ਪਾਇਨੀਅਰ ਸੇਵਾ—ਕੀ ਇਹ ਤੁਹਾਡੇ ਲਈ ਹੈ?
1 “ਮੈਂ ਹੋਰ ਕੁਝ ਕਰਨ ਦੀ ਕਲਪਨਾ ਨਹੀਂ ਕਰ ਸਕਦਾ ਹਾਂ। ਯਕੀਨਨ ਮੈਂ ਹੋਰ ਕੋਈ ਕੰਮ ਦੀ ਕਲਪਨਾ ਨਹੀਂ ਕਰ ਸਕਦਾ ਜੋ ਇਸ ਦੇ ਬਰਾਬਰ ਆਨੰਦ ਲਿਆਵੇਗਾ।” ਇਹ ਕਿਸ ਨੇ ਕਿਹਾ ਸੀ? ਪੂਰਣ-ਕਾਲੀ ਸੇਵਕਾਈ ਨੂੰ ਆਪਣੇ ਜੀਵਨ ਦਾ ਆਨੰਦਮਈ ਪੇਸ਼ਾ ਬਣਾਉਣ ਵਾਲੇ ਲੱਖਾਂ ਯਹੋਵਾਹ ਦੇ ਗਵਾਹਾਂ ਵਿੱਚੋਂ ਇਕ ਨੇ ਇਹ ਕਿਹਾ ਸੀ। ਕੀ ਤੁਸੀਂ ਪ੍ਰਾਰਥਨਾਪੂਰਵਕ ਵਿਚਾਰ ਕੀਤਾ ਹੈ ਕਿ ਪਾਇਨੀਅਰ ਸੇਵਾ ਤੁਹਾਡੇ ਲਈ ਹੈ ਜਾਂ ਨਹੀਂ? ਕਿਉਂ ਜੋ ਅਸੀਂ ਆਪਣੇ ਆਪ ਨੂੰ ਯਹੋਵਾਹ ਨੂੰ ਪੂਰੀ ਤਰ੍ਹਾਂ ਨਾਲ ਸਮਰਪਿਤ ਕੀਤਾ ਹੈ, ਸਾਨੂੰ ਨਿਸ਼ਚੇ ਹੀ ਇਸ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਕਿ ਅਸੀਂ ਰਾਜ ਦੀ ਖ਼ੁਸ਼ ਖ਼ਬਰੀ ਨੂੰ ਫੈਲਾਉਣ ਵਿਚ ਹੋਰ ਜ਼ਿਆਦਾ ਭਾਗ ਲੈ ਸਕਦੇ ਹਾਂ ਜਾਂ ਨਹੀਂ। ਇਸ ਨੂੰ ਮਨ ਵਿਚ ਰੱਖਦੇ ਹੋਏ, ਕਿਰਪਾ ਕਰ ਕੇ ਇਨ੍ਹਾਂ ਕੁਝ ਸਵਾਲਾਂ ਉੱਤੇ ਵਿਚਾਰ ਕਰੋ ਜੋ ਬਹੁਤ ਸਾਰੇ ਲੋਕ ਪਾਇਨੀਅਰ ਸੇਵਾ ਬਾਰੇ ਪੁੱਛਦੇ ਹਨ।
ਸਵਾਲ 1: “ਕੁਝ ਭੈਣ-ਭਰਾ ਕਹਿੰਦੇ ਹਨ ਕਿ ਪਾਇਨੀਅਰੀ ਸਾਰਿਆਂ ਲਈ ਨਹੀਂ ਹੈ। ਮੈਂ ਕਿਵੇਂ ਜਾਣ ਸਕਦਾ ਹਾਂ ਕਿ ਇਹ ਮੇਰੇ ਲਈ ਹੈ?”
2 ਇਸ ਦਾ ਜਵਾਬ ਤੁਹਾਡੇ ਹਾਲਾਤ ਅਤੇ ਸ਼ਾਸਤਰ-ਸੰਬੰਧੀ ਜ਼ਿੰਮੇਵਾਰੀਆਂ ਉੱਤੇ ਨਿਰਭਰ ਕਰਦਾ ਹੈ। ਬਹੁਤ ਸਾਰੇ ਭੈਣ-ਭਰਾ ਹਨ ਜਿਨ੍ਹਾਂ ਦੀ ਸਿਹਤ ਜਾਂ ਜੀਵਨ ਦੀ ਮੌਜੂਦਾ ਸਥਿਤੀ ਉਨ੍ਹਾਂ ਨੂੰ ਸੇਵਕਾਈ ਵਿਚ ਹਰ ਮਹੀਨੇ 90 ਘੰਟੇ ਬਿਤਾਉਣ ਦੀ ਇਜਾਜ਼ਤ ਨਹੀਂ ਦਿੰਦੀ ਹੈ। ਉਨ੍ਹਾਂ ਅਨੇਕ ਵਫ਼ਾਦਾਰ ਭੈਣਾਂ ਦੀ ਉਦਾਹਰਣ ਲਓ ਜੋ ਮਸੀਹੀ ਪਤਨੀਆਂ ਅਤੇ ਮਾਵਾਂ ਹਨ। ਉਹ ਆਪਣੇ ਹਾਲਾਤ ਦੇ ਅਨੁਸਾਰ ਜਿੰਨਾ ਅਕਸਰ ਸੇਵਕਾਈ ਵਿਚ ਜਾ ਸਕਦੀਆਂ ਹਨ, ਉਹ ਜਾਂਦੀਆਂ ਹਨ। ਜਦੋਂ ਵੀ ਮੌਕਾ ਮਿਲਦਾ ਹੈ, ਉਹ ਹਰ ਸਾਲ ਇਕ ਜਾਂ ਇਕ ਤੋਂ ਵੱਧ ਮਹੀਨਿਆਂ ਵਿਚ ਸਹਿਯੋਗੀ ਪਾਇਨੀਅਰੀ ਕਰਦੀਆਂ ਹਨ, ਅਤੇ ਸੇਵਾ ਵਿਚ ਹੋਰ ਜ਼ਿਆਦਾ ਭਾਗ ਲੈਣ ਤੋਂ ਮਿਲਣ ਵਾਲੀ ਖ਼ੁਸ਼ੀ ਪ੍ਰਾਪਤ ਕਰਦੀਆਂ ਹਨ। (ਗਲਾ. 6:9) ਭਾਵੇਂ ਕਿ ਉਨ੍ਹਾਂ ਦੇ ਹਾਲਾਤ ਸ਼ਾਇਦ ਉਨ੍ਹਾਂ ਨੂੰ ਵਰਤਮਾਨ ਸਮੇਂ ਵਿਚ ਪੂਰਣ-ਕਾਲੀ ਪਾਇਨੀਅਰ ਵਜੋਂ ਸੇਵਾ ਕਰਨ ਦੀ ਇਜਾਜ਼ਤ ਨਹੀਂ ਦਿੰਦੇ ਹਨ, ਫਿਰ ਵੀ ਉਹ ਪਾਇਨੀਅਰ ਭਾਵਨਾ ਨੂੰ ਉਤਸ਼ਾਹਿਤ ਕਰਦੀਆਂ ਹਨ ਅਤੇ ਖ਼ੁਸ਼ ਖ਼ਬਰੀ ਦੇ ਜੋਸ਼ੀਲੇ ਪ੍ਰਕਾਸ਼ਕਾਂ ਵਜੋਂ ਉਹ ਕਲੀਸਿਯਾ ਲਈ ਇਕ ਵਰਦਾਨ ਹਨ।
3 ਦੂਜੇ ਪਾਸੇ, ਬਹੁਤ ਸਾਰੇ ਭੈਣ-ਭਰਾਵਾਂ ਨੇ, ਜੋ ਤੁਲਨਾਤਮਕ ਤੌਰ ਤੇ ਜ਼ਿੰਮੇਵਾਰੀਆਂ ਤੋਂ ਮੁਕਤ ਹਨ, ਆਪਣੀਆਂ ਪ੍ਰਾਥਮਿਕਤਾਵਾਂ ਵਿਚ ਤਬਦੀਲੀਆਂ ਕਰਨ ਦੁਆਰਾ ਪਾਇਨੀਅਰ ਸੇਵਾ ਕਬੂਲ ਕੀਤੀ ਹੈ। ਤੁਹਾਡੇ ਬਾਰੇ ਕੀ? ਕੀ ਤੁਸੀਂ ਇਕ ਨੌਜਵਾਨ ਹੋ ਜਿਸ ਨੇ ਆਪਣੀ ਸਕੂਲੀ ਸਿੱਖਿਆ ਖ਼ਤਮ ਕਰ ਲਈ ਹੈ? ਕੀ ਤੁਸੀਂ ਇਕ ਪਤਨੀ ਹੋ ਜਿਸ ਦਾ ਪਤੀ ਉਪਯੁਕਤ ਰੂਪ ਵਿਚ ਪਰਿਵਾਰ ਦਾ ਗੁਜ਼ਾਰਾ ਤੋਰ ਸਕਦਾ ਹੈ? ਕੀ ਤੁਸੀਂ ਵਿਆਹੇ ਹੋ ਪਰ ਤੁਹਾਡੇ ਉੱਤੇ ਬੱਚਿਆਂ ਦੀ ਜ਼ਿੰਮੇਵਾਰੀ ਨਹੀਂ ਹੈ? ਕੀ ਤੁਸੀਂ ਆਪਣੀ ਨੌਕਰੀ ਤੋਂ ਰੀਟਾਇਰ ਹੋ ਚੁੱਕੇ ਹੋ? ਪਾਇਨੀਅਰੀ ਕਰਨ ਜਾਂ ਨਾ ਕਰਨ ਦਾ ਫ਼ੈਸਲਾ ਹਰੇਕ ਵਿਅਕਤੀ ਨੂੰ ਖ਼ੁਦ ਕਰਨਾ ਹੈ। ਸਵਾਲ ਹੈ, ਕੀ ਤੁਸੀਂ ਆਪਣੇ ਜੀਵਨ ਵਿਚ ਪਾਇਨੀਅਰ ਸੇਵਾ ਕਬੂਲ ਕਰ ਸਕਦੇ ਹੋ?
4 ਸ਼ਤਾਨ ਸਾਡੇ ਜੀਵਨਾਂ ਨੂੰ ਦਿਲਪਰਚਾਵਿਆਂ ਨਾਲ ਭਰਨ ਲਈ ਅਤੇ ਸਾਨੂੰ ਸੁਆਰਥੀ ਜੀਵਨ-ਸ਼ੈਲੀ ਦੀ ਲਪੇਟ ਵਿਚ ਲੈਣ ਲਈ ਆਪਣੀ ਦੁਨਿਆਵੀ ਰੀਤੀ-ਵਿਵਸਥਾ ਨੂੰ ਇਸਤੇਮਾਲ ਕਰਦਾ ਹੈ। ਜੇ ਅਸੀਂ ਸੰਸਾਰ ਦੇ ਭਾਗ ਨਾ ਹੋਣ ਦਾ ਦ੍ਰਿੜ੍ਹ ਇਰਾਦਾ ਰੱਖਦੇ ਹਾਂ, ਤਾਂ ਯਹੋਵਾਹ ਸਾਡੀ ਮਦਦ ਕਰੇਗਾ ਕਿ ਅਸੀਂ ਰਾਜ ਹਿਤਾਂ ਨੂੰ ਪਹਿਲੀ ਥਾਂ ਦੇਈਏ ਅਤੇ ਸਾਡੇ ਲਈ ਉਪਲਬਧ ਦੈਵ-ਸ਼ਾਸਕੀ ਸੇਵਾ ਦੇ ਸਾਰੇ ਵਿਸ਼ੇਸ਼-ਸਨਮਾਨਾਂ ਨੂੰ ਸਵੀਕਾਰ ਕਰੀਏ। ਜੇਕਰ ਤੁਸੀਂ ਇਕ ਪਾਇਨੀਅਰ ਵਜੋਂ ਸੇਵਾ ਕਰਨ ਲਈ ਆਪਣੀਆਂ ਪਰਿਸਥਿਤੀਆਂ ਵਿਚ ਤਬਦੀਲੀ ਕਰ ਸਕਦੇ ਹੋ, ਤਾਂ ਕਿਉਂ ਨਹੀਂ ਕਰ ਲੈਂਦੇ?
ਸਵਾਲ 2: “ਮੈਂ ਕਿਵੇਂ ਯਕੀਨੀ ਹੋ ਸਕਦਾ ਹਾਂ ਕਿ ਮੈਂ ਪੂਰਣ-ਕਾਲੀ ਸੇਵਾ ਕਰਦੇ ਹੋਏ ਆਪਣਾ ਗੁਜ਼ਾਰਾ ਤੋਰ ਸਕਾਂਗਾ?”
5 ਇਹ ਸੱਚ ਹੈ ਕਿ ਸਮੇਂ ਦੇ ਬੀਤਣ ਨਾਲ, ਬਹੁਤ ਸਾਰੇ ਦੇਸ਼ਾਂ ਵਿਚ ਜੀਵਨ ਦੀਆਂ ਲੋੜੀਂਦੀਆਂ ਵਿਚਾਰੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਪ੍ਰਾਪਤ ਕਰਨ ਲਈ ਹਰ ਹਫ਼ਤੇ ਜ਼ਿਆਦਾ ਘੰਟੇ ਨੌਕਰੀ ਕਰਨੀ ਪੈਂਦੀ ਹੈ। ਫਿਰ ਵੀ, ਬਹੁਤ ਸਾਰੇ ਭੈਣ-ਭਰਾਵਾਂ ਨੇ ਦਹਾਕਿਆਂ ਤੋਂ ਪਾਇਨੀਅਰੀ ਕੀਤੀ ਹੈ, ਅਤੇ ਯਹੋਵਾਹ ਉਨ੍ਹਾਂ ਨੂੰ ਸੰਭਾਲ ਰਿਹਾ ਹੈ। ਇਕ ਪਾਇਨੀਅਰ ਵਜੋਂ ਸਫ਼ਲ ਹੋਣ ਲਈ ਨਿਹਚਾ ਅਤੇ ਆਤਮ-ਬਲੀਦਾਨ ਦੀ ਭਾਵਨਾ ਦੀ ਲੋੜ ਹੈ। (ਮੱਤੀ 17:20) ਸਾਨੂੰ ਜ਼ਬੂਰ 34:10 ਵਿਚ ਇਹ ਭਰੋਸਾ ਦਿਵਾਇਆ ਗਿਆ ਹੈ ਕਿ “ਯਹੋਵਾਹ ਦੇ ਤਾਲਿਬਾਂ ਨੂੰ ਕਿਸੇ ਚੰਗੀ ਵਸਤ ਦੀ ਥੁੜ ਨਹੀਂ ਹੋਵੇਗੀ।” ਪਾਇਨੀਅਰੀ ਸ਼ੁਰੂ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਪੂਰਾ ਭਰੋਸਾ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਉਸ ਲਈ ਪ੍ਰਬੰਧ ਕਰੇਗਾ। ਉਹ ਹਰ ਜਗ੍ਹਾ ਦੇ ਵਫ਼ਾਦਾਰ ਪਾਇਨੀਅਰਾਂ ਲਈ ਇਹੀ ਕਰ ਰਿਹਾ ਹੈ! (ਜ਼ਬੂ. 37:25) ਬੇਸ਼ੱਕ, 2 ਥੱਸਲੁਨੀਕੀਆਂ 3:8, 10 ਅਤੇ 1 ਤਿਮੋਥਿਉਸ 5:8 ਦੇ ਸਿਧਾਂਤਾਂ ਦੇ ਅਨੁਸਾਰ, ਪਾਇਨੀਅਰ ਇਹ ਆਸ ਨਹੀਂ ਕਰਦੇ ਹਨ ਕਿ ਦੂਜੇ ਉਨ੍ਹਾਂ ਦੀ ਮਾਲੀ ਤੌਰ ਤੇ ਸਹਾਇਤਾ ਕਰਨਗੇ।
6 ਪਾਇਨੀਅਰ ਸੇਵਾ ਕਰਨ ਦਾ ਇਰਾਦਾ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਉਹ ਕਰਨਾ ਚਾਹੀਦਾ ਹੈ ਜੋ ਯਿਸੂ ਨੇ ਕਿਹਾ ਸੀ: ‘ਪਹਿਲਾਂ ਬੈਠ ਕੇ ਖ਼ਰਚ ਦਾ ਲੇਖਾ ਕਰੋ।’ (ਲੂਕਾ 14:28) ਇਹ ਕਰਨਾ ਵਿਵਹਾਰਕ ਬੁੱਧੀਮਤਾ ਹੋਵੇਗੀ। ਉਨ੍ਹਾਂ ਭੈਣ-ਭਰਾਵਾਂ ਨਾਲ ਗੱਲ ਕਰੋ ਜਿਨ੍ਹਾਂ ਨੇ ਕਾਫ਼ੀ ਸਾਲਾਂ ਤੋਂ ਸਫ਼ਲਤਾਪੂਰਵਕ ਪਾਇਨੀਅਰੀ ਕੀਤੀ ਹੈ। ਉਨ੍ਹਾਂ ਨੂੰ ਪੁੱਛੋ ਕਿ ਯਹੋਵਾਹ ਨੇ ਉਨ੍ਹਾਂ ਨੂੰ ਕਿਵੇਂ ਸੰਭਾਲਿਆ ਹੈ। ਤੁਹਾਡਾ ਸਰਕਟ ਨਿਗਾਹਬਾਨ ਇਕ ਅਨੁਭਵੀ ਪਾਇਨੀਅਰ ਹੈ ਅਤੇ ਪੂਰਣ-ਕਾਲੀ ਸੇਵਕਾਈ ਵਿਚ ਸਫ਼ਲ ਹੋਣ ਬਾਰੇ ਸੁਝਾਅ ਦੇਣ ਵਿਚ ਉਸ ਨੂੰ ਖ਼ੁਸ਼ੀ ਹੋਵੇਗੀ।
7 ਇਕ ਵਿਅਕਤੀ ਮੱਤੀ 6:33 ਵਿਚ ਕੀਤੇ ਗਏ ਯਿਸੂ ਦੇ ਵਾਅਦੇ ਦੀ ਸੱਚਾਈ ਨੂੰ ਕਦੇ ਵੀ ਪੂਰੀ ਤਰ੍ਹਾਂ ਅਨੁਭਵ ਨਹੀਂ ਕਰ ਸਕਦਾ ਜਦ ਤਕ ਕਿ ਉਹ ਆਪਣੇ ਆਪ ਨੂੰ ਯਹੋਵਾਹ ਦੇ ਹੱਥਾਂ ਵਿਚ ਨਾ ਸੌਂਪ ਦੇਵੇ। ਇਕ ਵਫ਼ਾਦਾਰ ਪਾਇਨੀਅਰ ਦੱਸਦੀ ਹੈ: “ਜਦੋਂ ਮੈਂ ਅਤੇ ਮੇਰੀ ਸਾਥਣ ਪਾਇਨੀਅਰਾਂ ਵਜੋਂ ਇਕ ਨਵੀਂ ਕਾਰਜ-ਨਿਯੁਕਤੀ ਦੀ ਥਾਂ ਤੇ ਪਹੁੰਚੀਆਂ, ਤਾਂ ਸਾਡੇ ਕੋਲ ਸਿਰਫ਼ ਕੁਝ ਸਬਜ਼ੀਆਂ ਅਤੇ ਇਕ ਛੋਟਾ ਪੈਕਿਟ ਮਾਰਜਰੀਨ ਸੀ, ਪਰ ਸਾਡੀ ਜੇਬ ਖਾਲੀ ਸੀ। ਅਸੀਂ ਇਹ ਥੋੜ੍ਹਾ ਜਿਹਾ ਖਾਣਾ ਰਾਤ ਨੂੰ ਹੀ ਖਾ ਲਿਆ ਅਤੇ ਕਿਹਾ, ‘ਹੁਣ ਸਾਡੇ ਕੋਲ ਕੱਲ੍ਹ ਲਈ ਕੁਝ ਨਹੀਂ ਹੈ।’ ਅਸੀਂ ਇਸ ਬਾਰੇ ਪ੍ਰਾਰਥਨਾ ਕੀਤੀ, ਅਤੇ ਸੌਂ ਗਏ। ਅਗਲੀ ਸਵੇਰ ਤੜਕੇ ਇਕ ਸਥਾਨਕ ਗਵਾਹ ਆਈ ਅਤੇ ਆਪਣਾ ਪਰਿਚੈ ਦਿੰਦੇ ਹੋਏ ਕਹਿਣ ਲੱਗੀ, ‘ਮੈਂ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਸੀ ਕਿ ਉਹ ਇੱਥੇ ਪਾਇਨੀਅਰਾਂ ਨੂੰ ਭੇਜੇ। ਹੁਣ ਮੈਂ ਤੁਹਾਡੇ ਨਾਲ ਲਗਭਗ ਪੂਰਾ ਦਿਨ ਬਿਤਾ ਸਕਦੀ ਹਾਂ, ਪਰ ਕਿਉਂਕਿ ਮੈਂ ਪਿੰਡ ਵਿਚ ਰਹਿੰਦੀ ਹਾਂ, ਮੈਨੂੰ ਦੁਪਹਿਰ ਦੀ ਰੋਟੀ ਤੁਹਾਡੇ ਨਾਲ ਖਾਣੀ ਪਵੇਗੀ, ਇਸ ਲਈ ਮੈਂ ਸਾਡੇ ਸਾਰਿਆਂ ਲਈ ਇਹ ਖਾਣਾ ਲਿਆਈ ਹਾਂ।’ ਉਹ ਕਾਫ਼ੀ ਸਾਰਾ ਮੀਟ ਅਤੇ ਸਬਜ਼ੀਆਂ ਲਿਆਈ ਸੀ।” ਕੋਈ ਹੈਰਾਨੀ ਦੀ ਗੱਲ ਨਹੀਂ ਕਿ ਯਿਸੂ ਨੇ ਸਾਨੂੰ ਭਰੋਸਾ ਦਿਵਾਇਆ ਕਿ “ਆਪਣੇ ਪ੍ਰਾਣਾਂ ਦੇ ਲਈ ਚਿੰਤਾ ਨਾ ਕਰੋ”! ਉਸ ਨੇ ਅੱਗੇ ਕਿਹਾ: “ਤੁਹਾਡੇ ਵਿੱਚੋਂ ਉਹ ਕਿਹੜਾ ਹੈ ਜਿਹੜਾ ਚਿੰਤਾ ਕਰ ਕੇ ਆਪਣੀ ਉਮਰ ਨੂੰ ਇੱਕ ਪਲ ਵਧਾ ਸੱਕਦਾ ਹੈ?”—ਮੱਤੀ 6:25, 27.
8 ਸਾਡੇ ਆਲੇ-ਦੁਆਲੇ ਦਾ ਸੰਸਾਰ ਜ਼ਿਆਦਾ ਤੋਂ ਜ਼ਿਆਦਾ ਭੌਤਿਕਵਾਦੀ ਹੁੰਦਾ ਜਾ ਰਿਹਾ ਹੈ। ਉਸ ਵਾਂਗ ਬਣਨ ਲਈ ਸਾਡੇ ਉੱਤੇ ਦਬਾਅ ਵਧਦਾ ਜਾ ਰਿਹਾ ਹੈ। ਪਰੰਤੂ, ਪੂਰਣ-ਕਾਲੀ ਸੇਵਕਾਈ ਪ੍ਰਤੀ ਗਹਿਰੀ ਕਦਰ ਸਾਨੂੰ ਘੱਟ ਭੌਤਿਕ ਚੀਜ਼ਾਂ ਵਿਚ ਸੰਤੁਸ਼ਟ ਰਹਿਣਾ ਸਿਖਾਉਂਦੀ ਹੈ। (1 ਤਿਮੋ. 6:8) ਜਿਹੜੇ ਪਾਇਨੀਅਰ ਆਪਣੇ ਜੀਵਨ ਨੂੰ ਸਾਦਾ ਅਤੇ ਵਿਵਸਥਿਤ ਰੱਖਦੇ ਹਨ, ਉਨ੍ਹਾਂ ਕੋਲ ਸੇਵਕਾਈ ਲਈ ਜ਼ਿਆਦਾ ਸਮਾਂ ਹੁੰਦਾ ਹੈ ਅਤੇ ਉਹ ਦੂਜਿਆਂ ਨੂੰ ਸੱਚਾਈ ਸਿਖਾਉਣ ਤੋਂ ਜ਼ਿਆਦਾ ਖ਼ੁਸ਼ੀ ਅਤੇ ਅਧਿਆਤਮਿਕ ਬਲ ਹਾਸਲ ਕਰਦੇ ਹਨ। ਹਾਲਾਂਕਿ ਉਹ ਇਕ ਵੈਰਾਗੀ ਜੀਵਨ ਬਤੀਤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਹਨ, ਫਿਰ ਵੀ ਆਪਣੀ ਆਰਥਿਕ ਸਥਿਤੀ ਪ੍ਰਤੀ ਸੰਤੁਲਿਤ ਰਵੱਈਆ ਰੱਖਣ ਕਰਕੇ ਉਹ ਪਾਇਨੀਅਰ ਸੇਵਾ ਦੀਆਂ ਬਰਕਤਾਂ ਦਾ ਆਨੰਦ ਮਾਣ ਸਕੇ ਹਨ।
9 ਜੇ ਤੁਹਾਨੂੰ ਪੂਰੀ ਤਰ੍ਹਾਂ ਨਾਲ ਯਕੀਨ ਹੈ ਕਿ ਅਸੀਂ ਅੰਤ ਦਿਆਂ ਦਿਨਾਂ ਵਿਚ ਜੀ ਰਹੇ ਹਾਂ ਅਤੇ ਕਿ ਇਸ ਦੁਸ਼ਟ ਸੰਸਾਰ ਲਈ ਸਮਾਂ ਮੁੱਕਦਾ ਜਾ ਰਿਹਾ ਹੈ, ਤਾਂ ਤੁਸੀਂ ਹਰ ਮੌਕੇ ਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਲੋੜੀਂਦੇ ਬਲੀਦਾਨ ਕਰਨ ਲਈ ਅਧਿਆਤਮਿਕ ਤੌਰ ਤੇ ਪ੍ਰੇਰਿਤ ਹੋਵੋਗੇ। ਆਪਣੀ ਆਰਥਿਕ ਸਥਿਤੀ ਉੱਤੇ ਦੁਬਾਰਾ ਇਕ ਨਜ਼ਰ ਮਾਰਨ ਨਾਲ ਅਤੇ ਮਾਮਲੇ ਨੂੰ ਯਹੋਵਾਹ ਦੇ ਹੱਥਾਂ ਵਿਚ ਸੌਂਪਣ ਨਾਲ, ਤੁਸੀਂ ਸ਼ਾਇਦ ਅਹਿਸਾਸ ਕਰੋ ਕਿ ਤੁਸੀਂ ਪੂਰੇ ਸਮੇਂ ਲਈ ਉਸ ਦੀ ਸੇਵਾ ਕਰ ਸਕਦੇ ਹੋ। ਭਾਵੇਂ ਕਿ ਤੁਹਾਨੂੰ ਪਾਇਨੀਅਰੀ ਕਰਨ ਲਈ ਕੁਝ ਚੀਜ਼ਾਂ ਦੀ ਇੱਛਾ ਨੂੰ ਤਿਆਗਣਾ ਪਵੇ, ਪਰੰਤੂ ਤੁਸੀਂ ਯਹੋਵਾਹ ਦੀਆਂ ਭਰਪੂਰ ਬਰਕਤਾਂ ਦਾ ਆਨੰਦ ਮਾਣੋਗੇ।—ਜ਼ਬੂ. 145:16.
ਸਵਾਲ 3: “ਇਕ ਕਿਸ਼ੋਰ ਦੇ ਤੌਰ ਤੇ, ਮੈਂ ਪਾਇਨੀਅਰ ਸੇਵਾ ਨੂੰ ਇਕ ਪੇਸ਼ੇ ਵਜੋਂ ਅਪਣਾਉਣ ਬਾਰੇ ਕਿਉਂ ਵਿਚਾਰ ਕਰਾਂ?”
10 ਆਪਣੀ ਸਕੂਲੀ ਪੜ੍ਹਾਈ ਦੇ ਆਖ਼ਰੀ ਕੁਝ ਸਾਲਾਂ ਨੂੰ ਖ਼ਤਮ ਕਰਦੇ ਸਮੇਂ, ਤੁਸੀਂ ਸੁਭਾਵਕ ਤੌਰ ਤੇ ਆਪਣੇ ਭਵਿੱਖ ਬਾਰੇ ਸੋਚਦੇ ਹੋ। ਤੁਸੀਂ ਇਕ ਸੁਰੱਖਿਅਤ, ਸੁਖੀ, ਅਤੇ ਸੰਤੋਖਜਨਕ ਭਵਿੱਖ ਚਾਹੁੰਦੇ ਹੋ। ਸਕੂਲ ਵਿਚ ਸਲਾਹਕਾਰ ਸ਼ਾਇਦ ਤੁਹਾਨੂੰ ਅਜਿਹੇ ਲਾਹੇਵੰਦ ਪੇਸ਼ੇ ਵੱਲ ਮੋੜਨ ਦੀ ਕੋਸ਼ਿਸ਼ ਕਰਨ, ਜਿਸ ਲਈ ਕਾਫ਼ੀ ਸਾਲਾਂ ਤਕ ਕਾਲਜ ਦੀ ਪੜ੍ਹਾਈ ਕਰਨੀ ਪੈਂਦੀ ਹੈ। ਤੁਹਾਡਾ ਸੁਸਿੱਖਿਅਤ ਅੰਤਹਕਰਣ ਤੁਹਾਨੂੰ ਕਹਿੰਦਾ ਹੈ ਕਿ ਤੁਹਾਨੂੰ ਯਹੋਵਾਹ ਦੀ ਸੇਵਾ ਜ਼ਿਆਦਾ ਤੋਂ ਜ਼ਿਆਦਾ ਕਰਨ ਲਈ ਤਿਆਰੀ ਕਰਨੀ ਚਾਹੀਦੀ ਹੈ। (ਉਪ. 12:1) ਤੁਸੀਂ ਸ਼ਾਇਦ ਬਾਅਦ ਵਿਚ ਵਿਆਹ ਕਰਾ ਕੇ ਘਰ ਵਸਾਉਣ ਬਾਰੇ ਵੀ ਸੋਚੋ। ਤੁਸੀਂ ਕੀ ਕਰੋਗੇ?
11 ਤੁਸੀਂ ਜੀਵਨ ਦੇ ਇਸ ਮੋੜ ਤੇ ਜੋ ਵੀ ਫ਼ੈਸਲੇ ਕਰਦੇ ਹੋ, ਉਹ ਤੁਹਾਡੇ ਪੂਰੇ ਭਵਿੱਖ ਨੂੰ ਸਾਜ ਸਕਦਾ ਹੈ। ਜੇਕਰ ਤੁਸੀਂ ਪਹਿਲਾਂ ਤੋਂ ਹੀ ਇਕ ਸਮਰਪਿਤ ਅਤੇ ਬਪਤਿਸਮਾ-ਪ੍ਰਾਪਤ ਯਹੋਵਾਹ ਦੇ ਗਵਾਹ ਹੋ, ਤਾਂ ਤੁਸੀਂ ਪੂਰੇ ਦਿਲ ਨਾਲ ਆਪਣੇ ਆਪ ਨੂੰ ਯਹੋਵਾਹ ਨੂੰ ਦੇ ਦਿੱਤਾ ਹੈ। (ਇਬ. 10:7) ਮੌਕਾ ਮਿਲਦੇ ਹੀ, ਇਕ ਜਾਂ ਇਕ ਤੋਂ ਵੱਧ ਮਹੀਨਿਆਂ ਲਈ ਸਹਿਯੋਗੀ ਪਾਇਨੀਅਰੀ ਕਰਨ ਦੀ ਕੋਸ਼ਿਸ਼ ਕਰੋ। ਇਸ ਤਰ੍ਹਾਂ ਤੁਸੀਂ ਨਿਯਮਿਤ ਪਾਇਨੀਅਰ ਸੇਵਾ ਦੀਆਂ ਖ਼ੁਸ਼ੀਆਂ ਅਤੇ ਜ਼ਿੰਮੇਵਾਰੀਆਂ ਦਾ ਸੁਆਦ ਚੱਖੋਗੇ, ਅਤੇ ਨਿਰਸੰਦੇਹ ਤੁਹਾਡੇ ਲਈ ਇਹ ਜ਼ਿਆਦਾ ਸਪੱਸ਼ਟ ਹੋ ਜਾਵੇਗਾ ਕਿ ਤੁਹਾਨੂੰ ਆਪਣੇ ਜੀਵਨ ਵਿਚ ਕੀ ਕਰਨਾ ਚਾਹੀਦਾ ਹੈ। ਫਿਰ, ਸਕੂਲ ਖ਼ਤਮ ਕਰਨ ਤੋਂ ਬਾਅਦ, ਖਾਲੀ ਸਮੇਂ ਨੂੰ ਪੂਰਣ-ਕਾਲੀ ਨੌਕਰੀ ਨਾਲ ਭਰਨ ਦੀ ਬਜਾਇ ਕਿਉਂ ਨਾ ਨਿਯਮਿਤ ਪਾਇਨੀਅਰੀ ਸ਼ੁਰੂ ਕਰੋ? ਕੁਝ ਭੈਣ-ਭਰਾ ਜਿਨ੍ਹਾਂ ਨੇ ਪਾਇਨੀਅਰ ਸੇਵਾ ਦਾ ਆਨੰਦ ਲੈਣ ਲਈ ਕਈ ਸਾਲਾਂ ਤਕ ਇੰਤਜ਼ਾਰ ਕੀਤਾ ਹੈ, ਉਹ ਪਛਤਾਉਂਦੇ ਹਨ ਕਿ ਉਨ੍ਹਾਂ ਨੇ ਪਾਇਨੀਅਰੀ ਪਹਿਲਾਂ ਕਿਉਂ ਨਹੀਂ ਸ਼ੁਰੂ ਕੀਤੀ।
12 ਇਕ ਨੌਜਵਾਨ ਵਜੋਂ, ਅਣਵਿਆਹੇ ਰਹਿਣ ਦੇ ਆਪਣੇ ਮੌਕਿਆਂ ਦਾ ਫ਼ਾਇਦਾ ਉਠਾਓ, ਅਤੇ ਪੂਰਣ-ਕਾਲੀ ਪ੍ਰਚਾਰ ਕੰਮ ਤੋਂ ਮਿਲਣ ਵਾਲੇ ਲਾਭਾਂ ਦਾ ਆਨੰਦ ਮਾਣੋ। ਜੇਕਰ ਤੁਹਾਡੀ ਕਿਸੇ ਦਿਨ ਵਿਆਹ ਕਰਾਉਣ ਦੀ ਇੱਛਾ ਹੈ, ਤਾਂ ਪਹਿਲਾਂ ਨਿਯਮਿਤ ਪਾਇਨੀਅਰ ਕਾਰਜ ਵਿਚ ਸੇਵਾ ਕਰਨ ਨਾਲ ਤੁਸੀਂ ਆਪਣੇ ਵਿਆਹ ਲਈ ਇਕ ਸਭ ਤੋਂ ਚੰਗੀ ਨੀਂਹ ਰੱਖ ਸਕਦੇ ਹੋ। ਜਿਉਂ-ਜਿਉਂ ਤੁਸੀਂ ਪ੍ਰੌੜ੍ਹਤਾ ਵੱਲ ਅਤੇ ਅਧਿਆਤਮਿਕਤਾ ਵਿਚ ਵਧਦੇ ਹੋ, ਤੁਸੀਂ ਸ਼ਾਇਦ ਇਕ ਸਮਾਨ-ਵਿਚਾਰ ਵਾਲੇ ਜੀਵਨ-ਸਾਥੀ ਨਾਲ ਮਿਲ ਕੇ ਪਾਇਨੀਅਰ ਕਾਰਜ ਨੂੰ ਆਪਣਾ ਪੇਸ਼ਾ ਬਣਾਉਣਾ ਚਾਹੋ। ਇਕੱਠੇ ਪਾਇਨੀਅਰੀ ਕਰਨ ਵਾਲੇ ਕੁਝ ਜੋੜੇ ਹੁਣ ਸਰਕਟ ਕੰਮ ਕਰ ਰਹੇ ਹਨ ਜਾਂ ਵਿਸ਼ੇਸ਼ ਪਾਇਨੀਅਰ ਬਣ ਗਏ ਹਨ। ਸੱਚ-ਮੁੱਚ ਇਕ ਸੰਤੋਖਜਨਕ ਜੀਵਨ-ਢੰਗ!
13 ਤੁਸੀਂ ਭਾਵੇਂ ਜਿੰਨੇ ਮਰਜ਼ੀ ਸਮੇਂ ਲਈ ਪਾਇਨੀਅਰ ਸੇਵਾ ਜਾਰੀ ਰੱਖੋ, ਤੁਸੀਂ ਆਪਣੀ ਸਿੱਖਿਆ ਨੂੰ ਮੁਕੰਮਲ ਕਰ ਚੁੱਕੇ ਹੋਵੋਗੇ ਅਤੇ ਅਜਿਹੀ ਅਣਮੋਲ ਸਿਖਲਾਈ ਪ੍ਰਾਪਤ ਕਰ ਚੁੱਕੇ ਹੋਵੋਗੇ ਜੋ ਧਰਤੀ ਉੱਤੇ ਹੋਰ ਕੋਈ ਪੇਸ਼ਾ ਨਹੀਂ ਦੇ ਸਕਦਾ ਹੈ। ਪਾਇਨੀਅਰ ਕਾਰਜ ਤੁਹਾਨੂੰ ਆਤਮ-ਅਨੁਸ਼ਾਸਨ, ਨਿੱਜੀ ਵਿਵਸਥਾ, ਲੋਕਾਂ ਨਾਲ ਕਿਵੇਂ ਪੇਸ਼ ਆਉਣਾ ਹੈ, ਅਤੇ ਯਹੋਵਾਹ ਉੱਤੇ ਨਿਰਭਰਤਾ ਸਿਖਾਉਂਦਾ ਹੈ। ਪਾਇਨੀਅਰ ਕਾਰਜ ਇਹ ਵੀ ਸਿਖਾਉਂਦਾ ਹੈ ਕਿ ਧੀਰਜ ਤੇ ਦਿਆਲਗੀ ਕਿਵੇਂ ਵਿਕਸਿਤ ਕਰਨੇ ਹਨ—ਅਜਿਹੇ ਗੁਣ ਜੋ ਤੁਹਾਨੂੰ ਹੋਰ ਜ਼ਿਆਦਾ ਜ਼ਿੰਮੇਵਾਰੀਆਂ ਅਪਣਾਉਣ ਲਈ ਲੈਸ ਕਰਨਗੇ।
14 ਮਨੁੱਖਜਾਤੀ ਲਈ ਜੀਵਨ ਕਦੇ ਵੀ ਇੰਨਾ ਅਨਿਸ਼ਚਿਤ ਨਹੀਂ ਰਿਹਾ ਹੈ। ਯਹੋਵਾਹ ਦੇ ਵਾਅਦਿਆਂ ਤੋਂ ਇਲਾਵਾ, ਥੋੜ੍ਹੀਆਂ ਹੀ ਚੀਜ਼ਾਂ ਹਨ ਜੋ ਸੱਚ-ਮੁੱਚ ਸਥਾਈ ਹਨ। ਕਿਉਂ ਜੋ ਤੁਹਾਡਾ ਭਵਿੱਖ ਤੁਹਾਡੇ ਅੱਗੇ ਖੁੱਲ੍ਹਾ ਪਿਆ ਹੋਇਆ ਹੈ, ਇਸ ਬਾਰੇ ਗੰਭੀਰ ਵਿਚਾਰ ਕਰਨ ਲਈ ਇਸ ਤੋਂ ਬਿਹਤਰ ਸਮਾਂ ਹੋਰ ਕਿਹੜਾ ਹੋ ਸਕਦਾ ਹੈ ਕਿ ਆਉਣ ਵਾਲੇ ਸਾਲਾਂ ਵਿਚ ਤੁਸੀਂ ਕੀ ਕਰੋਗੇ? ਪਾਇਨੀਅਰੀ ਕਰਨ ਦੇ ਵਿਸ਼ੇਸ਼-ਸਨਮਾਨ ਉੱਤੇ ਧਿਆਨ ਨਾਲ ਸੋਚ-ਵਿਚਾਰ ਕਰੋ। ਤੁਸੀਂ ਪਾਇਨੀਅਰ ਸੇਵਾ ਨੂੰ ਆਪਣਾ ਪੇਸ਼ਾ ਬਣਾ ਕੇ ਕਦੇ ਵੀ ਨਹੀਂ ਪਛਤਾਓਗੇ।
ਸਵਾਲ 4: “ਕੀ ਘੰਟਿਆਂ ਨੂੰ ਪੂਰਾ ਕਰਨ ਦਾ ਲਗਾਤਾਰ ਦਬਾਅ ਨਹੀਂ ਰਹਿੰਦਾ ਹੈ? ਉਦੋਂ ਕੀ ਜੇਕਰ ਮੈਂ ਘੰਟੇ ਪੂਰਾ ਕਰਨ ਵਿਚ ਪਿੱਛੇ ਰਹਿ ਜਾਂਦਾ ਹਾਂ?”
15 ਜਦੋਂ ਤੁਸੀਂ ਨਿਯਮਿਤ ਪਾਇਨੀਅਰ ਅਰਜ਼ੀ ਭਰਦੇ ਹੋ, ਤਾਂ ਤੁਹਾਨੂੰ ਇਸ ਸਵਾਲ ਦਾ ਜਵਾਬ ਦੇਣਾ ਪੈਂਦਾ ਹੈ: “ਕੀ ਤੁਸੀਂ ਆਪਣੇ ਨਿੱਜੀ ਮਾਮਲਿਆਂ ਨੂੰ ਵਿਵਸਥਿਤ ਕੀਤਾ ਹੈ ਤਾਂਕਿ ਤੁਸੀਂ 1,000 ਘੰਟਿਆਂ ਦੀ ਸਾਲਾਨਾ ਮੰਗ ਨੂੰ ਵਾਜਬ ਤੌਰ ਤੇ ਪੂਰਾ ਕਰਨ ਦੀ ਆਸ ਰੱਖ ਸਕਦੇ ਹੋ?” ਇਸ ਨੂੰ ਪੂਰਾ ਕਰਨ ਲਈ, ਤੁਹਾਨੂੰ ਸੇਵਕਾਈ ਵਿਚ ਹਰ ਦਿਨ ਔਸਤਨ ਤਿੰਨ ਘੰਟੇ ਬਿਤਾਉਣ ਦੀ ਲੋੜ ਹੈ। ਸਪੱਸ਼ਟ ਤੌਰ ਤੇ, ਇਸ ਵਿਚ ਚੰਗੀ ਸਮਾਂ-ਸਾਰਣੀ ਅਤੇ ਆਤਮ-ਅਨੁਸ਼ਾਸਨ ਦੀ ਲੋੜ ਹੈ। ਜ਼ਿਆਦਾਤਰ ਪਾਇਨੀਅਰ ਕੁਝ ਹੀ ਮਹੀਨਿਆਂ ਵਿਚ ਇਕ ਵਿਵਹਾਰਕ ਅਤੇ ਮੁਨਾਸਬ ਨਿੱਤ-ਕਰਮ ਬਣਾ ਲੈਂਦੇ ਹਨ।
16 ਪਰੰਤੂ, ਉਪਦੇਸ਼ਕ ਦੀ ਪੋਥੀ 9:11 (ਨਿ ਵ) ਸੱਚ ਕਹਿੰਦਾ ਹੈ, ‘ਸਾਡੇ ਸਭਨਾਂ ਉੱਤੇ ਸਮਾਂ ਅਤੇ ਅਣਚਿਤਵੀ ਘਟਨਾ ਵਾਪਰਦੇ ਹਨ।’ ਗੰਭੀਰ ਬੀਮਾਰੀ ਜਾਂ ਦੂਜੀਆਂ ਅਣਚਿਤਵੀਆਂ ਪਰਿਸਥਿਤੀਆਂ ਦੇ ਕਾਰਨ ਇਕ ਪਾਇਨੀਅਰ ਸ਼ਾਇਦ ਘੱਟ ਘੰਟੇ ਬਿਤਾਵੇ। ਜੇਕਰ ਇਹ ਸਮੱਸਿਆ ਥੋੜ੍ਹੇ ਸਮੇਂ ਲਈ ਹੈ ਅਤੇ ਸੇਵਾ ਸਾਲ ਦੇ ਮੁਢਲੇ ਭਾਗ ਵਿਚ ਉੱਠਦੀ ਹੈ, ਤਾਂ ਕੇਵਲ ਸੇਵਕਾਈ ਵਿਚ ਜ਼ਿਆਦਾ ਘੰਟੇ ਬਿਤਾਉਣ ਦੀ ਸਮਾਂ-ਸਾਰਣੀ ਬਣਾਉਣ ਨਾਲ ਗੁਆਇਆ ਸਮਾਂ ਪੂਰਾ ਕੀਤਾ ਜਾ ਸਕਦਾ ਹੈ। ਪਰੰਤੂ ਉਦੋਂ ਕੀ ਜੇਕਰ ਗੰਭੀਰ ਸਮੱਸਿਆ ਸੇਵਾ ਸਾਲ ਦੇ ਅਖ਼ੀਰਲੇ ਮਹੀਨਿਆਂ ਵਿਚ ਉੱਠਦੀ ਹੈ ਅਤੇ ਪਾਇਨੀਅਰ ਘੰਟਿਆਂ ਨੂੰ ਪੂਰਾ ਨਹੀਂ ਕਰ ਸਕਦਾ?
17 ਜੇਕਰ ਤੁਸੀਂ ਕੁਝ ਮਹੀਨਿਆਂ ਲਈ ਅਸਥਾਈ ਤੌਰ ਤੇ ਬੀਮਾਰ ਹੋ ਜਾਂ ਤੁਹਾਡੇ ਵਸ ਤੋਂ ਬਾਹਰ ਕਿਸੇ ਹੋਰ ਜ਼ਰੂਰੀ ਕੰਮ ਦੇ ਕਾਰਨ ਤੁਸੀਂ ਲੋੜੀਂਦੇ ਘੰਟੇ ਪੂਰਾ ਨਹੀਂ ਕਰ ਸਕਦੇ ਹੋ, ਤਾਂ ਤੁਸੀਂ ਕਲੀਸਿਯਾ ਸੇਵਾ ਸਮਿਤੀ ਦੇ ਕਿਸੇ ਮੈਂਬਰ ਨੂੰ ਮਿਲ ਕੇ ਆਪਣੀ ਸਮੱਸਿਆ ਸਮਝਾ ਸਕਦੇ ਹੋ। ਜੇਕਰ ਬਜ਼ੁਰਗ ਸੋਚਣ ਕਿ ਗੁਆਏ ਸਮੇਂ ਨੂੰ ਪੂਰਾ ਕਰਨ ਦੀ ਚਿੰਤਾ ਕੀਤੇ ਬਿਨਾਂ ਤੁਹਾਡੇ ਲਈ ਪਾਇਨੀਅਰ ਸੇਵਾ ਨੂੰ ਜਾਰੀ ਰੱਖਣਾ ਮੁਨਾਸਬ ਹੈ, ਤਾਂ ਉਹ ਇਹ ਫ਼ੈਸਲਾ ਕਰ ਸਕਦੇ ਹਨ। ਸੈਕਟਰੀ, ਕਲੀਸਿਯਾ ਦੇ ਪ੍ਰਕਾਸ਼ਕ ਰਿਕਾਰਡ ਕਾਰਡ ਉੱਤੇ ਇਹ ਦਿਖਾਉਣ ਲਈ ਨਿਸ਼ਾਨ ਲੱਗਾ ਦੇਵੇਗਾ ਕਿ ਤੁਹਾਨੂੰ ਗੁਆਏ ਸਮੇਂ ਨੂੰ ਪੂਰਾ ਕਰਨ ਦੀ ਲੋੜ ਨਹੀਂ ਹੈ। ਇਹ ਛੁੱਟੀ ਦੀ ਅਨੁਮਤੀ ਨਹੀਂ ਹੈ ਬਲਕਿ, ਇਹ ਤੁਹਾਡੇ ਹਾਲਾਤ ਕਾਰਨ ਤੁਹਾਡੇ ਨਾਲ ਖ਼ਾਸ ਲਿਹਾਜ਼ ਕੀਤਾ ਗਿਆ ਹੈ।—ਅਕਤੂਬਰ 1986 ਦੀ ਸਾਡੀ ਰਾਜ ਸੇਵਕਾਈ (ਅੰਗ੍ਰੇਜ਼ੀ) ਦਾ ਅੰਤਰ-ਪੱਤਰ, ਪੈਰਾ 18 ਦੇਖੋ।
18 ਅਨੁਭਵੀ ਪਾਇਨੀਅਰ, ਸੇਵਾ ਸਾਲ ਦੇ ਮੁਢਲੇ ਭਾਗ ਵਿਚ ਹੀ ਕਾਫ਼ੀ ਘੰਟੇ ਜੋੜ ਲੈਂਦੇ ਹਨ। ਉਹ ਆਪਣੀ ਪਾਇਨੀਅਰ ਸੇਵਾ ਨੂੰ ਪਹਿਲ ਦਿੰਦੇ ਹਨ, ਇਸ ਲਈ ਉਨ੍ਹਾਂ ਲਈ ਕਦੀ-ਕਦਾਈਂ ਗ਼ੈਰ-ਜ਼ਰੂਰੀ ਕੰਮਾਂ ਨੂੰ ਘਟਾਉਣਾ ਜ਼ਰੂਰੀ ਹੁੰਦਾ ਹੈ। ਜੇ ਇਕ ਪਾਇਨੀਅਰ ਚੰਗੀ ਸਮਾਂ-ਸਾਰਣੀ ਨਾ ਬਣਾਉਣ ਦੇ ਕਾਰਨ ਜਾਂ ਸਮਾਂ-ਸਾਰਣੀ ਦੇ ਅਨੁਸਾਰ ਚੱਲਣ ਵਿਚ ਆਤਮ-ਅਨੁਸ਼ਾਸਨ ਦੀ ਘਾਟ ਦੇ ਕਾਰਨ ਘੱਟ ਘੰਟੇ ਬਿਤਾਉਂਦਾ ਹੈ, ਤਾਂ ਉਸ ਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਗੁਆਏ ਸਮੇਂ ਨੂੰ ਪੂਰਾ ਕਰਨਾ ਉਸ ਦੀ ਜ਼ਿੰਮੇਵਾਰੀ ਹੈ ਅਤੇ ਉਸ ਨੂੰ ਖ਼ਾਸ ਲਿਹਾਜ਼ ਦੀ ਆਸ ਨਹੀਂ ਰੱਖਣੀ ਚਾਹੀਦੀ ਹੈ।
19 ਕਦੀ ਅਜਿਹਾ ਸਮਾਂ ਆਉਂਦਾ ਹੈ ਕਿ ਇਕ ਪਾਇਨੀਅਰ ਆਪਣੇ ਹਾਲਾਤ ਵਿਚ ਨਾ-ਟਾਲਣਯੋਗ ਬਦਲਾਅ ਅਨੁਭਵ ਕਰਦਾ ਹੈ। ਉਹ ਸ਼ਾਇਦ ਪਾਏ ਕਿ ਲਗਾਤਾਰ ਸਿਹਤ ਸਮੱਸਿਆ, ਵਧੀ ਪਰਿਵਾਰਕ ਜ਼ਿੰਮੇਵਾਰੀ, ਆਦਿ ਦੇ ਕਾਰਨ ਉਹ ਕਾਫ਼ੀ ਸਮੇਂ ਤਕ ਆਪਣੇ ਲੋੜੀਂਦੇ ਘੰਟਿਆਂ ਨੂੰ ਪੂਰਾ ਨਹੀਂ ਕਰ ਸਕੇਗਾ। ਇਸ ਮਾਮਲੇ ਵਿਚ, ਦੁਬਾਰਾ ਪ੍ਰਕਾਸ਼ਕ ਬਣਨਾ ਅਤੇ ਜਦੋਂ ਵੀ ਮੁਮਕਿਨ ਹੋਵੇ ਸਹਿਯੋਗੀ ਪਾਇਨੀਅਰ ਸੇਵਾ ਵਿਚ ਹਿੱਸਾ ਲੈਣਾ ਬੁੱਧੀਮਤਾ ਦੀ ਗੱਲ ਹੋਵੇਗੀ। ਜੇਕਰ ਆਪਣੇ ਹਾਲਾਤ ਦੇ ਕਾਰਨ ਇਕ ਨਿਯਮਿਤ ਪਾਇਨੀਅਰ ਹੁਣ ਆਪਣੇ ਲੋੜੀਂਦੇ ਘੰਟੇ ਪੂਰੇ ਨਹੀਂ ਕਰ ਸਕਦਾ ਹੈ, ਤਾਂ ਉਸ ਦਾ ਨਾਂ ਪਾਇਨੀਅਰ ਸੂਚੀ ਵਿਚ ਰੱਖਣ ਦਾ ਕੋਈ ਵੀ ਨਿਯਮਿਤ ਪ੍ਰਬੰਧ ਨਹੀਂ ਹੈ।
20 ਅਸੀਂ ਉਮੀਦ ਰੱਖਦੇ ਹਾਂ ਕਿ ਯੋਗ ਭੈਣ-ਭਰਾਵਾਂ ਨੂੰ ਖ਼ਾਸ ਲਿਹਾਜ਼ ਦਿਖਾਉਣ ਦਾ ਪ੍ਰਬੰਧ ਹੋਰ ਜ਼ਿਆਦਾ ਭੈਣ-ਭਰਾਵਾਂ ਨੂੰ ਬੇਲੋੜੀ ਚਿੰਤਾ ਕੀਤੇ ਬਿਨਾਂ ਪਾਇਨੀਅਰ ਸੇਵਾ ਵਿਚ ਆਪਣਾ ਨਾਂ ਦਰਜ ਕਰਾਉਣ ਲਈ ਉਤਸ਼ਾਹਿਤ ਕਰੇਗਾ। ਇਸ ਤੋਂ ਪੂਰਣ-ਕਾਲੀ ਸੇਵਕਾਂ ਨੂੰ ਵੀ ਪਾਇਨੀਅਰ ਸੇਵਾ ਜਾਰੀ ਰੱਖਣ ਲਈ ਉਤਸ਼ਾਹ ਮਿਲਣਾ ਚਾਹੀਦਾ ਹੈ। ਅਸੀਂ ਚਾਹੁੰਦੇ ਹਾਂ ਕਿ ਪਾਇਨੀਅਰ ਆਪਣੀ ਪੂਰਣ-ਕਾਲੀ ਸੇਵਾ ਵਿਚ ਸਫ਼ਲ ਹੋਣ।
ਸਵਾਲ 5: “ਮੈਂ ਕੁਝ ਸੰਪੰਨ ਕਰਨਾ ਚਾਹੁੰਦਾ ਹਾਂ ਅਤੇ ਇਸ ਨੂੰ ਕਰਨ ਵਿਚ ਖ਼ੁਸ਼ੀ ਪ੍ਰਾਪਤ ਕਰਨਾ ਚਾਹੁੰਦਾ ਹਾਂ। ਕੀ ਪਾਇਨੀਅਰ ਸੇਵਾ ਮੈਨੂੰ ਸੰਤੁਸ਼ਟ ਕਰੇਗੀ?”
21 ਸੱਚੀ ਖ਼ੁਸ਼ੀ ਕਾਫ਼ੀ ਹੱਦ ਤਕ ਯਹੋਵਾਹ ਨਾਲ ਇਕ ਨਜ਼ਦੀਕੀ ਅਤੇ ਨਿੱਜੀ ਰਿਸ਼ਤਾ ਰੱਖਣ ਉੱਤੇ, ਅਤੇ ਇਸ ਵਿਸ਼ਵਾਸ ਉੱਤੇ ਨਿਰਭਰ ਕਰਦੀ ਹੈ ਕਿ ਅਸੀਂ ਉਸ ਦੀ ਵਫ਼ਾਦਾਰੀ ਨਾਲ ਸੇਵਾ ਕਰ ਰਹੇ ਹਾਂ। ਯਿਸੂ ਨੇ “ਉਸ ਅਨੰਦ ਨਮਿੱਤ ਜੋ ਉਹ ਦੇ ਅੱਗੇ ਧਰਿਆ ਹੋਇਆ ਸੀ” ਤਸੀਹੇ ਦੀ ਸੂਲੀ ਦਾ ਦੁੱਖ ਝੱਲਿਆ। (ਇਬ. 12:2) ਉਸ ਨੂੰ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਿਚ ਖ਼ੁਸ਼ੀ ਮਿਲੀ। (ਜ਼ਬੂ. 40:8) ਇਸ ਵਰਤਮਾਨ ਰੀਤੀ-ਵਿਵਸਥਾ ਵਿਚ, ਅਸੀਂ ਵੀ ਸੱਚੀ ਖ਼ੁਸ਼ੀ ਦਾ ਆਨੰਦ ਲੈ ਸਕਦੇ ਹਾਂ ਜੇਕਰ ਸਾਡੇ ਜੀਵਨ ਦੇ ਜ਼ਿਆਦਾਤਰ ਕੰਮ ਯਹੋਵਾਹ ਦੀ ਉਪਾਸਨਾ ਨਾਲ ਸੰਬੰਧਿਤ ਹਨ। ਅਧਿਆਤਮਿਕ ਗੱਲਾਂ ਦਾ ਪਿੱਛਾ ਕਰਨਾ ਸਾਡੇ ਵਿਚ ਮਕਸਦ ਦੀ ਭਾਵਨਾ ਪੈਦਾ ਕਰਦਾ ਹੈ ਕਿਉਂਕਿ ਅਸੀਂ ਤਹਿ-ਦਿਲੋਂ ਜਾਣਦੇ ਹਾਂ ਕਿ ਅਸੀਂ ਸਹੀ ਕੰਮ ਕਰ ਰਹੇ ਹਾਂ। ਖ਼ੁਸ਼ੀ ਦੇਣ ਤੋਂ ਮਿਲਦੀ ਹੈ, ਅਤੇ ਅਸੀਂ ਜਾਣਦੇ ਹਾਂ ਕਿ ਦੂਜਿਆਂ ਨੂੰ ਇਸ ਬਾਰੇ ਸਿਖਾਉਣਾ ਕਿ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਸਦੀਪਕ ਜੀਵਨ ਕਿਵੇਂ ਪ੍ਰਾਪਤ ਕਰਨਾ ਹੈ, ਆਪਣੇ ਆਪ ਨੂੰ ਦੇਣ ਦਾ ਸਭ ਤੋਂ ਚੰਗਾ ਤਰੀਕਾ ਹੈ।—ਰਸੂ. 20:35.
22 ਪਹਿਲੇ ਪੈਰੇ ਵਿਚ ਜਿਸ ਪਾਇਨੀਅਰ ਦਾ ਹਵਾਲਾ ਦਿੱਤਾ ਗਿਆ ਸੀ, ਉਸ ਨੇ ਇਸ ਨੂੰ ਇਸ ਤਰ੍ਹਾਂ ਸਮਝਾਇਆ: “ਕੀ ਕਿਸੇ ਵਿਅਕਤੀ ਨੂੰ ਜਿਸ ਨਾਲ ਤੁਸੀਂ ਅਧਿਐਨ ਕਰਦੇ ਹੋ ਯਹੋਵਾਹ ਦਾ ਇਕ ਸਰਗਰਮ ਉਸਤਤਕਰਤਾ ਬਣਦੇ ਹੋਏ ਦੇਖਣ ਨਾਲੋਂ ਕੋਈ ਹੋਰ ਵੱਡਾ ਆਨੰਦ ਹੋ ਸਕਦਾ ਹੈ? ਇਹ ਦੇਖਣਾ ਉਤੇਜਕ ਅਤੇ ਨਿਹਚਾ-ਵਧਾਉ ਹੈ ਕਿ ਯਹੋਵਾਹ ਨੂੰ ਪ੍ਰਸੰਨ ਕਰਨ ਵਾਸਤੇ ਲੋਕਾਂ ਨੂੰ ਆਪਣੇ ਜੀਵਨਾਂ ਵਿਚ ਤਬਦੀਲੀਆਂ ਕਰਨ ਲਈ ਪ੍ਰੇਰਨ ਵਿਚ ਪਰਮੇਸ਼ੁਰ ਦਾ ਬਚਨ ਕਿੰਨਾ ਪ੍ਰਭਾਵਸ਼ਾਲੀ ਹੈ।” (ਦੇਖੋ ਅਕਤੂਬਰ 1, 1997, ਪਹਿਰਾਬੁਰਜ, ਸਫ਼ੇ 24-29.) ਤਾਂ ਫਿਰ, ਤੁਹਾਨੂੰ ਕਿਹੜੀ ਚੀਜ਼ ਖ਼ੁਸ਼ੀ ਦਿੰਦੀ ਹੈ? ਜੇਕਰ ਤੁਸੀਂ ਸੰਸਾਰ ਵੱਲੋਂ ਪੇਸ਼ ਕੀਤੇ ਗਏ ਅਸਥਾਈ ਆਨੰਦ ਦੀ ਬਜਾਇ, ਸਥਾਈ ਅਤੇ ਲਾਭਕਾਰੀ ਜਤਨਾਂ ਦੀ ਕਦਰ ਕਰਦੇ ਹੋ, ਤਾਂ ਪਾਇਨੀਅਰ ਸੇਵਾ ਤੁਹਾਡੇ ਵਿਚ ਸਫ਼ਲਤਾ ਦੀ ਅਦਭੁਤ ਭਾਵਨਾ ਪੈਦਾ ਕਰੇਗੀ ਜੋ ਤੁਹਾਨੂੰ ਸੱਚ-ਮੁੱਚ ਖ਼ੁਸ਼ ਕਰੇਗੀ।
ਸਵਾਲ 6: “ਜੇਕਰ ਇਹ ਸਦੀਪਕ ਜੀਵਨ ਲਈ ਲੋੜੀਂਦੀ ਨਹੀਂ ਹੈ, ਤਾਂ ਕੀ ਇਹ ਮੇਰੀ ਮਰਜ਼ੀ ਨਹੀਂ ਕਿ ਮੈਂ ਪਾਇਨੀਅਰੀ ਕਰਾਂ ਜਾਂ ਨਾ ਕਰਾਂ?”
23 ਇਹ ਸੱਚ ਹੈ ਕਿ ਪਾਇਨੀਅਰੀ ਕਰਨ ਦਾ ਫ਼ੈਸਲਾ ਤੁਹਾਡਾ ਆਪਣਾ ਹੋਣਾ ਚਾਹੀਦਾ ਹੈ। ਕੇਵਲ ਯਹੋਵਾਹ ਹੀ ਤੁਹਾਡੇ ਨਿੱਜੀ ਹਾਲਾਤ ਨੂੰ ਸਮਝ ਸਕਦਾ ਹੈ। (ਰੋਮੀ. 14:4) ਉਹ ਤੁਹਾਡੇ ਤੋਂ ਜਾਇਜ਼ ਤੌਰ ਤੇ ਆਸ ਰੱਖਦਾ ਹੈ ਕਿ ਤੁਸੀਂ ਆਪਣੇ ਪੂਰੇ ਦਿਲ, ਜਾਨ, ਬੁੱਧ, ਅਤੇ ਸ਼ਕਤੀ ਨਾਲ ਉਸ ਦੀ ਸੇਵਾ ਕਰੋ। (ਮਰ. 12:30; ਗਲਾ. 6:4, 5) ਉਹ ਖ਼ੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ, ਜੋ ਉਸ ਦੀ ਰੰਜ ਜਾਂ ਲਚਾਰੀ ਨਾਲ ਨਹੀਂ, ਬਲਕਿ ਆਨੰਦ ਦੇ ਨਾਲ ਸੇਵਾ ਕਰਦਾ ਹੈ। (2 ਕੁਰਿੰ. 9:7; ਕੁਲੁ. 3:23) ਪੂਰਣ-ਕਾਲੀ ਸੇਵਕਾਈ ਕਰਨ ਦਾ ਤੁਹਾਡਾ ਕਾਰਨ ਯਹੋਵਾਹ ਲਈ ਅਤੇ ਖੇਤਰ ਦੇ ਲੋਕਾਂ ਲਈ ਪਿਆਰ ਹੋਣਾ ਚਾਹੀਦਾ ਹੈ। (ਮੱਤੀ 9:36-38; ਮਰ. 12:30, 31) ਜੇਕਰ ਤੁਸੀਂ ਇਸ ਤਰ੍ਹਾਂ ਮਹਿਸੂਸ ਕਰਦੇ ਹੋ, ਤਾਂ ਤੁਹਾਨੂੰ ਪਾਇਨੀਅਰ ਸੇਵਾ ਬਾਰੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ।
24 ਅਸੀਂ ਉਮੀਦ ਰੱਖਦੇ ਹਾਂ ਕਿ ਇੱਥੇ ਦੱਸੀਆਂ ਗਈਆਂ ਗੱਲਾਂ ਪਾਇਨੀਅਰੀ ਕਰਨ ਦੀਆਂ ਸੰਭਾਵਨਾਵਾਂ ਨੂੰ ਜਾਂਚਣ ਵਿਚ ਤੁਹਾਡੀ ਮਦਦ ਕਰਨਗੀਆਂ। ਕੀ ਤੁਸੀਂ ਨਿਯਮਿਤ ਪਾਇਨੀਅਰੀ ਕਰਨ ਲਈ ਆਪਣੇ ਹਾਲਾਤ ਵਿਚ ਤਬਦੀਲੀ ਕਰ ਸਕਦੇ ਹੋ? ਹੇਠਾਂ “ਮੇਰੀ ਹਫ਼ਤਾਵਾਰ ਪਾਇਨੀਅਰ ਸੇਵਾ ਸਮਾਂ-ਸਾਰਣੀ” ਨਾਮਕ ਕਲੰਡਰ ਦਿੱਤਾ ਗਿਆ ਹੈ। ਦੇਖੋ ਕਿ ਇਸ ਉੱਤੇ ਤੁਸੀਂ ਆਪਣੇ ਲਈ ਇਕ ਵਿਵਹਾਰਕ ਸਮਾਂ-ਸਾਰਣੀ ਬਣਾ ਸਕਦੇ ਹੋ ਜਾਂ ਨਹੀਂ ਜੋ ਤੁਹਾਨੂੰ ਸੇਵਕਾਈ ਵਿਚ ਹਰ ਹਫ਼ਤੇ ਔਸਤਨ ਲਗਭਗ 23 ਘੰਟੇ ਬਿਤਾਉਣ ਦੀ ਇਜਾਜ਼ਤ ਦੇਵੇ। ਫਿਰ, ਯਹੋਵਾਹ ਉੱਤੇ ਆਪਣੀ ਪੂਰੀ ਨਿਹਚਾ ਅਤੇ ਭਰੋਸਾ ਰੱਖੋ। ਉਸ ਦੀ ਮਦਦ ਨਾਲ ਤੁਸੀਂ ਸਫ਼ਲ ਹੋ ਸਕਦੇ ਹੋ! ਉਸ ਨੇ ਵਾਅਦਾ ਕੀਤਾ ਹੈ: ‘ਮੈਂ ਤੁਹਾਡੇ ਲਈ ਬਰਕਤ ਵਰ੍ਹਾਵਾਂਗਾ ਏਥੋਂ ਤੀਕ ਕਿ ਉਹ ਦੇ ਲਈ ਥਾਂ ਨਾ ਹੋਵੇਗਾ।’—ਮਲਾ. 3:10.
25 ਇਸ ਲਈ ਅਸੀਂ ਪੁੱਛਦੇ ਹਾਂ, “ਪਾਇਨੀਅਰ ਸੇਵਾ—ਕੀ ਇਹ ਤੁਹਾਡੇ ਲਈ ਹੈ?” ਜੇ ਤੁਸੀਂ “ਹਾਂ” ਕਹਿ ਸਕਦੇ ਹੋ, ਤਾਂ ਛੇਤੀ ਹੀ ਨਿਯਮਿਤ ਪਾਇਨੀਅਰੀ ਸ਼ੁਰੂ ਕਰਨ ਦੀ ਤਾਰੀਖ਼ ਨਿਸ਼ਚਿਤ ਕਰੋ ਅਤੇ ਭਰੋਸਾ ਰੱਖੋ ਕਿ ਯਹੋਵਾਹ ਤੁਹਾਨੂੰ ਇਕ ਆਨੰਦਦਾਇਕ ਜੀਵਨ ਦੀ ਬਰਕਤ ਦੇਵੇਗਾ!
[ਸਫ਼ੇ 6 ਉੱਤੇ ਚਾਰਟ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਮੇਰੀ ਹਫ਼ਤਾਵਾਰ ਪਾਇਨੀਅਰ ਸੇਵਾ ਸਮਾਂ-ਸਾਰਣੀ
ਸੋਮਵਾਰ ਸਵੇਰ ਖੇਤਰ ਸੇਵਾ
ਮੰਗਲਵਾਰ ਸਵੇਰ ਖੇਤਰ ਸੇਵਾ
ਬੁੱਧਵਾਰ ਸਵੇਰ ਖੇਤਰ ਸੇਵਾ
ਵੀਰਵਾਰ ਸਵੇਰ ਖੇਤਰ ਸੇਵਾ
ਸ਼ੁੱਕਰਵਾਰ ਸਵੇਰ ਖੇਤਰ ਸੇਵਾ
ਸਿਨੱਚਰਵਾਰ ਸਵੇਰ ਖੇਤਰ ਸੇਵਾ
ਐਤਵਾਰ ਸਵੇਰ ਖੇਤਰ ਸੇਵਾ
ਸੋਮਵਾਰ ਦੁਪਹਿਰ ਖੇਤਰ ਸੇਵਾ
ਮੰਗਲਵਾਰ ਦੁਪਹਿਰ ਖੇਤਰ ਸੇਵਾ
ਬੁੱਧਵਾਰ ਦੁਪਹਿਰ ਖੇਤਰ ਸੇਵਾ
ਵੀਰਵਾਰ ਦੁਪਹਿਰ ਖੇਤਰ ਸੇਵਾ
ਸ਼ੁੱਕਰਵਾਰ ਦੁਪਹਿਰ ਖੇਤਰ ਸੇਵਾ
ਸਿਨੱਚਰਵਾਰ ਦੁਪਹਿਰ ਖੇਤਰ ਸੇਵਾ
ਐਤਵਾਰ ਦੁਪਹਿਰ ਖੇਤਰ ਸੇਵਾ
ਸੋਮਵਾਰ ਸ਼ਾਮ ਖੇਤਰ ਸੇਵਾ
ਮੰਗਲਵਾਰ ਸ਼ਾਮ ਖੇਤਰ ਸੇਵਾ
ਬੁੱਧਵਾਰ ਸ਼ਾਮ ਖੇਤਰ ਸੇਵਾ
ਵੀਰਵਾਰ ਸ਼ਾਮ ਖੇਤਰ ਸੇਵਾ
ਸ਼ੁੱਕਰਵਾਰ ਸ਼ਾਮ ਖੇਤਰ ਸੇਵਾ
ਸਿਨੱਚਰਵਾਰ ਸ਼ਾਮ ਖੇਤਰ ਸੇਵਾ
ਐਤਵਾਰ ਸ਼ਾਮ ਖੇਤਰ ਸੇਵਾ
ਹਫ਼ਤੇ ਦੇ ਹਰੇਕ ਦਿਨ ਲਈ ਆਪਣੀ ਸਮਾਂ-ਸਾਰਣੀ ਨੂੰ ਪੈਂਸਿਲ ਨਾਲ ਭਰੋ।
ਖੇਤਰ ਸੇਵਾ ਵਿਚ ਹਰ ਹਫ਼ਤੇ ਕੁੱਲ ਮਿਲਾ ਕੇ ਲਗਭਗ 23 ਘੰਟੇ ਅਨੁਸੂਚਿਤ ਕਰੋ।
ਹਰ ਹਫ਼ਤੇ ਲਈ ਅਨੁਸੂਚਿਤ ਕੁੱਲ ਘੰਟੇ ____________________