ਪ੍ਰਸ਼ਨ ਡੱਬੀ
◼ ਰਾਜ ਗ੍ਰਹਿ ਦੀ ਸਾਫ਼-ਸਫ਼ਾਈ ਕਰਨ ਦੀ ਜ਼ਿੰਮੇਵਾਰੀ ਕਿਸ ਦੀ ਹੈ?
ਸਾਫ਼-ਸੁਥਰੇ ਅਤੇ ਸੋਹਣੇ ਰਾਜ ਗ੍ਰਹਿ ਦਾ ਲੋਕਾਂ ਉੱਤੇ ਚੰਗਾ ਅਸਰ ਪੈਂਦਾ ਹੈ ਅਤੇ ਉਹ ਸਾਡੇ ਰਾਜ ਸੰਦੇਸ਼ ਨੂੰ ਚੰਗੀ ਤਰ੍ਹਾਂ ਸੁਣਦੇ ਹਨ। (1 ਪਤਰਸ 2:12 ਦੀ ਤੁਲਨਾ ਕਰੋ।) ਰਾਜ ਗ੍ਰਹਿ ਨੂੰ ਸਾਫ਼-ਸੁਥਰਾ ਰੱਖਣਾ ਬਹੁਤ ਜ਼ਰੂਰੀ ਹੈ ਅਤੇ ਕਲੀਸਿਯਾ ਦਾ ਹਰ ਭੈਣ-ਭਰਾ ਇਸ ਦੀ ਸਾਂਭ-ਸੰਭਾਲ ਵਿਚ ਹਿੱਸਾ ਲੈ ਸਕਦਾ ਹੈ। ਸਾਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਸਾਫ਼-ਸਫ਼ਾਈ ਕਰਨ ਦੀ ਸਾਰੀ ਜ਼ਿੰਮੇਵਾਰੀ ਕੁਝ ਕੁ ਲੋਕਾਂ ਦੀ ਹੀ ਹੈ। ਆਮ ਤੌਰ ਤੇ, ਸਾਫ਼-ਸਫ਼ਾਈ ਕਰਨ ਦਾ ਪ੍ਰਬੰਧ ਕਲੀਸਿਯਾ ਪੁਸਤਕ ਅਧਿਐਨ ਦੇ ਗਰੁੱਪਾਂ ਮੁਤਾਬਕ ਕੀਤਾ ਜਾਂਦਾ ਹੈ, ਜਿਸ ਵਿਚ ਅਧਿਐਨ ਸੰਚਾਲਕ ਜਾਂ ਉਸ ਦਾ ਸਹਾਇਕ ਅਗਵਾਈ ਲੈਂਦਾ ਹੈ। ਜਿਨ੍ਹਾਂ ਰਾਜ ਗ੍ਰਹਿਆਂ ਵਿਚ ਇਕ ਤੋਂ ਜ਼ਿਆਦਾ ਕਲੀਸਿਯਾਵਾਂ ਇਕੱਠੀਆਂ ਹੁੰਦੀਆਂ ਹਨ, ਉੱਥੇ ਬਜ਼ੁਰਗ ਸਾਫ਼-ਸਫ਼ਾਈ ਦਾ ਪ੍ਰਬੰਧ ਕਰਨਗੇ ਤਾਂਕਿ ਸਾਰੀਆਂ ਕਲੀਸਿਯਾਵਾਂ ਇਸ ਦੀ ਸਾਂਭ-ਸੰਭਾਲ ਕਰਨ ਵਿਚ ਹਿੱਸਾ ਲੈ ਸਕਣ।
ਅਸੀਂ ਇਸ ਜ਼ਿੰਮੇਵਾਰੀ ਨੂੰ ਕਿਵੇਂ ਵਧੀਆ ਤਰੀਕੇ ਨਾਲ ਪੂਰਾ ਕਰ ਸਕਦੇ ਹਾਂ? ਰਾਜ ਗ੍ਰਹਿ ਦੀ ਬਾਕਾਇਦਾ ਸਫ਼ਾਈ ਲਈ ਸਮਾਂ-ਸਾਰਣੀ ਬਣਾਈ ਜਾਣੀ ਚਾਹੀਦੀ ਹੈ। ਸਾਫ਼-ਸਫ਼ਾਈ ਲਈ ਵਰਤਿਆ ਜਾਣ ਵਾਲਾ ਸਾਮਾਨ ਰਾਜ ਗ੍ਰਹਿ ਵਿਚ ਹੋਣਾ ਚਾਹੀਦਾ ਹੈ। ਜਿਹੜੇ ਕੰਮ ਕਰਨ ਦੀ ਲੋੜ ਹੈ, ਉਨ੍ਹਾਂ ਕੰਮਾਂ ਦੀ ਇਕ ਲਿਸਟ ਨੋਟਿਸ ਬੋਰਡ ਉੱਤੇ ਲਗਾ ਦਿੱਤੀ ਜਾਣੀ ਚਾਹੀਦੀ ਹੈ ਤਾਂਕਿ ਉਸ ਨੂੰ ਦੇਖ ਕੇ ਭੈਣ-ਭਰਾ ਸਫ਼ਾਈ ਕਰ ਸਕਣ। ਦੋ ਵੱਖਰੀਆਂ ਲਿਸਟਾਂ ਬਣਾਈਆਂ ਜਾ ਸਕਦੀਆਂ ਹਨ, ਇਕ ਹਰ ਸਭਾ ਤੋਂ ਬਾਅਦ ਝਾੜ-ਪੂੰਝ ਲਈ ਅਤੇ ਦੂਸਰੀ ਹਫ਼ਤੇ ਵਿਚ ਇਕ ਵਾਰ ਚੰਗੀ ਤਰ੍ਹਾਂ ਸਾਫ਼-ਸਫ਼ਾਈ ਕਰਨ ਲਈ। ਪੁਸਤਕ ਅਧਿਐਨ ਸੰਚਾਲਕ ਨੂੰ ਚੰਗੀ ਤਰ੍ਹਾਂ ਸਾਫ਼-ਸਫ਼ਾਈ ਕਰਨ ਦਾ ਅਜਿਹਾ ਇਕ ਦਿਨ ਅਤੇ ਸਮਾਂ ਰੱਖਣਾ ਚਾਹੀਦਾ ਹੈ ਜਿਸ ਦਿਨ ਸਾਰੇ ਆ ਸਕਣ। ਪੌਦਿਆਂ ਅਤੇ ਫੁੱਲਾਂ ਵੱਲ ਬਾਕਾਇਦਾ ਧਿਆਨ ਦੇਣਾ ਚਾਹੀਦਾ ਹੈ। ਫੁੱਟਪਾਥਾਂ ਅਤੇ ਪਾਰਕਿੰਗ ਥਾਵਾਂ ਤੇ ਕੂੜਾ ਨਹੀਂ ਹੋਣਾ ਚਾਹੀਦਾ। ਹਰ ਸਾਲ ਇਕ ਵਾਰ ਰਾਜ ਗ੍ਰਹਿ ਦੀ ਚੰਗੀ ਤਰ੍ਹਾਂ ਸਾਫ਼-ਸਫ਼ਾਈ ਕੀਤੀ ਜਾਣੀ ਚਾਹੀਦੀ ਹੈ। ਇਹ ਸਫ਼ਾਈ ਸਮਾਰਕ ਤੋਂ ਪਹਿਲਾਂ ਕੀਤੀ ਜਾ ਸਕਦੀ ਹੈ। ਉਦੋਂ ਸ਼ਾਇਦ ਪਰਦਿਆਂ, ਤਾਕੀਆਂ ਅਤੇ ਕੰਧਾਂ ਨੂੰ ਧੋਤਾ ਜਾ ਸਕਦਾ ਹੈ।
ਨਿਰਸੰਦੇਹ, ਅਸੀਂ ਸਾਰੇ ਹੀ ਰਾਜ ਗ੍ਰਹਿ ਦੇ ਅੰਦਰ ਜਾਂ ਬਾਹਰ ਕੂੜਾ ਨਾ ਸੁੱਟ ਕੇ ਸਾਫ਼-ਸਫ਼ਾਈ ਦੇ ਕੰਮ ਨੂੰ ਘਟਾ ਸਕਦੇ ਹਾਂ। ਅਸੀਂ ਪਖਾਨਿਆਂ ਨੂੰ ਇਸਤੇਮਾਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਸਾਫ਼ ਕਰ ਸਕਦੇ ਹਾਂ ਅਤੇ ਉਨ੍ਹਾਂ ਨੂੰ ਦੂਜੇ ਵਿਅਕਤੀ ਲਈ ਵੀ ਸਾਫ਼-ਸੁਥਰਾ ਛੱਡ ਸਕਦੇ ਹਾਂ। ਸਾਜ਼-ਸਾਮਾਨ ਨੂੰ ਤੋੜਨ ਜਾਂ ਖ਼ਰਾਬ ਕਰਨ ਤੋਂ ਸਾਵਧਾਨ ਰਹੋ। ਟੁੱਟੀਆਂ ਕੁਰਸੀਆਂ, ਨਲਸਾਜ਼ੀ ਦੀ ਸਮੱਸਿਆ, ਸੜ ਚੁੱਕੇ ਬੱਲਬਾਂ ਆਦਿ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਅਤੇ ਇਨ੍ਹਾਂ ਬਾਰੇ ਫ਼ੌਰਨ ਰਾਜ ਗ੍ਰਹਿ ਦੀ ਸਾਂਭ-ਸੰਭਾਲ ਕਰਨ ਵਾਲੇ ਭਰਾ ਨੂੰ ਦੱਸਣਾ ਚਾਹੀਦਾ ਹੈ।
ਆਓ ਅਸੀਂ ਸਾਰੇ ਹੀ ਰਾਜ ਗ੍ਰਹਿ ਦੀ ਸਾਫ਼-ਸਫ਼ਾਈ ਕਰਨ ਵਿਚ ਆਪਣਾ ਹਿੱਸਾ ਪਾਉਣ ਲਈ ਹਮੇਸ਼ਾ ਤਿਆਰ ਰਹੀਏ। ਇਹ ਉਪਾਸਨਾ ਦੇ ਘਰ ਨੂੰ ਸੋਹਣਾ ਬਣਾਵੇਗਾ ਅਤੇ ਸ਼ੁੱਧ ਲੋਕਾਂ ਵਜੋਂ ਸਾਡੀ ਪਛਾਣ ਕਰਾਵੇਗਾ ਜਿਸ ਨਾਲ ਯਹੋਵਾਹ ਪਰਮੇਸ਼ੁਰ ਦੀ ਵਡਿਆਈ ਹੋਵੇਗੀ।—1 ਪਤ. 1:16.