(ਪ੍ਰਸ਼ਨ ਡੱਬੀ)
◼ ਜਦੋਂ ਕੋਈ ਅਜਿਹੀ ਆਫ਼ਤ ਆਉਂਦੀ ਹੈ ਜੋ ਸਾਡੇ ਭਰਾਵਾਂ ਉੱਤੇ ਸਿੱਧੇ ਤੌਰ ਤੇ ਅਸਰ ਕਰਦੀ ਹੈ, ਤਾਂ ਉਦੋਂ ਕੀ ਕੀਤਾ ਜਾਣਾ ਚਾਹੀਦਾ ਹੈ?
ਜੇਕਰ ਤੁਹਾਡੇ ਇਲਾਕੇ ਵਿਚ ਆਫ਼ਤ ਆਉਂਦੀ ਹੈ: ਭੈਭੀਤ ਨਾ ਹੋਵੋ। ਸ਼ਾਂਤ ਰਹੋ, ਅਤੇ ਉਨ੍ਹਾਂ ਚੀਜ਼ਾਂ ਉੱਤੇ ਧਿਆਨ ਕੇਂਦ੍ਰਿਤ ਕਰੋ ਜੋ ਅਸਲ ਵਿਚ ਅਣਮੋਲ ਹਨ—ਜੀਵਨ, ਨਾ ਕਿ ਸੰਪਤੀ। ਆਪਣੇ ਪਰਿਵਾਰ ਦੀਆਂ ਫ਼ੌਰੀ ਸਰੀਰਕ ਲੋੜਾਂ ਵੱਲ ਧਿਆਨ ਦਿਓ। ਫਿਰ ਬਜ਼ੁਰਗਾਂ ਨੂੰ ਆਪਣੀ ਹਾਲਤ ਅਤੇ ਮੌਜੂਦਾ ਠਿਕਾਣੇ ਬਾਰੇ ਸੂਚਨਾ ਦਿਓ।
ਰਾਹਤ ਸਹਾਇਤਾ ਪ੍ਰਦਾਨ ਕਰਨ ਵਿਚ ਬਜ਼ੁਰਗ ਅਤੇ ਸਹਾਇਕ ਸੇਵਕ ਅਤਿ-ਮਹੱਤਵਪੂਰਣ ਭੂਮਿਕਾ ਅਦਾ ਕਰਦੇ ਹਨ। ਜੇਕਰ ਆਫ਼ਤ ਦੀ ਅਗਾਊਂ ਚੇਤਾਵਨੀ ਦਿੱਤੀ ਜਾਂਦੀ ਹੈ, ਜਿਵੇਂ ਕਿ ਕੁਝ ਵੱਡੇ ਤੁਫ਼ਾਨਾਂ ਦੇ ਸਮੇਂ ਦਿੱਤੀ ਜਾਂਦੀ ਹੈ, ਤਾਂ ਇਨ੍ਹਾਂ ਭਰਾਵਾਂ ਨੂੰ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਸਾਰੇ ਭੈਣ-ਭਰਾ ਸੁਰੱਖਿਅਤ ਜਗ੍ਹਾ ਵਿਚ ਹਨ, ਅਤੇ ਜੇ ਸਮਾਂ ਇਜਾਜ਼ਤ ਦੇਵੇ ਤਾਂ ਉਨ੍ਹਾਂ ਨੂੰ ਲੋੜੀਂਦੀਆਂ ਚੀਜ਼ਾਂ ਪ੍ਰਾਪਤ ਕਰ ਕੇ ਵੰਡ ਦੇਣੀਆਂ ਚਾਹੀਦੀਆਂ ਹਨ।
ਇਸ ਤੋਂ ਬਾਅਦ, ਪੁਸਤਕ ਅਧਿਐਨ ਸੰਚਾਲਕਾਂ ਨੂੰ ਹਰੇਕ ਪਰਿਵਾਰ ਦੀ ਭਾਲ ਕਰ ਕੇ ਪਤਾ ਲਗਾਉਣਾ ਚਾਹੀਦਾ ਹੈ ਕਿ ਉਹ ਠੀਕ-ਠਾਕ ਹਨ ਜਾਂ ਨਹੀਂ। ਪ੍ਰਧਾਨ ਨਿਗਾਹਬਾਨ ਜਾਂ ਕਿਸੇ ਹੋਰ ਬਜ਼ੁਰਗ ਨੂੰ ਹਰੇਕ ਪਰਿਵਾਰ ਦੀ ਸਥਿਤੀ ਬਾਰੇ ਸੂਚਿਤ ਕੀਤਾ ਜਾਣਾ ਚਾਹੀਦਾ ਹੈ, ਭਾਵੇਂ ਕਿ ਸਭ ਕੁਝ ਠੀਕ-ਠਾਕ ਹੋਵੇ। ਜੇਕਰ ਕੋਈ ਜ਼ਖ਼ਮੀ ਹੋ ਗਿਆ ਹੈ, ਤਾਂ ਬਜ਼ੁਰਗ ਡਾਕਟਰੀ ਇਲਾਜ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰਨਗੇ। ਉਹ ਲੋੜੀਂਦੀਆਂ ਭੌਤਿਕ ਚੀਜ਼ਾਂ ਵੀ ਪ੍ਰਦਾਨ ਕਰਨਗੇ, ਜਿਵੇਂ ਕਿ ਰਸਦ, ਕੱਪੜੇ, ਰਹਿਣ ਲਈ ਥਾਂ, ਜਾਂ ਘਰੇਲੂ ਚੀਜ਼ਾਂ। (ਯੂਹੰ. 13:35; ਗਲਾ. 6:10) ਸਥਾਨਕ ਬਜ਼ੁਰਗ ਕਲੀਸਿਯਾ ਨੂੰ ਅਧਿਆਤਮਿਕ ਅਤੇ ਭਾਵਾਤਮਕ ਸਹਾਇਤਾ ਦੇਣਗੇ ਅਤੇ ਛੇਤੀ ਤੋਂ ਛੇਤੀ ਕਲੀਸਿਯਾ ਸਭਾਵਾਂ ਨੂੰ ਮੁੜ ਸ਼ੁਰੂ ਕਰਨ ਦਾ ਪ੍ਰਬੰਧ ਕਰਨਗੇ। ਮੁਕੰਮਲ ਜਾਂਚ-ਪੜਤਾਲ ਕਰਨ ਤੋਂ ਬਾਅਦ, ਬਜ਼ੁਰਗਾਂ ਦੇ ਸਮੂਹ ਵੱਲੋਂ ਇਕ ਬਜ਼ੁਰਗ ਨੂੰ ਸਰਕਟ ਨਿਗਾਹਬਾਨ ਨਾਲ ਸੰਪਰਕ ਕਰਨਾ ਚਾਹੀਦਾ ਹੈ, ਤਾਂਕਿ ਉਹ ਉਸ ਨੂੰ ਜ਼ਖ਼ਮੀਆਂ ਬਾਰੇ, ਰਾਜ ਗ੍ਰਹਿ ਨੂੰ ਜਾਂ ਭਰਾਵਾਂ ਦੇ ਘਰਾਂ ਨੂੰ ਪਹੁੰਚੇ ਨੁਕਸਾਨ ਬਾਰੇ, ਅਤੇ ਹੋਰ ਦੂਜੀਆਂ ਖ਼ਾਸ ਲੋੜਾਂ ਬਾਰੇ ਜਾਣਕਾਰੀ ਦੇ ਸਕੇ। ਫਿਰ ਸਰਕਟ ਨਿਗਾਹਬਾਨ ਸ਼ਾਖਾ ਦਫ਼ਤਰ ਨੂੰ ਟੈਲੀਫ਼ੋਨ ਰਾਹੀਂ ਸਥਿਤੀ ਦੀ ਰਿਪੋਰਟ ਦੇਵੇਗਾ। ਸ਼ਾਖਾ ਦਫ਼ਤਰ ਸੁਵਿਵਸਥਿਤ ਤਰੀਕੇ ਨਾਲ ਵੱਡੇ ਪੈਮਾਨੇ ਤੇ ਲੋੜੀਂਦੀ ਰਾਹਤ ਸਾਮੱਗਰੀ ਪਹੁੰਚਾਉਣ ਦਾ ਪ੍ਰਬੰਧ ਕਰੇਗਾ।
ਜੇਕਰ ਕਿਸੇ ਹੋਰ ਇਲਾਕੇ ਵਿਚ ਆਫ਼ਤ ਆਉਂਦੀ ਹੈ: ਭੈਣਾਂ-ਭਰਾਵਾਂ ਨੂੰ ਆਪਣੀਆਂ ਪ੍ਰਾਰਥਨਾਵਾਂ ਵਿਚ ਯਾਦ ਕਰੋ। (2 ਕੁਰਿੰ. 1:8-11) ਜੇਕਰ ਤੁਸੀਂ ਆਰਥਿਕ ਸਹਾਇਤਾ ਦੇਣੀ ਚਾਹੁੰਦੇ ਹੋ, ਤਾਂ ਤੁਸੀਂ ਆਪਣਾ ਚੰਦਾ ਸੰਸਥਾ ਨੂੰ ਭੇਜ ਸਕਦੇ ਹੋ। ਪਤਾ ਹੈ: Watch Tower Society, H-58 Old Khandala Road, Lonavla, MAH 410 401. (ਰਸੂ. 2:44, 45; 1 ਕੁਰਿੰ. 16:1-3; 2 ਕੁਰਿੰ. 9:5-7; ਦੇਖੋ ਅਗਸਤ 1, 1986, ਪਹਿਰਾਬੁਰਜ [ਹਿੰਦੀ], ਸਫ਼ੇ 27-29.) ਆਫ਼ਤ-ਗ੍ਰਸਤ ਇਲਾਕਿਆਂ ਵਿਚ ਸਾਮੱਗਰੀ ਜਾਂ ਰਸਦ ਨਾ ਭੇਜੋ ਜਦ ਤਕ ਕਿ ਉੱਥੇ ਨਿਗਰਾਨੀ ਕਰਨ ਵਾਲੇ ਭਰਾਵਾਂ ਨੇ ਵਿਸ਼ਿਸ਼ਟ ਤੌਰ ਤੇ ਦਰਖ਼ਾਸਤ ਨਾ ਕੀਤੀ ਹੋਵੇ। ਇਹ ਨਿਸ਼ਚਿਤ ਕਰੇਗਾ ਕਿ ਰਾਹਤ ਸਾਮੱਗਰੀ ਵਿਵਸਥਿਤ ਤੌਰ ਤੇ ਪਹੁੰਚ ਰਹੀ ਹੈ ਅਤੇ ਸਹੀ ਤਰੀਕੇ ਨਾਲ ਵੰਡੀ ਜਾ ਰਹੀ ਹੈ। (1 ਕੁਰਿੰ. 14:40) ਕਿਰਪਾ ਕਰ ਕੇ ਸੰਸਥਾ ਨੂੰ ਬਿਨਾਂ ਵਜ੍ਹਾ ਟੈਲੀਫ਼ੋਨ ਨਾ ਕਰੋ, ਕਿਉਂ ਜੋ ਇਸ ਕਾਰਨ ਆਫ਼ਤ-ਗ੍ਰਸਤ ਇਲਾਕਿਆਂ ਤੋਂ ਆਉਣ ਵਾਲੇ ਟੈਲੀਫ਼ੋਨ ਨਹੀਂ ਲੱਗ ਸਕਣਗੇ।
ਸਹੀ ਜਾਂਚ-ਪੜਤਾਲ ਕਰਨ ਤੋਂ ਬਾਅਦ, ਸੰਸਥਾ ਨਿਸ਼ਚਿਤ ਕਰੇਗੀ ਕਿ ਰਾਹਤ ਸਮਿਤੀ ਬਣਾਈ ਜਾਣੀ ਚਾਹੀਦੀ ਹੈ ਜਾਂ ਨਹੀਂ। ਜ਼ਿੰਮੇਵਾਰ ਭਰਾਵਾਂ ਨੂੰ ਸੂਚਿਤ ਕੀਤਾ ਜਾਵੇਗਾ। ਸਾਰਿਆਂ ਨੂੰ ਅਗਵਾਈ ਲੈਣ ਵਾਲੇ ਬਜ਼ੁਰਗਾਂ ਨੂੰ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ ਤਾਂਕਿ ਸਾਰੇ ਭਰਾਵਾਂ ਦੀਆਂ ਸੰਕਟਕਾਲੀਨ ਲੋੜਾਂ ਉਪਯੁਕਤ ਰੂਪ ਵਿਚ ਪੂਰੀਆਂ ਕੀਤੀਆਂ ਜਾ ਸਕਣ।—ਦੇਖੋ ਯਹੋਵਾਹ ਦੇ ਗਵਾਹ—ਪਰਮੇਸ਼ੁਰ ਦੇ ਰਾਜ ਦੇ ਘੋਸ਼ਕ (ਅੰਗ੍ਰੇਜ਼ੀ), ਸਫ਼ੇ 310-15.