ਯਿਸੂ ਦੀ ਮੌਤ ਦੀ ਯਾਦਗਾਰ—ਵਧ-ਚੜ੍ਹ ਕੇ ਸੇਵਾ ਕਰਨ ਦਾ ਮੌਕਾ
1. ਪਰਮੇਸ਼ੁਰ ਦਾ ਭੈ ਰੱਖਣ ਵਾਲੇ ਇਸਰਾਏਲੀਆਂ ਉੱਤੇ ਸਾਲਾਨਾ ‘ਪਰਬਾਂ’ ਦਾ ਕੀ ਅਸਰ ਪੈਂਦਾ ਸੀ?
1 ਸਾਲ ਦੇ ਕੁਝ ਖ਼ਾਸ ਦਿਨਾਂ ਤੇ ਪ੍ਰਾਚੀਨ ਇਸਰਾਏਲ ਦੇ ਲੋਕ “ਯਹੋਵਾਹ ਦੇ ਪਰਬ” ਮਨਾਉਂਦੇ ਸਨ। (ਲੇਵੀ. 23:2) ਇਨ੍ਹਾਂ ਪਰਬਾਂ ਦੌਰਾਨ ਉਹ ਆਪਣੇ ਪਰਮੇਸ਼ੁਰ ਦੀ ਕਿਰਪਾ ਅਤੇ ਬਰਕਤਾਂ ਉੱਤੇ ਵਿਚਾਰ ਕਰਦੇ ਸਨ। ਇਸ ਤਰ੍ਹਾਂ ਕਰ ਕੇ ਉਨ੍ਹਾਂ ਦੇ ਦਿਲ ਖ਼ੁਸ਼ੀ ਨਾਲ ਭਰ ਜਾਂਦੇ ਸਨ ਅਤੇ ਸ਼ੁੱਧ ਭਗਤੀ ਲਈ ਉਨ੍ਹਾਂ ਦਾ ਜੋਸ਼ ਹੋਰ ਵੀ ਵਧ ਜਾਂਦਾ ਸੀ।—2 ਇਤ. 30:21–31:2.
2, 3. ਮਾਰਚ, ਅਪ੍ਰੈਲ ਤੇ ਮਈ ਮਹੀਨਿਆਂ ਦੌਰਾਨ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਹਿੱਸਾ ਲੈਣਾ ਕਿਉਂ ਢੁਕਵਾਂ ਹੈ ਅਤੇ ਯਾਦਗਾਰੀ ਸਮਾਰੋਹ ਕਦੋਂ ਮਨਾਇਆ ਜਾਵੇਗਾ?
2 ਮੌਜੂਦਾ ਦਿਨਾਂ ਵਿਚ ਅਸੀਂ ਹਰ ਸਾਲ ਮਾਰਚ, ਅਪ੍ਰੈਲ ਤੇ ਮਈ ਵਿਚ ਵਧ-ਚੜ੍ਹ ਕੇ ਯਹੋਵਾਹ ਦੀ ਸੇਵਾ ਕਰਦੇ ਹਾਂ। ਇਨ੍ਹਾਂ ਮਹੀਨਿਆਂ ਦੌਰਾਨ ਅਸੀਂ ਯਹੋਵਾਹ ਦੇ ਇਕਲੌਤੇ ਪੁੱਤਰ ਦੀ ਅਨਮੋਲ ਕੁਰਬਾਨੀ ਬਾਰੇ ਗਹਿਰਾਈ ਨਾਲ ਸੋਚਦੇ ਹਾਂ ਜੋ ਕੁਰਬਾਨੀ ਯਹੋਵਾਹ ਨੇ ਸਾਡੇ ਲਈ ਦਿੱਤੀ। (ਯੂਹੰ. 3:16; 1 ਪਤ. 1:18, 19) ਪਰਮੇਸ਼ੁਰ ਅਤੇ ਉਸ ਦੇ ਪੁੱਤਰ ਦੇ ਪਿਆਰ ਉੱਤੇ ਸੋਚ-ਵਿਚਾਰ ਕਰ ਕੇ ਅਸੀਂ ਯਹੋਵਾਹ ਦੀ ਮਹਿਮਾ ਕਰਨ ਅਤੇ ਉਸ ਦੀ ਇੱਛਾ ਪੂਰੀ ਕਰਨ ਲਈ ਪ੍ਰੇਰਿਤ ਹੁੰਦੇ ਹਾਂ।—2 ਕੁਰਿੰ. 5:14, 15.
3 ਇਸ ਸਾਲ ਪ੍ਰਭੂ ਦੀ ਮੌਤ ਦਾ ਯਾਦਗਾਰੀ ਸਮਾਰੋਹ ਵੀਰਵਾਰ 24 ਮਾਰਚ ਨੂੰ ਸੂਰਜ ਡੁੱਬਣ ਤੋਂ ਬਾਅਦ ਮਨਾਇਆ ਜਾਵੇਗਾ। ਅਸੀਂ ਮਾਰਚ, ਅਪ੍ਰੈਲ ਤੇ ਮਈ ਮਹੀਨਿਆਂ ਵਿਚ ਪ੍ਰਚਾਰ ਦੇ ਕੰਮ ਵਿਚ ਕਿਵੇਂ ਜ਼ਿਆਦਾ ਹਿੱਸਾ ਲੈ ਸਕਦੇ ਹਾਂ?
4, 5. (ੳ) ਕੁਝ ਭੈਣ-ਭਰਾਵਾਂ ਨੇ ਜ਼ਿਆਦਾ ਲੋਕਾਂ ਤਕ ਖ਼ੁਸ਼ ਖ਼ਬਰੀ ਪਹੁੰਚਾਉਣ ਲਈ ਕੀ ਕੀਤਾ ਹੈ? (ਅ) ਤੁਹਾਡੇ ਇਲਾਕੇ ਵਿਚ ਕਿਹੜੇ ਤਰੀਕੇ ਅਸਰਦਾਰ ਸਾਬਤ ਹੋਏ ਹਨ?
4 ਹੋਰ ਜ਼ਿਆਦਾ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਓ: ਸੇਵਕਾਈ ਵਿਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਮਿਲਣ ਦੇ ਤਰੀਕੇ ਲੱਭੋ। ਕੀ ਤੁਸੀਂ ਉਦੋਂ ਘਰ-ਘਰ ਪ੍ਰਚਾਰ ਕਰ ਸਕਦੇ ਹੋ ਜਦੋਂ ਜ਼ਿਆਦਾ ਲੋਕ ਘਰ ਹੋਣਗੇ ਜਿਵੇਂ ਸ਼ਾਮ ਦੇ ਸਮੇਂ? ਜੇ ਤੁਹਾਡੇ ਬੁੱਕ ਸਟੱਡੀ ਗਰੁੱਪ ਦੇ ਕੁਝ ਭੈਣ-ਭਰਾ ਸਭਾ ਤੋਂ ਪਹਿਲਾਂ ਪ੍ਰਚਾਰ ਕਰਨਾ ਚਾਹੁੰਦੇ ਹਨ, ਤਾਂ ਬੁੱਕ ਸਟੱਡੀ ਨਿਗਾਹਬਾਨ ਕਿਸੇ ਨੇੜੇ-ਤੇੜੇ ਦੇ ਇਲਾਕੇ ਵਿਚ ਪ੍ਰਚਾਰ ਕਰਨ ਦਾ ਪ੍ਰਬੰਧ ਕਰ ਸਕਦਾ ਹੈ ਅਤੇ ਸੇਵਕਾਈ ਵਿਚ ਜਾਣ ਤੋਂ ਪਹਿਲਾਂ ਛੋਟੀ ਜਿਹੀ ਮੀਟਿੰਗ ਕਰਾ ਸਕਦਾ ਹੈ।
5 ਜ਼ਿਆਦਾ ਲੋਕਾਂ ਨੂੰ ਮਿਲਣ ਦਾ ਇਕ ਹੋਰ ਤਰੀਕਾ ਹੈ ਜਨਤਕ ਥਾਵਾਂ ਤੇ ਪ੍ਰਚਾਰ ਕਰਨਾ। ਜਪਾਨ ਵਿਚ ਇਕ ਨੌਕਰੀਸ਼ੁਦਾ ਭੈਣ ਸਹਿਯੋਗੀ ਪਾਇਨੀਅਰੀ ਕਰਨੀ ਚਾਹੁੰਦੀ ਸੀ। ਇਕ ਬਜ਼ੁਰਗ ਨੇ ਉਸ ਨੂੰ ਸੁਝਾਅ ਦਿੱਤਾ ਕਿ ਉਹ ਹਰ ਦਿਨ ਕੰਮ ਤੇ ਜਾਣ ਤੋਂ ਪਹਿਲਾਂ ਰੇਲਵੇ ਸਟੇਸ਼ਨ ਦੇ ਨੇੜੇ ਰਾਹ ਜਾਂਦੇ ਲੋਕਾਂ ਨੂੰ ਗਵਾਹੀ ਦੇਵੇ। ਭੈਣ ਪਹਿਲਾਂ-ਪਹਿਲਾਂ ਤਾਂ ਕਾਫ਼ੀ ਘਬਰਾਈ ਤੇ ਕੁਝ ਲੋਕਾਂ ਨੇ ਉਸ ਦਾ ਮਜ਼ਾਕ ਵੀ ਉਡਾਇਆ, ਪਰ ਉਸ ਨੇ ਹਿੰਮਤ ਕਰ ਕੇ ਰਾਹਗੀਰਾਂ, ਸਟੇਸ਼ਨ ਕਰਮਚਾਰੀਆਂ ਅਤੇ ਦੁਕਾਨਦਾਰਾਂ ਨੂੰ ਗਵਾਹੀ ਦਿੱਤੀ। ਲਗਭਗ 40 ਲੋਕ ਉਸ ਤੋਂ ਬਾਕਾਇਦਾ ਰਸਾਲੇ ਲੈਣ ਲੱਗ ਪਏ। ਉਹ ਮਹੀਨੇ ਵਿਚ ਔਸਤਨ 235 ਰਸਾਲੇ ਵੰਡਦੀ ਸੀ। ਹਰ ਦਿਨ ਲੋਕਾਂ ਨੂੰ ਕੁਝ ਮਿੰਟ ਬਾਈਬਲ ਵਿੱਚੋਂ ਗੱਲਾਂ ਦੱਸਣ ਨਾਲ ਉਸ ਨੂੰ ਛੇ ਬਾਈਬਲ ਸਟੱਡੀਆਂ ਮਿਲ ਗਈਆਂ।
6. ਨੌਜਵਾਨ ਪ੍ਰਕਾਸ਼ਕ ਪ੍ਰਚਾਰ ਦੇ ਕੰਮ ਵਿਚ ਕਿਵੇਂ ਜ਼ਿਆਦਾ ਹਿੱਸਾ ਲੈ ਸਕਦੇ ਹਨ?
6 ਗਵਾਹੀ ਦੇਣ ਦੇ ਮੌਕੇ: ਸਕੂਲ ਜਾਂਦੇ ਪ੍ਰਕਾਸ਼ਕਾਂ ਨੂੰ ਸਾਲ ਵਿਚ ਕਈ ਦਿਨਾਂ ਦੀ ਛੁੱਟੀ ਮਿਲਦੀ ਹੈ। ਇਹ ਉਨ੍ਹਾਂ ਲਈ ਸਹਿਯੋਗੀ ਪਾਇਨੀਅਰੀ ਕਰਨ ਦੇ ਵਧੀਆ ਮੌਕੇ ਹਨ। ਇਸ ਤੋਂ ਇਲਾਵਾ, ਮਸੀਹੀ ਬੱਚੇ ਸਕੂਲੇ ਗਵਾਹੀ ਦੇ ਕੇ ਵੀ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਹਿੱਸਾ ਲੈ ਸਕਦੇ ਹਨ। ਤੁਸੀਂ ਇਹ ਦੇਖ ਕੇ ਹੈਰਾਨ ਹੋਵੋਗੇ ਕਿ ਦੂਸਰੇ ਬੱਚੇ ਤੁਹਾਡੇ ਧਾਰਮਿਕ ਵਿਸ਼ਵਾਸਾਂ ਬਾਰੇ ਜਾਣਨ ਲਈ ਕਿੰਨੇ ਉਤਸੁਕ ਹਨ। ਜਦੋਂ ਕਲਾਸ ਵਿਚ ਕਿਸੇ ਵਿਸ਼ੇ ਉੱਤੇ ਵਿਚਾਰ-ਵਟਾਂਦਰਾ ਹੁੰਦਾ ਹੈ ਜਾਂ ਕੋਈ ਲੇਖ ਲਿਖਣਾ ਹੁੰਦਾ ਹੈ, ਤਾਂ ਤੁਸੀਂ ਇਨ੍ਹਾਂ ਮੌਕਿਆਂ ਦਾ ਲਾਭ ਉਠਾ ਸਕਦੇ ਹੋ। ਕਈ ਪ੍ਰਕਾਸ਼ਕਾਂ ਨੇ ਸੰਸਥਾ ਦੀਆਂ ਵਿਡਿਓ ਫਿਲਮਾਂ ਦੀ ਮਦਦ ਨਾਲ ਦੂਸਰਿਆਂ ਨੂੰ ਵਧੀਆ ਗਵਾਹੀ ਦਿੱਤੀ ਹੈ। ਕੁਝ ਨੌਜਵਾਨ ਪ੍ਰਕਾਸ਼ਕਾਂ ਨੇ ਸਹਿਪਾਠੀਆਂ ਨਾਲ ਬਾਈਬਲ ਸਟੱਡੀ ਕੀਤੀ ਅਤੇ ਯਹੋਵਾਹ ਦੇ ਸੇਵਕ ਬਣਨ ਵਿਚ ਉਨ੍ਹਾਂ ਦੀ ਮਦਦ ਕੀਤੀ। ਇਹ “ਯਹੋਵਾਹ ਦੇ ਨਾਮ ਦੀ ਉਸਤਤ ਕਰਨ” ਦੇ ਵਧੀਆ ਤਰੀਕੇ ਹਨ।—ਜ਼ਬੂ. 148:12, 13.
7. (ੳ) ਇਕ ਭਰਾ ਨੇ ਦੂਸਰਿਆਂ ਨੂੰ ਗਵਾਹੀ ਦੇਣ ਦੇ ਮੌਕਿਆਂ ਦਾ ਕਿਵੇਂ ਲਾਭ ਉਠਾਇਆ? (ਅ) ਕੀ ਤੁਹਾਨੂੰ ਇੱਦਾਂ ਦਾ ਕੋਈ ਤਜਰਬਾ ਹੋਇਆ ਹੈ?
7 ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਦੂਸਰਿਆਂ ਨੂੰ ਸਾਡੇ ਮਹਾਨ ਪਰਮੇਸ਼ੁਰ ਅਤੇ ਉਸ ਦੇ ਸ਼ਾਨਦਾਰ ਵਾਅਦਿਆਂ ਬਾਰੇ ਦੱਸਣ ਦੇ ਮੌਕੇ ਲੱਭੋ। ਇਕ ਭਰਾ ਕੰਮ ਤੇ ਜਾਣ ਲਈ ਹਰ ਦਿਨ ਟ੍ਰੇਨਾਂ ਵਿਚ ਸਫ਼ਰ ਕਰਦਾ ਹੈ। ਉਹ ਮੌਕਾ ਪਾ ਕੇ ਦੂਸਰੇ ਮੁਸਾਫ਼ਰਾਂ ਨੂੰ ਗਵਾਹੀ ਦਿੰਦਾ ਹੈ। ਮਿਸਾਲ ਲਈ, ਉਹ ਇਕ ਸਟੇਸ਼ਨ ਤੇ ਅਗਲੀ ਟ੍ਰੇਨ ਦੀ ਉਡੀਕ ਕਰਦੇ ਵੇਲੇ ਇਕ ਨੌਜਵਾਨ ਨੂੰ ਹਰ ਦਿਨ ਪੰਜਾਂ ਮਿੰਟਾਂ ਲਈ ਗਵਾਹੀ ਦਿੰਦਾ ਸੀ। ਸਿੱਟੇ ਵਜੋਂ, ਉਹ ਨੌਜਵਾਨ ਅਤੇ ਉਸ ਦਾ ਸਾਥੀ ਬਾਈਬਲ ਦਾ ਅਧਿਐਨ ਕਰਨ ਲਈ ਮੰਨ ਗਏ। ਭਰਾ ਗੱਡੀ ਵਿਚ ਹੀ ਉਨ੍ਹਾਂ ਦੀ ਸਟੱਡੀ ਕਰਾਇਆ ਕਰਦਾ ਸੀ। ਕੁਝ ਸਮੇਂ ਬਾਅਦ ਇਕ ਬਜ਼ੁਰਗ ਤੀਵੀਂ ਨੇ ਭਰਾ ਕੋਲ ਆ ਕੇ ਕਿਹਾ ਕਿ ਉਨ੍ਹਾਂ ਦੀਆਂ ਗੱਲਾਂ ਉਸ ਨੂੰ ਬਹੁਤ ਚੰਗੀਆਂ ਲੱਗੀਆਂ, ਇਸ ਲਈ ਉਹ ਵੀ ਬਾਈਬਲ ਸਟੱਡੀ ਕਰਨੀ ਚਾਹੁੰਦੀ ਹੈ। ਸੋ ਜਿਹੜੇ ਦਿਨਾਂ ਤੇ ਉਹ ਉਸ ਗੱਡੀ ਵਿਚ ਸਫ਼ਰ ਕਰਦੀ ਹੈ, ਤਾਂ ਭਰਾ ਉਸ ਨਾਲ ਸਟੱਡੀ ਕਰਦਾ ਹੈ। ਇਸ ਤਰ੍ਹਾਂ ਭਰਾ ਨੇ ਗੱਡੀ ਵਿਚ ਦਸ ਵੱਖ-ਵੱਖ ਵਿਅਕਤੀਆਂ ਨੂੰ ਸਟੱਡੀ ਕਰਾਈ।
8. ਜਿਹੜੇ ਭੈਣ-ਭਰਾ ਵਧਦੀ ਉਮਰ ਜਾਂ ਬੀਮਾਰੀ ਕਰਕੇ ਘਰੋਂ ਬਾਹਰ ਨਹੀਂ ਜਾ ਸਕਦੇ, ਉਹ ਕਿਹੜੇ ਤਰੀਕੇ ਨਾਲ ਪ੍ਰਚਾਰ ਕਰ ਸਕਦੇ ਹਨ?
8 ਹੋ ਸਕਦਾ ਕਿ ਤੁਸੀਂ ਵਧਦੀ ਉਮਰ ਕਰਕੇ ਜਾਂ ਬੀਮਾਰੀ ਕਰਕੇ ਘਰ-ਘਰ ਦੀ ਸੇਵਕਾਈ ਵਿਚ ਜ਼ਿਆਦਾ ਨਹੀਂ ਜਾ ਸਕਦੇ। ਇਨ੍ਹਾਂ ਹਾਲਾਤਾਂ ਵਿਚ ਤੁਸੀਂ ਕੁਝ ਹੋਰ ਤਰੀਕਿਆਂ ਨਾਲ ਯਹੋਵਾਹ ਦੀ ਪ੍ਰਸ਼ੰਸਾ ਕਰ ਸਕਦੇ ਹੋ। ਕੀ ਤੁਸੀਂ ਕਦੇ ਫ਼ੋਨ ਰਾਹੀਂ ਗਵਾਹੀ ਦਿੱਤੀ ਹੈ? ਜੇ ਤੁਹਾਨੂੰ ਨਹੀਂ ਪਤਾ ਕਿ ਇਹ ਕਿੱਦਾਂ ਕਰੀਦੀ ਹੈ, ਤਾਂ ਤੁਸੀਂ ਆਪਣੇ ਪੁਸਤਕ ਅਧਿਐਨ ਨਿਗਾਹਬਾਨ ਦੀ ਮਦਦ ਲੈ ਸਕਦੇ ਹੋ। ਉਹ ਕਿਸੇ ਤਜਰਬੇਕਾਰ ਪ੍ਰਕਾਸ਼ਕ ਨੂੰ ਤੁਹਾਡੀ ਮਦਦ ਕਰਨ ਲਈ ਕਹਿ ਸਕਦਾ ਹੈ। ਇਕੱਠੇ ਗਵਾਹੀ ਦੇਣ ਨਾਲ ਤੁਸੀਂ ਇਕ-ਦੂਸਰੇ ਤੋਂ ਕਾਫ਼ੀ ਕੁਝ ਸਿੱਖ ਸਕੋਗੇ ਅਤੇ ਚੰਗੀ ਤਰ੍ਹਾਂ ਗਵਾਹੀ ਦੇਣ ਵਿਚ ਇਕ-ਦੂਸਰੇ ਦੀ ਮਦਦ ਕਰ ਸਕੋਗੇ। ਫ਼ੋਨ ਰਾਹੀਂ ਗਵਾਹੀ ਦੇਣ ਦੇ ਸੰਬੰਧ ਵਿਚ ਫਰਵਰੀ 2001, ਸਾਡੀ ਰਾਜ ਸੇਵਕਾਈ, ਸਫ਼ੇ 5-6 ਉੱਤੇ ਚੰਗੇ ਸੁਝਾਅ ਦਿੱਤੇ ਗਏ ਹਨ।
9. ਘਰ-ਘਰ ਪ੍ਰਚਾਰ ਕਰਨ ਲਈ ਅਸੀਂ ਬਾਈਬਲ ਵਿਦਿਆਰਥੀਆਂ ਨੂੰ ਕਿਵੇਂ ਤਿਆਰ ਕਰ ਸਕਦੇ ਹਾਂ?
9 ਯਿਸੂ ਦੀ ਮੌਤ ਦੇ ਯਾਦਗਾਰੀ ਸਮਾਰੋਹ ਵਿਚ ਆਉਣ ਨਾਲ ਬਾਈਬਲ ਵਿਦਿਆਰਥੀਆਂ ਨੂੰ ਯਹੋਵਾਹ ਦੀ ਹੋਰ ਜ਼ਿਆਦਾ ਪ੍ਰਸ਼ੰਸਾ ਕਰਨ ਦੀ ਪ੍ਰੇਰਣਾ ਮਿਲ ਸਕਦੀ ਹੈ। ਜੇ ਉਹ ਘਰ-ਘਰ ਪ੍ਰਚਾਰ ਕਰਨ ਤੋਂ ਡਰਦੇ ਹਨ, ਤਾਂ ਤੁਸੀਂ ਉਨ੍ਹਾਂ ਨੂੰ ਆਪਣੇ ਵਧੀਆ ਤਜਰਬੇ ਦੱਸ ਸਕਦੇ ਹੋ। ਇਸ ਤੋਂ ਇਲਾਵਾ, ਤੁਸੀਂ ਉਨ੍ਹਾਂ ਨੂੰ ਸਿਖਾ ਸਕਦੇ ਹੋ ਕਿ ਦੂਸਰਿਆਂ ਨੂੰ ਬਾਈਬਲ ਸਿੱਖਿਆਵਾਂ ਬਾਰੇ ਕਿਵੇਂ ਸਮਝਾਉਣਾ ਹੈ ਅਤੇ ਲੋਕਾਂ ਦੇ ਸਵਾਲਾਂ ਦੇ ਜਵਾਬ ਕਿਵੇਂ ਦੇਣੇ ਹਨ। (1 ਪਤ. 3:15) ਜੇ ਕੋਈ ਵਿਦਿਆਰਥੀ ਖ਼ੁਸ਼ ਖ਼ਬਰੀ ਦਾ ਪ੍ਰਕਾਸ਼ਕ ਬਣਨ ਦੀ ਇੱਛਾ ਜ਼ਾਹਰ ਕਰਦਾ ਹੈ, ਤਾਂ ਪ੍ਰਧਾਨ ਨਿਗਾਹਬਾਨ ਨਾਲ ਗੱਲ ਕਰੋ। ਉਹ ਵਿਦਿਆਰਥੀ ਨਾਲ ਗੱਲ ਕਰਨ ਲਈ ਕਿਸੇ ਬਜ਼ੁਰਗ ਦਾ ਇੰਤਜ਼ਾਮ ਕਰੇਗਾ ਤਾਂਕਿ ਇਹ ਪਤਾ ਲਗਾਇਆ ਜਾ ਸਕੇ ਕਿ ਵਿਦਿਆਰਥੀ ਘਰ-ਘਰ ਪ੍ਰਚਾਰ ਕਰਨ ਦੇ ਕਾਬਲ ਹੈ ਜਾਂ ਨਹੀਂ। ਜਦੋਂ ਨਵੇਂ ਲੋਕ ਯਹੋਵਾਹ ਦੇ ਰਾਜ ਦਾ ਪੱਖ ਲੈਂਦੇ ਹਨ, ਤਾਂ ਇਹ ਦੇਖ ਕੇ ਯਹੋਵਾਹ ਦਾ ਜੀਅ ਕਿੰਨਾ ਖ਼ੁਸ਼ ਹੁੰਦਾ ਹੋਣਾ!—ਕਹਾ. 27:11.
10. (ੳ) ਸਹਿਯੋਗੀ ਪਾਇਨੀਅਰੀ ਕਰਨ ਲਈ ਚੰਗੀ ਸਮਾਂ-ਸਾਰਣੀ ਕਿਉਂ ਜ਼ਰੂਰੀ ਹੈ? (ਅ) ਕੀ ਤੁਸੀਂ ਪਿਛਲੇ ਸਾਲ ਮਾਰਚ, ਅਪ੍ਰੈਲ ਜਾਂ ਮਈ ਵਿਚ ਸਹਿਯੋਗੀ ਪਾਇਨੀਅਰੀ ਕੀਤੀ ਸੀ? ਤੁਸੀਂ ਪਾਇਨੀਅਰੀ ਕਿਵੇਂ ਕਰ ਸਕੇ ਸੀ?
10 ਕੀ ਤੁਸੀਂ ਸਹਿਯੋਗੀ ਪਾਇਨੀਅਰੀ ਕਰ ਸਕਦੇ ਹੋ? ਸਹਿਯੋਗੀ ਪਾਇਨੀਅਰਾਂ ਨੂੰ ਮਹੀਨੇ ਵਿਚ 50 ਘੰਟੇ ਪ੍ਰਚਾਰ ਕਰਨਾ ਹੁੰਦਾ ਹੈ। ਇਸ ਮੰਗ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। (ਮੱਤੀ 5:37) ਇੰਨੇ ਘੰਟੇ ਕਰਨ ਲਈ ਤੁਹਾਨੂੰ ਹਰ ਹਫ਼ਤੇ ਔਸਤਨ 12 ਘੰਟੇ ਪ੍ਰਚਾਰ ਕਰਨ ਦਾ ਇੰਤਜ਼ਾਮ ਕਰਨਾ ਪਵੇਗਾ। ਕੀ ਸਫ਼ਾ 5 ਉੱਤੇ ਦਿੱਤੀਆਂ ਸਮਾਂ-ਸਾਰਣੀਆਂ ਵਿੱਚੋਂ ਕੋਈ ਇਕ ਤੁਹਾਡੇ ਹਾਲਾਤਾਂ ਉੱਤੇ ਢੁਕਦੀ ਹੈ? ਜੇ ਨਹੀਂ, ਤਾਂ ਕੀ ਤੁਸੀਂ ਆਪਣੇ ਲਈ ਅਜਿਹੀ ਸਮਾਂ-ਸਾਰਣੀ ਬਣਾ ਸਕਦੇ ਹੋ ਜਿਸ ਅਨੁਸਾਰ ਤੁਸੀਂ ਮਾਰਚ, ਅਪ੍ਰੈਲ ਜਾਂ ਮਈ ਵਿਚ ਸਹਿਯੋਗੀ ਪਾਇਨੀਅਰੀ ਕਰ ਸਕੋ? ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਉਹ ਤੁਹਾਡੇ ਜਤਨਾਂ ਨੂੰ ਸਫ਼ਲ ਕਰੇ।—ਕਹਾ. 16:3.
11. ਬਜ਼ੁਰਗ ਅਤੇ ਸਹਾਇਕ ਸੇਵਕ ਸਹਿਯੋਗੀ ਪਾਇਨੀਅਰਾਂ ਦੀ ਕਿਵੇਂ ਮਦਦ ਕਰ ਸਕਦੇ ਹਨ?
11 ਮਾਰਚ, ਅਪ੍ਰੈਲ ਅਤੇ ਮਈ ਵਿਚ ਯਹੋਵਾਹ ਦੀ ਵਧ-ਚੜ੍ਹ ਕੇ ਪ੍ਰਸ਼ੰਸਾ ਕਰਨ ਵਿਚ ਬਜ਼ੁਰਗ ਅਤੇ ਸਹਾਇਕ ਸੇਵਕ ਤੁਹਾਡੀ ਪੂਰੀ ਮਦਦ ਕਰਨਗੇ। ਉਨ੍ਹਾਂ ਵਿੱਚੋਂ ਵੀ ਕਈ ਸ਼ਾਇਦ ਸਹਿਯੋਗੀ ਪਾਇਨੀਅਰੀ ਕਰਨਗੇ। ਬਜ਼ੁਰਗ ਲੋੜ ਅਨੁਸਾਰ ਹਫ਼ਤੇ ਦੇ ਹਰ ਦਿਨ ਵੱਖ-ਵੱਖ ਸਮਿਆਂ ਤੇ ਅਤੇ ਖ਼ਾਸਕਰ ਸ਼ਾਮ ਵੇਲੇ ਸੇਵਕਾਈ ਲਈ ਸਭਾਵਾਂ ਕਰਨ ਦਾ ਪ੍ਰਬੰਧ ਕਰਨਗੇ। ਬਜ਼ੁਰਗ ਇਸ ਬਾਰੇ ਉਨ੍ਹਾਂ ਭਰਾਵਾਂ ਨਾਲ ਗੱਲ ਕਰ ਸਕਦੇ ਹਨ ਜਿਨ੍ਹਾਂ ਨੇ ਪਾਇਨੀਅਰੀ ਕਰਨ ਦੀ ਪੱਕੀ ਯੋਜਨਾ ਬਣਾਈ ਹੈ ਜਾਂ ਜੋ ਪਾਇਨੀਅਰੀ ਕਰਨ ਬਾਰੇ ਸੋਚ ਰਹੇ ਹਨ। ਫਿਰ ਉਹ ਤੈਅ ਕਰ ਸਕਦੇ ਹਨ ਕਿ ਸੇਵਕਾਈ ਲਈ ਸਭਾਵਾਂ ਕਿੱਥੇ ਅਤੇ ਕਦੋਂ ਕੀਤੀਆਂ ਜਾਣਗੀਆਂ ਅਤੇ ਕੌਣ ਅਗਵਾਈ ਕਰੇਗਾ। ਬਜ਼ੁਰਗ ਚੰਗੇ ਇੰਤਜ਼ਾਮ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ ਤਾਂਕਿ ਜਿਨ੍ਹਾਂ ਦਿਨਾਂ ਅਤੇ ਸਮਿਆਂ ਤੇ ਤੁਸੀਂ ਪ੍ਰਚਾਰ ਕਰੋਗੇ, ਤੁਹਾਨੂੰ ਸਾਥੀ ਦੀ ਕਮੀ ਨਾ ਹੋਵੇ। ਇਸ ਤਰ੍ਹਾਂ ਸਾਡੀਆਂ ਯੋਜਨਾਵਾਂ ਸਫ਼ਲ ਹੋਣਗੀਆਂ ਅਤੇ ਅਸੀਂ ਦੂਸਰਿਆਂ ਦਾ ਭਲਾ ਕਰ ਸਕਾਂਗੇ।—ਕਹਾ. 20:18.
12. ਕਿਹੜੀ ਗੱਲ ਸਾਨੂੰ ਹਰ ਵੇਲੇ ਯਹੋਵਾਹ ਦੀ ਉਸਤਤ ਕਰਨ ਲਈ ਪ੍ਰੇਰਿਤ ਕਰਦੀ ਹੈ?
12 ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੋ: ਜੇ ਤੁਹਾਡੇ ਹਾਲਾਤ ਤੁਹਾਨੂੰ ਸਹਿਯੋਗੀ ਪਾਇਨੀਅਰੀ ਕਰਨ ਦੀ ਇਜਾਜ਼ਤ ਨਹੀਂ ਦਿੰਦੇ, ਤਾਂ ਹੌਸਲਾ ਨਾ ਹਾਰੋ। ਯਾਦ ਰੱਖੋ ਕਿ ਸਾਡੀ ਮਿਹਨਤ ਅਤੇ ਕੁਰਬਾਨੀ ਯਹੋਵਾਹ ਨੂੰ “ਉਸ ਦੇ ਅਨੁਸਾਰ ਜੋ ਕਿਸੇ ਕੋਲ ਹੈ ਪਰਵਾਨ ਹੁੰਦੀ ਹੈ ਨਾ ਉਸ ਦੇ ਅਨੁਸਾਰ ਜੋ ਉਸ ਦੇ ਕੋਲ ਨਹੀਂ ਹੈ।” (2 ਕੁਰਿੰ. 8:12) ਸਾਡੇ ਕੋਲ ਯਹੋਵਾਹ ਦਾ ਧੰਨਵਾਦ ਕਰਨ ਦੇ ਬਹੁਤ ਸਾਰੇ ਕਾਰਨ ਹਨ। ਇਸੇ ਲਈ ਦਾਊਦ ਨੇ ਲਿਖਿਆ: “ਮੈਂ ਹਰ ਵੇਲੇ ਯਹੋਵਾਹ ਨੂੰ ਮੁਬਾਰਕ ਆਖਾਂਗਾ, ਉਹ ਦੀ ਉਸਤਤ ਸਦਾ ਮੇਰੇ ਮੂੰਹ ਵਿੱਚ ਹੋਵੇਗੀ।” (ਜ਼ਬੂ. 34:1) ਆਓ ਆਪਾਂ ਵੀ ਮਾਰਚ, ਅਪ੍ਰੈਲ ਤੇ ਮਈ ਵਿਚ ਇਹੋ ਕਰਨ ਦਾ ਸੰਕਲਪ ਕਰੀਏ।
[ਸਫ਼ੇ 3 ਉੱਤੇ ਡੱਬੀ]
ਤੁਸੀਂ ਜ਼ਿਆਦਾ ਪ੍ਰਚਾਰ ਕਰਨ ਲਈ ਕੀ ਕਰੋਗੇ?
◼ ਉਦੋਂ ਪ੍ਰਚਾਰ ਕਰੋ ਜਦੋਂ ਲੋਕ ਘਰ ਹੋਣ
◼ ਜਨਤਕ ਥਾਵਾਂ ਤੇ ਗਵਾਹੀ ਦਿਓ
◼ ਕੰਮ ਤੇ ਜਾਂ ਸਕੂਲ ਵਿਚ ਗਵਾਹੀ ਦਿਓ
◼ ਫ਼ੋਨ ਰਾਹੀਂ ਪ੍ਰਚਾਰ ਕਰੋ
◼ ਸਹਿਯੋਗੀ ਪਾਇਨੀਅਰੀ ਕਰੋ
[ਸਫ਼ੇ 5 ਉੱਤੇ ਚਾਰਟ]
ਸਹਿਯੋਗੀ ਪਾਇਨੀਅਰੀ ਲਈ ਸਮਾਂ-ਸਾਰਣੀ ਹਰ ਹਫ਼ਤੇ 12 ਘੰਟੇ ਪ੍ਰਚਾਰ ਕਰਨ ਦੇ ਤਰੀਕੇ
ਸਵੇਰੇ—ਸੋਮਵਾਰ ਤੋਂ ਸ਼ਨੀਵਾਰ ਤਕ
ਕਿਸੇ ਵੀ ਦਿਨ ਦੀ ਜਗ੍ਹਾ ਐਤਵਾਰ ਪ੍ਰਚਾਰ ਕੀਤਾ ਜਾ ਸਕਦਾ ਹੈ।
ਦਿਨ ਸਮਾਂ ਘੰਟੇ
ਸੋਮਵਾਰ ਸਵੇਰੇ 2
ਮੰਗਲਵਾਰ ਸਵੇਰੇ 2
ਬੁੱਧਵਾਰ ਸਵੇਰੇ 2
ਵੀਰਵਾਰ ਸਵੇਰੇ 2
ਸ਼ੁੱਕਰਵਾਰ ਸਵੇਰੇ 2
ਸ਼ਨੀਵਾਰ ਸਵੇਰੇ 2
ਕੁੱਲ ਘੰਟੇ: 12
ਦੋ ਪੂਰੇ ਦਿਨ
ਹਫ਼ਤੇ ਦੇ ਕੋਈ ਵੀ ਦੋ ਦਿਨ ਚੁਣੇ ਜਾ ਸਕਦੇ ਹਨ। (ਧਿਆਨ ਨਾਲ ਦਿਨ ਚੁਣੋ ਕਿਉਂਕਿ ਕੁਝ ਦਿਨ ਚੁਣਨ ਨਾਲ ਤੁਸੀਂ ਮਹੀਨੇ ਵਿਚ ਸਿਰਫ਼ 48 ਘੰਟੇ ਹੀ ਪ੍ਰਚਾਰ ਕਰ ਪਾਓਗੇ।)
ਦਿਨ ਸਮਾਂ ਘੰਟੇ
ਬੁੱਧਵਾਰ ਪੂਰਾ ਦਿਨ 6
ਸ਼ਨੀਵਾਰ ਪੂਰਾ ਦਿਨ 6
ਕੁੱਲ ਘੰਟੇ: 12
ਦੋ ਸ਼ਾਮਾਂ ਅਤੇ ਸ਼ਨੀਵਾਰ-ਐਤਵਾਰ
ਸੋਮਵਾਰ ਤੋਂ ਸ਼ੁੱਕਰਵਾਰ ਤਕ ਕਿਸੇ ਵੀ ਦੋ ਦਿਨ ਸ਼ਾਮ ਨੂੰ ਪ੍ਰਚਾਰ ਕੀਤਾ ਜਾ ਸਕਦਾ ਹੈ।
ਦਿਨ ਸਮਾਂ ਘੰਟੇ
ਸੋਮਵਾਰ ਸ਼ਾਮ 1 1/2
ਬੁੱਧਵਾਰ ਸ਼ਾਮ 1 1/2
ਸ਼ਨੀਵਾਰ ਪੂਰਾ ਦਿਨ 6
ਐਤਵਾਰ ਅੱਧਾ ਦਿਨ 3
ਕੁੱਲ ਘੰਟੇ: 12
ਤਿੰਨ ਦਿਨ ਦੁਪਹਿਰ ਨੂੰ ਤੇ ਸ਼ਨੀਵਾਰ
ਕਿਸੇ ਵੀ ਦਿਨ ਦੀ ਜਗ੍ਹਾ ਐਤਵਾਰ ਪ੍ਰਚਾਰ ਕੀਤਾ ਜਾ ਸਕਦਾ ਹੈ।
ਦਿਨ ਸਮਾਂ ਘੰਟੇ
ਸੋਮਵਾਰ ਦੁਪਹਿਰ 2
ਬੁੱਧਵਾਰ ਦੁਪਹਿਰ 2
ਸ਼ੁੱਕਰਵਾਰ ਦੁਪਹਿਰ 2
ਸ਼ਨੀਵਾਰ ਪੂਰਾ ਦਿਨ 6
ਕੁੱਲ ਘੰਟੇ: 12
ਮੇਰੀ ਆਪਣੀ ਸਮਾਂ-ਸਾਰਣੀ
ਨਿਸ਼ਚਿਤ ਕਰੋ ਕਿ ਤੁਸੀਂ ਹਰ ਦਿਨ ਕਿੰਨੇ ਘੰਟੇ ਪ੍ਰਚਾਰ ਕਰੋਗੇ।
ਦਿਨ ਸਮਾਂ ਘੰਟੇ
ਸੋਮਵਾਰ
ਮੰਗਲਵਾਰ
ਬੁੱਧਵਾਰ
ਵੀਰਵਾਰ
ਸ਼ੁੱਕਰਵਾਰ
ਸ਼ਨੀਵਾਰ
ਐਤਵਾਰ
ਕੁੱਲ ਘੰਟੇ: 12