ਕੀ ਅਸੀਂ ਇਸ ਨੂੰ ਦੁਬਾਰਾ ਕਰਾਂਗੇ? ਸਹਿਯੋਗੀ ਪਾਇਨੀਅਰਾਂ ਲਈ ਇਕ ਹੋਰ ਸੱਦਾ
1 ਅਸੀਂ ਕਿਸ ਕੰਮ ਨੂੰ ਦੁਬਾਰਾ ਕਰਾਂਗੇ? ਕੀ ਅਸੀਂ ਸਮਾਰਕ ਰੁੱਤ ਦੌਰਾਨ ਸਹਿਯੋਗੀ ਪਾਇਨੀਅਰੀ ਕਰਾਂਗੇ? ਫਰਵਰੀ 1997 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਦੇ ਇਸ ਸਪੱਸ਼ਟ ਸਿਰਲੇਖ ਨੇ ਸਾਡਾ ਧਿਆਨ ਖਿੱਚਿਆ: “ਲੋੜ ਹੈ—4,000 ਸਹਿਯੋਗੀ ਪਾਇਨੀਅਰਾਂ ਦੀ।” ਸਾਨੂੰ ਯਕੀਨ ਸੀ ਕਿ ਤੁਸੀਂ ਇਸ ਸੱਦੇ ਨੂੰ ਗੰਭੀਰਤਾ ਨਾਲ ਲਵੋਗੇ। ਜਦੋਂ ਅਸੀਂ ਆਪਣੇ ਸਰਵੇਖਣ ਨੂੰ ਪੂਰਾ ਕੀਤਾ, ਤਾਂ ਸਾਨੂੰ ਇਹ ਜਾਣ ਕੇ ਖ਼ੁਸ਼ੀ ਹੋਈ ਕਿ ਲਗਭਗ 4,250 ਪ੍ਰਕਾਸ਼ਕਾਂ ਨੇ ਮਾਰਚ, ਅਪ੍ਰੈਲ, ਜਾਂ ਮਈ ਦੇ ਤਿੰਨ ਮਹੀਨਿਆਂ ਵਿੱਚੋਂ ਘੱਟੋ-ਘੱਟ ਇਕ ਮਹੀਨਾ ਸਹਿਯੋਗੀ ਪਾਇਨੀਅਰੀ ਕੀਤੀ। ਕੇਵਲ ਅਪ੍ਰੈਲ 1997 ਵਿਚ ਹੀ, 2,093 ਪ੍ਰਕਾਸ਼ਕਾਂ ਨੇ ਸਹਿਯੋਗੀ ਪਾਇਨੀਅਰ ਸੇਵਾ ਲਈ ਆਪਣੇ ਨਾਂ ਦਿੱਤੇ! ਜੇਕਰ ਅਸੀਂ ਇਸ ਗਿਣਤੀ ਵਿਚ ਉਨ੍ਹਾਂ 797 ਨਿਯਮਿਤ ਪਾਇਨੀਅਰਾਂ ਅਤੇ 288 ਵਿਸ਼ੇਸ਼ ਪਾਇਨੀਅਰਾਂ ਦੀ ਗਿਣਤੀ ਜੋੜਦੇ ਹਾਂ, ਜਿਨ੍ਹਾਂ ਨੇ ਉਸ ਮਹੀਨੇ ਰਿਪੋਰਟ ਦਿੱਤੀ, ਤਾਂ ਅਸੀਂ ਪਾਉਂਦੇ ਹਾਂ ਕਿ 18 ਪ੍ਰਤਿਸ਼ਤ ਤੋਂ ਜ਼ਿਆਦਾ ਪ੍ਰਕਾਸ਼ਕਾਂ ਨੇ ਪਾਇਨੀਅਰ ਸੇਵਾ ਵਿਚ ਭਾਗ ਲਿਆ। ਕੀ ਅਸੀਂ ਇਸ ਸਮਾਰਕ ਰੁੱਤ ਵਿਚ ਇਸ ਨੂੰ ਦੁਬਾਰਾ ਕਰਾਂਗੇ?
2 ਅਸੀਂ ਉਨ੍ਹਾਂ ਸਾਰਿਆਂ ਦੀ ਨਿੱਘੇ
ਦਿਲੋਂ ਸ਼ਲਾਘਾ ਕਰਦੇ ਹਾਂ ਜਿਨ੍ਹਾਂ ਨੇ ਪਿਛਲੇ ਸਾਲ ਆਪਣੀ ਖੇਤਰ ਸੇਵਾ ਸਰਗਰਮੀ ਨੂੰ ਵਧਾਉਣ ਲਈ ਆਮ ਨਾਲੋਂ ਜ਼ਿਆਦਾ ਜਤਨ ਕੀਤਾ। ਨਿਰਸੰਦੇਹ, ਯਹੋਵਾਹ ਪਰਮੇਸ਼ੁਰ ਲਈ ਅਤੇ ਆਪਣੇ ਗੁਆਂਢੀ ਲਈ ਨਿਰਸੁਆਰਥ ਪ੍ਰੇਮ ਨੇ ਤੁਹਾਨੂੰ ਪ੍ਰੇਰਿਤ ਕੀਤਾ। (ਲੂਕਾ 10:27; 2 ਪਤ. 1:5-8) ਜੀਵਨ ਦੀਆਂ ਵਿਭਿੰਨ ਪਰਿਸਥਿਤੀਆਂ ਵਾਲੇ ਪ੍ਰਕਾਸ਼ਕਾਂ ਨੇ ਸਹਿਯੋਗੀ ਪਾਇਨੀਅਰੀ ਲਈ ਥਾਂ ਬਣਾਈ। ਇਕ ਕਲੀਸਿਯਾ ਵਿਚ, 51 ਪ੍ਰਕਾਸ਼ਕਾਂ ਨੇ ਇਕੱਠੇ ਮਿਲ ਕੇ ਇੱਕੋ ਮਹੀਨੇ ਵਿਚ ਪਾਇਨੀਅਰੀ ਕੀਤੀ, ਜਿਸ ਵਿਚ ਸ਼ਾਮਲ ਸਨ ਜ਼ਿਆਦਾਤਰ ਬਜ਼ੁਰਗ, ਇਕ ਮਾਂ ਜਿਸ ਦੀ 15 ਮਹੀਨੇ ਦੀ ਬੱਚੀ ਸੀ, ਇਕ ਭੈਣ ਜਿਸ ਨੇ ਆਪਣੀ ਨੌਕਰੀ ਛੱਡ ਕੇ ਅੰਸ਼ਕਾਲੀ ਨੌਕਰੀ ਲੱਭੀ ਤਾਂਕਿ ਪਾਇਨੀਅਰੀ ਕਰ ਸਕੇ, ਅਤੇ ਇਕ ਬਿਰਧ ਭੈਣ ਜਿਸ ਨੇ ਪਹਿਲਾਂ ਕਦੇ ਵੀ ਪਾਇਨੀਅਰੀ ਨਹੀਂ ਕੀਤੀ ਸੀ। ਸਰਕਟ ਨਿਗਾਹਬਾਨ ਨੇ ਲਿਖਿਆ: “ਪ੍ਰਚਾਰ ਕੰਮ ਵਿਚ ਜ਼ੋਰਦਾਰ ਜਤਨ ਕੀਤਾ ਜਾ ਰਿਹਾ ਹੈ। . . . ਇਸ ਦੇ ਸਿੱਟੇ ਵਜੋਂ ਕੇਵਲ ਖੇਤਰ ਉੱਤੇ ਹੀ ਅਸਰ ਨਹੀਂ ਪੈ ਰਿਹਾ ਹੈ ਬਲਕਿ ਕਲੀਸਿਯਾਵਾਂ ਵੀ ਜੋਸ਼ ਨਾਲ ਫੁੱਲੀਆਂ ਨਹੀਂ ਸਮਾ ਰਹੀਆਂ ਹਨ। ਭਰਾ ਇਕ ਦੂਜੇ ਨੂੰ ਜ਼ਿਆਦਾ ਚੰਗੀ ਤਰ੍ਹਾਂ ਨਾਲ ਜਾਣਨ ਅਤੇ ਸੇਵਕਾਈ ਵਿਚ ਚੰਗੇ ਨਤੀਜੇ ਹਾਸਲ ਕਰਨ ਦਾ ਆਨੰਦ ਮਾਣ ਰਹੇ ਹਨ।”
3 ਇਸ ਵਿਚ ਨੌਜਵਾਨ ਵੀ ਸ਼ਾਮਲ ਸਨ। ਇਕ 13-ਸਾਲਾ ਬਪਤਿਸਮਾ-ਰਹਿਤ ਪ੍ਰਕਾਸ਼ਕ ਉਸ ਸਮੇਂ ਦੀ ਉਡੀਕ ਕਰ ਰਹੀ ਸੀ ਜਦੋਂ ਉਹ ਯਹੋਵਾਹ ਪ੍ਰਤੀ ਆਪਣੇ ਸਮਰਪਣ ਦੇ ਪ੍ਰਤੀਕ ਵਜੋਂ ਬਪਤਿਸਮਾ ਲੈ ਸਕੇਗੀ। ਫਰਵਰੀ ਵਿਚ ਬਪਤਿਸਮਾ ਲੈਣ ਤੋਂ ਬਾਅਦ, ਉਸ ਨੇ ਮਾਰਚ ਵਿਚ ਸਹਿਯੋਗੀ ਪਾਇਨੀਅਰੀ ਕਰਨ ਦੀ ਇੱਛਾ ਬਾਰੇ ਲਿਖਿਆ: “ਮੇਰੇ ਸਾਮ੍ਹਣੇ ਹੋਰ ਕੋਈ ਰੁਕਾਵਟ ਨਾ ਹੋਣ ਕਰਕੇ, ਮੈਂ ਤੁਰੰਤ ਆਪਣੀ ਅਰਜ਼ੀ ਭਰ ਦਿੱਤੀ। . . . ਇੰਨੇ ਸਾਰੇ ਚੰਗੇ ਅਨੁਭਵ ਜਿਨ੍ਹਾਂ ਦਾ ਅਸੀਂ ਆਨੰਦ ਮਾਣਿਆ ਕਦੇ ਵੀ ਹਕੀਕਤ ਨਹੀਂ ਬਣ ਸਕਦੇ ਸਨ ਜੇਕਰ ਤੁਸੀਂ ਪਾਇਨੀਅਰੀ ਕਰਨ ਲਈ ਪ੍ਰੇਮਮਈ ਸੱਦਾ ਨਾ ਦਿੱਤਾ ਹੁੰਦਾ। ਮੈਂ ਯਹੋਵਾਹ ਦੀ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਉਨ੍ਹਾਂ . . . ਵਿਚ ਸ਼ਾਮਲ ਹੋਣ ਦਾ ਵਿਸ਼ੇਸ਼-ਸਨਮਾਨ ਮਿਲਿਆ ਜਿਨ੍ਹਾਂ ਨੇ ਇਸ ਸੱਦੇ ਨੂੰ ਸਵੀਕਾਰ ਕੀਤਾ।” ਉਸ ਨੇ ਇਸ ਨੂੰ ਦੁਬਾਰਾ ਕਰਨ ਦਾ ਟੀਚਾ ਰੱਖਿਆ ਹੈ।
4 ਸ਼ਾਇਦ ਤੁਸੀਂ ਪਿਛਲੇ ਮਾਰਚ ਦੇ 1,715 ਪ੍ਰਕਾਸ਼ਕਾਂ ਵਿਚ, ਜਾਂ ਅਪ੍ਰੈਲ ਦੇ 2,093, ਜਾਂ ਮਈ ਦੇ 1,523 ਪ੍ਰਕਾਸ਼ਕਾਂ ਵਿਚ ਸ਼ਾਮਲ ਸੀ, ਜਿਨ੍ਹਾਂ ਨੇ ਸਹਿਯੋਗੀ ਪਾਇਨੀਅਰ ਕਾਰਜ ਵਿਚ ਭਾਗ ਲਿਆ। ਕੀ ਤੁਸੀਂ ਇਸ ਸਾਲ ਇਸ ਨੂੰ ਦੁਬਾਰਾ ਕਰੋਗੇ? ਜੇ ਤੁਸੀਂ ਪਿਛਲੇ ਸਾਲ ਮਾਰਚ, ਅਪ੍ਰੈਲ ਜਾਂ ਮਈ ਵਿਚ ਪਾਇਨੀਅਰੀ ਨਹੀਂ ਕਰ ਸਕੇ, ਤਾਂ ਕੀ ਤੁਸੀਂ ਇਸ ਸਾਲ ਕਰ ਸਕਦੇ ਹੋ? ਕੀ ਅਸੀਂ ਉਨ੍ਹਾਂ 2,093 ਪ੍ਰਕਾਸ਼ਕਾਂ ਦੀ ਗਿਣਤੀ ਪਾਰ ਕਰ ਸਕਦੇ ਹਾਂ ਜਿਨ੍ਹਾਂ ਨੇ ਅਪ੍ਰੈਲ ਵਿਚ ਸਹਿਯੋਗੀ ਪਾਇਨੀਅਰੀ ਕੀਤੀ, ਜੋ ਕਿ ਭਾਰਤ ਵਿਚ ਕਿਸੇ ਇਕ ਮਹੀਨੇ ਵਿਚ ਸਹਿਯੋਗੀ ਪਾਇਨੀਅਰਾਂ ਦੀ ਸਭ ਤੋਂ ਵੱਡੀ ਗਿਣਤੀ ਸੀ?
5 ਅਪ੍ਰੈਲ ਅਤੇ ਮਈ ਉੱਤੇ ਧਿਆਨ ਕੇਂਦ੍ਰਿਤ ਕਰੋ: ਇਸ ਸਾਲ ਸਮਾਰਕ ਸਿਨੱਚਰਵਾਰ, ਅਪ੍ਰੈਲ 11, ਨੂੰ ਪੈਂਦਾ ਹੈ, ਜਿਸ ਕਰਕੇ ਸੇਵਕਾਈ ਵਿਚ ਹੋਰ ਜ਼ਿਆਦਾ ਸਰਗਰਮੀ ਲਈ ਅਪ੍ਰੈਲ ਇਕ ਸ਼ਾਨਦਾਰ ਮਹੀਨਾ ਹੈ। (2 ਕੁਰਿੰ. 5:14, 15) ਇਸ ਮਹੀਨੇ ਦੇ ਪਹਿਲੇ 11 ਦਿਨਾਂ ਵਿਚ, ਅਸੀਂ ਰੁਚੀ ਰੱਖਣ ਵਾਲੇ ਜ਼ਿਆਦਾ ਤੋਂ ਜ਼ਿਆਦਾ ਵਿਅਕਤੀਆਂ ਨੂੰ ਸਮਾਰਕ ਵਿਚ ਹਾਜ਼ਰ ਹੋਣ ਦਾ ਸੱਦਾ ਦੇਣ ਉੱਤੇ ਧਿਆਨ ਦੇਵਾਂਗੇ। ਜੇਕਰ ਤੁਸੀਂ ਸਹਿਯੋਗੀ ਪਾਇਨੀਅਰੀ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਕਿਰਪਾ ਕਰ ਕੇ ਜਿਸ ਤਾਰੀਖ਼ ਤੋਂ ਤੁਸੀਂ ਸ਼ੁਰੂ ਕਰਨਾ ਚਾਹੁੰਦੇ ਹੋ, ਉਸ ਤੋਂ ਕਾਫ਼ੀ ਸਮਾਂ ਪਹਿਲਾਂ ਆਪਣੀ ਅਰਜ਼ੀ ਦੇ ਦਿਓ।—1 ਕੁਰਿੰ. 14:40.
6 ਕਿਉਂ ਜੋ ਮਈ ਵਿਚ ਪੰਜ ਪੂਰੇ ਸਪਤਾਹ-ਅੰਤ ਹਨ, ਪੂਰਣ-ਕਾਲੀ ਨੌਕਰੀ ਕਰਨ ਵਾਲੇ ਪ੍ਰਕਾਸ਼ਕ ਸ਼ਾਇਦ ਉਸ ਮਹੀਨੇ ਸਹਿਯੋਗੀ ਪਾਇਨੀਅਰੀ ਕਰਨਾ ਆਸਾਨ ਪਾਉਣ। ਅਤੇ ਮਈ ਵਿਚ ਜ਼ਿਆਦਾਤਰ ਬੱਚਿਆਂ ਨੂੰ ਸਕੂਲੋਂ ਛੁੱਟੀ ਹੋਵੇਗੀ। ਹਰੇਕ ਸਪਤਾਹ-ਅੰਤ ਦੌਰਾਨ ਖੇਤਰ ਸੇਵਾ ਵਿਚ ਦਸ ਘੰਟੇ ਬਿਤਾਉਣ ਨਾਲ, ਤੁਹਾਨੂੰ 60 ਘੰਟੇ ਦੀ ਮੰਗ ਪੂਰੀ ਕਰਨ ਲਈ ਸਿਰਫ਼ ਉਸ ਮਹੀਨੇ ਦਸ ਹੋਰ ਘੰਟੇ ਬਿਤਾਉਣ ਦੀ ਲੋੜ ਹੋਵੇਗੀ।
7 ਅਪ੍ਰੈਲ ਅਤੇ ਮਈ ਦੌਰਾਨ, ਅਸੀਂ ਸਾਹਿੱਤ ਪੇਸ਼ਕਸ਼ ਵਜੋਂ ਪਹਿਰਾਬੁਰਜ ਅਤੇ ਜਾਗਰੂਕ ਬਣੋ! ਦੀਆਂ ਸਬਸਕ੍ਰਿਪਸ਼ਨਾਂ ਪੇਸ਼ ਕਰਾਂਗੇ। ਇਸ ਤੋਂ ਸਾਡੇ ਵਿੱਚੋਂ ਹੋਰ ਜ਼ਿਆਦਾ ਪ੍ਰਕਾਸ਼ਕਾਂ ਨੂੰ ਪਾਇਨੀਅਰੀ ਕਰਨ ਲਈ ਉਤਸ਼ਾਹਿਤ ਹੋਣਾ ਚਾਹੀਦਾ ਹੈ। ਅਸੀਂ ਇਹ ਕਿਉਂ ਕਹਿੰਦੇ ਹਾਂ? ਰਸਾਲਿਆਂ ਨੂੰ ਪੇਸ਼ ਕਰਨਾ ਆਸਾਨ ਹੈ ਅਤੇ ਇਨ੍ਹਾਂ ਨੂੰ ਸੇਵਕਾਈ ਵਿਚ ਵਰਤਣਾ ਆਨੰਦਦਾਇਕ ਹੈ। ਇਨ੍ਹਾਂ ਨੂੰ ਸੇਵਕਾਈ ਦੇ ਹਰ ਪਹਿਲੂ ਵਿਚ ਵਰਤਿਆ ਜਾ ਸਕਦਾ ਹੈ—ਘਰ-ਘਰ ਅਤੇ ਦੁਕਾਨ-ਦੁਕਾਨ ਪ੍ਰਚਾਰ ਕਰਦੇ ਸਮੇਂ, ਨਾਲੇ ਸੜਕ ਤੇ, ਪਾਰਕਿੰਗ ਥਾਵਾਂ ਵਿਚ, ਪਾਰਕਾਂ ਵਿਚ ਅਤੇ ਦੂਜੀਆਂ ਗ਼ੈਰ-ਰਸਮੀ ਪਰਿਸਥਿਤੀਆਂ ਵਿਚ ਲੋਕਾਂ ਨਾਲ ਗੱਲ ਕਰਦੇ ਸਮੇਂ। ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਾਜ ਸੱਚਾਈਆਂ ਦਾ ਸਮਰਥਨ ਕਰਦੇ ਹਨ। ਇਹ ਬਾਈਬਲ ਭਵਿੱਖਬਾਣੀ ਦੀ ਪੂਰਤੀ ਵੱਲ ਧਿਆਨ ਖਿੱਚਦੇ ਹਨ ਅਤੇ ਸਾਬਤ ਕਰਦੇ ਹਨ ਕਿ ਪਰਮੇਸ਼ੁਰ ਦਾ ਰਾਜ ਸ਼ਾਸਨ ਕਰ ਰਿਹਾ ਹੈ। ਇਹ ਸਮਝਦਾਰੀ ਨਾਲ ਲੋਕਾਂ ਦੀਆਂ ਅਸਲੀ ਜ਼ਰੂਰਤਾਂ ਉੱਤੇ ਚਰਚਾ ਕਰਨ ਦੁਆਰਾ ਵੀ ਪਾਠਕਾਂ ਦੇ ਜੀਵਨਾਂ ਉੱਤੇ ਅਸਰ ਪਾਉਂਦੇ ਹਨ। ਜੇਕਰ ਅਸੀਂ ਵਿਚਾਰ ਕਰੀਏ ਕਿ ਇਨ੍ਹਾਂ ਅਨਮੋਲ ਰਸਾਲਿਆਂ ਦਾ ਸਾਡੇ ਜੀਵਨ ਉੱਤੇ ਕਿਵੇਂ ਅਸਰ ਪਿਆ ਹੈ, ਤਾਂ ਅਸੀਂ ਅਪ੍ਰੈਲ ਅਤੇ ਮਈ ਵਿਚ ਇਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਪਹੁੰਚਾਉਣ ਲਈ ਪ੍ਰੇਰਿਤ ਹੋਵਾਂਗੇ।
8 ਇਸ ਜ਼ੋਰਦਾਰ ਰਸਾਲਾ ਕਾਰਜ ਦੀ ਤਿਆਰੀ ਵਿਚ, ਤੁਸੀਂ ਇਨ੍ਹਾਂ ਲੇਖਾਂ ਦਾ ਪੁਨਰ-ਵਿਚਾਰ ਕਰਨ ਤੋਂ ਲਾਭ ਹਾਸਲ ਕਰੋਗੇ: “ਪਹਿਰਾਬੁਰਜ ਅਤੇ ਜਾਗਰੂਕ ਬਣੋ!—ਸੱਚਾਈ ਦੇ ਸਮੇਂ-ਅਨੁਕੂਲ ਰਸਾਲੇ” (ਜਨਵਰੀ 1, 1994, ਪਹਿਰਾਬੁਰਜ [ਅੰਗ੍ਰੇਜ਼ੀ]), “ਸਾਡੇ ਰਸਾਲਿਆਂ ਦੀ ਸਭ ਤੋਂ ਵਧੀਆ ਵਰਤੋਂ ਕਰੋ” (ਜਨਵਰੀ 1996 ਸਾਡੀ ਰਾਜ ਸੇਵਕਾਈ [ਅੰਗ੍ਰੇਜ਼ੀ]), ਅਤੇ “ਖ਼ੁਦ ਆਪਣੀ ਰਸਾਲਾ ਪੇਸ਼ਕਾਰੀ ਤਿਆਰ ਕਰੋ” (ਅਕਤੂਬਰ 1996 ਸਾਡੀ ਰਾਜ ਸੇਵਕਾਈ)।
9 ਬਜ਼ੁਰਗ ਅਗਵਾਈ ਲੈਂਦੇ ਹਨ: ਪਿਛਲੀ ਬਸੰਤ ਵਿਚ ਪਾਇਨੀਅਰੀ ਕਰਨ ਵਾਲੇ ਅਨੇਕ ਪ੍ਰਕਾਸ਼ਕਾਂ ਦੀ ਸਹਾਇਤਾ ਕਰਨ ਲਈ, ਇਕ ਕਲੀਸਿਯਾ ਦੇ ਬਜ਼ੁਰਗਾਂ ਨੇ ਪੂਰੀ ਕਲੀਸਿਯਾ ਲਈ ਸੇਵਾ ਸਰਗਰਮੀ ਵਾਸਤੇ ਮਹੀਨੇ ਦੇ ਇਕ ਸਿਨੱਚਰਵਾਰ ਨੂੰ ਖ਼ਾਸ ਦਿਨ ਵਜੋਂ ਨਿਯੁਕਤ ਕੀਤਾ। ਦਿਨ ਵਿਚ ਕਈ ਅਲੱਗ-ਅਲੱਗ ਸਮਿਆਂ ਤੇ ਮਿਲਣ ਦੇ ਪ੍ਰਬੰਧ ਕੀਤੇ ਗਏ, ਜਿਸ ਕਾਰਨ ਕਲੀਸਿਯਾ ਦੇ ਸਾਰੇ ਭੈਣ-ਭਰਾਵਾਂ ਨੂੰ ਵਿਭਿੰਨ ਤਰ੍ਹਾਂ ਦੇ ਗਵਾਹੀ ਕਾਰਜ ਵਿਚ ਭਾਗ ਲੈਣ ਦਾ ਮੌਕਾ ਮਿਲਿਆ। ਇਨ੍ਹਾਂ ਵਿਚ ਕਾਰੋਬਾਰੀ ਸਥਾਨਾਂ ਤੇ ਪ੍ਰਚਾਰ ਕਰਨਾ, ਸੜਕਾਂ ਤੇ ਗਵਾਹੀ ਦੇਣੀ, ਘਰ-ਘਰ ਸੇਵਕਾਈ ਕਰਨੀ, ਪੁਨਰ-ਮੁਲਾਕਾਤਾਂ ਕਰਨੀਆਂ, ਚਿੱਠੀਆਂ ਲਿਖਣੀਆਂ, ਅਤੇ ਟੈਲੀਫ਼ੋਨ ਰਾਹੀਂ ਗਵਾਹੀ ਦੇਣੀ ਸ਼ਾਮਲ ਸੀ। ਇਸ ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ, ਕਿਉਂਕਿ ਪੂਰੇ ਦਿਨ ਦੌਰਾਨ ਖੇਤਰ ਸੇਵਾ ਵਿਚ 117 ਪ੍ਰਕਾਸ਼ਕਾਂ ਨੇ ਭਾਗ ਲਿਆ। ਉਨ੍ਹਾਂ ਨੇ ਸੇਵਕਾਈ ਵਿਚ ਕੁੱਲ ਮਿਲਾ ਕੇ 521 ਘੰਟੇ ਬਿਤਾਏ ਅਤੇ 617 ਰਸਾਲੇ, ਵੱਡੀਆਂ ਪੁਸਤਿਕਾਵਾਂ, ਅਤੇ ਪੁਸਤਕਾਂ ਵੰਡੀਆਂ! ਉਸ ਸਿਨੱਚਰਵਾਰ ਦਾ ਜੋਸ਼ ਐਤਵਾਰ ਨੂੰ ਵੀ ਜਾਰੀ ਰਿਹਾ, ਕਿਉਂਕਿ ਪਬਲਿਕ ਸਭਾ ਅਤੇ ਪਹਿਰਾਬੁਰਜ ਅਧਿਐਨ ਵਿਚ ਹਾਜ਼ਰੀ ਰਿਕਾਰਡ-ਤੋੜ ਸੀ।
10 ਅਪ੍ਰੈਲ ਅਤੇ ਮਈ ਮਹੀਨੇ ਦੇ ਦੌਰਾਨ ਹਰ ਸੇਵਾ ਸਭਾ ਵਿਚ ਕਲੀਸਿਯਾ ਨੂੰ ਯਾਦ ਦਿਲਾਇਆ ਜਾਣਾ ਚਾਹੀਦਾ ਹੈ ਕਿ ਆਉਣ ਵਾਲੇ ਹਫ਼ਤੇ ਵਿਚ ਖੇਤਰ ਸੇਵਾ ਲਈ ਸਭਾਵਾਂ ਕਦੋਂ ਅਤੇ ਕਿੱਥੇ ਹੋਣਗੀਆਂ, ਖ਼ਾਸ ਤੌਰ ਤੇ ਜੇਕਰ ਆਮ ਪ੍ਰਬੰਧਾਂ ਤੋਂ ਇਲਾਵਾ ਕੁਝ ਹੋਰ ਪ੍ਰਬੰਧ ਵੀ ਕੀਤੇ ਗਏ ਹਨ। ਨਿਯਮਿਤ ਪਾਇਨੀਅਰਾਂ ਨੂੰ ਅਤੇ ਉਨ੍ਹਾਂ ਪ੍ਰਕਾਸ਼ਕਾਂ ਨੂੰ ਜਿਹੜੇ ਸਹਿਯੋਗੀ ਪਾਇਨੀਅਰ ਨਹੀਂ ਹਨ, ਉਤਸ਼ਾਹ ਦਿੱਤਾ ਜਾਂਦਾ ਹੈ ਕਿ ਜਿਵੇਂ ਉਨ੍ਹਾਂ ਦੇ ਹਾਲਾਤ ਇਜਾਜ਼ਤ ਦੇਣ, ਉਹ ਇਨ੍ਹਾਂ ਸਮੂਹਕ ਪ੍ਰਬੰਧਾਂ ਦਾ ਸਮਰਥਨ ਕਰਨ।
11 ਸੇਵਾ ਨਿਗਾਹਬਾਨ ਨੂੰ ਉਸ ਭਰਾ ਨਾਲ ਮਿਲਣ ਦੀ ਲੋੜ ਹੈ ਜੋ ਖੇਤਰਾਂ ਨੂੰ ਨਿਯੁਕਤ ਕਰਦਾ ਹੈ ਤਾਂਕਿ ਉਨ੍ਹਾਂ ਇਲਾਕਿਆਂ ਵਿਚ ਕੰਮ ਕਰਨ ਦੇ ਪ੍ਰਬੰਧ ਕੀਤੇ ਜਾਣ ਜੋ ਅਕਸਰ ਪੂਰੇ ਨਹੀਂ ਕੀਤੇ ਜਾਂਦੇ ਹਨ। ਘਰ-ਵਿਖੇ-ਨਹੀਂ ਘਰਾਂ ਉੱਤੇ ਅਤੇ ਸੜਕ ਗਵਾਹੀ ਦੇਣ ਅਤੇ ਦੁਕਾਨ-ਦੁਕਾਨ ਗਵਾਹੀ ਦੇਣ ਉੱਤੇ ਜ਼ਿਆਦਾ ਧਿਆਨ ਦਿੱਤਾ ਜਾ ਸਕਦਾ ਹੈ। ਸ਼ਾਮ ਦੇ ਗਵਾਹੀ ਕਾਰਜ ਉੱਤੇ ਜ਼ੋਰ ਦਿੱਤਾ ਜਾ ਸਕਦਾ ਹੈ, ਖ਼ਾਸ ਤੌਰ ਤੇ ਕਿਉਂਕਿ ਇਨ੍ਹਾਂ ਮਹੀਨਿਆਂ ਵਿਚ ਦਿਨ ਦੀ ਰੌਸ਼ਨੀ ਜ਼ਿਆਦਾ ਸਮੇਂ ਤਕ ਰਹਿੰਦੀ ਹੈ। ਜ਼ੋਰਦਾਰ ਸਰਗਰਮੀ ਦੀ ਆਸ ਵਿਚ ਅਪ੍ਰੈਲ ਅਤੇ ਮਈ ਲਈ ਕਾਫ਼ੀ ਰਸਾਲੇ ਆਰਡਰ ਕੀਤੇ ਜਾਣੇ ਚਾਹੀਦੇ ਹਨ।
12 ਬਹੁਤ ਸਾਰੇ ਪ੍ਰਕਾਸ਼ਕ ਯੋਗ ਹੋ ਸਕਦੇ ਹਨ: ਸਹਿਯੋਗੀ ਪਾਇਨੀਅਰੀ ਦੀ ਅਰਜ਼ੀ ਉੱਤੇ ਪਹਿਲਾ ਵਾਕ ਕਹਿੰਦਾ ਹੈ: “ਯਹੋਵਾਹ ਲਈ ਆਪਣੇ ਪ੍ਰੇਮ ਦੇ ਕਾਰਨ ਅਤੇ ਉਸ ਦੇ ਬਾਰੇ ਅਤੇ ਉਸ ਦੇ ਪ੍ਰੇਮਮਈ ਮਕਸਦਾਂ ਦੇ ਬਾਰੇ ਸਿੱਖਣ ਵਿਚ ਦੂਜਿਆਂ ਨੂੰ ਮਦਦ ਦੇਣ ਦੀ ਇੱਛਾ ਦੇ ਕਾਰਨ, ਮੈਂ ਸਹਿਯੋਗੀ ਪਾਇਨੀਅਰ ਵਜੋਂ ਆਪਣਾ ਨਾਂ ਦੇਣ ਦੁਆਰਾ ਖੇਤਰ ਸੇਵਾ ਵਿਚ ਆਪਣਾ ਭਾਗ ਵਧਾਉਣਾ ਚਾਹੁੰਦਾ/ਚਾਹੁੰਦੀ ਹਾਂ।” ਯਹੋਵਾਹ ਨੂੰ ਪ੍ਰੇਮ ਕਰਨਾ ਅਤੇ ਦੂਜਿਆਂ ਨੂੰ ਅਧਿਆਤਮਿਕ ਤੌਰ ਤੇ ਮਦਦ ਦੇਣ ਦੀ ਇੱਛਾ ਰੱਖਣੀ ਸਾਡੇ ਸਮਰਪਣ ਦੀ ਬੁਨਿਆਦ ਹੈ। (1 ਤਿਮੋ. 4:8, 10) ਸਹਿਯੋਗੀ ਪਾਇਨੀਅਰੀ ਕਰਨ ਦੇ ਯੋਗ ਹੋਣ ਲਈ, ਇਕ ਵਿਅਕਤੀ ਨੂੰ ਬਪਤਿਸਮਾ-ਪ੍ਰਾਪਤ ਹੋਣਾ ਚਾਹੀਦਾ ਹੈ, ਚੰਗੀ ਨੈਤਿਕ ਸਥਿਤੀ ਵਿਚ ਹੋਣਾ ਚਾਹੀਦਾ ਹੈ, ਅਤੇ ਮਹੀਨੇ ਦੌਰਾਨ ਸੇਵਕਾਈ ਵਿਚ 60 ਘੰਟੇ ਬਿਤਾਉਣ ਦੀ ਸਥਿਤੀ ਵਿਚ ਹੋਣਾ ਚਾਹੀਦਾ ਹੈ। ਜਿਉਂ-ਜਿਉਂ ਅਸੀਂ ਸਾਰੇ ਆਪਣੇ ਹਾਲਾਤ ਉੱਤੇ ਵਿਚਾਰ ਕਰਦੇ ਹਾਂ, ਕੀ ਸਾਡੇ ਵਿੱਚੋਂ ਕੁਝ ਭੈਣ-ਭਰਾ, ਜਿਨ੍ਹਾਂ ਨੇ ਪਹਿਲਾਂ ਕਦੇ ਵੀ ਪਾਇਨੀਅਰੀ ਨਹੀਂ ਕੀਤੀ ਹੈ, ਇਸ ਸਾਲ ਅਪ੍ਰੈਲ ਜਾਂ ਮਈ ਵਿਚ ਸਹਿਯੋਗੀ ਪਾਇਨੀਅਰੀ ਕਰ ਸਕਦੇ ਹਨ?
13 ਕਲੀਸਿਯਾਵਾਂ ਵਿਚ ਬਹੁਤ ਸਾਰੇ ਭੈਣ-ਭਰਾ ਸ਼ਾਇਦ ਅਹਿਸਾਸ ਕਰਨ ਕਿ ਉਹ ਵੀ ਪਾਇਨੀਅਰੀ ਕਰ ਸਕਦੇ ਹਨ ਜਦੋਂ ਉਹ ਦੂਸਰੇ ਭੈਣ-ਭਰਾਵਾਂ ਨੂੰ ਆਪਣਾ ਨਾਂ ਦਿੰਦੇ ਹੋਏ ਦੇਖਦੇ ਹਨ ਜਿਨ੍ਹਾਂ ਦੇ ਹਾਲਾਤ ਉਨ੍ਹਾਂ ਵਰਗੇ ਹਨ। ਸਕੂਲ ਜਾਂਦੇ ਬੱਚਿਆਂ ਨੇ, ਬਿਰਧ ਵਿਅਕਤੀਆਂ ਨੇ, ਪੂਰਣ-ਕਾਲੀ ਨੌਕਰੀ ਕਰਨ ਵਾਲਿਆਂ ਨੇ, ਜਿਨ੍ਹਾਂ ਵਿਚ ਬਜ਼ੁਰਗ ਅਤੇ ਸਹਾਇਕ ਸੇਵਕ ਵੀ ਸ਼ਾਮਲ ਹਨ, ਅਤੇ ਦੂਜਿਆਂ ਨੇ ਸਫ਼ਲਤਾ ਨਾਲ ਸਹਿਯੋਗੀ ਪਾਇਨੀਅਰੀ ਕੀਤੀ ਹੈ। ਇਕ ਸੁਆਣੀ ਅਤੇ ਦੋ ਬੱਚਿਆਂ ਦੀ ਮਾਂ, ਜੋ ਪੂਰਣ-ਕਾਲੀ ਨੌਕਰੀ ਕਰਦੀ ਹੈ, ਨੇ 60 ਘੰਟੇ ਪੂਰੇ ਕੀਤੇ, 108 ਰਸਾਲੇ ਵੰਡੇ, ਅਤੇ ਸਹਿਯੋਗੀ ਪਾਇਨੀਅਰੀ ਵਾਲੇ ਮਹੀਨੇ ਵਿਚ 3 ਬਾਈਬਲ ਅਧਿਐਨ ਸ਼ੁਰੂ ਕੀਤੇ। ਉਸ ਨੇ ਇਹ ਕਿਵੇਂ ਕੀਤਾ? ਉਸ ਨੇ ਆਪਣੇ ਕਾਰਜ-ਸਥਾਨ ਤੇ ਦੁਪਹਿਰ ਦੇ ਖਾਣੇ ਦੀ ਛੁੱਟੀ ਵੇਲੇ ਨੇੜੇ ਦੇ ਖੇਤਰ ਵਿਚ ਗਵਾਹੀ ਕਾਰਜ ਕੀਤਾ, ਚਿੱਠੀਆਂ ਲਿਖਣ ਦੁਆਰਾ ਗਵਾਹੀ ਦਿੱਤੀ, ਅਤੇ ਪਾਰਕਿੰਗ ਸਥਾਨਾਂ ਵਿਚ ਅਤੇ ਸੜਕਾਂ ਤੇ ਗਵਾਹੀ ਕਾਰਜ ਕੀਤਾ। ਉਸ ਨੇ ਹਰ ਹਫ਼ਤੇ ਦੀ ਛੁੱਟੀ ਤੋਂ ਵੀ ਲਾਭ ਉਠਾਇਆ ਅਤੇ ਇਸ ਨੂੰ ਕਲੀਸਿਯਾ ਦੇ ਨਾਲ ਖੇਤਰ ਸੇਵਾ ਵਿਚ ਭਾਗ ਲੈਣ ਲਈ ਇਸਤੇਮਾਲ ਕੀਤਾ। ਭਾਵੇਂ ਉਸ ਨੇ ਸ਼ੁਰੂ ਵਿਚ ਸੋਚਿਆ ਸੀ ਕਿ ਸਹਿਯੋਗੀ ਪਾਇਨੀਅਰੀ ਕਰਨ ਦੇ ਟੀਚੇ ਤਕ ਪਹੁੰਚਣਾ ਉਸ ਲਈ ਨਾਮੁਮਕਿਨ ਹੈ, ਪਰ ਦੂਜਿਆਂ ਦੇ ਉਤਸ਼ਾਹ ਨਾਲ ਅਤੇ ਇਕ ਵਿਵਹਾਰਕ ਸਮਾਂ-ਸਾਰਣੀ ਬਣਾਉਣ ਨਾਲ ਉਸ ਦੀਆਂ ਅੜਚਣਾਂ ਦੂਰ ਹੋ ਗਈਆਂ।
14 ਯਿਸੂ ਨੇ ਆਪਣੇ ਚੇਲਿਆਂ ਨੂੰ ਭਰੋਸਾ ਦਿਵਾਇਆ: “ਮੇਰਾ ਜੂਲਾ ਹੌਲਾ ਅਤੇ ਮੇਰਾ ਭਾਰ ਹਲਕਾ ਹੈ।” (ਮੱਤੀ 11:30) ਇਹ ਅਗਸਤ 15, 1995, ਪਹਿਰਾਬੁਰਜ (ਅੰਗ੍ਰੇਜ਼ੀ), ਵਿਚ ਇਕ ਉਤਸ਼ਾਹਜਨਕ ਲੇਖ ਦਾ ਵਿਸ਼ਾ ਸੀ। ਇਹ ਇਕ ਭੈਣ ਬਾਰੇ ਦੱਸਦਾ ਹੈ ਜੋ ਤਣਾਅ-ਭਰੀ, ਪੂਰਣ-ਕਾਲੀ ਨੌਕਰੀ ਕਰਦੀ ਸੀ। ਕੀ ਉਸ ਨੇ ਸੋਚਿਆ ਕਿ ਸਹਿਯੋਗੀ ਪਾਇਨੀਅਰੀ ਕਰਨਾ ਉਸ ਲਈ ਨਾਮੁਮਕਿਨ ਸੀ? ਨਹੀਂ। ਦਰਅਸਲ, ਉਹ ਹਰ ਮਹੀਨੇ ਸਹਿਯੋਗੀ ਪਾਇਨੀਅਰੀ ਕਰ ਸਕੀ। ਕਿਉਂ? ਕਿਉਂਕਿ ਉਸ ਨੇ ਮਹਿਸੂਸ ਕੀਤਾ ਕਿ ਅਸਲ ਵਿਚ ਪਾਇਨੀਅਰੀ ਨੇ ਸੰਤੁਲਨ ਬਣਾਈ ਰੱਖਣ ਵਿਚ ਉਸ ਦੀ ਮਦਦ ਕੀਤੀ। ਬਾਈਬਲ ਸੱਚਾਈ ਸਿੱਖਦੇ ਲੋਕਾਂ ਦੀ ਮਦਦ ਕਰਨਾ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੀ ਪ੍ਰਵਾਨਗੀ ਹਾਸਲ ਕਰਨ ਲਈ ਆਪਣੇ ਜੀਵਨਾਂ ਵਿਚ ਤਬਦੀਲੀ ਕਰਦੇ ਹੋਏ ਦੇਖਣਾ, ਇਸ ਭੈਣ ਦੇ ਵਿਅਸਤ ਜੀਵਨ ਵਿਚ ਖ਼ੁਸ਼ੀ ਦਾ ਸਭ ਤੋਂ ਵੱਡਾ ਕਾਰਨ ਸੀ।—ਕਹਾ. 10:22.
15 ਪਾਇਨੀਅਰੀ ਕਰਨ ਲਈ ਇਕ ਵਿਅਕਤੀ ਨੂੰ ਭਾਵੇਂ ਜੋ ਵੀ ਨਿੱਜੀ ਬਲੀਦਾਨ ਅਤੇ ਸਮਾਯੋਜਨ ਕਰਨ ਦੀ ਲੋੜ ਪਵੇ, ਉਹ ਇਨ੍ਹਾਂ ਦੇ ਬਦਲੇ ਭਰਪੂਰ ਬਰਕਤਾਂ ਦਾ ਆਨੰਦ ਮਾਣਦਾ ਹੈ। ਇਕ ਭੈਣ ਨੇ ਸਹਿਯੋਗੀ ਪਾਇਨੀਅਰੀ ਕਰਨ ਬਾਰੇ ਆਪਣਾ ਅਨੁਭਵ ਲਿਖਿਆ: “ਇਸ ਨੇ ਮੇਰੀ ਮਦਦ ਕੀਤੀ ਕਿ ਮੈਂ ਕੇਵਲ ਆਪਣੇ ਬਾਰੇ ਹੀ ਨਾ ਸੋਚਾਂ ਬਲਕਿ ਦੂਜਿਆਂ ਦੀ ਮਦਦ ਕਰਨ ਉੱਤੇ ਜ਼ਿਆਦਾ ਧਿਆਨ ਲਗਾਵਾਂ। . . . ਮੈਂ ਉਨ੍ਹਾਂ ਸਾਰਿਆਂ ਨੂੰ ਇਹ ਕਰਨ ਦੀ ਸਲਾਹ ਦਿੰਦੀ ਹਾਂ ਜੋ ਇਹ ਕਰ ਸਕਦੇ ਹਨ।”
16 ਇਸ ਦੇ ਲਈ ਇਕ ਚੰਗੀ ਸਮਾਂ-ਸਾਰਣੀ ਦੀ ਲੋੜ ਹੈ: ਇਸ ਅੰਤਰ-ਪੱਤਰ ਦੇ ਆਖ਼ਰੀ ਸਫ਼ੇ ਤੇ, ਅਸੀਂ ਸਮਾਂ-ਸਾਰਣੀ ਦੇ ਉਹ ਨਮੂਨੇ ਦੁਬਾਰਾ ਪੇਸ਼ ਕੀਤੇ ਹਨ ਜੋ ਫਰਵਰੀ 1997 ਦੀ ਸਾਡੀ ਰਾਜ ਸੇਵਕਾਈ ਵਿਚ ਦਿੱਤੇ ਗਏ ਸਨ। ਇਨ੍ਹਾਂ ਵਿੱਚੋਂ ਸ਼ਾਇਦ ਇਕ ਤੁਹਾਡੇ ਹਾਲਾਤ ਲਈ ਸਹੀ ਬੈਠੇਗਾ। ਜਿਉਂ-ਜਿਉਂ ਤੁਸੀਂ ਇਨ੍ਹਾਂ ਦਾ ਪੁਨਰ-ਵਿਚਾਰ ਕਰਦੇ ਹੋ, ਆਪਣੀ ਮਾਸਿਕ ਸਰਗਰਮੀ ਦੇ ਆਮ ਰੁਟੀਨ ਉੱਤੇ ਵਿਚਾਰ ਕਰੋ। ਘਰ ਵਿਚ ਕਿਹੜੇ ਕੰਮ ਤੁਸੀਂ ਪਾਇਨੀਅਰ ਕਾਰਜ ਤੋਂ ਪਹਿਲਾਂ ਕਰ ਸਕਦੇ ਹੋ ਜਾਂ ਥੋੜ੍ਹੇ ਸਮੇਂ ਲਈ ਇਕ ਪਾਸੇ ਰੱਖ ਸਕਦੇ ਹੋ ਤਾਂਕਿ ਬਾਅਦ ਵਿਚ ਕੀਤੇ ਜਾਣ? ਕੀ ਮਨੋਰੰਜਨ, ਦਿਲਪਰਚਾਵੇ, ਜਾਂ ਵਿਹਲੇ ਸਮੇਂ ਦੇ ਕੰਮਾਂ ਵਿਚ ਬਿਤਾਏ ਜਾਣ ਵਾਲੇ ਕੁਝ ਸਮੇਂ ਘੱਟ ਕੀਤੇ ਜਾ ਸਕਦੇ ਹਨ? ਲੋੜੀਂਦੇ 60 ਘੰਟਿਆਂ ਦੀ ਕੁੱਲ ਗਿਣਤੀ ਉੱਤੇ ਗੌਰ ਕਰਨ ਦੀ ਬਜਾਇ, ਆਪਣੀ ਸਮਾਂ-ਸਾਰਣੀ ਪ੍ਰਤਿ ਦਿਨ ਜਾਂ ਪ੍ਰਤਿ ਹਫ਼ਤੇ ਲਈ ਬਣਾਓ। ਸਹਿਯੋਗੀ ਪਾਇਨੀਅਰੀ ਕਰਨ ਲਈ ਹਰ ਦਿਨ ਕੇਵਲ 2 ਘੰਟਿਆਂ ਜਾਂ ਹਰ ਹਫ਼ਤੇ 15 ਘੰਟਿਆਂ ਦੀ ਲੋੜ ਪੈਂਦੀ ਹੈ। ਸਮਾਂ-ਸਾਰਣੀ ਦੇ ਨਮੂਨਿਆਂ ਨੂੰ ਦੇਖੋ, ਅਤੇ ਹੱਥ ਵਿਚ ਪੈਂਸਿਲ ਲੈ ਕੇ ਵਿਚਾਰ ਕਰੋ ਕਿ ਤੁਸੀਂ ਕਿਸ ਤਰ੍ਹਾਂ ਦੀ ਨਿੱਜੀ ਸੇਵਾ ਸਮਾਂ-ਸਾਰਣੀ ਤਿਆਰ ਕਰ ਸਕਦੇ ਹੋ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਸਹੀ ਬੈਠਦੀ ਹੈ।
17 ਪਿਛਲੇ ਸਾਲ ਸੇਵਕਾਈ ਲਈ ਕਲੀਸਿਯਾ ਵੱਲੋਂ ਦਿਖਾਈ ਗਈ ਚੰਗੀ ਪ੍ਰਤਿਕ੍ਰਿਆ ਅਤੇ ਵਧੀਕ ਮਦਦ ਨੇ ਇਕ ਨਿਯਮਿਤ ਪਾਇਨੀਅਰ ਦੇ ਜੋਸ਼ ਨੂੰ ਵਧਾਇਆ, ਅਤੇ ਉਸ ਨੇ ਲਿਖਿਆ: “ਸਹਿਯੋਗੀ ਪਾਇਨੀਅਰ ਕਾਰਜ ਨੂੰ ਸਮਰਥਨ ਦੇਣ ਲਈ ਜ਼ਿਆਦਾ ਜਤਨ ਕਰਨ ਦਾ ਜੋ ਤੁਸੀਂ ਪ੍ਰੇਮਮਈ ਉਤਸ਼ਾਹ ਦਿੱਤਾ, ਉਸ ਲਈ ਬਹੁਤ ਸ਼ੁਕਰੀਆ। . . . ਤੁਹਾਡੇ ਵੱਲੋਂ ਸੁਝਾਈਆਂ ਗਈਆਂ ਸਮਾਂ-ਸਾਰਣੀਆਂ ਨੇ ਬਹੁਤ ਸਾਰੇ ਲੋਕਾਂ ਦੀ, ਜਿਨ੍ਹਾਂ ਨੇ ਪਹਿਲਾਂ ਕਦੇ ਵੀ ਪਾਇਨੀਅਰੀ ਨਹੀਂ ਕੀਤੀ ਸੀ, ਇਹ ਦੇਖਣ ਵਿਚ ਮਦਦ ਕੀਤੀ ਕਿ ਉਹ ਵੀ ਪਾਇਨੀਅਰੀ ਕਰ ਸਕਦੇ ਹਨ। . . . ਮੈਂ ਯਹੋਵਾਹ ਦੇ ਸੰਗਠਨ ਦਾ ਭਾਗ ਹੋਣ ਵਿਚ ਅਤੇ ਮਾਤਬਰ ਅਤੇ ਬੁੱਧਵਾਨ ਨੌਕਰ ਦੀ ਸੁਖਾਵੀਂ ਅਤੇ ਪ੍ਰੇਮਮਈ ਅਗਵਾਈ ਅਨੁਸਾਰ ਚੱਲਣ ਵਿਚ ਬਹੁਤ ਖ਼ੁਸ਼ ਹਾਂ।”
18 ਕਹਾਉਤਾਂ 21:5 ਸਾਨੂੰ ਭਰੋਸਾ ਦਿਵਾਉਂਦਾ ਹੈ: “ਮਿਹਨਤੀ ਮਨੁੱਖ ਦੀਆਂ ਯੋਜਨਾਵਾਂ ਸਫਲ ਹੁੰਦੀਆਂ ਹਨ।” (ਪਵਿੱਤਰ ਬਾਈਬਲ ਨਵਾਂ ਅਨੁਵਾਦ) ਕਹਾਉਤਾਂ 16:3 ਸਾਨੂੰ ਉਤਸ਼ਾਹ ਦਿੰਦਾ ਹੈ: “ਆਪਣੇ ਕੰਮਾਂ ਨੂੰ ਯਹੋਵਾਹ ਉੱਤੇ ਛੱਡ ਦੇਹ, ਤਾਂ ਤੇਰੇ ਮਨੋਰਥ ਪੂਰੇ ਹੋਣਗੇ।” ਜੀ ਹਾਂ, ਪ੍ਰਾਰਥਨਾਪੂਰਵਕ ਯਹੋਵਾਹ ਨੂੰ ਆਪਣੇ ਫ਼ੈਸਲਿਆਂ ਵਿਚ ਸ਼ਾਮਲ ਕਰਨ ਦੁਆਰਾ ਅਤੇ ਸਫ਼ਲ ਹੋਣ ਲਈ ਮਦਦ ਵਾਸਤੇ ਉਸ ਉੱਤੇ ਪੂਰੀ ਤਰ੍ਹਾਂ ਨਿਰਭਰ ਹੋਣ ਦੁਆਰਾ ਅਸੀਂ ਸਹਿਯੋਗੀ ਪਾਇਨੀਅਰੀ ਦੀਆਂ ਆਪਣੀਆਂ ਯੋਜਨਾਵਾਂ ਬਾਰੇ ਸਕਾਰਾਤਮਕ ਹੋ ਸਕਦੇ ਹਾਂ। ਹੋ ਸਕਦਾ ਹੈ ਕਿ ਇਹ ਦੇਖਣ ਤੋਂ ਬਾਅਦ ਕਿ ਇਕ ਜਾਂ ਦੋ ਮਹੀਨੇ ਲਈ ਸਹਿਯੋਗੀ ਪਾਇਨੀਅਰੀ ਕਰਨ ਦੀ ਸਾਡੀ ਸਮਾਂ-ਸਾਰਣੀ ਕਿਵੇਂ ਸਫ਼ਲ ਰਹੀ ਹੈ, ਅਸੀਂ ਸਹਿਯੋਗੀ ਪਾਇਨੀਅਰੀ ਦੀ ਅਰਜ਼ੀ ਉੱਤੇ ਉਸ ਡੱਬੀ ਤੇ ਨਿਸ਼ਾਨ ਲਗਾ ਸਕਾਂਗੇ ਜਿੱਥੇ ਲਿਖਿਆ ਹੈ: “ਜੇਕਰ ਤੁਸੀਂ ਅਗਲੀ ਸੂਚਨਾ ਤਕ, ਸਹਿਯੋਗੀ ਪਾਇਨੀਅਰ ਵਜੋਂ ਆਪਣੀ ਸੇਵਾ ਜਾਰੀ ਰੱਖਣਾ ਚਾਹੁੰਦੇ ਹੋ, ਤਾਂ ਇੱਥੇ ਨਿਸ਼ਾਨ ਲਗਾਓ।” ਨਹੀਂ ਤਾਂ, ਅਸੀਂ ਅਗਸਤ ਵਿਚ ਸਹਿਯੋਗੀ ਪਾਇਨੀਅਰੀ ਕਰਨ ਦੀ ਉਤਸ਼ਾਹ ਨਾਲ ਉਡੀਕ ਕਰ ਸਕਦੇ ਹਾਂ, ਜਦੋਂ ਪੰਜ ਪੂਰੇ ਸਪਤਾਹ-ਅੰਤ ਹੋਣਗੇ। ਜਿਉਂ-ਜਿਉਂ ਅਸੀਂ ਅਗਸਤ ਵਿਚ ਸੇਵਾ ਸਾਲ ਖ਼ਤਮ ਕਰਾਂਗੇ, ਸਾਰਿਆਂ ਵੱਲੋਂ ਸੇਵਕਾਈ ਵਿਚ ਜ਼ਿਆਦਾ ਤੋਂ ਜ਼ਿਆਦਾ ਭਾਗ ਲੈਣ ਦਾ ਇਕ ਸਾਂਝਾ ਜਤਨ ਕੀਤਾ ਜਾਵੇਗਾ।
19 ਯਿਸੂ ਨੇ ਭਵਿੱਖਬਾਣੀ ਕੀਤੀ: “ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਸੋ ਏਹ ਕੰਮ ਜਿਹੜੇ ਮੈਂ ਕਰਦਾ ਹਾਂ ਉਹ ਭੀ ਕਰੇਗਾ ਸਗੋਂ ਇਨ੍ਹਾਂ ਨਾਲੋਂ ਵੱਡੇ ਕੰਮ ਕਰੇਗਾ।” (ਯੂਹੰ. 14:12) ਜਦੋਂ ਕਿ ਇਸ ਭਵਿੱਖਬਾਣੀ ਦੀ ਮਹਾਨ ਪੂਰਤੀ ਹੋ ਰਹੀ ਹੈ, ਪਰਮੇਸ਼ੁਰ ਦੇ ਸੰਗੀ ਕਾਮਿਆਂ ਵਜੋਂ ਸੇਵਾ ਕਰਨੀ ਸਾਡੇ ਲਈ ਖ਼ੁਸ਼ੀ-ਭਰਿਆ ਵਿਸ਼ੇਸ਼-ਸਨਮਾਨ ਹੈ। ਹੁਣ ਸਮਾਂ ਹੈ ਕਿ ਇਸ ਖ਼ੁਸ਼ ਖ਼ਬਰੀ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜੋਸ਼ ਨਾਲ ਪ੍ਰਚਾਰ ਕੀਤਾ ਜਾਵੇ, ਅਤੇ ਇਹ ਕੰਮ ਕਰਨ ਲਈ ਅਨੁਕੂਲ ਸਮੇਂ ਨੂੰ ਖ਼ਰੀਦੀਏ। (1 ਕੁਰਿੰ. 3:9, ਨਿ ਵ; ਕੁਲੁ. 4:5, ਨਿ ਵ) ਜਿੰਨੀ ਵਾਰ ਹੋ ਸਕੇ, ਸਹਿਯੋਗੀ ਪਾਇਨੀਅਰ ਸੇਵਾ ਵਿਚ ਭਾਗ ਲੈਣਾ ਰਾਜ ਘੋਸ਼ਕਾਂ ਵਜੋਂ ਆਪਣੀ ਭੂਮਿਕਾ ਨੂੰ ਨਿਭਾਉਣ ਦਾ ਇਕ ਸ਼ਾਨਦਾਰ ਤਰੀਕਾ ਹੈ। ਅਸੀਂ ਉਤਸੁਕਤਾ ਨਾਲ ਇਹ ਦੇਖਣ ਦੀ ਉਡੀਕ ਕਰਦੇ ਹਾਂ ਕਿ ਇਸ ਸਮਾਰਕ ਰੁੱਤ ਵਿਚ ਸਹਿਯੋਗੀ ਪਾਇਨੀਅਰ ਉਸਤਤ ਦਾ ਗੀਤ ਕਿੰਨੀ ਉੱਚੀ ਗਾਉਣਗੇ। (ਜ਼ਬੂ. 27:6) ਪਿਛਲੇ ਮਾਰਚ, ਅਪ੍ਰੈਲ ਅਤੇ ਮਈ ਮਹੀਨਿਆਂ ਦੇ ਨਤੀਜਿਆਂ ਨੂੰ ਦੇਖਦੇ ਹੋਏ, ਅਸੀਂ ਸੋਚਦੇ ਹਾਂ, ‘ਕੀ ਅਸੀਂ ਇਸ ਨੂੰ ਦੁਬਾਰਾ ਕਰਾਂਗੇ?’ ਅਸੀਂ ਯਕੀਨ ਰੱਖਦੇ ਹਾਂ ਕਿ ਅਸੀਂ ਕਰਾਂਗੇ!
[ਸਫ਼ੇ 3 ਉੱਤੇ ਡੱਬੀ]
ਕੀ ਤੁਸੀਂ ਸਹਿਯੋਗੀ ਪਾਇਨੀਅਰੀ ਕਰ ਸਕਦੇ ਹੋ?
“ਤੁਹਾਡੇ ਨਿੱਜੀ ਹਾਲਾਤ ਭਾਵੇਂ ਜੋ ਵੀ ਹੋਣ, ਪਰੰਤੂ ਜੇਕਰ ਤੁਸੀਂ ਬਪਤਿਸਮਾ-ਪ੍ਰਾਪਤ ਹੋ, ਚੰਗੀ ਨੈਤਿਕ ਸਥਿਤੀ ਵਿਚ ਹੋ, ਖੇਤਰ ਸੇਵਕਾਈ ਵਿਚ 60 ਘੰਟੇ ਪ੍ਰਤਿ ਮਹੀਨਾ ਬਿਤਾਉਣ ਦੀ ਮੰਗ ਪੂਰੀ ਕਰਨ ਦਾ ਪ੍ਰਬੰਧ ਕਰ ਸਕਦੇ ਹੋ ਅਤੇ ਵਿਸ਼ਵਾਸ ਰੱਖਦੇ ਹੋ ਕਿ ਤੁਸੀਂ ਇਕ ਸਹਿਯੋਗੀ ਪਾਇਨੀਅਰ ਵਜੋਂ ਇਕ ਜਾਂ ਇਕ ਤੋਂ ਵੱਧ ਮਹੀਨਿਆਂ ਲਈ ਸੇਵਾ ਕਰ ਸਕਦੇ ਹੋ, ਤਾਂ ਕਲੀਸਿਯਾ ਦੇ ਬਜ਼ੁਰਗ ਸੇਵਾ ਦੇ ਇਸ ਵਿਸ਼ੇਸ਼-ਸਨਮਾਨ ਲਈ ਤੁਹਾਡੀ ਅਰਜ਼ੀ ਉੱਤੇ ਖ਼ੁਸ਼ੀ ਨਾਲ ਵਿਚਾਰ ਕਰਨਗੇ।”—ਆਪਣੀ ਸੇਵਕਾਈ ਨੂੰ ਸੰਪੰਨ ਕਰਨ ਲਈ ਸੰਗਠਿਤ (ਅੰਗ੍ਰੇਜ਼ੀ), ਸਫ਼ਾ 114.