʼਤੇ ਲਾਈ ਰੱਖੀਏ ਜੋ ਸਾਡੀ ਖ਼ੁਸ਼ੀ ਦਾ ਸੋਮਾ ਹੈ।—ਜ਼ਬੂ. 144:15.
ਗੀਤ 155 ਹਮੇਸ਼ਾ ਦੀ ਖ਼ੁਸ਼ੀ
a “ਯਹੋਵਾਹ ਤੋਂ ਖ਼ੁਸ਼ੀ ਪਾਉਣ ਲਈ ਕੀ ਕਰੀਏ?” ਨਾਂ ਦੀ ਡੱਬੀ ਦੇਖੋ।
b ਮਿਸਾਲ ਲਈ, jw.org/pa ʼਤੇ 2023 ਪ੍ਰਬੰਧਕ ਸਭਾ ਵੱਲੋਂ ਅਪਡੇਟ #5 ਵਿਚ ਭਰਾ ਡੈਨਿਸ ਤੇ ਭੈਣ ਈਰੀਨਾ ਕਰਿਸਟਨਸਨ ਦੀ ਇੰਟਰਵਿਊ ਦੇਖੋ।
c ਹੋਰ ਜਾਣਕਾਰੀ ਲਈ ਪਹਿਰਾਬੁਰਜ 15 ਜੁਲਾਈ 2008 ਵਿਚ “ਖ਼ੁਸ਼ੀ ਨਾਲ ਉੱਨਾ ਕਰੋ ਜਿੰਨਾ ਕਰ ਸਕਦੇ ਹੋ” ਨਾਂ ਦਾ ਲੇਖ ਦੇਖੋ।
d ਤਸਵੀਰ ਬਾਰੇ ਜਾਣਕਾਰੀ: ਇਕ ਭੈਣ ਆਪਣੇ ਲਈ ਬਹੁਤ ਸਾਰੀਆਂ ਚੀਜ਼ਾਂ ਖ਼ਰੀਦਦੀ ਹੈ। ਫਿਰ ਉਹ ਇਕ ਸਿਆਣੀ ਉਮਰ ਦੀ ਭੈਣ ਲਈ ਕੁਝ ਫੁੱਲ ਖ਼ਰੀਦਦੀ ਹੈ ਜਿਸ ਨੂੰ ਹੌਸਲੇ ਦੀ ਲੋੜ ਹੈ। ਇਸ ਤੋਂ ਉਸ ਨੂੰ ਬਹੁਤ ਜ਼ਿਆਦਾ ਖ਼ੁਸ਼ੀ ਮਿਲਦੀ ਹੈ।