ਪਰਿਵਾਰ ਦੇ ਮੁਖੀਓ—ਵਧੀਆ ਅਧਿਆਤਮਿਕ ਰੁਟੀਨ ਬਣਾਓ
1 ਬਾਬਲ ਵਿਚ ਮੂਰਤੀ-ਪੂਜਾ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਸੀ। ਫਿਰ ਵੀ ਉੱਥੇ ਕਈ ਦਹਾਕਿਆਂ ਤਕ ਰਹਿਣ ਤੋਂ ਬਾਅਦ ਵੀ ਦਾਨੀਏਲ ਬਾਰੇ ਇਹ ਕਿਹਾ ਗਿਆ ਕਿ ਉਹ ਯਹੋਵਾਹ ‘ਦੀ ਉਪਾਸਨਾ ਸਦਾ ਕਰਦਾ’ ਸੀ। (ਦਾਨੀ. 6:16, 20) ਉਹ ਅਧਿਆਤਮਿਕ ਤੌਰ ਤੇ ਕਿਵੇਂ ਮਜ਼ਬੂਤ ਰਿਹਾ? ਬਾਈਬਲ ਦੇ ਬਿਰਤਾਂਤ ਤੋਂ ਪਤਾ ਲੱਗਦਾ ਹੈ ਕਿ ਸੱਚੀ ਭਗਤੀ ਨਾਲ ਸੰਬੰਧਿਤ ਸਾਰੇ ਕੰਮਾਂ ਲਈ ਦਾਨੀਏਲ ਦੀ ਇਕ ਪੱਕੀ ਰੁਟੀਨ ਸੀ। ਮਿਸਾਲ ਲਈ, ਉਹ ਬਾਕਾਇਦਾ ਆਪਣੀ ਕੋਠੜੀ ਵਿਚ ਜਾ ਕੇ ਦਿਨ ਵਿਚ ਤਿੰਨ ਵਾਰੀ ਪ੍ਰਾਰਥਨਾ ਕਰਦਾ ਸੀ। (ਦਾਨੀ. 6:10) ਯਕੀਨਨ ਦੂਸਰੇ ਅਧਿਆਤਮਿਕ ਕੰਮਾਂ ਲਈ ਵੀ ਉਸ ਦੀ ਇਕ ਪੱਕੀ ਰੁਟੀਨ ਸੀ, ਜਿਵੇਂ ਸ਼ਰਾ ਨੂੰ ਪੜ੍ਹਨਾ। ਇਸ ਲਈ, ਮੌਤ ਦਾ ਸਾਮ੍ਹਣਾ ਕਰਨ ਤੇ ਵੀ ਦਾਨੀਏਲ ਨੇ ਯਹੋਵਾਹ ਦੀ ਭਗਤੀ ਕਰਨੀ ਨਹੀਂ ਛੱਡੀ ਅਤੇ ਯਹੋਵਾਹ ਨੇ ਉਸ ਨੂੰ ਚਮਤਕਾਰੀ ਢੰਗ ਨਾਲ ਬਚਾ ਲਿਆ।—ਦਾਨੀ. 6:4-22.
2 ਇਸੇ ਤਰ੍ਹਾਂ ਅੱਜ ਸਾਨੂੰ ਵੀ ‘ਬਹੁਤ ਤਕੜਾਈ ਨਾਲ ਜਾਗਦੇ ਰਹਿਣ’ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। (ਅਫ਼. 6:18) ਅਸੀਂ ਜਿਸ ਸੰਸਾਰ ਵਿਚ ਜੀ ਰਹੇ ਹਾਂ, ਉਹ “ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” (1 ਯੂਹੰ. 5:19) ਸਾਡੀ ਨਿਹਚਾ ਨੂੰ ਪਰਖਣ ਵਾਲੀਆਂ ਅਜ਼ਮਾਇਸ਼ਾਂ ਅਚਾਨਕ ਹੀ ਪੈਦਾ ਹੋ ਸਕਦੀਆਂ ਹਨ। ਵੱਡੀ ਬਿਪਤਾ ਦੌਰਾਨ ਮਗੋਗ ਦਾ ਗੋਗ ਵੱਡੇ ਪੈਮਾਨੇ ਉੱਤੇ ਪਰਮੇਸ਼ੁਰ ਦੇ ਸੇਵਕਾਂ ਉੱਤੇ ਹਮਲਾ ਕਰੇਗਾ ਜਿਸ ਵਿੱਚੋਂ ਬਚਣਾ ਨਾਮੁਮਕਿਨ ਲੱਗੇਗਾ। ਉਦੋਂ ਸਾਨੂੰ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਣ ਦੀ ਲੋੜ ਪਵੇਗੀ।—ਹਿਜ਼. 38:14-16.
3 “ਇਹ ਬਹੁਤ ਹੀ ਜ਼ਰੂਰੀ ਹੈ ਕਿ ਪੂਰਾ ਪਰਿਵਾਰ ਨਿਯਮਿਤ ਤੌਰ ਤੇ ਬਾਈਬਲ ਪੜ੍ਹੇ, ਅਧਿਐਨ ਕਰੇ ਅਤੇ ਅਧਿਆਤਮਿਕ ਗੱਲਾਂ ਉੱਤੇ ਚਰਚਾ ਕਰੇ।” ਇਹ ਵਾਕ 1998 ਜ਼ਿਲ੍ਹਾ ਸੰਮੇਲਨ ਦੇ ਡਰਾਮੇ ਦੇ ਮੁਖਬੰਧ ਵਿਚ ਕਿਹਾ ਗਿਆ ਸੀ। ਉਸ ਡਰਾਮੇ ਦਾ ਵਿਸ਼ਾ ਸੀ “ਪਰਿਵਾਰੋ—ਹਰ ਰੋਜ਼ ਬਾਈਬਲ ਪੜ੍ਹਨੀ ਆਪਣੇ ਜੀਵਨ ਦੀ ਆਦਤ ਬਣਾਓ!” ਫਿਰ ਅੱਗੇ ਕਿਹਾ ਗਿਆ ਸੀ: “ਜਦੋਂ ਪਰਿਵਾਰ ਨਿਯਮਿਤ ਤੌਰ ਤੇ ਇਸ ਤਰ੍ਹਾਂ ਕਰਦਾ ਹੈ ਅਤੇ ਅਜਿਹੇ ਤਰੀਕੇ ਨਾਲ ਬਾਈਬਲ ਪੜ੍ਹਦਾ ਹੈ ਕਿ ਪੂਰਾ ਪਰਿਵਾਰ ਇਸ ਵਿਚ ਮਗਨ ਹੋ ਜਾਂਦਾ ਹੈ, ਤਾਂ ਅਜਿਹੀ ਰੁਟੀਨ ਪੂਰੇ ਪਰਿਵਾਰ ਉੱਤੇ ਚੰਗਾ ਅਸਰ ਪਾ ਸਕਦੀ ਹੈ। ਇਸ ਨਾਲ ਸਾਡਾ ਗਿਆਨ ਵਧਦਾ ਹੈ ਅਤੇ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ। ਬਾਈਬਲ ਵਿਚ ਪੁਰਾਣੇ ਸਮਿਆਂ ਦੇ ਵਫ਼ਾਦਾਰ ਆਦਮੀਆਂ ਅਤੇ ਔਰਤਾਂ ਦੀਆਂ ਮਿਸਾਲਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਤੋਂ ਸਾਨੂੰ ਉਤਸ਼ਾਹ ਮਿਲਦਾ ਹੈ ਅਤੇ ਇਹ ਸਾਨੂੰ ਸੱਚਾਈ ਦੇ ਪੱਖ ਵਿਚ ਖੜ੍ਹਨ ਲਈ ਪ੍ਰੇਰਿਤ ਕਰ ਸਕਦੀਆਂ ਹਨ।” ਆਓ ਆਪਾਂ ਇਕ ਚੰਗੀ ਅਧਿਆਤਮਿਕ ਰੁਟੀਨ ਦੇ ਕੁਝ ਪਹਿਲੂਆਂ ਉੱਤੇ ਗੌਰ ਕਰੀਏ। ਪਰਿਵਾਰ ਦੇ ਮੁਖੀ ਇਸ ਗੱਲ ਉੱਤੇ ਵਿਚਾਰ ਕਰ ਸਕਦੇ ਹਨ ਕਿ ਉਹ ਕਿਹੜੇ ਇਕ-ਦੋ ਤਰੀਕਿਆਂ ਨਾਲ ਆਪਣੇ ਪਰਿਵਾਰ ਦੇ ਅਧਿਆਤਮਿਕ ਪ੍ਰੋਗ੍ਰਾਮ ਵਿਚ ਸੁਧਾਰ ਕਰ ਸਕਦੇ ਹਨ।
4 ਹਰ ਦਿਨ ਪਰਮੇਸ਼ੁਰ ਦੇ ਬਚਨ ਉੱਤੇ ਚਰਚਾ ਕਰੋ: “ਜਦੋਂ ਪਰਮੇਸ਼ੁਰ ਦਾ ਰਾਜ ਕਿਸੇ ਵੀ ਵਿਰੋਧਤਾ ਤੋਂ ਬਗੈਰ ਸ਼ਾਸਨ ਕਰੇਗਾ ਅਤੇ ਉਸ ਦੀ ਮਰਜ਼ੀ ਸਵਰਗ ਵਾਂਗ ਧਰਤੀ ਉੱਤੇ ਪੂਰੀ ਹੋਵੇਗੀ, ਤਾਂ ਨਾ ਭੈੜੇ ਇਨਸਾਨ ਅਤੇ ਨਾ ਹੀ ਵਹਿਸ਼ੀ ਜਾਨਵਰ ਉਸ ਵਿਚ ‘ਸੱਟ ਲਾਉਣਗੇ’ ਜਾਂ ਉਸ ਨੂੰ ‘ਨਾਸ ਕਰਨਗੇ।’ (ਯਸਾ. 11:9; ਮੱਤੀ 6:9, 10)” ਇਹ ਸ਼ਬਦ ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2001 ਵਿਚ 11 ਸਤੰਬਰ ਦੇ ਦੈਨਿਕ ਪਾਠ ਦੀਆਂ ਟਿੱਪਣੀਆਂ ਵਿਚ ਦਿੱਤੇ ਗਏ ਸਨ। ਇਨ੍ਹਾਂ ਸ਼ਬਦਾਂ ਤੋਂ ਸਾਨੂੰ ਕਿੰਨੀ ਤਸੱਲੀ ਮਿਲੀ ਸੀ! ਪਰਿਵਾਰ ਦੇ ਮੁਖੀ ਹੋਣ ਦੇ ਨਾਤੇ, ਕੀ ਤੁਸੀਂ ਹਰ ਦਿਨ ਆਪਣੇ ਪਰਿਵਾਰ ਨਾਲ ਦੈਨਿਕ ਪਾਠ ਅਤੇ ਟਿੱਪਣੀਆਂ ਦੀ ਚਰਚਾ ਕਰਦੇ ਹੋ? ਇਸ ਤਰ੍ਹਾਂ ਕਰਨ ਦੇ ਬਹੁਤ ਸਾਰੇ ਲਾਭ ਹਨ। ਜੇ ਸਵੇਰੇ ਇਕੱਠੇ ਮਿਲ ਕੇ ਦੈਨਿਕ ਪਾਠ ਦੀ ਚਰਚਾ ਕਰਨੀ ਤੁਹਾਡੇ ਲਈ ਸੰਭਵ ਨਹੀਂ ਹੈ, ਤਾਂ ਸ਼ਾਇਦ ਤੁਸੀਂ ਹੋਰ ਕੋਈ ਸਮਾਂ ਲੱਭ ਸਕਦੇ ਹੋ। ਇਕ ਪਿਤਾ ਨੇ ਕਿਹਾ: “ਅਸੀਂ ਹਰ ਦਿਨ ਸ਼ਾਮ ਦੇ ਭੋਜਨ ਵੇਲੇ ਦੈਨਿਕ ਪਾਠ ਦੀ ਚਰਚਾ ਕਰਦੇ ਹਾਂ।”
5 ਜੇ ਤੁਸੀਂ ਪਹਿਲਾਂ ਹੀ ਰੁਟੀਨ ਮੁਤਾਬਕ ਆਪਣੇ ਪਰਿਵਾਰ ਨਾਲ ਦੈਨਿਕ ਪਾਠ ਦੀ ਚਰਚਾ ਕਰ ਰਹੇ ਹੋ, ਤਾਂ ਇਹ ਬਹੁਤ ਹੀ ਵਧੀਆ ਗੱਲ ਹੈ। ਹੋਰ ਜ਼ਿਆਦਾ ਲਾਭ ਹਾਸਲ ਕਰਨ ਲਈ ਤੁਸੀਂ ਦੈਨਿਕ ਪਾਠ ਦੀ ਚਰਚਾ ਮਗਰੋਂ ਬਾਈਬਲ ਦਾ ਕੁਝ ਹਿੱਸਾ ਵੀ ਪੜ੍ਹ ਸਕਦੇ ਹੋ। ਕਈਆਂ ਦੀ ਆਦਤ ਰਹੀ ਹੈ ਕਿ ਜਿਸ ਬਾਈਬਲ ਅਧਿਆਇ ਵਿੱਚੋਂ ਉਸ ਦਿਨ ਦਾ ਹਵਾਲਾ ਲਿਆ ਗਿਆ ਹੈ, ਉਹ ਉਸ ਪੂਰੇ ਅਧਿਆਇ ਨੂੰ ਪੜ੍ਹਦੇ ਹਨ। ਦੂਸਰੇ ਲੋਕ ਬਾਈਬਲ ਦੀ ਕਿਸੇ ਪੋਥੀ ਵਿੱਚੋਂ ਰੋਜ਼ ਇਕ ਅਧਿਆਇ ਪੜ੍ਹਦੇ ਹਨ। ਹਰ ਦਿਨ ਬਾਈਬਲ ਪੜ੍ਹਨ ਨਾਲ ਤੁਹਾਡੇ ਪਰਿਵਾਰ ਵਿਚ ਯਹੋਵਾਹ ਨੂੰ ਨਾਰਾਜ਼ ਕਰਨ ਦਾ ਡਰ ਅਤੇ ਉਸ ਦੀ ਮਰਜ਼ੀ ਪੂਰੀ ਕਰਨ ਦੀ ਦਿਲੀ ਇੱਛਾ ਪੈਦਾ ਹੋਵੇਗੀ।—ਬਿਵ. 17:18-20.
6 ਜੇ ਤੁਸੀਂ ਕੁਝ ਮਿੰਟ ਕੱਢ ਕੇ ਬਾਈਬਲ ਪਠਨ ਅਤੇ ਦੈਨਿਕ ਪਾਠ ਵਿੱਚੋਂ ਮਿਲੀ ਜਾਣਕਾਰੀ ਦੇ ਫ਼ਾਇਦਿਆਂ ਬਾਰੇ ਵੀ ਗੱਲ ਕਰੋਗੇ, ਤਾਂ ਤੁਹਾਡਾ ਪਰਿਵਾਰ ਇਸ ਚਰਚਾ ਤੋਂ ਹੋਰ ਵੀ ਜ਼ਿਆਦਾ ਲਾਭ ਹਾਸਲ ਕਰੇਗਾ। ਸੇਵਾ ਸਕੂਲ ਕਿਤਾਬ ਦੇ ਸਫ਼ਾ 60 ਉੱਤੇ ਇਹ ਸੁਝਾਅ ਦਿੱਤਾ ਗਿਆ ਹੈ: ‘ਤੁਸੀਂ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਕੁਝ ਆਇਤਾਂ ਚੁਣ ਕੇ ਇਨ੍ਹਾਂ ਦੇ ਮਤਲਬ ਉੱਤੇ ਚਰਚਾ ਕਰ ਸਕਦੇ ਹੋ। ਫਿਰ, ਅਜਿਹੇ ਸਵਾਲ ਪੁੱਛ ਸਕਦੇ ਹੋ: “ਇਨ੍ਹਾਂ ਆਇਤਾਂ ਤੋਂ ਅਸੀਂ ਕੀ ਸਿੱਖਿਆ ਹੈ? ਅਸੀਂ ਆਪਣੇ ਪ੍ਰਚਾਰ ਦੇ ਕੰਮ ਵਿਚ ਇਨ੍ਹਾਂ ਨੂੰ ਕਿੱਦਾਂ ਇਸਤੇਮਾਲ ਕਰ ਸਕਦੇ ਹਾਂ? ਇਨ੍ਹਾਂ ਆਇਤਾਂ ਤੋਂ ਸਾਨੂੰ ਯਹੋਵਾਹ ਅਤੇ ਉਸ ਦੇ ਕੰਮ ਕਰਨ ਦੇ ਤਰੀਕੇ ਬਾਰੇ ਕੀ ਪਤਾ ਲੱਗਦਾ ਹੈ? ਇਸ ਨਾਲ ਯਹੋਵਾਹ ਲਈ ਸਾਡੇ ਮਨ ਵਿਚ ਸ਼ਰਦਾ ਕਿਵੇਂ ਵਧਦੀ ਹੈ?”’ ਇਸ ਤਰ੍ਹਾਂ ਦੀ ਅਧਿਆਤਮਿਕ ਗੱਲਬਾਤ ਦੁਆਰਾ ਤੁਹਾਡਾ ਪਰਿਵਾਰ ‘ਸਮਝ ਸਕੇਗਾ ਭਈ ਪ੍ਰਭੁ ਦੀ ਕੀ ਇੱਛਿਆ ਹੈ।’—ਅਫ਼. 5:17.
7 ਪਰਿਵਾਰਕ ਅਧਿਐਨ: ਜਦੋਂ ਪਰਿਵਾਰ ਦੇ ਮੁਖੀ ਬਾਕਾਇਦਾ ਹਰ ਹਫ਼ਤੇ ਪਰਿਵਾਰਕ ਅਧਿਐਨ ਕਰਾਉਂਦੇ ਹਨ, ਤਾਂ ਬੱਚੇ ਇਹ ਦੇਖ ਸਕਦੇ ਹਨ ਕਿ ਉਨ੍ਹਾਂ ਦੇ ਮਾਤਾ-ਪਿਤਾ ਅਧਿਆਤਮਿਕ ਗੱਲਾਂ ਨੂੰ ਪਹਿਲ ਦਿੰਦੇ ਹਨ। ਇਕ ਨੌਜਵਾਨ ਯਾਦ ਕਰਦਾ ਹੈ: “ਕਦੇ-ਕਦੇ ਤਾਂ ਪਿਤਾ ਜੀ ਕੰਮ ਤੋਂ ਇੰਨੇ ਥੱਕੇ-ਟੁੱਟੇ ਘਰ ਆਉਂਦੇ ਸਨ ਕਿ ਉਨ੍ਹਾਂ ਲਈ ਆਪਣੀਆਂ ਅੱਖਾਂ ਨੂੰ ਖੁੱਲ੍ਹਾ ਰੱਖਣਾ ਵੀ ਔਖਾ ਸੀ, ਪਰ ਫਿਰ ਵੀ ਉਹ ਸਾਡੇ ਨਾਲ ਅਧਿਐਨ ਕਰਦੇ ਸਨ ਅਤੇ ਇਸ ਗੱਲ ਨੇ ਪਰਿਵਾਰਕ ਅਧਿਐਨ ਦੀ ਅਹਿਮੀਅਤ ਨੂੰ ਸਮਝਣ ਵਿਚ ਸਾਡੀ ਮਦਦ ਕੀਤੀ।” ਬੱਚੇ ਵੀ ਇਸ ਪ੍ਰਬੰਧ ਨੂੰ ਕਾਮਯਾਬ ਬਣਾਉਣ ਲਈ ਕੁਝ ਕਰ ਸਕਦੇ ਹਨ। ਇਕ ਪਰਿਵਾਰ ਜਿਸ ਵਿਚ ਨੌਂ ਬੱਚੇ ਸਨ, ਹਰ ਰੋਜ਼ ਤੜਕੇ ਪੰਜ ਵਜੇ ਉੱਠ ਕੇ ਪਰਿਵਾਰਕ ਅਧਿਐਨ ਕਰਦਾ ਸੀ ਕਿਉਂਕਿ ਉਨ੍ਹਾਂ ਲਈ ਹੋਰ ਕੋਈ ਸਮਾਂ ਮੁਨਾਸਬ ਨਹੀਂ ਸੀ।
8 ਪਰਿਵਾਰਕ ਅਧਿਐਨ ਤੋਂ ਪੂਰਾ-ਪੂਰਾ ਫ਼ਾਇਦਾ ਲੈਣ ਲਈ ਇਹ ਜ਼ਰੂਰੀ ਹੈ ਕਿ ਘਰ ਦਾ ਮੁਖੀ ‘ਆਪਣੀ ਸਿੱਖਿਆ ਦੀ ਰਾਖੀ ਕਰੇ।’ (1 ਤਿਮੋ. 4:16) ਸੇਵਾ ਸਕੂਲ ਕਿਤਾਬ ਦਾ ਸਫ਼ਾ 32 ਕਹਿੰਦਾ ਹੈ: “ਇਹ ਕਹਿਣਾ ਬਿਲਕੁਲ ਸਹੀ ਹੋਵੇਗਾ ਕਿ ਪਰਿਵਾਰਕ ਅਧਿਐਨ ਨੂੰ ਫ਼ਾਇਦੇਮੰਦ ਬਣਾਉਣ ਲਈ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਅਧਿਐਨ ਕਰਨਾ ਪਵੇਗਾ। ਕੀ ਤੁਹਾਡੇ ਪਰਿਵਾਰ ਦੇ ਮੈਂਬਰ ਅਧਿਆਤਮਿਕ ਗੱਲਾਂ ਵਿਚ ਤਰੱਕੀ ਕਰ ਰਹੇ ਹਨ? . . . ਪ੍ਰਚਾਰ ਕਰਦੇ ਸਮੇਂ, ਕੀ ਤੁਹਾਡੇ ਬੱਚੇ ਆਪਣੇ ਸਕੂਲ ਜਾਂ ਕਾਲਜ ਦੇ ਸਾਥੀਆਂ ਨੂੰ ਬਿਨਾਂ ਹਿਚਕਿਚਾਏ ਇਹ ਦੱਸਦੇ ਹਨ ਕਿ ਉਹ ਯਹੋਵਾਹ ਦੇ ਗਵਾਹ ਹਨ? ਜਦੋਂ ਤੁਹਾਡਾ ਪਰਿਵਾਰ ਮਿਲ ਕੇ ਬਾਈਬਲ ਪੜ੍ਹਦਾ ਅਤੇ ਅਧਿਐਨ ਕਰਦਾ ਹੈ, ਤਾਂ ਕੀ ਸਾਰੇ ਇਸ ਦਾ ਆਨੰਦ ਮਾਣਦੇ ਹਨ? ਕੀ ਉਹ ਪੂਰੇ ਦਿਲ ਨਾਲ ਯਹੋਵਾਹ ਦੇ ਰਾਹਾਂ ਉੱਤੇ ਚੱਲ ਰਹੇ ਹਨ? ਜੇ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਉੱਤੇ ਧਿਆਨ ਦਿਓਗੇ, ਤਾਂ ਪਰਿਵਾਰ ਦੇ ਮੁਖੀ ਹੋਣ ਦੇ ਨਾਤੇ ਤੁਸੀਂ ਪਤਾ ਲਗਾ ਸਕੋਗੇ ਕਿ ਤੁਹਾਨੂੰ ਹਰ ਮੈਂਬਰ ਵਿਚ ਅਧਿਆਤਮਿਕ ਗੁਣ ਪੈਦਾ ਕਰਨ ਲਈ ਕਿਹੜੇ ਕਦਮ ਚੁੱਕਣ ਦੀ ਲੋੜ ਹੈ।”
9 ਕਲੀਸਿਯਾ ਸਭਾਵਾਂ: ਤੁਹਾਡੀ ਹਫ਼ਤਾਵਾਰ ਰੁਟੀਨ ਵਿਚ ਕਲੀਸਿਯਾ ਸਭਾਵਾਂ ਲਈ ਤਿਆਰੀ ਕਰਨੀ ਅਤੇ ਸਭਾਵਾਂ ਵਿਚ ਜਾਣਾ ਵੀ ਸ਼ਾਮਲ ਹੋਣਾ ਚਾਹੀਦਾ ਹੈ। (ਇਬ. 10:24, 25) ਸ਼ਾਇਦ ਤੁਹਾਡੇ ਪਰਿਵਾਰ ਨੂੰ ਕਦੇ-ਕਦਾਈਂ ਮਿਲ ਕੇ ਕੁਝ ਸਭਾਵਾਂ ਦੀ ਤਿਆਰੀ ਕਰਨ ਦਾ ਮੌਕਾ ਮਿਲੇ। ਇਸ ਤਿਆਰੀ ਨੂੰ ਅਖ਼ੀਰ ਤਕ ਛੱਡਣ ਦੀ ਬਜਾਇ, ਕੀ ਤੁਸੀਂ ਕਾਫ਼ੀ ਸਮਾਂ ਪਹਿਲਾਂ ਸਭਾਵਾਂ ਦੀ ਤਿਆਰੀ ਕਰ ਸਕਦੇ ਹੋ? ਇਸ ਸੰਬੰਧ ਵਿਚ ਚੰਗੀ ਰੁਟੀਨ ਬਣਾਉਣ ਨਾਲ ਤੁਸੀਂ ਸਭਾਵਾਂ ਦੀ ਚੰਗੀ ਤਰ੍ਹਾਂ ਤਿਆਰੀ ਕਰ ਸਕੋਗੇ ਅਤੇ ਇਨ੍ਹਾਂ ਤੋਂ ਜ਼ਿਆਦਾ ਲਾਭ ਹਾਸਲ ਕਰੋਗੇ।—ਕਹਾ. 21:5.
10 ਇਕ ਅਸਰਦਾਰ ਅਧਿਆਤਮਿਕ ਰੁਟੀਨ ਬਣਾਉਣ ਲਈ ਜ਼ਰੂਰੀ ਹੈ ਕਿ ਅਸੀਂ ਬਾਕਾਇਦਾ ਰੁਟੀਨ ਮੁਤਾਬਕ ਚਲੀਏ ਅਤੇ ਦਿਲ ਲਾ ਕੇ ਅਧਿਐਨ ਕਰੀਏ। ਪਰ ਉਦੋਂ ਕੀ ਜੇ ਤੁਹਾਡੇ ਹਾਲਾਤ ਅਜਿਹੇ ਹਨ ਕਿ ਤੁਸੀਂ ਸਾਰੀਆਂ ਸਭਾਵਾਂ ਲਈ ਤਿਆਰੀ ਨਹੀਂ ਕਰ ਸਕਦੇ? ਸੇਵਾ ਸਕੂਲ ਕਿਤਾਬ ਦੇ ਸਫ਼ਾ 31 ਉੱਤੇ ਇਹ ਸੁਝਾਅ ਦਿੱਤਾ ਗਿਆ ਹੈ: “ਤਿਆਰੀ ਦੇ ਨਾਂ ਤੇ ਸਾਰੀ ਜਾਣਕਾਰੀ ਨੂੰ ਫਟਾਫਟ ਪੜ੍ਹ ਕੇ ਖ਼ਤਮ ਕਰਨ ਦੀ ਗ਼ਲਤੀ ਨਾ ਕਰੋ। ਇਹ ਵੀ ਨਾ ਸੋਚੋ ਕਿ ਕਿਉਂਕਿ ਤੁਸੀਂ ਸਾਰੇ ਭਾਗਾਂ ਦੀ ਤਿਆਰੀ ਨਹੀਂ ਕਰ ਸਕਦੇ, ਇਸ ਲਈ ਤੁਸੀਂ ਕਿਸੇ ਵੀ ਭਾਗ ਦੀ ਤਿਆਰੀ ਨਹੀਂ ਕਰੋਗੇ। ਇਸ ਦੀ ਬਜਾਇ, ਇਹ ਨਿਸ਼ਚਿਤ ਕਰੋ ਕਿ ਤੁਸੀਂ ਕਿਹੜੇ ਭਾਗਾਂ ਦੀ ਤਿਆਰੀ ਕਰ ਸਕਦੇ ਹੋ ਅਤੇ ਫਿਰ ਇਨ੍ਹਾਂ ਨੂੰ ਚੰਗੀ ਤਰ੍ਹਾਂ ਨਾਲ ਤਿਆਰ ਕਰੋ। ਹਰ ਹਫ਼ਤੇ ਇਸੇ ਤਰ੍ਹਾਂ ਕਰੋ। ਬਾਅਦ ਵਿਚ ਹੌਲੀ-ਹੌਲੀ ਦੂਸਰੀਆਂ ਸਭਾਵਾਂ ਦੀ ਵੀ ਤਿਆਰੀ ਕਰਨ ਦੀ ਕੋਸ਼ਿਸ਼ ਕਰੋ।”
11 ਜਦੋਂ ਪਰਿਵਾਰ ਸਭਾਵਾਂ ਵਿਚ ਜਲਦੀ ਆਉਂਦੇ ਹਨ, ਤਾਂ ਉਹ ਯਹੋਵਾਹ ਦੀ ਮਹਿਮਾ ਕਰਨ ਅਤੇ ਉਸ ਦੀ ਸਿੱਖਿਆ ਤੋਂ ਲਾਭ ਹਾਸਲ ਕਰਨ ਲਈ ਆਪਣੇ ਮਨ ਨੂੰ ਤਿਆਰ ਕਰ ਸਕਦੇ ਹਨ। ਕੀ ਤੁਹਾਡਾ ਪਰਿਵਾਰ ਬਾਕਾਇਦਾ ਸਭਾਵਾਂ ਵਿਚ ਜਲਦੀ ਆਉਂਦਾ ਹੈ? ਇਸ ਤਰ੍ਹਾਂ ਕਰਨ ਲਈ ਸਾਨੂੰ ਚੰਗੀ ਯੋਜਨਾ ਬਣਾਉਣ ਦੀ ਲੋੜ ਹੈ। ਘਰ ਦੇ ਸਾਰੇ ਮੈਂਬਰਾਂ ਨੂੰ ਮਿਲ ਕੇ ਕੰਮ ਕਰਨ ਦੀ ਵੀ ਲੋੜ ਹੈ। ਜੇ ਤੁਸੀਂ ਦੇਖਦੇ ਹੋ ਕਿ ਸਭਾਵਾਂ ਦੇ ਦਿਨਾਂ ਤੇ ਤੁਹਾਡੇ ਪਰਿਵਾਰ ਦੇ ਮੈਂਬਰਾਂ ਨੂੰ ਅਕਸਰ ਹਫੜਾ-ਦਫੜੀ ਲੱਗੀ ਹੁੰਦੀ ਹੈ ਜਾਂ ਉਹ ਤਣਾਅ ਵਿਚ ਹੁੰਦੇ ਹਨ, ਤਾਂ ਤੁਸੀਂ ਆਪਣੀ ਰੁਟੀਨ ਵਿਚ ਕੀ ਸੁਧਾਰ ਕਰ ਸਕਦੇ ਹੋ? ਕੀ ਕੁਝ ਘਰੇਲੂ ਕੰਮਾਂ ਨੂੰ ਪਹਿਲਾਂ ਕੀ ਨਿਪਟਾਇਆ ਜਾ ਸਕਦਾ ਹੈ? ਜੇ ਇਕ ਮੈਂਬਰ ਬਹੁਤ ਸਾਰੇ ਕੰਮਾਂ ਦੇ ਭਾਰ ਹੇਠ ਦੱਬਾ ਹੋਇਆ ਹੈ, ਤਾਂ ਕੀ ਦੂਸਰੇ ਉਸ ਦਾ ਹੱਥ ਵਟਾ ਸਕਦੇ ਹਨ? ਤਣਾਅ ਨੂੰ ਘਟਾਉਣ ਲਈ ਕੀ ਸਾਰੇ ਮੈਂਬਰ ਸਭਾਵਾਂ ਲਈ ਜਲਦੀ ਤਿਆਰ ਹੋ ਸਕਦੇ ਹਨ? ਚੰਗੀ ਯੋਜਨਾ ਬਣਾਉਣ ਨਾਲ ਘਰ ਵਿਚ ਅਤੇ ਕਲੀਸਿਯਾ ਵਿਚ ਵੀ ਸ਼ਾਂਤੀ ਬਣੀ ਰਹਿੰਦੀ ਹੈ।—1 ਕੁਰਿੰ. 14:33, 40.
12 ਪ੍ਰਚਾਰ ਦਾ ਕੰਮ: ਪ੍ਰਚਾਰ ਵਿਚ ਜਾਣ ਲਈ ਸਮਾਂ ਨਿਸ਼ਚਿਤ ਕਰਨਾ ਵੀ ਇਕ ਚੰਗੀ ਅਧਿਆਤਮਿਕ ਰੁਟੀਨ ਦਾ ਹਿੱਸਾ ਹੈ। ਜੇਸਨ ਨਾਮਕ ਇਕ ਨੌਜਵਾਨ ਯਾਦ ਕਰਦਾ ਹੈ: “ਸਾਡਾ ਪਰਿਵਾਰ ਹਰ ਸ਼ਨੀਵਾਰ ਸਵੇਰ ਨੂੰ ਪ੍ਰਚਾਰ ਵਿਚ ਜਾਂਦਾ ਸੀ। ਮੇਰੇ ਲਈ ਇਹ ਫ਼ਾਇਦੇਮੰਦ ਸੀ ਕਿਉਂਕਿ ਜਿੰਨਾ ਜ਼ਿਆਦਾ ਮੈਂ ਪ੍ਰਚਾਰ ਕਰਦਾ ਸੀ ਉੱਨਾ ਹੀ ਜ਼ਿਆਦਾ ਮੈਨੂੰ ਇਸ ਦੇ ਚੰਗੇ ਨਤੀਜੇ ਨਜ਼ਰ ਆਉਂਦੇ ਸਨ ਅਤੇ ਮੈਂ ਪ੍ਰਚਾਰ ਦੇ ਕੰਮ ਦਾ ਉੱਨਾ ਹੀ ਜ਼ਿਆਦਾ ਆਨੰਦ ਮਾਣਦਾ ਸੀ।” ਗਵਾਹ ਪਰਿਵਾਰਾਂ ਵਿਚ ਵੱਡੇ ਹੋਏ ਕਈ ਭੈਣ-ਭਰਾਵਾਂ ਨੇ ਕਿਹਾ ਹੈ ਕਿ ਹਰ ਹਫ਼ਤੇ ਨਿਸ਼ਚਿਤ ਦਿਨਾਂ ਤੇ ਸੇਵਕਾਈ ਵਿਚ ਜਾਣ ਨਾਲ ਉਨ੍ਹਾਂ ਨੂੰ ਮਸੀਹੀ ਪ੍ਰਚਾਰਕਾਂ ਦੇ ਤੌਰ ਤੇ ਤਰੱਕੀ ਕਰਨ ਵਿਚ ਮਦਦ ਮਿਲੀ ਹੈ।
13 ਚੰਗੀ ਰੁਟੀਨ ਬਣਾਉਣ ਨਾਲ ਤੁਹਾਡਾ ਪਰਿਵਾਰ ਪ੍ਰਚਾਰ ਦੇ ਕੰਮ ਵਿਚ ਵੀ ਜ਼ਿਆਦਾ ਖ਼ੁਸ਼ੀ ਅਤੇ ਜ਼ਿਆਦਾ ਚੰਗੇ ਨਤੀਜੇ ਹਾਸਲ ਕਰੇਗਾ। ਇਹ ਕਿੱਦਾਂ ਕੀਤਾ ਜਾ ਸਕਦਾ ਹੈ? ਪਹਿਰਾਬੁਰਜ, 1 ਜੁਲਾਈ 1999 ਦੇ ਸਫ਼ਾ 21 ਉੱਤੇ ਇਹ ਸੁਝਾਅ ਦਿੱਤਾ ਗਿਆ ਸੀ: “ਕੀ ਤੁਸੀਂ ਕਦੇ-ਕਦੇ ਪਰਿਵਾਰਕ ਅਧਿਐਨ ਦੌਰਾਨ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਪ੍ਰਚਾਰ ਦੇ ਕੰਮ ਲਈ ਤਿਆਰ ਕਰਦੇ ਹੋ? ਇਸ ਤਰ੍ਹਾਂ ਕਰਨ ਦੇ ਕਈ ਫ਼ਾਇਦੇ ਹੋ ਸਕਦੇ ਹਨ। (2 ਤਿਮੋਥਿਉਸ 2:15) ਇਹ ਉਨ੍ਹਾਂ ਦੀ ਸੇਵਕਾਈ ਨੂੰ ਅਸਰਦਾਰ ਅਤੇ ਫ਼ਾਇਦੇਮੰਦ ਬਣਾਉਣ ਵਿਚ ਮਦਦ ਕਰ ਸਕਦਾ ਹੈ। ਕਦੀ-ਕਦਾਈਂ, ਤੁਸੀਂ ਅਧਿਐਨ ਲਈ ਰੱਖੇ ਗਏ ਪੂਰੇ ਸਮੇਂ ਨੂੰ ਖੇਤਰ ਸੇਵਾ ਦੀ ਤਿਆਰੀ ਕਰਨ ਲਈ ਵਰਤ ਸਕਦੇ ਹੋ। ਪਰ ਆਮ ਤੌਰ ਤੇ ਤੁਸੀਂ ਪਰਿਵਾਰਕ ਅਧਿਐਨ ਦੇ ਅਖ਼ੀਰ ਵਿਚ ਜਾਂ ਹਫ਼ਤੇ ਦੇ ਦੌਰਾਨ ਕਿਸੇ ਹੋਰ ਸਮੇਂ ਤੇ ਖੇਤਰ ਸੇਵਾ ਦੇ ਵੱਖ-ਵੱਖ ਪਹਿਲੂਆਂ ਉੱਤੇ ਚਰਚਾ ਕਰ ਸਕਦੇ ਹੋ।” ਕੀ ਤੁਹਾਡੇ ਪਰਿਵਾਰ ਨੇ ਇਹ ਅਜ਼ਮਾ ਕੇ ਦੇਖਿਆ ਹੈ?
14 ਤਰੱਕੀ ਕਰਦੇ ਰਹੋ: ਇਸ ਚਰਚਾ ਮਗਰੋਂ, ਕੀ ਤੁਸੀਂ ਗੌਰ ਕੀਤਾ ਹੈ ਕਿ ਤੁਹਾਡਾ ਪਰਿਵਾਰ ਕਿਨ੍ਹਾਂ ਗੱਲਾਂ ਵਿਚ ਵਧੀਆ ਤਰੱਕੀ ਕਰ ਰਿਹਾ ਹੈ? ਜੇ ਹਾਂ, ਤਾਂ ਉਨ੍ਹਾਂ ਦੀ ਸ਼ਲਾਘਾ ਕਰੋ ਅਤੇ ਤਰੱਕੀ ਕਰਦੇ ਰਹਿਣ ਵਿਚ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰੋ। ਜੇ ਤੁਸੀਂ ਦੇਖਦੇ ਹੋ ਕਿ ਤੁਹਾਡਾ ਪਰਿਵਾਰ ਕਈ ਗੱਲਾਂ ਵਿਚ ਕਮਜ਼ੋਰ ਹੈ, ਤਾਂ ਸ਼ੁਰੂ-ਸ਼ੁਰੂ ਵਿਚ ਸਿਰਫ਼ ਇਕ-ਦੋ ਗੱਲਾਂ ਵਿਚ ਸੁਧਾਰ ਕਰਨ ਦੀ ਕੋਸ਼ਿਸ਼ ਕਰੋ। ਜਦੋਂ ਇਹ ਗੱਲਾਂ ਤੁਹਾਡੀ ਅਧਿਆਤਮਿਕ ਰੁਟੀਨ ਦਾ ਹਿੱਸਾ ਬਣ ਜਾਣਗੀਆਂ, ਉਦੋਂ ਤੁਸੀਂ ਹੋਰ ਇਕ ਜਾਂ ਦੋ ਗੱਲਾਂ ਵਿਚ ਸੁਧਾਰ ਕਰ ਸਕਦੇ ਹੋ। ਆਪਣੇ ਪਰਿਵਾਰ ਤੋਂ ਹੱਦੋਂ ਵੱਧ ਉਮੀਦਾਂ ਨਾ ਰੱਖੋ, ਸਗੋਂ ਉਨ੍ਹਾਂ ਦਾ ਹੌਸਲਾ ਵਧਾਓ। (ਫ਼ਿਲਿ. 4:4, 5) ਆਪਣੇ ਪਰਿਵਾਰ ਲਈ ਚੰਗੀ ਅਧਿਆਤਮਿਕ ਰੁਟੀਨ ਬਣਾਉਣ ਲਈ ਤੁਹਾਨੂੰ ਕਾਫ਼ੀ ਮਿਹਨਤ ਕਰਨੀ ਪਵੇਗੀ, ਪਰ ਇਹ ਫ਼ਾਇਦੇਮੰਦ ਹੈ ਕਿਉਂਕਿ ਯਹੋਵਾਹ ਸਾਨੂੰ ਭਰੋਸਾ ਦਿੰਦਾ ਹੈ: “ਜਿਹੜਾ ਆਪਣੀ ਚਾਲ ਸੁਧਾਰਦਾ ਹੈ, ਮੈਂ ਉਹ ਨੂੰ ਪਰਮੇਸ਼ੁਰ ਦੀ ਮੁਕਤੀ ਵਿਖਾਵਾਂਗਾ।”—ਜ਼ਬੂ. 50:23.