ਕੀ ਤੁਸੀਂ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਤਿਆਰ ਹੋ?
1. ਕੁਦਰਤੀ ਆਫ਼ਤਾਂ ਲਈ ਪਹਿਲਾਂ ਤੋਂ ਤਿਆਰੀ ਕਰਨੀ ਅਕਲਮੰਦੀ ਦੀ ਗੱਲ ਕਿਉਂ ਹੈ?
1 ਹਰ ਸਾਲ ਦੁਨੀਆਂ ਭਰ ਵਿਚ ਲੱਖਾਂ ਲੋਕ ਭੁਚਾਲ, ਸੁਨਾਮੀ, ਮੌਨਸੂਨ ਦੌਰਾਨ ਭਾਰੀ ਵਰਖਾ, ਤੂਫ਼ਾਨਾਂ ਅਤੇ ਹੜ੍ਹਾਂ ਤੋਂ ਪ੍ਰਭਾਵਿਤ ਹੁੰਦੇ ਹਨ। ਸਾਡੇ ਭੈਣ-ਭਰਾ ਵੀ ਇਨ੍ਹਾਂ ਆਫ਼ਤਾਂ ਤੋਂ ਬਚੇ ਹੋਏ ਨਹੀਂ ਹਨ। ਕੁਦਰਤੀ ਆਫ਼ਤਾਂ ਕਿਸੇ ਵੀ ਥਾਂ ਤੇ ਕਦੇ ਵੀ ਆ ਸਕਦੀਆਂ ਹਨ। ਸੋ ਇਨ੍ਹਾਂ ਨਾਲ ਨਜਿੱਠਣ ਲਈ ਪਹਿਲਾਂ ਤੋਂ ਹੀ ਤਿਆਰ ਰਹਿਣਾ ਸਾਡੇ ਲਈ ਅਕਲਮੰਦੀ ਦੀ ਗੱਲ ਹੋਵੇਗੀ।—ਕਹਾ. 21:5.
2. ਬਜ਼ੁਰਗਾਂ ਨੂੰ ਆਪਣਾ ਸਹੀ ਪਤਾ ਤੇ ਫ਼ੋਨ ਨੰਬਰ ਦੇਣਾ ਕਿਉਂ ਜ਼ਰੂਰੀ ਹੈ?
2 ਹੁਣੇ ਤਿਆਰੀ ਕਰੋ: ਕਈ ਵਾਰ ਸਰਕਾਰ ਕਿਸੇ ਕੁਦਰਤੀ ਆਫ਼ਤ ਬਾਰੇ ਪਹਿਲਾਂ ਹੀ ਲੋਕਾਂ ਨੂੰ ਸਾਵਧਾਨ ਕਰ ਦਿੰਦੀ ਹੈ। ਇਨ੍ਹਾਂ ਚੇਤਾਵਨੀਆਂ ਵੱਲ ਧਿਆਨ ਦੇਣਾ ਜ਼ਰੂਰੀ ਹੈ। (ਕਹਾ. 22:3) ਅਜਿਹੀ ਹਾਲਤ ਵਿਚ ਕਲੀਸਿਯਾ ਦੇ ਬਜ਼ੁਰਗ ਸਾਰੇ ਭੈਣ-ਭਰਾਵਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਲੋੜੀਂਦੀਆਂ ਹਿਦਾਇਤਾਂ ਦੇਣਗੇ। ਕੁਦਰਤੀ ਆਫ਼ਤ ਤੋਂ ਬਾਅਦ ਬਜ਼ੁਰਗ ਫਿਰ ਤੋਂ ਕਲੀਸਿਯਾ ਦੇ ਸਾਰੇ ਭੈਣਾਂ-ਭਰਾਵਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਦਾ ਹਾਲ-ਚਾਲ ਪੁੱਛਣਗੇ ਅਤੇ ਦੇਖਣਗੇ ਕਿ ਉਨ੍ਹਾਂ ਨੂੰ ਕਿਸੇ ਮਦਦ ਦੀ ਲੋੜ ਤਾਂ ਨਹੀਂ। ਪਰ ਜੇ ਬਜ਼ੁਰਗਾਂ ਕੋਲ ਪ੍ਰਕਾਸ਼ਕਾਂ ਦਾ ਸਹੀ ਫ਼ੋਨ ਨੰਬਰ ਜਾਂ ਪਤਾ ਨਾ ਹੋਵੇ, ਤਾਂ ਕੀਮਤੀ ਸਮਾਂ ਜ਼ਾਇਆ ਹੋ ਸਕਦਾ ਹੈ। ਸੋ ਪ੍ਰਕਾਸ਼ਕਾਂ ਨੂੰ ਚਾਹੀਦਾ ਹੈ ਕਿ ਉਹ ਕਲੀਸਿਯਾ ਦੇ ਸੈਕਟਰੀ ਅਤੇ ਆਪਣੇ ਬੁੱਕ ਸਟੱਡੀ ਓਵਰਸੀਅਰ ਨੂੰ ਆਪਣਾ ਮੌਜੂਦਾ ਪਤਾ ਅਤੇ ਫ਼ੋਨ ਨੰਬਰ ਦੇਣ।
3. ਜੇ ਅਸੀਂ ਉਸ ਥਾਂ ਰਹਿੰਦੇ ਹਾਂ ਜਿੱਥੇ ਕੁਦਰਤੀ ਆਫ਼ਤਾਂ ਦਾ ਖ਼ਤਰਾ ਰਹਿੰਦਾ ਹੈ, ਤਾਂ ਅਸੀਂ ਬਜ਼ੁਰਗਾਂ ਦੁਆਰਾ ਕੀਤੇ ਇੰਤਜ਼ਾਮਾਂ ਦਾ ਸਮਰਥਨ ਕਿਵੇਂ ਕਰ ਸਕਦੇ ਹਾਂ?
3 ਜੇ ਕਲੀਸਿਯਾ ਅਜਿਹੇ ਇਲਾਕੇ ਵਿਚ ਹੈ ਜਿੱਥੇ ਕੁਦਰਤੀ ਆਫ਼ਤਾਂ ਆਉਂਦੀਆਂ ਹੀ ਰਹਿੰਦੀਆਂ ਹਨ, ਤਾਂ ਭੈਣ-ਭਰਾ ਬਜ਼ੁਰਗਾਂ ਨੂੰ ਆਪਣੇ ਕਿਸੇ ਰਿਸ਼ਤੇਦਾਰ ਜਾਂ ਮਿੱਤਰ ਦਾ ਨਾਂ ਤੇ ਫ਼ੋਨ ਨੰਬਰ ਦੇ ਸਕਦੇ ਹਨ ਜੋ ਉਸ ਇਲਾਕੇ ਤੋਂ ਬਾਹਰ ਰਹਿੰਦਾ ਹੈ। ਇਹ ਖ਼ਾਸਕਰ ਉਦੋਂ ਮਦਦਗਾਰ ਸਾਬਤ ਹੋਵੇਗਾ ਜਦੋਂ ਕੁਦਰਤੀ ਆਫ਼ਤਾਂ ਕਰਕੇ ਭੈਣਾਂ-ਭਰਾਵਾਂ ਨੂੰ ਆਪਣੇ ਰਿਸ਼ਤੇਦਾਰਾਂ ਜਾਂ ਦੋਸਤਾਂ ਦੇ ਘਰ ਪਨਾਹ ਲੈਣ ਦੀ ਲੋੜ ਪਵੇਗੀ। ਬਜ਼ੁਰਗ ਹੰਗਾਮੀ ਸਥਿਤੀਆਂ ਨਾਲ ਨਜਿੱਠਣ ਲਈ ਪਹਿਲਾਂ ਤੋਂ ਹੀ ਕਲੀਸਿਯਾ ਲਈ ਯੋਜਨਾ ਬਣਾ ਸਕਦੇ ਹਨ। ਉਹ ਪ੍ਰਕਾਸ਼ਕਾਂ ਨੂੰ ਉਨ੍ਹਾਂ ਚੀਜ਼ਾਂ ਦੀ ਇਕ ਛੋਟੀ ਜਿਹੀ ਲਿਸਟ ਬਣਾਉਣ ਲਈ ਕਹਿ ਸਕਦੇ ਹਨ ਜੋ ਆਫ਼ਤ ਦੌਰਾਨ ਕੰਮ ਆਉਣਗੀਆਂ। ਬਜ਼ੁਰਗ ਫ਼ੈਸਲਾ ਕਰ ਸਕਦੇ ਹਨ ਕਿ ਹੰਗਾਮੀ ਸਥਿਤੀ ਵਿਚ ਭੈਣਾਂ-ਭਰਾਵਾਂ ਨੂੰ ਕਿਵੇਂ ਸੁਰੱਖਿਅਤ ਥਾਂ ਤੇ ਲੈ ਜਾਣਾ ਹੈ ਅਤੇ ਬੀਮਾਰਾਂ, ਬਿਰਧ ਭੈਣ-ਭਰਾਵਾਂ ਤੇ ਹੋਰ ਖ਼ਾਸ ਲੋੜ ਵਾਲੇ ਭੈਣ-ਭਰਾਵਾਂ ਦੀ ਕਿਵੇਂ ਮਦਦ ਕੀਤੀ ਜਾਵੇਗੀ। ਸਾਰਿਆਂ ਨੂੰ ਬਜ਼ੁਰਗਾਂ ਦੁਆਰਾ ਕੀਤੇ ਇੰਤਜ਼ਾਮਾਂ ਦਾ ਸਮਰਥਨ ਕਰਨਾ ਚਾਹੀਦਾ ਹੈ।—ਇਬ. 13:17.
4. ਕੁਦਰਤੀ ਆਫ਼ਤ ਆਉਣ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ?
4 ਆਫ਼ਤ ਤੋਂ ਬਾਅਦ: ਤੁਸੀਂ ਉਦੋਂ ਕੀ ਕਰੋਗੇ ਜੇ ਤੁਹਾਡੇ ਇਲਾਕੇ ਵਿਚ ਕੋਈ ਆਫ਼ਤ ਆਉਂਦੀ ਹੈ? ਆਪਣੇ ਪਰਿਵਾਰ ਦੀਆਂ ਲੋੜਾਂ ਵੱਲ ਧਿਆਨ ਦਿਓ। ਨਾਲ ਹੀ ਦੂਸਰੇ ਲੋੜਵੰਦਾਂ ਦੀ ਜਿੰਨੀ ਹੋ ਸਕੇ ਮਦਦ ਕਰੋ। ਜਲਦੀ ਤੋਂ ਜਲਦੀ ਆਪਣੇ ਬੁੱਕ ਸਟੱਡੀ ਓਵਰਸੀਅਰ ਜਾਂ ਕਿਸੇ ਹੋਰ ਬਜ਼ੁਰਗ ਨੂੰ ਆਪਣੀ ਸਥਿਤੀ ਬਾਰੇ ਦੱਸੋ। ਭਾਵੇਂ ਤੁਸੀਂ ਸੁਰੱਖਿਅਤ ਹੋ ਅਤੇ ਤੁਹਾਨੂੰ ਕਿਸੇ ਮਦਦ ਦੀ ਲੋੜ ਨਹੀਂ ਹੈ, ਤਾਂ ਵੀ ਇੱਦਾਂ ਕਰੋ। ਜੇ ਤੁਹਾਨੂੰ ਸਹਾਇਤਾ ਦੀ ਲੋੜ ਹੈ, ਤਾਂ ਭਰੋਸਾ ਰੱਖੋ ਕਿ ਤੁਹਾਡੇ ਭਰਾ ਤੁਹਾਡੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। (1 ਕੁਰਿੰ. 13:4, 7) ਯਾਦ ਰੱਖੋ ਕਿ ਯਹੋਵਾਹ ਤੁਹਾਡੇ ਹਾਲਾਤ ਜਾਣਦਾ ਹੈ। ਸੋ ਉਸ ਉੱਤੇ ਭਰੋਸਾ ਰੱਖਦੇ ਹੋਏ ਉਸ ਨੂੰ ਤਾਕਤ ਲਈ ਪ੍ਰਾਰਥਨਾ ਕਰੋ। (ਜ਼ਬੂ. 37:39; 62:8) ਦੂਸਰਿਆਂ ਨੂੰ ਬਾਈਬਲ ਵਿੱਚੋਂ ਦਿਲਾਸਾ ਦੇਣ ਦੇ ਮੌਕੇ ਭਾਲੋ। (2 ਕੁਰਿੰ. 1:3, 4) ਜਲਦੀ ਤੋਂ ਜਲਦੀ ਸਭਾਵਾਂ ਵਿਚ ਜਾਣਾ ਅਤੇ ਪ੍ਰਚਾਰ ਕਰਨਾ ਸ਼ੁਰੂ ਕਰ ਦਿਓ।—ਮੱਤੀ 6:33.
5. ਅਸੀਂ ਆਫ਼ਤਾਂ ਬਾਰੇ ਕੀ ਨਜ਼ਰੀਆ ਰੱਖਦੇ ਹਾਂ?
5 ਦੁਨੀਆਂ ਆਫ਼ਤਾਂ ਦੇ ਖ਼ਤਰੇ ਬਾਰੇ ਸੋਚ-ਸੋਚ ਕੇ ਹਾਲੋਂ-ਬੇਹਾਲ ਹੈ। ਪਰ ਸੁਨਹਿਰੇ ਭਵਿੱਖ ਦੀ ਪੱਕੀ ਆਸ ਹੋਣ ਕਰਕੇ ਅਸੀਂ ਖ਼ੁਸ਼ ਰਹਿੰਦੇ ਹਾਂ। ਅਸੀਂ ਜਾਣਦੇ ਹਾਂ ਕਿ ਛੇਤੀ ਹੀ ਕੁਦਰਤੀ ਆਫ਼ਤਾਂ ਵਰਗੀਆਂ ਚੀਜ਼ਾਂ ਨਹੀਂ ਰਹਿਣਗੀਆਂ। (ਪਰ. 21:4) ਫਿਲਹਾਲ ਅਸੀਂ ਆਪਣੇ ਵੱਲੋਂ ਜਿੰਨਾ ਹੋ ਸਕੇ, ਕੁਦਰਤੀ ਆਫ਼ਤਾਂ ਤੇ ਬਿਪਤਾਵਾਂ ਲਈ ਤਿਆਰੀ ਕਰ ਸਕਦੇ ਹਾਂ। ਨਾਲੇ ਅਸੀਂ ਪੂਰੇ ਜੋਸ਼ ਨਾਲ ਦੂਸਰਿਆਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਂਦੇ ਰਹਾਂਗੇ।