ਬਾਈਬਲ ਅਧਿਐਨ ਵਿਚ—ਪੂਰਾ ਹਿੱਸਾ ਲੈਣ ਦੇ ਲਈ ਪਰਿਵਾਰ ਦੇ ਮੈਂਬਰ ਕਿਵੇਂ ਸਹਿਯੋਗ ਦਿੰਦੇ ਹਨ
1 ਸੱਚਾਈ, ਪਰਿਵਾਰਕ ਜੀਵਨ ਨੂੰ ਅਸਲੀ ਅਰਥ ਅਤੇ ਉਦੇਸ਼ ਦਿੰਦੀ ਹੈ, ਪਰ ਯਹੋਵਾਹ ਦੀ ਸੇਵਾ ਵਿਚ ਸਫ਼ਲਤਾ ਖ਼ੁਦ-ਬ-ਖ਼ੁਦ ਨਹੀਂ ਮਿਲਦੀ ਹੈ। ਇਕ ਅਧਿਆਤਮਿਕ ਤੌਰ ਤੇ ਮਜ਼ਬੂਤ ਪਰਿਵਾਰ ਬਣਾਉਣ ਲਈ ਸਮਾਂ ਲੱਗਦਾ ਹੈ ਅਤੇ ਜਤਨ ਕਰਨਾ ਪੈਂਦਾ ਹੈ। ਇਸ ਜਤਨ ਵਿਚ ਪਰਿਵਾਰ ਦੇ ਮੈਂਬਰਾਂ ਨੂੰ ਨਜ਼ਦੀਕੀ ਨਾਲ ਇਕੱਠੇ ਮਿਲ ਕੇ ਕੰਮ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ। ਤਿੰਨ ਭਾਗਾਂ ਵਾਲੀ ਲੜੀ ਦਾ ਇਹ ਪਹਿਲਾ ਲੇਖ ਇਸ ਗੱਲ ਉੱਤੇ ਧਿਆਨ ਕੇਂਦ੍ਰਿਤ ਕਰੇਗਾ ਕਿ ਅਧਿਐਨ ਕਰਨ ਦੀਆਂ ਚੰਗੀਆਂ ਆਦਤਾਂ ਨੂੰ ਵਿਕਸਿਤ ਕਰਨ ਵਿਚ ਪਰਿਵਾਰ ਕਿਵੇਂ ਸਹਿਯੋਗ ਦੇ ਸਕਦੇ ਹਨ।
2 ਹਰ ਰੋਜ਼ ਬਾਈਬਲ ਪੜ੍ਹਨ ਦੁਆਰਾ: ਕਹਾਉਤਾਂ 24:5 ਕਹਿੰਦਾ ਹੈ ਕਿ “ਗਿਆਨੀ ਮਨੁੱਖ ਸ਼ਕਤੀ ਵਧਾਈ ਜਾਂਦਾ ਹੈ।” ਪਰਮੇਸ਼ੁਰ ਦੇ ਬਚਨ ਨੂੰ ਨਿਯਮਿਤ ਤੌਰ ਤੇ ਪੜ੍ਹਨ ਦੁਆਰਾ ਜੋ ਗਿਆਨ ਮਿਲਦਾ ਹੈ, ਉਸ ਤੋਂ ਇਕ ਵਿਅਕਤੀ ਨੂੰ ਅੰਦਰੂਨੀ ਤਾਕਤ ਮਿਲਦੀ ਹੈ ਜੋ ਕਿ ਉਸ ਦੀ ਅਧਿਆਤਮਿਕਤਾ ਉੱਤੇ ਸ਼ਤਾਨ ਦੇ ਹਮਲਿਆਂ ਦਾ ਵਿਰੋਧ ਕਰਨ ਲਈ ਲੋੜੀਂਦੀ ਹੈ। (ਜ਼ਬੂ. 1:1, 2) ਕੀ ਤੁਸੀਂ ਹਰ ਰੋਜ਼ ਇਕ ਪਰਿਵਾਰ ਦੇ ਤੌਰ ਤੇ ਇਕੱਠੇ ਮਿਲ ਕੇ ਬਾਈਬਲ ਪੜ੍ਹਦੇ ਹੋ? ਦੈਵ-ਸ਼ਾਸਕੀ ਸੇਵਕਾਈ ਸਕੂਲ ਅਨੁਸੂਚੀ ਸਾਲ ਦੇ ਹਰ ਹਫ਼ਤੇ ਲਈ ਇਕ “ਸੰਪੂਰਕ ਬਾਈਬਲ-ਪਠਨ ਅਨੁਸੂਚੀ” ਦੀ ਰੂਪ-ਰੇਖਾ ਦਿੰਦੀ ਹੈ। ਇਸ ਅਨੁਸੂਚੀ ਅਨੁਸਾਰ ਚੱਲਣ ਲਈ ਇਕ ਪਰਿਵਾਰ ਨੂੰ ਹਰ ਦਿਨ ਵਿਚ ਸਿਰਫ਼ ਦਸ ਮਿੰਟ ਦੇਣ ਦੀ ਲੋੜ ਹੈ। ਬਾਈਬਲ ਪੜ੍ਹਨ ਲਈ ਅਤੇ ਸ਼ਾਸਤਰਵਚਨਾਂ ਦੀ ਜਾਂਚ ਕਰਨਾ ਵਿੱਚੋਂ ਦਿਨ ਦੇ ਪਾਠ ਤੇ ਚਰਚਾ ਕਰਨ ਲਈ ਇਕ ਸੁਵਿਧਾਜਨਕ ਸਮਾਂ ਚੁਣੋ, ਜਿਵੇਂ ਕਿ ਨਾਸ਼ਤੇ ਦੇ ਸਮੇਂ, ਰਾਤ ਦੇ ਖਾਣੇ ਤੋਂ ਬਾਅਦ, ਜਾਂ ਸੌਣ ਤੋਂ ਪਹਿਲਾਂ। ਇਸ ਨੂੰ ਆਪਣੇ ਪਰਿਵਾਰ ਦੇ ਰੋਜ਼ਾਨਾ ਨਿੱਤ-ਕਰਮ ਦਾ ਹਿੱਸਾ ਬਣਾਓ।
3 ਹਰ ਹਫ਼ਤੇ ਇਕੱਠੇ ਮਿਲ ਕੇ ਅਧਿਐਨ ਕਰਨ ਦੁਆਰਾ: ਪਰਿਵਾਰਕ ਬਾਈਬਲ ਅਧਿਐਨ ਨੂੰ ਪਰਿਵਾਰ ਦੇ ਹਫ਼ਤੇ ਦੀ ਇਕ ਖ਼ਾਸ ਵਿਸ਼ੇਸ਼ਤਾ ਹੋਣਾ ਚਾਹੀਦਾ ਹੈ। ਹਰ ਮੈਂਬਰ ਨੂੰ ਅਧਿਐਨ ਵਿਚ ਜੋਸ਼ ਨਾਲ ਹਿੱਸਾ ਲੈਣ ਦੁਆਰਾ ਸਮਰਥਨ ਦੇਣਾ ਚਾਹੀਦਾ ਹੈ। ਪਰਿਵਾਰ ਦਾ ਮੁਖੀ, ਅਧਿਐਨ ਸਾਮੱਗਰੀ ਅਤੇ ਅਧਿਐਨ ਦਾ ਦਿਨ, ਸਮਾਂ, ਤੇ ਉਸ ਦੀ ਲੰਬਾਈ ਦੀ ਚੋਣ ਕਰਨ ਵੇਲੇ ਪਰਿਵਾਰ ਦੀਆਂ ਜ਼ਰੂਰਤਾਂ ਤੇ ਧਿਆਨ ਦੇਵੇਗਾ। ਹਫ਼ਤੇ ਦੀ ਅਨੁਸੂਚੀ ਵਿਚ ਪਰਿਵਾਰਕ ਅਧਿਐਨ ਨੂੰ ਪਹਿਲ ਦਿਓ। ਘੱਟ ਮਹੱਤਤਾ ਵਾਲੇ ਮਾਮਲਿਆਂ ਨੂੰ ਪਰਿਵਾਰਕ ਅਧਿਐਨ ਵਿਚ ਵਿਘਨ ਨਾ ਪਾਉਣ ਦਿਓ।—ਫ਼ਿਲਿ. 1:10, 11.
4 ਇਕ ਪਿਤਾ ਜਿਸ ਨੂੰ ਕਿ ਘਰ ਵਿਚ ਅਕਸਰ ਕਾਰੋਬਾਰ ਸੰਬੰਧੀ ਫ਼ੋਨ ਆਉਂਦੇ ਸਨ, ਪਰਿਵਾਰਕ ਅਧਿਐਨ ਦੌਰਾਨ ਟੈਲੀਫ਼ੋਨ ਦੇ ਰਸੀਵਰ ਨੂੰ ਹੇਠਾਂ ਰੱਖ ਦਿੰਦਾ ਸੀ। ਜੇਕਰ ਗਾਹਕ ਘਰ ਆਉਂਦੇ ਸਨ, ਤਾਂ ਉਹ ਉਨ੍ਹਾਂ ਨੂੰ ਅਧਿਐਨ ਵਿਚ ਸ਼ਾਮਲ ਹੋਣ ਲਈ ਸੱਦਾ ਦਿੰਦਾ ਸੀ ਜਾਂ ਜਦ ਤਕ ਇਹ ਖ਼ਤਮ ਨਾ ਹੋ ਜਾਵੇ ਤਦ ਤਕ ਇੰਤਜ਼ਾਰ ਕਰਨ ਲਈ ਕਹਿੰਦਾ ਸੀ। ਪਿਤਾ ਦ੍ਰਿੜ੍ਹ ਸੀ ਕਿ ਕੋਈ ਵੀ ਚੀਜ਼ ਪਰਿਵਾਰਕ ਅਧਿਐਨ ਵਿਚ ਵਿਘਨ ਨਾ ਪਾਵੇ। ਇਸ ਦਾ ਉਸ ਦੇ ਬੱਚਿਆਂ ਉੱਤੇ ਡੂੰਘਾ ਪ੍ਰਭਾਵ ਪਿਆ, ਅਤੇ ਉਸ ਦਾ ਕਾਰੋਬਾਰ ਵੀ ਵਧਿਆ-ਫੁਲਿਆ।
5 ਕਿੰਨਾ ਆਨੰਦਦਾਇਕ ਹੁੰਦਾ ਹੈ ਜਦੋਂ ਪਰਿਵਾਰ ਦੇ ਮੈਂਬਰ ਅਧਿਆਤਮਿਕ ਕੰਮਾਂ ਵਿਚ ਸਹਿਯੋਗ ਦਿੰਦੇ ਹਨ! ਪਰਿਵਾਰਕ ਬਾਈਬਲ ਅਧਿਐਨ ਵਿਚ ਪੂਰਾ ਹਿੱਸਾ ਲੈਣ ਦੇ ਲਈ ਦਿਲੋਂ ਜਤਨ ਕਰਨ ਦੁਆਰਾ ਸਾਨੂੰ ਯਹੋਵਾਹ ਦੀਆਂ ਬਰਕਤਾਂ ਮਿਲਣਗੀਆਂ।—ਜ਼ਬੂ. 1:3.