ਆਪਣੇ ਭਰਾਵਾਂ ਨੂੰ ਜਾਣੋ
1 ਬਾਈਬਲ ਇਕ ਸੱਚੇ ਮਿੱਤਰ ਦਾ ਵਰਣਨ ਇਕ ਅਜਿਹੇ ਵਿਅਕਤੀ ਵਜੋਂ ਕਰਦੀ ਹੈ ਜੋ ਭਰਾ ਨਾਲੋਂ ਵੀ ਵੱਧ ਕੇ ਸਾਥ ਦਿੰਦਾ ਹੈ, ਜੋ ਆਪਣੇ ਪ੍ਰੇਮ ਅਤੇ ਨਿਸ਼ਠਾ ਵਿਚ ਕਾਇਮ ਰਹਿੰਦਾ ਹੈ, ਅਤੇ ਜੋ ਬਿਪਤਾ ਵੇਲੇ ਆਪਣੇ ਮਿੱਤਰ ਦੀ ਮਦਦ ਲਈ ਆਉਂਦਾ ਹੈ। (ਕਹਾ. 17:17; 18:24) ਸਾਨੂੰ ਕਲੀਸਿਯਾ ਵਿਚ ਅਜਿਹੇ ਮਿੱਤਰਾਂ ਦੀ ਕੋਈ ਕਮੀ ਨਹੀਂ ਹੋਵੇਗੀ ਜੇਕਰ ਅਸੀਂ ਇਕ ਦੂਜੇ ਨੂੰ ਜਾਣਨ ਅਤੇ ਪ੍ਰੇਮ ਕਰਨ ਦਾ ਜਤਨ ਕਰੀਏ।—ਯੂਹੰ. 13:35.
2 ਸਭਾਵਾਂ ਤੋਂ ਪਹਿਲਾਂ ਅਤੇ ਬਾਅਦ ਵਿਚ ਆਪਣੇ ਭਰਾਵਾਂ ਨਾਲ ਜਾਣ-ਪਛਾਣ ਵਧਾਉਣ ਦੇ ਚੰਗੇ ਮੌਕੇ ਮਿਲਦੇ ਹਨ। ਕਿਉਂ ਨਾ ਕੁਝ ਸਮਾਂ ਪਹਿਲਾਂ ਆਓ ਅਤੇ ਸਭਾ ਖ਼ਤਮ ਹੋਣ ਤੋਂ ਬਾਅਦ ਵੀ ਕੁਝ ਦੇਰ ਰਹੋ ਤਾਂਕਿ ਤੁਸੀਂ ਨਿੱਘੀ ਅਤੇ ਖ਼ੁਸ਼ਗਵਾਰ ਭਾਈਬੰਦੀ ਦਾ ਆਨੰਦ ਮਾਣ ਸਕੋ? ਗੱਲ-ਬਾਤ ਕਰਨ ਲਈ ਅਲੱਗ-ਅਲੱਗ ਤਰ੍ਹਾਂ ਦੇ ਭਰਾਵਾਂ ਨੂੰ ਚੁਣੋ, ਜਿਨ੍ਹਾਂ ਵਿਚ ਵੱਡੀ ਉਮਰ ਦੇ ਅਨੁਭਵੀ ਭੈਣ-ਭਰਾ ਅਤੇ ਘੱਟ ਉਮਰ ਦੇ ਜਾਂ ਸ਼ਰਮੀਲੇ ਭੈਣ-ਭਰਾ ਸ਼ਾਮਲ ਹੋਣ।
3 ਗੱਲ-ਬਾਤ ਸ਼ੁਰੂ ਕਰੋ: ਸਿਰਫ਼ ਨਮਸਕਾਰ ਕਹਿ ਕੇ ਅੱਗੇ ਨਾ ਤੁਰ ਜਾਓ। ਤੁਸੀਂ ਖੇਤਰ ਸੇਵਕਾਈ ਵਿਚ ਪ੍ਰਾਪਤ ਹੋਏ ਅਨੁਭਵ ਦੱਸਣ ਦੁਆਰਾ, ਹਾਲ ਹੀ ਦੇ ਕਿਸੇ ਰਸਾਲੇ ਵਿੱਚੋਂ ਦਿਲਚਸਪ ਮੁੱਦੇ ਦੱਸਣ ਦੁਆਰਾ, ਜਾਂ ਹੁਣੇ ਖ਼ਤਮ ਹੋਈ ਸਭਾ ਬਾਰੇ ਕੋਈ ਟਿੱਪਣੀ ਦੇਣ ਨਾਲ ਗੱਲ-ਬਾਤ ਸ਼ੁਰੂ ਕਰ ਸਕਦੇ ਹੋ। ਤੁਸੀਂ ਇਕ ਚੰਗੇ ਸੁਣਨ ਵਾਲੇ ਬਣਨ ਦੁਆਰਾ, ਅਤੇ ਆਪਣੇ ਭਰਾਵਾਂ ਨੂੰ ਉਨ੍ਹਾਂ ਦੇ ਅਨੁਭਵ ਅਤੇ ਜੋ ਗੱਲਾਂ ਉਹ ਸਿੱਖ ਰਹੇ ਹਨ, ਦੱਸਣ ਲਈ ਉਤਸ਼ਾਹਿਤ ਕਰਨ ਦੁਆਰਾ ਉਨ੍ਹਾਂ ਬਾਰੇ ਕਾਫ਼ੀ ਕੁਝ ਸਿੱਖ ਸਕਦੇ ਹੋ। ਕੇਵਲ ਇਹ ਪੁੱਛਣਾ ਕਿ ਉਨ੍ਹਾਂ ਨੇ ਯਹੋਵਾਹ ਨੂੰ ਕਿਵੇਂ ਜਾਣਿਆ ਸ਼ਾਇਦ ਕਾਫ਼ੀ ਕੁਝ ਪ੍ਰਗਟ ਕਰੇ। ਕੁਝ ਭੈਣ-ਭਰਾ ਨਿਹਚਾ-ਵਧਾਉ ਅਨੁਭਵਾਂ ਵਿੱਚੋਂ ਗੁਜ਼ਰ ਚੁੱਕੇ ਹਨ, ਜਦ ਕਿ ਦੂਜੇ ਭੈਣ-ਭਰਾ ਅਜੇ ਵੀ ਉਨ੍ਹਾਂ ਸਥਿਤੀਆਂ ਦਾ ਸਾਮ੍ਹਣਾ ਕਰ ਰਹੇ ਹਨ ਜਿਨ੍ਹਾਂ ਦੀ ਬਹੁਤ ਸਾਰੇ ਭੈਣ-ਭਰਾ ਸ਼ਾਇਦ ਕਲਪਨਾ ਵੀ ਨਹੀਂ ਕਰ ਸਕਦੇ। ਇਸ ਦਾ ਅਹਿਸਾਸ ਕਰਨਾ ਸਾਡੀ ਮਦਦ ਕਰੇਗਾ ਕਿ ਸੱਚੇ ਮਿੱਤਰ ਹੋਣ ਦੇ ਨਾਤੇ, ਅਸੀਂ ਦੂਜਿਆਂ ਦੀਆਂ ਲੋੜਾਂ ਪ੍ਰਤੀ ਸਚੇਤ ਰਹੀਏ ਅਤੇ ਇਨ੍ਹਾਂ ਨੂੰ ਪੂਰਾ ਕਰੀਏ।
4 ਇਕ ਦੂਜੇ ਨਾਲ ਦੋਸਤੀ ਕਰੋ: ਆਪਣੀ ਬੱਚੀ ਦੀ ਮੌਤ ਮਗਰੋਂ, ਇਕ ਭੈਣ ਦਾ ਗੱਚ ਭਰ ਆਉਂਦਾ ਸੀ ਜਦੋਂ ਉਹ ਉਨ੍ਹਾਂ ਰਾਜ ਗੀਤਾਂ ਨੂੰ ਗਾਉਂਦੀ ਸੀ ਜੋ ਪੁਨਰ-ਉਥਾਨ ਦਾ ਜ਼ਿਕਰ ਕਰਦੇ ਸਨ। ਉਹ ਯਾਦ ਕਰਦੀ ਹੈ: “ਇਕ ਵਾਰੀ, ਇਕ ਭੈਣ ਜੋ ਲਾਂਘੇ ਦੇ ਦੂਜੇ ਪਾਸੇ ਸੀ, ਨੇ ਮੈਨੂੰ ਰੋਂਦਿਆਂ ਦੇਖਿਆ। ਉਸ ਨੇ ਆ ਕੇ ਆਪਣੀ ਬਾਂਹ ਮੇਰੇ ਕੰਧੇ ਤੇ ਰੱਖੀ, ਅਤੇ ਬਾਕੀ ਦਾ ਗੀਤ ਮੇਰੇ ਨਾਲ ਗਾਇਆ। ਮੇਰਾ ਦਿਲ ਆਪਣੇ ਭੈਣ-ਭਰਾਵਾਂ ਲਈ ਬੇਹੱਦ ਪ੍ਰੇਮ ਨਾਲ ਭਰ ਗਿਆ, ਅਤੇ ਮੈਂ ਇੰਨੀ ਖ਼ੁਸ਼ ਸੀ ਕਿ ਅਸੀਂ ਸਭਾਵਾਂ ਵਿਚ ਗਏ। ਮੈਂ ਇਸ ਗੱਲ ਦਾ ਅਹਿਸਾਸ ਕੀਤਾ ਕਿ ਰਾਜ ਗ੍ਰਹਿ ਹੀ ਹੈ, ਜਿੱਥੇ ਸਾਨੂੰ ਮਦਦ ਮਿਲਦੀ ਹੈ।” ਸਾਨੂੰ ਆਪਣੇ ਭਰਾਵਾਂ ਨੂੰ ਲੋੜ ਵੇਲੇ ਦਿਲਾਸਾ ਦੇਣ ਦੁਆਰਾ ਅਤੇ ਹਰ ਸਮੇਂ ਉਤਸ਼ਾਹ ਦੇਣ ਦੁਆਰਾ ਉਨ੍ਹਾਂ ਨਾਲ ਦੋਸਤੀ ਕਰਨੀ ਚਾਹੀਦੀ ਹੈ।—ਇਬ. 10:24, 25.
5 ਜਿਉਂ-ਜਿਉਂ ਇਹ ਪੁਰਾਣਾ ਸੰਸਾਰ ਹੋਰ ਜ਼ਿਆਦਾ ਕਸ਼ਟਕਾਰੀ ਹੁੰਦਾ ਜਾਂਦਾ ਹੈ, ਆਓ ਅਸੀਂ ਆਪਣੇ ਭਰਾਵਾਂ ਨੂੰ ਹੋਰ ਬਿਹਤਰ ਤਰੀਕੇ ਨਾਲ ਜਾਣਨ ਦਾ ਦ੍ਰਿੜ੍ਹ ਇਰਾਦਾ ਕਰੀਏ। ਅਸਲੀ ਉਤਸ਼ਾਹ ਦਾ ਇਹ ਵਟਾਂਦਰਾ ਸਾਰਿਆਂ ਲਈ ਇਕ ਬਰਕਤ ਸਿੱਧ ਹੋਵੇਗਾ।—ਰੋਮੀ. 1:11, 12.