ਕੀ ਤੁਸੀਂ ਅਤਿ ਵਿਅਸਤ ਹੋ?
1 ਪੌਲੁਸ ਨੇ ਤਾਕੀਦ ਕੀਤੀ ਕਿ ਅਸੀਂ ‘ਪ੍ਰਭੁ ਦੇ ਕੰਮ ਵਿੱਚ ਸਦਾ ਵਧਦੇ ਜਾਈਏ।’ (1 ਕੁਰਿੰ. 15:58) ਸਾਨੂੰ ਵਿਅਕਤੀਗਤ ਅਧਿਐਨ ਦਾ ਇਕ ਦੈਨਿਕ ਨਿੱਤ-ਕਰਮ ਕਾਇਮ ਰੱਖਣ, ਸੇਵਕਾਈ ਵਿਚ ਨਿਯਮਿਤ ਤੌਰ ਤੇ ਹਿੱਸਾ ਲੈਣ, ਵਫ਼ਾਦਾਰੀ ਨਾਲ ਸਭਾਵਾਂ ਵਿਚ ਹਾਜ਼ਰ ਹੋਣ, ਅਤੇ ਉੱਦਮ ਨਾਲ ਕਲੀਸਿਯਾ ਕਾਰਜ-ਨਿਯੁਕਤੀਆਂ ਦੀ ਦੇਖ-ਭਾਲ ਕਰਨ ਲਈ ਜ਼ੋਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ, ਸਾਨੂੰ ਦੂਜਿਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਜਿਨ੍ਹਾਂ ਨੂੰ ਸਾਡੀ ਮਦਦ ਦੀ ਲੋੜ ਹੈ। ਕਰਨ ਲਈ ਇੰਨਾ ਕੰਮ ਹੋਣ ਦੇ ਨਾਲ, ਅਸੀਂ ਸ਼ਾਇਦ ਕਦੇ-ਕਦੇ ਦੱਬੇ ਹੋਏ ਮਹਿਸੂਸ ਕਰੀਏ, ਇਹ ਸੋਚਦੇ ਹੋਏ ਕਿ ਸਾਨੂੰ ਆਪਣੇ ਕੰਮ ਦਾ ਭਾਰ ਘਟਾਉਣ ਦੇ ਲਈ ਕੁਝ ਤਰੀਕਾ ਲੱਭਣਾ ਪਵੇਗਾ।
2 ਅਜਿਹੀਆਂ ਸਥਿਤੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਕਾਰਨ ਇਹ ਸ਼ਾਇਦ ਬੁੱਧੀਮਤਾ ਅਤੇ ਉਚਿਤ ਹੋਵੇ ਕਿ ਕੁਝ ਖ਼ਾਸ ਸਰਗਰਮੀਆਂ ਹਟਾ ਦਿੱਤੀਆਂ ਜਾਣ ਜਾਂ ਉਨ੍ਹਾਂ ਦੀ ਮਾਤਰਾ ਘਟਾ ਦਿੱਤੀ ਜਾਵੇ। ਕੁਝ ਵਿਅਕਤੀ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਤੋਂ ਉਹ ਸਭ ਕੁਝ ਕਰਨ ਦੀ ਆਸ ਰੱਖੀ ਜਾਂਦੀ ਹੈ ਜੋ ਦੂਜੇ ਉਨ੍ਹਾਂ ਨੂੰ ਕਰਨ ਲਈ ਬੇਨਤੀ ਕਰਦੇ ਹਨ। ਇਸ ਸੰਬੰਧ ਵਿਚ ਸੰਤੁਲਨ ਦੀ ਕਮੀ ਦੇ ਕਾਰਨ ਦਬਾਉ ਅਤੇ ਤਣਾਉ ਪੈਦਾ ਹੋ ਸਕਦੇ ਹਨ ਜੋ ਆਖ਼ਰਕਾਰ ਤਬਾਹਕੁੰਨ ਬਣ ਸਕਦਾ ਹੈ।
3 ਸੰਤੁਲਿਤ ਹੋਵੋ: ਸੰਤੁਲਨ ਦੀ ਕੁੰਜੀ ਪੌਲੁਸ ਦੀ ਸਲਾਹ ਨੂੰ ਲਾਗੂ ਕਰਨ ਵਿਚ ਪਾਈ ਜਾਂਦੀ ਹੈ ਕਿ ਅਸੀਂ ‘ਜ਼ਿਆਦਾ ਮਹੱਤਵਪੂਰਣ ਗੱਲਾਂ ਬਾਰੇ ਨਿਸ਼ਚਿਤ ਕਰੀਏ।’ (ਫ਼ਿਲਿ. 1:10, ਨਿ ਵ) ਇਸ ਦਾ ਸਰਲ ਅਰਥ ਹੈ ਕਿ ਅਸੀਂ ਉਨ੍ਹਾਂ ਗੱਲਾਂ ਉੱਤੇ ਧਿਆਨ ਦੇਈਏ ਜੋ ਅਸਲ ਵਿਚ ਮਹੱਤਵ ਰੱਖਦੀਆਂ ਹਨ ਅਤੇ, ਜੇਕਰ ਸਮਾਂ ਅਤੇ ਹਾਲਾਤ ਅਨੁਮਤੀ ਦੇਣ, ਤਾਂ ਘੱਟ ਮਹੱਤਵ ਦਿਆਂ ਕੰਮਾਂ ਨੂੰ ਕਰੀਏ। ਪਰਿਵਾਰਕ ਜ਼ਿੰਮੇਵਾਰੀਆਂ ਨਿਸ਼ਚੇ ਹੀ ਅਤਿ-ਮਹੱਤਵਪੂਰਣ ਗੱਲਾਂ ਦੀ ਸੂਚੀ ਵਿਚ ਮੁੱਖ ਹਨ। ਕੁਝ ਹੱਦ ਤਕ ਧਰਮ-ਨਿਰਪੇਖ ਜ਼ਿੰਮੇਵਾਰੀਆਂ ਨੂੰ ਵੀ ਸੰਭਾਲਣਾ ਪੈਂਦਾ ਹੈ। ਪਰੰਤੂ, ਯਿਸੂ ਨੇ ਸਿਖਾਇਆ ਸੀ ਕਿ ਸਾਡੀਆਂ ਪ੍ਰਾਥਮਿਕਤਾਵਾਂ ਨੂੰ ਇਸ ਸਿਧਾਂਤ ਉੱਤੇ ਆਧਾਰਿਤ ਹੋਣਾ ਚਾਹੀਦਾ ਹੈ ਕਿ ਅਸੀਂ ਪਹਿਲਾਂ ਰਾਜ ਦੀ ਭਾਲ ਕਰੀਏ। ਸਾਨੂੰ ਪਹਿਲਾਂ ਉਹ ਕੰਮ ਕਰਨੇ ਚਾਹੀਦੇ ਹਨ ਜੋ ਸਾਨੂੰ ਯਹੋਵਾਹ ਨੂੰ ਕੀਤੇ ਆਪਣੇ ਸਮਰਪਣ ਨੂੰ ਪੂਰਾ ਕਰਨ ਦੀ ਇਜਾਜ਼ਤ ਦੇਣ।—ਮੱਤੀ 5:3; 6:33.
4 ਇਸ ਨੂੰ ਧਿਆਨ ਵਿਚ ਰੱਖਦੇ ਹੋਏ, ਅਸੀਂ ਨਿਸ਼ਚਿਤ ਕਰਾਂਗੇ ਕਿ ਅਸੀਂ ਆਪਣੀ ਵਿਅਸਤ ਅਨੁਸੂਚੀ ਵਿੱਚੋਂ ਸਭ ਬੇਕਾਰ ਨਿੱਜੀ ਕੰਮਾਂ, ਦਿਲਪਰਚਾਵੇ ਦੀਆਂ ਅਤਿਅਧਿਕ ਸਰਗਰਮੀਆਂ, ਅਤੇ ਦੂਜਿਆਂ ਦੇ ਪ੍ਰਤੀ ਬੇਲੋੜੀਆਂ ਪ੍ਰਤਿਬੱਧਤਾਵਾਂ ਦੀ ਕਟੌਤੀ ਕਰੀਏ। ਹਰ ਹਫ਼ਤੇ ਲਈ ਆਪਣੀਆਂ ਸਰਗਰਮੀਆਂ ਦੀ ਯੋਜਨਾ ਕਰਦੇ ਸਮੇਂ, ਅਸੀਂ ਚੋਖੇ ਵਿਅਕਤੀਗਤ ਅਧਿਐਨ, ਸੇਵਾ ਵਿਚ ਉਚਿਤ ਹਿੱਸਾ ਲੈਣ, ਸਭਾਵਾਂ ਵਿਚ ਹਾਜ਼ਰ ਹੋਣ, ਅਤੇ ਸਾਡੀ ਉਪਾਸਨਾ ਦੇ ਨਾਲ ਨਜ਼ਦੀਕੀ ਤੌਰ ਤੇ ਸੰਬੰਧਿਤ ਹੋਰ ਕਿਸੇ ਵੀ ਕੰਮਾਂ ਦੇ ਲਈ ਸਮਾਂ ਰੱਖਾਂਗੇ। ਬਾਕੀ ਬਚਿਆ ਸਮਾਂ ਸ਼ਾਇਦ ਦੂਜੇ ਕੰਮਾਂ ਵਿਚ ਵੰਡਿਆ ਜਾ ਸਕਦਾ ਹੈ, ਇਹ ਦੇਖਦੇ ਹੋਏ ਕਿ ਉਹ ਰਾਜ ਨੂੰ ਪਹਿਲ ਦੇਣ ਵਾਲੇ ਸੰਤੁਲਿਤ ਮਸੀਹੀ ਹੋਣ ਦੇ ਸਾਡੇ ਮੁੱਖ ਟੀਚੇ ਤਕ ਪਹੁੰਚਣ ਵੱਲ ਕਿੰਨਾ ਯੋਗਦਾਨ ਦਿੰਦੇ ਹਨ।
5 ਤਦ ਵੀ, ਅਸੀਂ ਸ਼ਾਇਦ ਮਹਿਸੂਸ ਕਰੀਏ ਕਿ ਸਾਡਾ ਭਾਰ ਕਸ਼ਟਕਾਰੀ ਹੈ। ਜੇਕਰ ਅਜਿਹਾ ਹੈ, ਤਾਂ ਸਾਨੂੰ ਯਿਸੂ ਦੇ ਨਿਮੰਤ੍ਰਣ ਨੂੰ ਪ੍ਰਤਿਕ੍ਰਿਆ ਦਿਖਾਉਣ ਦੀ ਲੋੜ ਹੈ: “ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ।” (ਮੱਤੀ 11:28) ਨਾਲੇ, ਯਹੋਵਾਹ ਵਲ ਆਸ ਰੱਖੋ, “ਜਿਹੜਾ ਰੋਜ ਦਿਹਾੜੇ ਸਾਡਾ ਭਾਰ ਚੁੱਕ ਲੈਂਦਾ ਹੈ” ਅਤੇ ਹੁੱਸੇ ਹੋਏ ਨੂੰ ਬਲ ਦਿੰਦਾ ਹੈ। ਉਹ ਵਾਅਦਾ ਕਰਦਾ ਹੈ ਕਿ ਉਹ ਧਰਮੀ ਨੂੰ ਕਦੇ ਡੋਲਣ ਨਹੀਂ ਦੇਵੇਗਾ। (ਜ਼ਬੂ. 55:22; 68:19; ਯਸਾ. 40:29) ਅਸੀਂ ਯਕੀਨੀ ਹੋ ਸਕਦੇ ਹਾਂ ਕਿ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ ਜਾਵੇਗਾ, ਅਤੇ ਇਹ ਸਾਡੇ ਲਈ ਦੈਵ-ਸ਼ਾਸਕੀ ਕਾਰਜ ਦੇ ਇਕ ਸਰਗਰਮ ਜੀਵਨ ਵਿਚ ਦ੍ਰਿੜ੍ਹ ਰਹਿਣਾ ਸੰਭਵ ਬਣਾਵੇਗਾ।
6 ਹਾਲਾਂਕਿ ਅਸੀਂ ਨਿਸ਼ਚਿਤ ਹੀ ਲਾਭਕਾਰੀ ਰਾਜ ਹਿਤਾਂ ਦਾ ਪਿੱਛਾ ਕਰਨ ਵਿਚ ਵਿਅਸਤ ਰਹਾਂਗੇ, ਅਸੀਂ ਇਸ ਗਿਆਨ ਵਿਚ ਆਨੰਦਿਤ ਹੋ ਸਕਦੇ ਹਾਂ ਕਿ ਪ੍ਰਭੁ ਵਿੱਚ ਤੁਹਾਡੀ ਮਿਹਨਤ ਥੋਥੀ ਨਹੀਂ ਹੈ।—1 ਕੁਰਿੰ. 15:58.