ਪਰਿਵਾਰੋ, ਪਰਮੇਸ਼ੁਰ ਦੀ ਕਲੀਸਿਯਾ ਦੇ ਹਿੱਸੇ ਵਜੋਂ ਉਸ ਦੀ ਉਸਤਤ ਕਰੋ
“ਮੈਂ ਸੰਗਤਾਂ ਵਿੱਚ ਯਹੋਵਾਹ ਨੂੰ ਧੰਨ ਆਖਾਂਗਾ।”—ਜ਼ਬੂਰ 26:12.
1. ਘਰ ਵਿਚ ਅਧਿਐਨ ਅਤੇ ਪ੍ਰਾਰਥਨਾ ਕਰਨ ਦੇ ਨਾਲ-ਨਾਲ ਸੱਚੀ ਉਪਾਸਨਾ ਦਾ ਇਕ ਹੋਰ ਕਿਹੜਾ ਮਹੱਤਵਪੂਰਣ ਹਿੱਸਾ ਹੈ?
ਯਹੋਵਾਹ ਦੀ ਉਪਾਸਨਾ ਕਰਨ ਵਿਚ ਸਿਰਫ਼ ਘਰ ਵਿਚ ਬਹਿ ਕੇ ਪ੍ਰਾਰਥਨਾ ਕਰਨੀ ਅਤੇ ਬਾਈਬਲ ਦਾ ਅਧਿਐਨ ਕਰਨਾ ਹੀ ਸ਼ਾਮਲ ਨਹੀਂ ਹੈ, ਬਲਕਿ ਇਸ ਵਿਚ ਪਰਮੇਸ਼ੁਰ ਦੀ ਕਲੀਸਿਯਾ ਦੀਆਂ ਗਤੀਵਿਧੀਆਂ ਵਿਚ ਹਿੱਸਾ ਲੈਣਾ ਵੀ ਸ਼ਾਮਲ ਹੈ। ਪ੍ਰਾਚੀਨ ਇਸਰਾਏਲ ਵਿਚ ‘ਪਰਜਾ ਨੂੰ, ਮਨੁੱਖਾਂ, ਤੀਵੀਆਂ ਅਤੇ ਨਿਆਣਿਆਂ ਨੂੰ ਇਕੱਠਾ ਕਰਨ’ ਦਾ ਹੁਕਮ ਦਿੱਤਾ ਗਿਆ ਸੀ, ਤਾਂਕਿ ਉਹ ਪਰਮੇਸ਼ੁਰ ਦੀ ਬਿਵਸਥਾ ਨੂੰ ਸਿੱਖਣ ਅਤੇ ਉਸ ਦੇ ਰਾਹਾਂ ਤੇ ਚੱਲਣ। (ਬਿਵਸਥਾ ਸਾਰ 31:12; ਯਹੋਸ਼ੁਆ 8:35) ਬਜ਼ੁਰਗਾਂ ਅਤੇ ‘ਗਭਰੂਆਂ ਤੇ ਕੁਆਰੀਆਂ’ ਨੂੰ ਯਹੋਵਾਹ ਦੇ ਨਾਂ ਦੀ ਉਸਤਤ ਕਰਨ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਗਿਆ ਸੀ। (ਜ਼ਬੂਰ 148:12, 13) ਇਹੀ ਪ੍ਰਬੰਧ ਮਸੀਹੀ ਕਲੀਸਿਯਾ ਵਿਚ ਵੀ ਪਾਏ ਜਾਂਦੇ ਹਨ। ਸੰਸਾਰ ਭਰ ਵਿਚ, ਰਾਜ-ਗ੍ਰਹਿਆਂ ਵਿਚ ਆਦਮੀ, ਔਰਤਾਂ ਅਤੇ ਬੱਚੇ ਸਭਾਵਾਂ ਵਿਚ ਬੇਝਿਜਕ ਟਿੱਪਣੀਆਂ ਕਰਦੇ ਹਨ ਅਤੇ ਬਹੁਤ ਸਾਰੇ ਲੋਕਾਂ ਨੂੰ ਇਸ ਵਿਚ ਹਿੱਸਾ ਲੈ ਕੇ ਬਹੁਤ ਆਨੰਦ ਮਿਲਦਾ ਹੈ।—ਇਬਰਾਨੀਆਂ 10:23-25.
2. (ੳ) ਸਭਾਵਾਂ ਦਾ ਆਨੰਦ ਮਾਣਨ ਵਿਚ ਬੱਚਿਆਂ ਦੀ ਮਦਦ ਕਰਨ ਲਈ ਸਭਾਵਾਂ ਦੀ ਤਿਆਰੀ ਕਰਨੀ ਕਿਉਂ ਜ਼ਰੂਰੀ ਹੈ? (ਅ) ਕਿਨ੍ਹਾਂ ਦੀ ਮਿਸਾਲ ਮਹੱਤਵਪੂਰਣ ਹੈ?
2 ਇਹ ਸੱਚ ਹੈ ਕਿ ਕਲੀਸਿਯਾ ਦੀਆਂ ਗਤੀਵਿਧੀਆਂ ਦੇ ਲਾਭਕਾਰੀ ਰੁਟੀਨ ਵਿਚ ਛੋਟੇ ਬੱਚਿਆਂ ਨੂੰ ਸ਼ਾਮਲ ਕਰਨਾ ਇਕ ਚੁਣੌਤੀ ਹੋ ਸਕਦੀ ਹੈ। ਜੇ ਕੁਝ ਬੱਚੇ ਆਪਣੇ ਮਾਪਿਆਂ ਨਾਲ ਸਭਾਵਾਂ ਵਿਚ ਆਉਂਦੇ ਹਨ, ਪਰ ਸਭਾਵਾਂ ਦਾ ਆਨੰਦ ਨਹੀਂ ਮਾਣਦੇ ਹਨ, ਤਾਂ ਸਮੱਸਿਆ ਕੀ ਹੋ ਸਕਦੀ ਹੈ? ਇਹ ਸੱਚ ਹੈ ਕਿ ਜ਼ਿਆਦਾਤਰ ਬੱਚੇ ਥੋੜ੍ਹੇ ਸਮੇਂ ਲਈ ਹੀ ਧਿਆਨ ਦੇ ਸਕਦੇ ਹਨ ਅਤੇ ਜਲਦੀ ਬੋਰ ਹੋ ਜਾਂਦੇ ਹਨ। ਇਸ ਸਮੱਸਿਆ ਨੂੰ ਹੱਲ ਕਰਨ ਲਈ ਸਭਾਵਾਂ ਦੀ ਤਿਆਰੀ ਕੀਤੀ ਜਾ ਸਕਦੀ ਹੈ। ਤਿਆਰੀ ਤੋਂ ਬਿਨਾਂ ਬੱਚੇ ਅਰਥਪੂਰਣ ਤਰੀਕੇ ਨਾਲ ਸਭਾਵਾਂ ਵਿਚ ਹਿੱਸਾ ਨਹੀਂ ਲੈ ਸਕਦੇ ਹਨ। (ਕਹਾਉਤਾਂ 15:23) ਤਿਆਰੀ ਤੋਂ ਬਿਨਾਂ ਉਨ੍ਹਾਂ ਲਈ ਅਧਿਆਤਮਿਕ ਤੌਰ ਤੇ ਤਰੱਕੀ, ਜੋ ਸੰਤੁਸ਼ਟੀ ਦਿੰਦੀ ਹੈ, ਕਰਨੀ ਮੁਸ਼ਕਲ ਹੋਵੇਗੀ। (1 ਤਿਮੋਥਿਉਸ 4:12, 15) ਤਾਂ ਫਿਰ, ਕੀ ਕੀਤਾ ਜਾ ਸਕਦਾ ਹੈ? ਪਹਿਲਾਂ ਤਾਂ ਮਾਤਾ-ਪਿਤਾ ਨੂੰ ਆਪਣੇ ਆਪ ਤੋਂ ਪੁੱਛਣ ਦੀ ਜ਼ਰੂਰਤ ਹੈ ਕਿ ਕੀ ਉਹ ਆਪ ਸਭਾਵਾਂ ਦੀ ਤਿਆਰੀ ਕਰਦੇ ਹਨ ਕਿ ਨਹੀਂ। ਉਨ੍ਹਾਂ ਦੀ ਮਿਸਾਲ ਦਾ ਜ਼ਬਰਦਸਤ ਪ੍ਰਭਾਵ ਪੈਂਦਾ ਹੈ। (ਲੂਕਾ 6:40) ਪਰਿਵਾਰਕ ਅਧਿਐਨ ਦੀ ਧਿਆਨ ਨਾਲ ਯੋਜਨਾ ਬਣਾਉਣਾ ਵੀ ਇਕ ਵਧੀਆ ਉਪਾਅ ਹੋ ਸਕਦਾ ਹੈ।
ਦਿਲ ਨੂੰ ਪ੍ਰੇਰਿਤ ਕਰਨਾ
3. ਪਰਿਵਾਰਕ ਅਧਿਐਨ ਦੌਰਾਨ, ਦਿਲ ਨੂੰ ਪ੍ਰੇਰਿਤ ਕਰਨ ਲਈ ਖ਼ਾਸ ਜਤਨ ਕਿਉਂ ਕਰਨੇ ਚਾਹੀਦੇ ਹਨ ਅਤੇ ਇਸ ਲਈ ਕੀ ਜ਼ਰੂਰੀ ਹੈ?
3 ਪਰਿਵਾਰਕ ਅਧਿਐਨ ਕਰਨ ਦਾ ਸਮਾਂ ਸਿਰਫ਼ ਦਿਮਾਗ਼ ਨੂੰ ਗਿਆਨ ਨਾਲ ਭਰਨ ਦਾ ਹੀ ਨਹੀਂ ਹੁੰਦਾ, ਬਲਕਿ ਦਿਲਾਂ ਨੂੰ ਪ੍ਰੇਰਿਤ ਕਰਨ ਦਾ ਵੀ ਸਮਾਂ ਹੁੰਦਾ ਹੈ। ਇਸ ਤਰ੍ਹਾਂ ਕਰਨ ਲਈ ਪਰਿਵਾਰ ਦੇ ਮੈਂਬਰਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਹੋਣ ਅਤੇ ਹਰੇਕ ਲਈ ਪਿਆਰ ਭਰੀ ਚਿੰਤਾ ਦਿਖਾਉਣ ਦੀ ਜ਼ਰੂਰਤ ਹੈ। ਯਹੋਵਾਹ “ਮਨ ਦੀ ਪਰੀਖਿਆ ਕਰਦਾ” ਹੈ।—1 ਇਤਹਾਸ 29:17.
4. (ੳ) “ਦਿਲ ਦੀ ਘਾਟ” ਹੋਣ ਦਾ ਕੀ ਅਰਥ ਹੈ? (ਅ) ‘ਦਿਲ ਪ੍ਰਾਪਤ ਕਰਨ’ ਵਿਚ ਕੀ ਕੁਝ ਸ਼ਾਮਲ ਹੈ?
4 ਯਹੋਵਾਹ ਜਦੋਂ ਸਾਡੇ ਬੱਚਿਆਂ ਦੇ ਦਿਲਾਂ ਦੀ ਪਰੀਖਿਆ ਕਰਦਾ ਹੈ, ਤਾਂ ਉਹ ਉਨ੍ਹਾਂ ਵਿਚ ਕੀ ਪਾਉਂਦਾ ਹੈ? ਜ਼ਿਆਦਾਤਰ ਬੱਚੇ ਕਹਿਣਗੇ ਕਿ ਉਹ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ ਅਤੇ ਇਹ ਬਹੁਤ ਚੰਗੀ ਗੱਲ ਹੈ। ਪਰ ਜਿਹੜੇ ਅਜੇ ਬੱਚੇ ਹਨ ਜਾਂ ਜਿਸ ਨੇ ਯਹੋਵਾਹ ਬਾਰੇ ਅਜੇ ਸਿੱਖਣਾ ਸ਼ੁਰੂ ਹੀ ਕੀਤਾ ਹੈ, ਉਸ ਨੂੰ ਯਹੋਵਾਹ ਦੇ ਰਾਹਾਂ ਬਾਰੇ ਬਹੁਤ ਘੱਟ ਪਤਾ ਹੁੰਦਾ ਹੈ। ਕਿਉਂਕਿ ਉਹ ਨਾਤਜਰਬੇਕਾਰ ਹੈ, ਉਸ ਵਿਚ “ਦਿਲ ਦੀ ਘਾਟ” ਹੋ ਸਕਦੀ ਹੈ, ਜਿਵੇਂ ਨਿਊ ਵਰਲਡ ਟ੍ਰਾਂਸਲੇਸ਼ਨ ਬਾਈਬਲ ਕਹਿੰਦੀ ਹੈ। ਸ਼ਾਇਦ ਉਸ ਦੀ ਨੀਅਤ ਹਮੇਸ਼ਾ ਖ਼ਰਾਬ ਨਾ ਹੋਵੇ, ਪਰ ਇਕ ਵਿਅਕਤੀ ਦੇ ਦਿਲ ਨੂੰ ਉਸ ਹਾਲਤ ਵਿਚ ਲਿਆਉਣ ਲਈ ਸਮਾਂ ਲੱਗਦਾ ਹੈ ਜਿਹੜੀ ਪਰਮੇਸ਼ੁਰ ਨੂੰ ਸੱਚ-ਮੁੱਚ ਖ਼ੁਸ਼ ਕਰੇਗੀ। ਇਸ ਵਿਚ ਇਕ ਵਿਅਕਤੀ ਦੀ ਸੋਚ, ਇੱਛਾਵਾਂ, ਰੁਝਾਨਾਂ, ਭਾਵਨਾਵਾਂ ਅਤੇ ਜ਼ਿੰਦਗੀ ਦੇ ਟੀਚਿਆਂ ਨੂੰ ਉਸ ਹੱਦ ਤਕ ਪਰਮੇਸ਼ੁਰ ਦੀ ਇੱਛਾ ਦੀ ਇਕਸੁਰਤਾ ਵਿਚ ਲਿਆਉਣਾ ਸ਼ਾਮਲ ਹੈ, ਜਿਸ ਹੱਦ ਤਕ ਅਪੂਰਣ ਇਨਸਾਨਾਂ ਲਈ ਸੰਭਵ ਹੈ। ਜਦੋਂ ਕੋਈ ਵਿਅਕਤੀ ਇਸ ਤਰ੍ਹਾਂ ਪਰਮੇਸ਼ੁਰੀ ਤਰੀਕੇ ਨਾਲ ਅੰਦਰੂਨੀ ਇਨਸਾਨ ਨੂੰ ਢਾਲ਼ਦਾ ਹੈ, ਤਾਂ ਉਹ “ਦਿਲ ਪ੍ਰਾਪਤ ਕਰ ਰਿਹਾ” ਹੈ।—ਕਹਾਉਤਾਂ 9:4; 19:8, ਨਿ ਵ.
5, 6. ‘ਦਿਲ ਪ੍ਰਾਪਤ ਕਰਨ’ ਵਿਚ ਮਾਪੇ ਆਪਣੇ ਬੱਚਿਆਂ ਦੀ ਕਿਵੇਂ ਮਦਦ ਕਰ ਸਕਦੇ ਹਨ?
5 ਕੀ ਮਾਪੇ ‘ਦਿਲ ਪ੍ਰਾਪਤ ਕਰਨ’ ਵਿਚ ਆਪਣੇ ਬੱਚਿਆਂ ਦੀ ਮਦਦ ਕਰ ਸਕਦੇ ਹਨ? ਇਹ ਸੱਚ ਹੈ ਕਿ ਕੋਈ ਵੀ ਇਨਸਾਨ ਜ਼ਬਰਦਸਤੀ ਦੂਸਰੇ ਇਨਸਾਨ ਦੇ ਦਿਲ ਨੂੰ ਨਹੀਂ ਬਦਲ ਸਕਦਾ ਹੈ। ਸਾਨੂੰ ਸਾਰਿਆਂ ਨੂੰ ਆਪਣੀ ਮਰਜ਼ੀ ਨਾਲ ਕੰਮ ਕਰਨ ਦੀ ਖੁੱਲ੍ਹ ਹੈ ਅਤੇ ਬਹੁਤ ਕੁਝ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਸ ਚੀਜ਼ ਬਾਰੇ ਸੋਚਦੇ ਹਾਂ। ਫਿਰ ਵੀ, ਸਮਝਦਾਰੀ ਵਰਤਦੇ ਹੋਏ ਮਾਪੇ ਅਕਸਰ ਆਪਣੇ ਬੱਚਿਆਂ ਦੇ ਮਨਾਂ ਨੂੰ ਫਰੋਲ ਕੇ ਉਨ੍ਹਾਂ ਦੇ ਦਿਲ ਦੀ ਗੱਲ ਜਾਣ ਸਕਦੇ ਹਨ ਅਤੇ ਪਤਾ ਲਗਾ ਸਕਦੇ ਹਨ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਦੀ ਮਦਦ ਦੀ ਜ਼ਰੂਰਤ ਹੈ। ਇਸ ਤਰ੍ਹਾਂ ਦੇ ਸਵਾਲ ਪੁੱਛੋ, ‘ਤੂੰ ਇਸ ਬਾਰੇ ਕੀ ਸੋਚਦਾ ਹੈਂ?’ ਅਤੇ ‘ਤੂੰ ਅਸਲ ਵਿਚ ਕੀ ਕਰਨਾ ਚਾਹੁੰਦਾ ਹੈਂ?’ ਫਿਰ ਧੀਰਜ ਨਾਲ ਉਨ੍ਹਾਂ ਦੀ ਗੱਲ ਸੁਣੋ। ਆਪਣੇ ਆਪ ਤੇ ਕਾਬੂ ਰੱਖੋ। (ਕਹਾਉਤਾਂ 20:5) ਜੇ ਤੁਸੀਂ ਬੱਚੇ ਦੇ ਦਿਲ ਤਕ ਪਹੁੰਚਣਾ ਚਾਹੁੰਦੇ ਹੋ, ਤਾਂ ਦਿਆਲਤਾ, ਹਮਦਰਦੀ, ਅਤੇ ਪਿਆਰ ਭਰਿਆ ਮਾਹੌਲ ਪੈਦਾ ਕਰਨਾ ਜ਼ਰੂਰੀ ਹੈ।
6 ਚੰਗੇ ਝੁਕਾਵਾਂ ਨੂੰ ਮਜ਼ਬੂਤ ਕਰਨ ਲਈ ਆਤਮਾ ਦੇ ਫਲ ਦੀ, ਅਰਥਾਤ ਇਸ ਦੇ ਹਰ ਪਹਿਲੂ ਦੀ ਵਾਰ-ਵਾਰ ਚਰਚਾ ਕਰੋ ਅਤੇ ਇਕ ਪਰਿਵਾਰ ਦੇ ਤੌਰ ਤੇ ਇਨ੍ਹਾਂ ਨੂੰ ਆਪਣੇ ਵਿਚ ਪੈਦਾ ਕਰਨ ਲਈ ਮਿਹਨਤ ਕਰੋ। (ਗਲਾਤੀਆਂ 5:22, 23) ਯਹੋਵਾਹ ਅਤੇ ਯਿਸੂ ਮਸੀਹ ਲਈ ਪਿਆਰ ਪੈਦਾ ਕਰੋ, ਸਿਰਫ਼ ਇਹ ਕਹਿਣ ਦੁਆਰਾ ਹੀ ਨਹੀਂ ਕਿ ਸਾਨੂੰ ਉਨ੍ਹਾਂ ਨੂੰ ਪਿਆਰ ਕਰਨਾ ਚਾਹੀਦਾ ਹੈ, ਪਰ ਇਹ ਵੀ ਚਰਚਾ ਕਰੋ ਕਿ ਅਸੀਂ ਕਿਉਂ ਉਨ੍ਹਾਂ ਨੂੰ ਪਿਆਰ ਕਰਦੇ ਹਾਂ ਅਤੇ ਅਸੀਂ ਇਹ ਪਿਆਰ ਕਿਵੇਂ ਦਿਖਾ ਸਕਦੇ ਹਾਂ। (2 ਕੁਰਿੰਥੀਆਂ 5:14, 15) ਸਹੀ ਕੰਮ ਕਰਨ ਤੋਂ ਮਿਲਣ ਵਾਲੇ ਫ਼ਾਇਦਿਆਂ ਦੀ ਚਰਚਾ ਕਰ ਕੇ ਸਹੀ ਕੰਮ ਕਰਨ ਦੀ ਇੱਛਾ ਨੂੰ ਮਜ਼ਬੂਤ ਕਰੋ। ਗ਼ਲਤ ਵਿਚਾਰਾਂ, ਬੋਲੀ, ਅਤੇ ਚਾਲ-ਚਲਣ ਦੇ ਬੁਰੇ ਪ੍ਰਭਾਵਾਂ ਦੀ ਚਰਚਾ ਕਰਨ ਦੁਆਰਾ ਇਨ੍ਹਾਂ ਤੋਂ ਬਚਣ ਦੀ ਇੱਛਾ ਪੈਦਾ ਕਰੋ। (ਆਮੋਸ 5:15; 3 ਯੂਹੰਨਾ 11) ਦਿਖਾਓ ਕਿ ਇਕ ਵਿਅਕਤੀ ਦੇ ਵਿਚਾਰ, ਬੋਲੀ, ਅਤੇ ਚਾਲ-ਚਲਣ—ਚੰਗਾ ਜਾਂ ਮਾੜਾ—ਯਹੋਵਾਹ ਨਾਲ ਉਸ ਦੇ ਰਿਸ਼ਤੇ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੇ ਹਨ।
7. ਬੱਚਿਆਂ ਦੀ ਕਿਵੇਂ ਮਦਦ ਕੀਤੀ ਜਾ ਸਕਦੀ ਹੈ ਤਾਂਕਿ ਉਹ ਇਸ ਤਰੀਕੇ ਨਾਲ ਸਮੱਸਿਆਵਾਂ ਨਾਲ ਨਜਿੱਠਣ ਅਤੇ ਫ਼ੈਸਲੇ ਕਰਨ ਜਿਸ ਨਾਲ ਉਨ੍ਹਾਂ ਦਾ ਯਹੋਵਾਹ ਨਾਲ ਨਜ਼ਦੀਕੀ ਰਿਸ਼ਤਾ ਕਾਇਮ ਰਹੇ?
7 ਜਦੋਂ ਬੱਚੇ ਨੂੰ ਕੋਈ ਸਮੱਸਿਆ ਆਉਂਦੀ ਹੈ, ਜਾਂ ਉਸ ਨੇ ਕੋਈ ਅਹਿਮ ਫ਼ੈਸਲਾ ਕਰਨਾ ਹੁੰਦਾ ਹੈ, ਤਾਂ ਤੁਸੀਂ ਉਸ ਤੋਂ ਪੁੱਛ ਸਕਦੇ ਹੋ: ‘ਤੇਰੇ ਖ਼ਿਆਲ ਵਿਚ ਯਹੋਵਾਹ ਇਸ ਨੂੰ ਕਿਵੇਂ ਵਿਚਾਰਦਾ ਹੈ? ਤੂੰ ਯਹੋਵਾਹ ਬਾਰੇ ਕੀ ਜਾਣਦਾ ਹੈ ਜਿਸ ਕਰਕੇ ਤੂੰ ਇਸ ਤਰ੍ਹਾਂ ਕਹਿੰਦਾ ਹੈ? ਕੀ ਤੂੰ ਇਸ ਬਾਰੇ ਉਸ ਨੂੰ ਪ੍ਰਾਰਥਨਾ ਕੀਤੀ ਹੈ?’ ਛੋਟੀ ਉਮਰ ਤੋਂ ਹੀ ਆਪਣੇ ਬੱਚਿਆਂ ਦੀ ਅਜਿਹਾ ਜੀਵਨ-ਢੰਗ ਵਿਕਸਿਤ ਕਰਨ ਵਿਚ ਮਦਦ ਕਰੋ ਕਿ ਉਹ ਹਮੇਸ਼ਾ ਪਰਮੇਸ਼ੁਰ ਦੀ ਇੱਛਾ ਨੂੰ ਜਾਣਨ ਅਤੇ ਫਿਰ ਉਸ ਨੂੰ ਪੂਰਾ ਕਰਨ ਦਾ ਜਤਨ ਕਰਨ। ਜਦੋਂ ਉਹ ਯਹੋਵਾਹ ਦੇ ਨਾਲ ਨਜ਼ਦੀਕੀ ਤੇ ਨਿੱਜੀ ਰਿਸ਼ਤਾ ਕਾਇਮ ਕਰ ਲੈਣਗੇ, ਤਾਂ ਉਹ ਉਸ ਦੇ ਰਾਹਾਂ ਤੇ ਚੱਲਣ ਵਿਚ ਖ਼ੁਸ਼ੀ ਪ੍ਰਾਪਤ ਕਰਨਗੇ। (ਜ਼ਬੂਰ 119:34, 35) ਇਹ ਉਨ੍ਹਾਂ ਵਿਚ ਸੱਚੇ ਪਰਮੇਸ਼ੁਰ ਦੀ ਕਲੀਸਿਯਾ ਨਾਲ ਸੰਗਤੀ ਕਰਨ ਦੇ ਵਿਸ਼ੇਸ਼-ਸਨਮਾਨ ਲਈ ਕਦਰ ਪੈਦਾ ਕਰੇਗਾ।
ਕਲੀਸਿਯਾ ਸਭਾਵਾਂ ਦੀ ਤਿਆਰੀ
8. (ੳ) ਜਿਨ੍ਹਾਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ ਉਨ੍ਹਾਂ ਸਾਰੀਆਂ ਗੱਲਾਂ ਨੂੰ ਪਰਿਵਾਰਕ ਅਧਿਐਨ ਵਿਚ ਸ਼ਾਮਲ ਕਰਨ ਵਿਚ ਕਿਹੜੀ ਚੀਜ਼ ਸਾਡੀ ਮਦਦ ਕਰ ਸਕਦੀ ਹੈ? (ਅ) ਇਹ ਅਧਿਐਨ ਕਿੰਨਾ ਕੁ ਮਹੱਤਵਪੂਰਣ ਹੈ?
8 ਬਹੁਤ ਸਾਰੀਆਂ ਅਜਿਹੀਆਂ ਗੱਲਾਂ ਹਨ ਜਿਨ੍ਹਾਂ ਵੱਲ ਪਰਿਵਾਰਕ ਅਧਿਐਨ ਦੌਰਾਨ ਧਿਆਨ ਦੇਣ ਦੀ ਲੋੜ ਹੈ। ਤੁਸੀਂ ਉਨ੍ਹਾਂ ਸਾਰੀਆਂ ਗੱਲਾਂ ਉੱਤੇ ਕਿਵੇਂ ਚਰਚਾ ਕਰ ਸਕਦੇ ਹੋ? ਇੱਕੋ ਸਮੇਂ ਤੇ ਸਾਰੀਆਂ ਗੱਲਾਂ ਬਾਰੇ ਚਰਚਾ ਕਰਨੀ ਸੰਭਵ ਨਹੀਂ ਹੈ। ਪਰ ਇਨ੍ਹਾਂ ਦੀ ਇਕ ਸੂਚੀ ਬਣਾਉਣੀ ਲਾਭਕਾਰੀ ਹੋ ਸਕਦੀ ਹੈ। (ਕਹਾਉਤਾਂ 21:5) ਸਮੇਂ-ਸਮੇਂ ਤੇ, ਇਸ ਸੂਚੀ ਨੂੰ ਦੇਖੋ ਤੇ ਵਿਚਾਰ ਕਰੋ ਕਿ ਕਿਹੜੀ ਗੱਲ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਹੈ। ਪਰਿਵਾਰ ਦੇ ਹਰ ਮੈਂਬਰ ਦੀ ਤਰੱਕੀ ਵਿਚ ਡੂੰਘੀ ਦਿਲਚਸਪੀ ਲਓ। ਪਰਿਵਾਰਕ ਅਧਿਐਨ ਲਈ ਇਹ ਪ੍ਰਬੰਧ ਮਸੀਹੀ ਸਿੱਖਿਆ ਦੇਣ ਦਾ ਇਕ ਮਹੱਤਵਪੂਰਣ ਹਿੱਸਾ ਹੈ ਜੋ ਸਾਨੂੰ ਮੌਜੂਦਾ ਜ਼ਿੰਦਗੀ ਲਈ ਅਤੇ ਭਾਵੀ ਅਨੰਤ ਜ਼ਿੰਦਗੀ ਲਈ ਤਿਆਰ ਕਰਦਾ ਹੈ।—1 ਤਿਮੋਥਿਉਸ 4:8.
9. ਅਸੀਂ ਆਪਣੇ ਪਰਿਵਾਰਕ ਅਧਿਐਨ ਦੌਰਾਨ ਸਭਾਵਾਂ ਦੀ ਤਿਆਰੀ ਕਰਨ ਸੰਬੰਧੀ ਕਿਹੜੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਹੌਲੀ-ਹੌਲੀ ਮਿਹਨਤ ਕਰ ਸਕਦੇ ਹਾਂ?
9 ਕੀ ਤੁਸੀਂ ਆਪਣੇ ਪਰਿਵਾਰਕ ਅਧਿਐਨ ਵਿਚ ਕਲੀਸਿਯਾ ਸਭਾਵਾਂ ਦੀ ਤਿਆਰੀ ਵੀ ਕਰਦੇ ਹੋ? ਇਕੱਠੇ ਅਧਿਐਨ ਕਰਦੇ ਸਮੇਂ ਤੁਸੀਂ ਕਈ ਗੱਲਾਂ ਵਿਚ ਲਗਾਤਾਰ ਸੁਧਾਰ ਕਰ ਸਕਦੇ ਹੋ। ਕੁਝ ਗੱਲਾਂ ਵਿਚ ਸੁਧਾਰ ਕਰਨ ਲਈ ਸ਼ਾਇਦ ਕਈ ਹਫ਼ਤੇ, ਮਹੀਨੇ ਜਾਂ ਇੱਥੋਂ ਤਕ ਕਿ ਕਈ ਸਾਲ ਵੀ ਲੱਗ ਸਕਦੇ ਹਨ। ਇਨ੍ਹਾਂ ਟੀਚਿਆਂ ਉੱਤੇ ਵਿਚਾਰ ਕਰੋ: (1) ਪਰਿਵਾਰ ਵਿਚ ਹਰ ਮੈਂਬਰ ਦਾ ਕਲੀਸਿਯਾ ਸਭਾਵਾਂ ਵਿਚ ਟਿੱਪਣੀਆਂ ਦੇਣ ਲਈ ਤਿਆਰ ਰਹਿਣਾ; (2) ਹਰੇਕ ਮੈਂਬਰ ਦਾ ਆਪਣੇ ਸ਼ਬਦਾਂ ਵਿਚ ਟਿੱਪਣੀਆਂ ਦੇਣ ਲਈ ਮਿਹਨਤ ਕਰਨਾ; (3) ਟਿੱਪਣੀਆਂ ਦਿੰਦੇ ਸਮੇਂ ਸ਼ਾਸਤਰਵਚਨਾਂ ਦਾ ਪ੍ਰਯੋਗ ਕਰਨਾ; ਅਤੇ (4) ਆਪਣੇ ਤੇ ਲਾਗੂ ਕਰਨ ਦੇ ਵਿਚਾਰ ਨਾਲ ਸਾਮੱਗਰੀ ਦਾ ਅਧਿਐਨ ਕਰਨਾ। ਇਹ ਸਾਰੀਆਂ ਗੱਲਾਂ ਸੱਚਾਈ ਨੂੰ ਦਿਲੋਂ ਅਪਣਾਉਣ ਵਿਚ ਇਕ ਵਿਅਕਤੀ ਦੀ ਮਦਦ ਕਰਨਗੀਆਂ।—ਜ਼ਬੂਰ 25:4, 5.
10. (ੳ) ਅਸੀਂ ਆਪਣੀ ਹਰ ਕਲੀਸਿਯਾ ਸਭਾ ਵੱਲ ਕਿਸ ਤਰ੍ਹਾਂ ਧਿਆਨ ਦੇ ਸਕਦੇ ਹਾਂ? (ਅ) ਇਹ ਲਾਭਦਾਇਕ ਕਿਉਂ ਹੈ?
10 ਜੇ ਤੁਸੀਂ ਪਰਿਵਾਰਕ ਅਧਿਐਨ ਵਿਚ ਉਸ ਹਫ਼ਤੇ ਲਈ ਪਹਿਰਾਬੁਰਜ ਦੇ ਲੇਖ ਦੀ ਤਿਆਰੀ ਕਰਦੇ ਹੋ, ਤਾਂ ਵੀ ਕਲੀਸਿਯਾ ਪੁਸਤਕ ਅਧਿਐਨ, ਦੈਵ-ਸ਼ਾਸਕੀ ਸੇਵਕਾਈ ਸਕੂਲ ਅਤੇ ਸੇਵਾ ਸਭਾ ਦੀ ਆਪਣੇ ਆਪ ਜਾਂ ਪਰਿਵਾਰ ਨਾਲ ਮਿਲ ਕੇ ਤਿਆਰੀ ਕਰਨ ਦੀ ਮਹੱਤਤਾ ਨੂੰ ਨਜ਼ਰਅੰਦਾਜ਼ ਨਾ ਕਰੋ। ਇਹ ਵੀ ਯਹੋਵਾਹ ਦੇ ਰਾਹ ਉੱਤੇ ਤੁਰਨ ਲਈ ਸਾਨੂੰ ਸਿੱਖਿਆ ਦੇਣ ਦੇ ਪ੍ਰੋਗ੍ਰਾਮ ਦੇ ਮਹੱਤਵਪੂਰਣ ਭਾਗ ਹਨ। ਸਮੇਂ-ਸਮੇਂ ਤੇ ਤੁਸੀਂ ਸ਼ਾਇਦ ਪਰਿਵਾਰ ਨਾਲ ਮਿਲ ਕੇ ਸਭਾਵਾਂ ਦੀ ਤਿਆਰੀ ਕਰ ਸਕੋ। ਇਕੱਠੇ ਤਿਆਰੀ ਕਰਨ ਨਾਲ ਤੁਹਾਡੇ ਅਧਿਐਨ ਕਰਨ ਦੇ ਢੰਗ ਵਿਚ ਸੁਧਾਰ ਹੋਵੇਗਾ। ਨਤੀਜੇ ਵਜੋਂ, ਸਭਾਵਾਂ ਤੋਂ ਵੀ ਜ਼ਿਆਦਾ ਲਾਭ ਪ੍ਰਾਪਤ ਹੋਵੇਗਾ। ਦੂਸਰੀਆਂ ਗੱਲਾਂ ਦੇ ਨਾਲ-ਨਾਲ, ਇਨ੍ਹਾਂ ਸਭਾਵਾਂ ਦੀ ਨਿਯਮਿਤ ਤੌਰ ਤੇ ਤਿਆਰੀ ਕਰਨ ਦੇ ਫ਼ਾਇਦਿਆਂ ਦੀ ਅਤੇ ਇਸ ਲਈ ਨਿਸ਼ਚਿਤ ਸਮਾਂ ਅਲੱਗ ਰੱਖਣ ਦੀ ਮਹੱਤਤਾ ਉੱਤੇ ਚਰਚਾ ਕਰੋ।—ਅਫ਼ਸੀਆਂ 5:15-17.
11, 12. ਕਲੀਸਿਯਾ ਸਭਾਵਾਂ ਵਿਚ ਗਾਏ ਜਾਣ ਵਾਲੇ ਗੀਤਾਂ ਦੀ ਤਿਆਰੀ ਕਰਨ ਤੋਂ ਸਾਨੂੰ ਕਿਵੇਂ ਫ਼ਾਇਦਾ ਹੋਵੇਗਾ ਅਤੇ ਇਹ ਤਿਆਰੀ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ?
11 “ਈਸ਼ਵਰੀ ਜੀਵਨ ਦਾ ਰਾਹ” ਮਹਾਂ-ਸੰਮੇਲਨਾਂ ਵਿਚ ਸਾਨੂੰ ਆਪਣੀਆਂ ਸਭਾਵਾਂ ਦੇ ਇਕ ਹੋਰ ਭਾਗ ਦੀ ਤਿਆਰੀ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਸੀ—ਉਹ ਹੈ ਰਾਜ ਗੀਤ ਗਾਉਣੇ। ਕੀ ਤੁਸੀਂ ਇਨ੍ਹਾਂ ਦੀ ਤਿਆਰੀ ਕਰਦੇ ਹੋ? ਇਸ ਤਰ੍ਹਾਂ ਕਰਨ ਨਾਲ ਬਾਈਬਲ ਦੀਆਂ ਸੱਚਾਈਆਂ ਸਾਡੇ ਦਿਲਾਂ-ਦਿਮਾਗਾਂ ਵਿਚ ਸਮਾ ਜਾਣਗੀਆਂ ਅਤੇ ਨਾਲ ਹੀ ਅਸੀਂ ਕਲੀਸਿਯਾ ਸਭਾਵਾਂ ਦਾ ਜ਼ਿਆਦਾ ਆਨੰਦ ਮਾਣ ਸਕਾਂਗੇ।
12 ਅਸੀਂ ਸਭਾ ਵਿਚ ਗਾਏ ਜਾਣ ਵਾਲੇ ਕੁਝ ਗੀਤਾਂ ਨੂੰ ਪੜ੍ਹ ਕੇ ਉਨ੍ਹਾਂ ਦੇ ਸ਼ਬਦਾਂ ਦੇ ਅਰਥਾਂ ਦੀ ਚਰਚਾ ਕਰ ਸਕਦੇ ਹਾਂ ਅਤੇ ਇਸ ਤਰ੍ਹਾਂ ਤਿਆਰੀ ਕਰ ਕੇ ਅਸੀਂ ਗੀਤਾਂ ਨੂੰ ਦਿਲੋਂ ਗਾ ਸਕਾਂਗੇ। ਪ੍ਰਾਚੀਨ ਇਸਰਾਏਲ ਵਿਚ, ਉਪਾਸਨਾ ਵਿਚ ਸੰਗੀਤ ਦੇ ਸਾਜ਼ਾਂ ਦੀ ਕਾਫ਼ੀ ਵਰਤੋਂ ਕੀਤੀ ਜਾਂਦੀ ਸੀ। (1 ਇਤਹਾਸ 25:1; ਜ਼ਬੂਰ 28:7) ਕੀ ਤੁਹਾਡੇ ਪਰਿਵਾਰ ਵਿਚ ਕੋਈ ਮੈਂਬਰ ਸਾਜ਼ ਵਜਾਉਂਦਾ ਹੈ? ਕਿਉਂ ਨਾ ਤੁਸੀਂ ਉਸ ਸਾਜ਼ ਨੂੰ ਵਜਾ ਕੇ ਉਸ ਹਫ਼ਤੇ ਗਾਏ ਜਾਣ ਵਾਲੇ ਰਾਜ ਗੀਤਾਂ ਵਿੱਚੋਂ ਕਿਸੇ ਗੀਤ ਨੂੰ ਗਾਉਣ ਦਾ ਅਭਿਆਸ ਕਰੋ। ਤੁਸੀਂ ਰਿਕਾਰਡ ਕੀਤੇ ਹੋਏ ਗੀਤ ਵੀ ਵਰਤ ਸਕਦੇ ਹੋ। ਕੁਝ ਦੇਸ਼ਾਂ ਵਿਚ ਸਾਡੇ ਭਰਾ ਬਿਨਾਂ ਕਿਸੇ ਸਾਜ਼ ਤੋਂ ਬਹੁਤ ਸੋਹਣੇ ਤਰੀਕੇ ਨਾਲ ਗਾਉਂਦੇ ਹਨ। ਰਾਹ ਵਿਚ ਤੁਰਦਿਆਂ ਜਾਂ ਖੇਤਾਂ ਵਿਚ ਕੰਮ ਕਰਦਿਆਂ ਉਹ ਅਕਸਰ ਉਸ ਹਫ਼ਤੇ ਦੀਆਂ ਕਲੀਸਿਯਾ ਸਭਾਵਾਂ ਵਿਚ ਗਾਏ ਜਾਣ ਵਾਲੇ ਗੀਤਾਂ ਨੂੰ ਗਾਉਣ ਦਾ ਆਨੰਦ ਮਾਣਦੇ ਹਨ।—ਅਫ਼ਸੀਆਂ 5:19.
ਪਰਿਵਾਰ ਨਾਲ ਮਿਲ ਕੇ ਖੇਤਰ ਸੇਵਾ ਲਈ ਤਿਆਰੀ ਕਰਨਾ
13, 14. ਪਰਿਵਾਰ ਦੇ ਨਾਲ ਮਿਲ ਕੇ ਚਰਚਾ ਕਰਨੀ, ਜੋ ਸਾਡੇ ਦਿਲਾਂ ਨੂੰ ਖੇਤਰ ਸੇਵਾ ਲਈ ਤਿਆਰ ਕਰਦੀ ਹੈ, ਕਿਉਂ ਮਹੱਤਵਪੂਰਣ ਹੈ?
13 ਲੋਕਾਂ ਨੂੰ ਯਹੋਵਾਹ ਅਤੇ ਉਸ ਦੇ ਮਕਸਦ ਬਾਰੇ ਗਵਾਹੀ ਦੇਣੀ ਸਾਡੀ ਜ਼ਿੰਦਗੀ ਦਾ ਇਕ ਜ਼ਰੂਰੀ ਹਿੱਸਾ ਹੈ। (ਯਸਾਯਾਹ 43:10-12; ਮੱਤੀ 24:14) ਅਸੀਂ ਭਾਵੇਂ ਜਵਾਨ ਹਾਂ ਜਾਂ ਬੁੱਢੇ, ਪਰ ਜੇ ਅਸੀਂ ਇਸ ਕੰਮ ਲਈ ਤਿਆਰੀ ਕਰਦੇ ਹਾਂ, ਤਾਂ ਅਸੀਂ ਜ਼ਿਆਦਾ ਅਸਰਦਾਰ ਤਰੀਕੇ ਨਾਲ ਪ੍ਰਚਾਰ ਕਰਾਂਗੇ ਅਤੇ ਇਸ ਵਿਚ ਜ਼ਿਆਦਾ ਆਨੰਦ ਪ੍ਰਾਪਤ ਕਰਾਂਗੇ। ਅਸੀਂ ਪਰਿਵਾਰ ਵਿਚ ਤਿਆਰੀ ਕਿਵੇਂ ਕਰ ਸਕਦੇ ਹਾਂ?
14 ਆਪਣੀ ਉਪਾਸਨਾ ਨਾਲ ਸੰਬੰਧਿਤ ਸਾਰੀਆਂ ਗੱਲਾਂ ਦੇ ਵਾਂਗ, ਇਸ ਵਿਚ ਵੀ ਆਪਣੇ ਦਿਲਾਂ ਨੂੰ ਤਿਆਰ ਕਰਨਾ ਜ਼ਰੂਰੀ ਹੈ। ਸਾਨੂੰ ਨਾ ਸਿਰਫ਼ ਇਸ ਗੱਲ ਦੀ ਚਰਚਾ ਕਰਨ ਦੀ ਜ਼ਰੂਰਤ ਹੈ ਕਿ ਅਸੀਂ ਕੀ ਕਰਾਂਗੇ, ਬਲਕਿ ਇਸ ਬਾਰੇ ਵੀ ਚਰਚਾ ਕਰਨ ਦੀ ਜ਼ਰੂਰਤ ਹੈ ਕਿ ਅਸੀਂ ਇਹ ਕਿਉਂ ਕਰਨ ਜਾ ਰਹੇ ਹਾਂ। ਰਾਜਾ ਯਹੋਸ਼ਾਫ਼ਾਟ ਦੇ ਦਿਨਾਂ ਵਿਚ ਲੋਕਾਂ ਨੂੰ ਪਰਮੇਸ਼ੁਰ ਦੀ ਬਿਵਸਥਾ ਸਿਖਾਈ ਜਾਂਦੀ ਸੀ, ਪਰ ਬਾਈਬਲ ਸਾਨੂੰ ਦੱਸਦੀ ਹੈ ਕਿ ਉਨ੍ਹਾਂ ਨੇ “ਦਿਲ ਨਹੀਂ ਲਾਇਆ।” ਇਸ ਨਾਲ ਉਹ ਆਸਾਨੀ ਨਾਲ ਬਹਿਕਾਵੇ ਵਿਚ ਆ ਕੇ ਸੱਚੀ ਉਪਾਸਨਾ ਤੋਂ ਦੂਰ ਹੋ ਸਕਦੇ ਸਨ। (2 ਇਤਹਾਸ 20:33; 21:11) ਸਾਡਾ ਟੀਚਾ ਸਿਰਫ਼ ਖੇਤਰ ਸੇਵਾ ਵਿਚ ਬਿਤਾਏ ਘੰਟਿਆਂ ਦੀ ਰਿਪੋਰਟ ਦੇਣੀ ਜਾਂ ਸਾਹਿੱਤ ਵੰਡਣਾ ਨਹੀਂ ਹੈ। ਸਾਡਾ ਪ੍ਰਚਾਰ ਯਹੋਵਾਹ ਲਈ ਅਤੇ ਉਨ੍ਹਾਂ ਲੋਕਾਂ ਲਈ ਪਿਆਰ ਦਾ ਪ੍ਰਗਟਾਵਾ ਹੋਣਾ ਚਾਹੀਦਾ ਹੈ ਜਿਨ੍ਹਾਂ ਨੂੰ ਜ਼ਿੰਦਗੀ ਨੂੰ ਚੁਣਨ ਲਈ ਮੌਕੇ ਦੀ ਲੋੜ ਹੈ। (ਇਬਰਾਨੀਆਂ 13:15) ਇਹ ਅਜਿਹਾ ਕੰਮ ਹੈ ਜਿਸ ਵਿਚ ਅਸੀਂ “ਪਰਮੇਸ਼ੁਰ ਦੇ ਸਾਂਝੀ ਹਾਂ।” (1 ਕੁਰਿੰਥੀਆਂ 3:9) ਕਿੰਨਾ ਵੱਡਾ ਵਿਸ਼ੇਸ਼-ਸਨਮਾਨ! ਜਦੋਂ ਅਸੀਂ ਪ੍ਰਚਾਰ ਵਿਚ ਹਿੱਸਾ ਲੈਂਦੇ ਹਾਂ, ਤਾਂ ਅਸੀਂ ਪਵਿੱਤਰ ਦੂਤਾਂ ਨਾਲ ਮਿਲ ਕੇ ਇਹ ਕੰਮ ਕਰਦੇ ਹਾਂ। (ਪਰਕਾਸ਼ ਦੀ ਪੋਥੀ 14:6, 7) ਇਸ ਗੱਲ ਦੀ ਕਦਰ ਵਧਾਉਣ ਲਈ ਪਰਿਵਾਰ ਦੇ ਨਾਲ ਮਿਲ ਕੇ ਚਰਚਾ ਕਰਨ ਨਾਲੋਂ ਹੋਰ ਵਧੀਆ ਸਮਾਂ ਕਿਹੜਾ ਹੋ ਸਕਦਾ ਹੈ, ਚਾਹੇ ਇਹ ਸਾਡੇ ਹਫ਼ਤਾਵਾਰ ਅਧਿਐਨ ਦੌਰਾਨ ਹੋਵੇ ਜਾਂ ਜਦੋਂ ਅਸੀਂ ਪ੍ਰਤਿਦਿਨ ਸ਼ਾਸਤਰਵਚਨਾਂ ਦੀ ਜਾਂਚ ਕਰਨਾ ਵਿੱਚੋਂ ਕਿਸੇ ਢੁਕਵੇਂ ਸ਼ਾਸਤਰਵਚਨ ਤੇ ਚਰਚਾ ਕਰ ਰਹੇ ਹੁੰਦੇ ਹਾਂ!
15. ਅਸੀਂ ਪੂਰੇ ਪਰਿਵਾਰ ਨਾਲ ਮਿਲ ਕੇ ਖੇਤਰ ਸੇਵਾ ਲਈ ਕਦੋਂ ਤਿਆਰੀ ਕਰ ਸਕਦੇ ਹਾਂ?
15 ਕੀ ਤੁਸੀਂ ਕਦੀ-ਕਦਾਈਂ ਪਰਿਵਾਰਕ ਅਧਿਐਨ ਦੇ ਸਮੇਂ ਨੂੰ ਹਫ਼ਤੇ ਦੌਰਾਨ ਕੀਤੀ ਜਾਣ ਵਾਲੀ ਖੇਤਰ ਸੇਵਾ ਲਈ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਤਿਆਰ ਕਰਨ ਲਈ ਵਰਤਦੇ ਹੋ? ਇਸ ਤਰ੍ਹਾਂ ਕਰਨ ਨਾਲ ਬਹੁਤ ਸਾਰੇ ਫ਼ਾਇਦੇ ਹੋ ਸਕਦੇ ਹਨ। (2 ਤਿਮੋਥਿਉਸ 2:15) ਇਹ ਉਨ੍ਹਾਂ ਦੀ ਖੇਤਰ ਸੇਵਾ ਨੂੰ ਅਰਥਪੂਰਣ ਅਤੇ ਫਲਦਾਇਕ ਬਣਾਉਣ ਵਿਚ ਮਦਦ ਕਰ ਸਕਦਾ ਹੈ। ਕਦੀ-ਕਦਾਈਂ, ਤੁਸੀਂ ਅਧਿਐਨ ਲਈ ਰੱਖੇ ਪੂਰੇ ਸਮੇਂ ਨੂੰ ਖੇਤਰ ਸੇਵਾ ਦੀ ਤਿਆਰੀ ਕਰਨ ਲਈ ਵਰਤ ਸਕਦੇ ਹੋ। ਪਰ ਅਕਸਰ ਤੁਸੀਂ ਪਰਿਵਾਰਕ ਅਧਿਐਨ ਦੇ ਅਖ਼ੀਰ ਵਿਚ ਜਾਂ ਹਫ਼ਤੇ ਦੇ ਦੌਰਾਨ ਕਿਸੇ ਹੋਰ ਸਮੇਂ ਤੇ ਖੇਤਰ ਸੇਵਾ ਦੇ ਪਹਿਲੂਆਂ ਉੱਤੇ ਥੋੜ੍ਹੇ-ਥੋੜ੍ਹੇ ਸਮੇਂ ਲਈ ਚਰਚਾ ਕਰ ਸਕਦੇ ਹੋ।
16. ਪੈਰੇ ਵਿਚ ਦਿੱਤੇ ਗਏ ਹਰੇਕ ਸੁਝਾਅ ਦੀ ਅਹਿਮੀਅਤ ਦੀ ਚਰਚਾ ਕਰੋ।
16 ਪਰਿਵਾਰਕ ਅਧਿਐਨ ਦੌਰਾਨ ਇਨ੍ਹਾਂ ਅੱਗੇ ਦਿੱਤੇ ਗਏ ਕੁਝ ਸੁਝਾਵਾਂ ਵੱਲ ਧਿਆਨ ਦਿੱਤਾ ਜਾ ਸਕਦਾ ਹੈ: (1) ਇਕ ਪੇਸ਼ਕਾਰੀ ਤਿਆਰ ਕਰੋ ਤੇ ਉਸ ਨੂੰ ਵਾਰ-ਵਾਰ ਦੁਹਰਾਓ; ਇਸ ਵਿਚ ਇਕ ਸ਼ਾਸਤਰਵਚਨ ਵੀ ਸ਼ਾਮਲ ਕਰੋ ਜਿਸ ਨੂੰ ਮੌਕਾ ਮਿਲਣ ਤੇ ਬਾਈਬਲ ਵਿੱਚੋਂ ਪੜ੍ਹਿਆ ਜਾ ਸਕੇ। (2) ਜੇ ਸੰਭਵ ਹੋਵੇ, ਤਾਂ ਨਿਸ਼ਚਿਤ ਕਰੋ ਕਿ ਸਾਰਿਆਂ ਕੋਲ ਆਪਣਾ-ਆਪਣਾ ਪ੍ਰੀਚਿੰਗ ਬੈਗ, ਬਾਈਬਲ, ਨੋਟਬੁੱਕ, ਪੈਨ ਜਾਂ ਪੈਂਸਿਲ, ਟ੍ਰੈਕਟ ਅਤੇ ਦੂਸਰੇ ਪ੍ਰਕਾਸ਼ਨ ਹਨ, ਅਤੇ ਇਹ ਚੰਗੀ ਹਾਲਤ ਵਿਚ ਹਨ। ਜ਼ਰੂਰੀ ਨਹੀਂ ਕਿ ਪ੍ਰੀਚਿੰਗ ਬੈਗ ਮਹਿੰਗਾ ਹੋਵੇ, ਪਰ ਇਹ ਸਾਫ਼-ਸੁੱਥਰਾ ਹੋਣਾ ਚਾਹੀਦਾ ਹੈ। (3) ਇਸ ਬਾਰੇ ਚਰਚਾ ਕਰੋ ਕਿ ਕਿੱਥੇ ਅਤੇ ਕਿਵੇਂ ਗ਼ੈਰ-ਰਸਮੀ ਤੌਰ ਤੇ ਗਵਾਹੀ ਦੇਣੀ ਹੈ। ਇਸ ਮਗਰੋਂ ਆਪਣੇ ਪਰਿਵਾਰ ਨਾਲ ਇਕੱਠੇ ਮਿਲ ਕੇ ਖੇਤਰ ਸੇਵਾ ਕਰਦੇ ਹੋਏ ਇਨ੍ਹਾਂ ਹਿਦਾਇਤਾਂ ਨੂੰ ਲਾਗੂ ਕਰੋ। ਲਾਹੇਵੰਦ ਸੁਝਾਅ ਦਿਓ, ਪਰ ਬਹੁਤ ਜ਼ਿਆਦਾ ਨੁਕਸ ਨਾ ਕੱਢੋ।
17, 18. (ੳ) ਪੂਰੇ ਪਰਿਵਾਰ ਨਾਲ ਮਿਲ ਕੇ ਕਿਸ ਤਰ੍ਹਾਂ ਦੀ ਤਿਆਰੀ ਕਰਨ ਨਾਲ ਸਾਡੀ ਖੇਤਰ ਸੇਵਾ ਹੋਰ ਜ਼ਿਆਦਾ ਫਲਦਾਇਕ ਬਣ ਸਕਦੀ ਹੈ? (ਅ) ਇਸ ਤਿਆਰੀ ਦੇ ਕਿਹੜੇ ਪਹਿਲੂ ਉੱਤੇ ਹਰ ਹਫ਼ਤੇ ਕੰਮ ਕੀਤਾ ਜਾ ਸਕਦਾ ਹੈ?
17 ਯਿਸੂ ਮਸੀਹ ਨੇ ਆਪਣੇ ਪੈਰੋਕਾਰਾਂ ਨੂੰ ਜਿਹੜਾ ਕੰਮ ਸੌਂਪਿਆ ਹੈ, ਉਸ ਵਿਚ ਚੇਲੇ ਬਣਾਉਣ ਦਾ ਕੰਮ ਅਹਿਮ ਹੈ। (ਮੱਤੀ 28:19, 20) ਚੇਲੇ ਬਣਾਉਣ ਵਿਚ ਸਿਰਫ਼ ਪ੍ਰਚਾਰ ਕਰਨਾ ਹੀ ਸ਼ਾਮਲ ਨਹੀਂ ਹੈ। ਇਸ ਲਈ ਸਿੱਖਿਆ ਦੇਣ ਦੀ ਜ਼ਰੂਰਤ ਹੈ। ਪ੍ਰਭਾਵਸ਼ਾਲੀ ਸਿੱਖਿਅਕ ਬਣਨ ਵਿਚ ਤੁਹਾਡਾ ਪਰਿਵਾਰਕ ਅਧਿਐਨ ਕਿਸ ਤਰ੍ਹਾਂ ਤੁਹਾਡੀ ਮਦਦ ਕਰ ਸਕਦਾ ਹੈ?
18 ਪੂਰਾ ਪਰਿਵਾਰ ਮਿਲ ਕੇ ਚਰਚਾ ਕਰੋ ਕਿ ਕਿਨ੍ਹਾਂ ਨਾਲ ਪੁਨਰ-ਮੁਲਾਕਾਤਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਕੁਝ ਲੋਕਾਂ ਨੇ ਸ਼ਾਇਦ ਸਾਹਿੱਤ ਲਿਆ ਹੋਵੇ; ਕਈਆਂ ਨੇ ਸ਼ਾਇਦ ਸਿਰਫ਼ ਸੰਦੇਸ਼ ਸੁਣਿਆ ਹੋਵੇ। ਤੁਸੀਂ ਉਨ੍ਹਾਂ ਨੂੰ ਸ਼ਾਇਦ ਘਰ-ਘਰ ਦੀ ਸੇਵਕਾਈ ਵਿਚ ਮਿਲੇ ਸੀ ਜਾਂ ਬਾਜ਼ਾਰ ਜਾਂ ਸਕੂਲ ਵਿਚ ਉਨ੍ਹਾਂ ਨੂੰ ਗ਼ੈਰ-ਰਸਮੀ ਤੌਰ ਤੇ ਗਵਾਹੀ ਦਿੱਤੀ ਸੀ। ਪਰਮੇਸ਼ੁਰ ਦੇ ਬਚਨ ਤੋਂ ਨਿਰਦੇਸ਼ਨ ਲਓ। (ਜ਼ਬੂਰ 25:9; ਹਿਜ਼ਕੀਏਲ 9:4) ਫ਼ੈਸਲਾ ਕਰੋ ਕਿ ਉਸ ਹਫ਼ਤੇ ਹਰੇਕ ਮੈਂਬਰ ਕਿਨ੍ਹਾਂ ਵਿਅਕਤੀਆਂ ਨੂੰ ਮਿਲਣਾ ਚਾਹੁੰਦਾ ਹੈ। ਕਿਸ ਵਿਸ਼ੇ ਉੱਤੇ ਗੱਲ ਕੀਤੀ ਜਾਵੇਗੀ? ਪੂਰੇ ਪਰਿਵਾਰ ਨਾਲ ਮਿਲ ਕੇ ਚਰਚਾ ਕਰਨ ਨਾਲ ਹਰ ਮੈਂਬਰ ਨੂੰ ਤਿਆਰੀ ਕਰਨ ਵਿਚ ਮਦਦ ਮਿਲ ਸਕਦੀ ਹੈ। ਦਿਲਚਸਪੀ ਰੱਖਣ ਵਾਲਿਆਂ ਨਾਲ ਸਾਂਝੇ ਕਰਨ ਲਈ ਖ਼ਾਸ ਸ਼ਾਸਤਰਵਚਨ ਲਿਖ ਲਓ ਅਤੇ ਬਰੋਸ਼ਰ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਜਾਂ ਕਿਤਾਬ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਵਿੱਚੋਂ ਖ਼ਾਸ ਨੁਕਤੇ ਨੋਟ ਕਰੋ। ਇੱਕੋ ਮੁਲਾਕਾਤ ਵਿਚ ਬਹੁਤ ਜ਼ਿਆਦਾ ਵਿਸ਼ਿਆਂ ਉੱਤੇ ਚਰਚਾ ਕਰਨ ਦੀ ਕੋਸ਼ਿਸ਼ ਨਾ ਕਰੋ। ਜਾਣ ਤੋਂ ਪਹਿਲਾਂ ਘਰ-ਸੁਆਮੀ ਨੂੰ ਇਕ ਸਵਾਲ ਪੁੱਛੋ ਜਿਸ ਦਾ ਜਵਾਬ ਤੁਸੀਂ ਅਗਲੀ ਵਾਰ ਮਿਲਣ ਤੇ ਦੇ ਸਕਦੇ ਹੋ। ਕਿਉਂ ਨਾ ਤੁਸੀਂ ਹਰ ਹਫ਼ਤੇ ਇਹ ਯੋਜਨਾ ਬਣਾਓ ਕਿ ਹਰ ਮੈਂਬਰ ਕਿਨ੍ਹਾਂ ਨਾਲ ਪੁਨਰ-ਮੁਲਾਕਾਤ ਕਰੇਗਾ, ਉਹ ਪੁਨਰ-ਮੁਲਾਕਾਤ ਕਦੋਂ ਕਰੇਗਾ ਅਤੇ ਕਿਸ ਉਦੇਸ਼ ਨਾਲ ਕਰੇਗਾ। ਇਸ ਤਰ੍ਹਾਂ ਕਰਨ ਨਾਲ ਪੂਰੇ ਪਰਿਵਾਰ ਦੀ ਖੇਤਰ ਸੇਵਾ ਹੋਰ ਜ਼ਿਆਦਾ ਫਲਦਾਇਕ ਬਣ ਸਕਦੀ ਹੈ।
ਉਨ੍ਹਾਂ ਨੂੰ ਯਹੋਵਾਹ ਦੇ ਰਾਹ ਸਿਖਾਉਂਦੇ ਰਹੋ
19. ਜੇ ਪਰਿਵਾਰ ਦੇ ਮੈਂਬਰਾਂ ਨੇ ਲਗਾਤਾਰ ਯਹੋਵਾਹ ਦੇ ਰਾਹਾਂ ਉੱਤੇ ਚੱਲਣਾ ਹੈ, ਤਾਂ ਉਨ੍ਹਾਂ ਨੂੰ ਕਿਸ ਚੀਜ਼ ਦਾ ਅਨੁਭਵ ਕਰਨ ਦੀ ਜ਼ਰੂਰਤ ਹੈ ਅਤੇ ਇਹ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ?
19 ਇਸ ਦੁਸ਼ਟ ਸੰਸਾਰ ਵਿਚ ਪਰਿਵਾਰ ਦਾ ਸਿਰ ਬਣਨਾ ਇਕ ਚੁਣੌਤੀ ਹੈ। ਸ਼ਤਾਨ ਅਤੇ ਉਸ ਦੇ ਪਿਸ਼ਾਚ ਯਹੋਵਾਹ ਦੇ ਸੇਵਕਾਂ ਦੀ ਅਧਿਆਤਮਿਕਤਾ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਦੇ ਹਨ। (1 ਪਤਰਸ 5:8) ਇਸ ਤੋਂ ਇਲਾਵਾ, ਮਾਪਿਓ, ਖ਼ਾਸ ਕਰਕੇ ਤੁਸੀਂ ਜਿਹੜੀਆਂ ਇਕੱਲੀਆਂ ਮਾਤਾਵਾਂ ਜਾਂ ਇਕੱਲੇ ਪਿਤਾ ਹੋ, ਤੁਹਾਡੇ ਉੱਤੇ ਅੱਜ ਬਹੁਤ ਜ਼ਿਆਦਾ ਦਬਾਅ ਹੈ। ਜਿਨ੍ਹਾਂ ਕੰਮਾਂ ਨੂੰ ਤੁਸੀਂ ਕਰਨਾ ਚਾਹੁੰਦੇ ਹਾਂ, ਉਨ੍ਹਾਂ ਨੂੰ ਕਰਨ ਲਈ ਸਮਾਂ ਕੱਢਣਾ ਬਹੁਤ ਮੁਸ਼ਕਲ ਹੈ। ਪਰ ਜਤਨ ਕਰਨ ਦੇ ਚੰਗੇ ਨਤੀਜੇ ਨਿਕਲਦੇ ਹਨ, ਭਾਵੇਂ ਤੁਸੀਂ ਇਕ ਸਮੇਂ ਤੇ ਸਿਰਫ਼ ਇਕ ਸੁਝਾਅ ਨੂੰ ਹੀ ਕਿਉਂ ਨਾ ਲਾਗੂ ਕਰ ਸਕੋ। ਇਸ ਤਰ੍ਹਾਂ ਕਰਨ ਨਾਲ ਤੁਸੀਂ ਹੌਲੀ-ਹੌਲੀ ਆਪਣੇ ਪਰਿਵਾਰਕ ਅਧਿਐਨ ਪ੍ਰੋਗ੍ਰਾਮ ਨੂੰ ਸੁਧਾਰ ਸਕਦੇ ਹੋ। ਆਪਣੇ ਪਿਆਰਿਆਂ ਨੂੰ ਯਹੋਵਾਹ ਦੇ ਰਾਹ ਉੱਤੇ ਵਫ਼ਾਦਾਰੀ ਨਾਲ ਚੱਲਦੇ ਹੋਏ ਦੇਖਣ ਨਾਲ ਦਿਲ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਯਹੋਵਾਹ ਦੇ ਰਾਹ ਉੱਤੇ ਸਫ਼ਲਤਾਪੂਰਵਕ ਚੱਲਣ ਲਈ, ਪਰਿਵਾਰ ਦੇ ਮੈਂਬਰਾਂ ਨੂੰ ਕਲੀਸਿਯਾ ਸਭਾਵਾਂ ਵਿਚ ਹਾਜ਼ਰ ਹੋਣ ਤੋਂ ਅਤੇ ਖੇਤਰ ਸੇਵਾ ਵਿਚ ਹਿੱਸਾ ਲੈਣ ਤੋਂ ਆਨੰਦ ਪ੍ਰਾਪਤ ਕਰਨ ਦੀ ਜ਼ਰੂਰਤ ਹੈ। ਇਸ ਲਈ ਤਿਆਰੀ ਦੀ ਲੋੜ ਹੈ—ਅਜਿਹੀ ਤਿਆਰੀ ਜੋ ਦਿਲ ਨੂੰ ਪ੍ਰੇਰਿਤ ਕਰਦੀ ਹੈ ਅਤੇ ਹਰ ਮੈਂਬਰ ਨੂੰ ਅਰਥਪੂਰਣ ਹਿੱਸਾ ਲੈਣ ਲਈ ਲੈਸ ਕਰਦੀ ਹੈ।
20. ਤੀਸਰਾ ਯੂਹੰਨਾ 4 ਵਿਚ ਦੱਸਿਆ ਗਿਆ ਆਨੰਦ ਪ੍ਰਾਪਤ ਕਰਨ ਵਿਚ ਕਿਹੜੀ ਚੀਜ਼ ਹੋਰ ਜ਼ਿਆਦਾ ਮਾਪਿਆਂ ਦੀ ਮਦਦ ਕਰ ਸਕਦੀ ਹੈ?
20 ਜਿਨ੍ਹਾਂ ਦੀ ਯੂਹੰਨਾ ਰਸੂਲ ਨੇ ਅਧਿਆਤਮਿਕ ਤੌਰ ਤੇ ਮਦਦ ਕੀਤੀ ਸੀ, ਉਨ੍ਹਾਂ ਬਾਰੇ ਉਸ ਨੇ ਲਿਖਿਆ: “ਇਸ ਨਾਲੋਂ ਮੈਨੂੰ ਵੱਡਾ ਅਨੰਦ ਕੋਈ ਨਹੀਂ ਜੋ ਮੈਂ ਸੁਣਾਂ ਭਈ ਮੇਰੇ ਬਾਲਕ ਸਚਿਆਈ ਉੱਤੇ ਚੱਲਦੇ ਹਨ।” (3 ਯੂਹੰਨਾ 4) ਜਦੋਂ ਪਰਿਵਾਰਕ ਅਧਿਐਨ ਨਿਸ਼ਚਿਤ ਉਦੇਸ਼ਾਂ ਨੂੰ ਮਨ ਵਿਚ ਰੱਖ ਕੇ ਕਰਾਏ ਜਾਂਦੇ ਹਨ ਅਤੇ ਪਰਿਵਾਰ ਦਾ ਸਿਰ ਪਰਿਵਾਰ ਦੇ ਮੈਂਬਰਾਂ ਦੀਆਂ ਨਿੱਜੀ ਲੋੜਾਂ ਅਨੁਸਾਰ ਦਿਆਲਤਾ ਨਾਲ ਉਨ੍ਹਾਂ ਦੀ ਮਦਦ ਕਰਦਾ ਹੈ, ਤਾਂ ਇਹ ਇਸ ਆਨੰਦ ਨੂੰ ਪ੍ਰਾਪਤ ਕਰਨ ਵਿਚ ਪਰਿਵਾਰ ਦੀ ਬਹੁਤ ਮਦਦ ਕਰ ਸਕਦਾ ਹੈ। ਈਸ਼ਵਰੀ ਜੀਵਨ ਦੇ ਰਾਹ ਲਈ ਕਦਰ ਪੈਦਾ ਕਰਨ ਦੁਆਰਾ ਮਾਪੇ ਜੀਵਨ ਦੇ ਸਭ ਤੋਂ ਵਧੀਆ ਰਾਹ ਦਾ ਆਨੰਦ ਮਾਣਨ ਵਿਚ ਆਪਣੇ ਪਰਿਵਾਰ ਦੀ ਮਦਦ ਕਰ ਰਹੇ ਹਨ।—ਜ਼ਬੂਰ 19:7-11.
ਕੀ ਤੁਸੀਂ ਸਮਝਾ ਸਕਦੇ ਹੋ?
◻ ਸਾਡੇ ਬੱਚਿਆਂ ਲਈ ਸਭਾਵਾਂ ਦੀ ਤਿਆਰੀ ਕਰਨੀ ਕਿਉਂ ਇੰਨੀ ਮਹੱਤਵਪੂਰਣ ਹੈ?
◻ ‘ਦਿਲ ਪ੍ਰਾਪਤ ਕਰਨ’ ਵਿਚ ਮਾਪੇ ਆਪਣੇ ਬੱਚਿਆਂ ਦੀ ਕਿਵੇਂ ਮਦਦ ਕਰ ਸਕਦੇ ਹਨ?
◻ ਸਾਰੀਆਂ ਸਭਾਵਾਂ ਦੀ ਤਿਆਰੀ ਕਰਨ ਵਿਚ ਸਾਡਾ ਪਰਿਵਾਰਕ ਅਧਿਐਨ ਸਾਡੀ ਕਿਵੇਂ ਮਦਦ ਕਰ ਸਕਦਾ ਹੈ?
◻ ਪਰਿਵਾਰ ਨਾਲ ਮਿਲ ਕੇ ਖੇਤਰ ਸੇਵਾ ਲਈ ਤਿਆਰੀ ਕਰਨ ਨਾਲ ਸਾਨੂੰ ਹੋਰ ਅਸਰਦਾਰ ਤਰੀਕੇ ਨਾਲ ਪ੍ਰਚਾਰ ਕਰਨ ਵਿਚ ਕਿਵੇਂ ਮਦਦ ਮਿਲ ਸਕਦੀ ਹੈ?
[ਸਫ਼ੇ 20 ਉੱਤੇ ਤਸਵੀਰ]
ਤੁਸੀਂ ਪਰਿਵਾਰਕ ਅਧਿਐਨ ਵਿਚ ਕਲੀਸਿਯਾ ਸਭਾਵਾਂ ਦੀ ਤਿਆਰੀ ਵੀ ਕਰ ਸਕਦੇ ਹੋ
[ਸਫ਼ੇ 21 ਉੱਤੇ ਤਸਵੀਰ]
ਸਭਾਵਾਂ ਵਿਚ ਗਾਏ ਜਾਣ ਵਾਲੇ ਗੀਤਾਂ ਦਾ ਅਭਿਆਸ ਕਰਨਾ ਫ਼ਾਇਦੇਮੰਦ ਹੈ