‘ਕਿਰਪਾ ਦੀ ਖੁਸ਼ ਖਬਰੀ ਉੱਤੇ ਸਾਖੀ ਭਰੋ’
1. ਅਸੀਂ ਦੂਸਰਿਆਂ ਨੂੰ ਕਿਹੜੀ ਖ਼ੁਸ਼ ਖ਼ਬਰੀ ਦੇ ਸਕਦੇ ਹਾਂ?
1 ਇਸ ਸੰਸਾਰ ਵਿਚ ਬਹੁਤ ਘੱਟ ਖ਼ੁਸ਼ ਖ਼ਬਰੀ ਸੁਣਨ ਨੂੰ ਮਿਲਦੀ ਹੈ। ਪਰ ਸਾਨੂੰ ‘ਪਰਮੇਸ਼ੁਰ ਦੀ ਕਿਰਪਾ ਦੀ ਖੁਸ਼ ਖਬਰੀ ਉੱਤੇ ਸਾਖੀ ਭਰਨ’ ਦਾ ਸਨਮਾਨ ਮਿਲਿਆ ਹੈ। (ਰਸੂ. 20:24) ਅਸੀਂ ਲੋਕਾਂ ਨੂੰ ਜਾ ਕੇ ਦੱਸਦੇ ਹਾਂ ਕਿ ਅਸੀਂ ਇਸ ਦੁਸ਼ਟ ਦੁਨੀਆਂ ਦੇ “ਅੰਤ ਦਿਆਂ ਦਿਨਾਂ” ਵਿਚ ਜੀ ਰਹੇ ਹਾਂ ਅਤੇ ਜਲਦੀ ਹੀ ਯਹੋਵਾਹ ਦਾ ਨਵਾਂ ਧਰਮੀ ਸੰਸਾਰ ਆਉਣ ਵਾਲਾ ਹੈ ਜਿੱਥੇ ‘ਪਹਿਲੀਆਂ ਗੱਲਾਂ ਨਹੀਂ ਰਹਿਣਗੀਆਂ।’ (2 ਤਿਮੋ. 3:1-5; ਪਰ. 21:4) ਉਸ ਸਮੇਂ ਕੋਈ ਬੀਮਾਰੀ ਨਹੀਂ ਹੋਵੇਗੀ। (ਯਸਾ. 33:24) ਮਰ ਚੁੱਕੇ ਲੋਕ ਮੁੜ ਜ਼ਿੰਦਾ ਕੀਤੇ ਜਾਣਗੇ ਤੇ ਆਪਣੇ ਪਰਿਵਾਰਾਂ ਤੇ ਦੋਸਤ-ਮਿੱਤਰਾਂ ਨਾਲ ਮਿਲ ਕੇ ਧਰਤੀ ਉੱਤੇ ਵੱਸਣਗੇ। (ਯੂਹੰ. 5:28, 29) ਉਸ ਸਮੇਂ ਸਾਰੇ ਲੋਕ ਧਰਤੀ ਨੂੰ ਸੁੰਦਰ ਬਾਗ਼ ਬਣਾਉਣ ਵਿਚ ਹਿੱਸਾ ਲੈਣਗੇ। (ਯਸਾ. 65:21-23) ਇਹ ਗੱਲਾਂ ਵਾਕਈ ਖ਼ੁਸ਼ ਖ਼ਬਰੀ ਹਨ!
2. ਖ਼ੁਸ਼ ਖ਼ਬਰੀ ਸੁਣਾਉਣ ਲਈ ਮਾਰਚ, ਅਪ੍ਰੈਲ ਤੇ ਮਈ ਵਧੀਆ ਮਹੀਨੇ ਕਿਉਂ ਹਨ?
2 ਅਜਿਹੀ ਖ਼ੁਸ਼ ਖ਼ਬਰੀ ਸੁਣਾਉਣ ਲਈ ਮਾਰਚ, ਅਪ੍ਰੈਲ ਤੇ ਮਈ ਵਧੀਆ ਮਹੀਨੇ ਹਨ। ਦੁਨੀਆਂ ਦੇ ਕਈ ਦੇਸ਼ਾਂ ਵਿਚ ਇਨ੍ਹਾਂ ਮਹੀਨਿਆਂ ਦੌਰਾਨ ਮੌਸਮ ਵਧੀਆ ਹੁੰਦਾ ਹੈ। ਦਿਨ ਵੀ ਲੰਬੇ ਹੁੰਦੇ ਹਨ ਜਿਸ ਕਰਕੇ ਅਸੀਂ ਸੇਵਕਾਈ ਵਿਚ ਜ਼ਿਆਦਾ ਸਮਾਂ ਲਗਾ ਸਕਦੇ ਹਾਂ। ਇਸ ਤੋਂ ਇਲਾਵਾ, ਸੰਸਾਰ ਭਰ ਵਿਚ ਸ਼ਨੀਵਾਰ, 22 ਮਾਰਚ ਨੂੰ ਸੂਰਜ ਡੁੱਬਣ ਤੇ ਸਾਲ ਦਾ ਸਭ ਤੋਂ ਅਹਿਮ ਉਤਸਵ ਯਾਨੀ ਯਿਸੂ ਦੀ ਮੌਤ ਦੀ ਵਰ੍ਹੇਗੰਢ ਮਨਾਈ ਜਾਵੇਗੀ। ਇਸ ਕਰਕੇ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਸਮਾਂ ਲਗਾਉਣ ਦੀਆਂ ਹੁਣ ਤੋਂ ਹੀ ਤਿਆਰੀਆਂ ਕਰੋ।
3. ਪਰਿਵਾਰ ਦੇ ਸਾਰੇ ਜੀਅ ਪ੍ਰਚਾਰ ਕਰਨ ਵਿਚ ਜ਼ਿਆਦਾ ਸਮਾਂ ਕਿਵੇਂ ਲਗਾ ਸਕਦੇ ਹਨ?
3 ਔਗਜ਼ੀਲਰੀ ਪਾਇਨੀਅਰੀ: ਕੀ ਤੁਸੀਂ ਇਕ, ਦੋ ਜਾਂ ਤਿੰਨੇ ਮਹੀਨੇ ਔਗਜ਼ੀਲਰੀ ਪਾਇਨੀਅਰੀ ਕਰਨ ਦਾ ਪ੍ਰਬੰਧ ਕਰ ਸਕਦੇ ਹੋ? ਆਪਣੇ ਅਗਲੇ ਪਰਿਵਾਰਕ ਅਧਿਐਨ ਦੌਰਾਨ ਕਿਉਂ ਨਾ ਇਸ ਬਾਰੇ ਗੱਲ ਕਰੋ? ਸਾਰਿਆਂ ਦੇ ਸਹਿਯੋਗ ਨਾਲ ਘਰ ਦੇ ਇਕ ਜਾਂ ਦੋ ਮੈਂਬਰ ਸ਼ਾਇਦ ਔਗਜ਼ੀਲਰੀ ਪਾਇਨੀਅਰੀ ਕਰ ਸਕਣ। (ਕਹਾ. 15:22) ਯਹੋਵਾਹ ਨੂੰ ਪ੍ਰਾਰਥਨਾ ਕਰੋ ਤੇ ਦੇਖੋ ਕਿ ਉਹ ਕਿਵੇਂ ਤੁਹਾਡੇ ਜਤਨਾਂ ਉੱਤੇ ਬਰਕਤ ਪਾਉਂਦਾ ਹੈ। (ਕਹਾ. 16:3) ਜੇ ਪਰਿਵਾਰ ਦਾ ਕੋਈ ਵੀ ਜੀਅ ਔਗਜ਼ੀਲਰੀ ਪਾਇਨੀਅਰੀ ਨਹੀਂ ਕਰ ਸਕਦਾ, ਤਾਂ ਵੀ ਸਾਰੇ ਜਣੇ ਪਾਇਨੀਅਰੀ ਕਰ ਰਹੇ ਭੈਣ-ਭਰਾਵਾਂ ਨਾਲ ਮਿਲ ਕੇ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਘੰਟੇ ਬਿਤਾਉਣ ਦਾ ਟੀਚਾ ਰੱਖ ਸਕਦੇ ਹਨ।
4. ਫੁਲ-ਟਾਈਮ ਨੌਕਰੀ ਕਰਦੇ ਹੋਏ ਵੀ ਤੁਸੀਂ ਔਗਜ਼ੀਲਰੀ ਪਾਇਨੀਅਰੀ ਕਿਵੇਂ ਕਰ ਸਕਦੇ ਹੋ?
4 ਜੇ ਤੁਸੀਂ ਫੁਲ-ਟਾਈਮ ਨੌਕਰੀ ਕਰਦੇ ਹੋ, ਤਾਂ ਤੁਸੀਂ ਸਮਾਂ ਕੱਢ ਕੇ ਔਗਜ਼ੀਲਰੀ ਪਾਇਨੀਅਰੀ ਕਰ ਸਕਦੇ ਹੋ। ਤੁਸੀਂ ਸ਼ਾਇਦ ਦੁਪਹਿਰ ਦੀ ਛੁੱਟੀ ਵੇਲੇ ਕੁਝ ਸਮਾਂ ਕੱਢ ਕੇ ਪ੍ਰਚਾਰ ਕਰ ਸਕਦੇ ਹੋ। ਜਾਂ ਤੁਸੀਂ ਆਪਣੇ ਘਰ ਜਾਂ ਦਫ਼ਤਰ ਦੇ ਨੇੜੇ ਕਿਸੇ ਇਲਾਕੇ ਦਾ ਨਕਸ਼ਾ ਲੈ ਕੇ ਕੰਮ ਤੇ ਜਾਣ ਤੋਂ ਘੰਟਾ ਕੁ ਪਹਿਲਾਂ ਜਾਂ ਬਾਅਦ ਵਿਚ ਪ੍ਰਚਾਰ ਕਰ ਸਕਦੇ ਹੋ। ਜਿਹੜੇ ਘੱਟ ਜ਼ਰੂਰੀ ਕੰਮ ਹਨ, ਉਨ੍ਹਾਂ ਨੂੰ ਕਿਸੇ ਹੋਰ ਮਹੀਨੇ ਕਰਨ ਦੀ ਯੋਜਨਾ ਬਣਾਓ। ਸ਼ਨੀਵਾਰ-ਐਤਵਾਰ ਨੂੰ ਸਾਰਾ ਦਿਨ ਪ੍ਰਚਾਰ ਕਰ ਕੇ ਵੀ ਤੁਸੀਂ ਘੰਟੇ ਪੂਰੇ ਕਰ ਸਕਦੇ ਹੋ। ਕਈ ਭੈਣ-ਭਰਾ ਕੰਮ ਤੋਂ ਇਕ-ਦੋ ਦਿਨ ਛੁੱਟੀ ਲੈ ਕੇ ਪੂਰਾ ਦਿਨ ਪ੍ਰਚਾਰ ਕਰਦੇ ਹਨ।
5. ਤੁਸੀਂ ਬਿਰਧ ਜਾਂ ਬੀਮਾਰ ਭੈਣਾਂ-ਭਰਾਵਾਂ ਦੀ ਔਗਜ਼ੀਲਰੀ ਪਾਇਨੀਅਰੀ ਕਰਨ ਵਿਚ ਕਿਵੇਂ ਮਦਦ ਕਰ ਸਕਦੇ ਹੋ?
5 ਜੇ ਤੁਸੀਂ ਬਿਰਧ ਜਾਂ ਬੀਮਾਰ ਹੋ, ਤਾਂ ਤੁਸੀਂ ਰੋਜ਼ਾਨਾ ਥੋੜ੍ਹਾ-ਥੋੜ੍ਹਾ ਸਮਾਂ ਪ੍ਰਚਾਰ ਕਰ ਕੇ ਸ਼ਾਇਦ ਔਗਜ਼ੀਲਰੀ ਪਾਇਨੀਅਰੀ ਕਰ ਸਕੋ। ਯਹੋਵਾਹ ਤੋਂ “ਸਮਰੱਥਾ” ਮੰਗੋ। (2 ਕੁਰਿੰ. 4:7) ਆਪਣੇ ਮਸੀਹੀ ਰਿਸ਼ਤੇਦਾਰਾਂ ਤੇ ਕਲੀਸਿਯਾ ਦੇ ਭੈਣਾਂ-ਭਰਾਵਾਂ ਦੀ ਮਦਦ ਨਾਲ ਇਕ 106 ਸਾਲਾਂ ਦੀ ਭੈਣ ਘਰ-ਘਰ ਜਾ ਕੇ, ਰੁਚੀ ਲੈਣ ਵਾਲੇ ਲੋਕਾਂ ਨੂੰ ਦੁਬਾਰਾ ਮਿਲ ਕੇ, ਬਾਈਬਲ ਸਟੱਡੀਆਂ ਤੇ ਜਾ ਕੇ ਤੇ ਹੋਰਨਾਂ ਤਰੀਕਿਆਂ ਨਾਲ ਪ੍ਰਚਾਰ ਕਰ ਕੇ ਔਗਜ਼ੀਲਰੀ ਪਾਇਨੀਅਰੀ ਕਰ ਸਕੀ! ਨਤੀਜੇ ਵਜੋਂ, ਉਸ ਨੇ ਦਸ ਲੋਕਾਂ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ। ਉਸ ਨੇ ਕਿਹਾ ਕਿ “ਮੈਂ ਬੇਹੱਦ ਖ਼ੁਸ਼ ਹਾਂ ਕਿ ਮੈਂ ਔਗਜ਼ੀਲਰੀ ਪਾਇਨੀਅਰੀ ਕਰ ਸਕੀ। ਇਸ ਵੱਡੇ ਸਨਮਾਨ ਲਈ ਮੈਂ ਯਹੋਵਾਹ, ਉਸ ਦੇ ਪੁੱਤਰ ਤੇ ਉਸ ਦੀ ਸੰਸਥਾ ਦੀ ਬਹੁਤ ਸ਼ੁਕਰਗੁਜ਼ਾਰ ਹਾਂ। ਮੈਂ ਸੱਚੇ ਦਿਲੋਂ ਯਹੋਵਾਹ ਦਾ ਧੰਨਵਾਦ ਕਰਦੀ ਹਾਂ!”
6. ਸਕੂਲ ਜਾਂਦੇ ਬਪਤਿਸਮਾ-ਪ੍ਰਾਪਤ ਨੌਜਵਾਨ ਕਿਵੇਂ ਔਗਜ਼ੀਲਰੀ ਪਾਇਨੀਅਰੀ ਕਰ ਸਕਦੇ ਹਨ?
6 ਜੇ ਤੁਸੀਂ ਬਪਤਿਸਮਾ-ਪ੍ਰਾਪਤ ਨੌਜਵਾਨ ਹੋ ਅਤੇ ਸਕੂਲ ਜਾਂਦੇ ਹੋ, ਤਾਂ ਵੀ ਤੁਸੀਂ ਔਗਜ਼ੀਲਰੀ ਪਾਇਨੀਅਰੀ ਕਰ ਸਕਦੇ ਹੋ। ਫੁਲ-ਟਾਈਮ ਕੰਮ ਕਰਨ ਵਾਲੇ ਭੈਣਾਂ-ਭਰਾਵਾਂ ਦੀ ਤਰ੍ਹਾਂ ਤੁਸੀਂ ਵੀ ਸ਼ਨੀਵਾਰ-ਐਤਵਾਰ ਨੂੰ ਪ੍ਰਚਾਰ ਵਿਚ ਜ਼ਿਆਦਾ ਸਮਾਂ ਲਗਾ ਸਕਦੇ ਹੋ। ਕੁਝ ਦਿਨ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਤੁਸੀਂ ਘੰਟਾ ਕੁ ਪ੍ਰਚਾਰ ਕਰ ਸਕਦੇ ਹੋ। ਜੇ ਸਕੂਲ ਵਿਚ ਕੋਈ ਛੁੱਟੀ ਹੋਣ ਵਾਲੀ ਹੈ, ਤਾਂ ਤੁਸੀਂ ਉਹ ਸਮਾਂ ਵੀ ਪ੍ਰਚਾਰ ਵਿਚ ਲਗਾ ਸਕਦੇ ਹੋ। ਜੇ ਤੁਸੀਂ ਔਗਜ਼ੀਲਰੀ ਪਾਇਨੀਅਰੀ ਕਰਨਾ ਚਾਹੁੰਦੇ ਹੋ, ਤਾਂ ਆਪਣੇ ਮਾਪਿਆਂ ਨਾਲ ਗੱਲ ਕਰੋ।
7. ਮਾਰਚ, ਅਪ੍ਰੈਲ ਤੇ ਮਈ ਮਹੀਨਿਆਂ ਵਿਚ ਹੋਰ ਜ਼ਿਆਦਾ ਪ੍ਰਚਾਰ ਕਰਨ ਲਈ ਬਜ਼ੁਰਗ ਭੈਣਾਂ-ਭਰਾਵਾਂ ਦਾ ਜੋਸ਼ ਕਿਵੇਂ ਵਧਾ ਸਕਦੇ ਹਨ?
7 ਭੈਣਾਂ-ਭਰਾਵਾਂ ਦਾ ਜੋਸ਼ ਵਧਾਓ: ਬਜ਼ੁਰਗ ਆਪਣੀ ਚੰਗੀ ਮਿਸਾਲ ਦੁਆਰਾ ਭੈਣਾਂ-ਭਰਾਵਾਂ ਦਾ ਕਾਫ਼ੀ ਜੋਸ਼ ਵਧਾ ਸਕਦੇ ਹਨ। (1 ਪਤ. 5:2, 3) ਉਹ ਉਨ੍ਹਾਂ ਭੈਣਾਂ-ਭਰਾਵਾਂ ਵਾਸਤੇ ਵੱਖ-ਵੱਖ ਸਮਿਆਂ ਤੇ ਪ੍ਰਚਾਰ ਕਰਨ ਦੇ ਪ੍ਰਬੰਧ ਕਰ ਸਕਦੇ ਹਨ ਜੋ ਸੁਵਖਤੇ, ਸਕੂਲ ਜਾਂ ਕੰਮ ਤੋਂ ਬਾਅਦ ਪ੍ਰਚਾਰ ਕਰਨਾ ਚਾਹੁੰਦੇ ਹਨ। ਸੇਵਾ ਨਿਗਾਹਬਾਨ ਹਰ ਗਰੁੱਪ ਦੀ ਅਗਵਾਈ ਕਰਨ ਲਈ ਕਿਸੇ ਕਾਬਲ ਭਰਾ ਨੂੰ ਨਿਯੁਕਤ ਕਰੇਗਾ। ਉਹ ਸਾਰਿਆਂ ਲਈ ਪ੍ਰਚਾਰ ਕਰਨ ਵਾਸਤੇ ਕਾਫ਼ੀ ਸਾਰੇ ਇਲਾਕੇ ਅਤੇ ਸਾਹਿੱਤ ਦਾ ਪ੍ਰਬੰਧ ਕਰੇਗਾ।
8. ਇਕ ਕਲੀਸਿਯਾ ਦੇ ਬਜ਼ੁਰਗਾਂ ਦੀ ਮਿਸਾਲ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
8 ਇਕ ਕਲੀਸਿਯਾ ਦੇ ਬਜ਼ੁਰਗ ਕਈ ਮਹੀਨੇ ਪਹਿਲਾਂ ਭੈਣਾਂ-ਭਰਾਵਾਂ ਨੂੰ ਔਗਜ਼ੀਲਰੀ ਪਾਇਨੀਅਰੀ ਕਰਨ ਦੀ ਹੱਲਾਸ਼ੇਰੀ ਦੇਣ ਲੱਗ ਪਏ। ਉਹ ਹਰ ਹਫ਼ਤੇ ਭੈਣਾਂ-ਭਰਾਵਾਂ ਨੂੰ ਦੱਸਦੇ ਰਹੇ ਕਿ ਹੋਰ ਕਿੰਨੇ ਭੈਣਾਂ-ਭਰਾਵਾਂ ਨੇ ਔਗਜ਼ੀਲਰੀ ਪਾਇਨੀਅਰੀ ਕਰਨ ਲਈ ਅਰਜ਼ੀ ਭਰੀ ਹੈ। ਇਸ ਨਾਲ ਦੂਸਰੇ ਭੈਣਾਂ-ਭਰਾਵਾਂ ਨੇ ਪਾਇਨੀਅਰਾਂ ਨਾਲ ਮਿਲ ਕੇ ਜ਼ਿਆਦਾ ਪ੍ਰਚਾਰ ਕਰਨ ਦੀਆਂ ਯੋਜਨਾਵਾਂ ਬਣਾਈਆਂ। ਸੁਵਖਤੇ ਤੇ ਸ਼ਾਮ ਨੂੰ ਵਧੇਰੇ ਪ੍ਰਚਾਰ ਕਰਨ ਦੇ ਪ੍ਰਬੰਧ ਕੀਤੇ ਗਏ। ਨਤੀਜੇ ਵਜੋਂ, ਤਕਰੀਬਨ ਅੱਧੀ ਕਲੀਸਿਯਾ ਯਾਨੀ 53 ਪਬਲੀਸ਼ਰਾਂ ਨੇ ਅਪ੍ਰੈਲ ਵਿਚ ਔਗਜ਼ੀਲਰੀ ਪਾਇਨੀਅਰੀ ਕੀਤੀ। ਜਿਨ੍ਹਾਂ ਇਲਾਕਿਆਂ ਵਿਚ ਲੋਕ ਸਾਡਾ ਵਿਰੋਧ ਕਰਦੇ ਹਨ, ਉੱਥੇ ਬਜ਼ੁਰਗਾਂ ਨੂੰ ਭੈਣਾਂ-ਭਰਾਵਾਂ ਨੂੰ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣ ਦੀ ਜ਼ਿਆਦਾ ਹੱਲਾਸ਼ੇਰੀ ਦੇਣੀ ਪਵੇਗੀ। ਉੱਥੇ ਵੱਖ-ਵੱਖ ਤਰੀਕਿਆਂ ਨਾਲ ਗਵਾਹੀ ਦੇਣ ਦਾ ਕੰਮ ਕੀਤਾ ਜਾ ਸਕਦਾ ਹੈ, ਜਿਵੇਂ ਚਿੱਠੀਆਂ ਲਿਖ ਕੇ, ਟੈਲੀਫ਼ੋਨ ਰਾਹੀਂ ਆਦਿ। ਇਕ ਸੇਵਾ ਸਭਾ ਵਿਚ ਦਿਖਾਓ ਕਿ ਇਨ੍ਹਾਂ ਤਰੀਕਿਆਂ ਨਾਲ ਗਵਾਹੀ ਕਿਵੇਂ ਦੇਣੀ ਹੈ।
9. ਮਾਰਚ, ਅਪ੍ਰੈਲ ਤੇ ਮਈ ਮਹੀਨੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਸ਼ੁਰੂ ਕਰਨ ਦਾ ਵਧੀਆ ਸਮਾਂ ਕਿਉਂ ਹੈ?
9 ਪ੍ਰਚਾਰ ਕਰਨ ਵਿਚ ਦੂਸਰਿਆਂ ਦੀ ਮਦਦ ਕਰੋ: ਜਦੋਂ ਨਵੇਂ ਲੋਕ ਅਤੇ ਬੱਚੇ ਪਬਲੀਸ਼ਰ ਬਣਦੇ ਹਨ, ਤਾਂ ਤਜਰਬੇਕਾਰ ਭੈਣ-ਭਰਾ ਉਨ੍ਹਾਂ ਨਾਲ ਪ੍ਰਚਾਰ ਕਰਨ ਵਿਚ ਪਹਿਲ ਕਰ ਸਕਦੇ ਹਨ। ਨਵੇਂ ਪਬਲੀਸ਼ਰ ਮਾਰਚ, ਅਪ੍ਰੈਲ ਤੇ ਮਈ ਮਹੀਨਿਆਂ ਵਿਚ ਪ੍ਰਚਾਰ ਸ਼ੁਰੂ ਕਰ ਸਕਦੇ ਹਨ ਜਦੋਂ ਭੈਣ-ਭਰਾ ਪ੍ਰਚਾਰ ਵਿਚ ਜ਼ਿਆਦਾ ਸਮਾਂ ਲਾਉਂਦੇ ਹਨ। ਕੀ ਤੁਹਾਡਾ ਕੋਈ ਬਾਈਬਲ ਵਿਦਿਆਰਥੀ ਯਹੋਵਾਹ ਦੇ ਧਰਮੀ ਮਿਆਰਾਂ ਅਨੁਸਾਰ ਜ਼ਿੰਦਗੀ ਬਤੀਤ ਕਰ ਰਿਹਾ ਹੈ? ਕੀ ਤੁਹਾਡੇ ਬੱਚੇ ਬੀਬੇ ਹਨ ਜੋ ਚੰਗੀ ਤਰੱਕੀ ਕਰ ਰਹੇ ਹਨ ਪਰ ਅਜੇ ਪਬਲੀਸ਼ਰ ਨਹੀਂ ਬਣੇ? ਜੇ ਉਹ ਪਬਲੀਸ਼ਰ ਬਣਨਾ ਚਾਹੁੰਦੇ ਹਨ ਤੇ ਤੁਹਾਨੂੰ ਲੱਗਦਾ ਹੈ ਕਿ ਉਹ ਇਸ ਲਾਇਕ ਹਨ, ਤਾਂ ਤੁਸੀਂ ਕਿਸੇ ਬਜ਼ੁਰਗ ਨਾਲ ਇਸ ਬਾਰੇ ਗੱਲ ਕਰੋ। ਪ੍ਰਧਾਨ ਨਿਗਾਹਬਾਨ ਦੋ ਬਜ਼ੁਰਗਾਂ ਦਾ ਪ੍ਰਬੰਧ ਕਰੇਗਾ ਜੋ ਤੁਹਾਡੇ ਅਤੇ ਤੁਹਾਡੇ ਬੱਚੇ ਨਾਲ ਇਸ ਬਾਰੇ ਗੱਲ ਕਰਨਗੇ। ਤੁਹਾਡੇ ਵਿਦਿਆਰਥੀ ਲਈ ਵੀ ਇਸੇ ਤਰ੍ਹਾਂ ਪ੍ਰਬੰਧ ਕੀਤਾ ਜਾ ਸਕਦਾ ਹੈ।
10. ਬਜ਼ੁਰਗ ਢਿੱਲੇ ਪੈ ਚੁੱਕੇ ਭੈਣਾਂ-ਭਰਾਵਾਂ ਦੀ ਫਿਰ ਤੋਂ ਪ੍ਰਚਾਰ ਕਰਨ ਵਿਚ ਕਿਵੇਂ ਮਦਦ ਕਰ ਸਕਦੇ ਹਨ?
10 ਪਰਮੇਸ਼ੁਰ ਦੀ ਸੇਵਾ ਵਿਚ ਢਿੱਲੇ ਪੈ ਚੁੱਕੇ ਭੈਣਾਂ-ਭਰਾਵਾਂ ਲਈ ਵੀ ਆਉਣ ਵਾਲੇ ਮਹੀਨਿਆਂ ਵਿਚ ਫਿਰ ਤੋਂ ਪ੍ਰਚਾਰ ਸ਼ੁਰੂ ਕਰਨ ਦਾ ਵਧੀਆ ਮੌਕਾ ਹੈ। ਬੁੱਕ ਸਟੱਡੀ ਨਿਗਾਹਬਾਨਾਂ ਤੇ ਹੋਰਨਾਂ ਬਜ਼ੁਰਗਾਂ ਨੂੰ ਵੀ ਅਜਿਹੇ ਭੈਣਾਂ-ਭਰਾਵਾਂ ਨੂੰ ਜਾ ਕੇ ਮਿਲਣ ਅਤੇ ਆਪਣੇ ਨਾਲ ਕੰਮ ਕਰਨ ਦੀ ਹੱਲਾਸ਼ੇਰੀ ਦੇਣੀ ਚਾਹੀਦੀ ਹੈ। ਜੇ ਉਨ੍ਹਾਂ ਨੇ ਕਾਫ਼ੀ ਚਿਰ ਤੋਂ ਪ੍ਰਚਾਰ ਨਹੀਂ ਕੀਤਾ ਹੈ, ਤਾਂ ਦੋ ਬਜ਼ੁਰਗ ਉਨ੍ਹਾਂ ਨਾਲ ਗੱਲ ਕਰਨ ਪਿੱਛੋਂ ਫ਼ੈਸਲਾ ਕਰ ਸਕਦੇ ਹਨ ਕਿ ਉਹ ਅਜੇ ਵੀ ਪਬਲੀਸ਼ਰ ਵਜੋਂ ਪ੍ਰਚਾਰ ਕਰਨ ਦੇ ਯੋਗ ਹਨ ਜਾਂ ਨਹੀਂ।—km-PJ 11/00 ਸਫ਼ਾ 3.
11. “ਪਰਮੇਸ਼ੁਰ ਦੀ ਕਿਰਪਾ” ਦਾ ਸਭ ਤੋਂ ਵੱਡਾ ਸਬੂਤ ਕੀ ਹੈ?
11 ਯਾਦਗਾਰੀ ਸਮਾਰੋਹ ਲਈ ਤਿਆਰੀ ਕਰੋ: ਯਿਸੂ ਦਾ ਬਲੀਦਾਨ “ਪਰਮੇਸ਼ੁਰ ਦੀ ਕਿਰਪਾ” ਦਾ ਸਭ ਤੋਂ ਵੱਡਾ ਸਬੂਤ ਹੈ। (ਰਸੂ. 20:24) ਸੰਸਾਰ ਭਰ ਵਿਚ ਲੱਖਾਂ ਸ਼ੁਕਰਗੁਜ਼ਾਰ ਲੋਕ ਸ਼ਨੀਵਾਰ, 22 ਮਾਰਚ ਨੂੰ ਸੂਰਜ ਡੁੱਬਣ ਤੇ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਇਕੱਠੇ ਹੋਣਗੇ। ਇਸ ਮੌਕੇ ਤੇ ਅਸੀਂ ਪਰਮੇਸ਼ੁਰ ਦੀ ਅਪਾਰ ਕਿਰਪਾ ਨੂੰ ਚੇਤੇ ਕਰਾਂਗੇ। ਅਸੀਂ ਸਾਰੇ ਨੇਕਦਿਲ ਲੋਕਾਂ ਨੂੰ ਇਸ ਅਹਿਮ ਅਵਸਰ ਤੇ ਹਾਜ਼ਰ ਹੋਣ ਦਾ ਸੱਦਾ ਦੇਣਾ ਚਾਹੁੰਦੇ ਹਾਂ।
12. ਅਸੀਂ ਕਿਨ੍ਹਾਂ ਨੂੰ ਸਮਾਰੋਹ ਦਾ ਸੱਦਾ ਦੇ ਸਕਦੇ ਹਾਂ?
12 ਉਨ੍ਹਾਂ ਸਾਰਿਆਂ ਦੀ ਸੂਚੀ ਬਣਾਓ ਜਿਨ੍ਹਾਂ ਨੂੰ ਤੁਸੀਂ ਸੱਦਾ ਦੇਣਾ ਚਾਹੁੰਦੇ ਹੋ। ਤੁਸੀਂ ਆਪਣੀ ਸੂਚੀ ਵਿਚ ਰਿਸ਼ਤੇਦਾਰਾਂ, ਗੁਆਂਢੀਆਂ, ਸਹਿਕਰਮੀਆਂ ਜਾਂ ਸਹਿਪਾਠੀਆਂ, ਪੁਰਾਣੇ ਅਤੇ ਨਵੇਂ ਬਾਈਬਲ ਵਿਦਿਆਰਥੀਆਂ ਅਤੇ ਉਨ੍ਹਾਂ ਸਾਰਿਆਂ ਦੇ ਨਾਂ ਲਿਖ ਸਕਦੇ ਹੋ ਜਿਨ੍ਹਾਂ ਨੂੰ ਤੁਸੀਂ ਸਮੇਂ-ਸਮੇਂ ਤੇ ਮਿਲਣ ਜਾਂਦੇ ਹੋ। ਜੇ ਉਨ੍ਹਾਂ ਵਿੱਚੋਂ ਕੋਈ ਸਮਾਰੋਹ ਬਾਰੇ ਸਵਾਲ ਪੁੱਛੇ, ਤਾਂ ਤੁਸੀਂ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਪੁਸਤਕ ਦੇ 207-209 ਸਫ਼ਿਆਂ ਤੋਂ ਸਮਝਾ ਸਕਦੇ ਹੋ। ਇਸ ਤਰ੍ਹਾਂ ਪੁਸਤਕ ਦਿਖਾਉਣ ਨਾਲ ਉਹ ਸ਼ਾਇਦ ਬਾਈਬਲ ਸਟੱਡੀ ਵੀ ਕਰਨ ਲੱਗ ਪੈਣ।
13. ਦੋ ਪਬਲੀਸ਼ਰਾਂ ਦੇ ਜਤਨਾਂ ਉੱਤੇ ਯਹੋਵਾਹ ਨੇ ਕਿਵੇਂ ਬਰਕਤ ਪਾਈ?
13 ਇਕ ਭੈਣ ਨੇ 48 ਪਰਿਵਾਰਾਂ ਦੀ ਸੂਚੀ ਬਣਾਈ। ਜਿੱਦਾਂ-ਜਿੱਦਾਂ ਉਹ ਉਨ੍ਹਾਂ ਨੂੰ ਸੱਦਾ ਦੇਈ ਗਈ, ਤਾਂ ਉਹ ਉਨ੍ਹਾਂ ਦੇ ਨਾਂ ਸੂਚੀ ਵਿੱਚੋਂ ਕੱਟੀ ਗਈ ਤੇ ਨਾਲੋ-ਨਾਲ ਸੱਦਾ ਦੇਣ ਦੀ ਤਾਰੀਖ਼ ਵੀ ਲਿਖੀ ਗਈ। ਉਹ 26 ਲੋਕਾਂ ਨੂੰ ਸਮਾਰੋਹ ਵਿਚ ਆਇਆਂ ਦੇਖ ਕੇ ਕਿੰਨੀ ਖ਼ੁਸ਼ ਹੋਈ! ਇਕ ਦੁਕਾਨਦਾਰ ਭਰਾ ਨੇ ਆਪਣੇ ਇਕ ਕਾਮੇ ਨੂੰ ਸੱਦਾ ਦਿੱਤਾ ਜੋ ਪਹਿਲਾਂ ਇਕ ਪਾਦਰੀ ਹੁੰਦਾ ਸੀ। ਕਾਮੇ ਨੇ ਸਮਾਰੋਹ ਤੋਂ ਬਾਅਦ ਕਿਹਾ ਕਿ “ਮੈਂ ਬਾਈਬਲ ਬਾਰੇ ਕੈਥੋਲਿਕ ਚਰਚ ਵਿਚ 30 ਸਾਲਾਂ ਵਿਚ ਇੰਨਾ ਕੁਝ ਨਹੀਂ ਸਿੱਖਿਆ ਜਿੰਨਾ ਮੈਂ ਇੱਥੇ ਆਣ ਕੇ ਇਕ ਘੰਟੇ ਵਿਚ ਸਿੱਖਿਆ।” ਸਮਾਰੋਹ ਤੋਂ ਬਾਅਦ ਜਲਦੀ ਹੀ ਉਸ ਨੇ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਪੁਸਤਕ ਵਿੱਚੋਂ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ।
14. ਸੰਸਾਰ ਭਰ ਵਿਚ 1 ਮਾਰਚ ਤੋਂ ਕਿਹੜੀ ਮੁਹਿੰਮ ਸ਼ੁਰੂ ਹੋਵੇਗੀ?
14 ਮੁਹਿੰਮ: ਸੰਸਾਰ ਭਰ ਵਿਚ ਸ਼ਨੀਵਾਰ, 1 ਮਾਰਚ ਤੋਂ ਲੈ ਕੇ 22 ਮਾਰਚ ਤਕ ਸਮਾਰੋਹ ਦਾ ਖ਼ਾਸ ਸੱਦਾ-ਪੱਤਰ ਵੰਡਿਆ ਜਾਵੇਗਾ। ਸਾਰੇ ਪਬਲੀਸ਼ਰ ਇਸ ਅਹਿਮ ਮੁਹਿੰਮ ਵਿਚ ਹਿੱਸਾ ਲੈਣ ਲਈ ਉਤਾਵਲੇ ਹੋਣਗੇ। ਲੋਕਾਂ ਦੇ ਘਰਾਂ ਵਿਚ ਇਹ ਸੱਦਾ-ਪੱਤਰ ਛੱਡਣ ਦੀ ਬਜਾਇ ਉਨ੍ਹਾਂ ਦੇ ਹੱਥ ਵਿਚ ਸੱਦਾ-ਪੱਤਰ ਦੇਣਾ ਬਿਹਤਰ ਹੋਵੇਗਾ। ਪਰ ਜੇ ਤੁਹਾਡੀ ਕਲੀਸਿਯਾ ਦਾ ਇਲਾਕਾ ਬਹੁਤ ਵੱਡਾ ਹੈ, ਤਾਂ ਬਜ਼ੁਰਗ ਸ਼ਾਇਦ ਫ਼ੈਸਲਾ ਕਰਨਗੇ ਕਿ ਉਨ੍ਹਾਂ ਘਰਾਂ ਵਿਚ ਸੱਦਾ-ਪੱਤਰ ਛੱਡੇ ਜਾਣ ਜਿੱਥੇ ਕੋਈ ਨਹੀਂ ਮਿਲਦਾ। ਪਰ ਧਿਆਨ ਦਿਓ ਕਿ ਸੱਦਾ-ਪੱਤਰ ਸਮਝਦਾਰੀ ਨਾਲ ਅਜਿਹੀ ਥਾਂ ਰੱਖੋ ਜਿੱਥੇ ਰਾਹ ਜਾਂਦੇ ਲੋਕਾਂ ਦੀ ਨਜ਼ਰ ਨਾ ਪਵੇ। ਸ਼ਨੀਵਾਰ-ਐਤਵਾਰ ਨੂੰ ਅਸੀਂ ਸੱਦਾ-ਪੱਤਰ ਦੇ ਨਾਲ-ਨਾਲ ਲੋਕਾਂ ਨੂੰ ਰਸਾਲੇ ਵੀ ਦਿਆਂਗੇ।
15. ਅਸੀਂ ਸੱਦਾ-ਪੱਤਰ ਦਿੰਦਿਆਂ ਕੀ ਕਹਿ ਸਕਦੇ ਹਾਂ?
15 ਥੋੜ੍ਹੇ ਸ਼ਬਦਾਂ ਵਿਚ ਗੱਲ ਕਰ ਕੇ ਸੱਦਾ-ਪੱਤਰ ਪੇਸ਼ ਕਰੋ ਕਿਉਂਕਿ ਸਾਡੇ ਕੋਲ ਇਹ ਵੰਡਣ ਲਈ ਬਹੁਤਾ ਸਮਾਂ ਨਹੀਂ ਹੈ। ਜੋਸ਼ੀਲੇ ਅਤੇ ਦੋਸਤਾਨਾ ਤਰੀਕੇ ਨਾਲ ਗੱਲ ਕਰੋ। ਜੇ ਘਰ-ਸੁਆਮੀ ਦਿਲਚਸਪੀ ਦਿਖਾਉਂਦਾ ਹੈ, ਤਾਂ ਤੁਸੀਂ ਇਸ ਤਰ੍ਹਾਂ ਦਾ ਕੁਝ ਕਹਿ ਸਕਦੇ ਹੋ: “ਅਸੀਂ ਤੁਹਾਨੂੰ, ਤੁਹਾਡੇ ਪਰਿਵਾਰ ਤੇ ਦੋਸਤ-ਮਿੱਤਰਾਂ ਨੂੰ 22 ਮਾਰਚ ਨੂੰ ਹੋਣ ਵਾਲੇ ਇਕ ਖ਼ਾਸ ਸਮਾਰੋਹ ਲਈ ਸੱਦਣ ਆਏ ਹਾਂ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਜ਼ਰੂਰ ਆਓ। ਇਹ ਤੁਹਾਡਾ ਸੱਦਾ-ਪੱਤਰ ਹੈ। ਸਾਰੀ ਜਾਣਕਾਰੀ ਇਸ ਵਿਚ ਦਿੱਤੀ ਗਈ ਹੈ।” ਜੇ ਕੋਈ ਘਰ-ਸੁਆਮੀ ਸਵਾਲ ਪੁੱਛਦਾ ਹੈ ਜਾਂ ਕਹਿੰਦਾ ਹੈ ਕਿ ਉਹ ਆਵੇਗਾ, ਤਾਂ ਉਸ ਦਾ ਨਾਂ-ਪਤਾ ਲਿਖ ਕੇ ਉਸ ਨੂੰ ਦੁਬਾਰਾ ਮਿਲਣ ਜਾਓ।
16. ਇਕ ਮਿਸਾਲ ਦੇ ਕੇ ਸਮਝਾਓ ਕਿ ਸੱਦਾ-ਪੱਤਰ ਵੰਡਣੇ ਕਿਉਂ ਫ਼ਾਇਦੇਮੰਦ ਹਨ।
16 ਪਿੱਛਲੇ ਸਾਲ ਇਕ ਫ਼ੌਜੀ ਦੇ ਘਰ ਇਕ ਸੱਦਾ-ਪੱਤਰ ਛੱਡਿਆ ਗਿਆ। ਉਸ ਨੇ ਸਮਾਰੋਹ ਵਿਚ ਜਾਣ ਦਾ ਫ਼ੈਸਲਾ ਕੀਤਾ, ਪਰ ਉਸ ਨੂੰ ਵੱਡੇ ਅਫ਼ਸਰ ਤੋਂ ਇਜਾਜ਼ਤ ਲੈਣ ਦੀ ਲੋੜ ਸੀ। ਜਦੋਂ ਉਸ ਨੇ ਅਫ਼ਸਰ ਨੂੰ ਪਰਚਾ ਦਿਖਾਇਆ, ਤਾਂ ਉਹ ਅਫ਼ਸਰ ਸੋਚਾਂ ਵਿਚ ਪੈ ਗਿਆ। ਫਿਰ ਉਸ ਨੇ ਫ਼ੌਜੀ ਨੂੰ ਦੱਸਿਆ ਕਿ ਉਸ ਦੇ ਮਾਪੇ ਵੀ ਯਹੋਵਾਹ ਦੇ ਗਵਾਹ ਹਨ ਤੇ ਉਹ ਪਹਿਲਾਂ ਉਨ੍ਹਾਂ ਨਾਲ ਸਭਾਵਾਂ ਵਿਚ ਜਾਇਆ ਕਰਦਾ ਸੀ। ਉਸ ਨੇ ਫ਼ੌਜੀ ਨੂੰ ਸਮਾਰੋਹ ਵਿਚ ਜਾਣ ਦੀ ਇਜਾਜ਼ਤ ਦੇ ਦਿੱਤੀ ਅਤੇ ਖ਼ੁਦ ਵੀ ਉਸ ਦੇ ਨਾਲ ਗਿਆ!
17. ਅਸੀਂ ਕਿਵੇਂ ਦਿਖਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਦੀ ਕਿਰਪਾ ਨੂੰ ਅਕਾਰਥ ਨਹੀਂ ਮੰਨਦੇ?
17 ਕਦਰ ਦਿਖਾਓ: ਜਿਉਂ-ਜਿਉਂ 2008 ਦਾ ਯਿਸੂ ਦੀ ਮੌਤ ਦਾ ਯਾਦਗਾਰੀ ਸਮਾਰੋਹ ਲਾਗੇ ਆ ਰਿਹਾ ਹੈ, ਸਾਨੂੰ ਸਾਰਿਆਂ ਨੂੰ ਯਹੋਵਾਹ ਦੀ ਕਿਰਪਾ ਉੱਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ ਜੋ ਉਸ ਨੇ ਸਾਡੇ ਉੱਤੇ ਕੀਤੀ ਹੈ। ਪੌਲੁਸ ਰਸੂਲ ਨੇ ਲਿਖਿਆ: ‘ਅਸੀਂ ਤੁਹਾਡੇ ਅੱਗੇ ਬੇਨਤੀ ਵੀ ਕਰਦੇ ਹਾਂ ਜੋ ਤੁਸੀਂ ਪਰਮੇਸ਼ੁਰ ਦੀ ਕਿਰਪਾ ਨੂੰ ਅਕਾਰਥ ਨਾ ਲਓ।’ (2 ਕੁਰਿੰ. 6:1) ਅਸੀਂ ਕਿਸ ਤਰ੍ਹਾਂ ਦਿਖਾ ਸਕਦੇ ਹਾਂ ਕਿ ਅਸੀਂ ਪਰਮੇਸ਼ੁਰ ਦੀ ਕਿਰਪਾ ਨੂੰ ਅਕਾਰਥ ਨਹੀਂ ਮੰਨਦੇ? ਪੌਲੁਸ ਨੇ ਲਿਖਿਆ ਕਿ ‘ਜਿਵੇਂ ਪਰਮੇਸ਼ੁਰ ਦੇ ਸੇਵਕਾਂ ਦੇ ਜੋਗ ਹੈ ਤਿਵੇਂ ਹਰ ਇੱਕ ਗੱਲ ਤੋਂ ਅਸੀਂ ਆਪਣੇ ਲਈ ਪਰਮਾਣ ਦਿੰਦੇ ਹਾਂ।’ (2 ਕੁਰਿੰ. 6:4) ਅਸੀਂ ਆਪਣੇ ਚੰਗੇ ਆਚਰਣ ਦੁਆਰਾ ਅਤੇ ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਯਹੋਵਾਹ ਦੀ ਕਿਰਪਾ ਲਈ ਕਦਰ ਦਿਖਾਉਂਦੇ ਹਾਂ। ਮਾਰਚ, ਅਪ੍ਰੈਲ ਤੇ ਮਈ ਮਹੀਨਿਆਂ ਵਿਚ ਸਾਡੇ ਕੋਲ ਜ਼ਿਆਦਾ ਪ੍ਰਚਾਰ ਕਰਨ ਅਤੇ ਖ਼ੁਸ਼ ਖ਼ਬਰੀ ਦੀ ਗਵਾਹੀ ਦੇਣ ਦਾ ਵਧੀਆ ਮੌਕਾ ਹੈ।
[ਸਫਾ 7 ਉੱਤੇ ਡੱਬੀ]
ਔਗਜ਼ੀਲਰੀ ਪਾਇਨੀਅਰੀ ਕੌਣ ਕਰ ਸਕਦੇ ਹਨ?
◼ ਪੂਰਾ ਪਰਿਵਾਰ
◼ ਫੁਲ-ਟਾਈਮ ਕੰਮ ਕਰਨ ਵਾਲੇ
◼ ਬਿਰਧ ਤੇ ਬੀਮਾਰ
◼ ਵਿਦਿਆਰਥੀ
[ਸਫਾ 8 ਉੱਤੇ ਡੱਬੀ]
ਸਮਾਰੋਹ ਦੇ ਸੱਦਾ-ਪੱਤਰ ਵੰਡਦੇ ਸਮੇਂ:
◼ ਥੋੜ੍ਹੇ ਸ਼ਬਦਾਂ ਵਿਚ ਜੋਸ਼ ਨਾਲ ਬੋਲੋ
◼ ਦਿਲਚਸਪੀ ਰੱਖਣ ਵਾਲਿਆਂ ਦਾ ਨਾਂ-ਪਤਾ ਲਿਖ ਕੇ ਉਨ੍ਹਾਂ ਨੂੰ ਦੁਬਾਰਾ ਮਿਲਣ ਜਾਓ
◼ ਸ਼ਨੀਵਾਰ-ਐਤਵਾਰ ਨੂੰ ਰਸਾਲੇ ਵੰਡੋ