ਆਓ ਆਪਾਂ ਆਪਣੀ ਭਗਤੀ ਦੀ ਥਾਂ ਨੂੰ ਚੰਗੀ ਹਾਲਤ ਵਿਚ ਰੱਖੀਏ
1. ਕਿੰਗਡਮ ਹਾਲ ਕਿਹੜਾ ਮਕਸਦ ਪੂਰਾ ਕਰਦਾ ਹੈ?
1 ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੀਆਂ 94,000 ਤੋਂ ਜ਼ਿਆਦਾ ਕਲੀਸਿਯਾਵਾਂ ਹਨ। ਜ਼ਿਆਦਾਤਰ ਕਲੀਸਿਯਾਵਾਂ ਬਾਈਬਲ ਦਾ ਅਧਿਐਨ ਕਰਨ ਅਤੇ ਭੈਣ-ਭਰਾਵਾਂ ਨਾਲ ਸੰਗਤ ਕਰਨ ਲਈ ਕਿੰਗਡਮ ਹਾਲ ਵਿਚ ਇਕੱਠੀਆਂ ਹੁੰਦੀਆਂ ਹਨ ਜੋ ਕਿ ਪਵਿੱਤਰ ਭਗਤੀ ਦਾ ਮੁੱਖ ਕੇਂਦਰ ਹੈ।
2. ਕਿੰਗਡਮ ਹਾਲ ਨੂੰ ਸਾਫ਼-ਸੁਥਰਾ ਅਤੇ ਸੋਹਣਾ ਰੱਖਣਾ ਕਿਉਂ ਜ਼ਰੂਰੀ ਹੈ?
2 ਨਿਯਮਿਤ ਤੌਰ ਤੇ ਹਾਲ ਦੀ ਸਫ਼ਾਈ ਕਰਨੀ: ਕਿੰਗਡਮ ਹਾਲ ਦੀ ਸਫ਼ਾਈ ਕਰਨੀ ਸਾਡੀ ਪਵਿੱਤਰ ਸੇਵਾ ਦਾ ਇਕ ਜ਼ਰੂਰੀ ਹਿੱਸਾ ਹੈ। ਆਪਣੀ ਸੇਵਕਾਈ (ਅੰਗ੍ਰੇਜ਼ੀ) ਕਿਤਾਬ ਦੇ ਸਫ਼ੇ 61-2 ਤੇ ਦੱਸਿਆ ਗਿਆ ਹੈ: “ਕਿੰਗਡਮ ਹਾਲ ਦੀ ਦੇਖ-ਰੇਖ ਲਈ ਭਰਾਵਾਂ ਨੂੰ ਨਾ ਕੇਵਲ ਮਾਲੀ ਤੌਰ ਤੇ ਮਦਦ ਦੇਣੀ ਚਾਹੀਦੀ ਹੈ, ਸਗੋਂ ਇਸ ਨੂੰ ਸਾਫ਼-ਸੁਥਰਾ, ਸੋਹਣਾ ਅਤੇ ਚੰਗੀ ਹਾਲਤ ਵਿਚ ਰੱਖਣ ਲਈ ਆਪਣੀਆਂ ਸੇਵਾਵਾਂ ਪੇਸ਼ ਕਰਨ ਵਿਚ ਵੀ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਕਿੰਗਡਮ ਹਾਲ ਅੰਦਰੋਂ ਅਤੇ ਬਾਹਰੋਂ ਇਸ ਤਰ੍ਹਾਂ ਦਾ ਨਜ਼ਰ ਆਉਣਾ ਚਾਹੀਦਾ ਹੈ ਜਿਸ ਨਾਲ ਯਹੋਵਾਹ ਦੇ ਸੰਗਠਨ ਦੀ ਮਹਿਮਾ ਹੋਵੇ।” ਹਫ਼ਤੇ ਵਿਚ ਕਿੰਗਡਮ ਹਾਲ ਨੂੰ ਕਈ ਵਾਰ ਵਰਤਿਆ ਜਾਂਦਾ ਹੈ, ਇਸ ਲਈ ਇਸ ਦੀ ਨਿਯਮਿਤ ਤੌਰ ਤੇ ਸਾਫ਼-ਸਫ਼ਾਈ ਕਰਨ ਅਤੇ ਮੁਰੰਮਤ ਕਰਨ ਦੀ ਲੋੜ ਹੈ। ਆਮ ਤੌਰ ਤੇ ਕਿੰਗਡਮ ਹਾਲ ਨੂੰ ਸਾਫ਼-ਸੁਥਰਾ ਅਤੇ ਸੋਹਣਾ ਰੱਖਣ ਦਾ ਕੰਮ ਉਹੋ ਕਲੀਸਿਯਾ(ਵਾਂ) ਦੇ ਭੈਣ-ਭਰਾ ਕਰਦੇ ਹਨ ਜੋ ਇਸ ਹਾਲ ਨੂੰ ਵਰਤਦੀਆਂ ਹਨ। ਪੁਰਾਣੇ ਸਮਿਆਂ ਵਿਚ ਯਹੋਵਾਹ ਦੇ ਸੇਵਕਾਂ ਵਾਂਗ ਅੱਜ ਸਾਨੂੰ ਵੀ ਆਪਣੀ ਭਗਤੀ ਦੀਆਂ ਥਾਵਾਂ ਦੀ “ਮੁਰੰਮਤ ਅਤੇ ਪੱਕਾ ਕਰਨ” ਲਈ ਜੋਸ਼ ਦਿਖਾਉਣਾ ਚਾਹੀਦਾ ਹੈ।—2 ਇਤ. 34:10.
3. ਕਿੰਗਡਮ ਹਾਲ ਦੀ ਸਫ਼ਾਈ ਕਰਨ ਦਾ ਪ੍ਰਬੰਧ ਕਿਵੇਂ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਵਿਚ ਕੌਣ ਹਿੱਸਾ ਲੈ ਸਕਦਾ ਹੈ?
3 ਹਰ ਬੁੱਕ ਸਟੱਡੀ ਗਰੁੱਪ ਨੂੰ ਹਰ ਹਫ਼ਤੇ ਵਾਰੀ-ਵਾਰੀ ਕਿੰਗਡਮ ਹਾਲ ਦੀ ਸਫ਼ਾਈ ਕਰਨੀ ਚਾਹੀਦੀ ਹੈ। ਹਰ ਹਫ਼ਤੇ ਕਿੰਗਡਮ ਹਾਲ ਦੀ ਸਫ਼ਾਈ ਕਰਨ ਵਾਲੇ ਗਰੁੱਪਾਂ ਦੀ ਇਕ ਸੂਚੀ ਨੋਟਿਸ ਬੋਰਡ ਉੱਤੇ ਲਗਾਈ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕੀ-ਕੀ ਕਰਨਾ ਹੈ, ਇਸ ਦੀ ਵੀ ਇਕ ਸੂਚੀ ਤਿਆਰ ਕੀਤੀ ਜਾਵੇਗੀ। ਹਰ ਹਫ਼ਤੇ ਕਿੰਗਡਮ ਹਾਲ ਨੂੰ ਸਾਫ਼ ਅਤੇ ਸੋਹਣਾ ਰੱਖਣ ਦੇ ਇਸ ਸਨਮਾਨ ਵਿਚ ਹਰ ਭੈਣ-ਭਰਾ ਨੂੰ ਹਿੱਸਾ ਲੈਣਾ ਚਾਹੀਦਾ ਹੈ ਜੋ ਇਸ ਤਰ੍ਹਾਂ ਕਰਨ ਦੇ ਯੋਗ ਹੈ। ਮਾਪਿਆਂ ਦੀ ਨਿਗਰਾਨੀ ਹੇਠ ਬੱਚੇ ਵੀ ਇਸ ਸਫ਼ਾਈ ਵਿਚ ਹੱਥ ਵਟਾ ਸਕਦੇ ਹਨ ਅਤੇ ਇਸ ਤਰ੍ਹਾਂ ਉਹ ਵੀ ਇਸ ਸਨਮਾਨ ਦੀ ਕਦਰ ਕਰਨੀ ਸਿੱਖ ਸਕਦੇ ਹਨ। ਜਦੋਂ ਇਕ ਤੋਂ ਜ਼ਿਆਦਾ ਕਲੀਸਿਯਾਵਾਂ ਇੱਕੋ ਕਿੰਗਡਮ ਹਾਲ ਵਿਚ ਸਭਾਵਾਂ ਕਰਦੀਆਂ ਹਨ, ਤਾਂ ਉਨ੍ਹਾਂ ਵਿਚ ਆਪਸੀ ਸਹਿਯੋਗ ਹੋਣਾ ਬਹੁਤ ਜ਼ਰੂਰੀ ਹੈ ਤਾਂਕਿ ਸਾਡੀ ਭਗਤੀ ਦੇ ਇਸ ਜ਼ਰੂਰੀ ਕੰਮ ਦਾ ਭਾਰ ਸਿਰਫ਼ ਕੁਝ ਭੈਣ-ਭਰਾਵਾਂ ਉੱਤੇ ਹੀ ਨਾ ਪਵੇ।
4. ਕੀ ਕੀਤਾ ਜਾਣਾ ਚਾਹੀਦਾ ਹੈ ਤਾਂਕਿ ਕਿੰਗਡਮ ਹਾਲ ਦੀ ਸਫ਼ਾਈ ਕਰਨ ਵੇਲੇ ਕਲੀਸਿਯਾ ਵਿਚ ਹਰ ਕਿਸੇ ਨੂੰ ਪਤਾ ਰਹੇ ਕਿ ਉਨ੍ਹਾਂ ਨੇ ਕੀ-ਕੀ ਕਰਨਾ ਹੈ?
4 ਸਫ਼ਾਈ ਸੰਬੰਧੀ ਜ਼ਰੂਰੀ ਕੰਮਾਂ ਦੀ ਸੂਚੀ ਨੋਟਿਸ ਬੋਰਡ ਉੱਤੇ ਲਗਾਈ ਜਾਣੀ ਚਾਹੀਦੀ ਹੈ। ਹੋ ਸਕੇ ਤਾਂ ਇਸ ਸੂਚੀ ਨੂੰ ਉੱਥੇ ਲਗਾਓ ਜਿੱਥੇ ਸਫ਼ਾਈ ਦਾ ਸਾਮਾਨ ਰੱਖਿਆ ਜਾਂਦਾ ਹੈ। ਇਸ ਸੂਚੀ ਵਿਚ ਉਹ ਕੰਮ ਦੱਸੇ ਜਾਣਗੇ ਜੋ ਹਰ ਹਫ਼ਤੇ ਕੀਤੇ ਜਾਣੇ ਹਨ, ਜਿਵੇਂ ਝਾੜੂ ਫੇਰਨਾ, ਬਾਰੀਆਂ ਤੇ ਕਾਊਂਟਰ ਸਾਫ਼ ਕਰਨੇ, ਕੂੜੇ ਦੇ ਡੱਬੇ ਖਾਲੀ ਕਰਨੇ, ਫ਼ਰਸ਼ ਤੇ ਪੋਚਾ ਲਾਉਣਾ ਤੇ ਸ਼ੀਸ਼ੇ ਸਾਫ਼ ਕਰਨੇ ਆਦਿ। ਕਈ ਕੰਮ ਹਰ ਹਫ਼ਤੇ ਕਰਨ ਦੀ ਲੋੜ ਨਹੀਂ ਹੁੰਦੀ ਜਿਵੇਂ ਲੱਕੜ ਦੀਆਂ ਚੀਜ਼ਾਂ ਨੂੰ ਪਾਲਸ਼ ਕਰਨਾ ਅਤੇ ਕੁਰਸੀਆਂ, ਪੱਖੇ ਤੇ ਲਾਈਟਾਂ ਚੰਗੀ ਤਰ੍ਹਾਂ ਸਾਫ਼ ਕਰਨੀਆਂ ਅਤੇ ਪਰਦਿਆਂ ਨੂੰ ਧੋਣਾ। ਸਫ਼ਾਈ ਕਰਨ ਲਈ ਵਰਤੇ ਜਾਂਦੇ ਰਸਾਇਣਕ ਪਦਾਰਥਾਂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਤੇ ਲੇਬਲ ਲਾਉਣੇ ਚਾਹੀਦੇ ਹਨ। ਲੇਬਲ ਉੱਤੇ ਇਹ ਵੀ ਦੱਸੋ ਕਿ ਹਰ ਰਸਾਇਣ ਨੂੰ ਕਿਵੇਂ ਵਰਤਣਾ ਹੈ।
5. ਸੁਰੱਖਿਆ ਕਿੰਨੀ ਕੁ ਜ਼ਰੂਰੀ ਹੈ ਅਤੇ ਕਿਹੜੀਆਂ ਚੀਜ਼ਾਂ ਦੀ ਸਮੇਂ-ਸਮੇਂ ਤੇ ਜਾਂਚ ਕਰਦੇ ਰਹਿਣਾ ਚਾਹੀਦਾ ਹੈ? (ਸਫ਼ਾ 4 ਤੇ ਡੱਬੀ ਦੇਖੋ।)
5 ਕਿੰਗਡਮ ਹਾਲ ਵਿਚ ਸੁਰੱਖਿਆ ਹੋਣੀ ਬਹੁਤ ਜ਼ਰੂਰੀ ਹੈ। (ਬਿਵ. 22:8) ਇਸ ਸੰਬੰਧ ਵਿਚ ਸਫ਼ਾ 4 ਉੱਤੇ ਦਿੱਤੀ ਡੱਬੀ ਵਿਚ ਕੁਝ ਚੀਜ਼ਾਂ ਦੀ ਸੂਚੀ ਦਿੱਤੀ ਗਈ ਹੈ ਜਿਨ੍ਹਾਂ ਦੀ ਸਮੇਂ-ਸਮੇਂ ਤੇ ਜਾਂਚ ਕਰਦੇ ਰਹਿਣਾ ਚਾਹੀਦਾ ਹੈ ਤਾਂਕਿ ਕੋਈ ਦੁਰਘਟਨਾ ਨਾ ਵਾਪਰੇ।
6. ਕਿੰਗਡਮ ਹਾਲ ਨੂੰ ਚੰਗੀ ਹਾਲਤ ਵਿਚ ਰੱਖਣ ਦਾ ਕੰਮ ਕਿਵੇਂ ਕੀਤਾ ਜਾਂਦਾ ਹੈ?
6 ਕਿੰਗਡਮ ਹਾਲ ਨੂੰ ਚੰਗੀ ਹਾਲਤ ਵਿਚ ਰੱਖਣਾ: ਕਿੰਗਡਮ ਹਾਲ ਨੂੰ ਚੰਗੀ ਹਾਲਤ ਵਿਚ ਰੱਖਣ ਦੀ ਜ਼ਿੰਮੇਵਾਰੀ ਬਜ਼ੁਰਗਾਂ ਦੇ ਸਮੂਹ ਦੀ ਹੈ। ਆਮ ਤੌਰ ਤੇ ਇਹ ਸਮੂਹ ਇਕ ਬਜ਼ੁਰਗ ਜਾਂ ਸਹਾਇਕ ਸੇਵਕ ਨੂੰ ਇਸ ਕੰਮ ਦੀ ਦੇਖ-ਭਾਲ ਕਰਨ ਲਈ ਨਿਯੁਕਤ ਕਰੇਗਾ। ਇਹ ਭਰਾ ਇਸ ਗੱਲ ਵੱਲ ਧਿਆਨ ਦੇਵੇਗਾ ਕਿ ਕਿੰਗਡਮ ਹਾਲ ਸਾਫ਼-ਸੁਥਰਾ ਤੇ ਚੰਗੀ ਹਾਲਤ ਵਿਚ ਹੈ ਅਤੇ ਸਫ਼ਾਈ ਦਾ ਸਾਰਾ ਸਾਮਾਨ ਉਪਲਬਧ ਹੈ। ਇਹ ਵੀ ਦੇਖਣਾ ਜ਼ਰੂਰੀ ਹੈ ਕਿ ਹਾਲ ਵਿਚ ਜਾਂ ਇਸ ਦੇ ਆਲੇ-ਦੁਆਲੇ ਦੀ ਥਾਂ ਤੇ ਕਿਸੇ ਤਰ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ। ਜਦੋਂ ਕਈ ਕਲੀਸਿਯਾਵਾਂ ਇੱਕੋ ਹਾਲ ਇਸਤੇਮਾਲ ਕਰਦੀਆਂ ਹਨ, ਤਾਂ ਬਜ਼ੁਰਗਾਂ ਦੇ ਸਮੂਹ ਇਕ ਕਮੇਟੀ ਨਿਯੁਕਤ ਕਰਨਗੇ। ਇਸ ਕਮੇਟੀ ਵਿਚ ਸ਼ਾਮਲ ਭਰਾ ਹਾਲ ਅਤੇ ਇਸ ਦੇ ਘੇਰੇ ਵਿਚ ਆਉਂਦੀ ਬਾਕੀ ਦੀ ਜਗ੍ਹਾ ਦੀ ਦੇਖ-ਭਾਲ ਕਰਨ ਦੇ ਪ੍ਰਬੰਧ ਕਰਨਗੇ। ਉਹ ਪੂਰੀ ਤਰ੍ਹਾਂ ਬਜ਼ੁਰਗਾਂ ਦੇ ਸਮੂਹਾਂ ਦੀ ਸੇਧ ਵਿਚ ਕੰਮ ਕਰਨਗੇ।
7. (ੳ) ਕਿੰਗਡਮ ਹਾਲ ਨੂੰ ਚੰਗੀ ਹਾਲਤ ਵਿਚ ਰੱਖਣ ਲਈ ਹਰ ਸਾਲ ਕੀ ਕੀਤਾ ਜਾਣਾ ਚਾਹੀਦਾ ਹੈ? (ਅ) ਸਮੇਂ-ਸਮੇਂ ਤੇ ਕਿਹੜੀਆਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ? (ਸਫ਼ਾ 5 ਤੇ ਡੱਬੀ ਦੇਖੋ।)
7 ਸਾਲ ਵਿਚ ਇਕ ਵਾਰ ਕਿੰਗਡਮ ਹਾਲ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਣੀ ਚਾਹੀਦੀ ਹੈ। ਜੇ ਕੋਈ ਮੁਰੰਮਤ ਕਰਨ ਦੀ ਲੋੜ ਹੈ, ਤਾਂ ਬਜ਼ੁਰਗ ਇਸ ਦੇ ਲਈ ਪ੍ਰਬੰਧ ਕਰਨਗੇ। ਪ੍ਰਕਾਸ਼ਕਾਂ ਨੂੰ ਮੁਰੰਮਤ ਦੇ ਕੰਮ ਵਿਚ ਜਾਂ ਕਿਸੇ ਹੋਰ ਕੰਮ ਵਿਚ ਮਦਦ ਲਈ ਪੁੱਛਿਆ ਜਾ ਸਕਦਾ ਹੈ। ਭਰਾਵਾਂ ਨੂੰ ਛੋਟੀਆਂ-ਛੋਟੀਆਂ ਗੱਲਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਸੁਧਾਰ ਕਰਨ ਲਈ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ।
8. ਜੇ ਕਿਸੇ ਠੇਕੇਦਾਰ ਨੂੰ ਪੈਸੇ ਦੇ ਕੇ ਕੰਮ ਕਰਾਉਣ ਦੀ ਲੋੜ ਪੈਂਦੀ ਹੈ, ਤਾਂ ਕਿਹੜਾ ਤਰੀਕਾ ਅਪਣਾਇਆ ਜਾਣਾ ਚਾਹੀਦਾ ਹੈ?
8 ਕਲੀਸਿਯਾ ਦੇ ਫ਼ੰਡ ਅਕਲਮੰਦੀ ਨਾਲ ਵਰਤਣੇ: ਕਿੰਗਡਮ ਹਾਲ ਅਤੇ ਇਸ ਦੇ ਆਲੇ-ਦੁਆਲੇ ਦੀ ਜਗ੍ਹਾ ਦੀ ਦੇਖ-ਭਾਲ ਦਾ ਜ਼ਿਆਦਾਤਰ ਕੰਮ ਭੈਣ-ਭਰਾ ਕਰਦੇ ਹਨ। ਉਨ੍ਹਾਂ ਦੇ ਆਤਮ-ਬਲੀਦਾਨੀ ਪਿਆਰ ਅਤੇ ਮਦਦ ਦੇ ਕਾਰਨ ਕਾਫ਼ੀ ਖ਼ਰਚਾ ਬਚ ਜਾਂਦਾ ਹੈ। ਜੇ ਕਿੰਗਡਮ ਹਾਲ ਦੀ ਅੰਦਰੋਂ ਜਾਂ ਬਾਹਰੋਂ ਕਾਫ਼ੀ ਮੁਰੰਮਤ ਕਰਨ ਵਾਲੀ ਹੈ ਜਿਸ ਦੇ ਲਈ ਠੇਕੇਦਾਰ ਨੂੰ ਪੈਸੇ ਦੇ ਕੇ ਕੰਮ ਕਰਾਉਣਾ ਜ਼ਰੂਰੀ ਹੋ ਜਾਂਦਾ ਹੈ, ਤਾਂ ਇਸ ਤਰ੍ਹਾਂ ਕਰਨ ਤੋਂ ਪਹਿਲਾਂ ਬਜ਼ੁਰਗਾਂ ਦਾ ਸਮੂਹ ਪੂਰੀ ਜਾਣਕਾਰੀ ਲਿਖ ਲਵੇਗਾ ਕਿ ਕੀ-ਕੀ ਕਰਨ ਵਾਲਾ ਹੈ ਤੇ/ਜਾਂ ਇਸ ਦੇ ਲਈ ਕਿਹੜਾ ਸਾਮਾਨ ਮੰਗਵਾਉਣ ਦੀ ਲੋੜ ਹੈ। ਇਸ ਲਿਸਟ ਦੀ ਇਕ-ਇਕ ਕਾਪੀ ਵੱਖੋ-ਵੱਖਰੇ ਸਪਲਾਇਰਾਂ ਨੂੰ ਦਿੱਤੀ ਜਾਵੇ ਤਾਂਕਿ ਉਹ ਲਿਸਟ ਦੇ ਹਿਸਾਬ ਨਾਲ ਆਉਣ ਵਾਲੇ ਖ਼ਰਚ ਬਾਰੇ ਦੱਸ ਸਕਣ। ਸਪਲਾਇਰਾਂ ਤੋਂ ਖ਼ਰਚੇ ਬਾਰੇ ਲਿਖਤੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ, ਬਜ਼ੁਰਗ ਚੁਣ ਸਕਦੇ ਹਨ ਕਿ ਕਿਹੜੇ ਠੇਕੇਦਾਰ ਤੋਂ ਕੰਮ ਕਰਾਉਣਾ ਜਾਂ ਕਿਸ ਸਪਲਾਇਰ ਕੋਲੋਂ ਸਾਮਾਨ ਲੈਣਾ ਸਭ ਤੋਂ ਚੰਗਾ ਰਹੇਗਾ। ਇਹੀ ਤਰੀਕਾ ਉਦੋਂ ਵੀ ਅਪਣਾਉਣਾ ਚਾਹੀਦਾ ਹੈ ਜਦੋਂ ਕੋਈ ਭਰਾ ਨਿਰਧਾਰਿਤ ਕੀਮਤ ਤੇ ਮੁਰੰਮਤ ਕਰਨ ਜਾਂ ਜ਼ਰੂਰੀ ਸਾਮਾਨ ਦੇਣ ਦੀ ਪੇਸ਼ਕਸ਼ ਕਰਦਾ ਹੈ।
9. ਇਹ ਕਿਵੇਂ ਪੱਕਾ ਕੀਤਾ ਜਾਂਦਾ ਹੈ ਕਿ ਕਲੀਸਿਯਾ ਦੇ ਫ਼ੰਡਾਂ ਦੀ ਸਹੀ ਵਰਤੋਂ ਹੋ ਰਹੀ ਹੈ?
9 ਜੇ ਇਕ ਨਾਲੋਂ ਜ਼ਿਆਦਾ ਕਲੀਸਿਯਾਵਾਂ ਕਿੰਗਡਮ ਹਾਲ ਨੂੰ ਵਰਤਦੀਆਂ ਹਨ, ਤਾਂ ਕਮੇਟੀ ਕੋਲ ਵੱਖਰਾ ਫ਼ੰਡ ਹੋਵੇਗਾ ਅਤੇ ਉਹ ਸਾਰੇ ਖ਼ਰਚਿਆਂ ਦੀ ਲਿਖਤੀ ਰਿਪੋਰਟ ਹਰ ਮਹੀਨੇ ਆਪਣੇ-ਆਪਣੇ ਬਜ਼ੁਰਗਾਂ ਦੇ ਸਮੂਹਾਂ ਨੂੰ ਦਿੰਦੀ ਹੈ। ਇਸ ਤਰ੍ਹਾਂ ਕਮੇਟੀ ਬਜ਼ੁਰਗਾਂ ਨੂੰ ਜਾਣੂ ਕਰਾਉਂਦੀ ਹੈ ਕਿ ਫ਼ੰਡਾਂ ਨੂੰ ਕਿਵੇਂ ਇਸਤੇਮਾਲ ਕੀਤਾ ਗਿਆ ਹੈ। ਕਲੀਸਿਯਾ ਦੇ ਫ਼ੰਡਾਂ ਦੀ ਸਹੀ ਵਰਤੋਂ ਲਈ ਬਜ਼ੁਰਗ ਜ਼ਿੰਮੇਵਾਰ ਹਨ।
10. ਜੇ ਕਾਫ਼ੀ ਮੁਰੰਮਤ ਦੀ ਲੋੜ ਹੈ, ਤਾਂ ਕੀ ਕੀਤਾ ਜਾਣਾ ਚਾਹੀਦਾ ਹੈ?
10 ਜਦੋਂ ਕਾਫ਼ੀ ਮੁਰੰਮਤ ਦੀ ਲੋੜ ਹੁੰਦੀ ਹੈ: ਜਦੋਂ ਕਮੇਟੀ ਨੂੰ ਲੱਗਦਾ ਹੈ ਕਿ ਕਿੰਗਡਮ ਹਾਲ ਨੂੰ ਸਹੀ ਹਾਲਤ ਵਿਚ ਰੱਖਣ ਜਾਂ ਮੁਰੰਮਤ ਕਰਨ ਸੰਬੰਧੀ ਕੋਈ ਵੱਡਾ ਕੰਮ ਕਰਨ ਦੀ ਲੋੜ ਹੈ, ਤਾਂ ਕਮੇਟੀ ਇਸ ਬਾਰੇ ਬਜ਼ੁਰਗਾਂ ਦੇ ਸਮੂਹਾਂ ਨਾਲ ਗੱਲ ਕਰੇਗੀ। ਜਦੋਂ ਕਾਫ਼ੀ ਮੁਰੰਮਤ ਕਰਨੀ ਜ਼ਰੂਰੀ ਹੋ ਜਾਂਦੀ ਹੈ ਜਾਂ ਉਸ ਕਿੰਗਡਮ ਹਾਲ ਵਿਚ ਸਭਾਵਾਂ ਕਰਦੀ ਕਲੀਸਿਯਾ(ਵਾਂ) ਕੋਲ ਇਸ ਮੁਰੰਮਤ ਲਈ ਕਾਫ਼ੀ ਫ਼ੰਡ ਨਹੀਂ ਹਨ, ਤਾਂ ਬਜ਼ੁਰਗਾਂ ਨੂੰ ਬ੍ਰਾਂਚ ਆਫ਼ਿਸ ਤੋਂ ਸਲਾਹ ਲੈਣੀ ਚਾਹੀਦੀ ਹੈ। ਜੇ ਹੋ ਸਕੇ ਤਾਂ ਇਕ ਤੋਂ ਜ਼ਿਆਦਾ ਕਲੀਸਿਯਾਵਾਂ ਨੂੰ ਮਿਲ ਕੇ ਖ਼ਰਚਾ ਕਰਨਾ ਚਾਹੀਦਾ ਹੈ। ਸ਼ਾਇਦ ਉਹ ਮਿਲ ਕੇ ਇਸੇ ਹਾਲ ਨੂੰ ਵੱਡਾ ਕਰ ਸਕਦੀਆਂ ਹਨ ਜਾਂ ਵੱਡਾ ਸਾਰਾ ਨਵਾਂ ਹਾਲ ਬਣਾ ਸਕਦੀਆਂ ਹਨ ਜੋ ਹੁਣ ਅਤੇ ਆਉਣ ਵਾਲੇ ਸਾਲਾਂ ਵਿਚ ਵੀ ਕਈ ਕਲੀਸਿਯਾਵਾਂ ਦੇ ਕੰਮ ਆਵੇਗਾ।
11. ਕਿੰਗਡਮ ਹਾਲ ਵਿਚ ਸਭਾਵਾਂ ਲਈ ਹਾਜ਼ਰ ਹੋਣ ਦੇ ਆਪਣੇ ਸਨਮਾਨ ਲਈ ਅਸੀਂ ਸ਼ੁਕਰਗੁਜ਼ਾਰੀ ਕਿਵੇਂ ਦਿਖਾ ਸਕਦੇ ਹਾਂ?
11 ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਅਸੀਂ ਕਿੰਗਡਮ ਹਾਲ ਵਿਚ ਸਭਾਵਾਂ ਲਈ ਇਕੱਠੇ ਹੋ ਸਕਦੇ ਹਾਂ! ਅਸੀਂ ਕਦੇ ਵੀ ਆਪਣੀਆਂ ਸਭਾਵਾਂ ਨੂੰ ਤੁੱਛ ਨਹੀਂ ਸਮਝਾਂਗੇ ਅਤੇ ਨਾ ਹੀ ਇਨ੍ਹਾਂ ਤੋਂ ਗ਼ੈਰ-ਹਾਜ਼ਰ ਰਹਾਂਗੇ। ਕਿੰਗਡਮ ਹਾਲ ਵਿਚ ਸਭਾਵਾਂ ਵਿਚ ਆ ਕੇ ਸਾਡੀ ਹੌਸਲਾ-ਅਫ਼ਜ਼ਾਈ ਹੁੰਦੀ ਹੈ, ਇਸ ਲਈ ਅਸੀਂ ਸਾਰੇ ਹੀ ਆਪਣੀ ਭਗਤੀ ਦੀ ਥਾਂ ਦੀ ਚੰਗੀ ਦੇਖ-ਭਾਲ ਕਰਨ ਵਿਚ ਪੂਰਾ-ਪੂਰਾ ਹਿੱਸਾ ਲੈ ਸਕਦੇ ਹਾਂ। ਇਸ ਤਰ੍ਹਾਂ ਕਰਨ ਨਾਲ ਸ਼ੁੱਧ ਭਗਤੀ ਦੀ ਵਡਿਆਈ ਹੁੰਦੀ ਹੈ ਅਤੇ ਯਹੋਵਾਹ ਦੇ ਨਾਂ ਦਾ ਆਦਰ ਹੁੰਦਾ ਹੈ। ਇਸ ਲਈ ਆਓ ਆਪਾਂ ਠਾਣ ਲਈਏ ਕਿ ਅਸੀਂ ਆਪਣੀ ਭਗਤੀ ਦੀ ਥਾਂ ਨੂੰ ਹਮੇਸ਼ਾ ਚੰਗੀ ਹਾਲਤ ਵਿਚ ਰੱਖਾਂਗੇ।
[ਸਫ਼ੇ 4 ਉੱਤੇ ਡੱਬੀ]
ਸੁਰੱਖਿਆ ਸੰਬੰਧੀ ਗੱਲਾਂ
◻ ਅੱਗ-ਬੁਝਾਊ ਯੰਤਰ ਅਜਿਹੀ ਥਾਂ ਤੇ ਲੱਗੇ ਹੋਣੇ ਚਾਹੀਦੇ ਜਿੱਥੋਂ ਇਨ੍ਹਾਂ ਨੂੰ ਆਸਾਨੀ ਨਾਲ ਚੁੱਕਿਆ ਜਾ ਸਕੇ ਅਤੇ ਹਰ ਸਾਲ ਇਨ੍ਹਾਂ ਦੀ ਜਾਂਚ ਕਰਨੀ ਚਾਹੀਦੀ ਹੈ।
◻ ਬਾਹਰ ਜਾਣ ਅਤੇ ਪੌੜੀਆਂ ਨੂੰ ਜਾਣ ਦੇ ਰਸਤਿਆਂ ਲਈ ਸੰਕੇਤ-ਚਿੰਨ੍ਹ ਲਾਉਣੇ ਚਾਹੀਦੇ ਹਨ ਅਤੇ ਰੌਸ਼ਨੀ ਦਾ ਚੰਗਾ ਪ੍ਰਬੰਧ ਹੋਣਾ ਚਾਹੀਦਾ ਹੈ ਤਾਂਕਿ ਆਸਾਨੀ ਨਾਲ ਲੰਘਿਆ ਜਾ ਸਕੇ। ਪੌੜੀਆਂ ਦੇ ਜੰਗਲੇ ਮਜ਼ਬੂਤ ਹੋਣੇ ਚਾਹੀਦੇ ਹਨ।
◻ ਸਟੋਰ-ਰੂਮ ਅਤੇ ਪਖਾਨੇ ਸਾਫ਼-ਸੁਥਰੇ ਹੋਣੇ ਚਾਹੀਦੇ ਹਨ, ਚੀਜ਼ਾਂ ਇੱਧਰ-ਉੱਧਰ ਖਿੱਲਰੀਆਂ ਨਾ ਹੋਣ ਅਤੇ ਬਲਣਸ਼ੀਲ ਚੀਜ਼ਾਂ, ਕਿਸੇ ਭੈਣ-ਭਰਾ ਦੀਆਂ ਨਿੱਜੀ ਚੀਜ਼ਾਂ ਤੇ ਕੂੜਾ-ਕਰਕਟ ਅੰਦਰ ਨਾ ਰੱਖੋ।
◻ ਛੱਤ ਅਤੇ ਪਰਨਾਲਿਆਂ ਦੀ ਬਾਕਾਇਦਾ ਜਾਂਚ ਅਤੇ ਸਫ਼ਾਈ ਕਰਨੀ ਚਾਹੀਦੀ ਹੈ।
◻ ਰਸਤਿਆਂ ਅਤੇ ਪਾਰਕਿੰਗ ਥਾਂ ਤੇ ਰੌਸ਼ਨੀ ਹੋਣੀ ਚਾਹੀਦੀ ਹੈ ਅਤੇ ਇਨ੍ਹਾਂ ਦੀ ਹਾਲਤ ਇੱਦਾਂ ਦੀ ਨਹੀਂ ਹੋਣੀ ਚਾਹੀਦੀ ਜਿਸ ਕਾਰਨ ਤਿਲਕਣ ਜਾਂ ਡਿੱਗਣ ਦਾ ਡਰ ਹੋਵੇ।
◻ ਲਾਈਟਾਂ, ਪੱਖਿਆਂ, ਇਗਜ਼ੋਸਟ ਫ਼ੈਨਾਂ ਜਾਂ ਏਅਰ-ਕੰਡੀਸ਼ਨਰਾਂ ਦੀ ਜਾਂਚ ਕਰ ਕੇ ਇਨ੍ਹਾਂ ਦੀ ਚੰਗੀ ਤਰ੍ਹਾਂ ਮੁਰੰਮਤ ਕਰਨੀ ਚਾਹੀਦੀ ਹੈ।
◻ ਜੇ ਕਿਤਿਓਂ ਪਾਣੀ ਚੋਂਦਾ ਹੈ, ਤਾਂ ਤੁਰੰਤ ਉਸ ਥਾਂ ਦੀ ਮੁਰੰਮਤ ਕਰੋ ਤਾਂਕਿ ਕੰਧਾਂ ਬੁਰੀ ਤਰ੍ਹਾਂ ਸਲਾਬ ਨਾ ਜਾਣ।
◻ ਜਦੋਂ ਕਿੰਗਡਮ ਹਾਲ ਵਿਚ ਕੋਈ ਨਹੀਂ ਹੈ, ਤਾਂ ਜਿੰਦਾ ਲਾਉਣਾ ਚਾਹੀਦਾ ਹੈ।
[ਸਫ਼ੇ 5 ਉੱਤੇ ਡੱਬੀ]
ਕਿੰਗਡਮ ਹਾਲ ਅਤੇ ਇਸ ਦੇ ਆਲੇ-ਦੁਆਲੇ ਦੀ ਦੇਖ-ਭਾਲ
◻ ਹਾਲ ਦੇ ਬਾਹਰ: ਕੀ ਕਿੰਗਡਮ ਹਾਲ ਦੀ ਛੱਤ, ਬਾਹਰ ਦੀਆਂ ਕੰਧਾਂ, ਪੇਂਟ, ਬਾਰੀਆਂ ਅਤੇ ਸਾਈਨ-ਬੋਰਡ ਚੰਗੀ ਹਾਲਤ ਵਿਚ ਹਨ?
◻ ਆਲਾ-ਦੁਆਲਾ: ਕੀ ਆਲਾ-ਦੁਆਲਾ ਸਾਫ਼-ਸੁਥਰਾ ਹੈ? ਕੀ ਰਾਹ, ਵਾੜਾਂ ਅਤੇ ਵਿਹੜਾ ਚੰਗੀ ਹਾਲਤ ਵਿਚ ਹਨ?
◻ ਹਾਲ ਦੇ ਅੰਦਰ: ਕੀ ਕਾਲੀਨ, ਪਰਦੇ, ਕੁਰਸੀਆਂ, ਲਾਈਟਾਂ, ਟੂਟੀਆਂ ਅਤੇ ਪੇਂਟ ਆਦਿ ਚੰਗੀ ਹਾਲਤ ਵਿਚ ਹਨ?
◻ ਸਾਜ਼-ਸਾਮਾਨ: ਕੀ ਲਾਈਟਾਂ, ਸਾਉਂਡ ਸਿਸਟਮ, ਪੱਖੇ ਅਤੇ ਇਗਜ਼ੋਸਟ ਫ਼ੈਨ ਜਾਂ ਏਅਰ-ਕੰਡੀਸ਼ਨਰ ਚੰਗੀ ਤਰ੍ਹਾਂ ਕੰਮ ਕਰਦੇ ਹਨ?
◻ ਪਖਾਨੇ: ਕੀ ਪਖਾਨੇ ਸਾਫ਼-ਸੁਥਰੇ ਅਤੇ ਬਦਬੂ-ਰਹਿਤ ਹਨ ਅਤੇ ਟੂਟੀਆਂ ਤੇ ਫਲੱਸ਼ ਚੰਗੀ ਤਰ੍ਹਾਂ ਕੰਮ ਕਰਦੀਆਂ ਹਨ?
◻ ਕਲੀਸਿਯਾ ਦੇ ਕਾਗ਼ਜ਼ਾਤ: ਕਾਰਪੋਰੇਸ਼ਨ ਦੇ ਕਾਗ਼ਜ਼ਾਤ ਸਹੀ ਹੋਣੇ ਚਾਹੀਦੇ ਹਨ ਅਤੇ ਇਨ੍ਹਾਂ ਨੂੰ ਸਮੇਂ-ਸਮੇਂ ਤੇ ਨਵਿਆਉਣ ਦੀ ਲੋੜ ਹੈ। ਕੀ ਇਸ ਜਗ੍ਹਾ ਦੇ ਕਾਗ਼ਜ਼ਾਤ, ਟੈਕਸ ਦੀਆਂ ਰਸੀਦਾਂ ਅਤੇ ਹੋਰ ਜ਼ਰੂਰੀ ਕਾਗ਼ਜ਼-ਪੱਤਰ ਸਹੀ ਢੰਗ ਨਾਲ ਫਾਈਲ ਵਿਚ ਰੱਖੇ ਹੋਏ ਹਨ?