‘ਤੀਵੀਆਂ ਜੋ ਪ੍ਰਭੁ ਵਿੱਚ ਮਿਹਨਤ ਕਰਦੀਆਂ ਹਨ’
1 ਪੌਲੁਸ ਇੱਥੇ ਰੋਮ ਦੀ ਕਲੀਸਿਯਾ ਦੀਆਂ ਦੋ ਮਿਹਨਤੀ ਭੈਣਾਂ, ਤਰੁਫ਼ੈਨਾ ਤੇ ਤਰੁਫ਼ੋਸਾ ਬਾਰੇ ਗੱਲ ਕਰ ਰਿਹਾ ਸੀ। ਪੌਲੁਸ ਨੇ ਇਕ ਹੋਰ ਭੈਣ ਪਰਸੀਸ ਬਾਰੇ ਕਿਹਾ ਕਿ ਉਸ ਨੇ “ਪ੍ਰਭੁ ਵਿੱਚ ਬਾਹਲੀ ਮਿਹਨਤ ਕੀਤੀ।” ਇਸੇ ਤਰ੍ਹਾਂ ਉਸ ਨੇ ਭੈਣ ਫ਼ੀਬੀ ਦੀ ਸ਼ਲਾਘਾ ਕਰਦੇ ਹੋਏ ਉਸ ਨੂੰ ‘ਬਹੁਤਿਆਂ ਦੀ ਉਪਕਾਰਣ’ ਕਿਹਾ। (ਰੋਮੀ. 16:2, 12) ਬਾਈਬਲ ਵਿਚ ਦੋਰਕਸ ਬਾਰੇ ਇਹ ਦੱਸਿਆ ਗਿਆ ਹੈ ਕਿ ਉਹ “ਸ਼ੁਭ ਕਰਮਾਂ ਅਤੇ ਪੁੰਨ ਦਾਨ ਕਰਨ ਵਿੱਚ ਰੁੱਝੀ ਰਹਿੰਦੀ” ਸੀ। (ਰਸੂ. 9:36) ਕਲੀਸਿਯਾਵਾਂ ਲਈ ਅਧਿਆਤਮਿਕ ਤੌਰ ਤੇ ਮਜ਼ਬੂਤ ਤੀਵੀਆਂ ਕਿੰਨੀ ਵੱਡੀ ਬਰਕਤ ਹਨ!
2 ਕੀ ਅਸੀਂ ਆਪਣੀ ਕਲੀਸਿਯਾ ਵਿਚ ਮਿਹਨਤ ਕਰਨ ਵਾਲੀਆਂ ਭੈਣਾਂ ਦੀ ਕਦਰ ਕਰਦੇ ਹਾਂ? ਖ਼ਾਸ ਕਰਕੇ ਪ੍ਰਚਾਰ ਦਾ ਕੰਮ ਭੈਣਾਂ ਹੀ ਕਰਦੀਆਂ ਹਨ, ਉਹੀ ਜ਼ਿਆਦਾਤਰ ਬਾਈਬਲ ਅਧਿਐਨ ਕਰਵਾਉਂਦੀਆਂ ਅਤੇ ਸੱਚਾਈ ਵਿਚ ਆਉਣ ਵਾਲੇ ਬਹੁਤ ਸਾਰੇ ਨਵੇਂ ਵਿਅਕਤੀਆਂ ਦੀ ਮਦਦ ਕਰਦੀਆਂ ਹਨ। ਉਹ ਬੱਚਿਆਂ ਨੂੰ ਵੀ ਅਧਿਆਤਮਿਕ ਤਰੱਕੀ ਕਰਨ ਵਿਚ ਮਦਦ ਦੇਣ ਲਈ ਕਾਫ਼ੀ ਸਮਾਂ ਗੁਜ਼ਾਰਦੀਆਂ ਹਨ। ਮਸੀਹੀ ਭੈਣਾਂ ਕਲੀਸਿਯਾ ਵਿਚ ਪਿਆਰ, ਖ਼ੁਸ਼ੀ, ਸ਼ਾਂਤੀ ਅਤੇ ਜੋਸ਼ ਦੀ ਭਾਵਨਾ ਵਧਾਉਣ ਵਿਚ ਕਾਫ਼ੀ ਹਿੱਸਾ ਪਾਉਂਦੀਆਂ ਹਨ। ਉਹ ਕਈ ਤਰੀਕਿਆਂ ਨਾਲ ਮਦਦ ਕਰਦੀਆਂ ਹਨ ਤਾਂਕਿ ਉਨ੍ਹਾਂ ਦੇ ਪਤੀ ਅਤੇ ਪਰਿਵਾਰ ਦੇ ਦੂਜੇ ਮੈਂਬਰ ਯਹੋਵਾਹ ਦੀ ਸੇਵਾ ਜ਼ਿਆਦਾ ਤੋਂ ਜ਼ਿਆਦਾ ਕਰ ਸਕਣ।
3 ਪੂਰਣ-ਕਾਲੀ ਸੇਵਾ ਕਰ ਰਹੀਆਂ ਭੈਣਾਂ: ਸਫ਼ਰੀ ਨਿਗਾਹਬਾਨਾਂ ਦੀਆਂ ਪਤਨੀਆਂ ਪ੍ਰਭੂ ਵਿਚ ਬਹੁਤ ਜ਼ਿਆਦਾ ਮਿਹਨਤ ਕਰਦੀਆਂ ਹਨ। ਇਹ ਭੈਣਾਂ ਆਪਣੇ ਪਤੀਆਂ ਦੇ ਕੰਮਾਂ ਵਿਚ ਮਦਦ ਕਰਦੀਆਂ ਹਨ। ਜਿਨ੍ਹਾਂ ਕਲੀਸਿਯਾਵਾਂ ਵਿਚ ਉਨ੍ਹਾਂ ਦੇ ਪਤੀ ਸੇਵਾ ਕਰਦੇ ਹਨ, ਉਹ ਉੱਥੇ ਖੇਤਰ ਸੇਵਕਾਈ ਵਿਚ ਰੁੱਝੀਆਂ ਰਹਿੰਦੀਆਂ ਹਨ ਅਤੇ ਦੂਸਰੀਆਂ ਬਹੁਤ ਸਾਰੀਆਂ ਭੈਣਾਂ ਦੀ ਹੌਸਲਾ-ਅਫ਼ਜ਼ਾਈ ਕਰਦੀਆਂ ਹਨ। ਸਾਨੂੰ ਬੈਥਲ ਵਿਚ ਕੰਮ ਕਰ ਰਹੀਆਂ ਭੈਣਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਜੋ ਬੜੇ ਜੋਸ਼ ਨਾਲ ਯਹੋਵਾਹ ਦੇ ਸੰਗਠਨ ਦੀ ਮਦਦ ਕਰਨ ਲਈ ਪਵਿੱਤਰ ਸੇਵਾ ਕਰਦੀਆਂ ਹਨ। ਸਾਡੀਆਂ ਨਿਯਮਿਤ ਪਾਇਨੀਅਰ ਭੈਣਾਂ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਵਡਿਆਈ ਕਰਨ ਵਿਚ ਮਿਹਨਤ ਕਰ ਰਹੀਆਂ ਹਨ ਜਿਸ ਕਾਰਨ ਹਜ਼ਾਰਾਂ ਹੀ ਲੋਕਾਂ ਨੂੰ ਸੱਚਾਈ ਸਿੱਖਣ ਵਿਚ ਮਦਦ ਮਿਲ ਰਹੀ ਹੈ।
4 ਇਨ੍ਹਾਂ ਵਫ਼ਾਦਾਰ ਭੈਣਾਂ ਨੂੰ ਆਪਣੀ ਆਤਮ-ਬਲੀਦਾਨੀ ਜ਼ਿੰਦਗੀ ਤੋਂ ਬਹੁਤ ਸੰਤੁਸ਼ਟੀ ਮਿਲਦੀ ਹੈ। (1 ਤਿਮੋ. 6:6, 8) ਉਹ ਸਾਡੇ ਕੋਲੋਂ ਸ਼ਲਾਘਾ ਲੈਣ ਦੀਆਂ ਹੱਕਦਾਰ ਹਨ। ਇਸ ਲਈ, ਅਸੀਂ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕਰ ਸਕਦੇ ਹਾਂ ਅਤੇ ਉਨ੍ਹਾਂ ਨੂੰ ਮਦਦ ਦੇ ਸਕਦੇ ਹਾਂ।
5 ਮਸੀਹੀ ਭੈਣਾਂ ਯਹੋਵਾਹ ਦੇ ਸੰਗਠਨ ਵਿਚ ਬਹੁਮੁੱਲੀਆਂ ਹਨ ਅਤੇ ਉਨ੍ਹਾਂ ਦੁਆਰਾ ਵਫ਼ਾਦਾਰੀ ਨਾਲ ਕੀਤੀ ਜਾਂਦੀ ਸੇਵਾ ਸਾਰਿਆਂ ਲਈ ਬਰਕਤ ਹੈ। ਆਓ ਅਸੀਂ ਅਜਿਹੀਆਂ ਭੈਣਾਂ ਦੀ ਕਦਰ ਕਰਦੇ ਰਹੀਏ ਅਤੇ ਪ੍ਰਾਰਥਨਾ ਕਰੀਏ ਕਿ ਜਿਉਂ-ਜਿਉਂ ਉਹ “ਪ੍ਰਭੁ ਵਿੱਚ ਬਾਹਲੀ ਮਿਹਨਤ” ਕਰਦੀਆਂ ਹਨ, ਤਿਉਂ-ਤਿਉਂ ਯਹੋਵਾਹ ਉਨ੍ਹਾਂ ਨੂੰ ਬਰਕਤਾਂ ਦਿੰਦਾ ਰਹੇ।