“ਤੁਹਾਡੀ ਮਿਹਨਤ ਥੋਥੀ ਨਹੀਂ ਹੈ”
1 ਇਹ ਜਾਣ ਕੇ ਸਾਨੂੰ ਕਿੰਨੀ ਤਸੱਲੀ ਮਿਲਦੀ ਹੈ ਕਿ ਯਹੋਵਾਹ ਦੀ ਸੇਵਾ ਵਿਚ ਅਸੀਂ ਜਿੰਨੀ ਵੀ ਮਿਹਨਤ ਕਰਦੇ ਹਾਂ, ਉਹ ਕਦੇ ਵੀ ਬੇਕਾਰ ਨਹੀਂ ਜਾਂਦੀ! (1 ਕੁਰਿੰ. 15:58) ਇਸ ਤੋਂ ਉਲਟ, ਜ਼ਰਾ ਉਨ੍ਹਾਂ ਲੋਕਾਂ ਬਾਰੇ ਸੋਚੋ ਜੋ ਰੁਤਬਾ ਹਾਸਲ ਕਰਨ ਜਾਂ ਰੁਪਇਆ-ਪੈਸਾ ਕਮਾਉਣ ਲਈ ਦਿਨ-ਰਾਤ ਇਕ ਕਰ ਦਿੰਦੇ ਹਨ। ਉਹ ਕਈ ਸਾਲਾਂ ਤਕ ਜ਼ਿਆਦਾ ਪੜ੍ਹਾਈ ਕਰਦੇ ਹਨ ਜਾਂ ਹੋਰ ਜ਼ਿਆਦਾ ਪੈਸਾ ਕਮਾਉਣ ਲਈ ਹੱਡ-ਤੋੜ ਮਿਹਨਤ ਕਰਦੇ ਹਨ। ਪਰ “ਸਮਾਂ ਅਤੇ ਅਣਚਿਤਵੀ ਘਟਨਾ” ਵਾਪਰਨ ਕਾਰਨ ਸ਼ਾਇਦ ਉਨ੍ਹਾਂ ਨੂੰ ਉੱਨੀ ਸ਼ੌਹਰਤ ਨਾ ਮਿਲ ਸਕੇ ਜਿੰਨੀ ਉਹ ਚਾਹੁੰਦੇ ਹੋਣ ਜਾਂ ਹੋ ਸਕਦਾ ਹੈ ਕਿ ਅਮੀਰ ਬਣਨ ਦੀ ਜਿੰਨੀ ਉਹ ਕੋਸ਼ਿਸ਼ ਕਰਦੇ ਹਨ ਉੱਨੇ ਨਾ ਬਣ ਪਾਉਣ। ਉਨ੍ਹਾਂ ਦੀਆਂ ਕੋਸ਼ਿਸ਼ਾਂ ‘ਹਵਾ ਦੇ ਫੱਕਣ’ ਵਾਂਗ ਬੇਕਾਰ ਹੁੰਦੀਆਂ ਹਨ। (ਉਪ. 1:14; 9:11) ਪਰ ਅਸੀਂ ਅਜਿਹਾ ਕੰਮ ਕਰ ਰਹੇ ਹਾਂ ਜੋ ਕਦੇ ਬੇਕਾਰ ਨਹੀਂ ਜਾਂਦਾ, ਸਗੋਂ ਇਸ ਦਾ ਹਮੇਸ਼ਾ ਫ਼ਾਇਦਾ ਹੁੰਦਾ ਹੈ!
2 ਇਕ ਅਹਿਮ ਕੰਮ: ਦੁਨੀਆਂ ਵਿਚ ਅੱਜ ਸਭ ਤੋਂ ਅਹਿਮ ਕੰਮ ਹੈ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ। ਲੋਕ ਭਾਵੇਂ ਸੁਣਨ ਜਾਂ ਨਾ ਸੁਣਨ, ਪਰ ਇਹ ਕੰਮ ਜ਼ਰੂਰ ਕੀਤਾ ਜਾਣਾ ਹੈ। ਪੌਲੁਸ ਵਾਂਗ ਅਸੀਂ ਇਹ ਕਹਿਣਾ ਚਾਹੁੰਦੇ ਹਾਂ: “ਮੈਂ ਸਭਨਾਂ ਦੇ ਲਹੂ ਤੋਂ ਬੇਦੋਸ਼ ਹਾਂ, ਕਿਉਂ ਜੋ ਮੈਂ ਤੁਹਾਨੂੰ ਪਰਮੇਸ਼ੁਰ ਦੀ ਸਾਰੀ ਮੱਤ ਦੱਸਣ ਤੋਂ ਨਹੀਂ ਝਕਿਆ।”—ਰਸੂ. 20:26, 27.
3 ਜਦੋਂ ਲੋਕ ਰਾਜ ਸੰਦੇਸ਼ ਨੂੰ ਸੁਣਦੇ ਹਨ ਅਤੇ ਇਸ ਵਿਚ ਦਿਲਚਸਪੀ ਦਿਖਾਉਂਦੇ ਹਨ, ਤਾਂ ਸਾਡੀ ਖ਼ੁਸ਼ੀ ਦਾ ਕੋਈ ਠਿਕਾਣਾ ਨਹੀਂ ਰਹਿੰਦਾ! ਜ਼ਰਾ ਇਕ ਮੁਟਿਆਰ ਵੱਲ ਗੌਰ ਕਰੋ ਜੋ ਸੜਕ-ਛਾਪ ਗੈਂਗ ਨਾਲ ਘੁੰਮਦੀ, ਸਿਗਰਟ ਪੀਂਦੀ, ਨਸ਼ੀਲੀਆਂ ਦਵਾਈਆਂ ਲੈਂਦੀ ਅਤੇ ਚੋਰੀਆਂ ਕਰਦੀ ਸੀ। ਪਰ ਜਦੋਂ ਉਸ ਦੀ ਆਂਟੀ ਦੀ ਮੌਤ ਹੋ ਗਈ, ਤਾਂ ਉਹ ਪਰੇਸ਼ਾਨ ਹੋ ਕੇ ਸੋਚਣ ਲੱਗੀ ਕਿ ਉਸ ਦੀ ਆਂਟੀ ਸਵਰਗ ਗਈ ਹੈ ਜਾਂ ਨਰਕ। ਉਸ ਨੇ ਯਹੋਵਾਹ ਦਾ ਨਾਂ ਲੈ ਕੇ ਮਦਦ ਲਈ ਪ੍ਰਾਰਥਨਾ ਕੀਤੀ, ਕਿਉਂਕਿ ਉਸ ਦੀ ਭੈਣ ਨੇ ਉਸ ਨੂੰ ਇਸ ਤਰ੍ਹਾਂ ਪ੍ਰਾਰਥਨਾ ਕਰਨੀ ਸਿਖਾਈ ਸੀ। ਛੇਤੀ ਹੀ ਉਹ ਬਾਈਬਲ ਸਟੱਡੀ ਕਰਨ ਲੱਗ ਪਈ ਤੇ ਸਭਾਵਾਂ ਵਿਚ ਆਉਣ ਲੱਗ ਪਈ। ਇਸ ਨਾਲ ਉਸ ਦੀ ਜ਼ਿੰਦਗੀ ਹੀ ਬਦਲ ਗਈ ਅਤੇ ਉਸ ਨੇ ਸਾਰੇ ਬੁਰੇ ਕੰਮ ਛੱਡ ਦਿੱਤੇ। ਉਹ ਮੰਨਦੀ ਹੈ: “ਸਿਰਫ਼ ਯਹੋਵਾਹ ਦੇ ਪਿਆਰ ਸਦਕਾ ਹੀ ਮੈਂ ਬੁਰਾ ਰਸਤਾ ਛੱਡ ਸਕੀ। ਸਿਰਫ਼ ਯਹੋਵਾਹ ਦੀ ਦਇਆ ਕਰਕੇ ਹੀ ਮੈਨੂੰ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਮਿਲ ਸਕਦੀ ਹੈ।” ਹੁਣ ਉਹ ਬੇਕਾਰ ਕੰਮਾਂ ਵਿਚ ਆਪਣਾ ਸਮਾਂ ਬਰਬਾਦ ਨਹੀਂ ਕਰਦੀ।
4 ਜਦੋਂ ਲੋਕ ਨਹੀਂ ਵੀ ਸੁਣਦੇ, ਤਾਂ ਵੀ ਤੁਹਾਡੇ ਵੱਲੋਂ ਕੀਤਾ ਪ੍ਰਚਾਰ ਬੇਕਾਰ ਨਹੀਂ ਜਾਂਦਾ। ਕਿਉਂਕਿ ਲੋਕ ਜਾਣਦੇ ਹਨ ਕਿ ਯਹੋਵਾਹ ਦੇ ਗਵਾਹ ਉਨ੍ਹਾਂ ਨੂੰ ਰਾਜ ਸੰਦੇਸ਼ ਦੇਣ ਆਏ ਸਨ। ਇਸ ਨਾਲ ਸਾਡੀ ਖਰਿਆਈ, ਵਫ਼ਾਦਾਰੀ ਅਤੇ ਪਿਆਰ ਦਾ ਵੀ ਸਬੂਤ ਮਿਲਦਾ ਹੈ। ਤਾਂ ਫਿਰ, ਕੀ ਪਰਮੇਸ਼ੁਰ ਦੇ ਕੰਮ ਵਿਚ ਕੀਤੀ ਤੁਹਾਡੀ ਮਿਹਨਤ ਬੇਕਾਰ ਹੈ? ਬਿਲਕੁਲ ਨਹੀਂ! ਸਾਡੀ ਮਿਹਨਤ ਕਦੇ ਵੀ ਬੇਕਾਰ ਨਹੀਂ ਜਾਵੇਗੀ।