ਅਧਿਐਨ ਲੇਖ 26
ਗੀਤ 123 ਯਹੋਵਾਹ ਦੇ ਅਧੀਨ ਰਹੋ
ਨਿਮਰ ਹੋ ਕੇ ਕਬੂਲ ਕਰੋ ਕਿ ਤੁਸੀਂ ਕੁਝ ਗੱਲਾਂ ਨਹੀਂ ਜਾਣਦੇ
“ਸਰਬਸ਼ਕਤੀਮਾਨ ਨੂੰ ਸਮਝਣਾ ਸਾਡੇ ਵੱਸ ਤੋਂ ਬਾਹਰ ਹੈ।”—ਅੱਯੂ. 37:23.
ਕੀ ਸਿੱਖਾਂਗੇ?
ਕਦੀ-ਕਦਾਈਂ ਅਸੀਂ ਇਹ ਸੋਚ ਕੇ ਪਰੇਸ਼ਾਨ ਹੁੰਦੇ ਹਾਂ ਕਿ ਪਤਾ ਨਹੀਂ ਅੱਗੇ ਕੀ ਹੋਣਾ। ਅਜਿਹੇ ਹਾਲਾਤ ਵਿਚ ਜੇ ਅਸੀਂ ਯਹੋਵਾਹ ʼਤੇ ਭਰੋਸਾ ਰੱਖਾਂਗੇ, ਉਨ੍ਹਾਂ ਗੱਲਾਂ ʼਤੇ ਧਿਆਨ ਲਾਵਾਂਗੇ ਜੋ ਅਸੀਂ ਜਾਣਦੇ ਹਾਂ ਅਤੇ ਨਿਮਰ ਹੋ ਕੇ ਕਬੂਲ ਕਰਾਂਗੇ ਕਿ ਅਸੀਂ ਕੁਝ ਗੱਲਾਂ ਨਹੀਂ ਜਾਣਦੇ, ਤਾਂ ਅਸੀਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕਾਂਗੇ।
1. ਯਹੋਵਾਹ ਨੇ ਸਾਨੂੰ ਕਿਹੜੀਆਂ ਕਾਬਲੀਅਤਾਂ ਦਿੱਤੀਆਂ ਹਨ ਅਤੇ ਕਿਉਂ?
ਯਹੋਵਾਹ ਨੇ ਸਾਨੂੰ ਕਈ ਕਾਬਲੀਅਤਾਂ ਨਾਲ ਬਣਾਇਆ ਹੈ, ਜਿਵੇਂ ਕਿ ਸਾਡੇ ਕੋਲ ਸੋਚਣ-ਸਮਝਣ ਦੀ ਕਾਬਲੀਅਤ ਹੈ, ਅਸੀਂ ਨਵੀਆਂ-ਨਵੀਆਂ ਗੱਲਾਂ ਸਿੱਖ ਸਕਦੇ ਹਾਂ ਅਤੇ ਉਨ੍ਹਾਂ ਮੁਤਾਬਕ ਕੰਮ ਕਰ ਸਕਦੇ ਹਾਂ। ਯਹੋਵਾਹ ਨੇ ਸਾਨੂੰ ਇਹ ਕਾਬਲੀਅਤਾਂ ਕਿਉਂ ਦਿੱਤੀਆਂ ਹਨ? ਕਿਉਂਕਿ ਉਹ ਚਾਹੁੰਦਾ ਹੈ ਕਿ ਅਸੀਂ “ਪਰਮੇਸ਼ੁਰ ਦਾ ਗਿਆਨ ਹਾਸਲ” ਕਰੀਏ ਅਤੇ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਵਰਤ ਕੇ ਉਸ ਦੀ ਸੇਵਾ ਕਰੀਏ।—ਕਹਾ. 2:1-5; ਰੋਮੀ. 12:1.
2. (ੳ) ਸਾਨੂੰ ਆਪਣੇ ਬਾਰੇ ਕਿਹੜੀ ਗੱਲ ਸਮਝਣ ਦੀ ਲੋੜ ਹੈ? (ਅੱਯੂਬ 37:23, 24) (ਤਸਵੀਰ ਵੀ ਦੇਖੋ।) (ਅ) ਜੇ ਅਸੀਂ ਇਹ ਕਬੂਲ ਕਰੀਏ ਕਿ ਅਸੀਂ ਸਾਰਾ ਕੁਝ ਨਹੀਂ ਜਾਣਦੇ, ਤਾਂ ਸਾਨੂੰ ਕੀ ਫ਼ਾਇਦਾ ਹੋਵੇਗਾ?
2 ਭਾਵੇਂ ਕਿ ਯਹੋਵਾਹ ਨੇ ਸਾਨੂੰ ਸਿੱਖਣ ਦੀ ਕਾਬਲੀਅਤ ਨਾਲ ਬਣਾਇਆ ਹੈ, ਪਰ ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਹਨ ਜੋ ਅਸੀਂ ਨਹੀਂ ਜਾਣਦੇ। (ਅੱਯੂਬ 37:23, 24 ਪੜ੍ਹੋ।) ਜ਼ਰਾ ਅੱਯੂਬ ਬਾਰੇ ਸੋਚੋ। ਜਦੋਂ ਯਹੋਵਾਹ ਨੇ ਉਸ ਨੂੰ ਇਕ ਤੋਂ ਬਾਅਦ ਇਕ ਕਈ ਸਵਾਲ ਪੁੱਛੇ, ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਹ ਕਿੰਨਾ ਕੁਝ ਨਹੀਂ ਜਾਣਦਾ ਸੀ। ਇਸ ਕਰਕੇ ਉਹ ਨਿਮਰ ਬਣਿਆ ਅਤੇ ਉਸ ਨੇ ਆਪਣੀ ਸੋਚ ਸੁਧਾਰੀ। (ਅੱਯੂ. 42:3-6) ਅੱਯੂਬ ਵਾਂਗ ਜੇ ਅਸੀਂ ਵੀ ਇਹ ਕਬੂਲ ਕਰੀਏ ਕਿ ਅਸੀਂ ਸਾਰਾ ਕੁਝ ਨਹੀਂ ਜਾਣਦੇ, ਤਾਂ ਸਾਨੂੰ ਵੀ ਫ਼ਾਇਦਾ ਹੋਵੇਗਾ। ਅਸੀਂ ਯਹੋਵਾਹ ʼਤੇ ਭਰੋਸਾ ਕਰਨਾ ਸਿੱਖਾਂਗੇ ਅਤੇ ਸਾਨੂੰ ਇਸ ਗੱਲ ਦਾ ਪੂਰਾ ਯਕੀਨ ਹੋਵੇਗਾ ਕਿ ਉਹ ਸਾਨੂੰ ਅਜਿਹੀ ਹਰ ਗੱਲ ਦੱਸੇਗਾ ਜੋ ਸਾਡੇ ਲਈ ਜਾਣਨੀ ਜ਼ਰੂਰੀ ਹੈ ਤਾਂਕਿ ਅਸੀਂ ਵਧੀਆ ਫ਼ੈਸਲੇ ਕਰ ਸਕੀਏ।—ਕਹਾ. 2:6.
ਅੱਯੂਬ ਵਾਂਗ ਜੇ ਅਸੀਂ ਇਹ ਕਬੂਲ ਕਰੀਏ ਕਿ ਅਸੀਂ ਸਾਰਾ ਕੁਝ ਨਹੀਂ ਜਾਣਦੇ, ਤਾਂ ਸਾਨੂੰ ਫ਼ਾਇਦੇ ਹੋ ਸਕਦੇ ਹਨ (ਪੈਰਾ 2 ਦੇਖੋ)
3. ਇਸ ਲੇਖ ਵਿਚ ਅਸੀਂ ਕਿਨ੍ਹਾਂ ਗੱਲਾਂ ʼਤੇ ਚਰਚਾ ਕਰਾਂਗੇ?
3 ਇਸ ਲੇਖ ਵਿਚ ਅਸੀਂ ਚਰਚਾ ਕਰਾਂਗੇ ਕਿ ਅਜਿਹੀਆਂ ਕਿਹੜੀਆਂ ਕੁਝ ਗੱਲਾਂ ਹਨ ਜੋ ਅਸੀਂ ਨਹੀਂ ਜਾਣਦੇ ਅਤੇ ਇਸ ਕਰਕੇ ਸਾਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ। ਅਸੀਂ ਇਹ ਵੀ ਚਰਚਾ ਕਰਾਂਗੇ ਕਿ ਇਹ ਵਧੀਆ ਕਿਉਂ ਹੈ ਕਿ ਅਸੀਂ ਕੁਝ ਗੱਲਾਂ ਨਹੀਂ ਜਾਣਦੇ। ਇਨ੍ਹਾਂ ʼਤੇ ਚਰਚਾ ਕਰ ਕੇ ਯਹੋਵਾਹ ʼਤੇ ਸਾਡਾ ਭਰੋਸਾ ਵਧੇਗਾ “ਜਿਸ ਨੂੰ ਪੂਰਾ ਗਿਆਨ ਹੈ।” ਨਾਲੇ ਸਾਨੂੰ ਯਕੀਨ ਹੋ ਜਾਵੇਗਾ ਕਿ ਯਹੋਵਾਹ ਸਾਨੂੰ ਉਹ ਗੱਲਾਂ ਜ਼ਰੂਰ ਦੱਸੇਗਾ ਜੋ ਸਾਡੇ ਲਈ ਜਾਣਨੀਆਂ ਜ਼ਰੂਰੀ ਹਨ।—ਅੱਯੂ. 37:16.
ਅਸੀਂ ਨਹੀਂ ਜਾਣਦੇ ਕਿ ਅੰਤ ਕਦੋਂ ਆਵੇਗਾ
4. ਮੱਤੀ 24:36 ਅਨੁਸਾਰ ਅਸੀਂ ਕੀ ਨਹੀਂ ਜਾਣਦੇ ਹਾਂ?
4 ਮੱਤੀ 24:36 ਪੜ੍ਹੋ। ਅਸੀਂ ਨਹੀਂ ਜਾਣਦੇ ਕਿ ਇਸ ਦੁਨੀਆਂ ਦਾ ਅੰਤ ਕਦੋਂ ਹੋਵੇਗਾ। ਧਰਤੀ ʼਤੇ ਹੁੰਦਿਆਂ ਯਿਸੂ ਵੀ “ਉਸ ਦਿਨ ਜਾਂ ਉਸ ਘੜੀ” ਬਾਰੇ ਨਹੀਂ ਜਾਣਦਾ ਸੀ।a ਬਾਅਦ ਵਿਚ ਉਸ ਨੇ ਆਪਣੇ ਰਸੂਲਾਂ ਨੂੰ ਦੱਸਿਆ ਕਿ ਯਹੋਵਾਹ ਹੀ ਇਹ ਫ਼ੈਸਲਾ ਕਰਦਾ ਹੈ ਕਿ ਉਸ ਨੇ “ਕਿਹੜਾ ਕੰਮ ਕਿਸ ਵੇਲੇ ਕਰਨਾ ਹੈ।” (ਰਸੂ. 1:6, 7) ਯਹੋਵਾਹ ਨੇ ਇਸ ਦੁਨੀਆਂ ਦਾ ਅੰਤ ਲਿਆਉਣ ਦਾ ਸਮਾਂ ਤੈਅ ਕਰ ਲਿਆ ਹੈ, ਪਰ ਅਸੀਂ ਨਹੀਂ ਜਾਣਦੇ ਕਿ ਉਹ ਅੰਤ ਠੀਕ ਕਿਸ ਸਮੇਂ ਤੇ ਲਿਆਵੇਗਾ।
5. ਅਸੀਂ ਨਹੀਂ ਜਾਣਦੇ ਕਿ ਅੰਤ ਕਦੋਂ ਆਵੇਗਾ, ਇਸ ਦਾ ਸਾਡੇ ʼਤੇ ਕੀ ਅਸਰ ਪੈ ਸਕਦਾ ਹੈ?
5 ਅਸੀਂ ਨਹੀਂ ਜਾਣਦੇ ਕਿ ਅੰਤ ਕਦੋਂ ਆਵੇਗਾ। ਇਸ ਲਈ ਯਹੋਵਾਹ ਦੇ ਦਿਨ ਦੀ ਉਡੀਕ ਕਰਨੀ ਸਾਡੇ ਲਈ ਔਖੀ ਹੋ ਸਕਦੀ ਹੈ। ਮਿਸਾਲ ਲਈ, ਜੇ ਅਸੀਂ ਲੰਬੇ ਸਮੇਂ ਤੋਂ ਯਹੋਵਾਹ ਦੀ ਸੇਵਾ ਕਰ ਰਹੇ ਹਾਂ, ਤਾਂ ਸ਼ਾਇਦ ਅਸੀਂ ਨਿਰਾਸ਼ ਜਾਂ ਬੇਸਬਰੇ ਹੋ ਜਾਈਏ। ਜਾਂ ਜੇ ਸਾਡੇ ਘਰਦੇ ਜਾਂ ਦੂਜੇ ਸਾਡਾ ਮਖੌਲ ਉਡਾਉਂਦੇ ਹਨ, ਤਾਂ ਸਾਡੇ ਲਈ ਉਨ੍ਹਾਂ ਦੀਆਂ ਗੱਲਾਂ ਸਹਿਣੀਆਂ ਔਖੀਆਂ ਹੋ ਸਕਦੀਆਂ ਹਨ। (2 ਪਤ. 3:3, 4) ਅਸੀਂ ਸ਼ਾਇਦ ਸੋਚੀਏ ਕਿ ਜੇ ਸਾਨੂੰ ਪਤਾ ਹੁੰਦਾ ਕਿ ਅੰਤ ਕਦੋਂ ਆਉਣਾ ਹੈ, ਤਾਂ ਸਾਡੇ ਲਈ ਧੀਰਜ ਰੱਖਣਾ ਅਤੇ ਲੋਕਾਂ ਦਾ ਮਖੌਲ ਸਹਿਣਾ ਥੋੜ੍ਹਾ ਸੌਖਾ ਹੋ ਜਾਂਦਾ।
6. ਇਹ ਵਧੀਆ ਗੱਲ ਕਿਉਂ ਹੈ ਕਿ ਅਸੀਂ ਨਹੀਂ ਜਾਣਦੇ ਕਿ ਅੰਤ ਕਦੋਂ ਆਵੇਗਾ?
6 ਯਹੋਵਾਹ ਨੇ ਸਾਨੂੰ ਇਹ ਨਹੀਂ ਦੱਸਿਆ ਕਿ ਉਹ ਕਦੋਂ ਅੰਤ ਲੈ ਕੇ ਆਵੇਗਾ। ਇਸ ਲਈ ਸਾਡੇ ਕੋਲ ਇਹ ਦਿਖਾਉਣ ਦਾ ਮੌਕਾ ਹੈ ਕਿ ਅਸੀਂ ਯਹੋਵਾਹ ਦੀ ਸੇਵਾ ਇਸ ਲਈ ਕਰਦੇ ਹਾਂ ਕਿਉਂਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ ਅਤੇ ਉਸ ʼਤੇ ਭਰੋਸਾ ਕਰਦੇ ਹਾਂ। ਅਸੀਂ ਕੋਈ ਤਾਰੀਖ਼ ਮਨ ਵਿਚ ਰੱਖ ਕੇ ਯਹੋਵਾਹ ਦੀ ਸੇਵਾ ਨਹੀਂ ਕਰਦੇ। ਅਸੀਂ ਇੱਦਾਂ ਨਹੀਂ ਸੋਚਦੇ ਕਿ ਜੇ ਉਸ ਤਾਰੀਖ਼ ਤਕ ਅੰਤ ਨਾ ਆਇਆ, ਤਾਂ ਅਸੀਂ ਉਸ ʼਤੇ ਨਿਹਚਾ ਕਰਨੀ ਛੱਡ ਦੇਵਾਂਗੇ। ਇਹ ਸੋਚਦੇ ਰਹਿਣ ਦੀ ਬਜਾਇ ਕਿ ‘ਯਹੋਵਾਹ ਦਾ ਦਿਨ’ ਕਦੋਂ ਆਵੇਗਾ, ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਜਦੋਂ ਉਹ ਦਿਨ ਆਵੇਗਾ, ਤਾਂ ਸਾਨੂੰ ਕਿਹੜੀਆਂ-ਕਿਹੜੀਆਂ ਬਰਕਤਾਂ ਮਿਲਣਗੀਆਂ। ਜੇ ਅਸੀਂ ਇੱਦਾਂ ਕਰਾਂਗੇ, ਤਾਂ ਅਸੀਂ ਯਹੋਵਾਹ ਦੇ ਹੋਰ ਨੇੜੇ ਜਾਵਾਂਗੇ, ਉਸ ʼਤੇ ਸਾਡਾ ਭਰੋਸਾ ਹੋਰ ਮਜ਼ਬੂਤ ਹੋਵੇਗਾ ਅਤੇ ਅਸੀਂ ਉਨ੍ਹਾਂ ਕੰਮਾਂ ਵਿਚ ਲੱਗੇ ਰਹਾਂਗੇ ਜਿਨ੍ਹਾਂ ਤੋਂ ਉਸ ਨੂੰ ਖ਼ੁਸ਼ੀ ਹੁੰਦੀ ਹੈ।—2 ਪਤ. 3:11, 12.
7. ਅਸੀਂ ਕੀ ਜਾਣਦੇ ਹਾਂ?
7 ਸਾਨੂੰ ਉਨ੍ਹਾਂ ਗੱਲਾਂ ʼਤੇ ਧਿਆਨ ਦੇਣਾ ਚਾਹੀਦਾ ਹੈ ਜੋ ਅਸੀਂ ਜਾਣਦੇ ਹਾਂ। ਮਿਸਾਲ ਲਈ, ਅਸੀਂ ਜਾਣਦੇ ਹਾਂ ਕਿ 1914 ਤੋਂ ਇਸ ਦੁਨੀਆਂ ਦੇ ਆਖ਼ਰੀ ਦਿਨ ਸ਼ੁਰੂ ਹੋ ਚੁੱਕੇ ਹਨ। ਯਹੋਵਾਹ ਨੇ ਬਾਈਬਲ ਵਿਚ ਅਜਿਹੀਆਂ ਕਈ ਭਵਿੱਖਬਾਣੀਆਂ ਦਰਜ ਕਰਵਾਈਆਂ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ 1914 ਵਿਚ ਆਖ਼ਰੀ ਦਿਨ ਸ਼ੁਰੂ ਹੋਏ। ਇੰਨਾ ਹੀ ਨਹੀਂ, ਇਹ ਵੀ ਦੱਸਿਆ ਗਿਆ ਹੈ ਕਿ ਆਖ਼ਰੀ ਦਿਨਾਂ ਵਿਚ ਦੁਨੀਆਂ ਦੇ ਹਾਲਾਤ ਕਿਹੋ ਜਿਹੋ ਹੋਣਗੇ। ਅੱਜ ਅਸੀਂ ਆਪਣੀ ਅੱਖੀਂ ਇਹ ਗੱਲਾਂ ਪੂਰੀਆਂ ਹੁੰਦੀਆਂ ਦੇਖ ਰਹੇ ਹਾਂ ਜਿਸ ਕਰਕੇ ਸਾਨੂੰ ਯਕੀਨ ਹੈ ਕਿ “ਯਹੋਵਾਹ ਦਾ ਮਹਾਨ ਦਿਨ ਨੇੜੇ ਹੈ।” (ਸਫ਼. 1:14) ਅਸੀਂ ਇਹ ਵੀ ਜਾਣਦੇ ਹਾਂ ਕਿ ਯਹੋਵਾਹ ਸਾਡੇ ਤੋਂ ਕੀ ਚਾਹੁੰਦਾ ਹੈ। ਉਹ ਚਾਹੁੰਦਾ ਹੈ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ‘ਰਾਜ ਦੀ ਖ਼ੁਸ਼ ਖ਼ਬਰੀ’ ਸੁਣਾਈਏ। (ਮੱਤੀ 24:14) ਅੱਜ ਇਹ ਖ਼ੁਸ਼ ਖ਼ਬਰੀ ਲਗਭਗ 240 ਦੇਸ਼ਾਂ ਵਿਚ ਅਤੇ 1,000 ਤੋਂ ਵੀ ਜ਼ਿਆਦਾ ਭਾਸ਼ਾਵਾਂ ਵਿਚ ਸੁਣਾਈ ਜਾ ਰਹੀ ਹੈ। ਜੋਸ਼ ਨਾਲ ਪ੍ਰਚਾਰ ਕਰਨ ਲਈ ਇਹ ਜ਼ਰੂਰੀ ਨਹੀਂ ਕਿ ਸਾਨੂੰ ਪਤਾ ਹੋਵੇ ਕਿ ਉਹ “ਦਿਨ” ਜਾਂ ਉਹ “ਘੜੀ” ਕਦੋਂ ਆਵੇਗੀ।
ਅਸੀਂ ਨਹੀਂ ਜਾਣਦੇ ਕਿ ਯਹੋਵਾਹ ਕਿਵੇਂ ਕਦਮ ਚੁੱਕੇਗਾ
8. “ਸੱਚੇ ਪਰਮੇਸ਼ੁਰ ਦੇ ਕੰਮਾਂ” ਦਾ ਕੀ ਮਤਲਬ ਹੈ? (ਉਪਦੇਸ਼ਕ ਦੀ ਕਿਤਾਬ 11:5)
8 ਅਸੀਂ “ਸੱਚੇ ਪਰਮੇਸ਼ੁਰ ਦੇ ਕੰਮਾਂ” ਨੂੰ ਪੂਰੀ ਤਰ੍ਹਾਂ ਨਹੀਂ ਜਾਣਦੇ। (ਉਪਦੇਸ਼ਕ ਦੀ ਕਿਤਾਬ 11:5 ਪੜ੍ਹੋ।) ਇਸ ਦਾ ਕੀ ਮਤਲਬ ਹੈ? ਯਹੋਵਾਹ ਆਪਣੀ ਇੱਛਾ ਪੂਰੀ ਕਰਨ ਲਈ ਜੋ ਵੀ ਕਰਦਾ ਹੈ ਅਤੇ ਜਿਨ੍ਹਾਂ ਗੱਲਾਂ ਨੂੰ ਹੋਣ ਦੀ ਇਜਾਜ਼ਤ ਦਿੰਦਾ ਹੈ, ਉਹ ਸਾਰੇ ਉਸ ਦੇ ਕੰਮ ਹਨ। ਅਸੀਂ ਨਹੀਂ ਜਾਣ ਸਕਦੇ ਕਿ ਕਈ ਵਾਰ ਯਹੋਵਾਹ ਕਿਉਂ ਕੁਝ ਹੋਣ ਦਿੰਦਾ ਹੈ ਜਾਂ ਕੁਝ ਮਾਮਲਿਆਂ ਵਿਚ ਉਹ ਸਾਡੀ ਖ਼ਾਤਰ ਕਿਵੇਂ ਕਦਮ ਚੁੱਕੇਗਾ। (ਜ਼ਬੂ. 37:5) ਜਿੱਦਾਂ ਵੱਡੇ-ਵੱਡੇ ਵਿਗਿਆਨੀ ਅੱਜ ਤਕ ਨਹੀਂ ਜਾਣ ਸਕੇ ਕਿ ਮਾਂ ਦੀ ਕੁੱਖ ਵਿਚ ਬੱਚਾ ਕਿਵੇਂ ਵਧਦਾ-ਫੁੱਲਦਾ ਹੈ, ਉੱਦਾਂ ਹੀ ਅਸੀਂ ਸੱਚੇ ਪਰਮੇਸ਼ੁਰ ਦੇ ਕੰਮਾਂ ਨੂੰ ਪੂਰੀ ਤਰ੍ਹਾਂ ਨਹੀਂ ਜਾਣ ਸਕਦੇ।
9. ਅਸੀਂ ਨਹੀਂ ਜਾਣਦੇ ਕਿ ਯਹੋਵਾਹ ਸਾਡੀ ਖ਼ਾਤਰ ਕਿਵੇਂ ਕਦਮ ਚੁੱਕੇਗਾ, ਇਸ ਕਰਕੇ ਕੀ ਹੋ ਸਕਦਾ ਹੈ?
9 ਅਸੀਂ ਨਹੀਂ ਜਾਣਦੇ ਕਿ ਯਹੋਵਾਹ ਸਾਡੀ ਖ਼ਾਤਰ ਕਿਵੇਂ ਕਦਮ ਚੁੱਕੇਗਾ। ਇਸ ਕਰਕੇ ਸ਼ਾਇਦ ਅਸੀਂ ਕੁਝ ਫ਼ੈਸਲੇ ਲੈਣ ਤੋਂ ਝਿਜਕੀਏ। ਮਿਸਾਲ ਲਈ, ਪਰਮੇਸ਼ੁਰ ਦੀ ਵਧ-ਚੜ੍ਹ ਕੇ ਸੇਵਾ ਕਰਨ ਲਈ ਸ਼ਾਇਦ ਅਸੀਂ ਆਪਣੀ ਜ਼ਿੰਦਗੀ ਸਾਦੀ ਕਰਨ ਤੋਂ ਝਿਜਕੀਏ ਜਾਂ ਅਜਿਹੀ ਜਗ੍ਹਾ ʼਤੇ ਸੇਵਾ ਕਰਨ ਤੋਂ ਝਿਜਕੀਏ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਨਾਲੇ ਸ਼ਾਇਦ ਅਸੀਂ ਸੋਚੀਏ ਕਿ ਪਤਾ ਨਹੀਂ ਯਹੋਵਾਹ ਸਾਡੇ ਤੋਂ ਖ਼ੁਸ਼ ਹੈ ਵੀ ਕਿ ਨਹੀਂ। ਮਿਸਾਲ ਲਈ, ਸ਼ਾਇਦ ਅਸੀਂ ਯਹੋਵਾਹ ਦੀ ਸੇਵਾ ਵਿਚ ਟੀਚੇ ਰੱਖੇ ਹੋਣ, ਪਰ ਅਸੀਂ ਉਨ੍ਹਾਂ ਨੂੰ ਹਾਸਲ ਨਹੀਂ ਕਰ ਪਾ ਰਹੇ। ਜਾਂ ਪ੍ਰਚਾਰ ਵਿਚ ਸਖ਼ਤ ਮਿਹਨਤ ਕਰਨ ਤੋਂ ਬਾਅਦ ਵੀ ਚੰਗੇ ਨਤੀਜੇ ਨਹੀਂ ਨਿਕਲ ਰਹੇ ਜਾਂ ਸੰਗਠਨ ਤੋਂ ਮਿਲਿਆ ਕੋਈ ਕੰਮ ਪੂਰਾ ਕਰਨ ਵਿਚ ਸਾਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ।
10. ਅਸੀਂ ਨਹੀਂ ਜਾਣਦੇ ਕਿ ਯਹੋਵਾਹ ਸਾਡੀ ਖ਼ਾਤਰ ਕਿਵੇਂ ਕਦਮ ਚੁੱਕੇਗਾ, ਇਸ ਕਰਕੇ ਸਾਨੂੰ ਕਿਹੜੇ ਫ਼ਾਇਦੇ ਹੁੰਦੇ ਹਨ?
10 ਅਸੀਂ ਨਹੀਂ ਜਾਣਦੇ ਕਿ ਯਹੋਵਾਹ ਸਾਡੀ ਖ਼ਾਤਰ ਕਿਵੇਂ ਕਦਮ ਚੁੱਕੇਗਾ, ਇਸ ਕਰਕੇ ਸਾਨੂੰ ਕੁਝ ਫ਼ਾਇਦੇ ਵੀ ਹੁੰਦੇ ਹਨ। ਮਿਸਾਲ ਲਈ, ਅਸੀਂ ਨਿਮਰ ਬਣਨਾ ਸਿੱਖਦੇ ਹਾਂ। ਅਸੀਂ ਸਮਝ ਸਕਦੇ ਹਾਂ ਕਿ ਯਹੋਵਾਹ ਦੇ ਰਾਹ ਅਤੇ ਉਸ ਦੇ ਵਿਚਾਰ ਸਾਡੇ ਤੋਂ ਕਿੰਨੇ ਉੱਚੇ ਹਨ! (ਯਸਾ. 55:8, 9) ਇਸ ਤੋਂ ਇਲਾਵਾ, ਅਸੀਂ ਯਹੋਵਾਹ ʼਤੇ ਭਰੋਸਾ ਕਰਨਾ ਵੀ ਸਿੱਖਦੇ ਹਾਂ ਅਤੇ ਯਕੀਨ ਰੱਖਦੇ ਹਾਂ ਕਿ ਉਹ ਸਾਡੀ ਮਦਦ ਕਰੇਗਾ। ਜਦੋਂ ਸਾਨੂੰ ਪ੍ਰਚਾਰ ਵਿਚ ਵਧੀਆ ਨਤੀਜੇ ਮਿਲਦੇ ਹਨ ਜਾਂ ਅਸੀਂ ਸੰਗਠਨ ਵੱਲੋਂ ਮਿਲਿਆ ਕੋਈ ਕੰਮ ਵਧੀਆ ਢੰਗ ਨਾਲ ਪੂਰਾ ਕਰ ਪਾਉਂਦੇ ਹਾਂ, ਤਾਂ ਅਸੀਂ ਇਸ ਦਾ ਸਿਹਰਾ ਯਹੋਵਾਹ ਨੂੰ ਦਿੰਦੇ ਹਾਂ। (ਜ਼ਬੂ. 127:1; 1 ਕੁਰਿੰ. 3:7) ਨਾਲੇ ਜਦੋਂ ਸਾਰਾ ਕੁਝ ਉੱਦਾਂ ਨਹੀਂ ਹੁੰਦਾ ਜਿੱਦਾਂ ਅਸੀਂ ਉਮੀਦ ਕੀਤੀ ਹੁੰਦੀ ਹੈ, ਤਾਂ ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਯਹੋਵਾਹ ਸਾਰਾ ਕੁਝ ਜਾਣਦਾ ਹੈ। ਇੱਦਾਂ ਕਰ ਕੇ ਅਸੀਂ ਆਪਣੀ ਸ਼ਾਂਤੀ ਬਣਾਈ ਰੱਖ ਸਕਾਂਗੇ। (ਯਸਾ. 26:12) ਪਰ ਅਸੀਂ ਆਪਣੇ ਵੱਲੋਂ ਜੋ ਕਰ ਸਕਦੇ ਹਾਂ, ਉਹ ਕਰਾਂਗੇ ਅਤੇ ਯਕੀਨ ਰੱਖਾਂਗੇ ਕਿ ਬਾਕੀ ਸਾਰਾ ਕੁਝ ਯਹੋਵਾਹ ਸੰਭਾਲ ਲਵੇਗਾ। ਹੋ ਸਕਦਾ ਹੈ ਕਿ ਪੁਰਾਣੇ ਜ਼ਮਾਨੇ ਵਾਂਗ ਉਹ ਕੋਈ ਚਮਤਕਾਰ ਨਾ ਕਰੇ, ਪਰ ਉਹ ਸਾਨੂੰ ਸਹੀ ਰਾਹ ਜ਼ਰੂਰ ਦਿਖਾਵੇਗਾ।—ਰਸੂ. 16:6-10.
11. ਅਸੀਂ ਯਹੋਵਾਹ ਬਾਰੇ ਕੀ ਜਾਣਦੇ ਹਾਂ?
11 ਹੁਣ ਜ਼ਰਾ ਸੋਚੋ ਕਿ ਅਸੀਂ ਯਹੋਵਾਹ ਬਾਰੇ ਕੀ ਜਾਣਦੇ ਹਾਂ। ਇਹੀ ਕਿ ਉਹ ਪਿਆਰ ਕਰਨ ਵਾਲਾ ਪਰਮੇਸ਼ੁਰ ਹੈ, ਹਮੇਸ਼ਾ ਸਹੀ ਨਿਆਂ ਕਰਦਾ ਹੈ ਅਤੇ ਬੁੱਧੀਮਾਨ ਹੈ। ਅਸੀਂ ਜਾਣਦੇ ਹਾਂ ਕਿ ਅਸੀਂ ਉਸ ਲਈ ਅਤੇ ਭੈਣਾਂ-ਭਰਾਵਾਂ ਲਈ ਜੋ ਕੁਝ ਕਰਦੇ ਹਾਂ, ਉਹ ਉਸ ਦੀ ਬਹੁਤ ਕਦਰ ਕਰਦਾ ਹੈ। ਨਾਲੇ ਅਸੀਂ ਇਹ ਵੀ ਜਾਣਦੇ ਹਾਂ ਕਿ ਜੋ ਉਸ ਦੇ ਵਫ਼ਾਦਾਰ ਰਹਿੰਦੇ ਹਨ, ਉਹ ਉਨ੍ਹਾਂ ਨੂੰ ਇਨਾਮ ਦਿੰਦਾ ਹੈ।—ਇਬ. 11:6.
ਅਸੀਂ ਨਹੀਂ ਜਾਣਦੇ ਕਿ ਕੱਲ੍ਹ ਨੂੰ ਕੀ ਹੋਵੇਗਾ
12. ਯਾਕੂਬ 4:13, 14 ਮੁਤਾਬਕ ਅਸੀਂ ਕੀ ਨਹੀਂ ਜਾਣਦੇ?
12 ਯਾਕੂਬ 4:13, 14 ਪੜ੍ਹੋ। ਅਸੀਂ ਨਹੀਂ ਜਾਣਦੇ ਕਿ ਕੱਲ੍ਹ ਨੂੰ ਸਾਡੇ ਨਾਲ ਕੀ ਹੋਵੇਗਾ। ਇਸ ਦੁਨੀਆਂ ਵਿਚ ਸਾਡੇ ʼਤੇ ਕਦੇ ਵੀ “ਬੁਰਾ ਸਮਾਂ” ਆ ਸਕਦਾ ਹੈ ਅਤੇ ਸਾਡੇ ਨਾਲ “ਅਚਾਨਕ ਕੁਝ ਵੀ ਵਾਪਰ ਸਕਦਾ ਹੈ।” (ਉਪ. 9:11) ਇਸ ਲਈ ਅਸੀਂ ਨਹੀਂ ਜਾਣਦੇ ਕਿ ਅਸੀਂ ਜੋ ਯੋਜਨਾਵਾਂ ਬਣਾਈਆਂ ਹਨ, ਉਹ ਸਫ਼ਲ ਹੋਣਗੀਆਂ ਵੀ ਜਾਂ ਨਹੀਂ ਅਤੇ ਉਨ੍ਹਾਂ ਮੁਤਾਬਕ ਕੰਮ ਕਰਨ ਲਈ ਅਸੀਂ ਜੀਉਂਦੇ ਰਹਾਂਗੇ ਵੀ ਜਾਂ ਨਹੀਂ।
13. ਅਸੀਂ ਨਹੀਂ ਜਾਣਦੇ ਕਿ ਭਵਿੱਖ ਵਿਚ ਸਾਡੇ ਨਾਲ ਕੀ ਹੋਵੇਗਾ, ਇਸ ਦਾ ਸਾਡੇ ʼਤੇ ਕੀ ਅਸਰ ਪੈ ਸਕਦਾ ਹੈ?
13 ਅਸੀਂ ਨਹੀਂ ਜਾਣਦੇ ਕਿ ਭਵਿੱਖ ਵਿਚ ਸਾਡੇ ਨਾਲ ਕੀ ਹੋਵੇਗਾ, ਇਸ ਕਰਕੇ ਸਾਡੇ ਲਈ ਮੁਸ਼ਕਲਾਂ ਸਹਿਣੀਆਂ ਔਖੀਆਂ ਹੋ ਸਕਦੀਆਂ ਹਨ। ਅਸੀਂ ਸ਼ਾਇਦ ਭਵਿੱਖ ਬਾਰੇ ਸੋਚ-ਸੋਚ ਕੇ ਪਰੇਸ਼ਾਨ ਹੋ ਜਾਈਏ ਅਤੇ ਆਪਣੀ ਖ਼ੁਸ਼ੀ ਗੁਆ ਬੈਠੀਏ। ਇਸ ਤੋਂ ਇਲਾਵਾ, ਅਚਾਨਕ ਕੋਈ ਹਾਦਸਾ ਹੋਣ ਕਰਕੇ ਸ਼ਾਇਦ ਅਸੀਂ ਬਹੁਤ ਦੁਖੀ ਜਾਂ ਪਰੇਸ਼ਾਨ ਹੋ ਜਾਈਏ। ਨਾਲੇ ਜਦੋਂ ਸਾਡੀ ਉਮੀਦ ਪੂਰੀ ਨਾ ਹੋਵੇ, ਤਾਂ ਸ਼ਾਇਦ ਅਸੀਂ ਬਹੁਤ ਨਿਰਾਸ਼ ਹੋ ਜਾਈਏ।—ਕਹਾ. 13:12.
14. ਸਾਡੀ ਖ਼ੁਸ਼ੀ ਕਿਸ ਗੱਲ ʼਤੇ ਨਿਰਭਰ ਕਰਦੀ ਹੈ? (ਤਸਵੀਰਾਂ ਵੀ ਦੇਖੋ।)
14 ਜਦੋਂ ਅਸੀਂ ਮੁਸ਼ਕਲਾਂ ਦੌਰਾਨ ਧੀਰਜ ਰੱਖਦੇ ਹਾਂ, ਤਾਂ ਅਸੀਂ ਸਾਬਤ ਕਰਦੇ ਹਾਂ ਕਿ ਅਸੀਂ ਯਹੋਵਾਹ ਦੀ ਸੇਵਾ ਪਿਆਰ ਹੋਣ ਕਰਕੇ ਕਰਦੇ ਹਾਂ, ਨਾ ਕਿ ਆਪਣੇ ਸੁਆਰਥ ਕਰਕੇ। ਬਾਈਬਲ ਤੋਂ ਅਸੀਂ ਜਾਣਿਆ ਹੈ ਕਿ ਸਾਨੂੰ ਇਹ ਉਮੀਦ ਨਹੀਂ ਕਰਨੀ ਚਾਹੀਦੀ ਕਿ ਯਹੋਵਾਹ ਸਾਨੂੰ ਹਰ ਮੁਸ਼ਕਲ ਤੋਂ ਬਚਾਵੇਗਾ। ਅਸੀਂ ਇਹ ਵੀ ਜਾਣਿਆ ਹੈ ਕਿ ਉਸ ਨੇ ਪਹਿਲਾਂ ਤੋਂ ਹੀ ਇਹ ਨਹੀਂ ਲਿਖ ਦਿੱਤਾ ਕਿ ਸਾਡੇ ਨਾਲ ਕੀ-ਕੀ ਹੋਵੇਗਾ। ਯਹੋਵਾਹ ਜਾਣਦਾ ਹੈ ਕਿ ਸਾਡੀ ਖ਼ੁਸ਼ੀ ਇਸ ਗੱਲ ʼਤੇ ਨਿਰਭਰ ਨਹੀਂ ਕਰਦੀ ਕਿ ਸਾਨੂੰ ਭਵਿੱਖ ਬਾਰੇ ਸਾਰਾ ਕੁਝ ਪਤਾ ਹੋਵੇ। ਇਸ ਦੀ ਬਜਾਇ, ਇਸ ਗੱਲ ʼਤੇ ਨਿਰਭਰ ਕਰਦੀ ਹੈ ਕਿ ਅਸੀਂ ਉਸ ਦੀ ਅਗਵਾਈ ਵਿਚ ਚੱਲੀਏ ਅਤੇ ਉਸ ਦਾ ਕਹਿਣਾ ਮੰਨੀਏ। (ਯਿਰ. 10:23) ਇਸ ਲਈ ਕੋਈ ਵੀ ਫ਼ੈਸਲਾ ਕਰਦਿਆਂ ਯਹੋਵਾਹ ʼਤੇ ਭਰੋਸਾ ਰੱਖੋ ਅਤੇ ਯਾਕੂਬ ਵਰਗਾ ਰਵੱਈਆ ਰੱਖੋ ਜਿਸ ਨੇ ਲਿਖਿਆ: “ਜੇ ਯਹੋਵਾਹ ਨੇ ਚਾਹਿਆ, ਤਾਂ ਅਸੀਂ ਜੀਉਂਦੇ ਰਹਾਂਗੇ ਅਤੇ ਇਹ ਕਰਾਂਗੇ ਜਾਂ ਉਹ ਕਰਾਂਗੇ।”—ਯਾਕੂ. 4:15.
ਜਦੋਂ ਅਸੀਂ ਯਹੋਵਾਹ ਦਾ ਕਹਿਣਾ ਮੰਨਦੇ ਹਾਂ ਅਤੇ ਉਸ ਦੀ ਅਗਵਾਈ ਵਿਚ ਚੱਲਦੇ ਹਾਂ, ਤਾਂ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਉਹ ਸਾਡੀ ਮਦਦ ਕਰੇਗਾ ਅਤੇ ਸਾਨੂੰ ਬਰਕਤ ਦੇਵੇਗਾ (ਪੈਰੇ 14-15 ਦੇਖੋ)b
15. ਅਸੀਂ ਭਵਿੱਖ ਬਾਰੇ ਕੀ ਜਾਣਦੇ ਹਾਂ?
15 ਬਿਨਾਂ ਸ਼ੱਕ, ਅਸੀਂ ਇਹ ਨਹੀਂ ਜਾਣਦੇ ਕਿ ਕੱਲ੍ਹ ਨੂੰ ਕੀ ਹੋਵੇਗਾ, ਪਰ ਅਸੀਂ ਯਹੋਵਾਹ ਦੇ ਵਾਅਦੇ ਜ਼ਰੂਰ ਜਾਣਦੇ ਹਾਂ। ਉਸ ਨੇ ਵਾਅਦਾ ਕੀਤਾ ਹੈ ਕਿ ਉਹ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ। ਕੁਝ ਲੋਕਾਂ ਨੂੰ ਸਵਰਗ ਵਿਚ ਅਤੇ ਕੁਝ ਜਣਿਆਂ ਨੂੰ ਧਰਤੀ ʼਤੇ। ਅਸੀਂ ਇਹ ਵੀ ਜਾਣਦੇ ਹਾਂ ਕਿ ਉਹ ਕਦੇ ਝੂਠ ਨਹੀਂ ਬੋਲ ਸਕਦਾ ਅਤੇ ਕੋਈ ਵੀ ਉਸ ਨੂੰ ਆਪਣੇ ਵਾਅਦੇ ਪੂਰੇ ਕਰਨ ਤੋਂ ਰੋਕ ਨਹੀਂ ਸਕਦਾ। (ਤੀਤੁ. 1:2) ਸਿਰਫ਼ ਯਹੋਵਾਹ ਹੀ ਸਾਨੂੰ ਭਵਿੱਖ ਬਾਰੇ ਦੱਸ ਸਕਦਾ ਹੈ। ਬਾਈਬਲ ਵਿਚ ਲਿਖਿਆ ਹੈ: “ਜੋ ਗੱਲਾਂ ਹਾਲੇ ਨਹੀਂ ਹੋਈਆਂ, ਉਹ [ਯਹੋਵਾਹ] ਬਹੁਤ ਪਹਿਲਾਂ ਤੋਂ ਹੀ ਦੱਸ ਦਿੰਦਾ ਹਾਂ।” (ਯਸਾ. 46:10) ਉਸ ਨੇ ਪੁਰਾਣੇ ਜ਼ਮਾਨੇ ਬਾਰੇ ਜੋ ਕੁਝ ਦੱਸਿਆ ਸੀ, ਉਹ ਸਭ ਕੁਝ ਸੱਚ ਸਾਬਤ ਹੋਇਆ ਹੈ। ਨਾਲੇ ਉਸ ਨੇ ਸਾਡੇ ਭਵਿੱਖ ਬਾਰੇ ਜੋ ਵੀ ਦੱਸਿਆ ਹੈ, ਉਹ ਵੀ ਜ਼ਰੂਰ ਪੂਰਾ ਹੋਵੇਗਾ। ਸਾਨੂੰ ਪੂਰਾ ਯਕੀਨ ਹੈ ਕਿ ਕੋਈ ਵੀ ਚੀਜ਼ ਯਹੋਵਾਹ ਨੂੰ ਸਾਡੇ ਨਾਲ ਪਿਆਰ ਕਰਨ ਤੋਂ ਨਹੀਂ ਰੋਕ ਸਕਦੀ। (ਰੋਮੀ. 8:35-39) ਇਹੀ ਨਹੀਂ, ਉਹ ਸਾਨੂੰ ਹਰ ਮੁਸ਼ਕਲ ਨੂੰ ਸਹਿਣ ਲਈ ਬੁੱਧ, ਦਿਲਾਸਾ ਅਤੇ ਤਾਕਤ ਦੇਵੇਗਾ। ਸਾਨੂੰ ਯਕੀਨ ਹੈ ਕਿ ਯਹੋਵਾਹ ਸਾਡੀ ਮਦਦ ਕਰੇਗਾ ਅਤੇ ਸਾਨੂੰ ਬਰਕਤਾਂ ਦੇਵੇਗਾ।—ਯਿਰ. 17:7, 8.
ਅਸੀਂ ਪੂਰੀ ਤਰ੍ਹਾਂ ਨਹੀਂ ਸਮਝ ਸਕਦੇ ਕਿ ਯਹੋਵਾਹ ਸਾਨੂੰ ਕਿੰਨੀ ਚੰਗੀ ਤਰ੍ਹਾਂ ਜਾਣਦਾ ਹੈ
16. ਯਹੋਵਾਹ ਸਾਡੇ ਬਾਰੇ ਕੀ ਜਾਣਦਾ ਹੈ ਅਤੇ ਇਸ ਬਾਰੇ ਸੋਚ ਕੇ ਤੁਹਾਨੂੰ ਕਿੱਦਾਂ ਲੱਗਦਾ ਹੈ? (ਜ਼ਬੂਰ 139:1-6)
16 ਜ਼ਬੂਰ 139:1-6 ਪੜ੍ਹੋ। ਸਾਡਾ ਸਿਰਜਣਹਾਰ ਸਾਡੀ ਬਣਾਵਟ ਜਾਣਦਾ ਹੈ। ਉਹ ਜਾਣਦਾ ਹੈ ਕਿ ਅੱਜ ਅਸੀਂ ਜਿੱਦਾਂ ਦੇ ਹਾਂ, ਉੱਦਾਂ ਦੇ ਕਿਉਂ ਹਾਂ। ਉਹ ਇਹ ਵੀ ਜਾਣਦਾ ਹੈ ਕਿ ਅਸੀਂ ਕੀ ਸੋਚਦੇ ਹਾਂ ਅਤੇ ਕਿਵੇਂ ਮਹਿਸੂਸ ਕਰਦੇ ਹਾਂ। ਉਹ ਜਾਣਦਾ ਹੈ ਕਿ ਅਸੀਂ ਜੋ ਕਹਿੰਦੇ ਜਾਂ ਕਰਦੇ ਹਾਂ, ਉਸ ਪਿੱਛੇ ਸਾਡਾ ਇਰਾਦਾ ਕੀ ਹੈ। ਮਿਸਾਲ ਲਈ, ਰਾਜਾ ਦਾਊਦ ਨੇ ਕਿਹਾ ਸੀ ਕਿ ਯਹੋਵਾਹ ਹਮੇਸ਼ਾ ਸਾਡੇ ʼਤੇ ਧਿਆਨ ਦਿੰਦਾ ਹੈ ਅਤੇ ਅਸੀਂ ਕਦੀ ਵੀ ਉਸ ਦੀ ਪਹੁੰਚ ਤੋਂ ਦੂਰ ਨਹੀਂ ਹੁੰਦੇ ਯਾਨੀ ਉਹ ਹਮੇਸ਼ਾ ਸਾਡੀ ਮਦਦ ਕਰਨ ਲਈ ਤਿਆਰ ਰਹਿੰਦਾ ਹੈ। ਜ਼ਰਾ ਸੋਚੋ, ਇਹ ਕਿੰਨੀ ਵੱਡੀ ਗੱਲ ਹੈ ਕਿ ਸਵਰਗ ਅਤੇ ਧਰਤੀ ਨੂੰ ਬਣਾਉਣ ਵਾਲਾ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਸਾਡੇ ਵਰਗੇ ਮਾਮੂਲੀ ਇਨਸਾਨਾਂ ਵੱਲ ਧਿਆਨ ਦਿੰਦਾ ਹੈ! ਇਸ ਬਾਰੇ ਦਾਊਦ ਨੇ ਕਿਹਾ: “ਤੈਨੂੰ ਮੇਰੇ ਬਾਰੇ ਡੂੰਘਾ ਗਿਆਨ ਹੈ ਜੋ ਮੇਰੇ ਲਈ ਬੜੇ ਅਚੰਭੇ ਦੀ ਗੱਲ ਹੈ। ਇਸ ਨੂੰ ਸਮਝਣਾ ਮੇਰੇ ਵੱਸੋਂ ਬਾਹਰ ਹੈ।”—ਜ਼ਬੂ. 139:6, ਫੁਟਨੋਟ।
17. ਸਾਡੇ ਲਈ ਇਹ ਮੰਨਣਾ ਕਿਉਂ ਔਖਾ ਹੋ ਸਕਦਾ ਹੈ ਕਿ ਯਹੋਵਾਹ ਸਾਨੂੰ ਚੰਗੀ ਤਰ੍ਹਾਂ ਜਾਣਦਾ ਹੈ?
17 ਸ਼ਾਇਦ ਆਪਣੀ ਪਰਵਰਿਸ਼, ਸਭਿਆਚਾਰ ਜਾਂ ਵਿਸ਼ਵਾਸਾਂ ਕਰਕੇ ਸਾਡੇ ਲਈ ਇਹ ਮੰਨਣਾ ਔਖਾ ਹੋਵੇ ਕਿ ਯਹੋਵਾਹ ਇਕ ਪਿਆਰ ਕਰਨ ਵਾਲਾ ਪਿਤਾ ਹੈ ਅਤੇ ਉਹ ਸਾਡੀ ਬਹੁਤ ਪਰਵਾਹ ਕਰਦਾ ਹੈ। ਜਾਂ ਹੋ ਸਕਦਾ ਹੈ ਕਿ ਬੀਤੇ ਸਮੇਂ ਵਿਚ ਕੀਤੀਆਂ ਗ਼ਲਤੀਆਂ ਕਰਕੇ ਸਾਨੂੰ ਲੱਗਦਾ ਹੋਵੇ ਕਿ ਯਹੋਵਾਹ ਸਾਡੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ ਅਤੇ ਉਹ ਸਾਡੇ ਤੋਂ ਬਹੁਤ ਦੂਰ ਹੈ। ਕਦੇ-ਕਦਾਈਂ ਦਾਊਦ ਨੂੰ ਵੀ ਇੱਦਾਂ ਹੀ ਲੱਗਾ ਸੀ। (ਜ਼ਬੂ. 38:18, 21) ਜਾਂ ਇਹ ਵੀ ਹੋ ਸਕਦਾ ਹੈ ਕਿ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਇਕ ਵਿਅਕਤੀ ਆਪਣੀ ਬਦਚਲਣ ਜ਼ਿੰਦਗੀ ਛੱਡਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੋਵੇ। ਪਰ ਉਸ ਦੇ ਮਨ ਵਿਚ ਸ਼ਾਇਦ ਇਹ ਸਵਾਲ ਆਵੇ, ‘ਜੇ ਪਰਮੇਸ਼ੁਰ ਮੈਨੂੰ ਇੰਨੀ ਚੰਗੀ ਤਰ੍ਹਾਂ ਜਾਣਦਾ ਹੈ, ਤਾਂ ਫਿਰ ਉਹ ਕਿਉਂ ਚਾਹੁੰਦਾ ਹੈ ਕਿ ਮੈਂ ਆਪਣਾ ਜੀਉਣ ਦਾ ਤਰੀਕਾ ਬਦਲਾਂ ਅਤੇ ਉਹ ਚੀਜ਼ਾਂ ਛੱਡ ਦੇਵਾਂ ਜੋ ਮੈਨੂੰ ਬਹੁਤ ਪਸੰਦ ਹਨ?’
18. ਸਾਡੇ ਲਈ ਇਹ ਗੱਲ ਸਮਝਣੀ ਕਿਉਂ ਜ਼ਰੂਰੀ ਹੈ ਕਿ ਯਹੋਵਾਹ ਸਾਨੂੰ ਸਾਡੇ ਨਾਲੋਂ ਜ਼ਿਆਦਾ ਵਧੀਆ ਤਰੀਕੇ ਨਾਲ ਜਾਣਦਾ ਹੈ? (ਤਸਵੀਰਾਂ ਵੀ ਦੇਖੋ।)
18 ਸਾਡੇ ਲਈ ਇਹ ਗੱਲ ਸਮਝਣੀ ਜ਼ਰੂਰੀ ਹੈ ਕਿ ਯਹੋਵਾਹ ਸਾਨੂੰ ਸਾਡੇ ਨਾਲੋਂ ਜ਼ਿਆਦਾ ਵਧੀਆ ਤਰੀਕੇ ਨਾਲ ਜਾਣਦਾ ਹੈ। ਨਾਲੇ ਉਹ ਸਾਡੇ ਵਿਚ ਉਹ ਖ਼ੂਬੀਆਂ ਦੇਖਦਾ ਹੈ ਜੋ ਅਸੀਂ ਨਹੀਂ ਦੇਖ ਸਕਦੇ। ਭਾਵੇਂ ਕਿ ਉਹ ਸਾਡੀਆਂ ਕਮੀਆਂ-ਕਮਜ਼ੋਰੀਆਂ ਜਾਣਦਾ ਹੈ, ਪਰ ਉਹ ਇਹ ਵੀ ਜਾਣਦਾ ਹੈ ਕਿ ਸਾਡੇ ਵਿਚ ਉਹ ਕਮੀਆਂ ਕਿਉਂ ਹਨ। ਉਹ ਜਾਣਦਾ ਹੈ ਕਿ ਅਸੀਂ ਬਦਲ ਸਕਦੇ ਹਾਂ ਅਤੇ ਉਹ ਇੱਦਾਂ ਕਰਨ ਵਿਚ ਸਾਡੀ ਮਦਦ ਕਰਦਾ ਹੈ। (ਰੋਮੀ. 7:15) ਜਦੋਂ ਅਸੀਂ ਇਹ ਗੱਲ ਸਮਝ ਜਾਂਦੇ ਹਾਂ ਕਿ ਯਹੋਵਾਹ ਇਹ ਨਹੀਂ ਦੇਖਦਾ ਕਿ ਅਸੀਂ ਕਿਹੋ ਜਿਹੇ ਇਨਸਾਨ ਹਾਂ, ਸਗੋਂ ਇਹ ਦੇਖਦਾ ਹੈ ਕਿ ਅਸੀਂ ਕਿਹੋ ਜਿਹੇ ਇਨਸਾਨ ਬਣ ਸਕਦੇ ਹਾਂ, ਤਾਂ ਸਾਡਾ ਦਿਲ ਕਰਦਾ ਹੈ ਕਿ ਅਸੀਂ ਵਫ਼ਾਦਾਰੀ ਅਤੇ ਖ਼ੁਸ਼ੀ ਨਾਲ ਉਸ ਦੀ ਸੇਵਾ ਕਰੀਏ।
ਯਹੋਵਾਹ ਨੇ ਸਾਨੂੰ ਵਧੀਆ ਜ਼ਿੰਦਗੀ ਦੇਣ ਦਾ ਵਾਅਦਾ ਕੀਤਾ ਹੈ। ਇਸ ਕਰਕੇ ਸਾਡਾ ਉਸ ʼਤੇ ਭਰੋਸਾ ਹੋਰ ਮਜ਼ਬੂਤ ਹੁੰਦਾ ਹੈ ਤੇ ਅਸੀਂ ਹਰ ਮੁਸ਼ਕਲ ਸਹਿ ਸਕਦੇ ਹਾਂ (ਪੈਰੇ 18-19 ਦੇਖੋ)c
19. ਅਸੀਂ ਯਹੋਵਾਹ ਬਾਰੇ ਕੀ ਜਾਣਦੇ ਹਾਂ?
19 ਅਸੀਂ ਜਾਣਦੇ ਹਾਂ ਕਿ ਯਹੋਵਾਹ ਪਿਆਰ ਹੈ ਅਤੇ ਸਾਨੂੰ ਇਸ ਗੱਲ ʼਤੇ ਪੂਰਾ ਯਕੀਨ ਹੈ। (1 ਯੂਹੰ. 4:8) ਅਸੀਂ ਜਾਣਦੇ ਹਾਂ ਕਿ ਯਹੋਵਾਹ ਨੇ ਸਾਨੂੰ ਜੋ ਧਰਮੀ ਮਿਆਰ ਦਿੱਤੇ ਹਨ, ਉਹ ਪਿਆਰ ਕਰਕੇ ਦਿੱਤੇ ਹਨ ਅਤੇ ਉਹ ਹਮੇਸ਼ਾ ਸਾਡਾ ਭਲਾ ਚਾਹੁੰਦਾ ਹੈ। ਅਸੀਂ ਜਾਣਦੇ ਹਾਂ ਕਿ ਯਹੋਵਾਹ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦੇਣੀ ਚਾਹੁੰਦਾ ਹੈ। ਇਸ ਕਰਕੇ ਉਸ ਨੇ ਰਿਹਾਈ ਦੀ ਕੀਮਤ ਦਾ ਪ੍ਰਬੰਧ ਕੀਤਾ। ਇਸ ਤੋਹਫ਼ੇ ਤੋਂ ਸਾਨੂੰ ਭਰੋਸਾ ਹੁੰਦਾ ਹੈ ਕਿ ਨਾਮੁਕੰਮਲ ਹੋਣ ਦੇ ਬਾਵਜੂਦ ਵੀ ਅਸੀਂ ਯਹੋਵਾਹ ਨੂੰ ਖ਼ੁਸ਼ ਕਰ ਸਕਦੇ ਹਾਂ। (ਰੋਮੀ. 7:24, 25) ਅਸੀਂ ਇਹ ਵੀ ਜਾਣਦੇ ਹਾਂ ਕਿ “ਪਰਮੇਸ਼ੁਰ ਸਾਡੇ ਦਿਲਾਂ ਨਾਲੋਂ ਵੱਡਾ ਹੈ ਅਤੇ ਸਭ ਕੁਝ ਜਾਣਦਾ ਹੈ।” (1 ਯੂਹੰ. 3:19, 20) ਯਹੋਵਾਹ ਸਾਨੂੰ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਉਸ ਨੂੰ ਪੂਰਾ ਯਕੀਨ ਹੈ ਕਿ ਅਸੀਂ ਉਸ ਦੀ ਇੱਛਾ ਪੂਰੀ ਕਰ ਸਕਦੇ ਹਾਂ।
20. ਕਿਹੜੀ ਗੱਲ ਯਾਦ ਰੱਖਣ ਕਰਕੇ ਅਸੀਂ ਹੱਦੋਂ ਵੱਧ ਚਿੰਤਾ ਨਹੀਂ ਕਰਾਂਗੇ?
20 ਯਹੋਵਾਹ ਨੇ ਸਾਡੇ ਤੋਂ ਅਜਿਹੀ ਕੋਈ ਵੀ ਗੱਲ ਨਹੀਂ ਲੁਕਾਈ ਜਿਸ ਨੂੰ ਜਾਣਨਾ ਸਾਡੇ ਲਈ ਜ਼ਰੂਰੀ ਹੈ। ਜੇ ਅਸੀਂ ਨਿਮਰ ਹੋ ਕੇ ਇਹ ਗੱਲ ਕਬੂਲ ਕਰੀਏ, ਤਾਂ ਅਸੀਂ ਹੱਦੋਂ ਵੱਧ ਚਿੰਤਾ ਕਰਨ ਤੋਂ ਬਚ ਸਕਾਂਗੇ ਅਤੇ ਜ਼ਿਆਦਾ ਅਹਿਮੀਅਤ ਰੱਖਣ ਵਾਲੀਆਂ ਗੱਲਾਂ ʼਤੇ ਧਿਆਨ ਦੇ ਸਕਾਂਗੇ। ਇਸ ਤਰ੍ਹਾਂ ਅਸੀਂ ਦਿਖਾਵਾਂਗੇ ਕਿ ਸਾਨੂੰ ਯਹੋਵਾਹ ʼਤੇ ਭਰੋਸਾ ਹੈ “ਜਿਸ ਨੂੰ ਪੂਰਾ ਗਿਆਨ ਹੈ।” (ਅੱਯੂ. 36:4) ਇਹ ਸੱਚ ਹੈ ਕਿ ਅੱਜ ਅਸੀਂ ਕਈ ਗੱਲਾਂ ਬਾਰੇ ਚੰਗੀ ਤਰ੍ਹਾਂ ਨਹੀਂ ਜਾਣਦੇ, ਪਰ ਅਸੀਂ ਨਵੀਂ ਦੁਨੀਆਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ ਜਦੋਂ ਅਸੀਂ ਆਪਣੇ ਮਹਾਨ ਪਰਮੇਸ਼ੁਰ ਤੋਂ ਨਵੀਆਂ-ਨਵੀਆਂ ਗੱਲਾਂ ਸਿੱਖਾਂਗੇ ਅਤੇ ਉਸ ਬਾਰੇ ਹੋਰ ਵੀ ਚੰਗੀ ਤਰ੍ਹਾਂ ਜਾਣ ਸਕਾਂਗੇ।—ਉਪ. 3:11.
ਗੀਤ 104 ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਦਾਤ
a ਯਿਸੂ ਸ਼ੈਤਾਨ ਦੀ ਦੁਸ਼ਟ ਦੁਨੀਆਂ ਦਾ ਨਾਮੋ-ਨਿਸ਼ਾਨ ਮਿਟਾਉਣ ਵਿਚ ਅਗਵਾਈ ਕਰੇਗਾ। ਇਸ ਲਈ ਇਹ ਕਹਿਣਾ ਸਹੀ ਹੋਵੇਗਾ ਕਿ ਹੁਣ ਯਿਸੂ ਜਾਣਦਾ ਹੈ ਕਿ ਆਰਮਾਗੇਡਨ ਠੀਕ ਕਦੋਂ ਆਵੇਗਾ ਅਤੇ ਕਦੋਂ ਉਹ “ਆਪਣੀ ਜਿੱਤ ਪੂਰੀ” ਕਰੇਗਾ।—ਪ੍ਰਕਾ. 6:2; 19:11-16.
b ਤਸਵੀਰਾਂ ਬਾਰੇ ਜਾਣਕਾਰੀ: ਇਕ ਭਰਾ ਆਪਣੇ ਮੁੰਡੇ ਨਾਲ ਮਿਲ ਕੇ ਇਕ ਬੈਗ ਤਿਆਰ ਕਰ ਰਿਹਾ ਹੈ ਤਾਂਕਿ ਐਮਰਜੈਂਸੀ ਵਿਚ ਉਨ੍ਹਾਂ ਕੋਲ ਲੋੜੀਂਦੀਆਂ ਚੀਜ਼ਾਂ ਹੋਣ।
c ਤਸਵੀਰ ਬਾਰੇ ਜਾਣਕਾਰੀ: ਇਕ ਭਰਾ ਆਪਣੀਆਂ ਮੁਸ਼ਕਲਾਂ ਕਰਕੇ ਬਹੁਤ ਨਿਰਾਸ਼ ਹੈ, ਪਰ ਉਹ ਨਵੀਂ ਦੁਨੀਆਂ ਬਾਰੇ ਸੋਚ ਰਿਹਾ ਹੈ ਜਦੋਂ ਸਾਰੇ ਲੋਕ ਖ਼ੁਸ਼ੀ-ਖ਼ੁਸ਼ੀ ਰਹਿਣਗੇ।