ਕੀ ਪਾਇਨੀਅਰੀ ਕਰਨ ਦਾ ਦਰਵਾਜ਼ਾ ਹੁਣ ਤੁਹਾਡੇ ਲਈ ਖੁੱਲ੍ਹਾ ਹੈ?
1 ਸਾਲ 1999 ਲਈ ਸਾਡਾ ਵਰ੍ਹਾ-ਪਾਠ ਸਾਨੂੰ ਯਾਦ ਦਿਲਾਉਂਦਾ ਹੈ ਕਿ ਅਸੀਂ ਅਜੇ ਵੀ ਯਹੋਵਾਹ ਦੇ “ਮੁਕਤੀ ਦੇ ਦਿਨ” ਵਿਚ ਰਹਿ ਰਹੇ ਹਾਂ। (2 ਕੁਰਿੰ. 6:2) ਪਰ ਯਹੋਵਾਹ ਦਾ ਮੁਕਤੀ ਦਾ ਦਿਨ ਜਲਦੀ ਹੀ ਖ਼ਤਮ ਹੋ ਜਾਵੇਗਾ। ਇਸ ਤੋਂ ਬਾਅਦ ਉਸ ਦੇ ‘ਨਿਆਉਂ ਦਾ ਦਿਨ’ ਸ਼ੁਰੂ ਹੋ ਜਾਵੇਗਾ। (2 ਪਤ. 2:9) ਜਿੰਨੀ ਦੇਰ ਤਕ ਯਹੋਵਾਹ ਮਨੁੱਖਜਾਤੀ ਨੂੰ ਮੁਕਤੀ ਹਾਸਲ ਕਰਨ ਦਾ ਮੌਕਾ ਦੇ ਰਿਹਾ ਹੈ, ਲੋਕਾਂ ਦੀ ਵੱਧ ਰਹੀ ਗਿਣਤੀ ਨੂੰ ਇਸ ਮੌਕੇ ਦਾ ਫ਼ਾਇਦਾ ਉਠਾਉਂਦੇ ਹੋਏ ਦੇਖਣਾ ਕਿੰਨਾ ਰੁਮਾਂਚਕ ਹੈ!
2 ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ, ਯਹੋਵਾਹ ਦੇ ਲੋਕਾਂ ਨੇ ਨੇਕਦਿਲ ਲੋਕਾਂ ਕੋਲ ਪਹੁੰਚਣ ਦੀ ਚੁਣੌਤੀ ਨੂੰ ਸਵੀਕਾਰ ਕੀਤਾ ਹੈ। ਬਹੁਤ ਸਾਰੇ ਰਾਜ ਪ੍ਰਕਾਸ਼ਕਾਂ ਨੇ ਪਾਇਨੀਅਰ ਸੇਵਾ ਸ਼ੁਰੂ ਕਰ ਕੇ ਇੰਝ ਕੀਤਾ ਹੈ। ਕੀ ਪਾਇਨੀਅਰੀ ਕਰਨ ਦਾ ਦਰਵਾਜ਼ਾ ਹੁਣ ਤੁਹਾਡੇ ਲਈ ਖੁੱਲ੍ਹਾ ਹੈ? ਪਰ ਅਸੀਂ ਇਹ ਕਿਉਂ ਪੁੱਛਦੇ ਹਾਂ?
3 ਕਦਰਦਾਨੀ ਭਰੇ ਸ਼ਬਦ: ਜਨਵਰੀ 1999 ਦੀ ਸਾਡੀ ਰਾਜ ਸੇਵਕਾਈ ਵਿਚ ਘੋਸ਼ਣਾ ਕੀਤੀ ਗਈ ਸੀ ਕਿ ਨਿਯਮਿਤ ਅਤੇ ਸਹਿਯੋਗੀ ਦੋਵੇਂ ਤਰ੍ਹਾਂ ਦੇ ਪਾਇਨੀਅਰਾਂ ਲਈ ਘੰਟਿਆਂ ਦੀ ਮੰਗ ਨੂੰ ਘੱਟ ਕਰ ਦਿੱਤਾ ਗਿਆ ਹੈ। ਘੰਟਿਆਂ ਦੀ ਇਸ ਨਵੀਂ ਮੰਗ ਨੂੰ ਪੂਰਾ ਕਰਨ ਲਈ ਨਿਯਮਿਤ ਪਾਇਨੀਅਰਾਂ ਨੂੰ ਸੇਵਕਾਈ ਵਿਚ ਹਰ ਮਹੀਨੇ 70 ਘੰਟੇ ਬਿਤਾਉਣ ਦੀ ਲੋੜ ਹੈ, ਯਾਨੀ ਹਰ ਸੇਵਾ ਸਾਲ ਵਿਚ ਕੁੱਲ 840 ਘੰਟੇ। ਸਹਿਯੋਗੀ ਪਾਇਨੀਅਰ ਸੇਵਕਾਈ ਵਿਚ ਹਰ ਮਹੀਨੇ 50 ਘੰਟੇ ਬਿਤਾਉਣਗੇ। ਇਨ੍ਹਾਂ ਤਬਦੀਲੀਆਂ ਦੇ ਨਤੀਜੇ ਵਜੋਂ ਬਹੁਤ ਸਾਰੇ ਕਦਰਦਾਨੀ ਭਰੇ ਪ੍ਰਗਟਾਵੇ ਪ੍ਰਾਪਤ ਹੋਏ ਹਨ, ਜਿਨ੍ਹਾਂ ਵਿੱਚੋਂ ਕੁਝ ਕੁ ਹੇਠਾਂ ਦਿੱਤੇ ਗਏ ਹਨ:
“ਸਾਡੇ ਸਵਰਗੀ ਪਿਤਾ ਵੱਲੋਂ ਇਹ ਕਿੰਨਾ ਵਧੀਆ ਤੋਹਫ਼ਾ ਹੈ!”
“ਇਸ ਪ੍ਰਬੰਧ ਦੇ ਲਈ ਖ਼ੁਸ਼ੀ, ਪ੍ਰੇਮ ਅਤੇ ਧੰਨਵਾਦ ਦੀਆਂ ਭਾਵਨਾਵਾਂ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ!”
“ਇਸ ਨਾਲ ਆਪਣੀਆਂ ਦੂਸਰੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨਾ ਕਿਤੇ ਹੀ ਜ਼ਿਆਦਾ ਆਸਾਨ ਹੋ ਜਾਵੇਗਾ!”
“ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਹੋਰ ਵੀ ਜ਼ਿਆਦਾ ਭੈਣ-ਭਰਾ ਹੁਣ ਪੂਰਣ-ਕਾਲੀ ਸੇਵਕਾਈ ਨੂੰ ਸ਼ੁਰੂ ਕਰਨਗੇ ਅਤੇ ਯਹੋਵਾਹ ਦੀ ਜ਼ਿਆਦਾ ਸੇਵਾ ਕਰਕੇ ਮਿਲਣ ਵਾਲੀਆਂ ਵੱਡੀਆਂ ਬਰਕਤਾਂ ਦਾ ਆਨੰਦ ਮਾਣਨਗੇ।”
4 ਜਦੋਂ ਕਿ ਅਸੀਂ ਪਰਮੇਸ਼ੁਰ ਦੇ ਮੁਕਤੀ ਦੇ ਦਿਨ ਦੇ ਸਿਖਰ ਵੱਲ ਵਧ ਰਹੇ ਹਾਂ, ਇਹ ਸਪੱਸ਼ਟ ਹੈ ਕਿ ਯਹੋਵਾਹ ਚਾਹੁੰਦਾ ਹੈ ਕਿ ਅੰਤ ਆਉਣ ਤੋਂ ਪਹਿਲਾਂ ਉਸ ਦੇ ਲੋਕ ਜ਼ੋਰਦਾਰ ਆਵਾਜ਼ ਵਿਚ ਉਸ ਦੀ ਉਸਤਤ ਕਰਨ। ਇਸ ਸੰਦੇਸ਼ ਨੂੰ ਹੋਰ ਵੀ ਜ਼ੋਰ-ਸ਼ੋਰ ਨਾਲ ਸੁਣਾਇਆ ਜਾ ਰਿਹਾ ਹੈ ਕਿਉਂਕਿ (1) ਰਾਜ ਘੋਸ਼ਕਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ (2) ਹਰ ਪ੍ਰਕਾਸ਼ਕ ਰਾਜ ਪ੍ਰਚਾਰ ਵਿਚ ਆਪਣਾ ਹਿੱਸਾ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਯਹੋਵਾਹ ਜੋ “ਵਧਾਉਣ ਵਾਲਾ ਹੈ,” ਨੇ ਮੁਕਤੀ ਨੂੰ ਸਵੀਕਾਰ ਕਰਨ ਵਾਲੇ ਸਾਰੇ ਲੋਕਾਂ ਦੀ ਇੱਛੁਕ ਭਾਵਨਾ ਉੱਤੇ ਬਰਕਤ ਪਾ ਕੇ ਇਨ੍ਹਾਂ ਦੋਵੇਂ ਤਰੀਕਿਆਂ ਨੂੰ ਸਫ਼ਲ ਬਣਾਇਆ ਹੈ।—1 ਕੁਰਿੰ. 3:6, 7; ਜ਼ਬੂ. 110:3.
5 ਇਸ ਨੂੰ ਅਕਾਰਥ ਨਾ ਲਓ: ਯਹੋਵਾਹ ਦੇ ਮੁਕਤੀ ਦੇ ਦਿਨ ਬਾਰੇ ਪੌਲੁਸ ਨੇ ਸੰਗੀ ਮਸੀਹੀਆਂ ਨੂੰ ਉਪਦੇਸ਼ ਦਿੱਤਾ ਸੀ: “ਅਸੀਂ ਉਹ [ਯਹੋਵਾਹ] ਦੇ ਨਾਲ ਕੰਮ ਕਰਦੇ ਹੋਏ ਤੁਹਾਡੇ ਅੱਗੇ ਬੇਨਤੀ ਵੀ ਕਰਦੇ ਹਾਂ ਜੋ ਤੁਸੀਂ ਪਰਮੇਸ਼ੁਰ ਦੀ ਕਿਰਪਾ ਨੂੰ ਅਕਾਰਥ ਨਾ ਲਓ।” ਅਸੀਂ ਇਸ ਨੂੰ ‘ਅਕਾਰਥ ਨਹੀਂ ਲਵਾਂਗੇ’ ਜੇਕਰ ਅਸੀਂ ਇਸ ਨੂੰ ‘ਮਨ ਭਾਉਂਦਾ ਸਮਾਂ’ ਸਮਝ ਕੇ, ਹਰ ਮੌਕੇ ਤੇ ਦੂਸਰਿਆਂ ਨੂੰ ਮੁਕਤੀ ਦਿਵਾਉਣ ਦੀ ਕੋਸ਼ਿਸ਼ ਕਰਦੇ ਰਹਾਂਗੇ। (2 ਕੁਰਿੰ. 6:1, 2) ਅੱਜ, ਪੌਲੁਸ ਦੇ ਇਹ ਸ਼ਬਦ ਸਾਡੇ ਲਈ ਹੋਰ ਵੀ ਜ਼ਿਆਦਾ ਮਹੱਤਤਾ ਰੱਖਦੇ ਹਨ। ਯਹੋਵਾਹ ਪ੍ਰਤੀ ਦਿਲੀ ਪਿਆਰ ਪ੍ਰਗਟਾਉਣ ਵਾਲੇ ਮਸੀਹੀ, ਉਸ ਵੱਲੋਂ ਸੌਂਪੀ ਗਈ ਸੇਵਕਾਈ ਵਿਚ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਲੈਣ ਨੂੰ ਇਕ ਵਿਸ਼ੇਸ਼-ਸਨਮਾਨ ਮੰਨਦੇ ਹਨ। ਕੀ ਹੁਣ ਤੁਸੀਂ ਇਕ ਨਿਯਮਿਤ ਪਾਇਨੀਅਰ ਦੇ ਤੌਰ ਤੇ ਸੇਵਕਾਈ ਵਿਚ ਹੋਰ ਜ਼ਿਆਦਾ ਹਿੱਸਾ ਲੈ ਸਕਦੇ ਹੋ?
6 ਇਹ ਟੀਚਾ ਪ੍ਰਾਪਤ ਕੀਤਾ ਜਾ ਸਕਦਾ ਹੈ: ਭਾਰਤ ਵਿਚ, ਅਸੀਂ 1 ਸਤੰਬਰ ਤਕ 1000 ਨਿਯਮਿਤ ਪਾਇਨੀਅਰਾਂ ਦਾ ਟੀਚਾ ਰੱਖਦੇ ਹਾਂ। ਅਸੀਂ ਸੋਚਦੇ ਹਾਂ ਕਿ ਇਹ ਇਕ ਉਚਿਤ ਟੀਚਾ ਹੈ ਅਤੇ ਇਸ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਸਾਨੂੰ ਇੰਨਾ ਭਰੋਸਾ ਕਿਉਂ ਹੈ? ਮਾਰਚ 1997 ਵਿਚ 1,715 ਭੈਣ-ਭਰਾਵਾਂ ਨੇ ਅਤੇ ਅਪ੍ਰੈਲ 1998 ਵਿਚ ਲਗਭਗ 2,170 ਭੈਣ-ਭਰਾਵਾਂ ਨੇ ਸਹਿਯੋਗੀ ਪਾਇਨੀਅਰੀ ਕੀਤੀ। ਜ਼ਿਆਦਾਤਰ ਭੈਣ-ਭਰਾਵਾਂ ਨੇ 60 ਘੰਟੇ ਕੀਤੇ—ਜੋ ਕਿ ਨਿਯਮਿਤ ਪਾਇਨੀਅਰਾਂ ਦੇ ਘੰਟਿਆਂ ਦੀ ਨਵੀਂ ਮੰਗ ਤੋਂ ਸਿਰਫ਼ 10 ਘੰਟੇ ਘੱਟ ਹਨ! ਇਸ ਸੇਵਾ ਸਾਲ ਦੇ ਖ਼ਤਮ ਹੋਣ ਤੋਂ ਪਹਿਲਾਂ, ਜੇਕਰ ਸਹਿਯੋਗੀ ਪਾਇਨੀਅਰੀ ਕਰਨ ਵਾਲੇ ਸਿਰਫ਼ 200 ਭੈਣ-ਭਰਾ ਵੀ ਨਿਯਮਿਤ ਪਾਇਨੀਅਰਾਂ ਵਜੋਂ ਨਾਂ ਲਿਖਵਾਉਣ, ਤਾਂ ਅਸੀਂ ਸਤੰਬਰ ਵਿਚ 1000 ਜਾਂ ਇਸ ਤੋਂ ਵੀ ਜ਼ਿਆਦਾ ਪੂਰਣ-ਕਾਲੀ ਪਾਇਨੀਅਰਾਂ ਨਾਲ ਨਵਾਂ ਸੇਵਾ ਸਾਲ ਸ਼ੁਰੂ ਕਰ ਸਕਾਂਗੇ!
7 ਸਮਾਂ-ਸਾਰਣੀ ਦੀ ਲੋੜ ਹੈ: ਕੀ ਤੁਹਾਨੂੰ ਅਜੇ ਵੀ ਲੱਗਦਾ ਹੈ ਕਿ ਇਕ ਮਹੀਨੇ ਵਿਚ 70 ਘੰਟੇ ਕਰਨੇ ਤੁਹਾਡੀ ਯੋਗਤਾ ਤੋਂ ਬਾਹਰ ਹੈ? ਸ਼ਾਇਦ ਹਫ਼ਤੇ ਵਿਚ 17 ਘੰਟੇ ਕਰਨ ਬਾਰੇ ਸੋਚਣਾ ਤੁਹਾਨੂੰ ਜ਼ਿਆਦਾ ਆਸਾਨ ਲੱਗੇ। ਅਗਲੇ ਸਫ਼ੇ ਉੱਤੇ ਦਿੱਤੇ ਗਏ ਸਮਾਂ-ਸਾਰਣੀ ਦੇ ਨਮੂਨਿਆਂ ਨੂੰ ਇਸਤੇਮਾਲ ਕਰਦੇ ਹੋਏ, ਨਿਯਮਿਤ ਪਾਇਨੀਅਰੀ ਦੀ ਇਕ ਸਮਾਂ-ਸਾਰਣੀ ਬਣਾਉਣ ਦੀ ਕੋਸ਼ਿਸ਼ ਕਰੋ ਜੋ ਤੁਹਾਡੇ ਨਿੱਜੀ ਹਾਲਾਤਾਂ ਮੁਤਾਬਕ ਢੁਕਵੀਂ ਹੋਵੇ। ਇਹ ਸਮਾਂ-ਸਾਰਣੀ ਬਣਾਉਣ ਬਾਰੇ ਤਜਰਬੇਕਾਰ ਪਾਇਨੀਅਰਾਂ ਦੀ ਸਲਾਹ ਲਓ ਅਤੇ ਉਨ੍ਹਾਂ ਤੋਂ ਪੁੱਛੋ ਕਿ ਉਹ ਨਿੱਜੀ ਤੇ ਪਰਿਵਾਰਕ ਜ਼ਿੰਮੇਵਾਰੀਆਂ ਸੰਭਾਲਦੇ ਹੋਏ ਆਪਣੀ ਪਾਇਨੀਅਰ ਸੇਵਾ ਕਿਵੇਂ ਕਰ ਪਾਏ ਹਨ। ਆਪਣੇ ਸਰਕਟ ਨਿਗਾਹਬਾਨ ਕੋਲੋਂ ਪੁੱਛੋ ਕਿ ਸਰਕਟ ਦੇ ਦੂਸਰੇ ਪਾਇਨੀਅਰ ਹਰ ਹਫ਼ਤੇ ਆਪਣੀ ਸੇਵਕਾਈ ਦੀ ਸਮਾਂ-ਸਾਰਣੀ ਕਿਵੇਂ ਬਣਾਉਂਦੇ ਹਨ। ਇਸ ਤੋਂ ਬਾਅਦ ਯਹੋਵਾਹ ਉੱਤੇ ਪੂਰਾ ਭਰੋਸਾ ਰੱਖੋ ਕਿ ਉਹ ਤੁਹਾਡੀਆਂ ਪਾਇਨੀਅਰੀ ਕਰਨ ਦੀਆਂ ਯੋਜਨਾਵਾਂ ਉੱਤੇ ਜ਼ਰੂਰ ਬਰਕਤਾਂ ਦੇਵੇਗਾ।—ਕਹਾ. 16:3.
8 ਪੂਰਾ ਪਰਿਵਾਰ ਮਿਲ ਕੇ ਇਸ ਦੀ ਯੋਜਨਾ ਬਣਾਓ: ਕੀ ਤੁਹਾਡੇ ਪੂਰੇ ਪਰਿਵਾਰ ਨੇ ਕਦੇ ਮਿਲ ਕੇ ਪਾਇਨੀਅਰੀ ਦੀ ਯੋਜਨਾ ਬਣਾਉਣ ਬਾਰੇ ਸੋਚਿਆ ਹੈ? ਤੁਹਾਡਾ ਸਾਰਾ ਪਰਿਵਾਰ ਇਕੱਠੇ ਬੈਠ ਕੇ ਚਰਚਾ ਕਰ ਸਕਦਾ ਹੈ ਕਿ ਕਿਵੇਂ ਧਿਆਨਪੂਰਵਕ ਯੋਜਨਾ ਬਣਾਉਣ ਅਤੇ ਚੰਗਾ ਸਹਿਯੋਗ ਦੇਣ ਨਾਲ ਪਰਿਵਾਰ ਦੇ ਇਕ ਜਾਂ ਦੋ ਮੈਂਬਰ ਪਾਇਨੀਅਰੀ ਕਰ ਸਕਣਗੇ। ਇਹ ਚੰਗਾ ਹੋਵੇਗਾ ਜੇਕਰ ਕੁਝ ਭੈਣ-ਭਰਾ ਆਪਣੇ ਹਾਲਾਤਾਂ ਦੀ ਈਮਾਨਦਾਰੀ ਨਾਲ ਜਾਂਚ ਕਰਨ ਅਤੇ ਦੇਖਣ ਕਿ ਉਹ ਇਸ ਵੇਲੇ ਪਾਇਨੀਅਰੀ ਕਰ ਸਕਦੇ ਹਨ ਜਾਂ ਨਹੀਂ। ਜੇਕਰ ਇਸ ਤਰ੍ਹਾਂ ਹੈ, ਤਾਂ ਭਵਿੱਖ ਵਿਚ ਪਾਇਨੀਅਰੀ ਕਰਨ ਦਾ ਟੀਚਾ ਰੱਖੋ। ਪਰ ਭਵਿੱਖ ਵਿਚ ਕਿਸੇ ਨਿਸ਼ਚਿਤ ਤਾਰੀਖ਼ ਤੇ ਪਾਇਨੀਅਰੀ ਸ਼ੁਰੂ ਕਰਨ ਲਈ ਹੁਣ ਤੋਂ ਹੀ ਯੋਜਨਾ ਬਣਾਉਣੀ ਸ਼ੁਰੂ ਕਰੋ। ਨਿਯਮਿਤ ਪਾਇਨੀਅਰ ਸੇਵਾ ਦੇ ਟੀਚੇ ਤਕ ਪਹੁੰਚਣ ਲਈ ਤੁਸੀਂ ਸਾਲ ਵਿਚ ਕਈ ਵਾਰ ਸਹਿਯੋਗੀ ਪਾਇਨੀਅਰੀ ਕਰ ਸਕਦੇ ਹੋ।
9 ਭਾਰਤ ਵਿਚ ਹੁਣ 800 ਤੋਂ ਵੀ ਜ਼ਿਆਦਾ ਨਿਯਮਿਤ ਪਾਇਨੀਅਰ ਹਨ ਜਿਨ੍ਹਾਂ ਦੇ ਵੱਖੋ-ਵੱਖਰੇ ਹਾਲਾਤ ਹਨ। ਇਨ੍ਹਾਂ ਵਿੱਚੋਂ 100 ਭੈਣ-ਭਰਾ ਅਣਵਿਆਹੇ ਹਨ ਅਤੇ ਲਗਭਗ 200 ਭੈਣ-ਭਰਾਵਾਂ ਦੀ ਉਮਰ 50 ਤੋਂ ਜ਼ਿਆਦਾ ਹੈ। ਲਗਭਗ 500 ਭੈਣ-ਭਰਾਵਾਂ ਦੀ ਉਮਰ 20-50 ਸਾਲਾਂ ਦੇ ਵਿਚ-ਵਿਚ ਹੈ ਤੇ ਇਨ੍ਹਾਂ ਵਿੱਚੋਂ ਬਹੁਤ ਸਾਰੇ ਪਰਿਵਾਰ ਅਤੇ ਕਲੀਸਿਯਾ ਦੀਆਂ ਜ਼ਿੰਮੇਵਾਰੀਆਂ ਵੀ ਸੰਭਾਲਦੇ ਹਨ। ਇਹ ਸਾਰੇ ਭੈਣ-ਭਰਾ “ਸਮੇਂ ਨੂੰ ਲਾਹਾ ਜਾਣ ਕੇ” ਪਾਇਨੀਅਰੀ ਕਰਦੇ ਹਨ ਅਤੇ ਇਨ੍ਹਾਂ ਵਿੱਚੋਂ ਕਈ ਪਹਿਲਾਂ ਨਾਲੋਂ ਸਾਦਾ ਪਰ ਇਕ ਸੰਤੁਸ਼ਟ ਜੀਵਨ ਬਿਤਾਉਂਦੇ ਹਨ।—ਕੁਲੁ. 4:5.
10 ਕੀ ਤੁਹਾਨੂੰ ਆਪਣਾ ਜੀਵਨ ਸਾਦਾ ਬਣਾਉਣ ਦੀ ਲੋੜ ਹੈ? ਸਾਦਾ ਜੀਵਨ ਬਿਤਾਉਣ ਨਾਲ ਸ਼ਾਇਦ ਤੁਹਾਡੇ ਲਈ ਪਾਇਨੀਅਰੀ ਕਰਨ ਦਾ ਦਰਵਾਜ਼ਾ ਖੁੱਲ੍ਹ ਜਾਵੇ। ਕੀ ਤੁਹਾਡਾ ਜੀਵਨ ਉਸ ਵੱਡੇ ਘਰ ਦੀ ਤਰ੍ਹਾਂ ਹੈ ਜਿਸ ਵਿਚ ਬਹੁਤ ਸਾਰੇ ਕਮਰੇ ਅਤੇ ਸਾਜ-ਸਮਾਨ ਹੈ ਅਤੇ ਜਿਸ ਦੀ ਦੇਖ-ਭਾਲ ਕਰਨ ਲਈ ਬਹੁਤ ਜ਼ਿਆਦਾ ਸਮੇਂ, ਪੈਸੇ ਤੇ ਮਿਹਨਤ ਦੀ ਲੋੜ ਪੈਂਦੀ ਹੈ? ਜੇਕਰ ਇਸ ਤਰ੍ਹਾਂ ਹੈ, ਤਾਂ ਇਸ ਵਿਚ ਤਬਦੀਲੀਆਂ ਲਿਆਉਣ ਨਾਲ ਸ਼ਾਇਦ ਤੁਸੀਂ ਪਾਇਨੀਅਰੀ ਕਰ ਸਕਦੇ ਹੋ। ਨੌਕਰੀ ਕਰਨ ਵਿਚ ਤੁਸੀਂ ਜਿੰਨੇ ਘੰਟੇ ਬਿਤਾਉਂਦੇ ਹੋ, ਕੀ ਤੁਸੀਂ ਉਨ੍ਹਾਂ ਘੰਟਿਆਂ ਨੂੰ ਘਟਾ ਸਕਦੇ ਹੋ? ਕੀ ਤੁਸੀਂ ਗ਼ੈਰ-ਜ਼ਰੂਰੀ ਕੰਮਾਂ ਵਿਚ ਘੱਟ ਸਮਾਂ ਬਿਤਾ ਸਕਦੇ ਹੋ ਜਾਂ ਮਨੋਰੰਜਨ ਵਿਚ ਬਿਤਾਏ ਗਏ ਸਮੇਂ ਵਿਚ ਜ਼ਿਆਦਾ ਸੰਤੁਲਨ ਰੱਖ ਸਕਦੇ ਹੋ?
11 ਬਾਈਬਲ ਵਿਚ 1 ਤਿਮੋਥਿਉਸ 6:8 ਸਾਨੂੰ ਉਪਦੇਸ਼ ਦਿੰਦਾ ਹੈ: “ਜਦੋਂ ਸਾਨੂੰ ਭੋਜਨ ਬਸਤਰ ਮਿਲਿਆ ਹੋਇਆ ਹੈ ਤਾਂ ਸਾਡੇ ਲਈ ਇਹੋ ਬਥੇਰਾ ਹੈ।” ਯਹੋਵਾਹ ਦੀ ਸੇਵਾ ਵਿਚ ਆਪਣਾ ਪੂਰਾ ਜਤਨ ਕਰਨ ਲਈ ਥੋੜ੍ਹੀਆਂ ਚੀਜ਼ਾਂ ਨਾਲ ਸੰਤੁਸ਼ਟ ਹੋਣਾ ਬਹੁਤ ਜ਼ਰੂਰੀ ਹੈ ਅਤੇ ਇਸ ਨਾਲ ਅਧਿਆਤਮਿਕ ਕੰਮਾਂ ਨੂੰ ਪਹਿਲ ਦੇਣਾ ਹੋਰ ਵੀ ਆਸਾਨ ਹੋ ਜਾਂਦਾ ਹੈ। (ਮੱਤੀ 6:22, 33) 1998 ਦੀ ਯੀਅਰਬੁੱਕ ਦੇ ਸਫ਼ਾ 104 ਉੱਤੇ, ਜਪਾਨ ਦੀ ਰਿਪੋਰਟ ਵਿਚ ਕਈ ਕਾਰਨ ਦਿੱਤੇ ਗਏ ਹਨ ਕਿ ਉਸ ਦੇਸ਼ ਵਿਚ ਪਾਇਨੀਅਰੀ ਕਰਨ ਦਾ ਇੰਨਾ ਜ਼ਿਆਦਾ ਜੋਸ਼ ਕਿਉਂ ਪਾਇਆ ਜਾਂਦਾ ਹੈ। ਇਕ ਕਾਰਨ ਉੱਤੇ ਗੌਰ ਕਰੋ: “ਆਮ ਤੌਰ ਤੇ ਜਪਾਨੀ ਘਰ ਬਹੁਤ ਸਾਦੇ ਹੁੰਦੇ ਹਨ, ਇਸ ਲਈ ਇਨ੍ਹਾਂ ਦੀ ਦੇਖ-ਭਾਲ ਲਈ ਬਹੁਤ ਥੋੜ੍ਹਾ ਸਮਾਂ ਲੱਗਦਾ ਹੈ ਅਤੇ ਆਮ ਕਰਕੇ ਲੋਕ ਰਵਾਇਤੀ ਤੌਰ ਤੇ ਸਾਦਾ ਜੀਵਨ ਬਤੀਤ ਕਰਦੇ ਹਨ।” ਕੀ 1 ਤਿਮੋਥਿਉਸ 6:8 ਸਾਨੂੰ ਇਹੋ ਸਲਾਹ ਨਹੀਂ ਦੇ ਰਿਹਾ ਹੈ?
12 ਦੁਨੀਆਂ ਭਰ ਵਿਚ, ਪਰਮੇਸ਼ੁਰ ਦੇ ਸੇਵਕ ਯਹੋਵਾਹ ਦੇ ਮੁਕਤੀ ਦੇ ਦਿਨ ਦੇ ਖ਼ਤਮ ਹੋਣ ਤੋਂ ਪਹਿਲਾਂ, ਖ਼ੁਸ਼ ਖ਼ਬਰੀ ਦਾ ਪ੍ਰਚਾਰ ਹੋਰ ਵੀ ਜ਼ਿਆਦਾ ਜੋਸ਼ ਨਾਲ ਕਰ ਰਹੇ ਹਨ। ਇਹ ਸ਼ਲਾਘਾਯੋਗ ਗੱਲ ਹੈ ਕਿ ਪਿਛਲੇ ਸਾਲ ਔਸਤਨ 7,00,000 ਦੇ ਲਗਭਗ ਭੈਣ-ਭਰਾਵਾਂ ਨੇ ਹਰ ਮਹੀਨੇ ਕਿਸੇ ਨਾ ਕਿਸੇ ਰੂਪ ਵਿਚ ਪਾਇਨੀਅਰ ਸੇਵਾ ਵਿਚ ਹਿੱਸਾ ਲਿਆ ਹੈ। ਉਨ੍ਹਾਂ ਨਾਲ ਸ਼ਾਮਲ ਹੋਣ ਲਈ ਕੀ ਤੁਸੀਂ ਆਪਣੇ ਜੀਵਨ ਵਿਚ ਕੁਝ ਤਬਦੀਲੀਆਂ ਕਰ ਸਕਦੇ ਹੋ? ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਧਿਆਨਪੂਰਵਕ ਅਤੇ ਪ੍ਰਾਰਥਨਾਪੂਰਵਕ ਆਪਣੇ ਹਾਲਾਤਾਂ ਦੀ ਜਾਂਚ ਕਰਦੇ ਹੋਏ ਇਸ ਸਵਾਲ ਦਾ ਜਵਾਬ ਦਿਓ: “ਕੀ ਪਾਇਨੀਅਰੀ ਕਰਨ ਦਾ ਦਰਵਾਜ਼ਾ ਹੁਣ ਤੁਹਾਡੇ ਲਈ ਖੁੱਲ੍ਹਾ ਹੈ?”
[ਸਫ਼ੇ 3 ਉੱਤੇ ਸੁਰਖੀ]
ਟੀਚਾ: 1000 ਨਿਯਮਿਤ ਪਾਇਨੀਅਰ!