1925 ਵਿਚ ਇੰਡਿਆਨਾ ਪ੍ਰਾਂਤ ਦੇ ਇੰਡੀਆਨਾਪੋਲਿਸ ਸ਼ਹਿਰ ਵਿਚ ਵੱਡਾ ਸੰਮੇਲਨ
1925—ਸੌ ਸਾਲ ਪਹਿਲਾਂ
1 ਜਨਵਰੀ 1925 ਦੇ ਪਹਿਰਾਬੁਰਜ ਵਿਚ ਇਹ ਗੱਲ ਲਿਖੀ ਸੀ: “ਸਾਨੂੰ ਆਸ ਹੈ ਕਿ ਇਸ ਸਾਲ ਅਹਿਮ ਘਟਨਾਵਾਂ ਹੋਣਗੀਆਂ!” ਪਰ ਇਸੇ ਲੇਖ ਵਿਚ ਇਹ ਵੀ ਲਿਖਿਆ ਸੀ: “ਪਰ ਸਾਨੂੰ ਇਹ ਹੱਦੋਂ ਵੱਧ ਚਿੰਤਾ ਨਹੀਂ ਕਰਨੀ ਚਾਹੀਦੀ ਕਿ ਪਤਾ ਨਹੀਂ, ਇਸ ਸਾਲ ਕੀ-ਕੀ ਹੋਵੇਗਾ। ਜੇ ਅਸੀਂ ਹੱਦੋਂ ਵੱਧ ਚਿੰਤਾ ਕਰਦੇ ਹਾਂ, ਤਾਂ ਹੋ ਸਕਦਾ ਹੈ ਕਿ ਸਾਡਾ ਧਿਆਨ ਭਟਕ ਜਾਵੇ ਅਤੇ ਅਸੀਂ ਉਹ ਕੰਮ ਕਰਨੇ ਛੱਡ ਦੇਈਏ ਜੋ ਯਹੋਵਾਹ ਸਾਡੇ ਤੋਂ ਕਰਾਉਣੇ ਚਾਹੁੰਦਾ ਹੈ।” 1925 ਵਿਚ ਬਾਈਬਲ ਵਿਦਿਆਰਥੀਆਂ ਨੇ ਕੀ ਹੋਣ ਦੀ ਆਸ ਲਾਈ ਸੀ? ਨਾਲੇ ਜਦੋਂ ਉਨ੍ਹਾਂ ਦੀ ਆਸ ਪੂਰੀ ਨਹੀਂ ਹੋਈ, ਤਾਂ ਵੀ ਉਹ ਨਿਰਾਸ਼ਾ ਦੇ ਬਾਵਜੂਦ ਪ੍ਰਭੂ ਦੇ ਕੰਮ ਵਿਚ ਕਿਵੇਂ ਲੱਗੇ ਰਹੇ?
ਆਸ ਪੂਰੀ ਹੋਣ ਵਿਚ ਦੇਰੀ
ਕਈ ਬਾਈਬਲ ਵਿਦਿਆਰਥੀਆਂ ਨੇ ਆਸ ਲਾਈ ਸੀ ਕਿ 1925 ਵਿਚ ਧਰਤੀ ਬਾਗ਼ ਵਰਗੀ ਸੋਹਣੀ ਬਣ ਜਾਵੇਗੀ। ਕਿਉਂ? ਭਰਾ ਐਲਬਰਟ ਸ਼੍ਰੋਡਰ, ਜੋ ਅੱਗੇ ਚੱਲ ਕੇ ਪ੍ਰਬੰਧਕ ਸਭਾ ਦੇ ਮੈਂਬਰ ਬਣੇ, ਨੇ ਦੱਸਿਆ: “ਅਸੀਂ ਸੋਚਦੇ ਸੀ ਕਿ 1925 ਵਿਚ ਚੁਣੇ ਹੋਏ ਮਸੀਹੀ ਸਵਰਗ ਚਲੇ ਜਾਣਗੇ। ਨਾਲੇ ਅਬਰਾਹਾਮ ਤੇ ਦਾਊਦ ਵਰਗੇ ਵਫ਼ਾਦਾਰ ਸੇਵਕਾਂ ਨੂੰ ਧਰਤੀ ʼਤੇ ਦੁਬਾਰਾ ਜੀਉਂਦਾ ਕੀਤਾ ਜਾਵੇਗਾ ਅਤੇ ਉਹ ਹਾਕਮ ਬਣ ਕੇ ਅਗਵਾਈ ਕਰਨਗੇ।” ਪਰ ਇੱਦਾਂ ਨਾ ਹੋਣ ਤੇ ਕੁਝ ਭੈਣ-ਭਰਾ ਕਾਫ਼ੀ ਨਿਰਾਸ਼ ਹੋ ਗਏ।—ਕਹਾ. 13:12.
ਫਿਰ ਵੀ ਜ਼ਿਆਦਾਤਰ ਬਾਈਬਲ ਵਿਦਿਆਰਥੀ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕਰਨ ਵਿਚ ਲੱਗੇ ਰਹੇ। ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਲਈ ਸਭ ਤੋਂ ਜ਼ਰੂਰੀ ਕੰਮ ਇਹੀ ਸੀ ਕਿ ਉਹ ਯਹੋਵਾਹ ਬਾਰੇ ਗਵਾਹੀ ਦੇਣ। ਆਓ ਆਪਾਂ ਦੇਖੀਏ ਕਿ ਉਨ੍ਹਾਂ ਨੇ ਸੱਚਾਈ ਦੂਰ-ਦੂਰ ਤਕ ਫੈਲਾਉਣ ਲਈ ਰੇਡੀਓ ਨੂੰ ਕਿਵੇਂ ਵਰਤਿਆ।
ਗਵਾਹਾਂ ਨੇ ਹੋਰ ਵੀ ਰੇਡੀਓ ਸਟੇਸ਼ਨ ਬਣਾਏ
ਇਸ ਤੋਂ ਪਿਛਲੇ ਸਾਲ ਯਾਨੀ 1924 ਦੌਰਾਨ ਬਹੁਤ ਸਾਰੇ ਲੋਕਾਂ ਨੇ ਰੇਡੀਓ ʼਤੇ ਡਬਲਯੂ. ਬੀ. ਬੀ. ਆਰ. ਸਟੇਸ਼ਨ ਰਾਹੀਂ ਪ੍ਰਸਾਰਿਤ ਕੀਤੇ ਸਾਡੇ ਪ੍ਰੋਗ੍ਰਾਮ ਸੁਣੇ ਸਨ। ਇਸ ਲਈ ਬਾਈਬਲ ਵਿਦਿਆਰਥੀਆਂ ਨੇ 1925 ਵਿਚ ਇਕ ਹੋਰ ਵੀ ਵੱਡਾ ਰੇਡੀਓ ਸਟੇਸ਼ਨ ਬਣਾਇਆ। ਇਸ ਵਾਰ ਇਹ ਨਵਾਂ ਰੇਡੀਓ ਸਟੇਸ਼ਨ ਇਲੀਨਾਇ ਪ੍ਰਾਂਤ ਦੇ ਸ਼ਿਕਾਗੋ ਸ਼ਹਿਰ ਕੋਲ ਸੀ ਅਤੇ ਇਸ ਦਾ ਨਾਂ ਸੀ, ਡਬਲਯੂ. ਓ. ਆਰ. ਡੀ. (ਯਾਨੀ “ਵਰਡ” ਜਿਸ ਦਾ ਮਤਲਬ ਹੈ “ਵਚਨ”)। ਭਰਾ ਰਾਲਫ਼ ਲੈਫ਼ਲਰ ਨੇ ਇਸ ਨੂੰ ਬਣਾਉਣ ਵਿਚ ਹੱਥ ਵਟਾਇਆ ਸੀ। ਉਸ ਨੇ ਦੱਸਿਆ: “ਕੜਾਕੇ ਦੀ ਠੰਢ ਵਿਚ ਸ਼ਾਮ ਵੇਲੇ ਦੂਰ-ਦੂਰ ਤਕ ਲੋਕ ਰੇਡੀਓ ʼਤੇ ਸਾਡਾ ਪ੍ਰੋਗ੍ਰਾਮ ਸੁਣਦੇ ਸਨ।” ਮਿਸਾਲ ਲਈ, ਉਨ੍ਹਾਂ ਸ਼ੁਰੂਆਤੀ ਦਿਨਾਂ ਵਿਚ ਇਕ ਅਜਿਹੇ ਪਰਿਵਾਰ ਨੇ ਸਾਡਾ ਪ੍ਰੋਗ੍ਰਾਮ ਸੁਣਿਆ ਜੋ ਰੇਡੀਓ ਸਟੇਸ਼ਨ ਤੋਂ 5,000 ਕਿਲੋਮੀਟਰ (3,000 ਮੀਲ) ਤੋਂ ਵੀ ਜ਼ਿਆਦਾ ਦੂਰ ਅਲਾਸਕਾ ਦੇ ਪਾਇਲਟ ਸਟੇਸ਼ਨ ਨਾਂ ਦੇ ਸ਼ਹਿਰ ਵਿਚ ਰਹਿੰਦਾ ਸੀ। ਉਸ ਪਰਿਵਾਰ ਦੇ ਮੈਂਬਰਾਂ ਨੂੰ ਪ੍ਰੋਗ੍ਰਾਮ ਇੰਨਾ ਪਸੰਦ ਆਇਆ ਕਿ ਉਨ੍ਹਾਂ ਨੇ ਚਿੱਠੀ ਲਿਖ ਕੇ ਭਰਾਵਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰੋਗ੍ਰਾਮ ਤੋਂ ਉਨ੍ਹਾਂ ਨੂੰ ਬਹੁਤ ਹੌਸਲਾ ਮਿਲਿਆ ਅਤੇ ਉਹ ਪਰਮੇਸ਼ੁਰ ਤੇ ਬਾਈਬਲ ਬਾਰੇ ਬਹੁਤ ਕੁਝ ਜਾਣ ਸਕੇ।
ਖੱਬੇ ਪਾਸੇ: ਇਲੀਨਾਇ ਪ੍ਰਾਂਤ ਦੇ ਬਟੇਵੀਆ ਸ਼ਹਿਰ ਵਿਚ ਡਬਲਯੂ. ਓ. ਆਰ. ਡੀ. ਦੇ ਟ੍ਰਾਸਮੀਸ਼ਨ ਟਾਵਰ
ਸੱਜੇ ਪਾਸੇ: ਰਾਲਫ਼ ਲੈਫ਼ਲਰ ਰੇਡੀਓ ਸਟੇਸ਼ਨ ਵਿਚ ਕੰਮ ਕਰਦਾ ਹੋਇਆ
ਇਸ ਰੇਡੀਓ ਸਟੇਸ਼ਨ ਬਾਰੇ 1 ਦਸੰਬਰ 1925 ਦੇ ਪਹਿਰਾਬੁਰਜ ਵਿਚ ਇਹ ਦੱਸਿਆ ਗਿਆ: “ਡਬਲਯੂ. ਓ. ਆਰ. ਡੀ. ਅਮਰੀਕਾ ਦੇ ਸਭ ਤੋਂ ਵਧੀਆ ਰੇਡੀਓ ਸਟੇਸ਼ਨਾਂ ਵਿੱਚੋਂ ਇਕ ਹੈ। ਇਸ ਵਿਚ 5,000-ਵਾਟ ਦਾ ਇਕ ਪੁਰਾਣਾ ਟ੍ਰਾਂਸਮੀਟਰ ਲਗਾਇਆ ਗਿਆ ਹੈ। ਇਸ ਲਈ ਇਹ ਅਮਰੀਕਾ ਦੇ ਪੂਰਬੀ ਤੇ ਪੱਛਮੀ ਤਟ ਤਕ, ਇੱਥੋਂ ਤਕ ਕਿ ਕਿਊਬਾ ਦੇਸ਼ ਅਤੇ ਅਲਾਸਕਾ ਪ੍ਰਾਂਤ ਦੇ ਉੱਤਰੀ ਹਿੱਸਿਆਂ ਵਿਚ ਵੀ ਸਾਫ਼-ਸਾਫ਼ ਸੁਣਾਈ ਦਿੰਦਾ ਹੈ। ਬਹੁਤ ਸਾਰੇ ਲੋਕਾਂ ਨੇ ਇਸ ਰੇਡੀਓ ਸਟੇਸ਼ਨ ʼਤੇ ਪਹਿਲੀ ਵਾਰ ਸੱਚਾਈ ਸੁਣੀ ਅਤੇ ਉਹ ਇਸ ਬਾਰੇ ਹੋਰ ਜਾਣਨਾ ਚਾਹੁੰਦੇ ਹਨ।”
ਜੋਰਜ ਨੇਸ਼
ਇਸੇ ਦੌਰਾਨ ਕੈਨੇਡਾ ਵਿਚ ਵੀ ਬਾਈਬਲ ਵਿਦਿਆਰਥੀ ਰੇਡੀਓ ਰਾਹੀਂ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਨ ਵਿਚ ਲੱਗੇ ਹੋਏ ਸਨ। 1924 ਵਿਚ ਸਸਕੈਚਵਾਨ ਪ੍ਰਾਂਤ ਦੇ ਸਸਕਟੂਨ ਸ਼ਹਿਰ ਵਿਚ ਭਰਾਵਾਂ ਨੇ ਸੀ. ਐੱਚ. ਯੂ. ਸੀ. ਨਾਂ ਦਾ ਰੇਡੀਓ ਸਟੇਸ਼ਨ ਬਣਾਇਆ। ਇਹ ਕੈਨੇਡਾ ਦੇ ਉਨ੍ਹਾਂ ਪਹਿਲੇ ਰੇਡੀਓ ਸਟੇਸ਼ਨਾਂ ਵਿੱਚੋਂ ਇਕ ਸੀ ਜਿਸ ʼਤੇ ਧਾਰਮਿਕ ਪ੍ਰੋਗ੍ਰਾਮ ਪ੍ਰਸਾਰਿਤ ਕੀਤੇ ਜਾਂਦੇ ਸਨ। ਪਰ 1925 ਵਿਚ ਇਹ ਰੇਡੀਓ ਸਟੇਸ਼ਨ ਛੋਟਾ ਪੈ ਪਿਆ। ਇਸ ਲਈ ਵਾਚ ਟਾਵਰ ਸੋਸਾਇਟੀ ਨੇ ਸਸਕਟੂਨ ਵਿਚ “ਰੀਜੇਂਟ ਬਿਲਡਿੰਗ” ਨਾਂ ਦਾ ਇਕ ਪੁਰਾਣਾ ਥੀਏਟਰ ਖ਼ਰੀਦਿਆ। ਇਸ ਨੂੰ ਇਕ ਰੇਡੀਓ ਸਟੇਸ਼ਨ ਵਜੋਂ ਤਿਆਰ ਕੀਤਾ ਗਿਆ ਅਤੇ ਫਿਰ ਉੱਥੋਂ ਹੀ ਸਾਡੇ ਪ੍ਰੋਗ੍ਰਾਮ ਪ੍ਰਸਾਰਿਤ ਕੀਤੇ ਜਾਣ ਲੱਗੇ।
ਸਸਕੈਚਵਾਨ ਪ੍ਰਾਂਤ ਵਿਚ ਬਹੁਤ ਸਾਰੇ ਛੋਟੇ-ਛੋਟੇ ਕਸਬੇ ਅਤੇ ਪਿੰਡ ਹਨ ਜੋ ਦੂਰ-ਦੂਰ ਤਕ ਫੈਲਿਆ ਹੋਏ ਹਨ। ਇਨ੍ਹਾਂ ਇਲਾਕਿਆਂ ਵਿਚ ਬਹੁਤ ਸਾਰੇ ਲੋਕ ਰਹਿੰਦੇ ਹਨ। ਪਰ ਇਸ ਰੇਡੀਓ ਸਟੇਸ਼ਨ ਕਰਕੇ ਦੂਰ-ਦੁਰਾਡੇ ਇਲਾਕੇ ਦੇ ਲੋਕਾਂ ਨੂੰ ਪਹਿਲੀ ਵਾਰ ਸੱਚਾਈ ਜਾਣਨ ਦਾ ਮੌਕਾ ਮਿਲਿਆ। ਮਿਸਾਲ ਲਈ, ਇਕ ਦੂਰ-ਦੁਰਾਡੇ ਦੇ ਕਸਬੇ ਵਿਚ ਗ੍ਰਾਹਮ ਨਾਂ ਦੀ ਔਰਤ ਰਹਿੰਦੀ ਸੀ। ਇਸ ਔਰਤ ਨੇ ਰੇਡੀਓ ʼਤੇ ਸਾਡਾ ਪ੍ਰੋਗ੍ਰਾਮ ਸੁਣਿਆ ਸੀ। ਉਸ ਨੇ ਚਿੱਠੀ ਲਿਖ ਕੇ ਸਾਨੂੰ ਬੇਨਤੀ ਕੀਤੀ ਕਿ ਅਸੀਂ ਉਸ ਨੂੰ ਬਾਈਬਲ-ਆਧਾਰਿਤ ਕਿਤਾਬਾਂ ਭੇਜੀਏ। ਭਰਾ ਜੋਰਜ ਨੇਸ਼ ਦੱਸਦਾ ਹੈ: “ਆਪਣੀ ਚਿੱਠੀ ਵਿਚ ਉਸ ਨੇ ਇੱਦਾਂ ਲਿਖਿਆ ਜਿੱਦਾਂ ਉਹ ਬੇਨਤੀ ਕਰ ਰਹੀ ਹੋਵੇ, ‘ਪਲੀਜ਼ ਸਾਨੂੰ ਸਿਖਾਓ।’ ਇਸ ਲਈ ਸਾਨੂੰ ਲੱਗਾ ਕਿ ਸਾਨੂੰ ਉਸ ਨੂੰ ਸ਼ਾਸਤਰ ਦਾ ਅਧਿਐਨ ਕਿਤਾਬ ਦੇ ਸਾਰੇ ਖੰਡ ਭੇਜਣੇ ਚਾਹੀਦੇ ਹਨ।” ਛੇਤੀ ਹੀ ਗ੍ਰਾਹਮ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਪ੍ਰਚਾਰ ਕਰਨ ਲੱਗ ਪਈ।
ਸਮਝ ਵਿਚ ਸੁਧਾਰ ਕੀਤੇ ਗਏ
1 ਮਾਰਚ 1925 ਦੇ ਪਹਿਰਾਬੁਰਜ ਵਿਚ ਇਕ ਖ਼ਾਸ ਲੇਖ ਛਾਪਿਆ ਗਿਆ ਜਿਸ ਦਾ ਵਿਸ਼ਾ ਸੀ, “ਕੌਮ ਦਾ ਜਨਮ।” ਇਹ ਲੇਖ ਇੰਨਾ ਅਹਿਮ ਕਿਉਂ ਸੀ? ਬਾਈਬਲ ਵਿਦਿਆਰਥੀ ਕੁਝ ਸਮੇਂ ਤੋਂ ਇਹ ਜਾਣਦੇ ਸਨ ਕਿ ਸ਼ੈਤਾਨ ਦਾ ਇਕ ਸੰਗਠਨ ਹੈ ਜਿਸ ਵਿਚ ਦੁਸ਼ਟ ਦੂਤ, ਝੂਠੇ ਧਰਮ, ਸਰਕਾਰਾਂ ਅਤੇ ਵਪਾਰ ਜਗਤ ਸ਼ਾਮਲ ਹੈ। ਪਰ ਇਸ ਲੇਖ ਰਾਹੀਂ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਨੇ ਮਸੀਹੀਆਂ ਨੂੰ ਸਮਝਾਇਆ ਕਿ ਯਹੋਵਾਹ ਦਾ ਵੀ ਇਕ ਸੰਗਠਨ ਹੈ। (ਮੱਤੀ 24:45) ਇਸ ਵਿਚ ਦੂਤ ਅਤੇ ਧਰਤੀ ʼਤੇ ਯਹੋਵਾਹ ਦੇ ਲੋਕ ਸ਼ਾਮਲ ਹਨ। ਉਹ ਖ਼ੁਦ ਨੂੰ ਸ਼ੈਤਾਨ ਦੇ ਸੰਗਠਨ ਤੋਂ ਪੂਰੀ ਤਰ੍ਹਾਂ ਅਲੱਗ ਰੱਖਦੇ ਹਨ, ਮਿਲ ਕੇ ਕੰਮ ਕਰਦੇ ਹਨ, ਯਹੋਵਾਹ ਦੇ ਰਾਜ ਦਾ ਸਾਥ ਦਿੰਦੇ ਹਨ ਅਤੇ ਉਹ ਸ਼ੈਤਾਨ ਤੇ ਉਸ ਦਾ ਸਾਥ ਦੇਣ ਵਾਲਿਆਂ ਦਾ ਵਿਰੋਧ ਕਰਦੇ ਹਨ। ਇਸ ਲੇਖ ਵਿਚ ਇਹ ਵੀ ਸਮਝਾਇਆ ਗਿਆ ਸੀ ਕਿ ਪਰਮੇਸ਼ੁਰ ਦਾ ਰਾਜ 1914 ਵਿਚ ਸ਼ੁਰੂ ਹੋਇਆ ਅਤੇ ਇਸੇ ਸਾਲ “ਸਵਰਗ ਵਿਚ ਯੁੱਧ” ਹੋਇਆ। ਨਤੀਜੇ ਵਜੋਂ, ਸ਼ੈਤਾਨ ਤੇ ਦੁਸ਼ਟ ਦੂਤਾਂ ਨੂੰ ਸਵਰਗੋਂ ਧਰਤੀ ʼਤੇ ਸੁੱਟ ਦਿੱਤਾ ਗਿਆ।—ਪ੍ਰਕਾ. 12:7-9.
ਕੁਝ ਭੈਣਾਂ-ਭਰਾਵਾਂ ਨੂੰ ਇਹ ਨਵੀਂ ਸਮਝ ਮੰਨਣੀ ਔਖੀ ਲੱਗ ਰਹੀ ਸੀ। ਇਸ ਲਈ ਇਸ ਲੇਖ ਵਿਚ ਇਹ ਵੀ ਲਿਖਿਆ ਸੀ: “ਜੇ ਪਹਿਰਾਬੁਰਜ ਦੇ ਕੁਝ ਪਾਠਕ ਇਸ ਲੇਖ ਦੀਆਂ ਗੱਲਾਂ ਨਾਲ ਸਹਿਮਤ ਨਹੀਂ ਹਨ, ਤਾਂ ਅਸੀਂ ਉਨ੍ਹਾਂ ਨੂੰ ਸਲਾਹ ਦਿੰਦੇ ਹਾਂ ਕਿ ਉਹ ਪ੍ਰਭੂ ਦੇ ਸਮੇਂ ਦਾ ਇੰਤਜ਼ਾਰ ਕਰਨ ਅਤੇ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਦੇ ਰਹਿਣ।”
ਪਰ ਜ਼ਿਆਦਾਤਰ ਬਾਈਬਲ ਵਿਦਿਆਰਥੀਆਂ ਨੂੰ ਇਹ ਲੇਖ ਪੜ੍ਹ ਕੇ ਕਿਵੇਂ ਲੱਗਾ? ਬ੍ਰਿਟੇਨ ਦੇ ਇਕ ਕੋਲਪੋਰਟਰ (ਜਿਨ੍ਹਾਂ ਨੂੰ ਅੱਜ ਪਾਇਨੀਅਰ ਕਿਹਾ ਜਾਂਦਾ ਹੈ) ਭਰਾ ਟੌਮ ਏਅਰ ਨੇ ਇਸ ਬਾਰੇ ਦੱਸਿਆ: “ਪ੍ਰਕਾਸ਼ ਦੀ ਕਿਤਾਬ ਦੇ 12ਵੇਂ ਅਧਿਆਇ ਬਾਰੇ ਨਵੀਂ ਸਮਝ ਮਿਲਣ ਕਰਕੇ ਸਾਡੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਸਾਡੇ ਅੰਦਰ ਜੋਸ਼ ਭਰ ਗਿਆ। ਜਦੋਂ ਸਾਨੂੰ ਪਤਾ ਲੱਗਾ ਕਿ ਪਰਮੇਸ਼ੁਰ ਦਾ ਰਾਜ ਸ਼ੁਰੂ ਹੋ ਗਿਆ ਹੈ, ਤਾਂ ਅਸੀਂ ਇਹ ਖ਼ੁਸ਼ ਖ਼ਬਰੀ ਸਾਰਿਆਂ ਨੂੰ ਸੁਣਾਉਣੀ ਚਾਹੁੰਦੇ ਸੀ। ਇਸ ਕਰਕੇ ਸਾਨੂੰ ਹੋਰ ਵਧ-ਚੜ੍ਹ ਕੇ ਪ੍ਰਚਾਰ ਕਰਨ ਦੀ ਹੱਲਾਸ਼ੇਰੀ ਮਿਲੀ ਅਤੇ ਅਸੀਂ ਸਾਫ਼-ਸਾਫ਼ ਦੇਖ ਸਕੇ ਕਿ ਯਹੋਵਾਹ ਹੋਰ ਵੀ ਵੱਡੇ-ਵੱਡੇ ਕੰਮ ਕਰਨ ਵਾਲਾ ਹੈ।”
ਯਹੋਵਾਹ ਦੇ ਗਵਾਹ ਹੋਣ ਦਾ ਅਹਿਸਾਸ
ਅੱਜ ਯਹੋਵਾਹ ਦੇ ਗਵਾਹ ਅਕਸਰ ਯਸਾਯਾਹ 43:10 ਬਾਰੇ ਗੱਲ ਕਰਦੇ ਹਨ: “‘ਤੁਸੀਂ ਮੇਰੇ ਗਵਾਹ ਹੋ,’ ਯਹੋਵਾਹ ਐਲਾਨ ਕਰਦਾ ਹੈ, ‘ਹਾਂ, ਮੇਰਾ ਸੇਵਕ ਜਿਸ ਨੂੰ ਮੈਂ ਚੁਣਿਆ ਹੈ।’” ਪਰ 1925 ਤੋਂ ਪਹਿਲਾਂ ਇਸ ਆਇਤ ʼਤੇ ਸ਼ਾਇਦ ਹੀ ਸਾਡੇ ਪ੍ਰਕਾਸ਼ਨਾਂ ਵਿਚ ਚਰਚਾ ਕੀਤੀ ਗਈ ਸੀ। ਕੀ 1925 ਵਿਚ ਕੁਝ ਬਦਲਿਆ? ਉਸ ਸਾਲ ਪਹਿਰਾਬੁਰਜ ਦੇ 11 ਅੰਕਾਂ ਵਿਚ ਯਸਾਯਾਹ 43:10 ਅਤੇ 12 ਆਇਤ ਬਾਰੇ ਚਰਚਾ ਕੀਤੀ ਗਈ ਸੀ।
ਅਗਸਤ 1925 ਵਿਚ ਬਾਈਬਲ ਵਿਦਿਆਰਥੀਆਂ ਦਾ ਇਕ ਵੱਡਾ ਸੰਮੇਲਨ ਹੋਇਆ। ਇਹ ਅੱਠ ਦਿਨਾਂ ਦਾ ਸੰਮੇਲਨ ਇੰਡਿਆਨਾ ਪ੍ਰਾਂਤ ਦੇ ਇੰਡੀਆਨਾਪੋਲਿਸ ਸ਼ਹਿਰ ਵਿਚ ਰੱਖਿਆ ਗਿਆ ਸੀ। ਭਰਾ ਜੋਸਫ਼ ਐੱਫ਼. ਰਦਰਫ਼ਰਡ ਨੇ ਸੰਮੇਲਨ ਦੇ ਸ਼ੁਰੂ ਵਿਚ ਪ੍ਰੋਗ੍ਰਾਮ ਦੇ ਪਰਚੇ ʼਤੇ ਛਪਿਆ ਇਹ ਸੰਦੇਸ਼ ਪੜ੍ਹਿਆ: “ਅਸੀਂ ਇਸ ਸੰਮੇਲਨ ਵਿਚ ਆਏ ਹਾਂ ਕਿ ਸਾਨੂੰ . . . ਪ੍ਰਭੂ ਤੋਂ ਤਾਕਤ ਮਿਲੇ ਤਾਂਕਿ ਜਦੋਂ ਅਸੀਂ ਇੱਥੋਂ ਵਾਪਸ ਜਾਈਏ, ਤਾਂ ਨਵੇਂ ਜੋਸ਼ ਨਾਲ ਉਸ ਬਾਰੇ ਗਵਾਹੀ ਦੇਈਏ।” ਸੰਮੇਲਨ ਵਿਚ ਆਏ ਲੋਕਾਂ ਨੂੰ ਹਰ ਰੋਜ਼ ਹੱਲਾਸ਼ੇਰੀ ਦਿੱਤੀ ਗਈ ਕਿ ਉਹ ਜੋਸ਼ ਨਾਲ ਯਹੋਵਾਹ ਬਾਰੇ ਗਵਾਹੀ ਦੇਣ ਦਾ ਕੋਈ ਵੀ ਮੌਕਾ ਆਪਣੇ ਹੱਥੋਂ ਨਾ ਜਾਣ ਦੇਣ।”
ਸ਼ਨੀਵਾਰ 29 ਅਗਸਤ ਨੂੰ ਭਰਾ ਰਦਰਫ਼ਰਡ ਨੇ ਇਕ ਭਾਸ਼ਣ ਦਿੱਤਾ ਜਿਸ ਦਾ ਵਿਸ਼ਾ ਸੀ: “ਜੋਸ਼ ਨਾਲ ਪ੍ਰਚਾਰ ਕਰੋ।” ਭਰਾ ਰਦਰਫ਼ਰਡ ਨੇ ਸਮਝਾਇਆ ਕਿ ਗਵਾਹੀ ਦੇਣੀ ਕਿਉਂ ਜ਼ਰੂਰੀ ਹੈ। ਭਰਾ ਨੇ ਕਿਹਾ: “ਯਹੋਵਾਹ ਆਪਣੇ ਲੋਕਾਂ ਨੂੰ ਕਹਿ ਰਿਹਾ ਹੈ . . . ‘ਤੁਸੀਂ ਮੇਰੇ ਗਵਾਹ ਹੋ, . . . ਅਤੇ ਮੈਂ ਪਰਮੇਸ਼ੁਰ ਹਾਂ।’ ਇਸ ਤੋਂ ਬਾਅਦ ਉਹ ਸਿੱਧਾ-ਸਿੱਧਾ ਹੁਕਮ ਦਿੰਦਾ ਹੈ, ‘ਦੇਸ਼-ਦੇਸ਼ ਦੇ ਲੋਕਾਂ ਲਈ ਝੰਡਾ ਖੜ੍ਹਾ ਕਰੋ’ ਯਾਨੀ ਯਹੋਵਾਹ ਬਾਰੇ ਗਵਾਹੀ ਦਿਓ। ਧਰਤੀ ʼਤੇ ਹੋਰ ਕੋਈ ਨਹੀਂ ਜੋ ਲੋਕਾਂ ਲਈ ਝੰਡਾ ਖੜ੍ਹਾ ਕਰ ਸਕੇ। ਸਿਰਫ਼ ਯਹੋਵਾਹ ਦੇ ਲੋਕ ਹੀ ਇੱਦਾਂ ਕਰ ਸਕਦੇ ਹਨ ਜਿਨ੍ਹਾਂ ʼਤੇ ਪ੍ਰਭੂ ਦੀ ਪਵਿੱਤਰ ਸ਼ਕਤੀ ਹੈ।”—ਯਸਾ. 43:12; 62:10.
ਉਮੀਦ ਦਾ ਸੰਦੇਸ਼ ਪਰਚਾ
ਭਰਾ ਰਦਰਫ਼ਰਡ ਨੇ ਆਪਣੇ ਭਾਸ਼ਣ ਤੋਂ ਬਾਅਦ ਇਕ ਦਸਤਾਵੇਜ਼ ਪੜ੍ਹਿਆ ਜਿਸ ਦਾ ਵਿਸ਼ਾ ਸੀ: “ਉਮੀਦ ਦਾ ਸੰਦੇਸ਼।” ਹਾਜ਼ਰ ਹੋਏ ਸਾਰੇ ਲੋਕ ਇਸ ਦਸਤਾਵੇਜ਼ ਵਿਚ ਲਿਖੀਆਂ ਗੱਲਾਂ ਨਾਲ ਸਹਿਮਤ ਸਨ। ਉਸ ਵਿਚ ਲਿਖਿਆ ਸੀ ਕਿ ਸਿਰਫ਼ ਪਰਮੇਸ਼ੁਰ ਦੇ ਰਾਜ ਵਿਚ ਹੀ ਸਾਨੂੰ “ਸ਼ਾਂਤੀ, ਚੰਗੀ ਸਿਹਤ, ਆਜ਼ਾਦੀ ਅਤੇ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ ਜੋ ਖ਼ੁਸ਼ੀਆਂ ਭਰੀ ਹੋਵੇਗੀ।” ਬਾਅਦ ਵਿਚ ਇਸ ਦਸਤਾਵੇਜ਼ ਦਾ ਕਈ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ਅਤੇ ਇਸ ਨੂੰ ਪਰਚੇ ਵਜੋਂ ਛਾਪਿਆ ਗਿਆ। ਇਸ ਪਰਚੇ ਦੀਆਂ ਲਗਭਗ ਚਾਰ ਕਰੋੜ ਕਾਪੀਆਂ ਵੰਡੀਆਂ ਗਈਆਂ।
ਬਾਈਬਲ ਵਿਦਿਆਰਥੀਆਂ ਨੇ ਕਈ ਸਾਲਾਂ ਤਕ ‘ਯਹੋਵਾਹ ਦੇ ਗਵਾਹ’ ਨਾਂ ਨਹੀਂ ਅਪਣਾਇਆ ਸੀ। ਪਰ ਉਹ ਇਹ ਗੱਲ ਸਮਝਣ ਲੱਗ ਪਏ ਸਨ ਕਿ ਯਹੋਵਾਹ ਬਾਰੇ ਗਵਾਹੀ ਦੇਣੀ ਉਨ੍ਹਾਂ ਦੀ ਜ਼ਿੰਮੇਵਾਰੀ ਹੈ।
ਦਿਲਚਸਪੀ ਰੱਖਣ ਵਾਲਿਆਂ ਨੂੰ ਦੁਬਾਰਾ ਮਿਲਣਾ
ਦੁਨੀਆਂ ਭਰ ਵਿਚ ਬਾਈਬਲ ਵਿਦਿਆਰਥੀਆਂ ਦੀ ਗਿਣਤੀ ਵਧਣ ਕਰਕੇ ਸੰਗਠਨ ਨੇ ਸਾਰਿਆਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਪ੍ਰਕਾਸ਼ਨ ਵੰਡਣ ਤੋਂ ਇਲਾਵਾ ਉਨ੍ਹਾਂ ਲੋਕਾਂ ਨੂੰ ਜਾ ਕੇ ਦੁਬਾਰਾ ਜ਼ਰੂਰ ਮਿਲਣ ਜੋ ਹੋਰ ਜਾਣਨਾ ਚਾਹੁੰਦੇ ਹਨ। ਮਿਸਾਲ ਲਈ, ਉਮੀਦ ਦਾ ਸੰਦੇਸ਼ ਪਰਚਾ ਵੰਡਣ ਦੀ ਮੁਹਿੰਮ ਤੋਂ ਬਾਅਦ ਬੁਲੇਟਿਨa ਵਿਚ ਇਹ ਹੱਲਾਸ਼ੇਰੀ ਦਿੱਤੀ ਗਈ: “ਉਨ੍ਹਾਂ ਲੋਕਾਂ ਨੂੰ ਦੁਬਾਰਾ ਮਿਲਣ ਜਾਓ ਜਿਨ੍ਹਾਂ ਨੂੰ ਤੁਸੀਂ ਉਮੀਦ ਦਾ ਸੰਦੇਸ਼ ਪਰਚਾ ਦਿੱਤਾ ਸੀ, ਫਿਰ ਚਾਹੇ ਉਨ੍ਹਾਂ ਨੇ ਕੋਈ ਹੋਰ ਪ੍ਰਕਾਸ਼ਨ ਲਿਆ ਹੋਵੇ ਜਾਂ ਨਾ।”
ਜਨਵਰੀ 1925 ਦੀ ਬੁਲੇਟਿਨ ਵਿਚ ਟੈਕਸਸ ਪ੍ਰਾਂਤ ਦੇ ਪਲੈਨੋ ਸ਼ਹਿਰ ਦੇ ਇਕ ਬਾਈਬਲ ਵਿਦਿਆਰਥੀ ਦਾ ਤਜਰਬਾ ਦੱਸਿਆ ਗਿਆ। ਉਸ ਨੇ ਦੱਸਿਆ: “ਅਸੀਂ ਇਹ ਦੇਖ ਕੇ ਹੈਰਾਨ ਰਹਿ ਜਾਂਦੇ ਹਾਂ ਕਿ ਜਦੋਂ ਅਸੀਂ ਕਿਸੇ ਅਜਿਹੇ ਇਲਾਕੇ ਵਿਚ ਜਾਂਦੇ ਹਾਂ ਜਿੱਥੇ ਪਹਿਲਾਂ ਵੀ ਪ੍ਰਚਾਰ ਹੋ ਚੁੱਕਾ ਹੈ, ਤਾਂ ਉੱਥੇ ਜ਼ਿਆਦਾ ਵਧੀਆ ਨਤੀਜੇ ਨਿਕਲਦੇ ਹਨ। ਸਾਡੇ ਸ਼ਹਿਰ ਵਿਚ ਇਕ ਅਜਿਹਾ ਇਲਾਕਾ ਹੈ ਜਿੱਥੇ ਪਿਛਲੇ ਦਸ ਸਾਲਾਂ ਵਿਚ ਲਗਭਗ ਪੰਜ ਵਾਰ ਪ੍ਰਚਾਰ ਹੋ ਚੁੱਕਾ ਹੈ। . . . ਹਾਲ ਹੀ ਵਿਚ ਮੇਰੇ ਮੰਮੀ ਤੇ ਭੈਣ ਹੈਂਡਰਿਕਸ ਦੁਬਾਰਾ ਉਸ ਇਲਾਕੇ ਵਿਚ ਗਏ ਅਤੇ ਉਨ੍ਹਾਂ ਨੇ ਇੰਨੀਆਂ ਕਿਤਾਬਾਂ ਦਿੱਤੀਆਂ ਜਿੰਨੀਆਂ ਪਹਿਲਾਂ ਕਦੇ ਵੀ ਨਹੀਂ ਦਿੱਤੀਆਂ ਸਨ।”
ਪਨਾਮਾ ਦੇਸ਼ ਦੇ ਇਕ ਕੋਲਪੋਰਟਰ ਨੇ ਇਕ ਚਿੱਠੀ ਵਿਚ ਲਿਖਿਆ: “ਮੈਂ ਦੇਖਿਆ ਹੈ ਕਿ ਜਿਹੜੇ ਲੋਕ ਪਹਿਲੀ ਵਾਰ ਮਿਲਣ ਤੇ ਮੇਰੀ ਗੱਲ ਨਹੀਂ ਸੀ ਸੁਣਦੇ, ਉਹ ਦੂਜੀ ਜਾਂ ਤੀਜੀ ਵਾਰ ਸੁਣਨ ਲਈ ਤਿਆਰ ਹੋ ਜਾਂਦੇ ਸਨ। ਪਿਛਲੇ ਸਾਲ ਖ਼ਾਸ ਕਰਕੇ ਮੈਂ ਉਨ੍ਹਾਂ ਲੋਕਾਂ ਨੂੰ ਪ੍ਰਚਾਰ ਕੀਤਾ ਜਿਨ੍ਹਾਂ ਨੂੰ ਮੈਂ ਪਹਿਲਾਂ ਮਿਲ ਚੁੱਕਾ ਸੀ ਅਤੇ ਇੱਦਾਂ ਕਰਨ ਦੇ ਚੰਗੇ ਨਤੀਜੇ ਨਿਕਲੇ।”
ਭਵਿੱਖ ʼਤੇ ਨਜ਼ਰ
1925 ਦੇ ਅਖ਼ੀਰ ਵਿਚ ਭਰਾ ਰਦਰਫ਼ਰਡ ਨੇ ਸਾਰੇ ਕੋਲਪੋਰਟਰ ਭੈਣਾਂ-ਭਰਾਵਾਂ ਨੂੰ ਇਕ ਚਿੱਠੀ ਲਿਖੀ। ਉਸ ਚਿੱਠੀ ਵਿਚ ਭਰਾ ਰਦਰਫ਼ਰਡ ਨੇ ਉਸ ਸਾਲ ਦੌਰਾਨ ਹੋਏ ਪ੍ਰਚਾਰ ਦੇ ਕੰਮ ਬਾਰੇ ਦੱਸਿਆ ਅਤੇ ਆਉਣ ਵਾਲੇ ਸਾਲ ਵਿਚ ਵੀ ਜੋਸ਼ ਨਾਲ ਪ੍ਰਚਾਰ ਕਰਨ ਦੀ ਹੱਲਾਸ਼ੇਰੀ ਦਿੱਤੀ। ਭਰਾ ਰਦਰਫ਼ਰਡ ਨੇ ਲਿਖਿਆ: “ਬੀਤੇ ਸਾਲ ਦੌਰਾਨ ਤੁਹਾਨੂੰ ਕਈ ਨਿਰਾਸ਼ ਲੋਕਾਂ ਨੂੰ ਦਿਲਾਸਾ ਦੇਣ ਦਾ ਸਨਮਾਨ ਮਿਲਿਆ ਅਤੇ ਇਸ ਕੰਮ ਤੋਂ ਤੁਹਾਨੂੰ ਖ਼ੁਸ਼ੀ ਵੀ ਮਿਲੀ। . . . ਆਉਣ ਵਾਲੇ ਸਾਲ ਵਿਚ ਤੁਹਾਨੂੰ ਯਹੋਵਾਹ ਅਤੇ ਉਸ ਦੇ ਰਾਜ ਬਾਰੇ ਗਵਾਹੀ ਦੇਣ ਦੇ ਹੋਰ ਵੀ ਕਈ ਮੌਕੇ ਮਿਲਣਗੇ। ਇਸ ਤਰ੍ਹਾਂ ਲੋਕ ਜਾਣ ਸਕਣਗੇ ਕਿ ਕੌਣ ਯਹੋਵਾਹ ਦੇ ਸੱਚੇ ਸੇਵਕ ਹਨ। . . . ਆਓ ਆਪਾਂ ਮਿਲ ਕੇ ਆਪਣੇ ਪਰਮੇਸ਼ੁਰ ਅਤੇ ਮਹਾਨ ਰਾਜੇ ਯਹੋਵਾਹ ਦੀ ਮਹਿਮਾ ਕਰਦੇ ਰਹੀਏ।”
1925 ਦੇ ਖ਼ਤਮ ਹੁੰਦਿਆਂ-ਹੁੰਦਿਆਂ ਭਰਾਵਾਂ ਨੇ ਬਰੁਕਲਿਨ ਬੈਥਲ ਨੂੰ ਹੋਰ ਵੱਡਾ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। 1926 ਵਿਚ ਸਾਡਾ ਸੰਗਠਨ ਪਹਿਲੀ ਵਾਰ ਇਕ ਬਹੁਤ ਵੱਡੇ ਪ੍ਰਾਜੈਕਟ ਦੀ ਉਸਾਰੀ ਕਰਨ ਵਾਲਾ ਸੀ।
1926 ਵਿਚ ਨਿਊਯਾਰਕ ਦੇ ਬਰੁਕਲਿਨ ਸ਼ਹਿਰ ਦੇ ਐਡਮਜ਼ ਸਟ੍ਰੀਟ ਵਿਚ ਉਸਾਰੀ ਦਾ ਕੰਮ ਚੱਲ ਰਿਹਾ ਹੈ
a ਹੁਣ ਇਸ ਨੂੰ ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ ਕਿਹਾ ਜਾਂਦਾ ਹੈ।