ਅਧਿਐਨ ਲੇਖ 46
ਗੀਤ 17 “ ਮੈਂ ਚਾਹੁੰਦਾ”
ਯਿਸੂ—ਹਮਦਰਦੀ ਰੱਖਣ ਵਾਲਾ ਸਾਡਾ ਮਹਾਂ ਪੁਜਾਰੀ
“ਸਾਡਾ ਮਹਾਂ ਪੁਜਾਰੀ ਇਹੋ ਜਿਹਾ ਨਹੀਂ ਹੈ ਕਿ ਉਹ ਸਾਡੀਆਂ ਕਮਜ਼ੋਰੀਆਂ ਨੂੰ ਸਮਝ ਨਾ ਸਕੇ।” —ਇਬ. 4:15
ਕੀ ਸਿੱਖਾਂਗੇ?
ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਿਸੂ ਸਭ ਤੋਂ ਵਧੀਆ ਮਹਾਂ ਪੁਜਾਰੀ ਹੈ ਅਤੇ ਉਹ ਅੱਜ ਸਾਡੀ ਕਿਵੇਂ ਮਦਦ ਕਰ ਰਿਹਾ ਹੈ?
1-2. (ੳ) ਯਹੋਵਾਹ ਨੇ ਆਪਣੇ ਪੁੱਤਰ ਨੂੰ ਧਰਤੀ ʼਤੇ ਕਿਉਂ ਭੇਜਿਆ? (ਅ) ਅਸੀਂ ਇਸ ਲੇਖ ਵਿਚ ਕੀ ਦੇਖਾਂਗੇ? (ਇਬਰਾਨੀਆਂ 5:7-9)
ਲਗਭਗ 2,000 ਸਾਲ ਪਹਿਲਾਂ ਯਹੋਵਾਹ ਪਰਮੇਸ਼ੁਰ ਨੇ ਆਪਣੇ ਸਭ ਤੋਂ ਪਿਆਰੇ ਪੁੱਤਰ ਯਿਸੂ ਨੂੰ ਧਰਤੀ ʼਤੇ ਭੇਜਿਆ। ਕਿਉਂ? ਇਸ ਦਾ ਇਕ ਕਾਰਨ ਇਹ ਸੀ ਕਿ ਉਹ ਇਨਸਾਨਾਂ ਨੂੰ ਪਾਪ ਅਤੇ ਮੌਤ ਤੋਂ ਛੁਡਾਉਣਾ ਚਾਹੁੰਦਾ ਸੀ ਅਤੇ ਸ਼ੈਤਾਨ ਕਰਕੇ ਹੋਏ ਨੁਕਸਾਨ ਦੀ ਭਰਪਾਈ ਕਰਨੀ ਚਾਹੁੰਦਾ ਸੀ। (ਯੂਹੰ. 3:16; 1 ਯੂਹੰ. 3:8) ਯਹੋਵਾਹ ਇਹ ਵੀ ਜਾਣਦਾ ਸੀ ਕਿ ਇਕ ਇਨਸਾਨ ਵਜੋਂ ਜ਼ਿੰਦਗੀ ਜੀ ਕੇ ਯਿਸੂ ਇਕ ਅਜਿਹਾ ਮਹਾਂ ਪੁਜਾਰੀ ਬਣ ਸਕੇਗਾ ਜੋ ਲੋਕਾਂ ਦਾ ਦਰਦ ਸਮਝਦਾ ਹੈ ਅਤੇ ਉਨ੍ਹਾਂ ਨਾਲ ਹਮਦਰਦੀ ਰੱਖਦਾ ਹੈ। 29 ਈਸਵੀ ਵਿਚ ਜਦੋਂ ਯਿਸੂ ਨੇ ਬਪਤਿਸਮਾ ਲਿਆ, ਉਦੋਂ ਤੋਂ ਉਹ ਮਹਾਂ ਪੁਜਾਰੀ ਵਜੋਂ ਸੇਵਾ ਕਰ ਰਿਹਾ ਹੈ।a
2 ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਧਰਤੀ ʼਤੇ ਰਹਿਣ ਕਰਕੇ ਯਿਸੂ ਕਿਵੇਂ ਹਮਦਰਦੀ ਰੱਖਣ ਵਾਲਾ ਮਹਾਂ ਪੁਜਾਰੀ ਬਣ ਸਕਿਆ। ਸਾਡੇ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਮਹਾਂ ਪੁਜਾਰੀ ਵਜੋਂ ਸੇਵਾ ਕਰਨ ਲਈ ਯਿਸੂ ਕਿਵੇਂ “ਪੂਰੀ ਤਰ੍ਹਾਂ ਕਾਬਲ” ਬਣਿਆ। ਇਸ ਕਰਕੇ ਅਸੀਂ ਬੇਝਿਜਕ ਹੋ ਕੇ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਾਂਗੇ, ਉਦੋਂ ਵੀ ਜਦੋਂ ਅਸੀਂ ਪਾਪ ਜਾਂ ਆਪਣੀਆਂ ਕਮੀਆਂ-ਕਮਜ਼ੋਰੀਆਂ ਕਰਕੇ ਨਿਰਾਸ਼ ਹੋ ਜਾਂਦੇ ਹਾਂ।—ਇਬਰਾਨੀਆਂ 5:7-9 ਪੜ੍ਹੋ।
ਪਰਮੇਸ਼ੁਰ ਦਾ ਪਿਆਰਾ ਪੁੱਤਰ ਧਰਤੀ ʼਤੇ ਆਇਆ
3-4. ਜਦੋਂ ਯਿਸੂ ਧਰਤੀ ʼਤੇ ਆਇਆ, ਤਾਂ ਉਸ ਦੀ ਜ਼ਿੰਦਗੀ ਵਿਚ ਕਿਹੜੇ ਵੱਡੇ-ਵੱਡੇ ਬਦਲਾਅ ਹੋਏ?
3 ਅੱਜ ਸਾਡੇ ਹਾਲਾਤ ਕਦੇ ਵੀ ਬਦਲ ਸਕਦੇ ਹਨ। ਸਾਨੂੰ ਆਪਣਾ ਘਰ-ਬਾਰ ਅਤੇ ਦੋਸਤਾਂ ਨੂੰ ਛੱਡ ਕੇ ਜਾਣਾ ਪੈ ਸਕਦਾ ਹੈ। ਕਈ ਲੋਕਾਂ ਨਾਲ ਇੱਦਾਂ ਹੋਇਆ ਵੀ ਹੈ। ਅਜਿਹੇ ਹਾਲਾਤਾਂ ਦਾ ਸਾਮ੍ਹਣਾ ਕਰਨਾ ਸੌਖਾ ਨਹੀਂ ਹੁੰਦਾ। ਜਦੋਂ ਯਿਸੂ ਧਰਤੀ ʼਤੇ ਆਇਆ, ਤਾਂ ਇਹ ਉਸ ਲਈ ਬਹੁਤ ਵੱਡਾ ਬਦਲਾਅ ਸੀ। ਇਸ ਤਰ੍ਹਾਂ ਦਾ ਬਦਲਾਅ ਕਦੇ ਕਿਸੇ ਨਾਲ ਨਹੀਂ ਹੋਇਆ। ਸਵਰਗ ਵਿਚ ਯਿਸੂ ਯਹੋਵਾਹ ਦਾ ਸਭ ਤੋਂ ਖ਼ਾਸ ਪੁੱਤਰ ਸੀ ਅਤੇ ਉਸ ਦੇ “ਸੱਜੇ ਹੱਥ” ਰਹਿੰਦਾ ਸੀ। (ਜ਼ਬੂ. 16:11) ਉਸ ਨੂੰ ਹਰ ਵੇਲੇ ਆਪਣੇ ਪਿਤਾ ਦਾ ਪਿਆਰ ਮਿਲਦਾ ਸੀ ਅਤੇ ਉਹ ਹਮੇਸ਼ਾ ਖ਼ੁਸ਼ ਰਹਿੰਦਾ ਸੀ ਕਿਉਂਕਿ ਉਹ ਆਪਣੇ ਪਿਤਾ ਨਾਲ ਮਿਲ ਕੇ ਕੰਮ ਕਰਦਾ ਸੀ। (ਕਹਾ. 8:30) ਪਰ ਜਿੱਦਾਂ ਫ਼ਿਲਿੱਪੀਆਂ 2:7 ਵਿਚ ਲਿਖਿਆ ਹੈ, ਉਸ ਨੇ ਖ਼ੁਸ਼ੀ-ਖ਼ੁਸ਼ੀ “ਆਪਣਾ ਸਭ ਕੁਝ ਤਿਆਗ” ਦਿੱਤਾ। ਉਹ ਸਵਰਗ ਵਿਚ ਆਪਣਾ ਉੱਚਾ ਅਹੁਦਾ ਛੱਡ ਕੇ ਧਰਤੀ ʼਤੇ ਆਇਆ ਅਤੇ ਪਾਪੀ ਇਨਸਾਨਾਂ ਨਾਲ ਰਿਹਾ।
4 ਹੁਣ ਜ਼ਰਾ ਗੌਰ ਕਰੋ ਕਿ ਜਦੋਂ ਯਿਸੂ ਪੈਦਾ ਹੋਇਆ ਅਤੇ ਜਦੋਂ ਉਹ ਛੋਟਾ ਸੀ, ਤਾਂ ਉਸ ਸਮੇਂ ਹਾਲਾਤ ਕਿਹੋ ਜਿਹੇ ਸਨ। ਉਸ ਦੇ ਮਾਪੇ ਬਹੁਤ ਗ਼ਰੀਬ ਸਨ। ਯਿਸੂ ਦੇ ਪੈਦਾ ਹੋਣ ਤੋਂ ਕੁਝ ਸਮੇਂ ਬਾਅਦ ਜਦੋਂ ਉਹ ਬਲ਼ੀ ਚੜ੍ਹਾਉਣ ਗਏ, ਤਾਂ ਉਹ ਸਿਰਫ਼ ਘੁੱਗੀਆਂ ਦਾ ਇਕ ਜੋੜਾ ਜਾਂ ਕਬੂਤਰਾਂ ਦੇ ਦੋ ਬੱਚੇ ਹੀ ਚੜ੍ਹਾ ਸਕੇ। (ਲੇਵੀ. 12:8; ਲੂਕਾ 2:24) ਯਿਸੂ ਦੇ ਜਨਮ ਬਾਰੇ ਪਤਾ ਲੱਗਣ ਤੇ ਦੁਸ਼ਟ ਰਾਜੇ ਹੇਰੋਦੇਸ ਨੇ ਉਸ ਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ। ਯਿਸੂ ਨੂੰ ਹੇਰੋਦੇਸ ਹੱਥੋਂ ਬਚਾਉਣ ਲਈ ਉਸ ਦੇ ਮਾਪੇ ਉਸ ਨੂੰ ਲੈ ਕੇ ਮਿਸਰ ਭੱਜ ਗਏ। ਉੱਥੇ ਉਹ ਕੁਝ ਸਮੇਂ ਲਈ ਸ਼ਰਨਾਰਥੀਆਂ ਵਜੋਂ ਰਹੇ। (ਮੱਤੀ 2:13, 15) ਜ਼ਰਾ ਸੋਚੋ ਕਿ ਇਹ ਯਿਸੂ ਲਈ ਕਿੰਨਾ ਵੱਡਾ ਬਦਲਾਅ ਸੀ। ਕਿੱਥੇ ਉਹ ਪਹਿਲਾਂ ਸਵਰਗ ਵਿਚ ਸੀ ਤੇ ਕਿੱਥੇ ਹੁਣ ਉਸ ਨੂੰ ਪਨਾਹ ਲੈਣ ਲਈ ਇੱਧਰ-ਉੱਧਰ ਜਾਣਾ ਪੈ ਰਿਹਾ ਸੀ!
5. ਧਰਤੀ ʼਤੇ ਯਿਸੂ ਨੇ ਕੀ ਦੇਖਿਆ ਅਤੇ ਇਸ ਕਰਕੇ ਉਹ ਹਮਦਰਦੀ ਰੱਖਣ ਵਾਲਾ ਮਹਾਂ ਪੁਜਾਰੀ ਕਿਵੇਂ ਬਣ ਸਕਿਆ? (ਤਸਵੀਰ ਵੀ ਦੇਖੋ।)
5 ਧਰਤੀ ʼਤੇ ਹੁੰਦਿਆਂ ਯਿਸੂ ਨੇ ਲੋਕਾਂ ਦੀਆਂ ਦੁੱਖ-ਤਕਲੀਫ਼ਾਂ ਦੇਖੀਆਂ। ਉਸ ਨੇ ਆਪਣੇ ਅਜ਼ੀਜ਼ਾਂ ਦੀ ਮੌਤ ਦਾ ਗਮ ਵੀ ਸਹਿਆ ਸੀ। ਜਿਵੇਂ ਸ਼ਾਇਦ ਉਸ ਨੇ ਆਪਣੇ ਪਿਤਾ ਯੂਸੁਫ਼ ਨੂੰ ਮਰਦਿਆਂ ਦੇਖਿਆ ਸੀ। ਆਪਣੀ ਸੇਵਾ ਦੌਰਾਨ ਵੀ ਉਹ ਕੁਝ ਅਜਿਹੇ ਲੋਕਾਂ ਨੂੰ ਮਿਲਿਆ ਜੋ ਕੋੜ੍ਹੀ, ਅੰਨ੍ਹੇ ਤੇ ਅਪਾਹਜ ਸਨ ਅਤੇ ਜੋ ਆਪਣੇ ਬੱਚਿਆਂ ਦੀ ਮੌਤ ਦਾ ਗਮ ਸਹਿ ਰਹੇ ਸਨ। ਉਸ ਨੂੰ ਉਨ੍ਹਾਂ ʼਤੇ ਬੜਾ ਤਰਸ ਆਇਆ। (ਮੱਤੀ 9:2, 6; 15:30; 20:34; ਮਰ. 1:40, 41; ਲੂਕਾ 7:13) ਇਹ ਸੱਚ ਹੈ ਕਿ ਸਵਰਗ ਵਿਚ ਹੁੰਦਿਆਂ ਵੀ ਯਿਸੂ ਨੇ ਲੋਕਾਂ ਦੀਆਂ ਦੁੱਖ-ਤਕਲੀਫ਼ਾਂ ਦੇਖੀਆਂ ਸਨ, ਪਰ ਹੁਣ ਉਹ ਲੋਕਾਂ ਦੀਆਂ ਤਕਲੀਫ਼ਾਂ ਨੂੰ ਹੋਰ ਵੀ ਚੰਗੀ ਤਰ੍ਹਾਂ ਸਮਝ ਸਕਿਆ। (ਯਸਾ. 53:4) ਉਹ ਇਨਸਾਨਾਂ ਦੀਆਂ ਭਾਵਨਾਵਾਂ, ਪਰੇਸ਼ਾਨੀਆਂ ਅਤੇ ਉਨ੍ਹਾਂ ਦਾ ਦਰਦ ਸਮਝ ਸਕਿਆ। ਇੰਨਾ ਹੀ ਨਹੀਂ, ਉਸ ਨੇ ਖ਼ੁਦ ਵੀ ਉਨ੍ਹਾਂ ਭਾਵਨਾਵਾਂ ਨੂੰ ਮਹਿਸੂਸ ਕੀਤਾ ਸੀ, ਜਿਵੇਂ ਕਿ ਕੁਝ ਮੌਕਿਆਂ ਤੇ ਉਹ ਬਹੁਤ ਪਰੇਸ਼ਾਨ ਹੋ ਜਾਂਦਾ ਸੀ, ਥੱਕ ਜਾਂਦਾ ਸੀ ਅਤੇ ਦੁਖੀ ਹੋ ਜਾਂਦਾ ਸੀ।
ਯਿਸੂ ਲੋਕਾਂ ਨਾਲ ਹਮਦਰਦੀ ਰੱਖਦਾ ਸੀ ਅਤੇ ਦੁੱਖ-ਤਕਲੀਫ਼ਾਂ ਸਹਿ ਰਹੇ ਲੋਕਾਂ ਦੀ ਪਰਵਾਹ ਕਰਦਾ ਸੀ (ਪੈਰਾ 5 ਦੇਖੋ)
ਯਿਸੂ ਨੇ ਲੋਕਾਂ ਦਾ ਦਰਦ ਸਮਝਿਆ
6. ਯਸਾਯਾਹ ਨਬੀ ਦੀ ਭਵਿੱਖਬਾਣੀ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਿਸੂ ਲੋਕਾਂ ਨਾਲ ਹਮਦਰਦੀ ਰੱਖੇਗਾ ਅਤੇ ਉਨ੍ਹਾਂ ʼਤੇ ਤਰਸ ਕਰੇਗਾ? (ਯਸਾਯਾਹ 42:3)
6 ਧਰਤੀ ʼਤੇ ਆਪਣੀ ਸੇਵਕਾਈ ਦੌਰਾਨ ਯਿਸੂ ਉਨ੍ਹਾਂ ਲੋਕਾਂ ਨਾਲ ਬਹੁਤ ਹਮਦਰਦੀ ਨਾਲ ਪੇਸ਼ ਆਇਆ ਜਿਨ੍ਹਾਂ ਨੂੰ ਸਮਾਜ ਵਿਚ ਬਹੁਤ ਨੀਵਾਂ ਸਮਝਿਆ ਜਾਂਦਾ ਸੀ ਅਤੇ ਸਤਾਇਆ ਜਾਂਦਾ ਸੀ। ਇੱਦਾਂ ਕਰ ਕੇ ਉਸ ਨੇ ਯਸਾਯਾਹ ਦੀ ਭਵਿੱਖਬਾਣੀ ਪੂਰੀ ਕੀਤੀ। ਇਬਰਾਨੀ ਲਿਖਤਾਂ ਵਿਚ ਕਦੇ-ਕਦਾਈਂ ਅਮੀਰ ਅਤੇ ਤਾਕਤਵਰ ਲੋਕਾਂ ਦੀ ਤੁਲਨਾ ਸਿੰਜੇ ਹੋਏ ਬਾਗ਼ ਜਾਂ ਵੱਡੇ-ਵੱਡੇ ਦਰਖ਼ਤਾਂ ਨਾਲ ਕੀਤੀ ਗਈ ਹੈ। (ਜ਼ਬੂ. 92:12; ਯਸਾ. 61:3; ਯਿਰ. 31:12) ਪਰ ਗ਼ਰੀਬ ਅਤੇ ਸਤਾਏ ਹੋਏ ਲੋਕਾਂ ਦੀ ਤੁਲਨਾ ਦਰੜੇ ਹੋਏ ਕਾਨੇ ਅਤੇ ਦੀਵੇ ਦੀ ਧੁਖ ਰਹੀ ਬੱਤੀ ਨਾਲ ਕੀਤੀ ਗਈ ਹੈ। (ਯਸਾਯਾਹ 42:3 ਪੜ੍ਹੋ; ਮੱਤੀ 12:20) ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਯਸਾਯਾਹ ਨਬੀ ਇਹ ਤੁਲਨਾ ਕਰ ਕੇ ਦੱਸ ਰਿਹਾ ਸੀ ਕਿ ਆਉਣ ਵਾਲਾ ਮਸੀਹ ਯਾਨੀ ਯਿਸੂ ਉਨ੍ਹਾਂ ਲੋਕਾਂ ਦਾ ਦਰਦ ਸਮਝੇਗਾ ਅਤੇ ਉਨ੍ਹਾਂ ਨਾਲ ਹਮਦਰਦੀ ਰੱਖੇਗਾ ਜਿਨ੍ਹਾਂ ਨੂੰ ਸਮਾਜ ਵਿਚ ਤੁੱਛ ਸਮਝਿਆ ਜਾਂਦਾ ਹੈ।
7-8. ਯਿਸੂ ਨੇ ਯਸਾਯਾਹ ਦੀ ਭਵਿੱਖਬਾਣੀ ਕਿਵੇਂ ਪੂਰੀ ਕੀਤੀ?
7 ਮੱਤੀ ਨੇ ਦੱਸਿਆ ਕਿ ਯਿਸੂ ਨੇ ਯਸਾਯਾਹ ਦੀ ਭਵਿੱਖਬਾਣੀ ਕਿਵੇਂ ਪੂਰੀ ਕੀਤੀ। ਉਸ ਨੇ ਲਿਖਿਆ: “ਉਹ ਦਰੜੇ ਹੋਏ ਕਾਨੇ ਨੂੰ ਨਹੀਂ ਤੋੜੇਗਾ ਅਤੇ ਦੀਵੇ ਦੀ ਧੁਖ ਰਹੀ ਬੱਤੀ ਨੂੰ ਨਹੀਂ ਬੁਝਾਏਗਾ।” ਸਮਾਜ ਵਿਚ ਤੁੱਛ ਸਮਝੇ ਜਾਂਦੇ ਲੋਕ ਆਪਣੇ ਆਪ ਨੂੰ ਦਰੜੇ ਹੋਏ ਕਾਨੇ ਵਾਂਗ ਜਾਂ ਨਾਉਮੀਦ ਲੋਕ ਆਪਣੇ ਆਪ ਨੂੰ ਦੀਵੇ ਦੀ ਧੁਖ ਰਹੀ ਬੱਤੀ ਵਾਂਗ ਸਮਝਦੇ ਸਨ। ਅਜਿਹੇ ਲੋਕਾਂ ਨੂੰ ਯਿਸੂ ਦੇ ਚਮਤਕਾਰਾਂ ਤੋਂ ਫ਼ਾਇਦਾ ਹੋਇਆ। ਮਿਸਾਲ ਲਈ, ਇਕ ਵਾਰ ਯਿਸੂ ਇਕ ਅਜਿਹੇ ਆਦਮੀ ਨੂੰ ਮਿਲਿਆ ਜਿਸ ਦਾ ਪੂਰਾ ਸਰੀਰ ਕੋੜ੍ਹ ਨਾਲ ਭਰਿਆ ਹੋਇਆ ਸੀ। ਉਹ ਆਦਮੀ ਠੀਕ ਹੋਣ ਅਤੇ ਆਪਣੇ ਘਰਦਿਆਂ ਤੇ ਦੋਸਤਾਂ ਨਾਲ ਰਹਿਣ ਬਾਰੇ ਕਦੇ ਸੋਚ ਵੀ ਨਹੀਂ ਸਕਦਾ ਸੀ। (ਲੂਕਾ 5:12, 13) ਇਕ ਹੋਰ ਮੌਕੇ ਤੇ ਯਿਸੂ ਇਕ ਬੋਲ਼ੇ ਆਦਮੀ ਨੂੰ ਮਿਲਿਆ ਜੋ ਠੀਕ ਤਰ੍ਹਾਂ ਬੋਲ ਵੀ ਨਹੀਂ ਸਕਦਾ ਸੀ। ਜ਼ਰਾ ਸੋਚੋ, ਜਦੋਂ ਉਹ ਆਦਮੀ ਲੋਕਾਂ ਨੂੰ ਗੱਲਬਾਤ ਕਰਦਿਆਂ ਦੇਖਦਾ ਹੋਣਾ ਅਤੇ ਉਸ ਨੂੰ ਕੁਝ ਸਮਝ ਨਹੀਂ ਆਉਂਦਾ ਹੋਣਾ, ਤਾਂ ਉਸ ਦੇ ਦਿਲ ʼਤੇ ਕੀ ਬੀਤਦੀ ਹੋਣੀ। (ਮਰ. 7:32, 33) ਅਫ਼ਸੋਸ ਦੀ ਗੱਲ ਹੈ ਕਿ ਅਜਿਹੇ ਲੋਕਾਂ ਨੂੰ ਇਕ ਹੋਰ ਦੁੱਖ ਝੱਲਣਾ ਪੈਂਦਾ ਸੀ।
8 ਯਿਸੂ ਦੇ ਜ਼ਮਾਨੇ ਵਿਚ ਬਹੁਤ ਸਾਰੇ ਯਹੂਦੀ ਮੰਨਦੇ ਸਨ ਕਿ ਬੀਮਾਰ ਜਾਂ ਅਪਾਹਜ ਲੋਕ ਆਪਣੇ ਜਾਂ ਆਪਣੇ ਮਾਪਿਆਂ ਦੇ ਪਾਪਾਂ ਦੀ ਸਜ਼ਾ ਭੁਗਤ ਰਹੇ ਸਨ। (ਯੂਹੰ. 9:2) ਇਸ ਗ਼ਲਤ ਸੋਚ ਕਰਕੇ ਇਨ੍ਹਾਂ ਬੇਚਾਰੇ ਲੋਕਾਂ ਨਾਲ ਬਹੁਤ ਬੁਰਾ ਸਲੂਕ ਕੀਤਾ ਜਾਂਦਾ ਸੀ ਅਤੇ ਉਨ੍ਹਾਂ ਨੂੰ ਅਹਿਸਾਸ ਕਰਾਇਆ ਜਾਂਦਾ ਸੀ ਕਿ ਉਹ ਕਿਸੇ ਕੰਮ ਦੇ ਨਹੀਂ ਸਨ। ਪਰ ਯਸਾਯਾਹ ਦੀ ਭਵਿੱਖਬਾਣੀ ਅਨੁਸਾਰ ਯਿਸੂ ਨੇ ਉਨ੍ਹਾਂ ਨੂੰ ਠੀਕ ਕੀਤਾ ਅਤੇ ਉਨ੍ਹਾਂ ਦੀ ਤਕਲੀਫ਼ ਦੂਰ ਕੀਤੀ। ਉਸ ਨੇ ਉਨ੍ਹਾਂ ਨੂੰ ਅਹਿਸਾਸ ਕਰਾਇਆ ਕਿ ਯਹੋਵਾਹ ਉਨ੍ਹਾਂ ਦੀ ਬਹੁਤ ਪਰਵਾਹ ਕਰਦਾ ਹੈ। ਇਸ ਤੋਂ ਉਨ੍ਹਾਂ ਨੂੰ ਜੀਉਣ ਦੀ ਉਮੀਦ ਮਿਲੀ ਹੋਣੀ। ਹੁਣ ਆਓ ਆਪਾਂ ਦੇਖੀਏ ਕਿ ਯਿਸੂ ਸਾਡੇ ਬਾਰੇ ਕਿਵੇਂ ਮਹਿਸੂਸ ਕਰਦਾ ਹੈ।
9. ਇਬਰਾਨੀਆਂ 4:15, 16 ਤੋਂ ਕਿਵੇਂ ਪਤਾ ਲੱਗਦਾ ਹੈ ਕਿ ਸਾਡਾ ਮਹਾਂ ਪੁਜਾਰੀ ਪਾਪੀ ਇਨਸਾਨਾਂ ਨਾਲ ਹਮਦਰਦੀ ਰੱਖਦਾ ਹੈ?
9 ਇਬਰਾਨੀਆਂ 4:15, 16 ਪੜ੍ਹੋ। ਅਸੀਂ ਯਕੀਨ ਰੱਖ ਸਕਦੇ ਹਾਂ ਕਿ ਯਿਸੂ ਸਾਡੇ ਨਾਲ ਵੀ ਹਮੇਸ਼ਾ ਹਮਦਰਦੀ ਰੱਖੇਗਾ। ਇਬਰਾਨੀਆਂ 4:15 (ਫੁਟਨੋਟ) ਵਿਚ ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਹਮਦਰਦੀ” ਕੀਤਾ ਗਿਆ ਹੈ, ਉਸ ਦਾ ਮਤਲਬ ਹੈ ਕਿ ਕਿਸੇ ਦੀ ਤਕਲੀਫ਼ ਨੂੰ ਦੇਖ ਕੇ ਤੜਫ ਉੱਠਣਾ ਅਤੇ ਉਸ ਦਾ ਦਰਦ ਆਪਣੇ ਦਿਲ ਵਿਚ ਮਹਿਸੂਸ ਕਰਨਾ। (ਪੌਲੁਸ ਨੇ ਇਸ ਯੂਨਾਨੀ ਸ਼ਬਦ ਦਾ ਇਸਤੇਮਾਲ ਇਬਰਾਨੀਆਂ 10:34 ਵਿਚ ਵੀ ਕੀਤਾ ਹੈ।) ਯਿਸੂ ਦੇ ਚਮਤਕਾਰਾਂ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਨੂੰ ਤਕਲੀਫ਼ ਵਿਚ ਦੇਖ ਕੇ ਉਸ ਨੂੰ ਕਿਵੇਂ ਲੱਗਦਾ ਸੀ। ਉਸ ਨੇ ਸਿਰਫ਼ ਫ਼ਰਜ਼ ਸਮਝ ਕੇ ਹੀ ਲੋਕਾਂ ਨੂੰ ਠੀਕ ਨਹੀਂ ਕੀਤਾ, ਸਗੋਂ ਉਹ ਦਿਲੋਂ ਉਨ੍ਹਾਂ ਦੀ ਪਰਵਾਹ ਕਰਦਾ ਸੀ ਅਤੇ ਉਨ੍ਹਾਂ ਦੀ ਮਦਦ ਕਰਨੀ ਚਾਹੁੰਦਾ ਸੀ। ਮਿਸਾਲ ਲਈ, ਉਹ ਇਕ ਕੋੜ੍ਹੀ ਨੂੰ ਦੂਰੋਂ ਹੀ ਠੀਕ ਕਰ ਸਕਦਾ ਸੀ, ਪਰ ਉਸ ਨੇ ਕੋੜ੍ਹੀ ਨੂੰ ਛੂਹ ਕੇ ਠੀਕ ਕੀਤਾ। ਕੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਸ ਕੋੜ੍ਹੀ ਨੂੰ ਕਿਵੇਂ ਲੱਗਾ ਹੋਣਾ? ਸ਼ਾਇਦ ਸਾਲਾਂ ਬਾਅਦ ਕਿਸੇ ਨੇ ਉਸ ਨੂੰ ਛੋਹਿਆ ਹੋਣਾ। ਨਾਲੇ ਧਿਆਨ ਦਿਓ ਕਿ ਯਿਸੂ ਨੇ ਇਕ ਬੋਲ਼ੇ ਆਦਮੀ ਨੂੰ ਕਿਵੇਂ ਠੀਕ ਕੀਤਾ। ਯਿਸੂ ਉਸ ਨੂੰ ਪਿਆਰ ਨਾਲ ਭੀੜ ਤੋਂ ਦੂਰ ਇਕ ਸ਼ਾਂਤ ਜਗ੍ਹਾ ʼਤੇ ਲੈ ਗਿਆ ਅਤੇ ਉੱਥੇ ਇਕੱਲਿਆਂ ਵਿਚ ਉਸ ਨੂੰ ਠੀਕ ਕੀਤਾ। ਹੁਣ ਜ਼ਰਾ ਉਸ ਔਰਤ ਬਾਰੇ ਵੀ ਸੋਚੋ ਜਿਸ ਨੇ ਆਪਣੇ ਪਾਪਾਂ ਤੋਂ ਤੋਬਾ ਕੀਤੀ ਸੀ। ਉਸ ਔਰਤ ਨੇ ਆਪਣੇ ਹੰਝੂਆਂ ਨਾਲ ਯਿਸੂ ਦੇ ਪੈਰ ਧੋਤੇ ਅਤੇ ਆਪਣੇ ਵਾਲ਼ਾਂ ਨਾਲ ਉਨ੍ਹਾਂ ਨੂੰ ਪੂੰਝਿਆ। ਫ਼ਰੀਸੀ ਉਸ ਔਰਤ ਨੂੰ ਤੁੱਛ ਸਮਝਦੇ ਸਨ, ਪਰ ਯਿਸੂ ਨੇ ਸਖ਼ਤੀ ਨਾਲ ਫ਼ਰੀਸੀਆਂ ਦੀ ਸੋਚ ਸੁਧਾਰੀ ਅਤੇ ਉਸ ਔਰਤ ਦਾ ਪੱਖ ਲਿਆ। (ਮੱਤੀ 8:3; ਮਰ. 7:33; ਲੂਕਾ 7:44) ਯਿਸੂ ਨੇ ਪਾਪੀ ਅਤੇ ਬੀਮਾਰ ਲੋਕਾਂ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਇ ਆਪਣੇ ਕੋਲ ਬੁਲਾਇਆ ਅਤੇ ਉਨ੍ਹਾਂ ਨਾਲ ਬੜੇ ਪਿਆਰ ਨਾਲ ਪੇਸ਼ ਆਇਆ। ਅਸੀਂ ਪੂਰਾ ਯਕੀਨ ਰੱਖ ਸਕਦੇ ਹਾਂ ਕਿ ਯਿਸੂ ਅੱਜ ਸਾਡੇ ਨਾਲ ਵੀ ਹਮਦਰਦੀ ਰੱਖਦਾ ਹੈ।
ਆਪਣੇ ਮਹਾਂ ਪੁਜਾਰੀ ਦੀ ਰੀਸ ਕਰੋ
10. ਬੋਲ਼ੇ ਅਤੇ ਅੰਨ੍ਹੇ ਲੋਕਾਂ ਦੀ ਮਦਦ ਕਰਨ ਲਈ ਅਸੀਂ ਕਿਹੜੇ ਪ੍ਰਬੰਧਾਂ ਦੀ ਵਰਤੋਂ ਕਰ ਸਕਦੇ ਹਾਂ? (ਤਸਵੀਰਾਂ ਵੀ ਦੇਖੋ।)
10 ਯਿਸੂ ਦੇ ਵਫ਼ਾਦਾਰ ਚੇਲੇ ਹੋਣ ਕਰਕੇ ਅਸੀਂ ਉਸ ਦੀ ਰੀਸ ਕਰਨੀ ਚਾਹੁੰਦੇ ਹਾਂ। ਇਸ ਲਈ ਅਸੀਂ ਦੂਜਿਆਂ ਨੂੰ ਪਿਆਰ ਕਰਦੇ ਹਾਂ, ਉਨ੍ਹਾਂ ਦਾ ਦਰਦ ਮਹਿਸੂਸ ਕਰਦੇ ਹਾਂ ਅਤੇ ਉਨ੍ਹਾਂ ਨਾਲ ਹਮਦਰਦੀ ਰੱਖਦੇ ਹਾਂ। (1 ਪਤ. 2:21; 3:8) ਯਿਸੂ ਵਾਂਗ ਅਸੀਂ ਚਮਤਕਾਰ ਕਰ ਕੇ ਬੋਲ਼ੇ ਜਾਂ ਅੰਨ੍ਹੇ ਲੋਕਾਂ ਨੂੰ ਠੀਕ ਤਾਂ ਨਹੀਂ ਕਰ ਸਕਦੇ, ਪਰ ਅਸੀਂ ਯਹੋਵਾਹ ਦੇ ਨੇੜੇ ਆਉਣ ਵਿਚ ਉਨ੍ਹਾਂ ਦੀ ਮਦਦ ਜ਼ਰੂਰ ਕਰ ਸਕਦੇ ਹਾਂ। ਮਿਸਾਲ ਲਈ, ਹੁਣ 100 ਤੋਂ ਵੀ ਜ਼ਿਆਦਾ ਸੈਨਤ ਭਾਸ਼ਾਵਾਂ ਵਿਚ ਬਾਈਬਲ-ਆਧਾਰਿਤ ਪ੍ਰਕਾਸ਼ਨ ਉਪਲਬਧ ਹਨ। ਜਿਨ੍ਹਾਂ ਨੂੰ ਘੱਟ ਦਿਸਦਾ ਹੈ, ਉਨ੍ਹਾਂ ਦੀ ਮਦਦ ਕਰਨ ਲਈ 60 ਤੋਂ ਵੀ ਜ਼ਿਆਦਾ ਬ੍ਰੇਲ ਭਾਸ਼ਾਵਾਂ ਵਿਚ ਪ੍ਰਕਾਸ਼ਨ ਉਪਲਬਧ ਹਨ ਅਤੇ 100 ਤੋਂ ਵੀ ਜ਼ਿਆਦਾ ਭਾਸ਼ਾਵਾਂ ਵਿਚ ਆਡੀਓ ਡਿਸਕ੍ਰਿਪਸ਼ਨ ਉਪਲਬਧ ਹਨ (ਆਡੀਓ ਡਿਸਕ੍ਰਿਪਸ਼ਨ ਵਿਚ ਦੱਸਿਆ ਜਾਂਦਾ ਹੈ ਕਿ ਵੀਡੀਓ ਦੇ ਕਿਸੇ ਸੀਨ ਵਿਚ ਕੀ ਹੋ ਰਿਹਾ ਹੈ)। ਇਨ੍ਹਾਂ ਪ੍ਰਬੰਧਾਂ ਕਰਕੇ ਬੋਲ਼ੇ ਤੇ ਅੰਨ੍ਹੇ ਲੋਕ ਯਹੋਵਾਹ ਅਤੇ ਉਸ ਦੇ ਪੁੱਤਰ ਦੇ ਨੇੜੇ ਆ ਸਕਦੇ ਹਨ।
ਸਾਡੇ ਬਾਈਬਲ-ਆਧਾਰਿਤ ਪ੍ਰਕਾਸ਼ਨ 1,000 ਤੋਂ ਵੀ ਜ਼ਿਆਦਾ ਭਾਸ਼ਾਵਾਂ ਵਿਚ ਉਪਲਬਧ ਹਨ
ਖੱਬੇ ਪਾਸੇ: 100 ਤੋਂ ਵੀ ਜ਼ਿਆਦਾ ਸੈਨਤ ਭਾਸ਼ਾਵਾਂ
ਸੱਜੇ ਪਾਸੇ: 60 ਤੋਂ ਵੀ ਜ਼ਿਆਦਾ ਬ੍ਰੇਲ ਭਾਸ਼ਾਵਾਂ
(ਪੈਰਾ 10 ਦੇਖੋ)
11. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਦਾ ਸੰਗਠਨ ਯਿਸੂ ਵਾਂਗ ਸਾਰੇ ਲੋਕਾਂ ਨਾਲ ਹਮਦਰਦੀ ਰੱਖਦਾ ਹੈ? (ਰਸੂਲਾਂ ਦੇ ਕੰਮ 2:5-7, 33) (ਤਸਵੀਰਾਂ ਵੀ ਦੇਖੋ।)
11 ਯਹੋਵਾਹ ਦਾ ਸੰਗਠਨ ਸਖ਼ਤ ਮਿਹਨਤ ਕਰ ਰਿਹਾ ਹੈ ਤਾਂਕਿ ਹਰ ਤਰ੍ਹਾਂ ਦੇ ਲੋਕ ਯਹੋਵਾਹ ਦੇ ਨੇੜੇ ਆ ਸਕਣ। ਜ਼ਰਾ ਯਾਦ ਕਰੋ ਕਿ ਯਿਸੂ ਦੇ ਦੁਬਾਰਾ ਜੀਉਂਦਾ ਹੋਣ ਤੋਂ ਬਾਅਦ ਉਸ ਨੇ ਪੰਤੇਕੁਸਤ ਦੇ ਦਿਨ ਪਵਿੱਤਰ ਸ਼ਕਤੀ ਦਿੱਤੀ ਸੀ ਤਾਂਕਿ ਤਿਉਹਾਰ ਵਿਚ ਆਏ ਲੋਕ “ਆਪੋ-ਆਪਣੀ ਭਾਸ਼ਾ ਵਿਚ” ਖ਼ੁਸ਼ ਖ਼ਬਰੀ ਸੁਣ ਸਕਣ। (ਰਸੂਲਾਂ ਦੇ ਕੰਮ 2:5-7, 33 ਪੜ੍ਹੋ।) ਯਿਸੂ ਦੀ ਅਗਵਾਈ ਅਧੀਨ ਅੱਜ ਸਾਡਾ ਸੰਗਠਨ 1,000 ਤੋਂ ਵੀ ਜ਼ਿਆਦਾ ਭਾਸ਼ਾਵਾਂ ਵਿਚ ਬਾਈਬਲ-ਆਧਾਰਿਤ ਪ੍ਰਕਾਸ਼ਨ ਤਿਆਰ ਕਰ ਰਿਹਾ ਹੈ, ਉਨ੍ਹਾਂ ਭਾਸ਼ਾਵਾਂ ਵਿਚ ਵੀ ਜਿਨ੍ਹਾਂ ਨੂੰ ਬਹੁਤ ਹੀ ਘੱਟ ਲੋਕ ਬੋਲਦੇ ਹਨ। ਮਿਸਾਲ ਲਈ, ਉੱਤਰੀ ਤੇ ਦੱਖਣੀ ਅਮਰੀਕਾ ਵਿਚ ਬਹੁਤ ਹੀ ਘੱਟ ਲੋਕ ਅਮੈਰਇੰਡੀਅਨ ਭਾਸ਼ਾਵਾਂ ਬੋਲਦੇ ਹਨ, ਪਰ 160 ਤੋਂ ਵੀ ਜ਼ਿਆਦਾ ਅਮੈਰਇੰਡੀਅਨ ਭਾਸ਼ਾਵਾਂ ਵਿਚ ਸਾਡੇ ਪ੍ਰਕਾਸ਼ਨ ਉਪਲਬਧ ਹਨ ਤਾਂਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਖ਼ੁਸ਼ ਖ਼ਬਰੀ ਬਾਰੇ ਜਾਣ ਸਕਣ। ਨਾਲੇ 20 ਤੋਂ ਵੀ ਜ਼ਿਆਦਾ ਰੋਮਨੀ ਭਾਸ਼ਾਵਾਂ ਵਿਚ ਸਾਡੇ ਪ੍ਰਕਾਸ਼ਨ ਉਪਲਬਧ ਹਨ। ਇਨ੍ਹਾਂ ਭਾਸ਼ਾਵਾਂ ਨੂੰ ਬੋਲਣ ਵਾਲੇ ਹਜ਼ਾਰਾਂ ਹੀ ਲੋਕਾਂ ਨੇ ਸੱਚਾਈ ਕਬੂਲ ਕੀਤੀ ਹੈ ਅਤੇ ਉਹ ਯਹੋਵਾਹ ਦੀ ਸੇਵਾ ਕਰ ਰਹੇ ਹਨ।
ਖੱਬੇ ਪਾਸੇ: 160 ਤੋਂ ਵੀ ਜ਼ਿਆਦਾ ਅਮੈਰਇੰਡੀਅਨ ਭਾਸ਼ਾਵਾਂ
ਸੱਜੇ ਪਾਸੇ: 20 ਤੋਂ ਵੀ ਜ਼ਿਆਦਾ ਰੋਮਨੀ ਭਾਸ਼ਾਵਾਂ
(ਪੈਰਾ 11 ਦੇਖੋ)
12. ਯਹੋਵਾਹ ਦਾ ਸੰਗਠਨ ਲੋਕਾਂ ਦੀ ਹੋਰ ਕਿਵੇਂ ਮਦਦ ਕਰਦਾ ਹੈ?
12 ਯਹੋਵਾਹ ਦਾ ਸੰਗਠਨ ਖ਼ੁਸ਼ ਖ਼ਬਰੀ ਨੂੰ ਦੂਰ-ਦੂਰ ਤਕ ਪਹੁੰਚਾਉਣ ਤੋਂ ਇਲਾਵਾ ਰਾਹਤ ਦੇ ਕੰਮ ਵੀ ਕਰਦਾ ਹੈ। ਜਦੋਂ ਵੀ ਕੋਈ ਕੁਦਰਤੀ ਆਫ਼ਤ ਆਉਂਦੀ ਹੈ, ਤਾਂ ਹਜ਼ਾਰਾਂ ਹੀ ਭੈਣ-ਭਰਾ ਲੋੜਵੰਦ ਮਸੀਹੀਆਂ ਦੀ ਮਦਦ ਕਰਦੇ ਹਨ। ਸਾਡਾ ਸੰਗਠਨ ਭਗਤੀ ਲਈ ਥਾਵਾਂ ਵੀ ਤਿਆਰ ਕਰਦਾ ਹੈ ਤਾਂਕਿ ਲੋਕ ਇਕੱਠੇ ਹੋ ਕੇ ਯਹੋਵਾਹ ਬਾਰੇ ਸਿੱਖ ਸਕਣ ਅਤੇ ਉਸ ਦਾ ਪਿਆਰ ਮਹਿਸੂਸ ਕਰ ਸਕਣ।
ਸਾਡਾ ਮਹਾਂ ਪੁਜਾਰੀ ਤੁਹਾਡੀ ਮਦਦ ਕਰ ਸਕਦਾ ਹੈ
13. ਯਿਸੂ ਕਿਨ੍ਹਾਂ ਤਰੀਕਿਆਂ ਰਾਹੀਂ ਤੁਹਾਡੀ ਮਦਦ ਕਰਦਾ ਹੈ?
13 ਯਿਸੂ ਵਧੀਆ ਚਰਵਾਹਾ ਹੈ ਅਤੇ ਉਹ ਸਾਡੇ ਵਿੱਚੋਂ ਹਰੇਕ ਦਾ ਖ਼ਿਆਲ ਰੱਖਦਾ ਹੈ ਤਾਂਕਿ ਯਹੋਵਾਹ ਨਾਲ ਸਾਡਾ ਰਿਸ਼ਤਾ ਮਜ਼ਬੂਤ ਬਣਿਆ ਰਹੇ। (ਯੂਹੰ. 10:14; ਅਫ਼. 4:7) ਕਦੇ-ਕਦਾਈਂ ਅਸੀਂ ਇੰਨੇ ਨਿਰਾਸ਼ ਹੋ ਜਾਂਦੇ ਹਾਂ ਕਿ ਅਸੀਂ ਧੁਖਦੀ ਹੋਈ ਬੱਤੀ ਜਾਂ ਦਰੜੇ ਹੋਏ ਕਾਨੇ ਵਾਂਗ ਮਹਿਸੂਸ ਕਰਦੇ ਹਾਂ। ਹੋ ਸਕਦਾ ਹੈ ਕਿ ਸਾਨੂੰ ਕੋਈ ਗੰਭੀਰ ਬੀਮਾਰੀ ਹੋ ਜਾਵੇ, ਅਸੀਂ ਕੋਈ ਗ਼ਲਤੀ ਜਾਂ ਪਾਪ ਕਰ ਬੈਠੀਏ ਜਾਂ ਕਿਸੇ ਭੈਣ ਜਾਂ ਭਰਾ ਨਾਲ ਸਾਡੀ ਅਣਬਣ ਹੋ ਜਾਵੇ। ਇੱਦਾਂ ਦੇ ਹਾਲਾਤਾਂ ਵਿਚ ਸ਼ਾਇਦ ਅਸੀਂ ਆਪਣੀਆਂ ਮੁਸ਼ਕਲਾਂ ਬਾਰੇ ਹੀ ਸੋਚਦੇ ਰਹੀਏ ਅਤੇ ਆਪਣੇ ਵਧੀਆ ਭਵਿੱਖ ਦੀ ਉਮੀਦ ਵੱਲ ਕੋਈ ਧਿਆਨ ਹੀ ਨਾ ਦੇ ਸਕੀਏ। ਪਰ ਯਾਦ ਰੱਖੋ ਕਿ ਯਿਸੂ ਨੂੰ ਤੁਹਾਡੇ ਨਾਲ ਹਮਦਰਦੀ ਹੈ। ਉਹ ਤੁਹਾਡੀ ਤਕਲੀਫ਼ ਜਾਣਦਾ ਹੈ ਅਤੇ ਉਸ ਨੂੰ ਪਤਾ ਹੈ ਕਿ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ। ਇਸ ਲਈ ਉਹ ਤੁਹਾਡੀ ਮਦਦ ਜ਼ਰੂਰ ਕਰੇਗਾ, ਜਿਵੇਂ ਜਦੋਂ ਤੁਸੀਂ ਕਮਜ਼ੋਰ ਮਹਿਸੂਸ ਕਰਦੇ ਹੋ, ਤਾਂ ਉਹ ਪਵਿੱਤਰ ਸ਼ਕਤੀ ਦੇ ਕੇ ਤੁਹਾਡੇ ਵਿਚ ਤਾਕਤ ਭਰ ਸਕਦਾ ਹੈ। (ਯੂਹੰ. 16:7; ਤੀਤੁ. 3:6) ਇਸ ਤੋਂ ਇਲਾਵਾ, ਤੁਹਾਨੂੰ ਹੌਸਲਾ ਤੇ ਮਦਦ ਦੇਣ ਲਈ ਯਿਸੂ ਬਜ਼ੁਰਗਾਂ ਨੂੰ ਵਰਤ ਸਕਦਾ ਹੈ ਜਿਨ੍ਹਾਂ ਨੂੰ “ਤੋਹਫ਼ਿਆਂ ਵਜੋਂ” ਦਿੱਤਾ ਗਿਆ ਹੈ। ਨਾਲੇ ਉਹ ਹੋਰ ਭੈਣਾਂ-ਭਰਾਵਾਂ ਰਾਹੀਂ ਵੀ ਇੱਦਾਂ ਕਰ ਸਕਦਾ ਹੈ।—ਅਫ਼. 4:8.
14. ਨਿਰਾਸ਼ ਹੋਣ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ?
14 ਜੇ ਤੁਸੀਂ ਕੁਚਲੇ ਹੋਏ ਮਹਿਸੂਸ ਕਰ ਰਹੇ ਹੋ ਅਤੇ ਤੁਹਾਡੀ ਹਿੰਮਤ ਟੁੱਟਦੀ ਜਾ ਰਹੀ ਹੈ, ਤਾਂ ਯਾਦ ਰੱਖੋ ਕਿ ਯਿਸੂ ਸਾਡਾ ਮਹਾਂ ਪੁਜਾਰੀ ਹੈ। ਯਹੋਵਾਹ ਨੇ ਉਸ ਨੂੰ ਧਰਤੀ ʼਤੇ ਸਿਰਫ਼ ਰਿਹਾਈ ਦੀ ਕੀਮਤ ਦੇਣ ਲਈ ਹੀ ਨਹੀਂ ਭੇਜਿਆ ਸੀ, ਸਗੋਂ ਇਸ ਲਈ ਵੀ ਭੇਜਿਆ ਸੀ ਕਿ ਉਹ ਸਾਡੀਆਂ ਤਕਲੀਫ਼ਾਂ ਨੂੰ ਚੰਗੀ ਤਰ੍ਹਾਂ ਸਮਝ ਸਕੇ। ਤਾਂ ਫਿਰ ਜਦੋਂ ਅਸੀਂ ਆਪਣੀ ਕਿਸੇ ਕਮੀ-ਕਮਜ਼ੋਰੀ ਜਾਂ ਪਾਪ ਕਰਕੇ ਨਿਰਾਸ਼ ਹੋ ਜਾਂਦੇ ਹਾਂ, ਤਾਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਿਸੂ ਸਾਡੀ ਮਦਦ ਕਰਨ ਲਈ ਤਿਆਰ ਹੈ ਅਤੇ ਉਹ “ਸਹੀ ਸਮੇਂ ਤੇ” ਇੱਦਾਂ ਕਰੇਗਾ।—ਇਬ. 4:15, 16, ਫੁਟਨੋਟ।
15. ਮੰਡਲੀ ਵਿਚ ਵਾਪਸ ਆਏ ਇਕ ਭਰਾ ਦੀ ਕਿਵੇਂ ਮਦਦ ਕੀਤੀ ਗਈ?
15 ਯਹੋਵਾਹ ਦੀਆਂ ਜਿਹੜੀਆਂ ਭੇਡਾਂ ਉਸ ਤੋਂ ਦੂਰ ਚਲੀਆਂ ਜਾਂਦੀਆਂ ਹਨ, ਯਿਸੂ ਉਨ੍ਹਾਂ ਨੂੰ ਲੱਭਣ ਵਿਚ ਅਤੇ ਉਨ੍ਹਾਂ ਦੀ ਮਦਦ ਕਰਨ ਵਿਚ ਵੀ ਆਪਣੇ ਲੋਕਾਂ ਦੀ ਅਗਵਾਈ ਕਰਦਾ ਹੈ। (ਮੱਤੀ 18:12, 13) ਜ਼ਰਾ ਭਰਾ ਸਟੈਫ਼ਨੋb ਦੀ ਮਿਸਾਲ ʼਤੇ ਗੌਰ ਕਰੋ। ਉਸ ਨੂੰ ਮੰਡਲੀ ਵਿੱਚੋਂ ਕੱਢ ਦਿੱਤਾ ਗਿਆ ਸੀ, ਪਰ ਉਸ ਨੇ 12 ਸਾਲਾਂ ਬਾਅਦ ਸਭਾ ʼਤੇ ਜਾਣ ਬਾਰੇ ਸੋਚਿਆ। ਉਹ ਦੱਸਦਾ ਹੈ: “ਮੈਂ ਦੁਬਾਰਾ ਤੋਂ ਯਹੋਵਾਹ ਦੇ ਪਰਿਵਾਰ ਨਾਲ ਮਿਲ ਕੇ ਉਸ ਦੀ ਸੇਵਾ ਕਰਨੀ ਚਾਹੁੰਦਾ ਸੀ, ਪਰ ਮੇਰੇ ਲਈ ਇੱਦਾਂ ਕਰਨਾ ਬਿਲਕੁਲ ਵੀ ਸੌਖਾ ਨਹੀਂ ਸੀ। ਫਿਰ ਵੀ ਮੈਂ ਸਭਾ ʼਤੇ ਗਿਆ। ਜਿਹੜੇ ਬਜ਼ੁਰਗ ਮੈਨੂੰ ਮਿਲਣ ਆਏ ਸਨ, ਉਨ੍ਹਾਂ ਨੇ ਬੜੇ ਪਿਆਰ ਨਾਲ ਮੇਰਾ ਸੁਆਗਤ ਕੀਤਾ। ਪਰ ਇਸ ਤੋਂ ਬਾਅਦ ਵੀ ਕਦੀ-ਕਦਾਈਂ ਮੈਨੂੰ ਲੱਗਦਾ ਸੀ ਕਿ ਮੈਂ ਕਿੰਨਾ ਗਿਆ-ਗੁਜ਼ਰਿਆ ਇਨਸਾਨ ਸੀ ਅਤੇ ਮੈਂ ਹਿੰਮਤ ਹਾਰ ਜਾਂਦਾ ਸੀ। ਪਰ ਬਜ਼ੁਰਗਾਂ ਨੇ ਮੈਨੂੰ ਯਾਦ ਕਰਾਇਆ ਕਿ ਯਹੋਵਾਹ ਤੇ ਯਿਸੂ ਚਾਹੁੰਦੇ ਹਨ ਕਿ ਮੈਂ ਕੋਸ਼ਿਸ਼ ਕਰਦਾ ਰਹਾਂ। ਜਦੋਂ ਮੈਨੂੰ ਬਹਾਲ ਕੀਤਾ ਗਿਆ, ਤਾਂ ਪੂਰੀ ਮੰਡਲੀ ਨੇ ਮੇਰਾ ਤੇ ਮੇਰੇ ਪਰਿਵਾਰ ਦਾ ਦਿਲੋਂ ਸੁਆਗਤ ਕੀਤਾ। ਸਮੇਂ ਦੇ ਬੀਤਣ ਨਾਲ ਮੇਰੀ ਪਤਨੀ ਵੀ ਬਾਈਬਲ ਸਟੱਡੀ ਕਰਨ ਲੱਗ ਪਈ ਤੇ ਅੱਜ ਸਾਡਾ ਪੂਰਾ ਪਰਿਵਾਰ ਮਿਲ ਕੇ ਯਹੋਵਾਹ ਦੀ ਸੇਵਾ ਕਰ ਰਿਹਾ ਹੈ।” ਜ਼ਰਾ ਸੋਚੋ, ਜਦੋਂ ਸਾਡਾ ਮਹਾਂ ਪੁਜਾਰੀ ਯਿਸੂ ਇਹ ਦੇਖਦਾ ਹੈ ਕਿ ਤੋਬਾ ਕਰਨ ਵਾਲੇ ਲੋਕਾਂ ਦੀ ਕਿਵੇਂ ਮਦਦ ਕੀਤੀ ਜਾ ਰਹੀ ਹੈ, ਤਾਂ ਉਸ ਨੂੰ ਕਿੰਨੀ ਖ਼ੁਸ਼ੀ ਹੁੰਦੀ ਹੋਣੀ!
16. ਤੁਸੀਂ ਕਿਉਂ ਸ਼ੁਕਰਗੁਜ਼ਾਰ ਹੋ ਕਿ ਯਹੋਵਾਹ ਨੇ ਸਾਡੇ ਲਈ ਅਜਿਹਾ ਮਹਾਂ ਪੁਜਾਰੀ ਚੁਣਿਆ ਹੈ ਜੋ ਸਾਡੇ ਨਾਲ ਹਮਦਰਦੀ ਰੱਖਦਾ ਹੈ?
16 ਧਰਤੀ ʼਤੇ ਹੁੰਦਿਆਂ ਯਿਸੂ ਨੇ ਸਹੀ ਸਮੇਂ ʼਤੇ ਅਣਗਿਣਤ ਲੋਕਾਂ ਦੀ ਮਦਦ ਕੀਤੀ। ਅੱਜ ਅਸੀਂ ਵੀ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਲੋੜ ਵੇਲੇ ਉਹ ਸਾਡੀ ਵੀ ਜ਼ਰੂਰ ਮਦਦ ਕਰੇਗਾ। ਇੰਨਾ ਹੀ ਨਹੀਂ, ਨਵੀਂ ਦੁਨੀਆਂ ਵਿਚ ਵੀ ਉਹ ਵਫ਼ਾਦਾਰ ਲੋਕਾਂ ਦੀ ਮਦਦ ਕਰੇਗਾ ਅਤੇ ਪਾਪ ਤੇ ਨਾਮੁਕੰਮਲਤਾ ਕਰਕੇ ਜੋ ਵੀ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਕਰੇਗਾ। ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਸਾਡੇ ਨਾਲ ਇੰਨਾ ਪਿਆਰ ਕੀਤਾ ਕਿ ਆਪਣੇ ਪੁੱਤਰ ਨੂੰ ਸਾਡਾ ਮਹਾਂ ਪੁਜਾਰੀ ਚੁਣਿਆ, ਉਹ ਵੀ ਅਜਿਹਾ ਮਹਾਂ ਪੁਜਾਰੀ ਜੋ ਸਾਡੇ ਨਾਲ ਹਮਦਰਦੀ ਰੱਖਦਾ ਹੈ!
ਗੀਤ 13 ਮਸੀਹ, ਸਾਡੀ ਮਿਸਾਲ
a ਯਿਸੂ ਨੇ ਕਿਵੇਂ ਮੰਦਰ ਵਿਚ ਸੇਵਾ ਕਰਨ ਵਾਲੇ ਮਹਾਂ ਪੁਜਾਰੀ ਦੀ ਜਗ੍ਹਾ ਲਈ, ਇਸ ਬਾਰੇ ਹੋਰ ਜਾਣਨ ਲਈ “ਯਹੋਵਾਹ ਦੇ ਮਹਾਨ ਮੰਦਰ ਵਿਚ ਭਗਤੀ ਕਰਨ ਦੇ ਸਨਮਾਨ ਨੂੰ ਅਨਮੋਲ ਸਮਝੋ” ਨਾਂ ਦੇ ਲੇਖ ਦੇ ਸਫ਼ੇ 26 ʼਤੇ ਪੈਰੇ 7-9 ਪੜ੍ਹੋ। ਇਹ ਲੇਖ ਅਕਤੂਬਰ 2023 ਦੇ ਪਹਿਰਾਬੁਰਜ ਵਿਚ ਆਇਆ ਸੀ।
b ਨਾਂ ਬਦਲਿਆ ਗਿਆ ਹੈ।