ਪ੍ਰਸ਼ਨ ਡੱਬੀ
◼ ਜਦੋਂ ਘਰ-ਸੁਆਮੀ ਜ਼ੋਰ ਦਿੰਦਾ ਹੈ ਕਿ ਯਹੋਵਾਹ ਦੇ ਗਵਾਹ ਅਗਾਹਾਂ ਨੂੰ ਉਸ ਦੇ ਘਰ ਨਾ ਆਉਣ, ਤਾਂ ਇਸ ਮਾਮਲੇ ਨਾਲ ਕਿਵੇਂ ਨਿਭਿਆ ਜਾਣਾ ਚਾਹੀਦਾ ਹੈ?
ਜੇਕਰ ਅਸੀਂ ਕਿਸੇ ਦਰਵਾਜ਼ੇ ਜਾਂ ਗੇਟ ਤੇ ਅਜਿਹਾ ਸਾਈਨ-ਬੋਰਡ ਦੇਖਦੇ ਹਾਂ ਜੋ ਕਿਸੇ ਵੀ ਤਰ੍ਹਾਂ ਦੀ ਧਾਰਮਿਕ ਮੁਲਾਕਾਤ ਦੀ ਸਖ਼ਤੀ ਨਾਲ ਮਨਾਹੀ ਕਰਦਾ ਹੈ, ਤਾਂ ਚੰਗਾ ਹੋਵੇਗਾ ਕਿ ਅਸੀਂ ਘਰ-ਸੁਆਮੀ ਦੀਆਂ ਇੱਛਾਵਾਂ ਦਾ ਆਦਰ ਕਰਦੇ ਹੋਏ ਦਸਤਕ ਨਾ ਦੇਈਏ, ਖ਼ਾਸ ਤੌਰ ਤੇ ਜੇਕਰ ਸਾਈਨ-ਬੋਰਡ ਯਹੋਵਾਹ ਦੇ ਗਵਾਹਾਂ ਦਾ ਜ਼ਿਕਰ ਕਰਦਾ ਹੈ।
ਕਦੇ-ਕਦਾਈਂ ਅਸੀਂ ਅਜਿਹਾ ਸਾਈਨ-ਬੋਰਡ ਦੇਖਦੇ ਹਾਂ ਜੋ ਸੇਲਜ਼ਮੈਨ ਜਾਂ ਚੰਦਾ ਮੰਗਣ ਵਾਲੇ ਲੋਕਾਂ ਨੂੰ ਵਰਜਦਾ ਹੈ। ਕਿਉਂ ਜੋ ਅਸੀਂ ਖੈਰਾਤੀ ਧਾਰਮਿਕ ਕੰਮ ਕਰ ਰਹੇ ਹਾਂ, ਇਹ ਅਸਲ ਵਿਚ ਸਾਡੇ ਉੱਤੇ ਲਾਗੂ ਨਹੀਂ ਹੁੰਦਾ ਹੈ। ਅਜਿਹੇ ਦਰਵਾਜ਼ਿਆਂ ਤੇ ਦਸਤਕ ਦੇਣਾ ਉਚਿਤ ਹੋਵੇਗਾ। ਜੇਕਰ ਘਰ-ਸੁਆਮੀ ਇਤਰਾਜ਼ ਕਰੇ, ਤਾਂ ਅਸੀਂ ਉਸ ਨੂੰ ਸੂਝ ਨਾਲ ਸਮਝਾ ਸਕਦੇ ਹਾਂ ਕਿ ਕਿਉਂ ਅਸੀਂ ਮਹਿਸੂਸ ਕਰਦੇ ਹਾਂ ਕਿ ਅਜਿਹੇ ਸਾਈਨ-ਬੋਰਡ ਸਾਡੇ ਉੱਤੇ ਲਾਗੂ ਨਹੀਂ ਹੁੰਦੇ ਹਨ। ਜੇਕਰ ਇਸ ਤੋਂ ਬਾਅਦ ਘਰ-ਸੁਆਮੀ ਸਪੱਸ਼ਟ ਕਰਦਾ ਹੈ ਕਿ ਇਸ ਮਨਾਹੀ ਵਿਚ ਯਹੋਵਾਹ ਦੇ ਗਵਾਹ ਵੀ ਸ਼ਾਮਲ ਹਨ, ਤਾਂ ਅਸੀਂ ਉਸ ਦੀਆਂ ਇੱਛਾਵਾਂ ਦਾ ਆਦਰ ਕਰਾਂਗੇ।
ਘਰ-ਘਰ ਪ੍ਰਚਾਰ ਕਰਦੇ ਸਮੇਂ, ਕੋਈ ਘਰ-ਸੁਆਮੀ ਸ਼ਾਇਦ ਗੁੱਸੇ ਹੋ ਕੇ ਦ੍ਰਿੜ੍ਹਤਾ ਨਾਲ ਜ਼ੋਰ ਦੇਵੇ ਕਿ ਅਸੀਂ ਦੁਬਾਰਾ ਉਸ ਦੇ ਘਰ ਨਾ ਆਈਏ। ਜੇਕਰ ਉਹ ਇਸ ਮਾਮਲੇ ਵਿਚ ਕੁਝ ਵੀ ਸੁਣਨ ਤੋਂ ਇਨਕਾਰ ਕਰ ਦਿੰਦਾ ਹੈ, ਤਾਂ ਸਾਨੂੰ ਉਸ ਦੀ ਇਸ ਦਰਖ਼ਾਸਤ ਨੂੰ ਮੰਨਣਾ ਚਾਹੀਦਾ ਹੈ। ਖੇਤਰ ਨਕਸ਼ਾ ਕਾਰਡ ਦੇ ਪਿਛਲੇ ਪਾਸੇ ਪੈਂਸਿਲ ਨਾਲ ਮਿਤੀ ਸਹਿਤ ਟਿੱਪਣੀ ਲਿਖੀ ਜਾਣੀ ਚਾਹੀਦੀ ਹੈ ਤਾਂਕਿ ਭਵਿੱਖ ਵਿਚ ਉਸ ਖੇਤਰ ਵਿਚ ਪ੍ਰਚਾਰ ਕਰਨ ਵਾਲੇ ਪ੍ਰਕਾਸ਼ਕ ਉਸ ਘਰ ਤੇ ਨਾ ਜਾਣ।
ਅਜਿਹੇ ਘਰਾਂ ਨੂੰ ਸਦਾ ਲਈ ਨਹੀਂ ਛੱਡਿਆ ਜਾਣਾ ਚਾਹੀਦਾ ਹੈ। ਹੋ ਸਕਦਾ ਹੈ ਕਿ ਘਰ ਦੇ ਮੌਜੂਦਾ ਲੋਕ ਘਰ ਬਦਲ ਲੈਣ। ਸਾਨੂੰ ਸ਼ਾਇਦ ਪਰਿਵਾਰ ਦਾ ਕੋਈ ਹੋਰ ਮੈਂਬਰ ਮਿਲ ਜਾਵੇ ਜੋ ਚੰਗੀ ਪ੍ਰਤਿਕ੍ਰਿਆ ਦਿਖਾਵੇਗਾ। ਇਹ ਵੀ ਸੰਭਵ ਹੈ ਕਿ ਜਿਸ ਘਰ-ਸੁਆਮੀ ਨਾਲ ਅਸੀਂ ਗੱਲ ਕੀਤੀ ਸੀ ਉਸ ਦਾ ਮਨ ਬਦਲ ਜਾਵੇ ਅਤੇ ਉਹ ਹੁਣ ਸਾਡੇ ਨਾਲ ਗੱਲ ਕਰਨ ਲਈ ਜ਼ਿਆਦਾ ਰਾਜ਼ੀ ਹੋਵੇ। ਇਸ ਲਈ ਥੋੜ੍ਹੇ ਸਮੇਂ ਦੇ ਬਾਅਦ ਉਸ ਘਰ ਦੇ ਜੀਆਂ ਨਾਲ ਸੂਝ ਨਾਲ ਗੱਲ ਕਰ ਕੇ ਉਨ੍ਹਾਂ ਦੀਆਂ ਮੌਜੂਦਾ ਭਾਵਨਾਵਾਂ ਬਾਰੇ ਪਤਾ ਲਗਾਇਆ ਜਾਣਾ ਚਾਹੀਦਾ ਹੈ।
ਸਾਲ ਵਿਚ ਇਕ ਵਾਰ ਖੇਤਰ ਫਾਈਲ ਦਾ ਪੁਨਰ-ਵਿਚਾਰ ਕੀਤਾ ਜਾਣਾ ਚਾਹੀਦਾ ਹੈ, ਅਤੇ ਉਨ੍ਹਾਂ ਘਰਾਂ ਦੀ ਸੂਚੀ ਬਣਾਈ ਜਾਣੀ ਚਾਹੀਦੀ ਹੈ ਜਿੱਥੇ ਸਾਨੂੰ ਜਾਣ ਲਈ ਮਨ੍ਹਾ ਕੀਤਾ ਗਿਆ ਸੀ। ਸੇਵਾ ਨਿਗਾਹਬਾਨ ਦੇ ਨਿਰਦੇਸ਼ਨ ਹੇਠ, ਕੁਝ ਸੂਝ ਵਾਲੇ ਅਨੁਭਵੀ ਪ੍ਰਕਾਸ਼ਕਾਂ ਨੂੰ ਇਨ੍ਹਾਂ ਘਰਾਂ ਤੇ ਜਾਣ ਲਈ ਨਿਯੁਕਤ ਕੀਤਾ ਜਾ ਸਕਦਾ ਹੈ। ਉੱਥੇ ਇਹ ਵਿਆਖਿਆ ਦਿੱਤੀ ਜਾ ਸਕਦੀ ਹੈ ਕਿ ਅਸੀਂ ਇਹ ਪਤਾ ਲਗਾਉਣ ਲਈ ਆਏ ਹਾਂ ਕਿ ਉਸ ਘਰ ਵਿਚ ਹਾਲੇ ਵੀ ਉਹੀ ਘਰ-ਸੁਆਮੀ ਰਹਿੰਦਾ ਹੈ ਜਾਂ ਨਹੀਂ। ਪ੍ਰਕਾਸ਼ਕ ਨੂੰ ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ ਪੁਸਤਿਕਾ, ਸਫ਼ੇ 7-16, ਦੀ ਸਾਮੱਗਰੀ ਤੋਂ ਜਾਣੂ ਹੋਣਾ ਚਾਹੀਦਾ ਹੈ, ਜਿਸ ਦਾ ਸਿਰਲੇਖ ਹੈ “ਤੁਸੀਂ ਕਿਸ ਤਰ੍ਹਾਂ ਸੰਭਾਵੀ ਵਾਰਤਾਲਾਪ ਰੋਧਕਾਂ ਦਾ ਜਵਾਬ ਦੇ ਸਕਦੇ ਹੋ।” ਜੇਕਰ ਪ੍ਰਤਿਕ੍ਰਿਆ ਚੰਗੀ ਹੋਈ, ਤਾਂ ਭਵਿੱਖ ਵਿਚ ਉਸ ਘਰ ਤੇ ਆਮ ਤਰੀਕੇ ਨਾਲ ਪ੍ਰਚਾਰ ਕੀਤਾ ਜਾ ਸਕਦਾ ਹੈ। ਜੇਕਰ ਘਰ-ਸੁਆਮੀ ਅਜੇ ਵੀ ਵੈਰਭਾਵੀ ਹੈ, ਤਾਂ ਅਗਲੇ ਸਾਲ ਤਕ ਕਿਸੇ ਨੂੰ ਉਸ ਘਰ ਤੇ ਨਹੀਂ ਜਾਣਾ ਚਾਹੀਦਾ ਹੈ। ਜੇਕਰ ਕਿਸੇ ਖ਼ਾਸ ਕੇਸ ਦੀਆਂ ਪਰਿਸਥਿਤੀਆਂ ਨੂੰ ਦੇਖਦੇ ਹੋਏ ਇਸ ਨਾਲ ਹੋਰ ਤਰੀਕੇ ਨਾਲ ਨਿਭਿਆ ਜਾਣਾ ਚਾਹੀਦਾ ਹੈ, ਤਾਂ ਇਸ ਦਾ ਫ਼ੈਸਲਾ ਸਥਾਨਕ ਬਜ਼ੁਰਗਾਂ ਦਾ ਸਮੂਹ ਕਰੇਗਾ।