“ਤੁਸੀਂ ਵਧੀਆ ਪਾਇਨੀਅਰ ਬਣ ਸਕਦੇ ਹੋ!”
1. ਇਕ ਪਾਇਨੀਅਰ ਭੈਣ ਨੇ ਪਾਇਨੀਅਰ ਸੇਵਾ ਬਾਰੇ ਕੀ ਕਿਹਾ?
1 ਮੇਰੀ ਨਾਂ ਦੀ ਇਕ ਭੈਣ ਨੇ ਕਿਹਾ ਕਿ “ਪਾਇਨੀਅਰਿੰਗ ਕਰ ਕੇ ਯਹੋਵਾਹ ਨਾਲ ਮੇਰਾ ਰਿਸ਼ਤਾ ਗੂੜ੍ਹਾ ਰਹਿੰਦਾ ਹੈ। ਯਹੋਵਾਹ ਅਤੇ ਯਿਸੂ ਨੇ ਸਾਡੇ ਲਈ ਬਹੁਤ ਕੁਝ ਕੀਤਾ ਹੈ। ਇਸ ਲਈ ਪਾਇਨੀਅਰਿੰਗ ਉਨ੍ਹਾਂ ਦਾ ਧੰਨਵਾਦ ਕਰਨ ਦਾ ਵਧੀਆ ਮੌਕਾ ਹੈ। ਇਸ ਤਰ੍ਹਾਂ ਸੇਵਾ ਕਰ ਕੇ ਮੈਂ ਬਹੁਤ ਖ਼ੁਸ਼ ਹਾਂ।” ਉਸ ਨੇ ਭਾਰਤ ਦੇ ਕਈ ਇਲਾਕਿਆਂ ਵਿਚ ਇਕ ਮਿਹਨਤੀ ਪਾਇਨੀਅਰ ਵਜੋਂ 42 ਸਾਲਾਂ ਤਕ ਸੇਵਾ ਕੀਤੀ ਹੈ। ਫੁੱਲ-ਟਾਈਮ ਸੇਵਾ ਕਰ ਰਹੇ ਇਸ ਤਰ੍ਹਾਂ ਦੇ ਪਿਆਰੇ ਭੈਣਾਂ-ਭਰਾਵਾਂ ਬਾਰੇ ਸੋਚ ਕੇ ਸ਼ਾਇਦ ਕਿਸੇ ਨੇ ਤੁਹਾਨੂੰ ਵੀ ਕਿਹਾ ਹੋਵੇ: “ਤੁਸੀਂ ਵਧੀਆ ਪਾਇਨੀਅਰ ਬਣ ਸਕਦੇ ਹੋ!”
2. ਸਮਝਾਓ ਕਿ ਯਹੋਵਾਹ ਦੀ ਭਗਤੀ ਸੰਬੰਧਿਤ ਕੰਮ ਕਰ ਕੇ ਸਾਨੂੰ ਮਨ ਦੀ ਸ਼ਾਂਤੀ ਕਿਉਂ ਮਿਲਦੀ ਹੈ।
2 ਜੀਉਣ ਦਾ ਵਧੀਆ ਤਰੀਕਾ: ਸਾਡਾ ਨਮੂਨਾ ਯਿਸੂ ਆਪਣੇ ਪਿਤਾ ਦੀ ਇੱਛਾ ਪੂਰੀ ਕਰ ਕੇ ਅਸਲੀ ਤਾਜ਼ਗੀ ਮਹਿਸੂਸ ਕਰਦਾ ਸੀ। (ਯੂਹੰ. 4:34) ਇਸ ਕਰਕੇ ਯਿਸੂ ਨੇ ਆਪਣੇ ਚੇਲਿਆਂ ਨੂੰ ਦਿਲੋਂ ਸਿੱਖਿਆ ਦਿੱਤੀ ਕਿ ਅਸਲੀ ਖ਼ੁਸ਼ੀ ਸਿਰਫ਼ ਯਹੋਵਾਹ ਦੀ ਭਗਤੀ ਸੰਬੰਧਿਤ ਕੰਮ ਕਰ ਕੇ ਹਾਸਲ ਹੋ ਸਕਦੀ ਹੈ। ਸਾਡਾ ਮਨ ਸ਼ਾਂਤ ਰਹਿੰਦਾ ਹੈ ਜਦੋਂ ਅਸੀਂ ਉਨ੍ਹਾਂ ਕੰਮਾਂ ਵਿਚ ਰੁੱਝੇ ਰਹਿੰਦੇ ਹਾਂ ਜੋ ਯਹੋਵਾਹ ਨੂੰ ਖ਼ੁਸ਼ ਕਰਦੇ ਹਨ। ਇਸ ਤੋਂ ਇਲਾਵਾ ਜਦੋਂ ਅਸੀਂ ਤਨ-ਮਨ ਅਤੇ ਆਪਣਾ ਸਾਰਾ ਸਮਾਂ ਦੂਜਿਆਂ ਦੀ ਸੇਵਾ ਵਿਚ ਲਾਉਂਦੇ ਹਾਂ, ਤਾਂ ਅਸੀਂ ਹੋਰ ਖ਼ੁਸ਼ੀ ਹਾਸਲ ਕਰਦੇ ਹਾਂ।—ਰਸੂ. 20:31, 35.
3. ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਸਮਾਂ ਲਾਉਣ ਨਾਲ ਸਾਨੂੰ ਕਿਹੜੀ ਖ਼ੁਸ਼ੀ ਮਿਲ ਸਕਦੀ ਹੈ?
3 ਅਸੀਂ ਪ੍ਰਚਾਰ ਦੇ ਕੰਮ ਵਿਚ ਜਿੰਨਾ ਜ਼ਿਆਦਾ ਸਮਾਂ ਲਾਉਂਦੇ ਹਾਂ ਸਾਨੂੰ ਬਾਈਬਲ ਸਟੱਡੀ ਸ਼ੁਰੂ ਕਰਨ ਦੇ ਉੱਨੇ ਹੀ ਜ਼ਿਆਦਾ ਮੌਕੇ ਮਿਲਦੇ ਹਨ। ਜਿਉਂ-ਜਿਉਂ ਅਸੀਂ ਤਜਰਬੇਕਾਰ ਅਤੇ ਹੁਨਰਮੰਦ ਬਣਦੇ ਹਾਂ ਪਾਇਨੀਅਰਿੰਗ ਕਰਨ ਨਾਲ ਅਸੀਂ ਉਨ੍ਹਾਂ ਇਲਾਕਿਆਂ ਵਿਚ ਵੀ ਸਫ਼ਲਤਾ ਪ੍ਰਾਪਤ ਕਰ ਸਕਦੇ ਹਾਂ ਜਿੱਥੇ ਲੋਕ ਘੱਟ ਦਿਲਚਸਪੀ ਦਿਖਾਉਂਦੇ ਹਨ। ਇਕ ਸਾਲ ਪਾਇਨੀਅਰਿੰਗ ਕਰਨ ਤੋਂ ਬਾਅਦ ਭੈਣ-ਭਰਾ ਪਾਇਨੀਅਰ ਸੇਵਾ ਸਕੂਲ ਜਾ ਕੇ ਹਾਸਲ ਕੀਤੀ ਸਿੱਖਿਆ ਦੂਸਰਿਆਂ ਦੇ ਭਲੇ ਲਈ ਵਰਤ ਸਕਦੇ ਹਨ। (2 ਤਿਮੋ. 2:15) ਬੀ ਬੀਜਦੇ ਰਹਿਣ ਨਾਲ ਹੋ ਸਕਦਾ ਹੈ ਕਿ ਸਾਨੂੰ ਆਪਣੀ ਮਿਹਨਤ ਦਾ ਫਲ ਹੁਣੇ ਨਹੀਂ, ਸਗੋਂ ਬਾਅਦ ਵਿਚ ਮਿਲੇ।—ਉਪ. 11:6.
4. ਪੜ੍ਹਾਈ ਖ਼ਤਮ ਕਰ ਰਹੇ ਨੌਜਵਾਨਾਂ ਨੂੰ ਕਿਸ ਗੱਲ ਬਾਰੇ ਸੋਚਣਾ ਚਾਹੀਦਾ ਹੈ?
4 ਨੌਜਵਾਨੋ: ਜਿਉਂ ਹੀ ਤੁਸੀਂ ਸਕੂਲ ਦੀ ਆਪਣੀ ਪੜ੍ਹਾਈ ਪੂਰੀ ਕਰ ਰਹੇ ਹੋ, ਕੀ ਤੁਸੀਂ ਆਪਣੇ ਭਵਿੱਖ ਬਾਰੇ ਵੀ ਸੋਚ ਰਹੇ ਹੋ? ਹੁਣ ਤਕ ਤੁਹਾਡਾ ਸਾਰਾ ਸਮਾਂ ਸਕੂਲ ਦੇ ਕੰਮਾਂ-ਕਾਰਾਂ ਵਿਚ ਗੁਜ਼ਰਦਾ ਸੀ। ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਤੁਸੀਂ ਉਸ ਸਮੇਂ ਨਾਲ ਕੀ ਕਰੋਗੇ? ਦੁਨੀਆਂ ਵਿਚ ਕੈਰੀਅਰ ਬਣਾਉਣ ਦੀ ਬਜਾਇ ਕਿਉਂ ਨਾ ਪ੍ਰਾਰਥਨਾ ਕਰ ਕੇ ਰੈਗੂਲਰ ਪਾਇਨੀਅਰਿੰਗ ਕਰਨ ਬਾਰੇ ਸੋਚੋ? ਤੁਸੀਂ ਤਰ੍ਹਾਂ-ਤਰ੍ਹਾਂ ਦੇ ਹੁਨਰ ਸਿੱਖੋਗੇ ਜਿਵੇਂ ਕਿ ਵੱਖੋ-ਵੱਖਰੇ ਪਿਛੋਕੜ ਦੇ ਲੋਕਾਂ ਨੂੰ ਕਿੱਦਾਂ ਗਵਾਹੀ ਦਿੱਤੀ ਜਾ ਸਕਦੀ ਹੈ, ਨਿੱਜੀ ਮੁਸ਼ਕਲਾਂ ਨਾਲ ਕਿੱਦਾਂ ਸਿੱਝਿਆ ਜਾ ਸਕਦਾ ਹੈ, ਸਵੈ-ਕਾਬੂ ਕਿੱਦਾਂ ਹਾਸਲ ਕਰੀਦਾ ਹੈ, ਸਿੱਖਿਆ ਕਿੱਦਾਂ ਦੇਈਦੀ ਹੈ, ਯਾਨੀ ਅਜਿਹੇ ਹੁਨਰ ਜੋ ਜ਼ਿੰਦਗੀ ਭਰ ਤੁਹਾਡੇ ਕੰਮ ਆਉਣਗੇ।
5. ਮਾਪੇ ਤੇ ਕਲੀਸਿਯਾ ਦੇ ਭੈਣ-ਭਰਾ ਪਾਇਨੀਅਰਿੰਗ ਕਰਨ ਦੀ ਹੱਲਾਸ਼ੇਰੀ ਕਿੱਦਾਂ ਦੇ ਸਕਦੇ ਹਨ?
5 ਮਾਪਿਓ, ਕੀ ਤੁਸੀਂ ਆਪਣੇ ਬੱਚਿਆਂ ਸਾਮ੍ਹਣੇ ਫੁੱਲ-ਟਾਈਮ ਸੇਵਾ ਦਾ ਟੀਚਾ ਰੱਖ ਰਹੇ ਹੋ? ਤੁਹਾਡੀ ਕਹਿਣੀ ਤੇ ਕਰਨੀ ਦੋਵੇਂ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦੇਣ ਵਿਚ ਮਦਦ ਦੇਣਗੇ। (ਮੱਤੀ 6:33) ਸੰਜੇ ਨਾਂ ਦਾ ਭਰਾ, ਜਿਸ ਨੇ ਵੱਡੇ ਸਕੂਲੋਂ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਪਾਇਨੀਅਰਿੰਗ ਸ਼ੁਰੂ ਕੀਤੀ, ਨੇ ਕਿਹਾ: “ਮੇਰੇ ਮਾਪੇ ਹਮੇਸ਼ਾ ਕਹਿੰਦੇ ਸਨ ਕਿ ਪਾਇਨੀਅਰਿੰਗ ਕਰ ਕੇ ਜ਼ਿੰਦਗੀ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।” ਕਲੀਸਿਯਾ ਵਿਚ ਸਾਰੇ ਜਣੇ ਪਾਇਨੀਅਰਿੰਗ ਕਰਨ ਦਾ ਹੌਸਲਾ ਤੇ ਸਹਾਰਾ ਦੇ ਸਕਦੇ ਹਨ। ਸਪੇਨ ਵਿਚ ਰਹਿੰਦੇ ਹੋਜ਼ੇ ਨੇ ਕਿਹਾ: “ਮੇਰੀ ਕਲੀਸਿਯਾ ਵਿਚ ਮੰਨਿਆ ਜਾਂਦਾ ਸੀ ਕਿ ਨੌਜਵਾਨਾਂ ਲਈ ਪਾਇਨੀਅਰਿੰਗ ਸਭ ਤੋਂ ਵਧੀਆ ਕੈਰੀਅਰ ਹੈ। ਪਾਇਨੀਅਰ ਸੇਵਾ ਬਾਰੇ ਉਨ੍ਹਾਂ ਦੀਆਂ ਟਿੱਪਣੀਆਂ ਤੇ ਕਦਰਦਾਨੀ ਦੇ ਨਾਲ-ਨਾਲ ਉਨ੍ਹਾਂ ਦੇ ਆਸਰੇ ਨੇ ਮੇਰੇ ਲਈ ਪਾਇਨੀਅਰਿੰਗ ਸ਼ੁਰੂ ਕਰਨਾ ਸੌਖਾ ਬਣਾ ਦਿੱਤਾ।”
6. ਸਾਨੂੰ ਕੀ ਕਰਨਾ ਚਾਹੀਦਾ ਹੈ ਜੇ ਅਸੀਂ ਪਾਇਨੀਅਰਿੰਗ ਨਹੀਂ ਕਰਨਾ ਚਾਹੁੰਦੇ?
6 ਰੁਕਾਵਟਾਂ ਨਾਲ ਸਿੱਝਣਾ: ਪਰ ਸ਼ਾਇਦ ਤੁਸੀਂ ਕਹੋ: ‘ਮੈਂ ਪਾਇਨੀਅਰਿੰਗ ਨਹੀਂ ਕਰਨਾ ਚਾਹੁੰਦਾ।’ ਜੇ ਤੁਸੀਂ ਪਹਿਲਾਂ-ਪਹਿਲ ਇਸ ਤਰ੍ਹਾਂ ਮਹਿਸੂਸ ਕਰਦੇ ਹੋ, ਤਾਂ ਇਸ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕਰੋ ਤੇ ਉਸ ਨੂੰ ਦੱਸੋ ਕਿ ‘ਮੈਂ ਨਹੀਂ ਜਾਣਦਾ ਕਿ ਮੈਂ ਪਾਇਨੀਅਰਿੰਗ ਕਰ ਸਕਦਾ ਹਾਂ ਕਿ ਨਹੀਂ, ਪਰ ਮੈਂ ਤੁਹਾਨੂੰ ਖ਼ੁਸ਼ ਕਰਨਾ ਚਾਹੁੰਦਾ ਹਾਂ।’ (ਜ਼ਬੂ. 62:8; ਕਹਾ. 23:26) ਫਿਰ ਉਸ ਦੇ ਬਚਨ ਅਤੇ ਉਸ ਦੀ ਸੰਸਥਾ ਦੀ ਅਗਵਾਈ ਭਾਲੋ। ਕਈ ਰੈਗੂਲਰ ਪਾਇਨੀਅਰਾਂ ਨੇ ਪਹਿਲਾਂ ਔਗਜ਼ੀਲਰੀ ਪਾਇਨੀਅਰ ਵਜੋਂ ਸੇਵਾ ਕਰ ਕੇ ਇਸ ਦਾ ਸੁਆਦ ‘ਚੱਖਿਆ’ ਸੀ। ਉਨ੍ਹਾਂ ਨੂੰ ਇੰਨਾ ਮਜ਼ਾ ਆਇਆ ਕਿ ਉਨ੍ਹਾਂ ਨੇ ਫੁੱਲ-ਟਾਈਮ ਸੇਵਾ ਕਰਨ ਦਾ ਫ਼ੈਸਲਾ ਕੀਤਾ।—ਜ਼ਬੂ. 34:8.
7. ਅਸੀਂ ਕੀ ਕਰ ਸਕਦੇ ਹਾਂ ਜੇ ਸਾਨੂੰ ਲੱਗੇ ਕਿ ਅਸੀਂ ਪ੍ਰਚਾਰ ਵਿਚ ਹਰ ਮਹੀਨੇ ਲੋੜੀਂਦੇ 70 ਘੰਟੇ ਨਹੀਂ ਲਗਾ ਸਕਦੇ?
7 ਪਰ ਫਿਰ ਕੀ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਹਰ ਮਹੀਨੇ ਪ੍ਰਚਾਰ ਵਿਚ ਲੋੜੀਂਦੇ 70 ਘੰਟੇ ਨਹੀਂ ਲਗਾ ਸਕਦੇ ਹੋ? ਕਿਉਂ ਨਾ ਉਨ੍ਹਾਂ ਪਾਇਨੀਅਰਾਂ ਨਾਲ ਗੱਲ ਕਰੋ ਜਿਨ੍ਹਾਂ ਦੇ ਤੁਹਾਡੇ ਵਰਗੇ ਹਾਲਾਤ ਹਨ? (ਕਹਾ. 15:22) ਫਿਰ ਤਰ੍ਹਾਂ-ਤਰ੍ਹਾਂ ਦੀਆਂ ਸਮਾਂ-ਸਾਰਣੀਆਂ ਲਿਖੋ ਤਾਂਕਿ ਤੁਸੀਂ ਅੰਦਾਜ਼ਾ ਲਗਾ ਸਕੋ ਕਿ ਤੁਸੀਂ ਆਪਣੇ ਘੰਟੇ ਪੂਰੇ ਕਰਨ ਲਈ ਕਦੋਂ ਪ੍ਰਚਾਰ ਵਿਚ ਜਾ ਸਕਦੇ ਹੋ। ਤੁਸੀਂ ਸ਼ਾਇਦ ਹੈਰਾਨ ਹੋਵੋਗੇ ਕਿ ਬੇਲੋੜ ਕੰਮਾਂ ਨੂੰ ਛੱਡ ਕੇ ਪ੍ਰਚਾਰ ਸੇਵਾ ਵਿਚ ਲੱਗਣਾ ਇੰਨਾ ਮੁਸ਼ਕਲ ਨਹੀਂ ਜਿੰਨਾ ਤੁਸੀਂ ਸੋਚਦੇ ਸੀ।—ਅਫ਼. 5:15, 16.
8. ਸਮੇਂ-ਸਮੇਂ ਤੇ ਸਾਨੂੰ ਆਪਣੇ ਹਾਲਾਤਾਂ ʼਤੇ ਦੁਬਾਰਾ ਧਿਆਨ ਕਿਉਂ ਦੇਣਾ ਚਾਹੀਦਾ ਹੈ?
8 ਆਪਣੇ ਹਾਲਾਤਾਂ ਉੱਤੇ ਦੁਬਾਰਾ ਧਿਆਨ ਦਿਓ: ਸਾਡੇ ਨਿੱਜੀ ਹਾਲਾਤ ਅਕਸਰ ਬਦਲਦੇ ਰਹਿੰਦੇ ਹਨ। ਇਸ ਲਈ ਆਪਣੇ ਹਾਲਾਤਾਂ ʼਤੇ ਦੁਬਾਰਾ ਧਿਆਨ ਦੇਣਾ ਚੰਗਾ ਹੋਵੇਗਾ। ਮਿਸਾਲ ਲਈ, ਕੀ ਤੁਸੀਂ ਆਪਣੀ ਨੌਕਰੀ ਤੋਂ ਰੀਟਾਇਰ ਹੋਣ ਵਾਲੇ ਹੋ? ਕ੍ਰਿਸ਼ਨਨ ਨਾਂ ਦੇ ਇਕ ਭਰਾ ਨੇ ਆਪਣੀ ਨੌਕਰੀ ਛੱਡ ਕੇ ਪਾਇਨੀਅਰਿੰਗ ਕੀਤੀ। ਉਸ ਨੇ ਕਿਹਾ: “ਮੈਂ ਆਪਣੇ ਹਾਲਾਤਾਂ ʼਤੇ ਧਿਆਨ ਦੇ ਕੇ ਆਪਣੀ ਪਤਨੀ ਨਾਲ ਰੈਗੂਲਰ ਪਾਇਨੀਅਰਿੰਗ ਸ਼ੁਰੂ ਕਰ ਸਕਿਆ ਤੇ ਸਾਨੂੰ ਉੱਥੇ ਜਾ ਕੇ ਪ੍ਰਚਾਰ ਕਰਨ ਦਾ ਮੌਕਾ ਵੀ ਮਿਲਿਆ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਇਸ ਨਾਲੋਂ ਹੋਰ ਕੋਈ ਵੀ ਕੰਮ ਬਿਹਤਰ ਨਹੀਂ ਜਿਸ ਰਾਹੀਂ ਪਰਮੇਸ਼ੁਰ ਵੱਲੋਂ ਬਰਕਤਾਂ ਮਿਲਦੀਆਂ ਹਨ ਤੇ ਇੰਨੀ ਖ਼ੁਸ਼ੀ ਵੀ।”
9. ਪਤੀ-ਪਤਨੀਆਂ ਨੂੰ ਕਿਸ ਗੱਲ ਉੱਤੇ ਗੌਰ ਕਰਨਾ ਚਾਹੀਦਾ ਹੈ?
9 ਸੋਚ-ਵਿਚਾਰ ਕਰਨ ਤੋਂ ਬਾਅਦ ਕਈ ਪਤੀ-ਪਤਨੀਆਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੋਨਾਂ ਨੂੰ ਫੁੱਲ-ਟਾਈਮ ਨੌਕਰੀ ਕਰਨ ਦੀ ਲੋੜ ਨਹੀਂ ਹੈ। ਇਹ ਗੱਲ ਸੱਚ ਹੈ ਕਿ ਪਰਿਵਾਰ ਨੂੰ ਸ਼ਾਇਦ ਹੱਥ ਘੁੱਟ ਕੇ ਖ਼ਰਚਾ ਕਰਨਾ ਪਵੇ, ਪਰ ਇਸ ਕੁਰਬਾਨੀ ਦੇ ਕਿੰਨੇ ਲਾਭ ਹਨ। ਹਾਲ ਹੀ ਦੇ ਸਮੇਂ ਜੌਨ ਦੀ ਪਤਨੀ ਨੇ ਆਪਣੀ ਫੁੱਲ-ਟਾਈਮ ਨੌਕਰੀ ਛੱਡ ਕੇ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਸਮਾਂ ਗੁਜ਼ਾਰਨਾ ਸ਼ੁਰੂ ਕੀਤਾ। ਜੌਨ ਨੇ ਕਿਹਾ: “ਮੈਨੂੰ ਇਹ ਸੋਚ ਕੇ ਬੜੀ ਖ਼ੁਸ਼ੀ ਹੁੰਦੀ ਹੈ ਕਿ ਮੇਰੀ ਪਤਨੀ ਸਾਰਾ ਦਿਨ ਯਹੋਵਾਹ ਦੀ ਸੇਵਾ ਵਿਚ ਗੁਜ਼ਾਰਦੀ ਹੈ।”
10. ਮਸੀਹੀ ਪਾਇਨੀਅਰਿੰਗ ਕਿਉਂ ਕਰਦੇ ਹਨ?
10 ਪਿਆਰ ਅਤੇ ਨਿਹਚਾ ਦਾ ਸਬੂਤ: ਯਹੋਵਾਹ ਨੇ ਸਾਡੇ ਲਈ ਪ੍ਰਚਾਰ ਦਾ ਕੰਮ ਸਭ ਤੋਂ ਅਹਿਮ ਸਮਝਿਆ ਹੈ। ਇਹ ਪੁਰਾਣੀ ਦੁਨੀਆਂ ਹੁਣ ਜਲਦੀ ਹੀ ਨਾਸ ਕੀਤੀ ਜਾਵੇਗੀ ਅਤੇ ਸਿਰਫ਼ ਯਹੋਵਾਹ ਦਾ ਨਾਂ ਲੈਣ ਵਾਲੇ ਹੀ ਬਚਾਏ ਜਾਣਗੇ। (ਰੋਮੀ. 10:13) ਸਾਡੇ ਦਿਲਾਂ ਵਿਚ ਯਹੋਵਾਹ ਲਈ ਗਹਿਰਾ ਪਿਆਰ ਹੈ ਤੇ ਅਸੀਂ ਉਸ ਦੀਆਂ ਮਿਹਰਬਾਨੀਆਂ ਲਈ ਸ਼ੁਕਰਗੁਜ਼ਾਰ ਹਾਂ। ਇਸ ਕਰਕੇ ਅਸੀਂ ਉਸ ਦੇ ਪੁੱਤਰ ਤੋਂ ਮਿਲੇ ਪ੍ਰਚਾਰ ਦਾ ਕੰਮ ਜ਼ੋਰ-ਸ਼ੋਰ ਨਾਲ ਕਰਨ ਲਈ ਪ੍ਰੇਰੇ ਜਾਂਦੇ ਹਾਂ। (ਮੱਤੀ 28:19, 20; 1 ਯੂਹੰ. 5:3) ਇਸ ਤੋਂ ਇਲਾਵਾ, ਇਹ ਭਰੋਸਾ ਕਿ ਅਸੀਂ ਅੰਤ ਦਿਆਂ ਦਿਨਾਂ ਵਿਚ ਰਹਿੰਦੇ ਹਾਂ, ਸਾਨੂੰ ਪ੍ਰਚਾਰ ਵਿਚ ਪੂਰੀ ਵਾਹ ਲਾਉਣ ਲਈ ਪ੍ਰੇਰੇਗਾ ਅਤੇ ਅਸੀਂ ਸੰਸਾਰ ਨੂੰ ਲੋੜੋਂ ਵਧ ਨਹੀਂ ਵਰਤਾਂਗੇ।—1 ਕੁਰਿੰ. 7:29-31.
11. ਸਾਨੂੰ ਕਿੱਦਾਂ ਮਹਿਸੂਸ ਕਰਨਾ ਚਾਹੀਦਾ ਹੈ ਜੇ ਕੋਈ ਸਾਨੂੰ ਕਹੇ ਕਿ ਅਸੀਂ ਇਕ ਵਧੀਆ ਪਾਇਨੀਅਰ ਬਣ ਸਕਦੇ ਹਾਂ?
11 ਰੈਗੂਲਰ ਪਾਇਨੀਅਰਿੰਗ ਦਾ ਇਹੀ ਮਤਲਬ ਨਹੀਂ ਹੈ ਕਿ ਅਸੀਂ ਪ੍ਰਚਾਰ ਵਿਚ ਜ਼ਿਆਦਾ ਘੰਟੇ ਲਾਉਂਦੇ ਹਾਂ, ਪਰ ਇਹ ਕਿ ਅਸੀਂ ਪੂਰੇ ਤਨ-ਮਨ ਨਾਲ ਰੱਬ ਦੀ ਸੇਵਾ ਕਰਦੇ ਹਾਂ। ਇਸ ਲਈ ਜੇ ਤੁਹਾਨੂੰ ਕੋਈ ਕਹਿੰਦਾ ਹੈ ਕਿ ਤੁਸੀਂ ਇਕ ਵਧੀਆ ਪਾਇਨੀਅਰ ਬਣ ਸਕਦੇ ਹੋ, ਤਾਂ ਇਸ ਨੂੰ ਤਾਰੀਫ਼ ਦੀ ਗੱਲ ਮੰਨੋ। ਪ੍ਰਾਰਥਨਾ ਕਰ ਕੇ ਉਨ੍ਹਾਂ ਨਾਲ ਰਲਣ ਬਾਰੇ ਸੋਚੋ ਜੋ ਖ਼ੁਸ਼ੀ-ਖ਼ੁਸ਼ੀ ਰੱਬ ਦੀ ਇਸ ਤਰ੍ਹਾਂ ਸੇਵਾ ਕਰ ਰਹੇ ਹਨ।
[ਸਫ਼ਾ 2 ਉੱਤੇ ਸੁਰਖੀ]
ਮਾਪਿਓ, ਕੀ ਤੁਸੀਂ ਆਪਣੇ ਬੱਚਿਆਂ ਸਾਮ੍ਹਣੇ ਫੁੱਲ-ਟਾਈਮ ਸੇਵਾ ਦਾ ਟੀਚਾ ਰੱਖ ਰਹੇ ਹੋ?
[ਸਫ਼ਾ 3 ਉੱਤੇ ਸੁਰਖੀ]
ਯਹੋਵਾਹ ਨੇ ਸਾਡੇ ਲਈ ਪ੍ਰਚਾਰ ਦਾ ਕੰਮ ਸਭ ਤੋਂ ਅਹਿਮ ਸਮਝਿਆ ਹੈ।