ਹੁਣੇ ਸਮਾਂ ਹੈ ਪ੍ਰਚਾਰ ਕਰਨ ਦਾ!
1. ਹੁਣੇ ਪ੍ਰਚਾਰ ਕਰਨ ਦਾ ਸਮਾਂ ਕਿਉਂ ਹੈ?
1 “ਪਰਮੇਸ਼ੁਰ ਤੋਂ ਡਰੋ ਅਤੇ ਉਹ ਦੀ ਵਡਿਆਈ ਕਰੋ।” ਦੂਤਾਂ ਦੀ ਅਗਵਾਈ ਅਧੀਨ ਇਹ ਸੰਦੇਸ਼ “ਹਰੇਕ ਕੌਮ ਅਤੇ ਗੋਤ ਅਤੇ ਭਾਖਿਆ ਅਤੇ ਉੱਮਤ” ਨੂੰ ਸੁਣਾਇਆ ਜਾ ਰਿਹਾ ਹੈ। ਕਿਉਂ? ‘ਇਸ ਲਈ ਜੋ ਪਰਮੇਸ਼ੁਰ ਦੇ ਨਿਆਉਂ ਦਾ ਸਮਾ ਆ ਪੁੱਜਾ ਹੈ।’ ਅੱਜ ਅਸੀਂ ਉਸੇ ‘ਨਿਆਉਂ ਦੇ ਸਮੇਂ’ ਵਿਚ ਜੀ ਰਹੇ ਹਾਂ ਜੋ ਇਸ ਦੁਨੀਆਂ ਦਾ ਅੰਤ ਆਉਣ ਤੇ ਖ਼ਤਮ ਹੋਵੇਗਾ। ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਉਸ ਪਰਮੇਸ਼ੁਰ ਨੂੰ ‘ਜਿਹ ਨੇ ਅਕਾਸ਼ ਅਤੇ ਧਰਤੀ ਅਤੇ ਸਮੁੰਦਰ ਅਤੇ ਪਾਣੀਆਂ ਦੇ ਸੁੰਬਾਂ ਨੂੰ ਬਣਾਇਆ ਮੱਥਾ ਟੇਕਣ।’ ਦੁਨੀਆਂ ਦਾ ਕੋਈ ਹੋਰ ਕੰਮ ਇੰਨਾ ਜ਼ਰੂਰੀ ਨਹੀਂ ਹੈ ਜਿੰਨਾ “ਖੁਸ਼ ਖਬਰੀ” ਦਾ ਪ੍ਰਚਾਰ ਕਰਨਾ। ਜੀ ਹਾਂ, ਹੁਣੇ ਸਮਾਂ ਹੈ ਪ੍ਰਚਾਰ ਕਰਨ ਦਾ!—ਪਰ. 14:6, 7.
2. ਯਹੋਵਾਹ ਦੇ ਗਵਾਹ ਕਿਵੇਂ ਦਿਖਾ ਰਹੇ ਹਨ ਕਿ ਉਹ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹਨ?
2 ਪਿਛਲੇ ਦਸਾਂ ਸਾਲਾਂ ਦੌਰਾਨ ਯਹੋਵਾਹ ਦੇ ਗਵਾਹਾਂ ਨੇ ਰਾਜ ਦਾ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਤਕਰੀਬਨ 12 ਅਰਬ ਘੰਟੇ ਲਾਏ ਹਨ। ਬਹੁਤ ਸਾਰੇ ਗਵਾਹਾਂ ਨੇ ਅਧਿਆਤਮਿਕ ਖੇਤੀ ਦੇ ਕੰਮ ਵਿਚ ਹੋਰ ਜ਼ਿਆਦਾ ਸਮਾਂ ਲਾਉਣ ਲਈ ਆਪਣੀਆਂ ਜ਼ਿੰਦਗੀਆਂ ਵਿਚ ਤਬਦੀਲੀਆਂ ਕੀਤੀਆਂ ਹਨ। (ਮੱਤੀ 9:37, 38) ਮਿਸਾਲ ਲਈ, ਪਿਛਲੇ ਸਾਲ ਹਰ ਮਹੀਨੇ ਔਸਤਨ 8,50,000 ਤੋਂ ਜ਼ਿਆਦਾ ਪ੍ਰਕਾਸ਼ਕਾਂ ਨੇ ਪਾਇਨੀਅਰੀ ਕੀਤੀ। ਨਿਯਮਿਤ ਪਾਇਨੀਅਰੀ ਕਰਨ ਵਾਲੇ ਪ੍ਰਕਾਸ਼ਕਾਂ ਨੇ ਪ੍ਰਚਾਰ ਦੇ ਕੰਮ ਵਿਚ ਔਸਤਨ ਹਰ ਮਹੀਨੇ 70 ਘੰਟੇ ਬਿਤਾਏ ਅਤੇ ਸਹਿਯੋਗੀ ਪਾਇਨੀਅਰੀ ਕਰਨ ਵਾਲਿਆਂ ਨੇ 50 ਘੰਟੇ।
3. ਪਾਇਨੀਅਰੀ ਕਰਨ ਲਈ ਪ੍ਰਕਾਸ਼ਕਾਂ ਨੂੰ ਅਕਸਰ ਕਿਹੜੀਆਂ ਤਬਦੀਲੀਆਂ ਕਰਨ ਦੀ ਲੋੜ ਪੈਂਦੀ ਹੈ?
3 ਪਾਇਨੀਅਰੀ ਕਿਵੇਂ ਕਰੀਏ: ਪਾਇਨੀਅਰ ਜਾਣਦੇ ਹਨ ਕਿ “ਸਮਾ ਘਟਾਇਆ ਗਿਆ ਹੈ,” ਇਸ ਲਈ ਉਹ ਸਾਦੀ ਜ਼ਿੰਦਗੀ ਜੀਉਣ ਦੀ ਕੋਸ਼ਿਸ਼ ਕਰਦੇ ਹਨ। (1 ਕੁਰਿੰ. 7:29, 31) ਉਹ ਆਪਣੇ ਖ਼ਰਚੇ ਘਟਾਉਣ ਦੇ ਤਰੀਕੇ ਲੱਭਦੇ ਹਨ ਤਾਂਕਿ ਉਹ ਘੱਟ ਘੰਟੇ ਕੰਮ ਕਰ ਸਕਣ। ਮਿਸਾਲ ਲਈ, ਕੁਝ ਛੋਟੇ ਘਰਾਂ ਵਿਚ ਰਹਿਣ ਲੱਗ ਪਏ ਹਨ। ਕਈਆਂ ਨੇ ਬੇਲੋੜੀਆਂ ਚੀਜ਼ਾਂ ਤਿਆਗ ਦਿੱਤੀਆਂ ਹਨ। (ਮੱਤੀ 6:19-21) ਇਸ ਤੋਂ ਇਲਾਵਾ, ਕਈਆਂ ਨੂੰ ਆਪਣੇ ਸ਼ੌਕ ਵੀ ਛੱਡਣੇ ਪੈਂਦੇ ਹਨ। ਇਹ ਸਭ ਕੁਝ ਉਨ੍ਹਾਂ ਨੇ ਸੇਵਕਾਈ ਵਿਚ ਜ਼ਿਆਦਾ ਸਮਾਂ ਬਿਤਾਉਣ ਦੀ ਖ਼ਾਤਰ ਕੀਤਾ ਹੈ। (ਅਫ਼. 5:15, 16) ਅਜਿਹੇ ਨਿਰਸੁਆਰਥ ਪ੍ਰਕਾਸ਼ਕਾਂ ਨੇ ਯਹੋਵਾਹ ਤੇ ਭਰੋਸਾ ਰੱਖਿਆ ਅਤੇ ਵਧੀਆ ਸਮਾਂ-ਸਾਰਣੀਆਂ ਬਣਾਈਆਂ ਹਨ ਜਿਨ੍ਹਾਂ ਅਨੁਸਾਰ ਚੱਲ ਕੇ ਉਹ ਪਾਇਨੀਅਰੀ ਕਰ ਸਕੇ ਹਨ।
4. ਪਾਇਨੀਅਰੀ ਕਰਨ ਦੇ ਉਦੇਸ਼ ਨੂੰ ਪੂਰਾ ਕਰਨ ਵਿਚ ਕਿਹੜੀਆਂ ਗੱਲਾਂ ਤੁਹਾਡੀ ਮਦਦ ਕਰ ਸਕਦੀਆਂ ਹਨ?
4 ਕੀ ਤੁਸੀਂ ਪਾਇਨੀਅਰੀ ਕਰ ਸਕਦੇ ਹੋ? ਤੁਸੀਂ ਪਾਇਨੀਅਰਾਂ ਨੂੰ ਪੁੱਛ ਸਕਦੇ ਹੋ ਕਿ ਉਹ ਪਾਇਨੀਅਰੀ ਕਰਨ ਵਿਚ ਕਿਵੇਂ ਸਫ਼ਲ ਹੋਏ ਹਨ। ਉਨ੍ਹਾਂ ਨਾਲ ਖੇਤਰ ਸੇਵਕਾਈ ਵਿਚ ਕੰਮ ਕਰੋ ਅਤੇ ਉਨ੍ਹਾਂ ਦੀ ਖ਼ੁਸ਼ੀ ਨੂੰ ਮਹਿਸੂਸ ਕਰੋ। ਪ੍ਰਕਾਸ਼ਨਾਂ ਵਿਚ ਪਾਇਨੀਅਰੀ ਬਾਰੇ ਆਏ ਲੇਖ ਪੜ੍ਹੋ। ਅਜਿਹੇ ਟੀਚੇ ਰੱਖੋ ਜੋ ਪਾਇਨੀਅਰੀ ਕਰਨ ਦੇ ਤੁਹਾਡੇ ਉਦੇਸ਼ ਨੂੰ ਪੂਰਾ ਕਰਨ ਵਿਚ ਮਦਦ ਕਰਨਗੇ। ਜੇ ਇਸ ਵੇਲੇ ਪਾਇਨੀਅਰੀ ਕਰਨ ਵਿਚ ਰੁਕਾਵਟਾਂ ਆ ਰਹੀਆਂ ਹਨ, ਤਾਂ ਯਹੋਵਾਹ ਨੂੰ ਇਨ੍ਹਾਂ ਬਾਰੇ ਪ੍ਰਾਰਥਨਾ ਵਿਚ ਦੱਸੋ ਅਤੇ ਇਨ੍ਹਾਂ ਨੂੰ ਦੂਰ ਕਰਨ ਵਿਚ ਉਸ ਤੋਂ ਮਦਦ ਮੰਗੋ।—ਕਹਾ. 16:3.
5. ਵਧੀਆ ਤਰੀਕੇ ਨਾਲ ਸੇਵਕਾਈ ਕਰਨ ਵਿਚ ਪਾਇਨੀਅਰੀ ਕਿਵੇਂ ਮਦਦ ਕਰਦੀ ਹੈ?
5 ਬਰਕਤਾਂ ਤੇ ਖ਼ੁਸ਼ੀਆਂ: ਪਾਇਨੀਅਰੀ ਕਰਨ ਨਾਲ ਅਸੀਂ ਬਾਈਬਲ ਨੂੰ ਹੋਰ ਵਧੀਆ ਢੰਗ ਨਾਲ ਵਰਤਣ ਦੇ ਕਾਬਲ ਬਣਦੇ ਹਾਂ ਜਿਸ ਨਾਲ ਸਾਡੀ ਖ਼ੁਸ਼ੀ ਵਿਚ ਵਾਧਾ ਹੁੰਦਾ ਹੈ। ਇਕ ਜਵਾਨ ਪਾਇਨੀਅਰ ਭੈਣ ਨੇ ਕਿਹਾ: “ਪ੍ਰਚਾਰ ਵਿਚ ਬਾਈਬਲ ਨੂੰ ਚੰਗੀ ਤਰ੍ਹਾਂ ਇਸਤੇਮਾਲ ਕਰਨਾ ਆਪਣੇ ਆਪ ਵਿਚ ਇਕ ਬਰਕਤ ਹੈ। ਪਾਇਨੀਅਰੀ ਕਰਨ ਵੇਲੇ ਅਸੀਂ ਬਾਈਬਲ ਨੂੰ ਵਾਰ-ਵਾਰ ਇਸਤੇਮਾਲ ਕਰਦੇ ਹਾਂ। ਇਸ ਲਈ ਜਦ ਮੈਂ ਘਰ-ਘਰ ਜਾਂਦੀ ਹਾਂ, ਤਾਂ ਮੈਨੂੰ ਪਤਾ ਰਹਿੰਦਾ ਹੈ ਕਿ ਕਿਹੜਾ ਹਵਾਲਾ ਕਿਸ ਵਿਅਕਤੀ ਨੂੰ ਦਿਖਾਉਣਾ ਢੁਕਵਾਂ ਰਹੇਗਾ।”—2 ਤਿਮੋ. 2:15.
6. ਪਾਇਨੀਅਰੀ ਕਿਹੜੀਆਂ ਗੱਲਾਂ ਸਿਖਾਉਂਦੀ ਹੈ?
6 ਪਾਇਨੀਅਰੀ ਸਾਨੂੰ ਜ਼ਿੰਦਗੀ ਦੇ ਕਈ ਜ਼ਰੂਰੀ ਸਬਕ ਵੀ ਸਿਖਾਉਂਦੀ ਹੈ। ਇਹ ਨੌਜਵਾਨਾਂ ਨੂੰ ਆਪਣੇ ਸਮੇਂ ਦੀ ਚੰਗੀ ਵਰਤੋਂ ਕਰਨੀ, ਸੋਚ-ਸਮਝ ਕੇ ਪੈਸਾ ਖ਼ਰਚ ਕਰਨਾ ਅਤੇ ਹੋਰਨਾਂ ਨਾਲ ਮਿਲ-ਜੁਲ ਕੇ ਰਹਿਣਾ ਸਿਖਾ ਸਕਦੀ ਹੈ। ਪਾਇਨੀਅਰੀ ਕਰਨ ਨਾਲ ਕਈ ਮਸੀਹੀ ਅਧਿਆਤਮਿਕ ਤੌਰ ਤੇ ਸਮਝਦਾਰ ਬਣ ਜਾਂਦੇ ਹਨ। (ਅਫ਼. 4:13) ਇਸ ਤੋਂ ਇਲਾਵਾ, ਪਾਇਨੀਅਰਾਂ ਨੂੰ ਅਕਸਰ ਇਹ ਦੇਖਣ ਦਾ ਮੌਕਾ ਮਿਲਦਾ ਹੈ ਕਿ ਯਹੋਵਾਹ ਉਨ੍ਹਾਂ ਦੇ ਨਾਲ ਹੈ।—ਰਸੂ. 11:21; ਫ਼ਿਲਿ. 4:11-13.
7. ਪਾਇਨੀਅਰੀ ਯਹੋਵਾਹ ਨਾਲ ਰਿਸ਼ਤਾ ਗੂੜ੍ਹਾ ਕਰਨ ਵਿਚ ਕਿਵੇਂ ਸਾਡੀ ਮਦਦ ਕਰਦੀ ਹੈ?
7 ਪਾਇਨੀਅਰੀ ਦੀ ਸਭ ਤੋਂ ਵੱਡੀ ਬਰਕਤ ਇਹ ਹੈ ਕਿ ਯਹੋਵਾਹ ਨਾਲ ਸਾਡਾ ਰਿਸ਼ਤਾ ਗੂੜ੍ਹਾ ਹੁੰਦਾ ਹੈ। ਇਸ ਕਰਕੇ ਅਸੀਂ ਅਜ਼ਮਾਇਸ਼ਾਂ ਦਾ ਡਟ ਕੇ ਸਾਮ੍ਹਣਾ ਕਰ ਸਕਦੇ ਹਾਂ। ਸਖ਼ਤ ਅਜ਼ਮਾਇਸ਼ਾਂ ਸਹਿਣ ਵਾਲੀ ਇਕ ਭੈਣ ਨੇ ਕਿਹਾ: “ਪਾਇਨੀਅਰੀ ਸਦਕਾ ਮੈਂ ਯਹੋਵਾਹ ਨਾਲ ਜੋ ਗੂੜ੍ਹਾ ਰਿਸ਼ਤਾ ਕਾਇਮ ਕੀਤਾ ਹੈ, ਉਸ ਤੋਂ ਮੈਨੂੰ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਦੀ ਤਾਕਤ ਮਿਲੀ ਹੈ।” ਅੱਗੇ ਉਸ ਨੇ ਕਿਹਾ: “ਮੈਨੂੰ ਇਸ ਗੱਲ ਦੀ ਬਹੁਤ ਖ਼ੁਸ਼ੀ ਹੈ ਕਿ ਮੈਂ ਆਪਣੀ ਜਵਾਨੀ ਨੂੰ ਯਹੋਵਾਹ ਦੀ ਪੂਰੇ ਸਮੇਂ ਦੀ ਸੇਵਾ ਕਰਨ ਵਿਚ ਲਾਇਆ। ਮੈਂ ਵੱਖ-ਵੱਖ ਤਰੀਕਿਆਂ ਨਾਲ ਯਹੋਵਾਹ ਦੀ ਸੇਵਾ ਕੀਤੀ ਹੈ ਜਿਸ ਬਾਰੇ ਮੈਂ ਕਦੀ ਸੋਚਿਆ ਵੀ ਨਹੀਂ ਸੀ।” (ਰਸੂ. 20:35) ਆਓ ਆਪਾਂ ਵੀ ਪ੍ਰਚਾਰ ਦੇ ਅਤਿ ਮਹੱਤਵਪੂਰਣ ਕੰਮ ਨੂੰ ਜੀ-ਜਾਨ ਨਾਲ ਕਰ ਕੇ ਬਰਕਤਾਂ ਪਾਈਏ।—ਕਹਾ. 10:22.