ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w22 ਦਸੰਬਰ ਸਫ਼ੇ 22-27
  • ਦੁੱਖ-ਮੁਸੀਬਤਾਂ ਝੱਲਣ ਵਿਚ ਦੂਜਿਆਂ ਦੀ ਮਦਦ ਕਰੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਦੁੱਖ-ਮੁਸੀਬਤਾਂ ਝੱਲਣ ਵਿਚ ਦੂਜਿਆਂ ਦੀ ਮਦਦ ਕਰੋ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2022
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਬੀਮਾਰੀ ਫੈਲਣ ਤੇ ਦੂਜਿਆਂ ਦੀ ਮਦਦ ਕਰੋ
  • ਆਫ਼ਤਾਂ ਝੱਲ ਰਹੇ ਭੈਣਾਂ-ਭਰਾਵਾਂ ਦੀ ਮਦਦ ਕਰੋ
  • ਜ਼ੁਲਮ ਝੱਲ ਰਹੇ ਭੈਣਾਂ-ਭਰਾਵਾਂ ਦੀ ਮਦਦ ਕਰੋ
  • ਦੁੱਖ-ਮੁਸੀਬਤਾਂ ਦੌਰਾਨ ਵੀ ਅਸੀਂ ਸ਼ਾਂਤ ਰਹਿ ਸਕਦੇ ਹਾਂ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2022
  • ਬਜ਼ੁਰਗੋ, ਪੌਲੁਸ ਰਸੂਲ ਦੀ ਰੀਸ ਕਰਦੇ ਰਹੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2022
  • ਕੀ ਤੁਸੀਂ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਤਿਆਰ ਹੋ?
    ਸਾਡੀ ਰਾਜ ਸੇਵਕਾਈ—2007
  • ਮਸੀਹੀ ਮੰਡਲੀ ਨੂੰ ਕਿਵੇਂ ਚਲਾਇਆ ਜਾਂਦਾ ਹੈ?
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2022
w22 ਦਸੰਬਰ ਸਫ਼ੇ 22-27

ਅਧਿਐਨ ਲੇਖ 52

ਦੁੱਖ-ਮੁਸੀਬਤਾਂ ਝੱਲਣ ਵਿਚ ਦੂਜਿਆਂ ਦੀ ਮਦਦ ਕਰੋ

“ਜੇ ਤੇਰੇ ਹੱਥ-ਵੱਸ ਹੋਵੇ, ਤਾਂ ਉਨ੍ਹਾਂ ਦਾ ਭਲਾ ਕਰਨੋਂ ਪਿੱਛੇ ਨਾ ਹਟੀਂ ਜਿਨ੍ਹਾਂ ਦਾ ਭਲਾ ਕਰਨਾ ਚਾਹੀਦਾ ਹੈ।”​—ਕਹਾ. 3:27.

ਗੀਤ 103 ਚਰਵਾਹੇ, ਅਨਮੋਲ ਤੋਹਫ਼ੇ

ਖ਼ਾਸ ਗੱਲਾਂa

1. ਯਹੋਵਾਹ ਆਪਣੇ ਕਿਸੇ ਸੇਵਕ ਦੀ ਦਿਲੋਂ ਕੀਤੀ ਪ੍ਰਾਰਥਨਾ ਦਾ ਜਵਾਬ ਕਿਵੇਂ ਦਿੰਦਾ ਹੈ?

ਕੀ ਤੁਹਾਨੂੰ ਪਤਾ ਹੈ ਕਿ ਯਹੋਵਾਹ ਤੁਹਾਨੂੰ ਵਰਤ ਕੇ ਆਪਣੇ ਕਿਸੇ ਸੇਵਕ ਦੀ ਦਿਲੋਂ ਕੀਤੀ ਪ੍ਰਾਰਥਨਾ ਦਾ ਜਵਾਬ ਦੇ ਸਕਦਾ ਹੈ? ਚਾਹੇ ਤੁਸੀਂ ਇਕ ਬਜ਼ੁਰਗ ਹੋ, ਸਹਾਇਕ ਸੇਵਕ ਹੋ, ਪਾਇਨੀਅਰ ਹੋ, ਪ੍ਰਚਾਰਕ ਹੋ, ਸਿਆਣੀ ਉਮਰ ਦੇ ਜਾਂ ਜਵਾਨ ਹੋ, ਕੋਈ ਭੈਣ ਜਾਂ ਭਰਾ ਹੋ ਤੁਸੀਂ ਸਾਰੇ ਜਣੇ ਹੀ ਮਦਦ ਕਰ ਸਕਦੇ ਹੋ। ਜਦੋਂ ਯਹੋਵਾਹ ਨੂੰ ਪਿਆਰ ਕਰਨ ਵਾਲਾ ਕੋਈ ਸੇਵਕ ਮਦਦ ਲਈ ਉਸ ਨੂੰ ਪੁਕਾਰਦਾ ਹੈ, ਤਾਂ ਸਾਡਾ ਪਰਮੇਸ਼ੁਰ ਅਕਸਰ ਬਜ਼ੁਰਗਾਂ ਅਤੇ ਹੋਰ ਵਫ਼ਾਦਾਰ ਸੇਵਕਾਂ ਰਾਹੀਂ ਉਸ ਵਿਅਕਤੀ ਨੂੰ “ਬਹੁਤ ਦਿਲਾਸਾ” ਦਿੰਦਾ ਹੈ। (ਕੁਲੁ. 4:11) ਇਸ ਤਰ੍ਹਾਂ ਯਹੋਵਾਹ ਦੀ ਸੇਵਾ ਕਰਨੀ ਅਤੇ ਉਸ ਦੇ ਸੇਵਕਾਂ ਦੀ ਮਦਦ ਕਰਨੀ ਕਿੰਨੇ ਹੀ ਸਨਮਾਨ ਦੀ ਗੱਲ ਹੈ। ਅਸੀਂ ਉਦੋਂ ਭੈਣਾਂ-ਭਰਾਵਾਂ ਦੀ ਮਦਦ ਕਰ ਸਕਦੇ ਹਾਂ ਜਦੋਂ ਕੋਈ ਬੀਮਾਰੀ ਫੈਲਦੀ ਹੈ, ਆਫ਼ਤ ਆਉਂਦੀ ਹੈ ਜਾਂ ਜ਼ੁਲਮ ਕੀਤੇ ਜਾਂਦੇ ਹਨ।

ਬੀਮਾਰੀ ਫੈਲਣ ਤੇ ਦੂਜਿਆਂ ਦੀ ਮਦਦ ਕਰੋ

2. ਬੀਮਾਰੀ ਫੈਲਣ ਤੇ ਭੈਣਾਂ-ਭਰਾਵਾਂ ਦੀ ਮਦਦ ਕਰਨੀ ਮੁਸ਼ਕਲ ਕਿਉਂ ਹੋ ਸਕਦੀ ਹੈ?

2 ਜਦੋਂ ਕੋਈ ਬੀਮਾਰੀ ਫੈਲਦੀ ਹੈ, ਤਾਂ ਸਾਡੇ ਲਈ ਇਕ-ਦੂਜੇ ਦੀ ਮਦਦ ਕਰਨੀ ਮੁਸ਼ਕਲ ਹੋ ਸਕਦੀ ਹੈ। ਉਦਾਹਰਣ ਲਈ, ਹੋ ਸਕਦਾ ਹੈ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਮਿਲਣਾ-ਜੁਲਣਾ ਚਾਹੀਏ, ਪਰ ਇੱਦਾਂ ਕਰਨਾ ਖ਼ਤਰੇ ਤੋਂ ਖਾਲੀ ਨਹੀਂ ਹੁੰਦਾਂ। ਜਾਂ ਸ਼ਾਇਦ ਅਸੀਂ ਕਿਸੇ ਇੱਦਾਂ ਦੇ ਪਰਿਵਾਰ ਨੂੰ ਆਪਣੇ ਘਰ ਖਾਣੇ ਤੇ ਬੁਲਾਉਣਾ ਚਾਹੀਏ ਜਿਸ ਨੂੰ ਪੈਸੇ ਦੀ ਤੰਗੀ ਹੈ, ਪਰ ਸ਼ਾਇਦ ਹਲਾਤਾਂ ਕਰਕੇ ਅਸੀਂ ਇੱਦਾਂ ਨਾ ਕਰ ਪਾਈਏ। ਇਹ ਵੀ ਹੋ ਸਕਦਾ ਹੈ ਕਿ ਸਾਡੇ ਆਪਣੇ ਘਰ ਵਿਚ ਹੀ ਕੋਈ ਬੀਮਾਰ ਹੈ ਜਿਸ ਕਰਕੇ ਅਸੀਂ ਚਾਹ ਕੇ ਵੀ ਦੂਜਿਆਂ ਦੀ ਮਦਦ ਨਾ ਕਰ ਪਾਈਏ। ਇਨ੍ਹਾਂ ਹਾਲਾਤਾਂ ਦੇ ਬਾਵਜੂਦ ਜਦੋਂ ਅਸੀਂ ਆਪਣੇ ਵੱਲੋਂ ਭੈਣਾਂ-ਭਰਾਵਾਂ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਤਾਂ ਯਹੋਵਾਹ ਨੂੰ ਇਹ ਦੇਖ ਕੇ ਬਹੁਤ ਖ਼ੁਸ਼ੀ ਹੁੰਦੀ ਹੈ। (ਕਹਾ. 3:27; 19:17) ਤਾਂ ਫਿਰ ਅਸੀਂ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ?

3. ਭੈਣ ਡੈਜ਼ੀ ਦੀ ਮੰਡਲੀ ਦੇ ਬਜ਼ੁਰਗਾਂ ਤੋਂ ਅਸੀਂ ਕੀ ਸਿੱਖਦੇ ਹਾਂ? (ਯਿਰਮਿਯਾਹ 23:4)

3 ਬਜ਼ੁਰਗ ਕੀ ਕਰ ਸਕਦੇ ਹਨ? ਜੇ ਤੁਸੀਂ ਮੰਡਲੀ ਦੇ ਬਜ਼ੁਰਗ ਹੋ, ਤਾਂ ਭੇਡਾਂ ਨੂੰ ਜਾਣਨ ਦੀ ਪੂਰੀ ਕੋਸ਼ਿਸ਼ ਕਰੋ। (ਯਿਰਮਿਯਾਹ 23:4 ਪੜ੍ਹੋ।) ਭੈਣ ਡੇਜ਼ੀ, ਜਿਸ ਦਾ ਜ਼ਿਕਰ ਪਿਛਲੇ ਲੇਖ ਵਿਚ ਕੀਤਾ ਗਿਆ ਸੀ, ਦੱਸਦੀ ਹੈ: “ਸਾਡੇ ਪ੍ਰਚਾਰ ਦੇ ਗਰੁੱਪ ਵਿਚ ਜੋ ਬਜ਼ੁਰਗ ਹਨ ਉਹ ਮਹਾਂਮਾਰੀ ਤੋਂ ਪਹਿਲਾਂ ਵੀ ਮੇਰੇ ਨਾਲ ਅਤੇ ਹੋਰ ਭੈਣਾਂ-ਭਰਾਵਾਂ ਨਾਲ ਮਿਲ ਕੇ ਪ੍ਰਚਾਰ ਕਰਦੇ ਸਨ ਅਤੇ ਜਦੋਂ ਮੰਡਲੀ ਦੇ ਭੈਣ-ਭਰਾ ਇਕ-ਦੂਜੇ ਨਾਲ ਸਮਾਂ ਬਿਤਾਉਂਦੇ ਸਨ, ਤਾਂ ਉਦੋਂ ਵੀ ਉਹ ਸਾਡੇ ਨਾਲ ਹੁੰਦੇ ਸਨ।”b ਇਸ ਲਈ ਬਜ਼ੁਰਗ ਉਦੋਂ ਭੈਣ ਡੇਜ਼ੀ ਦੀ ਸੌਖਿਆਂ ਹੀ ਮਦਦ ਕਰ ਸਕੇ ਜਦੋਂ ਕੋਵਿਡ-19 ਮਹਾਂਮਾਰੀ ਕਰਕੇ ਉਸ ਦੇ ਪਰਿਵਾਰ ਦੇ ਕੁਝ ਜੀਆਂ ਦੀ ਮੌਤ ਹੋ ਗਈ।

4. ਭੈਣ ਡੇਜ਼ੀ ਦੀ ਮੰਡਲੀ ਦੇ ਬਜ਼ੁਰਗ ਕਿਉਂ ਉਸ ਦੀ ਮਦਦ ਕਰ ਪਾਏ ਅਤੇ ਬਜ਼ੁਰਗ ਇਸ ਤੋਂ ਕੀ ਸਿੱਖ ਸਕਦੇ ਹਨ?

4 ਭੈਣ ਡੇਜ਼ੀ ਦੱਸਦੀ ਹੈ: “ਮੇਰੀ ਮੰਡਲੀ ਦੇ ਬਜ਼ੁਰਗਾਂ ਨਾਲ ਪਹਿਲਾਂ ਤੋਂ ਹੀ ਚੰਗੀ ਦੋਸਤੀ ਸੀ। ਇਸ ਲਈ ਮੈਂ ਉਨ੍ਹਾਂ ਨੂੰ ਖੁੱਲ੍ਹ ਕੇ ਦੱਸ ਸਕੀ ਕਿ ਮੈਨੂੰ ਕਿੱਦਾਂ ਲੱਗ ਰਿਹਾ ਸੀ ਤੇ ਮੈਨੂੰ ਕਿਨ੍ਹਾਂ ਗੱਲਾਂ ਦੀ ਚਿੰਤਾ ਸੀ।” ਬਜ਼ੁਰਗ ਇਸ ਤੋਂ ਕੀ ਸਿੱਖ ਸਕਦੇ ਹਨ? ਕਿਸੇ ਮੁਸ਼ਕਲ ਦੇ ਆਉਣ ਤੋਂ ਪਹਿਲਾਂ ਹੀ ਭੇਡਾਂ ਨੂੰ ਚੰਗੀ ਤਰ੍ਹਾਂ ਜਾਣਨ ਦੀ ਕੋਸ਼ਿਸ਼ ਕਰੋ ਅਤੇ ਉਨ੍ਹਾਂ ਦੇ ਦੋਸਤ ਬਣੋ। ਜੇ ਕਿਸੇ ਮਹਾਂਮਾਰੀ ਦੇ ਫੈਲਣ ਕਰਕੇ ਤੁਸੀਂ ਭੈਣਾਂ-ਭਰਾਵਾਂ ਨੂੰ ਜਾ ਕੇ ਨਹੀਂ ਮਿਲ ਸਕਦੇ, ਤਾਂ ਹੋਰ ਤਰੀਕਿਆਂ ਨਾਲ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ। ਭੈਣ ਡੇਜ਼ੀ ਕਹਿੰਦੀ ਹੈ: “ਮੇਰੇ ਨਾਲ ਬਹੁਤ ਵਾਰ ਇੱਦਾਂ ਹੋਇਆ ਕਿ ਇਕ ਹੀ ਦਿਨ ਵਿਚ ਮੈਨੂੰ ਕਈ ਬਜ਼ੁਰਗਾਂ ਨੇ ਫ਼ੋਨ ਕੀਤੇ ਅਤੇ ਮੈਸਿਜ ਭੇਜੇ। ਉਨ੍ਹਾਂ ਨੇ ਮੈਨੂੰ ਅਲੱਗ-ਅਲੱਗ ਆਇਤਾਂ ਭੇਜੀਆਂ। ਮੈਂ ਉਹ ਆਇਤਾਂ ਪਹਿਲਾਂ ਵੀ ਕਈ ਵਾਰ ਪੜ੍ਹੀਆਂ ਸਨ। ਪਰ ਜਦੋਂ ਮੈਂ ਉਨ੍ਹਾਂ ਨੂੰ ਫਿਰ ਤੋਂ ਪੜ੍ਹਿਆ, ਤਾਂ ਉਹ ਮੇਰੇ ਦਿਲ ਨੂੰ ਛੂਹ ਗਈਆਂ।”

5. ਬਜ਼ੁਰਗ ਇਹ ਕਿਵੇਂ ਜਾਣ ਸਕਦੇ ਹਨ ਕਿ ਭੈਣਾਂ-ਭਰਾਵਾਂ ਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਹੈ ਅਤੇ ਉਹ ਕਿਵੇਂ ਉਨ੍ਹਾਂ ਦੀ ਮਦਦ ਕਰ ਸਕਦੇ ਹਨ?

5 ਭੈਣਾਂ-ਭਰਾਵਾਂ ਨੂੰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਇਹ ਜਾਣਨ ਲਈ ਤੁਸੀਂ ਉਨ੍ਹਾਂ ਨੂੰ ਕੁਝ ਸਵਾਲ ਪੁੱਛ ਸਕਦੇ ਹੋ। (ਕਹਾ. 20:5) ਪਰ ਉਨ੍ਹਾਂ ਤੋਂ ਕੋਈ ਅਜਿਹਾ ਸਵਾਲ ਨਾ ਪੁੱਛੋ ਜਿਸ ਕਰਕੇ ਉਹ ਸ਼ਰਮਿੰਦੇ ਹੋ ਜਾਣ। ਤੁਸੀਂ ਉਨ੍ਹਾਂ ਨੂੰ ਪੁੱਛ ਸਕਦੇ ਹੋ ਕਿ ਉਨ੍ਹਾਂ ਕੋਲ ਖਾਣ-ਪੀਣ ਦੀਆਂ ਚੀਜ਼ਾਂ, ਦਵਾਈਆਂ ਜਾਂ ਹੋਰ ਜ਼ਰੂਰਤ ਦੀਆਂ ਚੀਜ਼ਾਂ ਹਨ। ਜਾਂ ਕਿਤੇ ਇੱਦਾਂ ਤਾਂ ਨਹੀਂ ਕਿ ਉਨ੍ਹਾਂ ਦਾ ਕੰਮ ਛੁੱਟਣ ਵਾਲਾ ਹੈ ਜਾਂ ਉਨ੍ਹਾਂ ਕੋਲ ਘਰ ਦਾ ਕਿਰਾਇਆ ਦੇਣ ਦੇ ਪੈਸੇ ਨਹੀਂ ਹਨ। ਜਾਂ ਜੇ ਸਰਕਾਰ ਨੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਦਾ ਕੋਈ ਪ੍ਰਬੰਧ ਕੀਤਾ ਹੈ, ਤਾਂ ਤੁਸੀਂ ਭੈਣਾਂ-ਭਰਾਵਾਂ ਨੂੰ ਪੁੱਛ ਸਕਦੇ ਹੋ ਕਿ ਉਸ ਤੋਂ ਫ਼ਾਇਦਾ ਲੈਣ ਲਈ ਉਨ੍ਹਾਂ ਨੂੰ ਕੋਈ ਮਦਦ ਤਾਂ ਨਹੀਂ ਚਾਹੀਦੀ। ਭੈਣਾਂ-ਭਰਾਵਾਂ ਨੇ ਭੈਣ ਡੇਜ਼ੀ ਦੀਆਂ ਲੋੜਾਂ ਦਾ ਖ਼ਿਆਲ ਰੱਖਿਆ। ਖ਼ਾਸ ਕਰਕੇ ਬਜ਼ੁਰਗਾਂ ਨੇ ਪਿਆਰ ਨਾਲ ਉਸ ਦੀ ਦੇਖ-ਭਾਲ ਕੀਤੀ ਅਤੇ ਬਾਈਬਲ ਤੋਂ ਆਇਤਾਂ ਦਿਖਾ ਕੇ ਉਸ ਨੂੰ ਹੌਸਲਾ ਦਿੱਤਾ। ਇਸ ਤੋਂ ਭੈਣ ਨੂੰ ਬਹੁਤ ਹਿੰਮਤ ਮਿਲੀ ਅਤੇ ਉਹ ਆਪਣੀਆਂ ਮੁਸ਼ਕਲਾਂ ਸਹਿ ਪਾਈ। ਉਹ ਦੱਸਦੀ ਹੈ: “ਬਜ਼ੁਰਗਾਂ ਨੇ ਕਈ ਵਾਰ ਮੇਰੇ ਨਾਲ ਪ੍ਰਾਰਥਨਾ ਕੀਤੀ। ਮੈਨੂੰ ਇਹ ਤਾਂ ਯਾਦ ਨਹੀਂ ਕਿ ਉਨ੍ਹਾਂ ਨੇ ਉਸ ਵੇਲੇ ਕੀ ਕਿਹਾ ਸੀ, ਪਰ ਮੈਨੂੰ ਇੰਨਾ ਜ਼ਰੂਰ ਯਾਦ ਹੈ ਕਿ ਮੈਨੂੰ ਕਿੱਦਾਂ ਦਾ ਲੱਗਾ ਸੀ। ਮੈਨੂੰ ਇੱਦਾਂ ਲੱਗਾ ਜਿਵੇਂ ਯਹੋਵਾਹ ਮੈਨੂੰ ਆਪ ਕਹਿ ਰਿਹਾ ਹੋਵੇ, ‘ਤੂੰ ਇਕੱਲੀ ਨਹੀਂ ਹੈ, ਮੈਂ ਤੇਰੇ ਨਾਲ ਹਾਂ।’”​—ਯਸਾ. 41:10, 13.

ਤਸਵੀਰਾਂ: 1. ਇਕ ਭਰਾ ਕਿੰਗਡਮ ਹਾਲ ਵਿਚ ਮੀਟਿੰਗ ਚਲਾ ਰਿਹਾ ਹੈ। ਉਹ ਟੈਬਲੇਟ ʼਤੇ ਇਕ ਬੀਮਾਰ ਭਰਾ ਨੂੰ ਦੇਖ ਰਿਹਾ ਹੈ ਜੋ ਵੀਡੀਓ ਕਾਨਫ਼ਰੰਸ ਦੇ ਜ਼ਰੀਏ ਜੁੜਿਆ ਹੈ। 2. ਵੀਡੀਓ ਕਾਨਫ਼ਰੰਸ ਦੇ ਜ਼ਰੀਏ ਜੁੜਿਆ ਸਿਆਣੀ ਉਮਰ ਦਾ ਭਰਾ ਜਵਾਬ ਦੇਣ ਲਈ ਹੱਥ ਖੜ੍ਹਾ ਕਰਦਾ ਹੈ। ਉਸ ਦੇ ਆਕਸੀਜਨ ਦਾ ਪਾਈਪ ਲੱਗਾ ਹੈ।

ਇਕ ਭਰਾ ਮੀਟਿੰਗ ਵਿਚ ਇਕ ਭਾਗ ਲੈ ਰਿਹਾ ਹੈ ਤੇ ਉਹ ਕਿੰਗਡਮ ਹਾਲ ਵਿਚ ਆਏ ਭੈਣਾਂ ਭਰਾਵਾਂ ਅਤੇ ਵੀਡੀਓ ਕਾਨਫ਼ਰੰਸ ʼਤੇ ਜੁੜੇ ਇਕ ਬੀਮਾਰ ਭਰਾ ਦੇ ਜਵਾਬ ਸੁਣ ਕੇ ਖ਼ੁਸ਼ ਹੋ ਰਿਹਾ ਹੈ (ਪੈਰਾ 6 ਦੇਖੋ)

6. ਦੂਜਿਆਂ ਦੀ ਮਦਦ ਕਰਨ ਲਈ ਮੰਡਲੀ ਦੇ ਹੋਰ ਭੈਣ-ਭਰਾ ਕੀ ਕਰ ਸਕਦੇ ਹਨ? (ਤਸਵੀਰ ਦੇਖੋ।)

6 ਹੋਰ ਭੈਣ-ਭਰਾ ਕੀ ਕਰ ਸਕਦੇ ਹਨ? ਅਸੀਂ ਮੰਡਲੀ ਦੇ ਬਜ਼ੁਰਗਾਂ ਤੋਂ ਉਮੀਦ ਕਰਦੇ ਹਾਂ ਕਿ ਉਹ ਮੰਡਲੀ ਦੇ ਭੈਣਾਂ-ਭਰਾਵਾਂ ਦਾ ਖ਼ਿਆਲ ਰੱਖਣ। ਪਰ ਯਹੋਵਾਹ ਸਾਡੇ ਸਾਰਿਆਂ ਤੋਂ ਚਾਹੁੰਦਾ ਹੈ ਕਿ ਅਸੀਂ ਦੂਜਿਆਂ ਦੀ ਮਦਦ ਕਰੀਏ ਤੇ ਉਨ੍ਹਾਂ ਨੂੰ ਹੌਸਲਾ ਦੇਈਏ। (ਗਲਾ. 6:10) ਜੇ ਕੋਈ ਭੈਣ-ਭਰਾ ਬੀਮਾਰ ਹੈ, ਤਾਂ ਅਸੀਂ ਉਨ੍ਹਾਂ ਲਈ ਕੀ ਕਰ ਸਕਦੇ ਹਾਂ? ਛੋਟੇ ਬੱਚੇ ਕਿਸੇ ਬੀਮਾਰ ਭੈਣ ਜਾਂ ਭਰਾ ਲਈ ਕਾਰਡ ਜਾਂ ਡਰਾਇੰਗ ਬਣਾ ਸਕਦੇ ਹਨ। ਜਵਾਨ ਭੈਣ-ਭਰਾ ਉਨ੍ਹਾਂ ਲਈ ਖ਼ਰੀਦਾਰੀ ਕਰ ਸਕਦੇ ਹਨ ਜਾਂ ਕਿਸੇ ਹੋਰ ਕੰਮ ਵਿਚ ਉਨ੍ਹਾਂ ਦਾ ਹੱਥ ਵਟਾ ਸਕਦੇ ਹਨ। ਜਾਂ ਫਿਰ ਭੈਣ-ਭਰਾ ਉਨ੍ਹਾਂ ਲਈ ਖਾਣਾ ਬਣਾ ਸਕਦੇ ਹਨ ਅਤੇ ਸੁਰੱਖਿਆ ਦਾ ਧਿਆਨ ਰੱਖ ਕੇ ਉਨ੍ਹਾਂ ਦੇ ਘਰ ਦੇ ਬਾਹਰ ਪਹੁੰਚਾ ਸਕਦੇ ਹਨ। ਸਾਨੂੰ ਸ਼ਾਇਦ ਇਹ ਸਾਰੀਆਂ ਗੱਲਾਂ ਛੋਟੀਆਂ ਜਿਹੀਆਂ ਲੱਗਣ, ਪਰ ਇਨ੍ਹਾਂ ਨਾਲ ਉਨ੍ਹਾਂ ਭੈਣਾਂ-ਭਰਾਵਾਂ ਦਾ ਬਹੁਤ ਹੌਸਲਾ ਵੱਧ ਸਕਦਾ ਹੈ। ਇਹ ਤਾਂ ਸੱਚ ਹੈ ਕਿ ਜਦੋਂ ਕੋਈ ਬੀਮਾਰੀ ਫੈਲਦੀ ਹੈ, ਤਾਂ ਮੰਡਲੀ ਦੇ ਸਾਰੇ ਭੈਣਾਂ-ਭਰਾਵਾਂ ਨੂੰ ਹੌਸਲੇ ਦੀ ਲੋੜ ਹੁੰਦੀ ਹੈ। ਇਸ ਲਈ ਇਹ ਕਿੰਨਾ ਵਧੀਆ ਹੋਵੇਗਾ ਕਿ ਅਸੀਂ ਮੀਟਿੰਗਾਂ ਤੋਂ ਬਾਅਦ ਥੋੜ੍ਹੀ ਦੇਰ ਰੁਕ ਕੇ ਇਕ-ਦੂਜੇ ਨਾਲ ਗੱਲ ਕਰੀਏ, ਫਿਰ ਚਾਹੇ ਅਸੀਂ ਕਿੰਗਡਮ ਹਾਲ ਗਏ ਹੋਈਏ ਜਾਂ ਵੀਡੀਓ ਕਾਨਫ਼ਰੰਸ ਰਾਹੀਂ ਜੁੜੇ ਹੋਈਏ। ਬਜ਼ੁਰਗਾਂ ਨੂੰ ਵੀ ਹੌਸਲੇ ਦੀ ਲੋੜ ਹੁੰਦੀ ਹੈ ਅਤੇ ਜਦੋਂ ਬੀਮਾਰੀ ਫੈਲਦੀ ਹੈ, ਤਾਂ ਉਨ੍ਹਾਂ ਦਾ ਕੰਮ ਹੋਰ ਵੀ ਵਧ ਜਾਂਦਾ ਹੈ। ਇਸ ਲਈ ਕੁਝ ਭੈਣ-ਭਰਾ ਉਨ੍ਹਾਂ ਦਾ ਧੰਨਵਾਦ ਕਰਨ ਲਈ ਉਨ੍ਹਾਂ ਨੂੰ ਮੈਸਿਜ ਜਾਂ ਕਾਰਡ ਭੇਜਦੇ ਹਨ। ਇਹ ਕਿੰਨਾ ਵਧੀਆ ਹੈ ਕਿ ਅਸੀਂ ‘ਇਕ-ਦੂਜੇ ਨੂੰ ਹੌਸਲਾ ਦਿੰਦੇ ਰਹੀਏ ਅਤੇ ਇਕ-ਦੂਜੇ ਨੂੰ ਮਜ਼ਬੂਤ ਕਰਦੇ ਰਹੀਏ।’​—1 ਥੱਸ. 5:11.

ਆਫ਼ਤਾਂ ਝੱਲ ਰਹੇ ਭੈਣਾਂ-ਭਰਾਵਾਂ ਦੀ ਮਦਦ ਕਰੋ

7. ਆਫ਼ਤਾਂ ਆਉਣ ਤੇ ਕੀ ਕੁਝ ਹੋ ਸਕਦਾ ਹੈ?

7 ਆਫ਼ਤ ਆਉਣ ਤੇ ਇਕ ਵਿਅਕਤੀ ਦੀ ਜ਼ਿੰਦਗੀ ਅੱਖ ਝਮਕਦਿਆਂ ਹੀ ਪੂਰੀ ਤਰ੍ਹਾਂ ਬਦਲ ਜਾਂਦੀ ਹੈ। ਕਿਸੇ ਆਫ਼ਤ ਦੇ ਸ਼ਿਕਾਰ ਹੋਏ ਲੋਕ ਸ਼ਾਇਦ ਆਪਣਾ ਸਾਮਾਨ, ਘਰ-ਬਾਰ ਅਤੇ ਇੱਥੋਂ ਤਕ ਕਿ ਆਪਣੇ ਕਿਸੇ ਅਜ਼ੀਜ਼ ਨੂੰ ਵੀ ਗੁਆ ਬੈਠਣ। ਇਸ ਤਰ੍ਹਾਂ ਨਹੀਂ ਹੈ ਕਿ ਮਸੀਹੀਆਂ ਨੂੰ ਇਸ ਤਰ੍ਹਾਂ ਦੀਆਂ ਦੁੱਖ-ਤਕਲੀਫ਼ਾਂ ਵਿੱਚੋਂ ਲੰਘਣਾ ਨਹੀਂ ਪੈਂਦਾ। ਆਓ ਆਪਾਂ ਦੇਖੀਏ ਕਿ ਇੱਦਾਂ ਦੇ ਹਾਲਾਤਾਂ ਵਿਚ ਅਸੀਂ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ।

8. ਕੋਈ ਆਫ਼ਤ ਆਉਣ ਤੋਂ ਪਹਿਲਾਂ ਬਜ਼ੁਰਗ ਅਤੇ ਪਰਿਵਾਰ ਦੇ ਮੁਖੀ ਕੀ ਕਰ ਸਕਦੇ ਹਨ?

8 ਬਜ਼ੁਰਗ ਕੀ ਕਰ ਸਕਦੇ ਹਨ? ਬਜ਼ੁਰਗੋ, ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰੋ ਤਾਂਕਿ ਉਹ ਪਹਿਲਾਂ ਤੋਂ ਹੀ ਆਫ਼ਤਾਂ ਤੋਂ ਬਚਣ ਦੀ ਤਿਆਰੀ ਕਰ ਸਕਣ। ਇਸ ਗੱਲ ਦਾ ਪੂਰਾ ਧਿਆਨ ਰੱਖੋ ਕਿ ਸਾਰੇ ਭੈਣਾਂ-ਭਰਾਵਾਂ ਨੂੰ ਇਹ ਪਤਾ ਹੋਵੇ ਕਿ ਕੋਈ ਵੀ ਆਫ਼ਤ ਆਉਣ ʼਤੇ ਉਨ੍ਹਾਂ ਨੇ ਕੀ ਕਰਨਾ ਹੈ। ਨਾਲੇ ਉਨ੍ਹਾਂ ਨੂੰ ਦੱਸੋ ਕਿ ਜੇ ਅਜਿਹਾ ਕੁਝ ਹੁੰਦਾ ਹੈ, ਤਾਂ ਉਹ ਤੁਹਾਡੇ ਨਾਲ ਸੰਪਰਕ ਕਿਵੇਂ ਕਰ ਸਕਦੇ ਹਨ। ਪਿਛਲੇ ਲੇਖ ਵਿਚ ਜ਼ਿਕਰ ਕੀਤੀ ਭੈਣ ਮਾਰਗ੍ਰੇਟ ਦੱਸਦੀ ਹੈ: “ਮੰਡਲੀ ਦੀਆਂ ਲੋੜਾਂ ਭਾਗ ਵਿਚ ਸਾਡੇ ਬਜ਼ੁਰਗਾਂ ਨੇ ਸਾਨੂੰ ਦੱਸਿਆ ਕਿ ਜੰਗਲ ਵਿਚ ਅੱਗ ਲੱਗਣ ਦਾ ਖ਼ਤਰਾ ਹਾਲੇ ਟਲ਼ਿਆ ਨਹੀਂ ਹੈ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਜੇ ਅਧਿਕਾਰੀ ਸਾਨੂੰ ਘਰ ਛੱਡ ਕੇ ਜਾਣ ਲਈ ਕਹਿਣ ਜਾਂ ਸਾਨੂੰ ਲੱਗੇ ਕਿ ਖ਼ਤਰਾ ਵਧ ਗਿਆ ਹੈ, ਤਾਂ ਸਾਨੂੰ ਫ਼ੌਰਨ ਉਸ ਇਲਾਕੇ ਨੂੰ ਛੱਡ ਕੇ ਚਲੇ ਜਾਣਾ ਚਾਹੀਦਾ ਹੈ।” ਬਜ਼ੁਰਗਾਂ ਨੇ ਇਹ ਹਿਦਾਇਤ ਭੈਣਾਂ-ਭਰਾਵਾਂ ਨੂੰ ਬਿਲਕੁਲ ਸਹੀ ਸਮੇਂ ਤੇ ਦਿੱਤੀ ਕਿਉਂਕਿ ਉਸ ਤੋਂ ਪੰਜ ਹਫ਼ਤੇ ਬਾਅਦ ਹੀ ਨੇੜੇ ਦੇ ਜੰਗਲ ਵਿਚ ਅੱਗ ਲੱਗ ਗਈ। ਜੇ ਤੁਸੀਂ ਇਕ ਪਰਿਵਾਰ ਦੇ ਮੁਖੀ ਹੋ, ਤਾਂ ਚੰਗਾ ਹੋਵੇਗਾ ਕਿ ਤੁਸੀਂ ਪਰਿਵਾਰਕ ਸਟੱਡੀ ਦੌਰਾਨ ਇਸ ਬਾਰੇ ਗੱਲ ਕਰੋ ਕਿ ਕੋਈ ਆਫ਼ਤ ਆਉਣ ਤੇ ਪਰਿਵਾਰ ਦਾ ਹਰ ਜੀਅ ਕੀ ਕਰੇਗਾ। ਇਸ ਤਰ੍ਹਾਂ ਤੁਸੀਂ ਅਤੇ ਤੁਹਾਡੇ ਬੱਚੇ ਆਫ਼ਤ ਆਉਣ ਤੇ ਘਬਰਾਉਣਗੇ ਨਹੀਂ, ਸਗੋਂ ਸ਼ਾਂਤ ਰਹਿ ਸਕਣਗੇ।

9. ਆਫ਼ਤ ਆਉਣ ਤੋਂ ਪਹਿਲਾਂ ਅਤੇ ਉਸ ਤੋਂ ਬਾਅਦ ਵਿਚ ਬਜ਼ੁਰਗ ਕੀ ਕਰ ਸਕਦੇ ਹਨ?

9 ਜੇ ਤੁਸੀਂ ਇਕ ਗਰੁੱਪ ਓਵਰਸੀਅਰ ਹੋ, ਤਾਂ ਕੋਈ ਆਫ਼ਤ ਆਉਣ ਤੋਂ ਪਹਿਲਾਂ ਹੀ ਆਪਣੇ ਪ੍ਰਚਾਰ ਦੇ ਗਰੁੱਪ ਦੇ ਹਰੇਕ ਭੈਣ-ਭਰਾ ਦਾ ਫ਼ੋਨ ਨੰਬਰ ਅਤੇ ਪਤਾ ਲਿਖੋ। ਇਸ ਦੀ ਇਕ ਸੂਚੀ ਬਣਾਓ ਅਤੇ ਫਿਰ ਸਮੇਂ-ਸਮੇਂ ਤੇ ਦੇਖੋ ਕਿ ਕਿਤੇ ਕਿਸੇ ਦਾ ਨੰਬਰ ਜਾਂ ਪਤਾ ਬਦਲਿਆ ਤਾਂ ਨਹੀਂ ਹੈ। ਫਿਰ ਕੋਈ ਆਫ਼ਤ ਆਉਣ ਤੇ ਤੁਸੀਂ ਸੌਖਿਆਂ ਹੀ ਭੈਣਾਂ-ਭਰਾਵਾਂ ਨਾਲ ਸੰਪਰਕ ਕਰ ਸਕੋਗੇ ਅਤੇ ਜਾਣ ਸਕੋਗੇ ਕਿ ਉਨ੍ਹਾਂ ਨੂੰ ਕਿਸੇ ਚੀਜ਼ ਦੀ ਲੋੜ ਹੈ ਜਾਂ ਨਹੀਂ। ਫਿਰ ਫ਼ੌਰਨ ਇਹ ਸਾਰੀ ਜਾਣਕਾਰੀ ਬਜ਼ੁਰਗਾਂ ਦੇ ਸਮੂਹ ਦੇ ਸਹਾਇਕ ਬਜ਼ੁਰਗ ਨੂੰ ਦਿਓ। ਫਿਰ ਉਹ ਸਰਕਟ ਓਵਰਸੀਅਰ ਨੂੰ ਇਸ ਬਾਰੇ ਦੱਸੇਗਾ। ਇਸ ਤਰ੍ਹਾਂ ਮਿਲ ਕੇ ਕੰਮ ਕਰਨ ਨਾਲ ਭਰਾ ਸਾਰਿਆਂ ਦੀ ਚੰਗੀ ਤਰ੍ਹਾਂ ਮਦਦ ਕਰ ਸਕਣਗੇ। ਧਿਆਨ ਦਿਓ ਕਿ ਜਦੋਂ ਭੈਣ ਮਾਰਗ੍ਰੇਟ ਦੇ ਇਲਾਕੇ ਵਿਚ ਅੱਗ ਲੱਗੀ, ਤਾਂ ਬਜ਼ੁਰਗਾਂ ਨੇ ਕਿਵੇਂ ਭੈਣਾਂ-ਭਰਾਵਾਂ ਦੀ ਮਦਦ ਕੀਤੀ। ਉਨ੍ਹਾਂ ਨੇ ਫ਼ੌਰਨ ਸਾਰਿਆਂ ਦਾ ਹਾਲ-ਚਾਲ ਪੁੱਛਣ ਲਈ ਫ਼ੋਨ ਕੀਤੇ ਅਤੇ ਫਿਰ ਆਪਣੇ ਸਰਕਟ ਓਵਰਸੀਅਰ ਨੂੰ ਸਾਰੀ ਜਾਣਕਾਰੀ ਦਿੱਤੀ। ਲਗਭਗ 450 ਭੈਣਾਂ-ਭਰਾਵਾਂ ਨੂੰ ਆਪਣਾ ਘਰ ਛੱਡ ਕੇ ਜਾਣਾ ਪਿਆ। (2 ਕੁਰਿੰ. 11:27) ਸਰਕਟ ਓਵਰਸੀਅਰ ਲਗਾਤਾਰ ਬਜ਼ੁਰਗਾਂ ਨਾਲ ਗੱਲ ਕਰਦਾ ਰਿਹਾ ਤਾਂਕਿ ਸਾਰਿਆਂ ਦੇ ਰਹਿਣ ਦਾ ਪ੍ਰਬੰਧ ਹੋ ਸਕੇ। ਇਸ ਕਰਕੇ ਉਹ 36 ਘੰਟਿਆਂ ਤਕ ਸੌਂ ਨਹੀਂ ਸਕਿਆ। ਅਖ਼ੀਰ ਸਾਰੇ ਭੈਣਾਂ-ਭਰਾਵਾਂ ਦੇ ਰਹਿਣ ਦਾ ਇੰਤਜ਼ਾਮ ਹੋ ਗਿਆ।

10. ਬਜ਼ੁਰਗ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰਨ ਨੂੰ ਕਿਉਂ ਅਹਿਮੀਅਤ ਦਿੰਦੇ ਹਨ? (ਯੂਹੰਨਾ 21:15)

10 ਜਦੋਂ ਕੋਈ ਆਫ਼ਤ ਆਉਂਦੀ ਹੈ, ਤਾਂ ਬਜ਼ੁਰਗ ਪੱਕਾ ਕਰਦੇ ਹਨ ਕਿ ਸਾਰੇ ਭੈਣ-ਭਰਾ ਸੁਰੱਖਿਅਤ ਹਨ ਅਤੇ ਉਨ੍ਹਾਂ ਕੋਲ ਖਾਣ-ਪੀਣ ਦੀਆਂ ਚੀਜ਼ਾਂ, ਕੱਪੜੇ ਅਤੇ ਰਹਿਣ ਲਈ ਜਗ੍ਹਾ ਹੈ। ਇਸ ਦੇ ਨਾਲ-ਨਾਲ ਉਹ ਬਾਈਬਲ ਵਿੱਚੋਂ ਭੈਣਾਂ-ਭਰਾਵਾਂ ਨੂੰ ਦਿਲਾਸਾ ਦਿੰਦੇ ਹਨ ਤੇ ਨਿਰਾਸ਼ ਭੈਣਾਂ-ਭਰਾਵਾਂ ਦਾ ਸਾਥ ਦਿੰਦੇ ਹਨ। (1 ਪਤ. 5:2) ਆਫ਼ਤ ਵਿੱਚੋਂ ਬਚਣ ਵਾਲੇ ਭੈਣਾਂ-ਭਰਾਵਾਂ ਨੂੰ ਮਦਦ ਤੇ ਸਹਾਰੇ ਦੀ ਕਈ ਮਹੀਨਿਆਂ ਤਕ ਲੋੜ ਹੋ ਸਕਦੀ ਹੈ। (ਯੂਹੰਨਾ 21:15 ਪੜ੍ਹੋ।) ਭਰਾ ਹੈਰਲਡ ਬ੍ਰਾਂਚ ਕਮੇਟੀ ਦਾ ਮੈਂਬਰ ਹੈ। ਉਹ ਆਫ਼ਤਾਂ ਦੇ ਸ਼ਿਕਾਰ ਭੈਣਾਂ-ਭਰਾਵਾਂ ਦੀ ਮਦਦ ਕਰਦਾ ਹੈ। ਉਹ ਦੱਸਦਾ ਹੈ: “ਭੈਣਾਂ-ਭਰਾਵਾਂ ਨੂੰ ਆਪਣੇ ਗਮ ਵਿੱਚੋਂ ਨਿਕਲਣ ਵਿਚ ਸਮਾਂ ਲੱਗਦਾ ਹੈ। ਕਿਸੇ ਆਫ਼ਤ ਵਿਚ ਸ਼ਾਇਦ ਉਨ੍ਹਾਂ ਦੇ ਕਿਸੇ ਅਜ਼ੀਜ਼ ਦੀ ਮੌਤ ਹੋ ਜਾਵੇ ਜਾਂ ਫਿਰ ਉਨ੍ਹਾਂ ਦੀ ਕੋਈ ਖ਼ਾਨਦਾਨੀ ਜਾਂ ਕੀਮਤੀ ਚੀਜ਼ ਚਲੀ ਜਾਵੇ ਜਾਂ ਉਹ ਉਸ ਆਫ਼ਤ ਵਿੱਚੋਂ ਬਹੁਤ ਮੁਸ਼ਕਲ ਨਾਲ ਬਚੇ ਹੋਣ। ਉਨ੍ਹਾਂ ਨੂੰ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਯਾਦ ਵਾਰ-ਵਾਰ ਆ ਸਕਦੀ ਹੈ। ਇਸ ਕਰਕੇ ਉਨ੍ਹਾਂ ਦਾ ਗਮ ਤਾਜ਼ਾ ਹੋ ਸਕਦਾ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਉਨ੍ਹਾਂ ਵਿਚ ਨਿਹਚਾ ਦੀ ਘਾਟ ਹੈ, ਸਗੋਂ ਇਨਸਾਨ ਹੋਣ ਕਰਕੇ ਇੱਦਾਂ ਹੁੰਦਾ ਹੈ।”

11. ਬਜ਼ੁਰਗ ਪਰਿਵਾਰਾਂ ਦੀ ਕਿਵੇਂ ਮਦਦ ਕਰ ਸਕਦੇ ਹਨ?

11 ਬਜ਼ੁਰਗ ਦਿਲੋਂ ਇਸ ਸਲਾਹ ਨੂੰ ਲਾਗੂ ਕਰਦੇ ਹਨ ਕਿ “ਰੋਣ ਵਾਲਿਆਂ ਨਾਲ ਰੋਵੋ।” (ਰੋਮੀ. 12:15) ਉਹ ਆਫ਼ਤ ਦਾ ਸ਼ਿਕਾਰ ਹੋਏ ਭੈਣਾਂ-ਭਰਾਵਾਂ ਨੂੰ ਇਸ ਗੱਲ ਦਾ ਯਕੀਨ ਦਿਵਾਉਂਦੇ ਹਨ ਕਿ ਯਹੋਵਾਹ ਅਤੇ ਭੈਣ-ਭਰਾ ਹਾਲੇ ਵੀ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ। ਬਜ਼ੁਰਗ ਪਰਿਵਾਰਾਂ ਦੀ ਮਦਦ ਕਰਦੇ ਹਨ ਕਿ ਉਹ ਪ੍ਰਾਰਥਨਾ ਅਤੇ ਬਾਈਬਲ ਦਾ ਅਧਿਐਨ ਕਰਦੇ ਰਹਿਣ, ਮੀਟਿੰਗਾਂ ਵਿਚ ਹਾਜ਼ਰ ਹੋਣ ਅਤੇ ਪ੍ਰਚਾਰ ਕੰਮ ਵਿਚ ਲੱਗੇ ਰਹਿਣ। ਬਜ਼ੁਰਗ ਮਾਪਿਆਂ ਦੀ ਮਦਦ ਕਰ ਸਕਦੇ ਹਨ ਕਿ ਉਹ ਆਪਣੇ ਬੱਚਿਆਂ ਦਾ ਧਿਆਨ ਉਨ੍ਹਾਂ ਚੀਜ਼ਾਂ ʼਤੇ ਲਾਉਣ ਵਿਚ ਮਦਦ ਕਰਨ ਜਿਨ੍ਹਾਂ ਨੂੰ ਆਫ਼ਤਾਂ ਵੀ ਤਬਾਹ ਨਹੀਂ ਕਰ ਸਕਦੀਆਂ। ਉਹ ਆਪਣੇ ਬੱਚਿਆਂ ਨੂੰ ਯਕੀਨ ਦਿਵਾ ਸਕਦੇ ਹਨ ਕਿ ਯਹੋਵਾਹ ਉਨ੍ਹਾਂ ਦਾ ਦੋਸਤ ਹੈ ਤੇ ਉਹ ਹਮੇਸ਼ਾ ਉਨ੍ਹਾਂ ਦੇ ਨਾਲ ਰਹੇਗਾ। ਉਹ ਉਨ੍ਹਾਂ ਨੂੰ ਇਸ ਗੱਲ ਦਾ ਵੀ ਯਕੀਨ ਦਿਵਾ ਸਕਦੇ ਹਨ ਕਿ ਦੁਨੀਆਂ ਭਰ ਵਿਚ ਸਾਡੇ ਬਹੁਤ ਸਾਰੇ ਭੈਣ-ਭਰਾ ਹਨ ਜੋ ਹਮੇਸ਼ਾ ਸਾਡਾ ਸਾਥ ਦੇਣ ਲਈ ਤਿਆਰ ਰਹਿੰਦੇ ਹਨ।​—1 ਪਤ. 2:17.

ਆਫ਼ਤ ਆਉਣ ਤੋਂ ਬਾਅਦ ਇਕ ਜੋੜਾ ਇਕ ਭੈਣ ਤੇ ਉਸ ਦੇ ਮੁੰਡੇ ਲਈ ਖਾਣਾ ਅਤੇ ਹੋਰ ਜ਼ਰੂਰਤ ਦੀਆਂ ਚੀਜ਼ਾਂ ਲੈ ਕੇ ਆਇਆ ਹੈ।

ਕੋਈ ਆਫ਼ਤ ਆਉਣ ਤੋਂ ਬਾਅਦ ਕੀ ਤੁਸੀਂ ਭੈਣਾਂ-ਭਰਾਵਾਂ ਦੀ ਮਦਦ ਕਰ ਸਕਦੇ ਹੋ? (ਪੈਰਾ 12 ਦੇਖੋ)e

12. ਕੋਈ ਆਫ਼ਤ ਆਉਣ ਤੇ ਹੋਰ ਭੈਣ-ਭਰਾ ਕੀ ਕਰ ਸਕਦੇ ਹਨ? (ਤਸਵੀਰ ਦੇਖੋ।)

12 ਹੋਰ ਭੈਣ-ਭਰਾ ਕੀ ਕਰ ਸਕਦੇ ਹਨ? ਜੇ ਤੁਹਾਡੇ ਘਰ ਦੇ ਕਿਸੇ ਨੇੜੇ ਦੇ ਇਲਾਕੇ ਵਿਚ ਕੋਈ ਕੁਦਰਤੀ ਆਫ਼ਤ ਆਉਂਦੀ ਹੈ, ਤਾਂ ਤੁਸੀਂ ਮਦਦ ਕਰਨ ਲਈ ਮੰਡਲੀ ਦੇ ਬਜ਼ੁਰਗਾਂ ਨੂੰ ਪੁੱਛ ਸਕਦੇ ਹੋ। ਤੁਸੀਂ ਉਨ੍ਹਾਂ ਭੈਣਾਂ-ਭਰਾਵਾਂ ਨੂੰ ਆਪਣੇ ਘਰ ਵਿਚ ਜਗ੍ਹਾ ਦੇ ਸਕਦੇ ਹੋ ਜਿਨ੍ਹਾਂ ਦੇ ਘਰ ਕੁਦਰਤੀ ਆਫ਼ਤ ਕਰਕੇ ਤਬਾਹ ਹੋ ਗਏ ਹਨ ਜਾਂ ਜਿਹੜੇ ਭੈਣ-ਭਰਾ ਰਾਹਤ ਦੇ ਕੰਮ ਵਿਚ ਹੱਥ ਵਟਾਉਣ ਲਈ ਆਏ ਹਨ। ਤੁਸੀਂ ਉਨ੍ਹਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਅਤੇ ਹੋਰ ਜ਼ਰੂਰੀ ਚੀਜ਼ਾਂ ਦੇ ਸਕਦੇ ਹੋ। ਜੇ ਕੋਈ ਕੁਦਰਤੀ ਆਫ਼ਤ ਉਸ ਇਲਾਕੇ ਵਿਚ ਆਉਂਦੀ ਹੈ ਜੋ ਤੁਹਾਡੇ ਇਲਾਕੇ ਤੋਂ ਕਾਫ਼ੀ ਦੂਰ ਹੈ, ਤਾਂ ਵੀ ਤੁਸੀਂ ਮਦਦ ਕਰ ਸਕਦੇ ਹੋ। ਕਿਵੇਂ? ਤੁਸੀਂ ਉੱਥੋਂ ਦੇ ਭੈਣਾਂ-ਭਰਾਵਾਂ ਲਈ ਪ੍ਰਾਰਥਨਾ ਕਰ ਸਕਦੇ ਹੋ। (2 ਕੁਰਿੰ. 1:8-11) ਨਾਲੇ ਤੁਸੀਂ ਪੂਰੀ ਦੁਨੀਆਂ ਵਿਚ ਰਾਹਤ ਦੇ ਕੰਮ ਲਈ ਦਾਨ ਦੇ ਕੇ ਵੀ ਮਦਦ ਕਰ ਸਕਦੇ ਹੋ। (2 ਕੁਰਿੰ. 8:2-5) ਜੇ ਤੁਸੀਂ ਸਫ਼ਰ ਕਰ ਕੇ ਉਸ ਇਲਾਕੇ ਵਿਚ ਜਾ ਸਕਦੇ ਹੋ ਜਿੱਥੇ ਕੋਈ ਕੁਦਰਤੀ ਆਫ਼ਤ ਆਈ ਹੈ, ਤਾਂ ਆਪਣੀ ਮੰਡਲੀ ਦੇ ਬਜ਼ੁਰਗਾਂ ਨੂੰ ਪੁੱਛੋ। ਜੇ ਤੁਹਾਨੂੰ ਇਸ ਕੰਮ ਲਈ ਬੁਲਾਇਆ ਜਾਂਦਾ ਹੈ, ਤਾਂ ਪਹਿਲਾਂ ਤੁਹਾਨੂੰ ਸਿਖਲਾਈ ਦਿੱਤੀ ਜਾਵੇਗੀ। ਇਸ ਤਰ੍ਹਾਂ ਲੋੜ ਪੈਣ ਤੇ ਤੁਸੀਂ ਵਧੀਆ ਢੰਗ ਨਾਲ ਭੈਣਾਂ-ਭਰਾਵਾਂ ਦੀ ਮਦਦ ਕਰ ਸਕੋਗੇ।

ਜ਼ੁਲਮ ਝੱਲ ਰਹੇ ਭੈਣਾਂ-ਭਰਾਵਾਂ ਦੀ ਮਦਦ ਕਰੋ

13. ਜਿਨ੍ਹਾਂ ਦੇਸ਼ਾਂ ਵਿਚ ਸਾਡੇ ਕੰਮ ʼਤੇ ਪਾਬੰਦੀ ਲੱਗੀ ਹੋਈ ਹੈ, ਉੱਥੋਂ ਦੇ ਭੈਣਾਂ-ਭਰਾਵਾਂ ਨੂੰ ਕਿਹੜੀਆਂ ਮੁਸ਼ਕਲਾਂ ਝੱਲਣੀਆਂ ਪੈਂਦੀਆਂ ਹਨ?

13 ਜਿਨ੍ਹਾਂ ਦੇਸ਼ਾਂ ਵਿਚ ਸਾਡੇ ਕੰਮ ʼਤੇ ਪਾਬੰਦੀ ਲੱਗੀ ਹੋਈ ਹੈ, ਉੱਥੋਂ ਦੇ ਭੈਣਾਂ-ਭਰਾਵਾਂ ਨੂੰ ਹੋਰ ਵੀ ਮੁਸ਼ਕਲਾਂ ਸਹਿਣੀਆਂ ਪੈਂਦੀਆਂ ਹਨ। ਦੁਨੀਆਂ ਦੇ ਬਾਕੀ ਭੈਣਾਂ-ਭਰਾਵਾਂ ਵਾਂਗ ਉਨ੍ਹਾਂ ਨੂੰ ਵੀ ਪੈਸੇ ਦੀ ਤੰਗੀ, ਬੀਮਾਰੀਆਂ ਅਤੇ ਆਪਣੇ ਅਜ਼ੀਜ਼ਾਂ ਦੀ ਮੌਤ ਦਾ ਗਮ ਝੱਲਣਾ ਪੈਂਦਾ ਹੈ। ਪਰ ਜ਼ੁਲਮ ਹੋਣ ਕਰਕੇ ਉਨ੍ਹਾਂ ਦੀ ਜ਼ਿੰਦਗੀ ਵਿਚ ਮੁਸ਼ਕਲਾਂ ਹੋਰ ਵਧ ਜਾਂਦੀਆਂ ਹਨ। ਨਾਲੇ ਪਾਬੰਦੀ ਕਰਕੇ ਬਜ਼ੁਰਗ ਸ਼ਾਇਦ ਸੌਖਿਆਂ ਹੀ ਉਨ੍ਹਾਂ ਨੂੰ ਮਿਲ ਨਹੀਂ ਸਕਦੇ ਅਤੇ ਖੁੱਲ੍ਹ ਕੇ ਉਨ੍ਹਾਂ ਨਾਲ ਗੱਲਬਾਤ ਨਹੀਂ ਕਰ ਸਕਦੇ। ਭਰਾ ਆਂਡਰੇ, ਜਿਸ ਦਾ ਜ਼ਿਕਰ ਪਿਛਲੇ ਲੇਖ ਵਿਚ ਕੀਤਾ ਗਿਆ ਸੀ, ਅੱਗੇ ਵੀ ਇਹੀ ਮੁਸ਼ਕਲ ਆਈ। ਉਸ ਦੇ ਪ੍ਰਚਾਰ ਦੇ ਗਰੁੱਪ ਵਿਚ ਇਕ ਭੈਣ ਸੀ ਜਿਸ ਨੂੰ ਪੈਸੇ ਦੀ ਤੰਗੀ ਸੀ ਅਤੇ ਉੱਪਰੋਂ ਉਸ ਦਾ ਐਕਸੀਡੈਂਟ ਵੀ ਹੋ ਗਿਆ। ਉਸ ਦੇ ਕਈ ਉਪਰੇਸ਼ਨ ਕਰਨੇ ਪੈਣੇ ਸਨ ਜਿਸ ਕਰਕੇ ਉਹ ਕੋਈ ਕੰਮ ਨਹੀਂ ਕਰ ਸਕਦੀ ਸੀ। ਪਾਬੰਦੀ ਅਤੇ ਮਹਾਂਮਾਰੀ ਕਰਕੇ ਭੈਣਾਂ-ਭਰਾਵਾਂ ਲਈ ਉਸ ਦੀ ਮਦਦ ਕਰਨੀ ਸੌਖੀ ਨਹੀਂ ਸੀ। ਪਰ ਯਹੋਵਾਹ ਇਹ ਸਭ ਕੁਝ ਦੇਖ ਰਿਹਾ ਸੀ ਅਤੇ ਉਸ ਨੇ ਭੈਣਾਂ-ਭਰਾਵਾਂ ਨੂੰ ਪ੍ਰੇਰਿਆ ਕਿ ਉਹ ਜਿੰਨਾ ਹੋ ਸਕੇ, ਉੱਨਾ ਉਸ ਭੈਣ ਦੀ ਮਦਦ ਕਰਨ।

14. ਮੁਸ਼ਕਲਾਂ ਵੇਲੇ ਬਜ਼ੁਰਗ ਯਹੋਵਾਹ ʼਤੇ ਭਰੋਸਾ ਕਿਵੇਂ ਰੱਖ ਸਕਦੇ ਹਨ?

14 ਬਜ਼ੁਰਗ ਕੀ ਕਰ ਸਕਦੇ ਹਨ? ਆਂਡਰੇ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਅਤੇ ਜੋ ਉਹ ਕਰ ਸਕਦਾ ਸੀ, ਉਸ ਨੇ ਕੀਤਾ। ਯਹੋਵਾਹ ਨੇ ਉਸ ਦੀ ਪ੍ਰਾਰਥਨਾ ਦਾ ਜਵਾਬ ਕਿਵੇਂ ਦਿੱਤਾ? ਯਹੋਵਾਹ ਨੇ ਉਨ੍ਹਾਂ ਭੈਣਾਂ-ਭਰਾਵਾਂ ਨੂੰ ਪ੍ਰੇਰਿਆ ਜੋ ਉਸ ਭੈਣ ਦੀ ਮਦਦ ਕਰ ਸਕਦੇ ਸਨ। ਕੁਝ ਜਣੇ ਉਸ ਭੈਣ ਨੂੰ ਡਾਕਟਰ ਕੋਲ ਲੈ ਕੇ ਜਾਂਦੇ ਸਨ ਅਤੇ ਕੁਝ ਜਣਿਆਂ ਨੇ ਪੈਸੇ ਦੇ ਕੇ ਉਸ ਦੀ ਮਦਦ ਕੀਤੀ। ਇਨ੍ਹਾਂ ਭੈਣਾਂ-ਭਰਾਵਾਂ ਨੇ ਦਲੇਰੀ ਤੋਂ ਕੰਮ ਲਿਆ ਅਤੇ ਮਿਲ ਕੇ ਉਸ ਭੈਣ ਦੀ ਮਦਦ ਕੀਤੀ। ਇਸ ਲਈ ਯਹੋਵਾਹ ਨੇ ਉਨ੍ਹਾਂ ਦੇ ਜਤਨਾਂ ʼਤੇ ਬਰਕਤ ਪਾਈ ਅਤੇ ਉਸ ਭੈਣ ਦੀਆਂ ਲੋੜਾਂ ਪੂਰੀਆਂ ਹੋ ਸਕੀਆਂ। (ਇਬ. 13:16) ਜਦੋਂ ਸਾਡੇ ਕੰਮ ʼਤੇ ਪਾਬੰਦੀ ਲਾਈ ਜਾਂਦੀ ਹੈ, ਤਾਂ ਬਜ਼ੁਰਗ ਦੂਜੇ ਭੈਣਾਂ-ਭਰਾਵਾਂ ਤੋਂ ਮਦਦ ਲੈ ਸਕਦੇ ਹਨ। (ਯਿਰ. 36:5, 6) ਇਨ੍ਹਾਂ ਹਾਲਾਤਾਂ ਵਿਚ ਸਭ ਤੋਂ ਜ਼ਰੂਰੀ ਹੈ ਕਿ ਉਹ ਯਹੋਵਾਹ ʼਤੇ ਭਰੋਸਾ ਰੱਖਣ। ਯਹੋਵਾਹ ਭੈਣਾਂ-ਭਰਾਵਾਂ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਉਨ੍ਹਾਂ ਦੀ ਜ਼ਰੂਰ ਮਦਦ ਕਰੇਗਾ।

15. ਜੇ ਸਾਡੇ ਕੰਮ ʼਤੇ ਪਾਬੰਦੀ ਲੱਗੀ ਹੈ, ਤਾਂ ਅਸੀਂ ਕੀ ਕਰ ਸਕਦੇ ਹਾਂ ਤਾਂਕਿ ਸਾਡੇ ਵਿਚ ਏਕਤਾ ਬਣੀ ਰਹੇ?

15 ਹੋਰ ਭੈਣ-ਭਰਾ ਕੀ ਕਰ ਸਕਦੇ ਹਨ? ਜਦੋਂ ਸਾਡੇ ਕੰਮ ʼਤੇ ਪਾਬੰਦੀ ਲੱਗੀ ਹੁੰਦੀ ਹੈ, ਤਾਂ ਸ਼ਾਇਦ ਸਾਨੂੰ ਉਦੋਂ ਛੋਟੇ-ਛੋਟੇ ਗਰੁੱਪਾਂ ਵਿਚ ਮਿਲਣਾ ਪਵੇ। ਉਦੋਂ ਸਾਡੇ ਲਈ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਆਪਸ ਵਿਚ ਸ਼ਾਂਤੀ ਬਣਾਈ ਰੱਖੀਏ। ਅਸੀਂ ਸ਼ੈਤਾਨ ਨਾਲ ਲੜਨਾ ਹੈ ਨਾ ਕਿ ਇਕ-ਦੂਜੇ ਨਾਲ। ਜਦੋਂ ਸਾਨੂੰ ਕਿਸੇ ਭੈਣ-ਭਰਾ ਦੀ ਕੋਈ ਗੱਲ ਚੰਗੀ ਨਹੀਂ ਲੱਗਦੀ, ਤਾਂ ਅਸੀਂ ਉਸ ਗੱਲ ਨੂੰ ਨਜ਼ਰਅੰਦਾਜ਼ ਕਰ ਸਕਦੇ ਹਾਂ। ਜਾਂ ਜਦੋਂ ਸਾਡੀ ਕਿਸੇ ਭੈਣ ਜਾਂ ਭਰਾ ਨਾਲ ਅਣਬਣ ਹੋ ਜਾਂਦੀ ਹੈ, ਤਾਂ ਅਸੀਂ ਜਲਦੀ ਤੋਂ ਜਲਦੀ ਉਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਸਕਦੇ ਹਾਂ। (ਕਹਾ. 19:11; ਅਫ਼. 4:26) ਅਸੀਂ ਅੱਗੇ ਵੱਧ ਕੇ ਇਕ-ਦੂਜੇ ਦੀ ਮਦਦ ਕਰ ਸਕਦੇ ਹਾਂ। (ਤੀਤੁ. 3:14) ਜਿਸ ਭੈਣ ਦਾ ਐਕਸੀਡੈਂਟ ਹੋਇਆ ਸੀ, ਉਸ ਦੇ ਪ੍ਰਚਾਰ ਦੇ ਗਰੁੱਪ ਦੇ ਭੈਣਾਂ-ਭਰਾਵਾਂ ਨੇ ਉਸ ਦੀ ਮਦਦ ਕੀਤੀ। ਤੁਹਾਨੂੰ ਪਤਾ ਇਸ ਦਾ ਉਨ੍ਹਾਂ ਭੈਣਾਂ-ਭਰਾਵਾਂ ʼਤੇ ਕੀ ਅਸਰ ਹੋਇਆ? ਉਹ ਇਕ-ਦੂਜੇ ਦੇ ਹੋਰ ਵੀ ਨੇੜੇ ਆਏ।​—ਜ਼ਬੂ. 133:1.

16. ਕੁਲੁੱਸੀਆਂ 4:3, 18 ਮੁਤਾਬਕ ਅਸੀਂ ਜ਼ੁਲਮ ਸਹਿ ਰਹੇ ਭੈਣਾਂ-ਭਰਾਵਾਂ ਦੀ ਮਦਦ ਕਿੱਦਾਂ ਕਰ ਸਕਦੇ ਹਾਂ?

16 ਅੱਜ ਕਈ ਦੇਸ਼ਾਂ ਵਿਚ ਸਾਡੇ ਕੰਮ ʼਤੇ ਪਾਬੰਦੀ ਲੱਗੀ ਹੋਈ ਹੈ, ਪਰ ਫਿਰ ਵੀ ਸਾਡੇ ਹਜ਼ਾਰਾਂ ਹੀ ਭੈਣ-ਭਰਾ ਯਹੋਵਾਹ ਦੀ ਸੇਵਾ ਕਰਦੇ ਹਨ। ਉਨ੍ਹਾਂ ਵਿੱਚੋਂ ਕੁਝ ਭੈਣਾਂ-ਭਰਾਵਾਂ ਨੂੰ ਉਨ੍ਹਾਂ ਦੀ ਨਿਹਚਾ ਕਰਕੇ ਜੇਲ੍ਹ ਵਿਚ ਬੰਦ ਕੀਤਾ ਗਿਆ ਹੈ। ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਲਈ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਪ੍ਰਾਰਥਨਾ ਕਰ ਸਕਦੇ ਹਾਂ। ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਲਈ ਵੀ ਪ੍ਰਾਰਥਨਾ ਕਰ ਸਕਦੇ ਹਾਂ ਜੋ ਜੇਲ੍ਹ ਵਿਚ ਬੰਦ ਭੈਣਾਂ-ਭਰਾਵਾਂ ਦਾ ਹੌਸਲਾ ਵਧਾਉਂਦੇ ਹਨ, ਉਨ੍ਹਾਂ ਤਕ ਜ਼ਰੂਰਤ ਦੀਆਂ ਚੀਜ਼ਾਂ ਪਹੁੰਚਾਉਂਦੇ ਹਨ ਅਤੇ ਅਦਾਲਤਾਂ ਵਿਚ ਉਨ੍ਹਾਂ ਦੇ ਪੱਖ ਵਿਚ ਬੋਲਦੇ ਹਨ। ਚਾਹੇ ਉਨ੍ਹਾਂ ਨੂੰ ਵੀ ਗਿਰਫ਼ਤਾਰ ਕੀਤਾ ਜਾ ਸਕਦਾ ਹੈ, ਪਰ ਉਹ ਦਲੇਰੀ ਦਿਖਾਉਂਦੇ ਹੋਏ ਮਦਦ ਕਰਨ ਤੋਂ ਪਿੱਛੇ ਨਹੀਂ ਹਟਦੇ।c (ਕੁਲੁੱਸੀਆਂ 4:3, 18 ਪੜ੍ਹੋ।) ਸਾਨੂੰ ਕਦੇ ਵੀ ਪ੍ਰਾਰਥਨਾ ਕਰਨ ਦੀ ਅਹਿਮੀਅਤ ਨੂੰ ਐਵੇਂ ਨਹੀਂ ਸਮਝਣਾ ਚਾਹੀਦਾ, ਸਗੋਂ ਸਾਨੂੰ ਪ੍ਰਾਰਥਨਾ ਕਰਦੇ ਰਹਿਣਾ ਚਾਹੀਦਾ ਹੈ।​—2 ਥੱਸ. 3:1, 2; 1 ਤਿਮੋ. 2:1, 2.

ਮਾਪੇ ਆਪਣੇ ਦੋ ਬੱਚਿਆਂ ਨਾਲ ਪਰਿਵਾਰਕ ਸਟੱਡੀ ਕਰ ਰਹੇ ਹਨ। ਉਨ੍ਹਾਂ ਦਾ ਮੁੰਡਾ “ਦਾਨੀਏਲ: ਉਸ ਨੇ ਉਮਰ ਭਰ ਨਿਹਚਾ ਰੱਖੀ” ਨਾਂ ਦੀ ਵੀਡੀਓ ਵਿੱਚੋਂ ਕੋਈ ਗੱਲ ਦੱਸ ਰਿਹਾ ਹੈ।

ਤੁਸੀਂ ਹੁਣ ਤੋਂ ਹੀ ਆਪਣੇ ਪਰਿਵਾਰ ਨੂੰ ਜ਼ੁਲਮ ਝੱਲਣ ਲਈ ਤਿਆਰ ਕਿਵੇਂ ਕਰ ਸਕਦੇ ਹੋ? (ਪੈਰਾ 17 ਦੇਖੋ)

17. ਜ਼ੁਲਮ ਝੱਲਣ ਲਈ ਤੁਸੀਂ ਹੁਣ ਤੋਂ ਹੀ ਤਿਆਰੀ ਕਿਵੇਂ ਕਰ ਸਕਦੇ ਹੋ?

17 ਤੁਸੀਂ ਤੇ ਤੁਹਾਡਾ ਪਰਿਵਾਰ ਹੁਣ ਤੋਂ ਹੀ ਤਿਆਰੀ ਕਿਵੇਂ ਕਰ ਸਕਦੇ ਹੋ ਤਾਂਕਿ ਤੁਸੀਂ ਜ਼ੁਲਮਾਂ ਨੂੰ ਝੱਲ ਸਕੋ? (ਰਸੂ. 14:22) ਪਹਿਲਾਂ ਤੋਂ ਹੀ ਇਹ ਨਾ ਸੋਚੋ ਕਿ ਤੁਹਾਡੇ ਨਾਲ ਕੀ ਬੁਰਾ ਹੋ ਸਕਦਾ ਹੈ। ਇਸ ਦੀ ਬਜਾਇ, ਯਹੋਵਾਹ ਨਾਲ ਆਪਣੀ ਦੋਸਤੀ ਗੂੜ੍ਹੀ ਕਰੋ ਅਤੇ ਆਪਣੇ ਬੱਚਿਆਂ ਦੀ ਵੀ ਇਸ ਤਰ੍ਹਾਂ ਕਰਨ ਵਿਚ ਮਦਦ ਕਰੋ। ਜੇ ਤੁਸੀਂ ਕਦੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਹੋ, ਤਾਂ ਦਿਲ ਖੋਲ੍ਹ ਕੇ ਯਹੋਵਾਹ ਨੂੰ ਪ੍ਰਾਰਥਨਾ ਕਰੋ। (ਜ਼ਬੂ. 62:7, 8) ਆਪਣੇ ਪਰਿਵਾਰ ਨਾਲ ਮਿਲ ਕੇ ਗੱਲ ਕਰੋ ਕਿ ਤੁਸੀਂ ਯਹੋਵਾਹ ʼਤੇ ਭਰੋਸਾ ਕਿਉਂ ਕਰ ਸਕਦੇ ਹੋ।d ਜਿੱਦਾਂ ਤੁਸੀਂ ਆਪਣੇ ਬੱਚਿਆਂ ਨੂੰ ਆਫ਼ਤਾਂ ਲਈ ਪਹਿਲਾਂ ਤੋਂ ਹੀ ਤਿਆਰ ਕਰਦੇ ਹੋ, ਉਸੇ ਤਰ੍ਹਾਂ ਉਨ੍ਹਾਂ ਨੂੰ ਜ਼ੁਲਮਾਂ ਨੂੰ ਸਹਿਣ ਲਈ ਵੀ ਪਹਿਲਾਂ ਤੋਂ ਹੀ ਤਿਆਰ ਕਰੋ ਅਤੇ ਯਹੋਵਾਹ ʼਤੇ ਭਰੋਸਾ ਰੱਖਣਾ ਸਿਖਾਓ। ਇਸ ਤਰ੍ਹਾਂ ਉਹ ਦਲੇਰ ਬਣਨਗੇ ਅਤੇ ਸ਼ਾਂਤ ਰਹਿ ਸਕਣਗੇ।

18. ਭਵਿੱਖ ਵਿਚ ਯਹੋਵਾਹ ਸਾਨੂੰ ਕੀ ਦੇਵੇਗਾ?

18 ਪਰਮੇਸ਼ੁਰ ਦੀ ਸ਼ਾਂਤੀ ਕਰਕੇ ਅਸੀਂ ਸੁਰੱਖਿਅਤ ਮਹਿਸੂਸ ਕਰਦੇ ਹਾਂ। (ਫ਼ਿਲਿ. 4:6, 7) ਚਾਹੇ ਕੋਈ ਬੀਮਾਰੀ ਫੈਲੇ, ਆਫ਼ਤ ਆਵੇ ਜਾਂ ਸਾਡੇ ʼਤੇ ਜ਼ੁਲਮ ਕੀਤੇ ਜਾਣ, ਪਰ ਯਹੋਵਾਹ ਸਾਨੂੰ ਮਨ ਦੀ ਸ਼ਾਂਤੀ ਦਿੰਦਾ ਹੈ। ਉਹ ਮਿਹਨਤੀ ਬਜ਼ੁਰਗਾਂ ਨੂੰ ਸਾਡਾ ਹੌਸਲਾ ਵਧਾਉਣ ਲਈ ਅਤੇ ਸਾਡੀ ਦੇਖ-ਭਾਲ ਕਰਨ ਲਈ ਵਰਤਦਾ ਹੈ। ਉਸ ਨੇ ਸਾਨੂੰ ਇਕ-ਦੂਜੇ ਦੀ ਮਦਦ ਕਰਨ ਦਾ ਮੌਕਾ ਦਿੱਤਾ ਹੈ। ਜੇ ਅਸੀਂ ਅੱਜ ਮੁਸ਼ਕਲਾਂ ਦੌਰਾਨ ਸ਼ਾਂਤ ਰਹਿੰਦੇ ਹਾਂ, ਤਾਂ ਅਸੀਂ ਭਵਿੱਖ ਵਿਚ ਵੱਡੀਆਂ-ਵੱਡੀਆਂ ਮੁਸ਼ਕਲਾਂ ਝੱਲਣ ਅਤੇ “ਮਹਾਂਕਸ਼ਟ” ਲਈ ਤਿਆਰ ਹੋਵਾਂਗੇ। (ਮੱਤੀ 24:21) ਉਸ ਵੇਲੇ ਸਾਨੂੰ ਆਪਣੀ ਸ਼ਾਂਤੀ ਬਣਾ ਕੇ ਰੱਖਣੀ ਪੈਣੀ ਅਤੇ ਦੂਜਿਆਂ ਦੀ ਵੀ ਸ਼ਾਂਤ ਰਹਿਣ ਵਿਚ ਮਦਦ ਕਰਨੀ ਪੈਣੀ। ਮਹਾਂਕਸ਼ਟ ਤੋਂ ਬਾਅਦ ਸਾਡੇ ʼਤੇ ਫਿਰ ਕਦੇ ਵੀ ਮੁਸ਼ਕਲਾਂ ਨਹੀਂ ਆਉਣਗੀਆਂ ਅਤੇ ਨਾ ਹੀ ਸਾਨੂੰ ਚਿੰਤਾਵਾਂ ਸਤਾਉਣਗੀਆਂ। ਜਦੋਂ ਯਹੋਵਾਹ ਦਾ ਇਨਸਾਨਾਂ ਲਈ ਰੱਖਿਆ ਮਕਸਦ ਪੂਰਾ ਹੋਵੇਗਾ, ਉਦੋਂ ਉਹ ਇਨਸਾਨਾਂ ਨੂੰ ਸ਼ਾਂਤੀ ਦੇਵੇਗਾ ਜੋ ਹਮੇਸ਼ਾ ਬਣੀ ਰਹੇਗੀ।​—ਯਸਾ. 26:3, 4.

ਅਸੀਂ ਉਦੋਂ ਦੂਜਿਆਂ ਦੀ ਸ਼ਾਂਤ ਰਹਿਣ ਵਿਚ ਕਿਵੇਂ ਮਦਦ ਕਰ ਸਕਦੇ ਹਾਂ ਜਦੋਂ . . .

  • ਕੋਈ ਬੀਮਾਰੀ ਫੈਲਦੀ ਹੈ?

  • ਕੋਈ ਆਫ਼ਤ ਆਉਂਦੀ ਹੈ?

  • ਜ਼ੁਲਮ ਕੀਤੇ ਜਾਂਦੇ ਹਨ?

ਗੀਤ 102 “ਕਮਜ਼ੋਰ ਲੋਕਾਂ ਦੀ ਮਦਦ ਕਰੋ”

a ਯਹੋਵਾਹ ਅਕਸਰ ਆਪਣੇ ਵਫ਼ਾਦਾਰ ਸੇਵਕਾਂ ਨੂੰ ਵਰਤ ਕੇ ਦੁੱਖ-ਮੁਸੀਬਤਾਂ ਝੱਲਣ ਵਾਲਿਆਂ ਦੀ ਮਦਦ ਕਰਦਾ ਹੈ। ਉਹ ਤੁਹਾਡੇ ਜ਼ਰੀਏ ਵੀ ਭੈਣਾਂ-ਭਰਾਵਾਂ ਨੂੰ ਹੌਸਲਾ ਦੇ ਸਕਦਾ ਹੈ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ।

b ਕੁਝ ਨਾਂ ਬਦਲੇ ਗਏ ਹਨ।

c ਬ੍ਰਾਂਚ ਆਫ਼ਿਸ ਅਤੇ ਮੁੱਖ ਦਫ਼ਤਰ ਲਈ ਇਹ ਮੁਮਕਿਨ ਨਹੀਂ ਹੁੰਦਾ ਕਿ ਉਹ ਤੁਹਾਡੀਆਂ ਚਿੱਠੀਆਂ ਜੇਲ੍ਹਾਂ ਵਿਚ ਬੰਦ ਭੈਣਾਂ-ਭਰਾਵਾਂ ਤਕ ਪਹੁੰਚਾ ਸਕਣ।

d ਜੁਲਾਈ 2019 ਦੇ ਪਹਿਰਾਬੁਰਜ ਵਿਚ “ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਹੁਣ ਤੋਂ ਹੀ ਤਿਆਰੀ ਕਰੋ” ਨਾਂ ਦਾ ਲੇਖ ਦੇਖੋ।

e ਤਸਵੀਰ ਬਾਰੇ ਜਾਣਕਾਰੀ: ਆਫ਼ਤ ਆਉਣ ਤੋਂ ਬਾਅਦ ਇਕ ਪਰਿਵਾਰ ਨੂੰ ਤੰਬੂ ਵਿਚ ਰਹਿਣਾ ਪੈ ਰਿਹਾ ਹੈ ਅਤੇ ਇਕ ਜੋੜਾ ਉਨ੍ਹਾਂ ਲਈ ਖਾਣਾ ਲੈ ਕੇ ਆਇਆ ਹੈ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ