ਹਰ ਦਿਨ ਯਹੋਵਾਹ ਬਾਰੇ ਗੱਲਾਂ ਕਰੋ
1 ਲੋਕੀ ਉਨ੍ਹਾਂ ਚੀਜ਼ਾਂ ਬਾਰੇ ਗੱਲ ਕਰਨੀ ਪਸੰਦ ਕਰਦੇ ਹਨ ਜੋ ਉਨ੍ਹਾਂ ਨੂੰ ਦਿਲੋਂ ਪਿਆਰੀਆਂ ਹੁੰਦੀਆਂ ਹਨ, ਕਿਉਂਕਿ ਜੋ ਦਿਲ ਵਿਚ ਭਰਿਆ ਹੁੰਦਾ ਹੈ ਉਹੋ ਮੂੰਹ ਉੱਤੇ ਆਉਂਦਾ ਹੈ। (ਲੂਕਾ 6:45ਅ) ਸਾਡੇ ਦਿਲ ਨੂੰ ਕਿਹੜੀ ਚੀਜ਼ ਪਿਆਰੀ ਹੈ? ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ: “ਮੇਰੀ ਰਸਨਾ ਤੇਰੇ ਧਰਮ ਦੀ ਚਰਚਾ ਕਰੇਗੀ, ਦਿਨ ਭਰ ਤੇਰੀ ਉਸਤਤ ਹੋਵੇਗੀ।” (ਜ਼ਬੂ. 35:28) ਉਹ ਯਹੋਵਾਹ ਦੀ ਗਹਿਰੀ ਕਦਰ ਕਰਦਾ ਸੀ ਅਤੇ ਹਰ ਮੌਕੇ ਤੇ ਪਰਮੇਸ਼ੁਰ ਬਾਰੇ ਗੱਲਾਂ ਕਰਨ ਅਤੇ ਉਸ ਦੀ ਉਸਤਤ ਕਰਨ ਨੂੰ ਉਹ ਇਕ ਵੱਡਾ ਵਿਸ਼ੇਸ਼-ਸਨਮਾਨ ਸਮਝਦਾ ਸੀ। ਯਹੋਵਾਹ ਨੂੰ ਨਜ਼ਦੀਕੀ ਤੌਰ ਤੇ ਜਾਣਨ ਦੇ ਕਾਰਨ, ਜ਼ਬੂਰਾਂ ਦੇ ਲਿਖਾਰੀ ਕੋਲ ਮਗਨ ਹੋਣ ਲਈ ਬਹੁਤ ਸਾਰੀਆਂ ਚੰਗੀਆਂ ਗੱਲਾਂ ਸਨ। (ਜ਼ਬੂ. 35:9) ਅਸੀਂ ਉਸ ਦੀ ਚੰਗੀ ਮਿਸਾਲ ਦੀ ਨਕਲ ਕਿਵੇਂ ਕਰ ਸਕਦੇ ਹਾਂ?
2 ਆਪਣੇ ਘਰ ਵਿਚ ਯਹੋਵਾਹ ਬਾਰੇ ਗੱਲਾਂ ਕਰੋ: ਪਰਿਵਾਰ ਦੇ ਦਾਇਰੇ ਵਿਚ ਰੋਜ਼ਾਨਾ ਗੱਲ-ਬਾਤ ਦਾ ਮੁੱਖ ਵਿਸ਼ਾ ਯਹੋਵਾਹ ਹੋਣਾ ਚਾਹੀਦਾ ਹੈ। ਯਹੋਵਾਹ ਲਈ ਗਹਿਰਾ ਪਿਆਰ ਰੱਖਣ ਵਾਲੇ ਮਾਤਾ-ਪਿਤਾ ਨਿਰਸੰਦੇਹ ਆਪਣੀਆਂ ਸਾਰੀਆਂ ਸਰਗਰਮੀਆਂ ਵਿਚ ਉਸ ਬਾਰੇ ਗੱਲ ਕਰਨਗੇ। (ਬਿਵ. 6:5-7) ਜਿਉਂ-ਜਿਉਂ ਉਹ ਉਸ ਬਾਰੇ ਗੱਲ ਕਰਦੇ ਹਨ, ਉਨ੍ਹਾਂ ਦੇ ਬੱਚੇ ਦੇਖਣਗੇ ਕਿ ਉਨ੍ਹਾਂ ਦੇ ਮਾਤਾ-ਪਿਤਾ ਆਪਣੀ ਨਿਹਚਾ ਅਨੁਸਾਰ ਜੀਵਨ ਬਤੀਤ ਕਰਦੇ ਹਨ ਅਤੇ ਪਰਮੇਸ਼ੁਰ ਦੀ ਬਿਵਸਥਾ ਨਾਲ ਪਿਆਰ ਕਰਦੇ ਹਨ। ਫਿਰ ਬੱਚੇ ਪਰਿਵਾਰਕ ਬਾਈਬਲ ਅਧਿਐਨ ਨੂੰ ਆਪਣੇ ਮਾਤਾ-ਪਿਤਾ ਦੀ ਈਸ਼ਵਰੀ ਭਗਤੀ ਦਾ ਅਸਲੀ ਪ੍ਰਗਟਾਵਾ ਵਿਚਾਰਨਗੇ।—2 ਪਤ. 3:11.
3 ਆਪਣੇ ਭਰਾਵਾਂ ਨਾਲ ਯਹੋਵਾਹ ਬਾਰੇ ਗੱਲਾਂ ਕਰੋ: ਆਪਣੇ ਸਪਤਾਹਕ ਦੈਵ-ਸ਼ਾਸਕੀ ਰੁਟੀਨ ਦੇ ਦੌਰਾਨ, ਸਾਨੂੰ ਆਪਣੇ ਮਨਾਂ ਅਤੇ ਦਿਲਾਂ ਨੂੰ ਅਧਿਆਤਮਿਕ ਭੋਜਨ ਨਾਲ ਭਰਨ ਦੇ ਬਹੁਤ ਸਾਰੇ ਮੌਕੇ ਮਿਲਦੇ ਹਨ। ਸਾਡੇ ਕੋਲ ਦੂਜਿਆਂ ਨੂੰ ਦੱਸਣ ਲਈ ਚੰਗੀਆਂ ਗੱਲਾਂ ਦੀ ਕਦੇ ਵੀ ਕਮੀ ਨਹੀਂ ਹੁੰਦੀ ਹੈ। (ਲੂਕਾ 6:45ੳ) ਕੀ ਤੁਹਾਨੂੰ ਆਪਣੇ ਵਿਅਕਤੀਗਤ ਅਧਿਐਨ ਜਾਂ ਸਪਤਾਹਕ ਬਾਈਬਲ ਪਠਨ ਵਿੱਚੋਂ ਕੋਈ ਅਜਿਹਾ ਮੁੱਦਾ ਮਿਲਿਆ ਹੈ ਜੋ ਤੁਹਾਨੂੰ ਖ਼ਾਸ ਤੌਰ ਤੇ ਪਸੰਦ ਆਇਆ ਹੈ? ਇਸ ਨੂੰ ਆਪਣੇ ਭਰਾਵਾਂ ਨਾਲ ਸਾਂਝਾ ਕਰੋ, ਅਤੇ ਇਸ ਤਰ੍ਹਾਂ ਯਹੋਵਾਹ ਲਈ ਉਨ੍ਹਾਂ ਦੇ ਪਿਆਰ ਨੂੰ ਵਧਾਉਣ ਵਿਚ ਉਨ੍ਹਾਂ ਦੀ ਮਦਦ ਕਰੋ।—ਜ਼ਬੂ. 35:18; ਇਬ. 10:24.
4 ਦੂਜਿਆਂ ਨਾਲ ਯਹੋਵਾਹ ਬਾਰੇ ਗੱਲਾਂ ਕਰੋ: ਲੋਕਾਂ ਨਾਲ—ਕੰਮ ਤੇ, ਸਕੂਲ ਵਿਚ, ਅਤੇ ਪਰਿਵਾਰ ਦੇ ਅਵਿਸ਼ਵਾਸੀ ਜੀਆਂ ਨਾਲ—ਸਾਡੇ ਰੋਜ਼ਾਨਾ ਦੇ ਵਰਤੋਂ-ਵਿਹਾਰ ਤੋਂ ਇਹ ਸਪੱਸ਼ਟ ਜ਼ਾਹਰ ਹੋਣਾ ਚਾਹੀਦਾ ਹੈ ਕਿ ਸਾਡੇ ਜੀਵਨ ਦਾ ਮੁੱਖ ਲਕਸ਼ ਯਹੋਵਾਹ ਬਾਰੇ ਗਵਾਹੀ ਦੇਣਾ ਹੈ। ਇਸ ਸੰਸਾਰ ਦੀ ਅਸ਼ਿਸ਼ਟ ਅਤੇ ਗੰਦੀ ਬੋਲੀ ਨੂੰ ਇਸਤੇਮਾਲ ਕਰਨ ਦੀ ਬਜਾਇ, ਸਾਡੀ ਬੋਲੀ ਨੂੰ ਪਰਮੇਸ਼ੁਰ ਦੀ ਉਸਤਤ ਕਰਨੀ ਚਾਹੀਦੀ ਹੈ। ਹਰ ਦਿਨ, ਹਰ ਮੌਕੇ ਤੇ, ਦੂਜਿਆਂ ਨਾਲ ਉਸ ਖ਼ੁਸ਼ ਖ਼ਬਰੀ ਬਾਰੇ ਗੱਲਾਂ ਕਰੋ ਜਿਸ ਦਾ ਉਸ ਨੇ ਸਾਨੂੰ ਪ੍ਰਚਾਰ ਕਰਨ ਲਈ ਹੁਕਮ ਦਿੱਤਾ ਹੈ।—ਰਸੂ. 5:42; ਕੁਲੁ. 4:6.
5 ਯਹੋਵਾਹ ਦੇ ਸੱਚੇ ਉਪਾਸਕਾਂ ਵਜੋਂ, ਆਓ ਅਸੀਂ ਹਰ ਦਿਨ ਆਪਣੇ ਬੇਮਿਸਾਲ ਪਰਮੇਸ਼ੁਰ, ਯਹੋਵਾਹ ਬਾਰੇ ਗੱਲ ਕਰਨ ਦੇ ਮੌਕਿਆਂ ਨੂੰ ਹੱਥੋਂ ਨਾ ਜਾਣ ਦੇਈਏ।—ਜ਼ਬੂ. 106:47.