ਖ਼ੁਸ਼ੀ ਪਰਮੇਸ਼ੁਰ ਵੱਲੋਂ ਇਕ ਗੁਣ
ਲੋਕ ਖ਼ੁਸ਼ ਰਹਿਣਾ ਚਾਹੁੰਦੇ ਹਨ। ਪਰ ਸਾਰੇ ਕਿਸੇ-ਨਾ-ਕਿਸੇ ਗੱਲੋਂ ਦੁਖੀ ਹਨ। ਅੱਜ ਇਨ੍ਹਾਂ ਆਖ਼ਰੀ ਦਿਨਾਂ ਦਾ “ਸਾਮ੍ਹਣਾ ਕਰਨਾ ਬਹੁਤ ਮੁਸ਼ਕਲ” ਹੈ। (2 ਤਿਮੋ. 3:1) ਬਹੁਤ ਸਾਰੇ ਲੋਕ ਬੇਇਨਸਾਫ਼ੀ, ਬੀਮਾਰੀਆਂ, ਬੇਰੋਜ਼ਗਾਰੀ, ਸੋਗ ਅਤੇ ਹੋਰ ਚਿੰਤਾਵਾਂ ਦੇ ਬੋਝ ਹੇਠ ਦੱਬੇ ਹੋਏ ਹਨ। ਉਹ ਹੌਲੀ-ਹੌਲੀ ਆਪਣੀ ਖ਼ੁਸ਼ੀ ਗੁਆ ਬੈਠੇ ਹਨ। ਇਸ ਤਰ੍ਹਾਂ ਪਰਮੇਸ਼ੁਰ ਦੇ ਸੇਵਕਾਂ ਨਾਲ ਵੀ ਹੋ ਸਕਦਾ ਹੈ। ਨਿਰਾਸ਼ ਹੋਣ ਕਰਕੇ ਉਨ੍ਹਾਂ ਦੀ ਖ਼ੁਸ਼ੀ ਖੰਭ ਲਾ ਕੇ ਉੱਡ ਜਾਂਦੀ ਹੈ। ਜੇ ਤੁਹਾਡੇ ਨਾਲ ਇਸ ਤਰ੍ਹਾਂ ਹੋਇਆ ਹੈ, ਤਾਂ ਤੁਸੀਂ ਦੁਬਾਰਾ ਖ਼ੁਸ਼ੀ ਕਿਵੇਂ ਪਾ ਸਕਦੇ ਹੋ?
ਇਸ ਦਾ ਜਵਾਬ ਪਾਉਣ ਲਈ ਸਾਨੂੰ ਪਹਿਲਾ ਇਹ ਜਾਣਨਾ ਪਵੇਗਾ ਕਿ ਸੱਚੀ ਖ਼ੁਸ਼ੀ ਕੀ ਹੈ ਅਤੇ ਦੂਜਿਆਂ ਨੇ ਮੁਸ਼ਕਲਾਂ ਦੇ ਬਾਵਜੂਦ ਵੀ ਆਪਣੀ ਖ਼ੁਸ਼ੀ ਕਿੱਦਾਂ ਬਰਕਰਾਰ ਰੱਖੀ। ਅਸੀਂ ਇਹ ਵੀ ਦੇਖਾਂਗੇ ਕਿ ਆਪਣੀ ਖ਼ੁਸ਼ੀ ਬਰਕਰਾਰ ਕਿੱਦਾਂ ਰੱਖ ਸਕਦੇ ਹਾਂ ਅਤੇ ਇਸ ਵਿਚ ਹੋਰ ਵਾਧਾ ਕਿਵੇਂ ਕਰ ਸਕਦੇ ਹਾਂ।
ਖ਼ੁਸ਼ੀ ਕੀ ਹੈ?
ਖ਼ੁਸ਼ ਹੋਣ ਦਾ ਮਤਲਬ ਸਿਰਫ਼ ਇਹ ਨਹੀਂ ਹੈ ਕਿ ਅਸੀਂ ਖ਼ੁਸ਼ਮਿਜ਼ਾਜ ਹਾਂ ਜਾਂ ਅਸੀਂ ਹੱਸਦੇ ਰਹਿੰਦੇ ਹਾਂ। ਮਿਸਾਲ ਲਈ, ਇਕ ਆਦਮੀ ਸ਼ਰਾਬ ਪੀ ਕੇ ਸ਼ਾਇਦ ਪਾਗਲਾਂ ਵਾਂਗ ਹੱਸੇ। ਪਰ ਸੋਫੀ ਹੋਣ ਤੋਂ ਬਾਅਦ ਉਸ ਦਾ ਹਾਸਾ ਬੰਦ ਹੋ ਜਾਂਦਾ ਹੈ ਅਤੇ ਉਸ ਨੂੰ ਫਿਰ ਤੋਂ ਆਪਣੀਆਂ ਮੁਸੀਬਤਾਂ ਅਤੇ ਜ਼ਿੰਦਗੀ ਦੀ ਅਸਲੀਅਤ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਇਹੋ ਜਿਹੀ ਖ਼ੁਸ਼ੀ ਪਲ ਭਰ ਦੀ ਹੁੰਦੀ ਹੈ ਅਤੇ ਇਹ ਸੱਚੀ ਖ਼ੁਸ਼ੀ ਨਹੀਂ ਹੁੰਦੀ।—ਕਹਾ. 14:13.
ਇਸ ਦੇ ਉਲਟ, ਸੱਚੀ ਖ਼ੁਸ਼ੀ ਉਹ ਹੁੰਦੀ ਹੈ ਜੋ ਕੋਈ ਵਧੀਆ ਚੀਜ਼ ਮਿਲਣ ਤੇ ਜਾਂ ਉਮੀਦ ਪੂਰੀ ਹੋਣ ਤੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਨਿਕਲਦੀ ਹੈ। ਸੱਚ-ਮੁੱਚ ਖ਼ੁਸ਼ ਹੋਣ ਦਾ ਮਤਲਬ ਇਹ ਵੀ ਹੈ ਕਿ ਅਸੀਂ ਚੰਗੇ-ਮਾੜੇ ਹਾਲਾਤਾਂ ਵਿਚ ਵੀ ਖ਼ੁਸ਼ ਰਹੀਏ। (1 ਥੱਸ. 1:6) ਭਾਵੇਂ ਅਸੀਂ ਕਿਸੇ ਗੱਲੋਂ ਪਰੇਸ਼ਾਨ ਵੀ ਕਿਉਂ ਨਾ ਹੋਈਏ, ਫਿਰ ਵੀ ਅਸੀਂ ਖ਼ੁਸ਼ ਰਹਿ ਸਕਦੇ ਹਾਂ। ਮਿਸਾਲ ਲਈ, ਯਿਸੂ ਬਾਰੇ ਗਵਾਹੀ ਦੇਣ ਕਰਕੇ ਰਸੂਲਾਂ ਨੂੰ ਕੋਰੜੇ ਮਾਰੇ ਗਏ ਅਤੇ “ਰਸੂਲ ਮਹਾਸਭਾ ਦੇ ਮੁਹਰਿਓਂ ਚਲੇ ਗਏ ਅਤੇ ਇਸ ਗੱਲੋਂ ਖ਼ੁਸ਼ ਸਨ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਯਿਸੂ ਦੇ ਨਾਂ ਦੀ ਖ਼ਾਤਰ ਬੇਇੱਜ਼ਤ ਕੀਤੇ ਜਾਣ ਦਾ ਸਨਮਾਨ ਬਖ਼ਸ਼ਿਆ।” (ਰਸੂ. 5:41) ਉਹ ਕੋਰੜੇ ਖਾਣ ਕਰਕੇ ਨਹੀਂ, ਸਗੋਂ ਪਰਮੇਸ਼ੁਰ ਪ੍ਰਤੀ ਆਪਣੀ ਵਫ਼ਾਦਾਰ ਰਹਿਣ ਕਰਕੇ ਖ਼ੁਸ਼ ਸਨ।
ਜਨਮ ਤੋਂ ਹੀ ਸਾਡੇ ਦਿਲ ਵਿਚ ਇਹ ਖ਼ੁਸ਼ੀ ਆਪਣੇ ਆਪ ਹੀ ਪੈਦਾ ਨਹੀਂ ਹੋ ਜਾਂਦੀ। ਕਿਉਂ? ਕਿਉਂਕਿ ਸੱਚੀ ਖ਼ੁਸ਼ੀ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦਾ ਇਕ ਗੁਣ ਹੈ। ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਅਸੀਂ “ਨਵੇਂ ਸੁਭਾਅ” ਨੂੰ ਪਹਿਨ ਸਕਦੇ ਹਾਂ ਜਿਸ ਵਿਚ ਸੱਚੀ ਖ਼ੁਸ਼ੀ ਦਾ ਗੁਣ ਵੀ ਸ਼ਾਮਲ ਹੈ। (ਅਫ਼. 4:24; ਗਲਾ. 5:22) ਖ਼ੁਸ਼ੀ ਦਾ ਗੁਣ ਪੈਦਾ ਕਰ ਕੇ ਅਸੀਂ ਹਰ ਰੋਜ਼ ਦੀਆਂ ਚਿੰਤਾਵਾਂ ਦਾ ਹੋਰ ਵੀ ਚੰਗੀ ਤਰ੍ਹਾਂ ਸਾਮ੍ਹਣਾ ਕਰ ਸਕਦੇ ਹਾਂ।
ਇਨ੍ਹਾਂ ਮਿਸਾਲਾਂ ਦੀ ਰੀਸ ਕਰੋ
ਸ਼ੁਰੂ ਤੋਂ ਹੀ ਯਹੋਵਾਹ ਧਰਤੀ ʼਤੇ ਚੰਗੇ ਹਾਲਾਤ ਚਾਹੁੰਦਾ ਸੀ। ਉਹ ਕਦੀ ਵੀ ਅੱਜ ਦੇ ਮਾੜੇ ਹਾਲਾਤ ਨਹੀਂ ਦੇਖਣਾ ਚਾਹੁੰਦਾ ਸੀ। ਪਰ ਲੋਕਾਂ ਦੇ ਮਾੜੇ ਕੰਮਾਂ ਕਰਕੇ ਯਹੋਵਾਹ ਆਪਣੀ ਖ਼ੁਸ਼ੀ ਨਹੀਂ ਗੁਆਉਂਦਾ। ਬਾਈਬਲ ਕਹਿੰਦੀ ਹੈ: “ਬਲ ਤੇ ਅਨੰਦਤਾਈ ਉਸ ਦੇ ਅਸਥਾਨ ਵਿੱਚ ਹਨ।” (1 ਇਤ. 16:27) ਇਸ ਤੋਂ ਇਲਾਵਾ, ਆਪਣੇ ਸੇਵਕਾਂ ਦੇ ਚੰਗੇ ਕੰਮ ਦੇਖ ਕੇ ਯਹੋਵਾਹ ਦਾ ‘ਜੀ ਅਨੰਦ’ ਹੁੰਦਾ ਹੈ।—ਕਹਾ. 27:11.
ਯਹੋਵਾਹ ਦੀ ਰੀਸ ਕਰਦਿਆਂ ਅਸੀਂ ਹੱਦੋਂ ਵੱਧ ਨਿਰਾਸ਼ ਨਹੀਂ ਹੁੰਦੇ ਜਦੋਂ ਸਾਡੀ ਸੋਚ ਮੁਤਾਬਕ ਕੰਮ ਸਿਰੇ ਨਹੀਂ ਚੜ੍ਹਦੇ। ਆਪਣੀ ਖ਼ੁਸ਼ੀ ਗੁਆਉਣ ਦੀ ਬਜਾਇ ਅਸੀਂ ਉਨ੍ਹਾਂ ਚੰਗੀਆਂ ਚੀਜ਼ਾਂ ਵੱਲ ਧਿਆਨ ਦੇ ਸਕਦੇ ਹਾਂ ਜੋ ਸਾਡੇ ਕੋਲ ਹਨ ਅਤੇ ਧੀਰਜ ਨਾਲ ਹਾਲਾਤ ਸੁਧਰਨ ਦੀ ਉਡੀਕ ਕਰ ਸਕਦੇ ਹਾਂ।a
ਅਸੀਂ ਬਾਈਬਲ ਤੋਂ ਉਨ੍ਹਾਂ ਲੋਕਾਂ ਦੀਆਂ ਮਿਸਾਲਾਂ ʼਤੇ ਵੀ ਗੌਰ ਕਰਾਂਗੇ ਜਿਨ੍ਹਾਂ ਨੇ ਔਖੇ ਹਾਲਾਤਾਂ ਵਿਚ ਵੀ ਆਪਣੀ ਖ਼ੁਸ਼ੀ ਬਰਕਰਾਰ ਰੱਖੀ। ਇਨ੍ਹਾਂ ਵਿਚ ਅਬਰਾਹਾਮ ਵੀ ਸੀ ਜਿਸ ਨੇ ਦੂਜਿਆਂ ਕਰ ਕੇ ਜਾਨਲੇਵਾ ਹਾਲਾਤਾਂ ਅਤੇ ਹੋਰ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ। (ਉਤ. 12:10-20; 14:8-16; 16:4, 5; 20:1-18; 21:8, 9) ਪਰ ਪਰੇਸ਼ਾਨੀਆਂ ਦੇ ਬਾਵਜੂਦ ਉਸ ਨੇ ਆਪਣੀ ਖ਼ੁਸ਼ੀ ਕਿਵੇਂ ਬਰਕਰਾਰ ਰੱਖੀ? ਉਸ ਨੂੰ ਮਸੀਹ ਦੇ ਰਾਜ ਵਿਚ ਧਰਤੀ ʼਤੇ ਰਹਿਣ ਦੀ ਪੱਕੀ ਉਮੀਦ ਸੀ। (ਉਤ. 22:15-18; ਇਬ. 11:10) ਯਿਸੂ ਨੇ ਕਿਹਾ: “ਤੁਹਾਡਾ ਪਿਤਾ ਅਬਰਾਹਾਮ ਇਸ ਗੱਲੋਂ ਬਹੁਤ ਖ਼ੁਸ਼ ਸੀ ਕਿ ਉਹ ਮੇਰਾ ਦਿਨ ਦੇਖੇਗਾ।” (ਯੂਹੰ. 8:56) ਅਬਰਾਹਾਮ ਵਾਂਗ ਭਵਿੱਖ ਵਿਚ ਮਿਲਣ ਵਾਲੀਆਂ ਖ਼ੁਸ਼ੀਆਂ ʼਤੇ ਸੋਚ-ਵਿਚਾਰ ਕਰੋ।—ਰੋਮੀ. 8:21.
ਅਬਰਾਹਾਮ ਵਾਂਗ ਪੌਲੁਸ ਅਤੇ ਉਸ ਦੇ ਸਾਥੀ ਸੀਲਾਸ ਦਾ ਪੂਰਾ ਧਿਆਨ ਪਰਮੇਸ਼ੁਰ ਦੇ ਵਾਅਦਿਆਂ ʼਤੇ ਲੱਗਾ ਹੋਇਆ ਸੀ। ਕੌੜੇ ਤਜਰਬਿਆਂ ਦੇ ਬਾਵਜੂਦ ਵੀ ਉਨ੍ਹਾਂ ਨੇ ਆਪਣੀ ਨਿਹਚਾ ਅਤੇ ਖ਼ੁਸ਼ੀ ਬਰਕਰਾਰ ਰੱਖੀ। ਮਿਸਾਲ ਲਈ, ਇਕ ਵਾਰ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟ ਕੇ ਜੇਲ੍ਹ ਵਿਚ ਸੁੱਟ ਦਿੱਤਾ ਗਿਆ। ਪਰ ਬਾਈਬਲ ਕਹਿੰਦੀ ਹੈ: “ਅੱਧੀ ਰਾਤ ਨੂੰ ਪੌਲੁਸ ਤੇ ਸੀਲਾਸ ਪ੍ਰਾਰਥਨਾ ਕਰ ਰਹੇ ਸਨ ਅਤੇ ਪਰਮੇਸ਼ੁਰ ਦੀ ਮਹਿਮਾ ਦੇ ਗੀਤ ਗਾ ਰਹੇ ਸਨ।” (ਰਸੂ. 16:23-25) ਉਮੀਦ ਨੂੰ ਘੁੱਟ ਕੇ ਫੜੀ ਰੱਖਣ ਕਰਕੇ ਉਨ੍ਹਾਂ ਨੂੰ ਤਾਕਤ ਮਿਲੀ। ਪੌਲੁਸ ਅਤੇ ਸੀਲਾਸ ਇਸ ਲਈ ਵੀ ਖ਼ੁਸ਼ ਸਨ ਕਿਉਂਕਿ ਉਨ੍ਹਾਂ ਨੇ ਯਿਸੂ ਦੇ ਨਾਂ ਦੀ ਖ਼ਾਤਰ ਦੁੱਖ ਝੱਲੇ ਸਨ। ਪੌਲੁਸ ਅਤੇ ਸੀਲਾਸ ਦੀ ਰੀਸ ਕਰਦਿਆਂ ਯਾਦ ਰੱਖੋ ਕਿ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣ ਕਰਕੇ ਹਮੇਸ਼ਾ ਬਰਕਤਾਂ ਮਿਲਦੀਆਂ ਹਨ।—ਫ਼ਿਲਿ. 1:12-14
ਅੱਜ ਵੀ ਬਹੁਤ ਸਾਰੇ ਭੈਣ-ਭਰਾ ਮੁਸ਼ਕਲਾਂ ਦੇ ਬਾਵਜੂਦ ਆਪਣੀ ਖ਼ੁਸ਼ੀ ਬਰਕਰਾਰ ਰੱਖਦੇ ਹਨ। ਮਿਸਾਲ ਲਈ, ਨਵੰਬਰ 2013 ਵਿਚ ਕੇਂਦਰੀ ਫ਼ਿਲਪੀਨ ਦੇਸ਼ ਵਿਚ ਹਾਈਆਨ ਨਾਂ ਦੇ ਤੂਫ਼ਾਨ ਨੇ ਬਹੁਤ ਤਬਾਹੀ ਮਚਾਈ। ਤੂਫ਼ਾਨ ਕਰਕੇ 1,000 ਤੋਂ ਜ਼ਿਆਦਾ ਭੈਣਾਂ-ਭਰਾਵਾਂ ਦੇ ਘਰ ਢਹਿ-ਢੇਰੀ ਹੋ ਗਏ। ਟੇਕਲੋਬਨ ਸ਼ਹਿਰ ਵਿਚ ਰਹਿਣ ਵਾਲੇ ਜੋਰਜ ਦੇ ਘਰ ਦਾ ਨਾਮੋ-ਨਿਸ਼ਾਨ ਤਕ ਮਿਟ ਗਿਆ। ਉਸ ਨੇ ਕਿਹਾ: “ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਭੈਣ-ਭਰਾ ਖ਼ੁਸ਼ ਹਨ। ਜੋ ਖ਼ੁਸ਼ੀ ਅਸੀਂ ਮਹਿਸੂਸ ਕਰਦੇ ਹਾਂ, ਸ਼ਾਇਦ ਹੀ ਕੋਈ ਉਸ ਨੂੰ ਸਮਝ ਸਕਦਾ ਹੈ।” ਜਦੋਂ ਅਸੀਂ ਇਹ ਸੋਚਦੇ ਹਾਂ ਕਿ ਯਹੋਵਾਹ ਨੇ ਸਾਡੇ ਲਈ ਕਿਨ੍ਹਾਂ ਕੁਝ ਕੀਤਾ ਹੈ ਅਤੇ ਇਨ੍ਹਾਂ ਗੱਲਾਂ ਲਈ ਉਸ ਦੇ ਧੰਨਵਾਦੀ ਹੁੰਦੇ ਹਾਂ, ਤਾਂ ਅਸੀਂ ਮੁਸ਼ਕਲਾਂ ਦੇ ਬਾਵਜੂਦ ਵੀ ਅਸੀਂ ਖ਼ੁਸ਼ ਰਹਿ ਸਕਦੇ ਹਾਂ। ਯਹੋਵਾਹ ਅੱਜ ਸਾਨੂੰ ਹੋਰ ਕੀ ਦਿੰਦਾ ਹੈ ਜਿਸ ਕਰਕੇ ਅਸੀਂ ਖ਼ੁਸ਼ ਰਹਿ ਸਕਦੇ ਹਾਂ?
ਖ਼ੁਸ਼ ਹੋਣ ਦੇ ਕਾਰਨ
ਸਭ ਤੋਂ ਵੱਡੀ ਖ਼ੁਸ਼ੀ ਦਾ ਕਾਰਨ ਯਹੋਵਾਹ ਨਾਲ ਸਾਡਾ ਰਿਸ਼ਤਾ ਹੈ। ਅਸੀਂ ਪੂਰੀ ਕਾਇਨਾਤ ਦੇ ਰਾਜੇ ਨੂੰ ਜਾਣਦੇ ਹਾਂ। ਉਹ ਸਾਡਾ ਪਿਤਾ, ਪਰਮੇਸ਼ੁਰ ਅਤੇ ਦੋਸਤ ਹੈ।—ਜ਼ਬੂ. 71:17, 18.
ਅਸੀਂ ਜ਼ਿੰਦਗੀ ਦੇ ਤੋਹਫ਼ੇ ਲਈ ਵੀ ਉਸ ਦੇ ਧੰਨਵਾਦੀ ਹਾਂ ਅਤੇ ਅਸੀਂ ਇਸ ਤੋਹਫ਼ੇ ਦਾ ਆਨੰਦ ਮਾਣ ਸਕਦੇ ਹਾਂ। (ਉਪ. 3:12, 13) ਪਰਮੇਸ਼ੁਰ ਨੇ ਸਾਨੂੰ ਆਪਣੇ ਵੱਲ ਖਿੱਚਿਆ ਹੈ ਜਿਸ ਕਰਕੇ ਅਸੀਂ ਉਸ ਦੀ ਇੱਛਾ ਜਾਣਦੇ ਹਾਂ ਅਤੇ ਅਸੀਂ ਆਪਣੀ ਜ਼ਿੰਦਗੀ ਸਹੀ ਤਰੀਕੇ ਨਾਲ ਜੀ ਸਕਦੇ ਹਾਂ। (ਕੁਲੁ. 1:9, 10) ਪਰ ਜ਼ਿਆਦਾਤਰ ਲੋਕਾਂ ਨੂੰ ਜ਼ਿੰਦਗੀ ਦੇ ਮਕਸਦ ਬਾਰੇ ਪਤਾ ਹੀ ਨਹੀਂ। ਪੌਲੁਸ ਨੇ ਲਿਖਿਆ: “‘ਪਰਮੇਸ਼ੁਰ ਨੇ ਜਿਹੜੀਆਂ ਚੀਜ਼ਾਂ ਆਪਣੇ ਪਿਆਰ ਕਰਨ ਵਾਲਿਆਂ ਲਈ ਤਿਆਰ ਕੀਤੀਆਂ ਹਨ, ਉਨ੍ਹਾਂ ਚੀਜ਼ਾਂ ਨੂੰ ਨਾ ਅੱਖਾਂ ਨੇ ਕਦੀ ਦੇਖਿਆ ਹੈ ਅਤੇ ਨਾ ਉਨ੍ਹਾਂ ਬਾਰੇ ਕੰਨਾਂ ਨੇ ਕਦੀ ਸੁਣਿਆ ਹੈ ਅਤੇ ਨਾ ਹੀ ਕਦੀ ਉਹ ਕਿਸੇ ਇਨਸਾਨ ਦੇ ਮਨ ਵਿਚ ਆਈਆਂ ਹਨ।’ ਪਰਮੇਸ਼ੁਰ ਨੇ ਆਪਣੀ ਪਵਿੱਤਰ ਸ਼ਕਤੀ ਦੇ ਜ਼ਰੀਏ ਸਾਨੂੰ ਇਨ੍ਹਾਂ ਬਾਰੇ ਦੱਸਿਆ ਹੈ।” (1 ਕੁਰਿੰ. 2:9, 10) ਕੀ ਅਸੀਂ ਯਹੋਵਾਹ ਦੀ ਇੱਛਾ ਅਤੇ ਉਸ ਦੇ ਮਕਸਦ ਬਾਰੇ ਜਾਣ ਕੇ ਖ਼ੁਸ਼ ਨਹੀਂ ਹਾਂ?
ਸੋਚੋ, ਯਹੋਵਾਹ ਨੇ ਆਪਣੇ ਲੋਕਾਂ ਲਈ ਹੋਰ ਕਿੰਨਾ ਕੁਝ ਕੀਤਾ ਹੈ। ਕੀ ਅਸੀਂ ਖ਼ੁਸ਼ ਨਹੀਂ ਹਾਂ ਕਿ ਸਾਡੇ ਪਾਪ ਮਾਫ਼ ਹੋ ਸਕਦੇ ਹਨ? (1 ਯੂਹੰ. 2:12) ਪਰਮੇਸ਼ੁਰ ਦੀ ਦਇਆ ਸਦਕਾ ਸਾਡੇ ਕੋਲ ਨਵੀਂ ਦੁਨੀਆਂ ਵਿਚ ਰਹਿਣ ਦੀ ਉਮੀਦ ਹੈ ਜੋ ਜਲਦੀ ਪੂਰੀ ਹੋਵੇਗੀ। (ਰੋਮੀ. 12:12) ਹੁਣ ਵੀ ਯਹੋਵਾਹ ਨੇ ਸਾਨੂੰ ਅਜਿਹਾ ਭਾਈਚਾਰਾ ਦਿੱਤਾ ਹੈ ਜਿਸ ਨਾਲ ਮਿਲ ਕੇ ਅਸੀਂ ਉਸ ਦੀ ਭਗਤੀ ਕਰ ਸਕਦੇ ਹਾਂ। (ਜ਼ਬੂ. 133:1) ਪਰਮੇਸ਼ੁਰ ਦੇ ਬਚਨ ਤੋਂ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਉਹ ਆਪਣੇ ਲੋਕਾਂ ਨੂੰ ਸ਼ੈਤਾਨ ਅਤੇ ਦੁਸ਼ਟ ਦੂਤਾਂ ਤੋਂ ਬਚਾਉਂਦਾ ਹੈ। (ਜ਼ਬੂ. 91:11) ਜੇ ਅਸੀਂ ਪਰਮੇਸ਼ੁਰ ਤੋਂ ਮਿਲਣ ਵਾਲੀਆਂ ਬਰਕਤਾਂ ʼਤੇ ਗੌਰ ਕਰਾਂਗੇ, ਤਾਂ ਸਾਡੀ ਖ਼ੁਸ਼ੀ ਵਧੇਗੀ।—ਫ਼ਿਲਿ. 4:4.
ਖ਼ੁਸ਼ੀ ਕਿੱਦਾਂ ਵਧਾਈਏ
ਕੀ ਪਹਿਲਾਂ ਤੋਂ ਹੀ ਖ਼ੁਸ਼ ਰਹਿਣ ਵਾਲੇ ਮਸੀਹੀ ਆਪਣੀ ਖ਼ੁਸ਼ੀ ਹੋਰ ਵਧਾ ਸਕਦੇ ਹਨ? ਯਿਸੂ ਨੇ ਕਿਹਾ: “ਇਹ ਗੱਲਾਂ ਮੈਂ ਤੁਹਾਨੂੰ ਇਸ ਕਰਕੇ ਕਹੀਆਂ ਹਨ ਤਾਂਕਿ ਤੁਹਾਨੂੰ ਵੀ ਉਹੀ ਖ਼ੁਸ਼ੀ ਮਿਲੇ ਜੋ ਮੈਨੂੰ ਮਿਲੀ ਹੈ ਅਤੇ ਤੁਹਾਡੀ ਖ਼ੁਸ਼ੀ ਦਾ ਕੋਈ ਅੰਤ ਨਾ ਹੋਵੇ।” (ਯੂਹੰ. 15:11) ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਅਸੀਂ ਆਪਣੀ ਖ਼ੁਸ਼ੀ ਵਧਾ ਸਕਦੇ ਹਾਂ। ਅਸੀਂ ਆਪਣੀ ਖ਼ੁਸ਼ੀ ਦੀ ਤੁਲਨਾ ਅੱਗ ਨਾਲ ਕਰ ਸਕਦੇ ਹਾਂ। ਜੇ ਅਸੀਂ ਅੱਗ ਦਾ ਸੇਕ ਵਧਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਉਸ ਵਿਚ ਹੋਰ ਬਾਲ਼ਣ ਪਾਉਣਾ ਪਵੇਗਾ। ਉਸੇ ਤਰ੍ਹਾਂ ਆਪਣੀ ਖ਼ੁਸ਼ੀ ਵਧਾਉਣ ਲਈ ਸਾਨੂੰ ਕੁਝ ਕਦਮ ਚੁੱਕਣੇ ਪੈਣਗੇ। ਯਾਦ ਰੱਖੋ, ਖ਼ੁਸ਼ੀ ਪਵਿੱਤਰ ਸ਼ਕਤੀ ਦਾ ਇਕ ਗੁਣ ਹੈ। ਸੋ ਜੇ ਅਸੀਂ ਆਪਣੀ ਖ਼ੁਸ਼ੀ ਵਧਾਉਣੀ ਚਾਹੁੰਦੇ ਹਾਂ, ਤਾਂ ਸਾਨੂੰ ਪ੍ਰਾਰਥਨਾ ਰਾਹੀਂ ਲਗਾਤਾਰ ਯਹੋਵਾਹ ਕੋਲੋਂ ਪਵਿੱਤਰ ਸ਼ਕਤੀ ਮੰਗਦੇ ਰਹਿਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਸਾਨੂੰ ਬਾਈਬਲ ʼਤੇ ਵੀ ਸੋਚ-ਵਿਚਾਰ ਕਰਨਾ ਚਾਹੀਦਾ ਹੈ ਕਿਉਂਕਿ ਇਹ ਪਵਿੱਤਰ ਸ਼ਕਤੀ ਰਾਹੀਂ ਲਿਖਵਾਈ ਗਈ ਹੈ।—ਜ਼ਬੂ. 1:1, 2; ਲੂਕਾ 11:13.
ਪਰਮੇਸ਼ੁਰ ਨੂੰ ਖ਼ੁਸ਼ ਕਰਨ ਵਾਲੇ ਕੰਮਾਂ ਵਿਚ ਰੁੱਝੇ ਰਹਿ ਕੇ ਅਸੀਂ ਆਪਣੀ ਖ਼ੁਸ਼ੀ ਹੋਰ ਵੀ ਵਧਾ ਸਕਦੇ ਹਾਂ। (ਜ਼ਬੂ. 35:27; 112:1) ਕਿਉਂ? ਕਿਉਂਕਿ ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੀਆਂ ਆਗਿਆਂ ਨੂੰ ਮੰਨ ਕਿਉਂ ਜੋ ਇਨਸਾਨ ਦਾ ਇਹੋ ਰਿਣ ਹੈ।” (ਉਪ. 12:13) ਪਰਮੇਸ਼ੁਰ ਨੇ ਸਾਨੂੰ ਉਸ ਦੀ ਮਰਜ਼ੀ ਪੂਰੀ ਕਰਨ ਲਈ ਬਣਾਇਆ ਹੈ। ਯਹੋਵਾਹ ਦੀ ਸੇਵਾ ਕਰਕੇ ਸਾਨੂੰ ਸਭ ਤੋਂ ਜ਼ਿਆਦਾ ਖ਼ੁਸ਼ੀ ਮਿਲਦੀ ਹੈ।b
ਖ਼ੁਸ਼ੀ ਦੇ ਫ਼ਾਇਦੇ
ਖ਼ੁਸ਼ੀ ਵਧਣ ਕਰਕੇ ਸਾਨੂੰ ਹੋਰ ਵੀ ਕਈ ਫ਼ਾਇਦੇ ਹੁੰਦੇ ਹਨ। ਮਿਸਾਲ ਲਈ, ਯਹੋਵਾਹ ਸਾਡੇ ਤੋਂ ਬਹੁਤ ਖ਼ੁਸ਼ ਹੁੰਦਾ ਹੈ ਜਦੋਂ ਅਸੀਂ ਮੁਸ਼ਕਲਾਂ ਵਿਚ ਵੀ ਉਸ ਦੀ ਸੇਵਾ ਖ਼ੁਸ਼ੀ-ਖ਼ੁਸ਼ੀ ਕਰਦੇ ਰਹਿੰਦੇ ਹਾਂ। (ਬਿਵ. 16:15; 1 ਥੱਸ. 5:16-18) ਸੱਚੀ ਖ਼ੁਸ਼ੀ ਹੋਣ ਕਰਕੇ ਅਸੀਂ ਧਨ-ਦੌਲਤ ਪਿੱਛੇ ਭੱਜਣ ਦੀ ਬਜਾਇ ਪਰਮੇਸ਼ੁਰ ਦੇ ਰਾਜ ਦੀ ਖ਼ਾਤਰ ਹੋਰ ਕੁਰਬਾਨੀਆਂ ਕਰਾਂਗੇ। (ਮੱਤੀ 13:44) ਜਦੋਂ ਅਸੀਂ ਕੁਰਬਾਨੀਆਂ ਕਰਨ ਦੇ ਫ਼ਾਇਦਿਆਂ ਵੱਲ ਧਿਆਨ ਦਿੰਦੇ ਹਾਂ, ਤਾਂ ਸਾਡੀ ਖ਼ੁਸ਼ੀ ਵਧਦੀ ਹੈ, ਆਪਣੇ ਆਪ ਬਾਰੇ ਚੰਗਾ ਮਹਿਸੂਸ ਕਰਦੇ ਹਾਂ ਅਤੇ ਦੂਜਿਆਂ ਨੂੰ ਵੀ ਖ਼ੁਸ਼ੀ ਹੁੰਦੀ ਹੈ।—ਰਸੂ. 20:35; ਫ਼ਿਲਿ. 1:3-5.
ਇਹ ਗੱਲ ਵੀ ਸੱਚ ਹੈ ਕਿ ਅਸੀਂ ਜਿੰਨੇ ਜ਼ਿਆਦਾ ਖ਼ੁਸ਼ ਰਹਿੰਦੇ ਹਾਂ, ਸਾਡੀ ਸਿਹਤ ਵੀ ਉੱਨੀ ਵਧੀਆ ਰਹਿੰਦੀ ਹੈ। ਬਾਈਬਲ ਕਹਿੰਦੀ ਹੈ: “ਖੁਸ਼ ਦਿਲੀ ਦਵਾ ਵਾਂਙੁ ਚੰਗਾ ਕਰਦੀ ਹੈ।” (ਕਹਾ. 17:22) ਅਮਰੀਕਾ ਦੀ ਨੈਬਰਾਸਕਾ ਯੂਨੀਵਰਸਿਟੀ ਵਿਚ ਸਿਹਤ ਸੰਬੰਧੀ ਵਿਸ਼ਿਆਂ ਦਾ ਖੋਜਕਾਰ ਵੀ ਬਾਈਬਲ ਦੀ ਇਸ ਗੱਲ ਨਾਲ ਸਹਿਮਤ ਹੈ। ਉਹ ਕਹਿੰਦਾ ਹੈ: “ਜੇ ਤੁਸੀਂ ਅੱਜ ਆਪਣੀ ਜ਼ਿੰਦਗੀ ਤੋਂ ਖ਼ੁਸ਼ ਅਤੇ ਸੰਤੁਸ਼ਟ ਹੋ, ਤਾਂ ਭਵਿੱਖ ਵਿਚ ਵੀ ਤੁਹਾਡੀ ਵਧੀਆ ਸਿਹਤ ਰਹੇਗੀ।”
ਜਦੋਂ ਅਸੀਂ ਪ੍ਰਾਰਥਨਾ ਕਰ ਕੇ, ਬਾਈਬਲ ਅਧਿਐਨ ਕਰ ਕੇ ਅਤੇ ਇਸ ʼਤੇ ਸੋਚ-ਵਿਚਾਰ ਕਰ ਕੇ ਪਵਿੱਤਰ ਸ਼ਕਤੀ ਹਾਸਲ ਕਰਦੇ ਹਾਂ, ਤਾਂ ਅਸੀਂ ਮੁਸ਼ਕਲਾਂ ਘੜੀਆਂ ਵਿਚ ਵੀ ਆਪਣੀ ਖ਼ੁਸ਼ੀ ਬਰਕਰਾਰ ਰੱਖ ਸਕਦੇ ਹਾਂ। ਅਸੀਂ ਆਪਣੀਆਂ ਬਰਕਤਾਂ ਬਾਰੇ ਸੋਚ ਕੇ, ਦੂਜਿਆਂ ਦੀ ਨਿਹਚਾ ਦੀ ਰੀਸ ਕਰ ਕੇ ਅਤੇ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰ ਕੇ ਆਪਣੀ ਖ਼ੁਸ਼ੀ ਹੋਰ ਵਧਾ ਸਕਦੇ ਹਾਂ। ਫਿਰ ਅਸੀਂ ਜ਼ਬੂਰ 64:10 ਵਿਚ ਦੱਸੀ ਸੱਚਾਈ ਮਹਿਸੂਸ ਕਰਾਂਗੇ: “ਧਰਮੀ ਯਹੋਵਾਹ ਵਿੱਚ ਅਨੰਦ ਹੋਵੇਗਾ, ਅਤੇ ਉਸ ਦੀ ਸ਼ਰਨ ਆਵੇਗਾ।”
a ਪਵਿੱਤਰ ਸ਼ਕਤੀ ਦੇ ਗੁਣਾਂ ਦੀ ਲੜੀ ਦੇ ਚੌਥੇ ਲੇਖ ਵਿਚ ਧੀਰਜ ਬਾਰੇ ਚਰਚਾ ਕੀਤੀ ਜਾਵੇਗੀ।
b ਆਪਣੀ ਖ਼ੁਸ਼ੀ ਨੂੰ ਹੋਰ ਵਧਾਉਣ ਲਈ “ਖ਼ੁਸ਼ੀ ਵਧਾਉਣ ਦੇ ਹੋਰ ਤਰੀਕੇ” ਨਾਂ ਦੀ ਡੱਬੀ ਦੇਖੋ।