ਕੀ ਤੁਸੀਂ ‘ਵੱਡੇ ਅਤੇ ਕੰਮ ਕੱਢਣ ਵਾਲੇ ਦਰਵੱਜੇ’ ਥਾਣੀ ਵੜ ਸਕਦੇ ਹੋ?
1. ਸਾਡੇ ਸਾਮ੍ਹਣੇ ਕਿਹੜਾ “ਇੱਕ ਵੱਡਾ ਅਤੇ ਕੰਮ ਕੱਢਣ ਵਾਲਾ ਦਰਵੱਜਾ” ਖੁੱਲ੍ਹਿਆ ਹੋਇਆ ਹੈ?
1 ਜਦੋਂ ਪੌਲੁਸ ਸਾਮ੍ਹਣੇ “ਇੱਕ ਵੱਡਾ ਅਤੇ ਕੰਮ ਕੱਢਣ ਵਾਲਾ ਦਰਵੱਜਾ” ਖੁੱਲ੍ਹਿਆ, ਤਾਂ ਉਸ ਨੇ ਵਧ-ਚੜ੍ਹ ਕੇ ਪ੍ਰਚਾਰ ਕਰਨ ਲਈ ਇਸ ਮੌਕੇ ਦਾ ਪੂਰਾ-ਪੂਰਾ ਫ਼ਾਇਦਾ ਲਿਆ, ਭਾਵੇਂ ਉਸ ਦਾ ਵਿਰੋਧ ਕਰਨ ਵਾਲੇ ਬਹੁਤ ਸਨ। (1 ਕੁਰਿੰ. 16:9) ਅੱਜ ਪੂਰੀ ਦੁਨੀਆਂ ਵਿਚ 6,42,000 ਭੈਣ-ਭਰਾ ਰੈਗੂਲਰ ਪਾਇਨੀਅਰੀ ਕਰ ਕੇ ‘ਕੰਮ ਕੱਢਣ ਵਾਲੇ ਵੱਡੇ ਦਰਵਾਜ਼ੇ’ ਥਾਣੀ ਵੜੇ ਹਨ।
2. ਸਮੇਂ-ਸਮੇਂ ਤੇ ਆਪਣੇ ਹਾਲਾਤਾਂ ਦੀ ਜਾਂਚ ਕਿਉਂ ਕਰਨੀ ਚਾਹੀਦੀ ਹੈ?
2 ਹਾਲਾਤ ਬਦਲ ਜਾਂਦੇ ਹਨ: ਭਾਵੇਂ ਇਸ ਵੇਲੇ ਅਸੀਂ ਆਪਣੇ ਹਾਲਾਤਾਂ ਕਰਕੇ ਪ੍ਰਚਾਰ ਦਾ ਕੰਮ ਜ਼ਿਆਦਾ ਨਹੀਂ ਕਰ ਪਾ ਰਹੇ ਹਾਂ, ਪਰ ਯਾਦ ਰੱਖੋ ਕਿ ਹਾਲਾਤ ਹਮੇਸ਼ਾ ਇੱਕੋ ਜਿਹੇ ਨਹੀਂ ਰਹਿੰਦੇ। ਇਸ ਲਈ, ਸਮੇਂ-ਸਮੇਂ ਤੇ ਆਪਣੇ ਹਾਲਾਤਾਂ ਦੀ ਜਾਂਚ ਕਰਦੇ ਰਹੋ ਅਤੇ ਉਸ ਸਮੇਂ ਦੀ ਉਡੀਕ ਨਾ ਕਰੋ ਜਦੋਂ ਹਾਲਾਤ ਪੂਰੀ ਤਰ੍ਹਾਂ ਠੀਕ ਹੋ ਜਾਣਗੇ। (ਉਪ. 11:4) ਨੌਜਵਾਨੋ, ਕੀ ਤੁਹਾਡੀ ਸਕੂਲੀ ਪੜ੍ਹਾਈ ਖ਼ਤਮ ਹੋਣ ਵਾਲੀ ਹੈ? ਮਾਪਿਓ, ਕੀ ਤੁਹਾਡੇ ਬੱਚੇ ਜਲਦੀ ਹੀ ਸਕੂਲ ਜਾਣਾ ਸ਼ੁਰੂ ਕਰ ਦੇਣਗੇ? ਭੈਣੋ-ਭਰਾਵੋ, ਕੀ ਤੁਸੀਂ ਰੀਟਾਇਰ ਹੋਣ ਵਾਲੇ ਹੋ? ਜੇ ਹਾਂ, ਤਾਂ ਤੁਹਾਡੇ ਕੋਲ ਰੈਗੂਲਰ ਪਾਇਨੀਅਰੀ ਕਰਨ ਦਾ ਸਮਾਂ ਹੋਵੇਗਾ। ਇਕ ਭੈਣ ਦੀ ਸਿਹਤ ਪਹਿਲਾਂ ਖ਼ਰਾਬ ਰਹਿੰਦੀ ਸੀ, ਪਰ ਉਸ ਨੇ 89 ਸਾਲ ਦੀ ਉਮਰ ਤੇ ਪਾਇਨੀਅਰੀ ਕਰਨੀ ਸ਼ੁਰੂ ਕੀਤੀ। ਕਿਉਂ? ਕਿਉਂਕਿ ਉਹ ਇਕ ਸਾਲ ਹਸਪਤਾਲ ਨਹੀਂ ਗਈ, ਇਸ ਲਈ ਉਸ ਨੇ ਮਹਿਸੂਸ ਕੀਤਾ ਕਿ ਉਸ ਦੀ ਸਿਹਤ ਠੀਕ ਸੀ ਜਿਸ ਕਰਕੇ ਉਹ ਪਾਇਨੀਅਰੀ ਕਰ ਸਕਦੀ ਸੀ।
3. ਕੁਝ ਮਸੀਹੀਆਂ ਨੇ ਰੈਗੂਲਰ ਪਾਇਨੀਅਰ ਬਣਨ ਲਈ ਕਿਹੜੇ ਫੇਰ-ਬਦਲ ਕੀਤੇ ਹਨ?
3 ਪੌਲੁਸ ਨੇ ਕੁਰਿੰਥੁਸ ਵਿਚ ਰਹਿੰਦੇ ਮਸੀਹੀ ਭਰਾਵਾਂ ਕੋਲ ਜਾਣ ਦਾ ਪ੍ਰੋਗ੍ਰਾਮ ਬਣਾਇਆ ਹੋਇਆ ਸੀ। ਪਰ ਉਸ ਨੇ ਖ਼ੁਸ਼ ਖ਼ਬਰੀ ਦਾ ਐਲਾਨ ਕਰਨ ਲਈ ਆਪਣੇ ਪ੍ਰੋਗ੍ਰਾਮ ਨੂੰ ਬਦਲਿਆ। ਅੱਜ ਜਿਹੜੇ ਮਸੀਹੀ ਪਾਇਨੀਅਰੀ ਕਰ ਰਹੇ ਹਨ, ਉਨ੍ਹਾਂ ਨੇ ਰੈਗੂਲਰ ਪਾਇਨੀਅਰ ਬਣਨ ਵਾਸਤੇ ਆਪਣੇ ਹਾਲਾਤਾਂ ਵਿਚ ਫੇਰ-ਬਦਲ ਕੀਤਾ ਸੀ। ਕਈਆਂ ਨੇ ਆਪਣੀ ਜ਼ਿੰਦਗੀ ਇਸ ਹੱਦ ਤਕ ਸਾਦੀ ਬਣਾਈ ਕਿ ਉਹ ਥੋੜ੍ਹਾ ਕੰਮ ਕਰ ਕੇ ਆਪਣਾ ਗੁਜ਼ਾਰਾ ਤੋਰ ਸਕਦੇ ਹਨ। ਉਨ੍ਹਾਂ ਨੂੰ ਆਪਣੀ ਸੇਵਕਾਈ ਤੋਂ ਬਹੁਤ ਖ਼ੁਸ਼ੀ ਮਿਲੀ ਹੈ। (1 ਤਿਮੋ. 6:6-8) ਕੁਝ ਵਿਆਹੁਤਾ ਮਸੀਹੀਆਂ ਨੇ ਆਪਣੀ ਜ਼ਿੰਦਗੀ ਵਿਚ ਫੇਰ-ਬਦਲ ਕੀਤਾ ਤਾਂਕਿ ਪਤੀ ਦੀ ਕਮਾਈ ਨਾਲ ਗੁਜ਼ਾਰਾ ਕੀਤਾ ਜਾ ਸਕੇ ਤੇ ਪਤਨੀ ਪਾਇਨੀਅਰੀ ਕਰ ਸਕੇ।
4. ਜੇ ਸਾਨੂੰ ਲੱਗਦਾ ਹੈ ਕਿ ਅਸੀਂ 70 ਘੰਟੇ ਪ੍ਰਚਾਰ ਨਹੀਂ ਕਰ ਪਾਵਾਂਗੇ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
4 ਇਸ ਡਰੋਂ ਪਾਇਨੀਅਰੀ ਕਰਨ ਦਾ ਵਿਚਾਰ ਨਾ ਛੱਡੋ ਕਿ ਤੁਸੀਂ ਮਹੀਨੇ ਵਿਚ 70 ਘੰਟੇ ਪ੍ਰਚਾਰ ਨਹੀਂ ਕਰ ਪਾਓਗੇ। ਅਸਲ ਵਿਚ ਹਰ ਰੋਜ਼ ਦੋ ਘੰਟਿਆਂ ਤੋਂ ਥੋੜ੍ਹਾ ਜ਼ਿਆਦਾ ਪ੍ਰਚਾਰ ਕਰਨ ਦੀ ਲੋੜ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਨਹੀਂ ਕਰ ਪਾਓਗੇ, ਤਾਂ ਇਕ-ਦੋ ਮਹੀਨਿਆਂ ਲਈ ਔਗਜ਼ੀਲਰੀ ਪਾਇਨੀਅਰੀ ਕਰੋ, ਪਰ 50 ਦੀ ਬਜਾਇ 70 ਘੰਟੇ ਕਰਨ ਦੀ ਕੋਸ਼ਿਸ਼ ਕਰੋ। ਇਸ ਤੋਂ ਤੁਹਾਨੂੰ ਪਾਇਨੀਅਰੀ ਤੋਂ ਮਿਲਣ ਵਾਲੀਆਂ ਖ਼ੁਸ਼ੀਆਂ ਦਾ ਸੁਆਦ ਚੱਖਣ ਦਾ ਮੌਕਾ ਮਿਲੇਗਾ। (ਜ਼ਬੂ. 34:8) ਪਾਇਨੀਅਰਾਂ ਨਾਲ ਇਸ ਬਾਰੇ ਗੱਲ ਕਰੋ। ਉਨ੍ਹਾਂ ਨੂੰ ਵੀ ਸ਼ਾਇਦ ਉਹੀ ਮੁਸ਼ਕਲਾਂ ਆਈਆਂ ਹੋਣਗੀਆਂ ਜੋ ਤੁਹਾਨੂੰ ਆ ਰਹੀਆਂ ਹਨ। (ਕਹਾ. 15:22) ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਉਹ ਤੁਹਾਡੇ ਜਤਨਾਂ ਤੇ ਬਰਕਤ ਪਾਵੇ।—1 ਯੂਹੰ. 5:14.
5. ਰੈਗੂਲਰ ਪਾਇਨੀਅਰੀ ਕਰਨ ਦੇ ਕੀ ਫ਼ਾਇਦੇ ਹਨ?
5 ਪਾਇਨੀਅਰੀ ਦੇ ਫ਼ਾਇਦੇ: ਰੈਗੂਲਰ ਪਾਇਨੀਅਰੀ ਕਰਨ ਤੇ ਬਹੁਤ ਬਰਕਤਾਂ ਮਿਲਦੀਆਂ ਹਨ। ਤੁਹਾਨੂੰ ਜ਼ਿਆਦਾ ਖ਼ੁਸ਼ੀ ਮਿਲੇਗੀ ਕਿਉਂਕਿ ਪਾਇਨੀਅਰੀ ਕਰ ਕੇ ਤੁਸੀਂ ਦੂਜਿਆਂ ਨੂੰ ਕੁਝ ਦਿੰਦੇ ਹੋ। (ਰਸੂ. 20:35) ਤੁਹਾਨੂੰ ਪਰਮੇਸ਼ੁਰ ਦੇ ਬਚਨ ਨੂੰ ਸਹੀ ਤਰੀਕੇ ਨਾਲ ਸਿਖਾਉਣ ਵਿਚ ਮਹਾਰਤ ਹਾਸਲ ਹੋਵੇਗੀ। (2 ਤਿਮੋ. 2:15) ਤੁਸੀਂ ਦੇਖੋਗੇ ਕਿ ਯਹੋਵਾਹ ਕਿੱਦਾਂ-ਕਿੱਦਾਂ ਤੁਹਾਡੀ ਮਦਦ ਕਰਦਾ ਹੈ। (ਰਸੂ. 11:21; ਫ਼ਿਲਿ. 4:11-13) ਪਾਇਨੀਅਰੀ ਧੀਰਜ ਵਰਗੇ ਰੱਬੀ ਗੁਣ ਪੈਦਾ ਕਰਨ ਵਿਚ ਤੁਹਾਡੀ ਮਦਦ ਕਰੇਗੀ ਤੇ ਤੁਸੀਂ ਯਹੋਵਾਹ ਦੇ ਹੋਰ ਨੇੜੇ ਜਾਓਗੇ। (ਯਾਕੂ. 4:8) ਕੀ ਤੁਸੀਂ ਇਸ ਵੱਡੇ ਦਰਵਾਜ਼ੇ ਥਾਣੀ ਵੜ ਸਕਦੇ ਹੋ ਤੇ ਪਾਇਨੀਅਰੀ ਕਰ ਸਕਦੇ ਹੋ?