ਕੀ ਤੁਸੀਂ ਮਦਦ ਕਰ ਸਕਦੇ ਹੋ?
1 ਪੌਲੁਸ ਰਸੂਲ ਨੇ ਕਲੀਸਿਯਾ ਦੇ ਮੈਂਬਰਾਂ ਨੂੰ ਨਸੀਹਤ ਦਿੱਤੀ ਕਿ ਉਹ “ਇੱਕ ਦੂਜੇ ਦੇ ਲਈ ਇੱਕ ਸਮਾਨ ਚਿੰਤਾ ਕਰਨ।” (1 ਕੁਰਿੰ. 12:25) ਇਸ ਲਈ, ਸਾਨੂੰ ਇਕ ਦੂਜੇ ਵਿਚ ਨਿੱਜੀ ਤੌਰ ਤੇ ਦਿਲਚਸਪੀ ਲੈਣੀ ਚਾਹੀਦੀ ਹੈ ਅਤੇ ਜਦੋਂ ਵੀ ਕਿਸੇ ਨੂੰ ਮਦਦ ਦੀ ਲੋੜ ਹੋਵੇ ਉਦੋਂ ਪਿਆਰ ਦਿਖਾਉਂਦੇ ਹੋਏ ਮਦਦ ਦੇਣ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ। ਉਦਾਹਰਣ ਦੇ ਤੌਰ ਤੇ, ਸਾਡੇ ਵਿੱਚੋਂ ਕੁਝ ਅਧਿਆਤਮਿਕ ਭੈਣਾਂ ਇਕੱਲੀਆਂ ਹੀ ਸੱਚਾਈ ਵਿਚ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰ ਰਹੀਆਂ ਹਨ। ਇਹ ਭੈਣਾਂ ਆਪਣੀ ਸੰਤਾਨ ਨੂੰ ਅਧਿਆਤਮਿਕ ਸਿਖਲਾਈ ਦੇਣ ਦੀ ਜ਼ਿੰਮੇਵਾਰੀ ਦਾ ਪੂਰਾ ਭਾਰ ਉਠਾ ਰਹੀਆਂ ਹਨ। ਯਕੀਨਨ ਸਾਨੂੰ ਉਨ੍ਹਾਂ ਨੂੰ ਪ੍ਰੇਮਮਈ ਉਤਸ਼ਾਹ ਅਤੇ ਉਨ੍ਹਾਂ ਦੀਆਂ “ਲੋੜਾਂ” ਦੇ ਅਨੁਸਾਰ ਵਿਵਹਾਰਕ ਮਦਦ ਦੇਣੀ ਚਾਹੀਦੀ ਹੈ। (ਰੋਮੀ. 12:13ੳ) ਕੀ ਤੁਸੀਂ ਉਨ੍ਹਾਂ ਦੀ ਮਦਦ ਕਰ ਸਕਦੇ ਹੋ?
2 ਤਰੀਕੇ ਜਿਨ੍ਹਾਂ ਨਾਲ ਤੁਸੀਂ ਮਦਦ ਕਰ ਸਕਦੇ ਹੋ: ਜਿਸ ਪਰਿਵਾਰ ਨੂੰ ਸਭਾ ਅਤੇ ਸੰਮੇਲਨਾਂ ਵਿਚ ਬੱਸਾਂ ਅਤੇ ਗੱਡੀਆਂ ਵਿਚ ਜਾਣਾ ਪੈਂਦਾ ਹੈ ਉਨ੍ਹਾਂ ਨੂੰ ਆਪਣੀ ਕਾਰ ਵਿਚ ਲੈ ਜਾਇਆ ਜਾ ਸਕਦਾ ਹੈ ਜਿਸ ਨਾਲ ਉਸ ਪਰਿਵਾਰ ਦੇ ਕੁਝ ਪੈਸੇ ਬਚ ਸਕਦੇ ਹਨ। ਸਭਾਵਾਂ ਵਿਚ ਇਕ ਮਾਂ ਦੇ ਛੋਟੇ ਬੱਚਿਆਂ ਦੀ ਦੇਖ-ਭਾਲ ਕਰਨ ਨਾਲ ਉਹ ਪ੍ਰੋਗ੍ਰਾਮ ਤੋਂ ਪੂਰੀ ਤਰ੍ਹਾਂ ਲਾਭ ਪ੍ਰਾਪਤ ਕਰ ਸਕਦੀ ਹੈ। ਉਸੇ ਤਰ੍ਹਾਂ, ਜਦੋਂ ਉਹ ਬੱਚਿਆਂ ਨੂੰ ਖੇਤਰ ਸੇਵਕਾਈ ਵਿਚ ਲੈ ਕੇ ਜਾਂਦੀ ਹੈ ਤਾਂ ਉਸ ਵੇਲੇ ਉਸ ਦੀ ਮਦਦ ਕਰਨ ਨਾਲ ਉਸ ਨੂੰ ਕੁਝ ਰਾਹਤ ਮਿਲ ਸਕਦੀ ਹੈ। ਬੱਚਿਆਂ ਵਿਚ ਸੱਚੀ ਦਿਲਚਸਪੀ ਦਿਖਾਉਣ ਨਾਲ—ਉਨ੍ਹਾਂ ਨਾਲ ਦੋਸਤੀ ਕਰਨ ਨਾਲ—ਉਨ੍ਹਾਂ ਉੱਤੇ ਬਹੁਤ ਚੰਗਾ ਪ੍ਰਭਾਵ ਪੈ ਸਕਦਾ ਹੈ। ਕਦੀ-ਕਦਾਈਂ ਇਕੱਲੀ ਮਾਤਾ ਜਾਂ ਪਿਤਾ ਨੂੰ ਆਪਣੇ ਪਰਿਵਾਰਕ ਅਧਿਐਨ ਵਿਚ ਬੁਲਾਉਣ ਨਾਲ ਉਨ੍ਹਾਂ ਨੂੰ ਅਧਿਆਤਮਿਕ ਤੌਰ ਤੇ ਤਰੋਤਾਜ਼ਾ ਹੋਣ ਵਿਚ ਮਦਦ ਮਿਲ ਸਕਦੀ ਹੈ।
3 ਸਮਝ ਨਾਲ ਕੰਮ ਲਓ: ਸਾਨੂੰ ਆਪਣੀ ਮਦਦ ਉਸ ਭੈਣ ਜਾਂ ਭਰਾ ਉੱਤੇ ਜ਼ਬਰਦਸਤੀ ਥੋਪਣ ਤੋਂ ਸਚੇਤ ਰਹਿਣਾ ਚਾਹੀਦਾ ਹੈ ਜਿਹੜਾ ਇਸ ਦੀ ਲੋੜ ਨੂੰ ਮਹਿਸੂਸ ਨਹੀਂ ਕਰਦਾ। ਨਾ ਹੀ ਲੋੜੀਂਦੀ ਮਦਦ ਦਿੰਦੇ ਸਮੇਂ ਸਾਨੂੰ ਕਿਸੇ ਭੈਣ ਜਾਂ ਭਰਾ ਦੇ ਪਰਿਵਾਰਕ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਕਰਨੀ ਚਾਹੀਦੀ ਹੈ। ਨਿਰਸੰਦੇਹ, ਭੈਣਾਂ ਅਤੇ ਵਿਆਹੁਤਾ ਜੋੜੇ ਇਕ ਭੈਣ ਨੂੰ ਲੋੜ ਪੈਣ ਤੇ ਵਧੀਆ ਤਰੀਕੇ ਨਾਲ ਮਦਦ ਦੇ ਸਕਦੇ ਹਨ।
4 ਸਾਰੇ ਮਸੀਹੀਆਂ ਨੂੰ ਇਕ ਦੂਜੇ ਦੀ “ਪਰਾਹੁਣਚਾਰੀ ਪੁੱਜ ਕੇ” ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। (ਰੋਮੀ. 12:13ਅ) ਆਪਣੇ ਅਧਿਆਤਮਿਕ ਭੈਣ-ਭਰਾਵਾਂ ਨੂੰ ਮਦਦ ਦੇਣੀ ਵੀ ਇਕ ਤਰੀਕਾ ਹੈ ਜਿਸ ਦੇ ਦੁਆਰਾ ਅਸੀਂ ਆਪਸੀ ਮਸੀਹ-ਸਮਾਨ ਪ੍ਰੇਮ ਦਿਖਾਉਂਦੇ ਹਾਂ।—ਯੂਹੰ. 13:35.