ਆਪਣੇ ਜੀਵਨ ਵਿਚ ਯਹੋਵਾਹ ਦੀ ਸੇਵਾ ਨੂੰ ਪਹਿਲ ਦਿਓ
1 ਯਿਸੂ ਨੇ ਆਪਣੇ ਸੁਣਨ ਵਾਲਿਆਂ ਦੀ ਤੁਲਨਾ ਦੋ ਪ੍ਰਕਾਰ ਦੇ ਉਸਰਈਆਂ ਨਾਲ ਕੀਤੀ। ਇਕ ਨੇ ਆਪਣੇ ਘਰ ਦੀ ਨੀਂਹ ਪੱਥਰ ਉੱਤੇ ਧਰੀ, ਅਰਥਾਤ ਉਸ ਨੇ ਮਸੀਹ ਪ੍ਰਤੀ ਆਗਿਆਕਾਰੀ ਨੂੰ ਆਪਣੇ ਜੀਵਨ ਵਿਚ ਪਹਿਲ ਦਿੱਤੀ ਅਤੇ ਇਸ ਤਰ੍ਹਾਂ ਉਹ ਵਿਰੋਧ ਅਤੇ ਅਜ਼ਮਾਇਸ਼ਾਂ ਦੀਆਂ ਹਨੇਰੀਆਂ ਦਾ ਸਾਮ੍ਹਣਾ ਕਰ ਸਕਿਆ। ਦੂਸਰੇ ਨੇ ਆਪਣੇ ਜੀਵਨ ਸਮਾਨ ਘਰ ਨੂੰ ਸੁਆਰਥ ਭਰੀ ਅਵੱਗਿਆ ਦੀ ਰੇਤ ਉੱਤੇ ਬਣਾਇਆ ਅਤੇ ਜਦੋਂ ਦਬਾਅ ਆਇਆ ਤਾਂ ਉਹ ਇਸ ਦਾ ਸਾਮ੍ਹਣਾ ਨਾ ਕਰ ਸਕਿਆ। (ਮੱਤੀ 7:24-27) ਇਸ ਰੀਤੀ-ਵਿਵਸਥਾ ਦੀ ਸਮਾਪਤੀ ਵਿਚ ਰਹਿੰਦੇ ਹੋਏ, ਅਸੀਂ ਬਿਪਤਾ ਦੀਆਂ ਕਈ ਹਨੇਰੀਆਂ ਦਾ ਸਾਮ੍ਹਣਾ ਕਰਦੇ ਹਾਂ। ਵੱਡੀ ਬਿਪਤਾ ਦੇ ਕਾਲੇ ਬੱਦਲ ਸਪੱਸ਼ਟ ਨਜ਼ਰ ਆ ਰਹੇ ਹਨ। ਕੀ ਸਾਡੀ ਨਿਹਚਾ ਅੰਤ ਤੋੜੀ ਕਾਇਮ ਰਹੇਗੀ? (ਮੱਤੀ 24:3, 13, 21) ਇਹ ਕਾਫ਼ੀ ਹੱਦ ਤਕ ਇਸ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਹੁਣ ਦੇ ਸਮੇਂ ਵਿਚ ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰਦੇ ਹਾਂ। ਇਸ ਲਈ, ਸਾਨੂੰ ਆਪਣੇ ਆਪ ਨੂੰ ਇਹ ਪੁੱਛਣਾ ਚਾਹੀਦਾ ਹੈ, ‘ਕੀ ਮੈਂ ਆਪਣੇ ਮਸੀਹੀ ਜੀਵਨ ਵਿਚ ਪਰਮੇਸ਼ੁਰ ਦੀ ਆਗਿਆਕਾਰੀ ਸੇਵਾ ਨੂੰ ਪਹਿਲ ਦੇ ਰਿਹਾ ਹਾਂ?’
2 ਯਹੋਵਾਹ ਦੀ ਸੇਵਾ ਨੂੰ ਆਪਣੇ ਜੀਵਨ ਵਿਚ ਪਹਿਲ ਦੇਣ ਦਾ ਕੀ ਅਰਥ ਹੈ? ਇਸ ਦਾ ਅਰਥ ਹੈ, ਯਹੋਵਾਹ ਨੂੰ ਆਪਣੇ ਜੀਵਨ ਦਾ ਕੇਂਦਰ-ਬਿੰਦੂ ਬਣਾਉਣਾ। ਇਸ ਵਿਚ ਰਾਜ ਨੂੰ ਮੁੱਖ ਸਮਝਦੇ ਹੋਏ ਇਸ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰਨਾ ਸ਼ਾਮਲ ਹੈ। ਇਹ ਲਾਜ਼ਮੀ ਹੈ ਕਿ ਅਸੀਂ ਆਪਣੇ ਜੀਵਨ ਦੇ ਸਾਰੇ ਕੰਮਾਂ-ਕਾਰਾਂ ਵਿਚ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨੀਏ। ਇਹ ਮੰਗ ਕਰਦਾ ਹੈ ਕਿ ਅਸੀਂ ਆਪਣੇ ਵਿਅਕਤੀਗਤ, ਪਰਿਵਾਰਕ, ਅਤੇ ਕਲੀਸਿਯਾਈ ਬਾਈਬਲ ਅਧਿਐਨ ਨੂੰ ਅਤੇ ਖੇਤਰ ਸੇਵਕਾਈ ਨੂੰ ਪੂਰੇ ਦਿਲ ਨਾਲ ਕਰੀਏ, ਅਤੇ ਇਨ੍ਹਾਂ ਨੂੰ ਪਹਿਲ ਦੇਈਏ। (ਉਪ. 12:13; ਮੱਤੀ 6:33) ਇਸ ਤਰ੍ਹਾਂ ਦਾ ਆਗਿਆਕਾਰੀ ਜੀਵਨ-ਢੰਗ ਸਾਡੀ ਨਿਹਚਾ ਨੂੰ ਪੱਥਰ ਵਾਂਗ ਮਜ਼ਬੂਤ ਬਣਾਵੇਗਾ, ਜੋ ਕਿਸੇ ਵੀ ਮੁਸੀਬਤ ਦਾ ਸਾਮ੍ਹਣਾ ਕਰ ਸਕੇਗੀ।
3 ਇਹ ਦੇਖਣ ਨਾਲ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਲੱਖਾਂ ਹੀ ਲੋਕ ਯਿਸੂ ਦੇ ਵਾਂਗ ਦ੍ਰਿੜ੍ਹਤਾ ਨਾਲ ਪਰਮੇਸ਼ੁਰ ਦੀ ਸੇਵਾ ਨੂੰ ਆਪਣੇ ਜੀਵਨ ਅਤੇ ਭਵਿੱਖ ਦਾ ਕੇਂਦਰ ਬਿੰਦੂ ਬਣਾ ਰਹੇ ਹਨ। (ਯੂਹੰ. 4:34) ਉਹ ਨਿਯਮਿਤ ਤੌਰ ਤੇ ਪਰਮੇਸ਼ੁਰੀ ਕੰਮਾਂ ਵਿਚ ਹਿੱਸਾ ਲੈਂਦੇ ਹਨ ਅਤੇ ਨਤੀਜੇ ਵਜੋਂ ਭਰਪੂਰ ਬਰਕਤਾਂ ਦਾ ਆਨੰਦ ਮਾਣਦੇ ਹਨ। ਇਕ ਮਾਂ ਨੇ ਦੱਸਿਆ ਕਿ ਉਸ ਨੇ ਅਤੇ ਉਸ ਦੇ ਪਤੀ ਨੇ ਆਪਣੇ ਦੋਵੇਂ ਮੁੰਡਿਆਂ ਦੀ ਕਿਸ ਤਰ੍ਹਾਂ ਪਰਵਰਿਸ਼ ਕੀਤੀ ਕਿ ਉਹ ਹੁਣ ਵੱਡੇ ਹੋ ਕੇ ਯਹੋਵਾਹ ਦੀ ਸੇਵਾ ਕਰ ਰਹੇ ਹਨ: “ਅਸੀਂ ਆਪਣੇ ਜੀਵਨ ਨੂੰ ਸੱਚਾਈ ਨਾਲ ਭਰਿਆ—ਸਾਰੇ ਮਹਾਂ-ਸੰਮੇਲਨਾਂ ਵਿਚ ਜਾਣਾ, ਸਭਾਵਾਂ ਦੀ ਤਿਆਰੀ ਕਰਨੀ ਅਤੇ ਉਨ੍ਹਾਂ ਵਿਚ ਹਾਜ਼ਰ ਹੋਣਾ, ਅਤੇ ਖੇਤਰ ਸੇਵਕਾਈ ਨੂੰ ਸਾਡੇ ਜੀਵਨ ਦਾ ਨਿਯਮਿਤ ਹਿੱਸਾ ਬਣਾਉਣਾ।” ਉਸ ਦੇ ਪਤੀ ਨੇ ਕਿਹਾ: “ਸੱਚਾਈ ਸਾਡੇ ਜੀਵਨ ਦਾ ਭਾਗ ਨਹੀਂ, ਬਲਕਿ ਸਾਡਾ ਜੀਵਨ ਹੈ। ਬਾਕੀ ਸਭ ਕੁਝ ਇਸ ਉੱਤੇ ਕੇਂਦ੍ਰਿਤ ਹੈ।” ਕੀ ਤੁਸੀਂ ਵੀ ਇਸੇ ਤਰ੍ਹਾਂ ਆਪਣੇ ਪਰਿਵਾਰ ਵਿਚ ਯਹੋਵਾਹ ਦੀ ਸੇਵਾ ਨੂੰ ਪਹਿਲ ਦਿੰਦੇ ਹੋ?
4 ਇਕ ਵਿਵਹਾਰਕ ਹਫ਼ਤਾਵਾਰ ਅਨੁਸੂਚੀ ਤਿਆਰ ਕਰੋ: ਯਹੋਵਾਹ ਦਾ ਸੰਗਠਨ ਹਫ਼ਤੇ ਵਿਚ ਪੰਜ ਸਭਾਵਾਂ ਦਾ ਪ੍ਰਬੰਧ ਕਰਨ ਦੁਆਰਾ ਸਾਨੂੰ ਇਕ ਵਧੀਆ ਅਧਿਆਤਮਿਕ ਨਿੱਤ-ਕਰਮ ਅਪਣਾਉਣ ਵਿਚ ਮਦਦ ਦਿੰਦਾ ਹੈ। ਮਸੀਹੀ ਜਿਹੜੇ ਆਪਣੇ ਜੀਵਨ ਵਿਚ ਯਹੋਵਾਹ ਦੀ ਉਪਾਸਨਾ ਨੂੰ ਪਹਿਲ ਦਿੰਦੇ ਹਨ, ਉਹ ਆਪਣੇ ਘਰੇਲੂ ਅਤੇ ਦੂਸਰੇ ਕੰਮਾਂ ਦਾ ਪ੍ਰਬੰਧ ਇਸ ਤਰ੍ਹਾਂ ਕਰਦੇ ਹਨ ਤਾਂ ਜੋ ਉਹ ਇਨ੍ਹਾਂ ਅਤਿ-ਮਹੱਤਵਪੂਰਣ ਸਭਾਵਾਂ ਵਿਚ ਹਾਜ਼ਰ ਹੋ ਸਕਣ। ਉਹ ਘੱਟ ਮਹੱਤਤਾ ਵਾਲੀਆਂ ਗੱਲਾਂ ਕਰਕੇ ਸਭਾਵਾਂ ਤੋਂ ਨਹੀਂ ਖੁੰਝਦੇ ਹਨ।—ਫ਼ਿਲਿ. 1:10; ਇਬ. 10:25.
5 ਪਰਿਪੱਕ ਮਸੀਹੀ ਜਾਣਦੇ ਹਨ ਕਿ ਜਿਸ ਤਰ੍ਹਾਂ ਹਰ ਦਿਨ ਨਿਸ਼ਚਿਤ ਸਮੇਂ ਤੇ ਭੋਜਨ ਖਾਣਾ ਜ਼ਰੂਰੀ ਹੈ, ਉਸੇ ਤਰ੍ਹਾਂ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਵਿਅਕਤੀਗਤ ਅਤੇ ਪਰਿਵਾਰਕ ਅਧਿਐਨ, ਜਿਸ ਵਿਚ ਸਭਾਵਾਂ ਦੀ ਤਿਆਰੀ ਕਰਨੀ ਵੀ ਸ਼ਾਮਲ ਹੈ, ਦੇ ਲਈ ਨਿਸ਼ਚਿਤ ਸਮਾਂ-ਸੂਚੀ ਬਣਾਈਏ। (ਮੱਤੀ 4:4) ਕੀ ਤੁਸੀਂ ਹਰ ਦਿਨ ਘੱਟੋ-ਘੱਟ 15 ਜਾਂ 20 ਮਿੰਟ ਵਿਅਕਤੀਗਤ ਅਧਿਐਨ ਲਈ ਅਲੱਗ ਰੱਖ ਸਕਦੇ ਹੋ? ਇਹ ਜ਼ਰੂਰੀ ਹੈ ਕਿ ਅਧਿਐਨ ਲਈ ਅਲੱਗ ਰੱਖੇ ਗਏ ਸਮੇਂ ਦੌਰਾਨ ਅਸੀਂ ਦੂਸਰੇ ਕੰਮਾਂ ਨੂੰ ਨਾ ਕਰੀਏ। ਇਸ ਨੂੰ ਇਕ ਚੰਗੀ ਆਦਤ ਬਣਾਓ। ਇਹ ਤੁਹਾਡੇ ਕੋਲੋਂ ਸਵੇਰ ਨੂੰ ਜਲਦੀ ਉੱਠਣ ਦੀ ਮੰਗ ਕਰ ਸਕਦਾ ਹੈ। ਵਿਸ਼ਵ-ਵਿਆਪੀ ਬੈਥਲ ਪਰਿਵਾਰ ਦੇ 17,000 ਮੈਂਬਰ ਸਵੇਰ ਨੂੰ ਜਲਦੀ ਉੱਠ ਕੇ ਦੈਨਿਕ ਪਾਠ ਉੱਤੇ ਚਰਚਾ ਕਰਦੇ ਹਨ। ਪਰੰਤੂ, ਸਵੇਰ ਨੂੰ ਜਲਦੀ ਉੱਠਣ ਲਈ ਜ਼ਰੂਰੀ ਹੈ ਕਿ ਅਸੀਂ ਰਾਤ ਨੂੰ ਜਲਦੀ ਸੌਂਈਏਂ, ਤਾਂ ਜੋ ਅਸੀਂ ਅਗਲੇ ਦਿਨ ਤਰੋ-ਤਾਜ਼ਾ ਹੋਈਏ।
6 ਜੇਕਰ ਤੁਸੀਂ ਪਰਿਵਾਰ ਦੇ ਸਿਰ ਹੋ, ਤਾਂ ਆਪਣੇ ਪਰਿਵਾਰ ਦੀਆਂ ਅਧਿਆਤਮਿਕ ਸਰਗਰਮੀਆਂ ਦੀ ਯੋਜਨਾ ਅਤੇ ਪ੍ਰਬੰਧ ਕਰਨ ਵਿਚ ਪਹਿਲ ਕਰੋ। ਕੁਝ ਪਰਿਵਾਰ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਆਰਾਮ ਕਰਦੇ ਹੋਏ ਬਾਈਬਲ, ਯੀਅਰ ਬੁੱਕ, ਜਾਂ ਹੋਰ ਪ੍ਰਕਾਸ਼ਨ ਇਕੱਠੇ ਮਿਲ ਕੇ ਪੜ੍ਹਦੇ ਹਨ। ਕਈ ਮਾਤਾ-ਪਿਤਾ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਵੱਡੇ ਹੋ ਕੇ ਅਧਿਆਤਮਿਕ ਤੌਰ ਤੇ ਮਜ਼ਬੂਤ ਮਸੀਹੀ ਬਣਦੇ ਵੇਖਿਆ ਹੈ, ਉਹ ਕਹਿੰਦੇ ਹਨ ਕਿ ਇਸ ਸਫ਼ਲਤਾ ਦਾ ਕਾਰਨ ਇਹ ਹੈ ਕਿ ਉਹ ਹਫ਼ਤੇ ਵਿਚ ਇਕ ਸ਼ਾਮ ਦਾ ਸਮਾਂ ਅਲੱਗ ਰੱਖਦੇ ਸਨ, ਜਦੋਂ ਉਹ ਇਕੱਠੇ ਮਿਲ ਕੇ ਅਧਿਆਤਮਿਕ ਗੱਲਾਂ ਦਾ ਆਨੰਦ ਮਾਣਦੇ ਸਨ। ਇਕ ਪਿਤਾ ਨੇ ਕਿਹਾ: “ਮੈਂ ਮਹਿਸੂਸ ਕਰਦਾ ਹਾਂ ਕਿ ਸਾਡੇ ਬੱਚਿਆਂ ਦੀ ਅਧਿਆਤਮਿਕ ਉੱਨਤੀ ਦਾ ਕਾਰਨ ਇਹ ਸੀ ਕਿ ਅਸੀਂ ਹਰ ਬੁੱਧਵਾਰ ਦੀ ਰਾਤ ਨੂੰ ਪਰਿਵਾਰਕ ਅਧਿਐਨ ਕਰਦੇ ਸੀ, ਜਿਹੜਾ ਅਸੀਂ 30 ਸਾਲ ਪਹਿਲਾਂ ਸ਼ੁਰੂ ਕੀਤਾ ਸੀ।” ਉਸ ਦੇ ਤਿੰਨਾਂ ਬੱਚਿਆਂ ਦਾ ਬਪਤਿਸਮਾ ਛੋਟੀ ਉਮਰ ਵਿਚ ਹੋ ਗਿਆ ਸੀ, ਅਤੇ ਬਾਅਦ ਵਿਚ ਤਿੰਨੇ ਹੀ ਪੂਰਣ-ਕਾਲੀ ਸੇਵਕ ਬਣੇ। ਪਰਿਵਾਰਕ ਅਧਿਐਨ ਤੋਂ ਇਲਾਵਾ, ਇਕੱਠੇ ਮਿਲ ਕੇ ਖੇਤਰ ਸੇਵਕਾਈ ਦੀਆਂ ਪ੍ਰਸਤਾਵਨਾਵਾਂ ਦਾ ਜਾਂ ਸਭਾਵਾਂ ਵਿਚ ਮਿਲੇ ਭਾਗਾਂ ਦਾ ਅਭਿਆਸ ਵੀ ਕੀਤਾ ਜਾ ਸਕਦਾ ਹੈ, ਅਤੇ ਹੋਰ ਲਾਭਕਾਰੀ ਸਰਗਰਮੀਆਂ ਦਾ ਆਨੰਦ ਮਾਣਿਆ ਜਾ ਸਕਦਾ ਹੈ।
7 ਤੁਹਾਡੀ ਹਫ਼ਤਾਵਾਰ ਅਨੁਸੂਚੀ ਵਿਚ, ਕੀ ਤੁਸੀਂ ਰਾਜ ਪ੍ਰਚਾਰ ਦੇ ਕੰਮ ਲਈ ‘ਸਮੇਂ ਨੂੰ ਲਾਹਾ’ ਜਾਣਿਆ ਹੈ? (ਕੁਲੁ. 4:5) ਸਾਡੇ ਵਿੱਚੋਂ ਬਹੁਤ ਸਾਰੇ ਭੈਣ-ਭਰਾ ਪਰਿਵਾਰਕ ਅਤੇ ਕਲੀਸਿਯਾਈ ਜ਼ਿੰਮੇਵਾਰੀਆਂ ਦੀ ਦੇਖ-ਭਾਲ ਕਰਨ ਕਰਕੇ ਵਿਅਸਤ ਜੀਵਨ ਗੁਜ਼ਾਰਦੇ ਹਨ। ਜੇਕਰ ਅਸੀਂ ਹਰ ਹਫ਼ਤੇ ਪ੍ਰਚਾਰ ਕੰਮ ਅਤੇ ਸਿਖਾਉਣ ਦੇ ਕੰਮ ਵਿਚ ਹਿੱਸਾ ਲੈਣ ਲਈ ਨਿਸ਼ਚਿਤ ਪ੍ਰਬੰਧ ਨਹੀਂ ਕਰਦੇ, ਤਾਂ ਦੂਜੇ ਕੰਮਾਂ-ਕਾਰਾਂ ਕਰਕੇ ਇਸ ਅਤਿ ਜ਼ਰੂਰੀ ਕੰਮ ਨੂੰ ਆਸਾਨੀ ਨਾਲ ਅਣਗੌਲਿਆਂ ਕੀਤਾ ਜਾ ਸਕਦਾ ਹੈ। ਇਕ ਵੱਡੇ ਗਊਸ਼ਾਲਾ ਦੇ ਮਾਲਕ ਨੇ ਕਿਹਾ: “ਲਗਭਗ 1944 ਵਿਚ, ਮੈਨੂੰ ਅਹਿਸਾਸ ਹੋਇਆ ਕਿ ਜੇ ਮੈਂ ਖੇਤਰ ਸੇਵਕਾਈ ਲਈ ਜਾਣਾ ਹੈ ਤਾਂ ਮੈਨੂੰ ਇਸ ਲਈ ਹਫ਼ਤੇ ਵਿਚ ਇਕ ਦਿਨ ਅਲੱਗ ਰੱਖਣਾ ਪੈਣਾ ਸੀ। ਉਦੋਂ ਤੋਂ ਲੈ ਕੇ ਹੁਣ ਤਕ, ਮੈਂ ਅਜੇ ਵੀ ਹਫ਼ਤੇ ਦੇ ਦੌਰਾਨ ਇਕ ਦਿਨ ਖੇਤਰ ਸੇਵਕਾਈ ਲਈ ਕੰਮ ਤੋਂ ਛੁੱਟੀ ਲੈਂਦਾ ਹਾਂ।” ਇਕ ਮਸੀਹੀ ਬਜ਼ੁਰਗ ਨੇ ਅਨੁਭਵ ਕੀਤਾ ਕਿ ਗਵਾਹੀ ਕਾਰਜ ਲਈ ਇਕ ਨਿਸ਼ਚਿਤ ਸਮਾਂ-ਸੂਚੀ ਹੋਣ ਨਾਲ ਉਹ ਪ੍ਰਚਾਰ ਕੰਮ ਵਿਚ ਇਕ ਮਹੀਨੇ ਵਿਚ ਔਸਤ 15 ਘੰਟੇ ਬਿਤਾ ਸਕਦਾ ਹੈ। ਜੇਕਰ ਉਸ ਨੂੰ ਸ਼ਿਨੱਚਰਵਾਰ ਕੋਈ ਕੰਮ ਹੁੰਦਾ ਹੈ, ਤਾਂ ਉਹ ਇਸ ਨੂੰ ਸਵੇਰ ਦੀ ਖੇਤਰ ਸੇਵਕਾਈ ਤੋਂ ਬਾਅਦ ਕਰਦਾ ਹੈ। ਕੀ ਤੁਸੀਂ ਅਤੇ ਤੁਹਾਡਾ ਪਰਿਵਾਰ ਹਫ਼ਤੇ ਵਿਚ ਘੱਟੋ-ਘੱਟ ਇਕ ਦਿਨ ਖੇਤਰ ਸੇਵਾ ਲਈ ਅਲੱਗ ਰੱਖ ਸਕਦੇ ਹੋ, ਅਤੇ ਇਸ ਨੂੰ ਆਪਣੇ ਅਧਿਆਤਮਿਕ ਜੀਵਨ ਦਾ ਹਿੱਸਾ ਬਣਾ ਸਕਦੇ ਹੋ?—ਫ਼ਿਲਿ. 3:16.
8 ਆਪਣੇ ਰੋਜ਼ਾਨਾ ਜੀਵਨ ਦੇ ਕੰਮਾਂ-ਕਾਰਾਂ ਦੀ ਜਾਂਚ ਕਰੋ: ਕੁਝ ਚੀਜ਼ਾਂ ਸਾਨੂੰ ਆਪਣੇ ਜੀਵਨ ਵਿਚ ਯਹੋਵਾਹ ਦੀ ਸੇਵਾ ਨੂੰ ਪਹਿਲ ਦੇਣ ਤੋਂ ਰੋਕਦੀਆਂ ਹਨ। ਅਚਾਨਕ ਪੈਦਾ ਹੋਏ ਹਾਲਾਤ ਸਾਡੇ ਅਧਿਐਨ, ਸਭਾਵਾਂ, ਅਤੇ ਸੇਵਕਾਈ ਲਈ ਧਿਆਨ ਨਾਲ ਬਣਾਈ ਗਈ ਸਮਾਂ-ਸੂਚੀ ਵਿਚ ਵਿਘਨ ਪਾ ਸਕਦੇ ਹਨ। ਅਤੇ ਸਾਡਾ ਵਿਰੋਧੀ, ਸ਼ਤਾਨ ‘ਸਾਨੂੰ ਡੱਕਣ ਲਈ’ ਅਤੇ ਸਾਡੀਆਂ ਯੋਜਨਾਵਾਂ ਨੂੰ ਨਿਸਫਲ ਬਣਾਉਣ ਦੀ ਪੂਰੀ ਕੋਸ਼ਿਸ਼ ਕਰੇਗਾ। (1 ਥੱਸ. 2:18; ਅਫ਼. 6:12, 13) ਇਨ੍ਹਾਂ ਹਲਾਤਾਂ ਤੋਂ ਨਿਰਾਸ਼ ਹੋ ਕੇ ਹਾਰ ਨਾ ਮੰਨੋ। ਆਪਣੇ ਪਰਮੇਸ਼ੁਰੀ ਕੰਮ ਦੀ ਸਮਾਂ-ਸੂਚੀ ਦੇ ਅਨੁਸਾਰ ਚੱਲਣ ਲਈ ਜੋ ਵੀ ਤਬਦੀਲੀ ਕਰਨ ਦੀ ਲੋੜ ਹੈ, ਉਹ ਕਰੋ। ਉਚਿਤ ਕੰਮ ਨੂੰ ਪੂਰਾ ਕਰਨ ਲਈ ਦ੍ਰਿੜ੍ਹ ਇਰਾਦੇ ਦੀ ਅਤੇ ਲਗਾਤਾਰ ਕੋਸ਼ਿਸ਼ ਕਰਨ ਦੀ ਜ਼ਰੂਰਤ ਹੁੰਦੀ ਹੈ।
9 ਸਾਨੂੰ ਸੰਸਾਰਕ ਪ੍ਰਭਾਵਾਂ ਅਤੇ ਆਪਣੀ ਅਪੂਰਣ ਦੇਹ ਦੇ ਹਾਨੀਕਾਰਕ ਪ੍ਰਭਾਵਾਂ ਕਰਕੇ ਗ਼ੈਰ-ਅਧਿਆਤਮਿਕ ਕੰਮਾਂ ਵਿਚ ਨਹੀਂ ਪੈਣਾ ਚਾਹੀਦਾ ਹੈ, ਜਿਨ੍ਹਾਂ ਕੰਮਾਂ ਵਿਚ ਸਾਡਾ ਜ਼ਿਆਦਾ ਤੋਂ ਜ਼ਿਆਦਾ ਸਮਾਂ ਅਤੇ ਧਿਆਨ ਲੱਗ ਸਕਦਾ ਹੈ। ਸਾਨੂੰ ਇਹ ਸਵਾਲ ਪੁੱਛਣ ਦੁਆਰਾ ਆਪਣੀ ਜਾਂਚ ਕਰਨ ਦੀ ਲੋੜ ਹੈ: ‘ਕੀ ਮੇਰੀ ਜ਼ਿੰਦਗੀ ਦਾ ਤੌਰ-ਤਰੀਕਾ ਹੌਲੀ-ਹੌਲੀ ਅਸੰਤੁਲਿਤ ਹੋ ਗਿਆ ਹੈ ਜਾਂ ਮੇਰਾ ਧਿਆਨ ਅਧਿਆਤਮਿਕ ਗੱਲਾਂ ਤੋਂ ਪਰੇ ਹੱਟ ਗਿਆ ਹੈ? ਕੀ ਮੈਂ ਆਪਣੀ ਜ਼ਿੰਦਗੀ ਵਿਚ ਇਸ ਸੰਸਾਰ ਦੀਆਂ ਚੀਜ਼ਾਂ ਨੂੰ ਪਹਿਲ ਦੇ ਰਿਹਾ ਹਾਂ, ਜੋ ਕਿ ਬੀਤਦੀਆਂ ਜਾਂਦੀਆਂ ਹਨ? (1 ਯੂਹੰ. 2:15-17) ਅਧਿਆਤਮਿਕ ਕੰਮਾਂ ਦੀ ਤੁਲਨਾ ਵਿਚ, ਮੈਂ ਕਿੰਨਾ ਸਮਾਂ ਵਿਅਕਤੀਗਤ ਕੰਮਾਂ-ਕਾਰਾਂ, ਸੈਰ-ਸਪਾਟੇ, ਖੇਡਾਂ ਜਾਂ ਹੋਰ ਮਨੋਰੰਜਨ ਵਿਚ ਲਗਾਉਂਦਾ ਹਾਂ—ਜਿਸ ਵਿਚ ਟੈਲੀਵਿਯਨ ਵੇਖਣਾ ਜਾਂ ਇੰਟਰਨੈੱਟ ਸਰਫ਼ਿੰਗ ਵੀ ਸ਼ਾਮਲ ਹੈ?’
10 ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਜੀਵਨ ਗ਼ੈਰ-ਜ਼ਰੂਰੀ ਕੰਮਾਂ ਨਾਲ ਭਰ ਗਿਆ ਹੈ, ਤਾਂ ਫਿਰ ਕੀ ਕੀਤਾ ਜਾ ਸਕਦਾ ਹੈ? ਜਿਸ ਤਰ੍ਹਾਂ ਪੌਲੁਸ ਨੇ ਪ੍ਰਾਰਥਨਾ ਕੀਤੀ ਕਿ ਉਸ ਦੇ ਭਰਾ ‘ਮੁੜ ਇਕਸਾਰ ਕੀਤੇ ਜਾਣ’ ਜਾਂ ‘ਸੇਧ ਵਿਚ ਲਿਆਏ ਜਾਣ,’ ਕਿਉਂ ਨਾ ਅਸੀਂ ਵੀ ਮਦਦ ਲਈ ਯਹੋਵਾਹ ਕੋਲੋਂ ਬੇਨਤੀ ਕਰੀਏ ਤਾਂਕਿ ਅਸੀਂ ਆਪਣੇ ਜੀਵਨ ਵਿਚ ਫਿਰ ਤੋਂ ਉਸ ਦੀ ਸੇਵਾ ਨੂੰ ਪਹਿਲ ਦੇ ਸਕੀਏ? (2 ਕੁਰਿੰ. 13:9, 11, ਨਿ ਵ, ਫੁਟਨੋਟ) ਫਿਰ ਆਪਣੇ ਦ੍ਰਿੜ੍ਹ ਇਰਾਦੇ ਉੱਤੇ ਟਿਕੇ ਰਹੋ ਅਤੇ ਲੋੜੀਂਦੀਆਂ ਤਬਦੀਲੀਆਂ ਕਰੋ। (1 ਕੁਰਿੰ. 9:26, 27) ਯਹੋਵਾਹ ਤੁਹਾਡੀ ਮਦਦ ਕਰੇਗਾ ਕਿ ਤੁਸੀਂ ਉਸ ਦੀ ਆਗਿਆਕਾਰੀ ਸੇਵਾ ਕਰਨ ਤੋਂ ਸੱਜੇ ਜਾਂ ਖੱਬੇ ਨਾ ਮੁੜੋ।—ਯਸਾਯਾਹ 30:20, 21 ਦੀ ਤੁਲਨਾ ਕਰੋ।
11 ਪਰਮੇਸ਼ੁਰ ਦੀ ਆਨੰਦਮਈ ਸੇਵਾ ਵਿਚ ਰੁੱਝੇ ਰਹੋ: ਲੱਖਾਂ ਹੀ ਲੋਕ ਖ਼ੁਸ਼ੀ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕਰਦੇ ਹਨ, ਪਰ ਜਿਉਂ ਹੀ ਉਨ੍ਹਾਂ ਦੀ ਜ਼ਿੰਦਗੀ ਦਾ ਅੰਤ ਨੇੜੇ ਆਉਂਦਾ ਹੈ, ਉਹ ਪਾਉਂਦੇ ਹਨ ਕਿ ਜਿਨ੍ਹਾਂ ਭੌਤਿਕ ਚੀਜ਼ਾਂ ਦੇ ਪਿੱਛੇ ਉਹ ਭੱਜ ਰਹੇ ਸਨ, ਇਨ੍ਹਾਂ ਚੀਜ਼ਾਂ ਨੇ ਉਨ੍ਹਾਂ ਲਈ ਸਥਾਈ ਖ਼ੁਸ਼ੀ ਨਹੀਂ ਲਿਆਂਦੀ। ਇਹ ‘ਹਵਾ ਦਾ ਫੱਕਣਾ’ ਸੀ। (ਉਪ. 2:11) ਦੂਜੇ ਪਾਸੇ, ਜਦੋਂ ਅਸੀਂ ਆਪਣੇ ਜੀਵਨ ਵਿਚ ਯਹੋਵਾਹ ਨੂੰ ਪਹਿਲ ਦਿੰਦੇ ਹਾਂ, ਅਤੇ ‘ਸਦਾ ਹੀ ਉਸ ਨੂੰ ਆਪਣੇ ਅੱਗੇ ਰੱਖਦੇ ਹਾਂ,’ ਤਾਂ ਅਸੀਂ ਗਹਿਰੀ ਸੰਤੁਸ਼ਟੀ ਦਾ ਅਨੁਭਵ ਕਰਦੇ ਹਾਂ। (ਜ਼ਬੂ. 16:8, 11) ਇਹ ਇਸ ਲਈ ਕਿਉਂਕਿ ਯਹੋਵਾਹ ਹੀ ਸਾਡੀ ਹੋਂਦ ਦਾ ਕਾਰਨ ਹੈ। (ਪਰ. 4:11) ਮਹਾਨ ਉਦੇਸ਼ਕਰਤਾ ਯਹੋਵਾਹ ਦੇ ਬਿਨਾਂ ਸਾਡੇ ਜੀਵਨ ਦਾ ਕੋਈ ਅਰਥ ਨਹੀਂ ਹੈ। ਯਹੋਵਾਹ ਦੀ ਸੇਵਾ ਕਰਨ ਨਾਲ, ਅਸੀਂ ਅਜਿਹੇ ਲਾਭਦਾਇਕ ਅਤੇ ਮਕਸਦ ਭਰੇ ਕੰਮਾਂ ਵਿਚ ਰੁੱਝੇ ਰਹਿੰਦੇ ਹਾਂ, ਜੋ ਸਾਨੂੰ ਅਤੇ ਦੂਜਿਆਂ ਨੂੰ ਵੀ ਸਥਾਈ ਰੂਪ ਵਿਚ, ਹਾਂ, ਸਦੀਪ ਕਾਲ ਤਕ ਲਾਭ ਪਹੁੰਚਾਉਂਦੇ ਹਨ।
12 ਇਹ ਮਹੱਤਵਪੂਰਣ ਹੈ ਕਿ ਅਸੀਂ ਸੁਸਤ ਨਾ ਹੋ ਜਾਈਏ ਅਤੇ ਹਮੇਸ਼ਾ ਯਾਦ ਰੱਖੀਏ ਕਿ ਸ਼ਤਾਨ ਦੇ ਸੰਸਾਰ ਦਾ ਅੰਤ ਤੇਜ਼ੀ ਨਾਲ ਨੇੜੇ ਆ ਰਿਹਾ ਹੈ। ਭਵਿੱਖ ਦੇ ਬਾਰੇ ਜੋ ਕੁਝ ਅਸੀਂ ਸੋਚਦੇ ਹਾਂ, ਉਹ ਸਾਡੇ ਰੋਜ਼ਾਨਾ ਦੇ ਜੀਵਨ ਤੇ ਪ੍ਰਭਾਵ ਪਾਉਂਦਾ ਹੈ। ਨੂਹ ਦੇ ਦਿਨਾਂ ਵਿਚ ਲੋਕਾਂ ਨੇ ਵਿਸ਼ਵਾਸ ਨਹੀਂ ਕੀਤਾ ਕਿ ਪੂਰੀ ਧਰਤੀ ਤੇ ਜਲ ਪਰਲੋ ਆਵੇਗੀ, ਇਸ ਲਈ ਉਨ੍ਹਾਂ ਨੇ ‘ਕੋਈ ਧਿਆਨ ਨਾ ਦਿੰਦੇ ਹੋਏ’ (ਨਿ ਵ) ਆਪਣੇ ਜੀਵਨ ਨੂੰ ਵਿਅਕਤੀਗਤ ਕੰਮਾਂ-ਕਾਰਾਂ ਵਿਚ, ਜਿਵੇਂ ਕਿ ਖਾਣ-ਪੀਣ ਅਤੇ ਵਿਆਹ ਕਰਾਉਣ ਵਿਚ ਲਗਾਈ ਰੱਖਿਆ, ਜਦ ਤਾਈਂ ਕਿ ਪਰਲੋ “ਸਭਨਾਂ ਨੂੰ ਰੁੜ੍ਹਾ ਕੇ ਲੈ ਨਾ ਗਈ।” (ਮੱਤੀ 24:37-39) ਅੱਜ ਜਿਹੜੇ ਲੋਕ ਆਪਣੇ ਜੀਵਨ ਵਿਚ ਇਸ ਸੰਸਾਰ ਨੂੰ ਪਹਿਲ ਦਿੰਦੇ ਹਨ, ਉਹ “ਯਹੋਵਾਹ ਦੇ ਉਸ ਦਿਨ” ਵਿਚ, ਅਰਥਾਤ ਅਜਿਹੇ ਵੱਡੇ ਵਿਨਾਸ਼ ਵਿਚ ਆਪਣੇ ਭਵਿੱਖ ਦੇ ਸੁਪਨਿਆਂ ਨੂੰ ਚੂਰ ਚੂਰ ਹੁੰਦੇ ਵੇਖਣਗੇ, ਜੋ ਮਨੁੱਖਜਾਤੀ ਦੇ ਇਤਿਹਾਸ ਵਿਚ ਪਹਿਲਾਂ ਕਦੀ ਨਹੀਂ ਹੋਇਆ।—2 ਪਤ. 3:10-12.
13 ਇਸ ਲਈ ਆਪਣੇ ਜੀਵਨ ਵਿਚ ਜੀਉਂਦੇ ਪਰਮੇਸ਼ੁਰ ਯਹੋਵਾਹ ਨੂੰ ਅਤੇ ਉਸ ਦੀ ਇੱਛਾ ਨੂੰ ਪਹਿਲ ਦਿਓ। ਇਸ ਜੀਵਨ ਵਿਚ ਅਜਿਹਾ ਹੋਰ ਕੋਈ ਦੂਸਰਾ ਕੰਮ ਨਹੀਂ ਜਿਸ ਦਾ ਇੰਨਾ ਭਰੋਸੇਯੋਗ ਸਮਰਥਕ ਯਹੋਵਾਹ ਹੋਵੇ। ਉਹ ਝੂਠ ਨਹੀਂ ਬੋਲ ਸਕਦਾ—ਉਹ ਆਪਣੇ ਵਾਅਦਿਆਂ ਤੇ ਪੂਰਾ ਉਤਰੇਗਾ। (ਤੀਤੁ. 1:2) ਉਹ ਮਰ ਨਹੀਂ ਸਕਦਾ ਅਤੇ ਉਸ ਕੋਲ ਸਾਡੀ ਅਮਾਨਤ ਸੁਰੱਖਿਅਤ ਹੈ। (ਹਬ. 1:12, ਨਿ ਵ; 2 ਤਿਮੋ. 1:12) ਅਸੀਂ ਹੁਣ ਜਿਹੜਾ ਆਗਿਆਕਾਰੀ ਅਤੇ ਨਿਹਚਾ ਦਾ ਜੀਵਨ ਜੀ ਰਹੇ ਹਾਂ, ਇਹ ਉਸ ਜੀਵਨ ਦੀ ਸ਼ੁਰੂਆਤ ਹੈ, ਜੋ ਸਾਡੇ ਖ਼ੁਸ਼ ਪਰਮੇਸ਼ੁਰ ਦੀ ਆਨੰਦਮਈ ਸੇਵਾ ਵਿਚ ਹਮੇਸ਼ਾ ਤਕ ਜਾਰੀ ਰਹੇਗਾ।—1 ਤਿਮੋ. 1:11, ਨਿ ਵ; 6:19.
[ਸਫ਼ੇ 3 ਉੱਤੇ ਸੁਰਖੀ]
“ਸੱਚਾਈ ਸਾਡੇ ਜੀਵਨ ਦਾ ਭਾਗ ਨਹੀਂ, ਬਲਕਿ ਸਾਡਾ ਜੀਵਨ ਹੈ। ਬਾਕੀ ਸਭ ਕੁਝ ਇਸ ਉੱਤੇ ਕੇਂਦ੍ਰਿਤ ਹੈ।”