ਕੀ ਇਹ ਸਾਡੇ ਪ੍ਰਚਾਰ ਕੰਮ ਵਿਚ ਰੁਕਾਵਟ ਪਾਉਂਦੀ ਹੈ?
1 ਜ਼ਿਆਦਾਤਰ ਲੋਕ ਜ਼ਿੰਦਗੀ ਵਿਚ ਬਹੁਤ ਰੁੱਝੇ ਹੋਏ ਹਨ। ਯਹੋਵਾਹ ਦੇ ਗਵਾਹ ਸਭ ਤੋਂ ਜ਼ਿਆਦਾ ਰੁੱਝੇ ਹੋਏ ਲੋਕਾਂ ਵਿੱਚੋਂ ਹਨ ਕਿਉਂਕਿ ਉਹ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਦੇ ਹਨ, ਕਲੀਸਿਯਾ ਸਭਾਵਾਂ ਵਿਚ ਜਾਂਦੇ ਹਨ ਅਤੇ ਪ੍ਰਚਾਰ ਵਿਚ ਹਿੱਸਾ ਲੈਂਦੇ ਹਨ। ਇਸ ਤੋਂ ਇਲਾਵਾ, ਅਸੀਂ ਆਪਣੀਆਂ ਨੌਕਰੀਆਂ, ਘਰ ਦੇ ਕੰਮ-ਕਾਰਾਂ ਜਾਂ ਸਕੂਲ ਦੇ ਕੰਮਾਂ ਅਤੇ ਹੋਰ ਕਈ ਜ਼ਿੰਮੇਵਾਰੀਆਂ ਪੂਰੀਆਂ ਕਰਨ ਵਿਚ ਰੁੱਝੇ ਹੋਏ ਹਾਂ ਜਿਨ੍ਹਾਂ ਨੂੰ ਕਰਨ ਵਿਚ ਬਹੁਤ ਸਮਾਂ ਚਲਾ ਜਾਂਦਾ ਹੈ। ਇਸ ਨਾਲ ਖ਼ਾਸਕਰ ਪਰਿਵਾਰ ਦੇ ਮੁਖੀਆਂ ਨੂੰ ਬੜੀ ਮੁਸ਼ਕਲ ਹੁੰਦੀ ਹੈ।
2 ਵੱਖੋ-ਵੱਖ ਥਾਵਾਂ ਤੇ ਆਰਥਿਕ ਤੰਗੀਆਂ ਕਾਰਨ ਪਰਿਵਾਰ ਦੇ ਮੁਖੀਆਂ ਨੂੰ ਰੋਜ਼ੀ-ਰੋਟੀ ਕਮਾਉਣ ਲਈ ਕਈ-ਕਈ ਘੰਟੇ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਨੌਕਰੀਆਂ ਵਿਚ ਉਨ੍ਹਾਂ ਦਾ ਜ਼ਿਆਦਾ ਸਮਾਂ ਤੇ ਤਾਕਤ ਚਲੀ ਜਾਂਦੀ ਹੈ ਜਿਸ ਕਰਕੇ ਉਨ੍ਹਾਂ ਕੋਲ ਪ੍ਰਚਾਰ ਕਰਨ ਲਈ ਨਾ ਸਮਾਂ ਤੇ ਨਾ ਹੀ ਤਾਕਤ ਬਚਦੀ ਹੈ। ਕਿਉਂਕਿ ਉਨ੍ਹਾਂ ਉੱਤੇ ਆਪਣੇ ਪਰਿਵਾਰ ਦੀਆਂ ਭੌਤਿਕ ਲੋੜਾਂ ਪੂਰੀਆਂ ਕਰਨ ਦੀ ਜ਼ਿੰਮੇਵਾਰੀ ਹੈ, ਇਸ ਲਈ ਕੁਝ ਸ਼ਾਇਦ ਮਹਿਸੂਸ ਕਰਨ ਕਿ ਉਹ ਪ੍ਰਚਾਰ ਵਿਚ ਸਿਰਫ਼ ਥੋੜ੍ਹਾ ਸਮਾਂ ਹੀ ਬਿਤਾ ਸਕਦੇ ਹਨ। (1 ਤਿਮੋ. 5:8) ਇਹ ਸੱਚ ਹੈ ਕਿ ਅੱਜ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਈ ਦਬਾਵਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਪਰ ਆਪਣੀ ਨੌਕਰੀ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਰੁਕਾਵਟ ਨਹੀਂ ਬਣਨ ਦੇਣਾ ਚਾਹੀਦਾ। (ਮਰ. 13:10) ਇਸ ਲਈ ਸਾਨੂੰ ਆਪਣੇ ਮੌਜੂਦਾ ਹਾਲਾਤਾਂ ਦੀ ਜਾਂਚ ਕਰਨੀ ਚਾਹੀਦੀ ਹੈ।
3 ਕਿਉਂਕਿ ਸੰਸਾਰ ਦਾ ਰੰਗ-ਢੰਗ ਹਮੇਸ਼ਾ ਬਦਲਦਾ ਰਹਿੰਦਾ ਹੈ, ਇਸ ਲਈ ਸ਼ਾਇਦ ਪਰਿਵਾਰ ਦਾ ਮੁਖੀਆ ਬਹੁਤ ਜ਼ਿਆਦਾ ਸਮਾਂ ਆਪਣੇ ਕੰਮ ਵਿਚ ਲਾਉਣ ਬਾਰੇ ਸੋਚੇ ਤਾਂਕਿ ਅਚਾਨਕ ਆਉਣ ਵਾਲੇ ਸੰਕਟ ਲਈ ਪੈਸਾ ਜਮ੍ਹਾ ਕੀਤਾ ਜਾ ਸਕੇ। (1 ਕੁਰਿੰ. 7:31) ਇਹ ਠੀਕ ਹੈ ਕਿ ਜ਼ਿਆਦਾ ਕੰਮ ਕਰਨ ਨਾਲ ਜ਼ਿਆਦਾ ਭੌਤਿਕ ਚੀਜ਼ਾਂ ਮਿਲ ਸਕਦੀਆਂ ਹਨ ਜਾਂ ਮਨ-ਪਰਚਾਵਾ ਤੇ ਮਨੋਰੰਜਨ ਕਰਨ ਦੇ ਜ਼ਿਆਦਾ ਮੌਕੇ ਮਿਲ ਸਕਦੇ ਹਨ, ਪਰ ਕੀ ਇਸ ਨਾਲ ਪਰਿਵਾਰ ਨੂੰ ਜ਼ਿਆਦਾ ਖ਼ੁਸ਼ੀ ਤੇ ਸੰਤੁਸ਼ਟੀ ਮਿਲੇਗੀ ਜੇ ਇਹ ਸਭ ਕੁਝ ਅਧਿਆਤਮਿਕ ਕੰਮਾਂ ਅਤੇ ਬਾਕਾਇਦਾ ਸਭਾਵਾਂ ਵਿਚ ਜਾਣ ਲਈ ਰੱਖੇ ਸਮੇਂ ਵਿਚ ਕੀਤਾ ਜਾਂਦਾ ਹੈ? ਅਸੀਂ ਅਜਿਹੀ ਕਿਸੇ ਵੀ ਚੀਜ਼ ਤੋਂ ਬਚਣਾ ਚਾਹਾਂਗੇ ਜੋ ਸਾਡੀ ਅਧਿਆਤਮਿਕਤਾ ਨੂੰ ਖ਼ਤਰੇ ਵਿਚ ਪਾ ਸਕਦੀ ਹੈ। ਇਸ ਲਈ ‘ਸੁਰਗ ਵਿਚ ਧਨ ਜੋੜਨ’ ਅਤੇ “ਪਰਮੇਸ਼ੁਰ ਦੇ ਅੱਗੇ ਧਨਵਾਨ” ਬਣਨ ਦੀ ਯਿਸੂ ਦੀ ਸਲਾਹ ਉੱਤੇ ਚੱਲਣਾ ਹੀ ਅਕਲਮੰਦੀ ਦੀ ਗੱਲ ਹੈ।—ਮੱਤੀ 6:19-21; ਲੂਕਾ 12:15-21.
4 ਪਹਿਲਾਂ ਰਾਜ ਨੂੰ ਭਾਲੋ: ਯਿਸੂ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਕਿ ਉਹ ਅਧਿਆਤਮਿਕ ਕੰਮਾਂ ਨੂੰ ਬਾਕੀ ਸਾਰੀਆਂ ਚੀਜ਼ਾਂ ਨਾਲੋਂ ਪਹਿਲ ਦੇਣ। ਯਿਸੂ ਨੇ ਉਨ੍ਹਾਂ ਨੂੰ ਕਿਹਾ ਸੀ: “ਤੁਸੀਂ ਚਿੰਤਾ ਕਰ ਕੇ ਇਹ ਨਾ ਕਹੋ ਭਈ ਕੀ ਖਾਵਾਂਗੇ? ਯਾ ਕੀ ਪੀਵਾਂਗੇ? ਯਾ ਕੀ ਪਹਿਨਾਂਗੇ?” ਉਸ ਨੇ ਇੱਦਾਂ ਕਿਉਂ ਕਿਹਾ ਸੀ? ਉਸ ਨੇ ਦੱਸਿਆ: “ਕਿਉਂ ਜੋ ਤੁਹਾਡਾ ਸੁਰਗੀ ਪਿਤਾ ਜਾਣਦਾ ਹੈ ਜੋ ਤੁਹਾਨੂੰ ਇਨ੍ਹਾਂ ਸਭਨਾਂ ਵਸਤਾਂ ਦੀ ਲੋੜ ਹੈ।” ਜੇ ਅਸੀਂ ਸੱਚ-ਮੁੱਚ ਇਨ੍ਹਾਂ ਗੱਲਾਂ ਉੱਤੇ ਭਰੋਸਾ ਰੱਖਦੇ ਹਾਂ, ਤਾਂ ਕੋਈ ਵੀ ਚੀਜ਼ ਸਾਨੂੰ ਯਿਸੂ ਦੇ ਅੱਗੇ ਕਹੇ ਗਏ ਸ਼ਬਦਾਂ ਮੁਤਾਬਕ ਚੱਲਣ ਤੋਂ ਨਹੀਂ ਰੋਕ ਸਕੇਗੀ: “ਤੁਸੀਂ ਪਹਿਲਾਂ ਉਹ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ ਤਾਂ ਤੁਹਾਨੂੰ ਏਹ ਸਾਰੀਆਂ [ਲੋੜੀਂਦੀਆਂ ਭੌਤਿਕ] ਵਸਤਾਂ ਵੀ ਦਿੱਤੀਆਂ ਜਾਣਗੀਆਂ।” ਪਰਮੇਸ਼ੁਰ ਸਾਨੂੰ ਲੋੜੀਂਦੀਆਂ ਚੀਜ਼ਾਂ ਜ਼ਰੂਰ ਮੁਹੱਈਆ ਕਰਾਏਗਾ! (ਮੱਤੀ 6:31-33) ਇਹ ਪੈਸੇ ਕਮਾਉਣ ਜਾਂ ਇਸ ਰੀਤੀ-ਵਿਵਸਥਾ ਵਿਚ ਐਸ਼ੋ-ਆਰਾਮ ਦੀ ਜ਼ਿੰਦਗੀ ਜੀਣ ਦਾ ਸਮਾਂ ਨਹੀਂ ਹੈ ਕਿਉਂਕਿ ਇਹ ਦੁਨੀਆਂ ਜਲਦੀ ਹੀ ਖ਼ਤਮ ਹੋਣ ਵਾਲੀ ਹੈ।—1 ਪਤ. 5:7; 1 ਯੂਹੰ. 2:15-17.
5 ਨੌਕਰੀ ਕਰਨ ਦਾ ਮੁੱਖ ਮਕਸਦ ਹੈ ਆਪਣੀਆਂ ਭੌਤਿਕ ਲੋੜਾਂ ਪੂਰੀਆਂ ਕਰਨੀਆਂ। ਪਰ ਸਾਨੂੰ ਕਿੰਨੀਆਂ ਕੁ ਭੌਤਿਕ ਚੀਜ਼ਾਂ ਦੀ ਲੋੜ ਹੈ? ਪੌਲੁਸ ਰਸੂਲ ਨੇ ਲਿਖਿਆ: “ਜਦੋਂ ਸਾਨੂੰ ਭੋਜਨ ਬਸਤਰ ਮਿਲਿਆ ਹੋਇਆ ਹੈ ਤਾਂ ਸਾਡੇ ਲਈ ਇਹੋ ਬਥੇਰਾ ਹੈ।” ਕੀ ਅਸੀਂ ਇਸ ਨਾਲੋਂ ਜ਼ਿਆਦਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ? ਜੇ ਇਸ ਤਰ੍ਹਾਂ ਹੈ, ਤਾਂ ਅਸੀਂ ਸ਼ਾਇਦ ਉਹ ਨਤੀਜੇ ਭੁਗਤ ਰਹੇ ਹਾਂ ਜਿਨ੍ਹਾਂ ਬਾਰੇ ਪੌਲੁਸ ਨੇ ਚੇਤਾਵਨੀ ਦਿੱਤੀ ਸੀ: “ਓਹ ਜਿਹੜੇ ਧਨਵਾਨ ਬਣਿਆ ਚਾਹੁੰਦੇ ਹਨ ਸੋ ਪਰਤਾਵੇ ਅਤੇ ਫਾਹੀ ਵਿੱਚ ਅਤੇ ਬਹੁਤਿਆਂ ਮੂਰਖਪੁਣੇ ਦਿਆਂ ਅਤੇ ਨੁਕਸਾਨ ਕਰਨ ਵਾਲਿਆਂ ਵਿਸ਼ਿਆਂ ਵਿੱਚ ਪੈਂਦੇ ਹਨ ਜੋ ਮਨੁੱਖਾਂ ਨੂੰ ਤਬਾਹੀ ਅਤੇ ਨਾਸ ਦੇ ਸਮੁੰਦਰ ਵਿੱਚ ਡੋਬ ਦਿੰਦੇ ਹਨ।” (1 ਤਿਮੋ. 6:8, 9; ਮੱਤੀ 6:24; ਲੂਕਾ 14:33) ਪਰ ਅਸੀਂ ਕਿੱਦਾਂ ਪਤਾ ਲਗਾ ਸਕਦੇ ਹਾਂ ਕਿ ਕਿਤੇ ਹੱਦੋਂ ਵੱਧ ਚੀਜ਼ਾਂ ਹਾਸਲ ਕਰਨ ਦੀ ਇੱਛਾ ਸਾਡੇ ਪ੍ਰਚਾਰ ਕੰਮ ਵਿਚ ਰੁਕਾਵਟ ਤਾਂ ਨਹੀਂ ਬਣ ਰਹੀ?
6 ਜੇ ਅਸੀਂ ਦੁਨਿਆਵੀ ਕੰਮਾਂ ਵਿਚ ਰੁੱਝੇ ਹੋਣ ਕਾਰਨ ਖੇਤਰ ਸੇਵਾ ਵਿਚ ਬਹੁਤ ਘੱਟ ਹਿੱਸਾ ਲੈਂਦੇ ਹਾਂ ਜਾਂ ਖ਼ੁਸ਼ ਖ਼ਬਰੀ ਦੀ ਖ਼ਾਤਰ ਤਿਆਗ ਕਰਨ ਦੀ ਲੋੜ ਨੂੰ ਨਹੀਂ ਪਛਾਣਦੇ ਹਾਂ, ਤਾਂ ਫਿਰ ਸਾਨੂੰ ਸੁਧਾਰ ਕਰਨ ਅਤੇ ਜ਼ਰੂਰੀ ਗੱਲਾਂ ਨੂੰ ਪਹਿਲ ਦੇਣ ਦੀ ਲੋੜ ਹੈ। (ਇਬ. 13:15, 16) ਆਪਣੀ ਜ਼ਿੰਦਗੀ ਨੂੰ ਸਾਦਾ ਬਣਾਉਣ ਨਾਲ ਸਾਨੂੰ ਪ੍ਰਚਾਰ ਵਿਚ ਆਉਂਦੀ ਇਸ ਰੁਕਾਵਟ ਨੂੰ ਦੂਰ ਕਰਨ ਵਿਚ ਕਾਫ਼ੀ ਮਦਦ ਮਿਲੇਗੀ। ਜਦੋਂ ਆਪਣੇ ਸਮੇਂ ਅਤੇ ਤਾਕਤ ਨੂੰ ਇਸਤੇਮਾਲ ਕਰਨ ਦੀ ਗੱਲ ਆਉਂਦੀ ਹੈ, ਤਾਂ ਸਾਨੂੰ ਇਨ੍ਹਾਂ ਨੂੰ ਹਮੇਸ਼ਾ ਰਾਜ ਦੇ ਹਿੱਤਾਂ ਨੂੰ ਪਹਿਲ ਦੇਣ ਵਿਚ ਵਰਤਣਾ ਚਾਹੀਦਾ ਹੈ।
7 ਮਿਹਨਤ ਜੋ ਥੋਥੀ ਨਹੀਂ ਜਾਂਦੀ: ਪੌਲੁਸ ਦੇ ਸ਼ਬਦ ਸਾਨੂੰ ਉਤਸ਼ਾਹਿਤ ਕਰਦੇ ਹਨ ਕਿ ਅਸੀਂ ‘ਪ੍ਰਭੁ ਦੇ ਕੰਮ ਵਿੱਚ ਸਦਾ ਵਧਦੇ ਜਾਈਏ ਕਿਉਂ ਜੋ ਅਸੀਂ ਜਾਣਦੇ ਹਾਂ ਜੋ ਪ੍ਰਭੁ ਵਿੱਚ ਸਾਡੀ ਮਿਹਨਤ ਥੋਥੀ ਨਹੀਂ ਹੈ।’ (1 ਕੁਰਿੰ. 15:58) “ਪ੍ਰਭੁ ਦੇ ਕੰਮ” ਵਿਚ ਸਭ ਤੋਂ ਪਹਿਲਾ ਕੰਮ ਹੈ ਰਾਜ ਦਾ ਪ੍ਰਚਾਰ ਕਰਨਾ ਤੇ ਚੇਲੇ ਬਣਾਉਣਾ। (ਮੱਤੀ 24:14; 28:19, 20) ਇਸ ਕੰਮ ਵਿਚ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਲੈਣ ਲਈ ਸਾਨੂੰ ਹਰ ਹਫ਼ਤੇ ਖੇਤਰ ਸੇਵਾ ਕਰਨ ਲਈ ਸਮਾਂ-ਸਾਰਣੀ ਬਣਾਉਣੀ ਚਾਹੀਦੀ ਹੈ ਤੇ ਉਸ ਸਮੇਂ ਤੇ ਕੋਈ ਹੋਰ ਕੰਮ ਨਹੀਂ ਕਰਨਾ ਚਾਹੀਦਾ। (ਅਫ਼. 5:15-17) ਫਿਰ ਨਾ ਤਾਂ ਸਾਡੀ ਨੌਕਰੀ ਤੇ ਨਾ ਹੀ ਕੋਈ ਹੋਰ ਚੀਜ਼ ਸਾਡੀ ਸੇਵਕਾਈ ਵਿਚ ਰੁਕਾਵਟ ਬਣੇਗੀ।
8 ਜਦੋਂ ਅਸੀਂ ਦੂਜਿਆਂ ਨਾਲ ਬਾਈਬਲ ਸੱਚਾਈਆਂ ਸਾਂਝੀਆਂ ਕਰਨ ਲਈ ਆਪਣੇ ਆਪ ਨੂੰ ਪੇਸ਼ ਕਰਦੇ ਹਾਂ, ਤਾਂ ਉਦੋਂ ਸਾਨੂੰ ਉਹ ਖ਼ੁਸ਼ੀ ਮਿਲਦੀ ਹੈ ਜੋ ਸਿਰਫ਼ ਦੇਣ ਨਾਲ ਹੀ ਮਿਲਦੀ ਹੈ। (ਰਸੂ. 20:35) ਰਾਜ ਦੇ ਪ੍ਰਚਾਰ ਦਾ ਕੰਮ ਕਰਦੇ ਰਹਿਣ ਨਾਲ ਅਸੀਂ ਪੂਰੇ ਭਰੋਸੇ ਨਾਲ ਇਕ ਚੰਗੇ ਭਵਿੱਖ ਦੀ ਉਮੀਦ ਰੱਖ ਸਕਦੇ ਹਾਂ, “ਕਿਉਂ ਜੋ ਪਰਮੇਸ਼ੁਰ ਕੁਨਿਆਈ ਨਹੀਂ ਜੋ [ਸਾਡੇ] ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ [ਅਸੀਂ] ਉਹ ਦੇ ਨਾਮ ਨਾਲ ਵਿਖਾਇਆ” ਹੈ।—ਇਬ. 6:10.