‘ਪਰਮੇਸ਼ੁਰ ਦੇ ਬਚਨ ਦੀ ਪੂਰੀ ਕਥਾ ਕਰੋ’
1 ਜਦੋਂ ਤੁਹਾਨੂੰ ਕੋਈ ਸੋਹਣਾ ਜਿਹਾ ਤੋਹਫ਼ਾ ਮਿਲਦਾ ਹੈ, ਤਾਂ ਕੀ ਤੁਸੀਂ ਆਪਣੇ ਰਵੱਈਏ ਅਤੇ ਕੰਮਾਂ ਦੁਆਰਾ ਉਸ ਲਈ ਡੂੰਘੀ ਕਦਰਦਾਨੀ ਨਹੀਂ ਦਿਖਾਉਂਦੇ? ਹਾਂ, ਤੁਸੀਂ ਇਸ ਲਈ ਕਦਰਦਾਨੀ ਦਿਖਾਉਂਦੇ ਹੋ! ਗੌਰ ਕਰੋ ਕਿ ਯਹੋਵਾਹ ਨੇ ਮਨੁੱਖਜਾਤੀ ਨਾਲ ਜੋ ਭਲਾਈ ਕੀਤੀ ਹੈ ਅਤੇ ਕਿਰਪਾ ਦਿਖਾਈ ਹੈ, ਉਸ ਬਾਰੇ ਪੌਲੁਸ ਰਸੂਲ ਕਿੱਦਾਂ ਮਹਿਸੂਸ ਕਰਦਾ ਸੀ। ਉਸ ਨੇ ਦਿਲੋਂ ਪ੍ਰੇਰਿਤ ਹੋ ਕੇ ਕਿਹਾ: “ਧੰਨਵਾਦ ਹੈ ਪਰਮੇਸ਼ੁਰ ਦਾ ਉਹ ਦੇ ਉਸ ਦਾਨ ਲਈ ਜਿਹੜਾ ਕਹਿਣ ਤੋਂ ਬਾਹਰ ਹੈ”! ਇਸ “ਦਾਨ” ਵਿਚ ਕੀ ਸ਼ਾਮਲ ਹੈ? ਇਸ ਵਿਚ ਸਾਨੂੰ ਦਿਖਾਈ ਗਈ “ਪਰਮੇਸ਼ੁਰ ਦੀ ਅੱਤ ਕਿਰਪਾ” ਸ਼ਾਮਲ ਹੈ। ਯਹੋਵਾਹ ਨੇ ਸਾਨੂੰ ਸਭ ਤੋਂ ਜ਼ਿਆਦਾ ਕਿਰਪਾ ਉਦੋਂ ਦਿਖਾਈ ਜਦੋਂ ਉਸ ਨੇ ਸਾਡੇ ਪਾਪਾਂ ਨੂੰ ਮਾਫ਼ ਕਰਨ ਲਈ ਆਪਣੇ ਪੁੱਤਰ ਨੂੰ ਕੁਰਬਾਨ ਕਰ ਦਿੱਤਾ ਸੀ।—2 ਕੁਰਿੰ. 9:14, 15; ਯੂਹੰ. 3:16.
2 ਕੀ ਪੌਲੁਸ ਨੇ ਸਿਰਫ਼ ਮੂੰਹੋਂ ਹੀ ਧੰਨਵਾਦ ਕੀਤਾ ਸੀ? ਨਹੀਂ! ਉਸ ਨੇ ਕਈ ਤਰੀਕਿਆਂ ਨਾਲ ਆਪਣੀ ਕਦਰਦਾਨੀ ਦਿਖਾਈ ਸੀ। ਉਹ ਆਪਣੇ ਸਾਥੀ ਮਸੀਹੀਆਂ ਦੀ ਅਧਿਆਤਮਿਕ ਸਿਹਤ ਬਾਰੇ ਬਹੁਤ ਫ਼ਿਕਰਮੰਦ ਸੀ ਅਤੇ ਪਰਮੇਸ਼ੁਰ ਦੀ ਕਿਰਪਾ ਦਾ ਪੂਰਾ-ਪੂਰਾ ਫ਼ਾਇਦਾ ਉਠਾਉਣ ਲਈ ਉਨ੍ਹਾਂ ਦੀ ਜ਼ਿਆਦਾ ਤੋਂ ਜ਼ਿਆਦਾ ਮਦਦ ਕਰਨੀ ਚਾਹੁੰਦਾ ਸੀ। ਇਨ੍ਹਾਂ ਮਸੀਹੀਆਂ ਬਾਰੇ ਪੌਲੁਸ ਨੇ ਕਿਹਾ: “ਅਸੀਂ ਤੁਹਾਡੇ ਚਾਹਵੰਦ ਹੋ ਕੇ ਤੁਹਾਨੂੰ ਨਿਰੀ ਪਰਮੇਸ਼ੁਰ ਦੀ ਖੁਸ਼ ਖਬਰੀ ਨਹੀਂ ਸਗੋਂ ਆਪਣੀ ਜਾਨ ਭੀ ਦੇਣ ਨੂੰ ਤਿਆਰ ਸਾਂ ਇਸ ਲਈ ਜੋ ਤੁਸੀਂ ਸਾਡੇ ਪਿਆਰੇ ਬਣ ਗਏ ਸਾਓ।” (1 ਥੱਸ. 2:8) ਮੁਕਤੀ ਦੀ ਉਮੀਦ ਨੂੰ ਚੰਗੀ ਤਰ੍ਹਾਂ ਫੜੀ ਰੱਖਣ ਵਿਚ ਕਲੀਸਿਯਾ ਦੇ ਮੈਂਬਰਾਂ ਦੀ ਮਦਦ ਕਰਨ ਤੋਂ ਇਲਾਵਾ, ਪੌਲੁਸ ਨੇ ਖ਼ੁਸ਼ ਖ਼ਬਰੀ ਦੇ ਪ੍ਰਚਾਰ ਲਈ ਸਖ਼ਤ ਮਿਹਨਤ ਵੀ ਕੀਤੀ। ਉਸ ਨੇ ‘ਸਦੀਪਕ ਜੀਵਨ ਲਈ ਸਹੀ ਮਨੋਬਿਰਤੀ ਰੱਖਣ’ ਵਾਲਿਆਂ ਨੂੰ ਲੱਭਣ ਲਈ ਸੜਕ ਅਤੇ ਸਮੁੰਦਰ ਰਾਹੀਂ ਦੂਰ-ਦੂਰ ਤਕ ਸਫ਼ਰ ਕੀਤਾ। (ਰਸੂ. 13:48, ਨਿ ਵ) ਯਹੋਵਾਹ ਨੇ ਉਸ ਲਈ ਜੋ ਕੁਝ ਕੀਤਾ, ਉਸ ਲਈ ਪੌਲੁਸ ਇੰਨਾ ਧੰਨਵਾਦੀ ਸੀ ਕਿ ਉਹ ‘ਪਰਮੇਸ਼ੁਰ ਦੇ ਬਚਨ ਦੀ ਪੂਰੀ ਕਥਾ ਕਰਨ’ ਲਈ ਪ੍ਰੇਰਿਤ ਹੋਇਆ ਸੀ।—ਕੁਲੁ. 1:25.
3 ਯਹੋਵਾਹ ਨੇ ਸਾਡੇ ਲਈ ਜੋ ਕੁਝ ਕੀਤਾ ਹੈ, ਕੀ ਉਸ ਸਭ ਲਈ ਸਾਡੀ ਕਦਰਦਾਨੀ ਸਾਨੂੰ ਆਪਣੀ ਕਲੀਸਿਯਾ ਦੇ ਲੋੜਵੰਦ ਭੈਣ-ਭਰਾਵਾਂ ਦੀ ਅਧਿਆਤਮਿਕ ਤੌਰ ਤੇ ਮਦਦ ਕਰਨ ਲਈ ਪ੍ਰੇਰਿਤ ਨਹੀਂ ਕਰਦੀ? (ਗਲਾ. 6:10) ਕੀ ਅਸੀਂ ਆਪਣੇ ਖੇਤਰ ਵਿਚ ਰਾਜ ਦੀ ਖ਼ੁਸ਼ ਖ਼ਬਰੀ ਦੇ ਪ੍ਰਚਾਰ ਕੰਮ ਵਿਚ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਲੈਣ ਲਈ ਪ੍ਰੇਰਿਤ ਨਹੀਂ ਹੁੰਦੇ?—ਮੱਤੀ 24:14.
4 ਕਦਰਦਾਨੀ ਦਿਖਾਉਣ ਦਾ ਮੌਕਾ: ਹਰ ਸਾਲ ਮਸੀਹ ਦੀ ਮੌਤ ਦਾ ਸਮਾਰਕ ਸਾਨੂੰ ਯਹੋਵਾਹ ਤੇ ਯਿਸੂ ਦੀ ਕਿਰਪਾ ਲਈ ਕਦਰਦਾਨੀ ਦਿਖਾਉਣ ਦਾ ਖ਼ਾਸ ਮੌਕਾ ਦਿੰਦਾ ਹੈ। ਇਹ ਸਿਰਫ਼ ਇਕ ਸਭਾ ਹੀ ਨਹੀਂ ਹੈ ਤੇ ਨਾ ਹੀ ਇਹ ਕਿਸੇ ਆਮ ਘਟਨਾ ਦੀ ਯਾਦਗੀਰੀ ਹੈ। ਯਿਸੂ ਨੇ ਕਿਹਾ ਸੀ: “ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।” (ਲੂਕਾ 22:19) ਮਸੀਹ ਦੀ ਮੌਤ ਦੇ ਸਮਾਰਕ ਸਮਾਰੋਹ ਵਿਚ ਅਸੀਂ ਯਿਸੂ ਦੀ ਸ਼ਖ਼ਸੀਅਤ ਉੱਤੇ ਵਿਚਾਰ ਕਰਦੇ ਹਾਂ। ਇਸ ਮੌਕੇ ਤੇ ਅਸੀਂ ਚੇਤੇ ਕਰਦੇ ਹਾਂ ਕਿ ਉਹ ਅੱਜ ਵੀ ਜੀਉਂਦਾ ਹੈ ਅਤੇ ਕੰਮ ਕਰ ਰਿਹਾ ਹੈ ਅਤੇ ਉਸ ਨੂੰ ਉਸ ਦੀ ਵਫ਼ਾਦਾਰੀ ਤੇ ਕੁਰਬਾਨੀ ਲਈ ਮਹਿਮਾ ਅਤੇ ਰਾਜ ਦਿੱਤਾ ਗਿਆ ਹੈ। ਯਿਸੂ ਅੱਜ ਮਸੀਹੀ ਕਲੀਸਿਯਾ ਦੇ ਕੰਮਾਂ ਦੀ ਅਗਵਾਈ ਕਰ ਰਿਹਾ ਹੈ ਅਤੇ ਅਸੀਂ ਸਮਾਰਕ ਸਮਾਰੋਹ ਵਿਚ ਹਾਜ਼ਰ ਹੋ ਕੇ ਉਸ ਦੀ ਸਰਦਾਰੀ ਪ੍ਰਤੀ ਅਧੀਨਗੀ ਦਿਖਾ ਸਕਦੇ ਹਾਂ। (ਕੁਲੁ. 1:17-20) ਪਰਮੇਸ਼ੁਰ ਦੇ ਸਾਰੇ ਸੇਵਕਾਂ ਨੂੰ ਮਸੀਹ ਲਈ ਆਦਰ ਦਿਖਾਉਂਦੇ ਹੋਏ ਉਸ ਦੀ ਮੌਤ ਦੇ ਸਮਾਰਕ ਸਮਾਰੋਹ ਵਿਚ ਹਾਜ਼ਰ ਹੋਣਾ ਚਾਹੀਦਾ ਹੈ। ਇਹ ਸਮਾਰੋਹ ਇਸ ਸਾਲ ਵੀਰਵਾਰ, 28 ਮਾਰਚ 2002 ਨੂੰ ਸੂਰਜ ਡੁੱਬਣ ਮਗਰੋਂ ਮਨਾਇਆ ਜਾਵੇਗਾ।
5 ਪਿਛਲੇ ਸਾਲ ਸਮਾਰਕ ਤੋਂ ਪਹਿਲਾਂ ਭੈਣਾਂ-ਭਰਾਵਾਂ ਦੀ ਸਖ਼ਤ ਮਿਹਨਤ ਕਰਕੇ ਭਾਰਤ ਵਿਚ ਸਮਾਰਕ ਸਮਾਰੋਹ ਵਿਚ ਸਿਖਰ ਹਾਜ਼ਰੀ 52,725 ਸੀ। ਇਸ ਸਾਲ ਕਿੰਨੀ ਹਾਜ਼ਰੀ ਹੋਵੇਗੀ? ਇਹ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸਮਾਰਕ ਸਮਾਰੋਹ ਲਈ ਬੁਲਾਉਣ ਵਿਚ “ਮਿਹਨਤ ਅਤੇ ਜਤਨ” ਕਰੀਏ।—1 ਤਿਮੋ. 4:10.
6 ਪ੍ਰਭੂ ਦੇ ਸ਼ਾਮ ਦੇ ਭੋਜਨ ਵਿਚ ਹਾਜ਼ਰ ਹੋਣ ਤੋਂ ਇਲਾਵਾ, ਅਸੀਂ ਪ੍ਰਚਾਰ ਕੰਮ ਵਿਚ ਵੀ ਜ਼ਿਆਦਾ ਹਿੱਸਾ ਲੈ ਸਕਦੇ ਹਾਂ। ਸਾਨੂੰ ਯਕੀਨ ਹੈ ਕਿ ਹਜ਼ਾਰਾਂ ਹੀ ਭੈਣ-ਭਰਾ ਇਕ ਜਾਂ ਇਕ ਨਾਲੋਂ ਜ਼ਿਆਦਾ ਮਹੀਨਿਆਂ ਲਈ ਸਹਿਯੋਗੀ ਪਾਇਨੀਅਰੀ ਕਰਨਗੇ। ਪਿਛਲੇ ਪੰਜ ਸਾਲਾਂ ਵਿਚ ਮਾਰਚ ਤੋਂ ਲੈ ਕੇ ਮਈ ਤਕ ਦੇ ਸਮਾਰਕ ਮਹੀਨਿਆਂ ਦੌਰਾਨ ਔਸਤਨ 1,515 ਭੈਣਾਂ-ਭਰਾਵਾਂ ਨੇ ਸਹਿਯੋਗੀ ਪਾਇਨੀਅਰੀ ਕੀਤੀ ਹੈ। ਕੀ ਤੁਸੀਂ ਵੀ ਆਪਣੇ ਕੰਮਾਂ-ਕਾਰਾਂ ਵਿਚ ਫੇਰ-ਬਦਲ ਕਰ ਕੇ ਇਸ ਸਾਲ ਸਹਿਯੋਗੀ ਪਾਇਨੀਅਰੀ ਕਰ ਸਕਦੇ ਹੋ? ਇਸ ਤਰ੍ਹਾਂ ਕਰ ਕੇ ਅਸੀਂ ਪਰਮੇਸ਼ੁਰ ਵੱਲੋਂ ਕੀਤੇ ਮਸੀਹ ਦੇ ਬਲੀਦਾਨ ਦੇ ਪਿਆਰ ਭਰੇ ਪ੍ਰਬੰਧ ਲਈ ਆਪਣੀ ਦਿਲੀ ਕਦਰਦਾਨੀ ਦਿਖਾਵਾਂਗੇ। ਭਰੋਸਾ ਰੱਖੋ ਕਿ ਯਹੋਵਾਹ ਤੁਹਾਨੂੰ ਜ਼ਰੂਰ ਅਸੀਸਾਂ ਦੇਵੇਗਾ, ਜਿੱਦਾਂ ਕਿ ਅੱਗੇ ਦਿੱਤਾ ਤਜਰਬਾ ਦਿਖਾਉਂਦਾ ਹੈ।
7 ਪੂਰੇ ਸਮੇਂ ਦੀ ਨੌਕਰੀ ਕਰਦੀ ਇਕ ਭੈਣ ਨੇ ਪਿਛਲੇ ਮਾਰਚ ਮਹੀਨੇ ਦੌਰਾਨ ਸਹਿਯੋਗੀ ਪਾਇਨੀਅਰੀ ਕਰਨ ਦੇ ਆਪਣੇ ਤਜਰਬੇ ਬਾਰੇ ਲਿਖਿਆ: “ਫਰਵਰੀ 2001 ਦੀ ਸਾਡੀ ਰਾਜ ਸੇਵਕਾਈ ਨੇ ਉਨ੍ਹਾਂ ਸਾਰਿਆਂ ਨੂੰ ਸਮਾਰਕ ਮਹੀਨਿਆਂ ਦੌਰਾਨ ਸਹਿਯੋਗੀ ਪਾਇਨੀਅਰੀ ਕਰਨ ਦੀ ਪ੍ਰੇਰਣਾ ਦਿੱਤੀ ਸੀ ਜਿਹੜੇ ਪਾਇਨੀਅਰੀ ਕਰ ਸਕਦੇ ਸਨ। ਮਾਰਚ ਵਿਚ ਪੰਜ ਸ਼ਨੀਵਾਰ ਹੋਣ ਕਰਕੇ ਮੇਰੇ ਲਈ ਸਹਿਯੋਗੀ ਪਾਇਨੀਅਰੀ ਕਰਨੀ ਮੁਮਕਿਨ ਸੀ। ਇਸ ਲਈ ਮੈਂ ਅਰਜ਼ੀ ਭਰਨ ਦਾ ਫ਼ੈਸਲਾ ਕੀਤਾ।” ਮਹੀਨੇ ਦੇ ਸ਼ੁਰੂ ਵਿਚ ਹੀ ਉਸ ਨੇ ਇਕ ਬਾਈਬਲ ਸਟੱਡੀ ਸ਼ੁਰੂ ਕਰਨ ਦਾ ਟੀਚਾ ਰੱਖਿਆ ਸੀ। ਕੀ ਉਹ ਇਸ ਟੀਚੇ ਨੂੰ ਹਾਸਲ ਕਰ ਸਕੀ? ਹਾਂ, ਉਸ ਮਹੀਨੇ ਆਪਣਾ 52ਵਾਂ ਘੰਟਾ ਪੂਰਾ ਕਰਦੇ ਸਮੇਂ ਉਸ ਨੂੰ ਇਕ ਸਟੱਡੀ ਮਿਲ ਗਈ! ਉਸ ਨੇ ਕੀ ਸਿੱਟਾ ਕੱਢਿਆ? “ਜਦੋਂ ਅਸੀਂ ਮਿਹਨਤ ਕਰਦੇ, ਤਾਂ ਸਾਨੂੰ ਬਹੁਤ ਸਾਰੀਆਂ ਅਸੀਸਾਂ ਮਿਲਦੀਆਂ ਹਨ।”
8 ਪੂਰੇ ਪਰਿਵਾਰ ਦੁਆਰਾ ਇਕੱਠੇ ਮਿਲ ਕੇ ਪਾਇਨੀਅਰੀ ਕਰਨ ਨਾਲ ਕੀ ਫ਼ਾਇਦੇ ਹੁੰਦੇ ਹਨ? ਚਾਰ ਮੈਂਬਰਾਂ ਦੇ ਇਕ ਪਰਿਵਾਰ ਨੇ ਪਿਛਲੇ ਸਾਲ ਅਪ੍ਰੈਲ ਮਹੀਨੇ ਵਿਚ ਪਾਇਨੀਅਰੀ ਕੀਤੀ। ਉਹ ਕਹਿੰਦੇ ਹਨ ਕਿ ਇਹ ਉਨ੍ਹਾਂ ਲਈ ਇਕ ਨਾ ਭੁੱਲਣ ਵਾਲਾ ਮਹੀਨਾ ਸੀ। ਮਾਂ ਨੇ ਕਿਹਾ: “ਸਾਡਾ ਹਰ ਦਿਨ ਬਹੁਤ ਹੀ ਉਤਸ਼ਾਹ ਨਾਲ ਸ਼ੁਰੂ ਹੁੰਦਾ ਸੀ ਕਿਉਂਕਿ ਅਸੀਂ ਸਾਰੇ ਮਿਲ ਕੇ ਸੇਵਕਾਈ ਵਿਚ ਜਾਂਦੇ ਸੀ! ਰਾਤ ਦਾ ਖਾਣਾ ਖਾਂਦੇ ਸਮੇਂ ਅਸੀਂ ਸੇਵਕਾਈ ਵਿਚ ਮਿਲੇ ਤਜਰਬਿਆਂ ਬਾਰੇ ਗੱਲਾਂ ਕਰ ਕੇ ਬਹੁਤ ਖ਼ੁਸ਼ ਹੁੰਦੇ ਸਾਂ।” ਪੁੱਤਰ ਕਹਿੰਦਾ ਹੈ: “ਪੂਰੇ ਹਫ਼ਤੇ ਦੌਰਾਨ ਪਿਤਾ ਜੀ ਨਾਲ ਪ੍ਰਚਾਰ ਕੰਮ ਕਰ ਕੇ ਮੈਨੂੰ ਬਹੁਤ ਖ਼ੁਸ਼ੀ ਹੋਈ, ਨਹੀਂ ਤਾਂ ਉਹ ਆਮ ਤੌਰ ਤੇ ਪੂਰਾ ਹਫ਼ਤਾ ਕੰਮ ਤੇ ਜਾਂਦੇ ਹਨ।” ਪਿਤਾ ਨੇ ਕਿਹਾ: “ਪਰਿਵਾਰ ਦਾ ਸਿਰ ਹੋਣ ਦੇ ਨਾਤੇ ਮੈਨੂੰ ਇਹ ਜਾਣ ਕੇ ਬੜੀ ਖ਼ੁਸ਼ੀ ਹੋਈ ਕਿ ਅਸੀਂ ਸਾਰੇ ਮਿਲ ਕੇ ਸਭ ਤੋਂ ਜ਼ਰੂਰੀ ਕੰਮ ਕਰ ਰਹੇ ਸਾਂ।” ਕੀ ਤੁਹਾਡਾ ਪੂਰਾ ਪਰਿਵਾਰ ਪਾਇਨੀਅਰੀ ਕਰ ਸਕਦਾ ਹੈ? ਤੁਸੀਂ ਕਿਉਂ ਨਹੀਂ ਸਾਰੇ ਮਿਲ ਕੇ ਇਸ ਬਾਰੇ ਗੱਲ ਕਰਦੇ ਕਿ ਇਨ੍ਹਾਂ ਸਮਾਰਕ ਮਹੀਨਿਆਂ ਦੌਰਾਨ ਤੁਹਾਡਾ ਪੂਰਾ ਪਰਿਵਾਰ ਸਹਿਯੋਗੀ ਪਾਇਨੀਅਰੀ ਕਰ ਸਕਦਾ ਹੈ ਜਾਂ ਨਹੀਂ?
9 ਕੀ ਅਸੀਂ ਮਾਰਚ ਨੂੰ ਹੁਣ ਤਕ ਦਾ ਸਭ ਤੋਂ ਸ਼ਾਨਦਾਰ ਮਹੀਨਾ ਬਣਾ ਸਕਦੇ ਹਾਂ? ਸਾਲ 2000 ਦੇ ਸ਼ੁਰੂ ਵਿਚ ਸਾਡੀ ਰਾਜ ਸੇਵਕਾਈ ਨੇ ਸਵਾਲ ਪੁੱਛਿਆ ਸੀ: “ਕੀ ਅਸੀਂ ਅਪ੍ਰੈਲ 2000 ਨੂੰ ਹੁਣ ਤਕ ਦਾ ਸਭ ਤੋਂ ਸ਼ਾਨਦਾਰ ਮਹੀਨਾ ਬਣਾ ਸਕਦੇ ਹਾਂ?” ਭਰਾਵਾਂ ਦੀ ਕੀ ਪ੍ਰਤਿਕ੍ਰਿਆ ਸੀ? ਉਸ ਮਹੀਨੇ ਕਈ ਖੇਤਰਾਂ ਵਿਚ ਨਵੇਂ ਸਿਖਰ ਹਾਸਲ ਹੋਏ। 3,287 ਭੈਣ-ਭਰਾਵਾਂ ਨੇ ਸਹਿਯੋਗੀ ਪਾਇਨੀਅਰੀ ਕੀਤੀ ਜੋ ਕਿ ਕਿਸੇ ਇਕ ਮਹੀਨੇ ਵਿਚ ਰਿਪੋਰਟ ਕੀਤੀ ਗਈ ਸਭ ਤੋਂ ਜ਼ਿਆਦਾ ਗਿਣਤੀ ਹੈ। ਇਸ ਤੋਂ ਇਲਾਵਾ ਬਾਈਬਲ ਸਟੱਡੀਆਂ, ਪ੍ਰਚਾਰ ਵਿਚ ਬਿਤਾਏ ਘੰਟਿਆਂ, ਪ੍ਰਕਾਸ਼ਕਾਂ ਅਤੇ ਪੁਨਰ-ਮੁਲਾਕਾਤਾਂ ਦੀ ਗਿਣਤੀ ਵਿਚ ਵੀ ਨਵੇਂ ਸਿਖਰ ਹਾਸਲ ਹੋਏ ਸਨ। ਕੀ ਤੁਹਾਨੂੰ ਯਾਦ ਹੈ ਕਿ ਉਸ ਖ਼ਾਸ ਮਹੀਨੇ ਵਿਚ ਸਾਰਿਆਂ ਵੱਲੋਂ ਪ੍ਰਚਾਰ ਕੰਮ ਵਿਚ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਲੈਣ ਕਰਕੇ ਕਲੀਸਿਯਾ ਦਾ ਕਿੰਨਾ ਜੋਸ਼ ਵਧਿਆ ਸੀ? ਕੀ ਅਸੀਂ ਇਸ ਸਾਲ ਵੀ ਉੱਨੀ ਹੀ ਜਾਂ ਉਸ ਨਾਲੋਂ ਵੀ ਜ਼ਿਆਦਾ ਮਿਹਨਤ ਕਰ ਸਕਦੇ ਹਾਂ? ਜੇ ਸਾਰੇ ਪੁਰਜ਼ੋਰ ਕੋਸ਼ਿਸ਼ ਕਰਨ, ਤਾਂ ਮਾਰਚ 2002 ਸਾਡਾ “ਹੁਣ ਤਕ ਦਾ ਸਭ ਤੋਂ ਸ਼ਾਨਦਾਰ ਮਹੀਨਾ” ਬਣ ਸਕਦਾ ਹੈ। ਪਰ ਅਸੀਂ ਮਾਰਚ ਮਹੀਨਾ ਹੀ ਕਿਉਂ ਚੁਣਿਆ?
10 ਦੋ ਕਾਰਨਾਂ ਕਰਕੇ ਮਾਰਚ ਮਹੀਨੇ ਨੂੰ ਖ਼ਾਸ ਪ੍ਰਚਾਰ ਸੇਵਾ ਵਾਸਤੇ ਚੁਣਿਆ ਗਿਆ ਹੈ। ਪਹਿਲਾ, ਸਮਾਰਕ ਸਮਾਰੋਹ ਮਾਰਚ ਦੇ ਅਖ਼ੀਰ ਵਿਚ ਮਨਾਇਆ ਜਾਵੇਗਾ, ਇਸ ਲਈ ਪੂਰੇ ਮਹੀਨੇ ਦੌਰਾਨ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਸ ਵਿਚ ਹਾਜ਼ਰ ਹੋਣ ਦਾ ਸੱਦਾ ਦੇ ਸਕਦੇ ਹਾਂ। ਦੂਸਰਾ, ਇਸ ਸਾਲ ਮਾਰਚ ਵਿਚ ਪੂਰੇ ਪੰਜ ਸ਼ਨੀਵਾਰ ਤੇ ਐਤਵਾਰ ਹਨ, ਇਸ ਲਈ ਜਿਹੜੇ ਭੈਣ-ਭਰਾ ਨੌਕਰੀ ਕਰਦੇ ਹਨ ਜਾਂ ਸਕੂਲ ਜਾਂਦੇ ਹਨ ਉਨ੍ਹਾਂ ਲਈ ਸਹਿਯੋਗੀ ਪਾਇਨੀਅਰੀ ਕਰਨੀ ਜ਼ਿਆਦਾ ਆਸਾਨ ਹੋਵੇਗੀ। ਕਿਉਂ ਨਾ ਇਸ ਅੰਤਰ-ਪੱਤਰ ਵਿਚ ਦਿੱਤੇ ਕਲੰਡਰ ਦੀ ਮਦਦ ਨਾਲ ਹੁਣੇ ਹੀ ਆਪਣੇ ਲਈ ਇਕ ਵਿਵਹਾਰਕ ਸਮਾਂ-ਸਾਰਣੀ ਬਣਾਓ? ਤੁਸੀਂ ਦੇਖੋਗੇ ਕਿ ਸਹਿਯੋਗੀ ਪਾਇਨੀਅਰੀ ਕਰਨੀ ਸ਼ਾਇਦ ਉੱਨੀ ਮੁਸ਼ਕਲ ਨਹੀਂ ਜਿੰਨੀ ਤੁਸੀਂ ਸੋਚਦੇ ਹੋ। ਮਿਸਾਲ ਲਈ, 50 ਘੰਟੇ ਪੂਰੇ ਕਰਨ ਲਈ ਜੇ ਤੁਸੀਂ ਹਰ ਸ਼ਨੀਵਾਰ ਤੇ ਹਰ ਐਤਵਾਰ ਨੂੰ ਚਾਰ-ਚਾਰ ਘੰਟੇ ਪ੍ਰਚਾਰ ਕਰਦੇ ਹੋ, ਤਾਂ ਬਾਕੀ ਦਿਨਾਂ ਦੌਰਾਨ ਤੁਹਾਨੂੰ ਸਿਰਫ਼ 10 ਘੰਟੇ ਹੋਰ ਕਰਨੇ ਪੈਣਗੇ।
11 “ਪਰਮੇਸ਼ੁਰ ਦੇ ਬਚਨ ਦੀ ਪੂਰੀ ਕਥਾ” ਕਰਨ ਵਿਚ ਬਜ਼ੁਰਗ ਕਲੀਸਿਯਾ ਦੇ ਸਾਰੇ ਭੈਣ-ਭਰਾਵਾਂ ਦੀ ਕਿੱਦਾਂ ਮਦਦ ਕਰ ਸਕਦੇ ਹਨ? ਸਭਾਵਾਂ ਵਿਚ ਆਪਣਾ ਭਾਗ ਪੇਸ਼ ਕਰਦੇ ਹੋਏ ਅਤੇ ਦੂਜਿਆਂ ਨਾਲ ਗੱਲਬਾਤ ਕਰਦੇ ਸਮੇਂ ਭੈਣ-ਭਰਾਵਾਂ ਦਾ ਜੋਸ਼ ਵਧਾਓ। ਕਲੀਸਿਯਾ ਪੁਸਤਕ ਅਧਿਐਨ ਕਰਾਉਣ ਵਾਲੇ ਬਜ਼ੁਰਗ ਅਤੇ ਉਨ੍ਹਾਂ ਦੇ ਸਹਾਇਕ ਆਪਣੇ ਗਰੁੱਪ ਦੇ ਹਰੇਕ ਭੈਣ-ਭਰਾ ਨਾਲ ਗੱਲ ਕਰ ਸਕਦੇ ਹਨ ਅਤੇ ਉਨ੍ਹਾਂ ਦੀ ਮਦਦ ਕਰ ਸਕਦੇ ਹਨ। ਹੋ ਸਕਦਾ ਕਿ ਉਨ੍ਹਾਂ ਨੂੰ ਤੁਹਾਡੇ ਕੁਝ ਉਤਸ਼ਾਹ ਭਰੇ ਸ਼ਬਦਾਂ ਜਾਂ ਕੁਝ ਚੰਗੇ ਸੁਝਾਵਾਂ ਦੀ ਹੀ ਲੋੜ ਹੈ। (ਕਹਾ. 25:11) ਕਈ ਦੇਖਣਗੇ ਕਿ ਆਪਣੇ ਕੰਮਾਂ-ਕਾਰਾਂ ਵਿਚ ਥੋੜ੍ਹਾ-ਬਹੁਤ ਫੇਰ-ਬਦਲ ਕਰਨ ਨਾਲ ਉਹ ਸਹਿਯੋਗੀ ਪਾਇਨੀਅਰੀ ਕਰਨ ਦਾ ਆਨੰਦ ਮਾਣ ਸਕਦੇ ਹਨ। ਕਈ ਕਲੀਸਿਯਾਵਾਂ ਵਿਚ ਸਾਰੇ ਨਹੀਂ ਤਾਂ, ਜ਼ਿਆਦਾਤਰ ਬਜ਼ੁਰਗ ਅਤੇ ਸਹਾਇਕ ਸੇਵਕ ਅਤੇ ਉਨ੍ਹਾਂ ਦੀਆਂ ਪਤਨੀਆਂ ਸਮਾਰਕ ਮਹੀਨਿਆਂ ਦੌਰਾਨ ਇਕੱਠੇ ਮਿਲ ਕੇ ਸਹਿਯੋਗੀ ਪਾਇਨੀਅਰੀ ਕਰ ਕੇ ਚੰਗੀ ਮਿਸਾਲ ਕਾਇਮ ਕਰਦੇ ਹਨ। ਇਸ ਗੱਲ ਨੇ ਹੋਰ ਬਹੁਤ ਸਾਰੇ ਪ੍ਰਕਾਸ਼ਕਾਂ ਨੂੰ ਵੀ ਪਾਇਨੀਅਰੀ ਕਰਨ ਲਈ ਉਤਸ਼ਾਹਿਤ ਕੀਤਾ ਹੈ। ਕੁਝ ਪ੍ਰਕਾਸ਼ਕ ਸ਼ਾਇਦ ਬੀਮਾਰੀ ਕਰਕੇ ਜਾਂ ਹੋਰ ਕਾਰਨਾਂ ਕਰਕੇ ਪਾਇਨੀਅਰੀ ਨਹੀਂ ਕਰ ਸਕਦੇ, ਪਰ ਫਿਰ ਵੀ ਉਹ ਆਪਣੀ ਕਦਰਦਾਨੀ ਦਿਖਾ ਸਕਦੇ ਹਨ। ਉਨ੍ਹਾਂ ਨੂੰ ਬਾਕੀ ਕਲੀਸਿਯਾ ਨਾਲ ਮਿਲ ਕੇ ਸੇਵਕਾਈ ਵਿਚ ਜ਼ਿਆਦਾ ਘੰਟੇ ਬਿਤਾਉਣ ਦੀ ਪ੍ਰੇਰਣਾ ਦਿੱਤੀ ਜਾ ਸਕਦੀ ਹੈ।
12 ਸਫ਼ਲਤਾ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਬਜ਼ੁਰਗ ਕਿੰਨੇ ਧਿਆਨ ਨਾਲ ਯੋਜਨਾ ਬਣਾਉਂਦੇ ਹਨ। ਪੂਰੇ ਹਫ਼ਤੇ ਦੌਰਾਨ ਢੁਕਵੇਂ ਸਮਿਆਂ ਤੇ ਖੇਤਰ ਸੇਵਾ ਸਭਾਵਾਂ ਰੱਖੀਆਂ ਜਾਣੀਆਂ ਚਾਹੀਦੀਆਂ ਹਨ। ਹੋ ਸਕੇ ਤਾਂ ਇਹ ਸਭਾਵਾਂ ਚਲਾਉਣ ਲਈ ਸੇਵਾ ਨਿਗਾਹਬਾਨ ਪਹਿਲਾਂ ਤੋਂ ਹੀ ਯੋਗ ਭਰਾਵਾਂ ਨੂੰ ਨਿਯੁਕਤ ਕਰੇ। ਇਨ੍ਹਾਂ ਭਰਾਵਾਂ ਨੂੰ ਚੰਗੀ ਤਰ੍ਹਾਂ ਤਿਆਰੀ ਕਰਨ ਦੀ ਲੋੜ ਹੈ ਤਾਂਕਿ ਸਭਾ 10-15 ਮਿੰਟਾਂ ਵਿਚ ਖ਼ਤਮ ਹੋ ਸਕੇ। ਇੰਨੇ ਸਮੇਂ ਵਿਚ ਭੈਣ-ਭਰਾਵਾਂ ਦੇ ਗਰੁੱਪ ਬਣਾਉਣ, ਉਨ੍ਹਾਂ ਨੂੰ ਖੇਤਰ ਦੇਣ ਅਤੇ ਪ੍ਰਾਰਥਨਾ ਕਰਨ ਦਾ ਸਾਰਾ ਕੰਮ ਹੋ ਜਾਣਾ ਚਾਹੀਦਾ ਹੈ। (ਸਤੰਬਰ 2001 ਦੀ ਸਾਡੀ ਰਾਜ ਸੇਵਕਾਈ ਵਿਚ ਪ੍ਰਸ਼ਨ ਡੱਬੀ ਦੇਖੋ।) ਪੂਰੇ ਮਹੀਨੇ ਲਈ ਖੇਤਰ ਸੇਵਕਾਈ ਦੀ ਸਮਾਂ-ਸਾਰਣੀ ਬਾਰੇ ਕਲੀਸਿਯਾ ਨੂੰ ਸਾਫ਼-ਸਾਫ਼ ਦੱਸੋ ਅਤੇ ਇਹ ਸਮਾਂ-ਸਾਰਣੀ ਸੂਚਨਾ ਬੋਰਡ ਉੱਤੇ ਲਗਾਈ ਜਾਣੀ ਚਾਹੀਦੀ ਹੈ।
13 ਪ੍ਰਚਾਰ ਕਰਨ ਵਾਸਤੇ ਸਾਰਿਆਂ ਨੂੰ ਚੋਖਾ ਖੇਤਰ ਦਿੱਤਾ ਜਾਣਾ ਚਾਹੀਦਾ ਹੈ। ਸੇਵਾ ਨਿਗਾਹਬਾਨ ਨੂੰ ਖੇਤਰ ਦੇ ਨਕਸ਼ੇ ਸੰਭਾਲਣ ਵਾਲੇ ਭਰਾ ਨਾਲ ਗੱਲ ਕਰ ਕੇ ਉਹ ਖੇਤਰ ਚੁਣਨੇ ਚਾਹੀਦੇ ਹਨ ਜਿੱਥੇ ਘੱਟ ਪ੍ਰਚਾਰ ਕੀਤਾ ਗਿਆ ਹੈ। ਭੈਣ-ਭਰਾਵਾਂ ਨੂੰ ਉਤਸ਼ਾਹਿਤ ਕਰੋ ਕਿ ਉਹ ਉਨ੍ਹਾਂ ਘਰਾਂ ਵਿਚ ਦੁਬਾਰਾ ਜਾਣ ਜਿੱਥੇ ਪਹਿਲਾਂ ਕੋਈ ਘਰ ਵਿਚ ਨਹੀਂ ਮਿਲਿਆ ਸੀ। ਸਾਰਿਆਂ ਨੂੰ ਸੜਕਾਂ ਅਤੇ ਦੁਕਾਨਾਂ ਵਿਚ ਗਵਾਹੀ ਦੇਣ ਅਤੇ ਸ਼ਾਮ ਵੇਲੇ ਪ੍ਰਚਾਰ ਕੰਮ ਵਿਚ ਹਿੱਸਾ ਲੈਣ ਦੀ ਪ੍ਰੇਰਣਾ ਦਿਓ। ਜੇ ਮੁਮਕਿਨ ਹੋਵੇ, ਤਾਂ ਕਈ ਪ੍ਰਕਾਸ਼ਕਾਂ ਦੀ ਟੈਲੀਫ਼ੋਨ ਰਾਹੀਂ ਗਵਾਹੀ ਦੇਣ ਵਿਚ ਵੀ ਮਦਦ ਕੀਤੀ ਜਾ ਸਕਦੀ ਹੈ।
14 ਮੁੜ ਸਰਗਰਮ ਹੋਣ ਵਿਚ ਉਨ੍ਹਾਂ ਦੀ ਮਦਦ ਕਰੋ: ਕੀ ਤੁਹਾਡੀ ਕਲੀਸਿਯਾ ਵਿਚ ਅਜਿਹੇ ਭੈਣ-ਭਰਾ ਹਨ ਜੋ ਹੁਣ ਖ਼ੁਸ਼ ਖ਼ਬਰੀ ਦਾ ਪ੍ਰਚਾਰ ਨਹੀਂ ਕਰਦੇ? ਉਹ ਅਜੇ ਵੀ ਕਲੀਸਿਯਾ ਦਾ ਹਿੱਸਾ ਹਨ ਤੇ ਉਨ੍ਹਾਂ ਨੂੰ ਮਦਦ ਦੀ ਲੋੜ ਹੈ। (ਜ਼ਬੂ. 119:176) ਸਾਨੂੰ ਗ਼ੈਰ-ਸਰਗਰਮ ਭੈਣ-ਭਰਾਵਾਂ ਦੀ ਮਦਦ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਇਸ ਪੁਰਾਣੀ ਦੁਨੀਆਂ ਦਾ ਅੰਤ ਅਤੇ ਨਵੀਂ ਦੁਨੀਆਂ ਬਹੁਤ ਹੀ ਨੇੜੇ ਹੈ। (ਰੋਮੀ. 13:11, 12) ਇਸ ਮਦਦ ਸਦਕਾ ਪਿਛਲੇ ਪੰਜ ਸਾਲਾਂ ਦੌਰਾਨ ਹਰ ਸਾਲ ਲਗਭਗ 300 ਭੈਣ-ਭਰਾਵਾਂ ਨੇ ਦੁਬਾਰਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਅਸੀਂ ਹੋਰ ਭੈਣ-ਭਰਾਵਾਂ ਦੇ ਪਹਿਲੇ ਪ੍ਰੇਮ ਅਤੇ ਭਰੋਸੇ ਨੂੰ ਮੁੜ ਜਗਾਉਣ ਲਈ ਉਨ੍ਹਾਂ ਦੀ ਕਿੱਦਾਂ ਮਦਦ ਕਰ ਸਕਦੇ ਹਾਂ?—ਇਬ. 3:12-14.
15 ਬਜ਼ੁਰਗਾਂ ਨੂੰ ਇਕੱਠੇ ਹੋ ਕੇ ਇਸ ਬਾਰੇ ਗੱਲਬਾਤ ਕਰਨੀ ਚਾਹੀਦੀ ਹੈ ਕਿ ਉਹ ਪਿਛਲੇ ਕੁਝ ਸਾਲਾਂ ਦੌਰਾਨ ਗ਼ੈਰ-ਸਰਗਰਮ ਹੋ ਚੁੱਕੇ ਭੈਣ-ਭਰਾਵਾਂ ਦੀ ਕਿੱਦਾਂ ਮਦਦ ਕਰ ਸਕਦੇ ਹਨ। (ਮੱਤੀ 18:12-14) ਸੈਕਟਰੀ ਨੂੰ ਕਲੀਸਿਯਾ ਪ੍ਰਕਾਸ਼ਕ ਰਿਕਾਰਡ ਕਾਰਡਾਂ ਤੋਂ ਪਤਾ ਲਗਾਉਣਾ ਚਾਹੀਦਾ ਕਿ ਕਿਹੜੇ ਪ੍ਰਕਾਸ਼ਕ ਗ਼ੈਰ-ਸਰਗਰਮ ਹੋ ਚੁੱਕੇ ਹਨ। ਬਜ਼ੁਰਗਾਂ ਨੂੰ ਚਾਹੀਦਾ ਕਿ ਉਹ ਜਾ ਕੇ ਇਨ੍ਹਾਂ ਭੈਣ-ਭਰਾਵਾਂ ਨੂੰ ਮਿਲਣ ਅਤੇ ਉਨ੍ਹਾਂ ਦੀ ਮਦਦ ਕਰਨ। ਜੇ ਕੋਈ ਬਜ਼ੁਰਗ ਕਿਸੇ ਖ਼ਾਸ ਪ੍ਰਕਾਸ਼ਕ ਨੂੰ ਪਹਿਲਾਂ ਤੋਂ ਜਾਣਦਾ ਹੈ ਅਤੇ ਉਸ ਨਾਲ ਉਸ ਦਾ ਮੇਲ-ਜੋਲ ਰਿਹਾ ਹੋਵੇ, ਤਾਂ ਉਹ ਉਸ ਪ੍ਰਕਾਸ਼ਕ ਨੂੰ ਮਿਲ ਸਕਦਾ ਹੈ। ਜਾਂ ਉਹ ਕਿਸੇ ਹੋਰ ਪ੍ਰਕਾਸ਼ਕ ਨੂੰ ਉਸ ਦੀ ਮਦਦ ਕਰਨ ਲਈ ਕਹਿ ਸਕਦਾ ਹੈ। ਇਹ ਉਹ ਭੈਣ ਜਾਂ ਭਰਾ ਹੋ ਸਕਦਾ ਹੈ ਜਿਸ ਨੇ ਗ਼ੈਰ-ਸਰਗਰਮ ਹੋਏ ਪ੍ਰਕਾਸ਼ਕ ਨਾਲ ਸਟੱਡੀ ਕੀਤੀ ਸੀ ਅਤੇ ਹੁਣ ਲੋੜ ਵੇਲੇ ਉਸ ਦੀ ਮਦਦ ਕਰ ਕੇ ਖ਼ੁਸ਼ ਹੋਵੇਗਾ। ਸਾਨੂੰ ਆਸ ਹੈ ਕਿ ਬਹੁਤ ਸਾਰੇ ਗ਼ੈਰ-ਸਰਗਰਮ ਭੈਣ-ਭਰਾ ਸਾਡੀ ਮਦਦ ਨਾਲ ਫਿਰ ਤੋਂ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦੇਣਗੇ। ਜੇ ਉਹ ਅਜੇ ਵੀ ਪ੍ਰਚਾਰ ਕਰਨ ਦੇ ਯੋਗ ਹਨ, ਤਾਂ ਉਨ੍ਹਾਂ ਲਈ ਮੁੜ ਸਰਗਰਮ ਹੋਣ ਵਾਸਤੇ ਸਮਾਰਕ ਮਹੀਨਿਆਂ ਨਾਲੋਂ ਹੋਰ ਬਿਹਤਰ ਸਮਾਂ ਕੋਈ ਨਹੀਂ ਹੋ ਸਕਦਾ!—ਹੋਰ ਜਾਣਕਾਰੀ ਲਈ ਨਵੰਬਰ 2000 ਦੀ ਸਾਡੀ ਰਾਜ ਸੇਵਕਾਈ ਵਿਚ ਪ੍ਰਸ਼ਨ ਡੱਬੀ ਦੇਖੋ।
16 ਕੀ ਦੂਸਰੇ ਵੀ ਪ੍ਰਚਾਰਕ ਬਣਨ ਦੇ ਯੋਗ ਹਨ? ਯਹੋਵਾਹ “ਸਾਰੀਆਂ ਕੌਮਾਂ ਦੀਆਂ ਮਨਭਾਉਂਦੀਆਂ ਵਸਤਾਂ” ਨੂੰ ਇਕੱਠਾ ਕਰਨ ਦੁਆਰਾ ਆਪਣੇ ਲੋਕਾਂ ਨੂੰ ਅਸੀਸ ਦੇ ਰਿਹਾ ਹੈ। (ਹੱਜ. 2:7, ਨਿ ਵ) ਹਰ ਸਾਲ ਹਜ਼ਾਰਾਂ ਲੋਕ ਬਪਤਿਸਮਾ-ਰਹਿਤ ਪ੍ਰਕਾਸ਼ਕ ਬਣਨ ਦੇ ਯੋਗ ਬਣਦੇ ਹਨ। ਇਹ ਕੌਣ ਹਨ? ਇਹ ਯਹੋਵਾਹ ਦੇ ਗਵਾਹਾਂ ਦੇ ਬੱਚੇ ਅਤੇ ਤਰੱਕੀ ਕਰ ਰਹੇ ਬਾਈਬਲ ਵਿਦਿਆਰਥੀ ਹਨ। ਅਸੀਂ ਕਿੱਦਾਂ ਪਤਾ ਲਗਾ ਸਕਦੇ ਹਾਂ ਕਿ ਉਹ ਖ਼ੁਸ਼ ਖ਼ਬਰੀ ਦੇ ਪ੍ਰਚਾਰਕ ਬਣਨ ਦੇ ਯੋਗ ਹਨ?
17 ਯਹੋਵਾਹ ਦੇ ਗਵਾਹਾਂ ਦੇ ਬੱਚੇ: ਕਈ ਮਾਪਿਆਂ ਦੇ ਬੱਚੇ ਉਨ੍ਹਾਂ ਨਾਲ ਕਈ ਸਾਲਾਂ ਤੋਂ ਘਰ-ਘਰ ਦੇ ਪ੍ਰਚਾਰ ਕੰਮ ਵਿਚ ਹਿੱਸਾ ਲੈ ਰਹੇ ਹਨ, ਹਾਲਾਂਕਿ ਉਹ ਅਜੇ ਬਪਤਿਸਮਾ-ਰਹਿਤ ਪ੍ਰਕਾਸ਼ਕ ਨਹੀਂ ਬਣੇ ਹਨ। ਮਾਰਚ ਦਾ ਮਹੀਨਾ ਉਨ੍ਹਾਂ ਲਈ ਬਪਤਿਸਮਾ-ਰਹਿਤ ਪ੍ਰਕਾਸ਼ਕ ਬਣਨ ਦਾ ਵਧੀਆ ਸਮਾਂ ਹੈ। ਤੁਸੀਂ ਕਿੱਦਾਂ ਪਤਾ ਲਗਾ ਸਕਦੇ ਹੋ ਕਿ ਤੁਹਾਡਾ ਬੱਚਾ ਇਸ ਦੇ ਯੋਗ ਹੈ? ਆਪਣੀ ਸੇਵਕਾਈ ਪੂਰੀ ਕਰਨ ਲਈ ਸੰਗਠਿਤ (ਅੰਗ੍ਰੇਜ਼ੀ) ਕਿਤਾਬ ਦਾ ਸਫ਼ਾ 100 ਕਹਿੰਦਾ ਹੈ ਕਿ ਉਹ ਪ੍ਰਕਾਸ਼ਕ ਬਣਨ ਦੇ ਯੋਗ ਹੈ “ਜੇ ਉਸ ਦਾ ਆਚਰਣ ਦੂਸਰਿਆਂ ਲਈ ਮਿਸਾਲ ਹੈ ਅਤੇ ਉਹ ਦਿਲੋਂ ਪ੍ਰੇਰਿਤ ਹੋ ਕੇ ਦੂਸਰਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦੁਆਰਾ ਆਪਣੀ ਨਿਹਚਾ ਦਿਖਾਉਂਦਾ ਹੈ।” ਜੇ ਤੁਸੀਂ ਸੋਚਦੇ ਹੋ ਕਿ ਤੁਹਾਡਾ ਬੱਚਾ ਇਸ ਤਰ੍ਹਾਂ ਕਰ ਰਿਹਾ ਹੈ, ਤਾਂ ਕਲੀਸਿਯਾ ਸੇਵਾ ਕਮੇਟੀ ਦੇ ਕਿਸੇ ਇਕ ਬਜ਼ੁਰਗ ਨਾਲ ਗੱਲ ਕਰੋ।
18 ਪ੍ਰਕਾਸ਼ਕ ਬਣਨ ਦੇ ਯੋਗ ਬਾਈਬਲ ਵਿਦਿਆਰਥੀ: ਜਦੋਂ ਇਕ ਬਾਈਬਲ ਵਿਦਿਆਰਥੀ ਕਾਫ਼ੀ ਗਿਆਨ ਲੈ ਚੁੱਕਾ ਹੈ ਅਤੇ ਲੰਬੇ ਸਮੇਂ ਤੋਂ ਸਭਾਵਾਂ ਵਿਚ ਆ ਰਿਹਾ ਹੈ, ਤਾਂ ਉਹ ਸ਼ਾਇਦ ਰਾਜ ਪ੍ਰਕਾਸ਼ਕ ਬਣਨਾ ਚਾਹੇਗਾ। ਜੇ ਤੁਸੀਂ ਉਸ ਨਾਲ ਬਾਈਬਲ ਸਟੱਡੀ ਕਰਦੇ ਹੋ, ਤਾਂ ਇਨ੍ਹਾਂ ਸਵਾਲਾਂ ਉੱਤੇ ਵਿਚਾਰ ਕਰੋ: ਕੀ ਉਹ ਆਪਣੀ ਉਮਰ ਤੇ ਕਾਬਲੀਅਤ ਮੁਤਾਬਕ ਤਰੱਕੀ ਕਰ ਰਿਹਾ ਹੈ? ਕੀ ਉਹ ਸਿੱਖੀਆਂ ਗੱਲਾਂ ਦੂਸਰਿਆਂ ਨੂੰ ਦੱਸਦਾ ਹੈ? ਕੀ ਉਹ ਆਪਣੇ ਵਿਚ ‘ਨਵਾਂ ਵਿਅਕਤਿੱਤਵ’ ਪੈਦਾ ਕਰ ਰਿਹਾ ਹੈ? (ਕੁਲੁ. 3:10, ਨਿ ਵ) ਕੀ ਉਹ ਬਪਤਿਸਮਾ-ਰਹਿਤ ਪ੍ਰਕਾਸ਼ਕ ਬਣਨ ਲਈ ਦੱਸੀਆਂ ਉਨ੍ਹਾਂ ਮੰਗਾਂ ਉੱਤੇ ਖਰਾ ਉਤਰਦਾ ਹੈ ਜੋ ਆਪਣੀ ਸੇਵਕਾਈ ਕਿਤਾਬ ਦੇ ਸਫ਼ੇ 97-9 ਵਿਚ ਦੱਸੀਆਂ ਗਈਆਂ ਹਨ? ਜੇ ਹਾਂ, ਤਾਂ ਤੁਹਾਨੂੰ ਕਲੀਸਿਯਾ ਸੇਵਾ ਕਮੇਟੀ ਨਾਲ ਗੱਲ ਕਰਨੀ ਚਾਹੀਦੀ ਹੈ ਤਾਂਕਿ ਦੋ ਬਜ਼ੁਰਗ ਤੁਹਾਡੇ ਦੋਵਾਂ ਨਾਲ ਮਿਲ ਕੇ ਗੱਲਬਾਤ ਕਰ ਸਕਣ। ਜੇ ਤੁਹਾਡਾ ਵਿਦਿਆਰਥੀ ਪ੍ਰਕਾਸ਼ਕ ਬਣਨ ਦੇ ਯੋਗ ਹੈ, ਤਾਂ ਉਹ ਦੋਵੇਂ ਬਜ਼ੁਰਗ ਉਸ ਨੂੰ ਪ੍ਰਚਾਰ ਕੰਮ ਵਿਚ ਹਿੱਸਾ ਲੈਣ ਦੀ ਇਜਾਜ਼ਤ ਦੇ ਦੇਣਗੇ।
19 ਅਪ੍ਰੈਲ ਤੇ ਮਈ ਮਹੀਨਿਆਂ ਬਾਰੇ ਕੀ? ਇਹ ਵੀ ਪ੍ਰਚਾਰ ਕੰਮ ਵਿਚ ਜ਼ਿਆਦਾ ਹਿੱਸਾ ਲੈਣ ਦੇ ਖ਼ਾਸ ਮਹੀਨੇ ਹੋਣਗੇ। ਮਾਰਚ ਵਿਚ ਸਹਿਯੋਗੀ ਪਾਇਨੀਅਰੀ ਕਰਨ ਵਾਲੇ ਕਈ ਭੈਣ-ਭਰਾ ਸ਼ਾਇਦ ਅਪ੍ਰੈਲ ਅਤੇ/ਜਾਂ ਮਈ ਵਿਚ ਵੀ ਪਾਇਨੀਅਰੀ ਕਰ ਸਕਦੇ ਹਨ। ਅਪ੍ਰੈਲ ਤੇ ਮਈ ਵਿਚ ਅਸੀਂ ਸੇਵਕਾਈ ਵਿਚ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਵੰਡਣ ਉੱਤੇ ਜ਼ੋਰ ਦਿਆਂਗੇ। ਇਨ੍ਹਾਂ ਰਸਾਲਿਆਂ ਨੂੰ ਪੜ੍ਹ ਕੇ ਬਹੁਤ ਸਾਰੇ ਲੋਕਾਂ ਨੂੰ ਬਹੁਤ ਫ਼ਾਇਦਾ ਹੋਇਆ ਹੈ। ਦੁਨੀਆਂ ਭਰ ਵਿਚ ਹੋਏ ਸ਼ਾਨਦਾਰ ਵਾਧੇ ਵਿਚ ਇਨ੍ਹਾਂ ਰਸਾਲਿਆਂ ਦੀ ਅਹਿਮ ਭੂਮਿਕਾ ਰਹੀ ਹੈ। ਅਪ੍ਰੈਲ ਤੇ ਮਈ ਮਹੀਨਿਆਂ ਵਿਚ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਹ ਰਸਾਲੇ ਦੇਣ ਦੀ ਖ਼ਾਸ ਕੋਸ਼ਿਸ਼ ਕਰਾਂਗੇ। ਇਸ ਵਿਚ ਪੂਰਾ ਹਿੱਸਾ ਲੈਣ ਲਈ ਹੁਣੇ ਤੋਂ ਯੋਜਨਾ ਬਣਾਓ।
20 ਪ੍ਰਚਾਰ ਕੰਮ ਵਿਚ ਜ਼ਿਆਦਾ ਹਿੱਸਾ ਲੈਣ ਦੀ ਯੋਜਨਾ ਬਣਾਉਣ ਦੇ ਨਾਲ-ਨਾਲ, ਕੀ ਤੁਹਾਨੂੰ ਕਲੀਸਿਯਾ ਵਿਚ ਆਪਣੇ ਰਸਾਲਿਆਂ ਦੇ ਕੋਟੇ ਨੂੰ ਵੀ ਵਧਾਉਣ ਦੀ ਲੋੜ ਹੈ? ਅਸੀਂ ਸੇਵਾ ਸਾਲ ਦੇ ਹਰ ਸ਼ਨੀਵਾਰ ਨੂੰ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਵੰਡਣ ਦੇ ਖ਼ਾਸ ਕੰਮ ਲਈ ਅਲੱਗ ਰੱਖਿਆ ਹੈ। ਤੁਹਾਨੂੰ ਕਲੀਸਿਯਾ ਤੋਂ ਆਮ ਨਾਲੋਂ ਜ਼ਿਆਦਾ ਰਸਾਲੇ ਲੈਣ ਦੀ ਲੋੜ ਪੈ ਸਕਦੀ ਹੈ ਕਿਉਂਕਿ ਕਈ ਭੈਣ-ਭਰਾ ਇਨ੍ਹਾਂ ਦੋ ਮਹੀਨਿਆਂ ਵਿਚ ਸਹਿਯੋਗੀ ਪਾਇਨੀਅਰੀ ਕਰ ਰਹੇ ਹੋਣਗੇ ਅਤੇ ਅਸੀਂ ਸਾਰੇ ਹੀ ਇਨ੍ਹਾਂ ਦੋ ਮਹੀਨਿਆਂ ਵਿਚ ਬਹੁਤ ਸਾਰੇ ਰਸਾਲੇ ਵੰਡਾਂਗੇ। ਜੇ ਤੁਹਾਨੂੰ ਹੋਰ ਰਸਾਲਿਆਂ ਦੀ ਲੋੜ ਹੈ, ਤਾਂ ਆਪਣੀ ਕਲੀਸਿਯਾ ਵਿਚ ਰਸਾਲੇ ਸਾਂਭਣ ਵਾਲੇ ਭਰਾ ਨੂੰ ਇਸ ਬਾਰੇ ਦੱਸੋ। ਇਸ ਤੋਂ ਇਲਾਵਾ, ਸਾਹਿੱਤ ਸਾਂਭਣ ਵਾਲੇ ਭਰਾ ਨੂੰ ਇਹ ਨਿਸ਼ਚਿਤ ਕਰਨਾ ਚਾਹੀਦਾ ਕਿ ਕਲੀਸਿਯਾ ਵਿਚ ਕੀ ਤੁਸੀਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹੋ? ਨਾਮਕ ਟ੍ਰੈਕਟ ਦੀ ਚੋਖੀ ਸਪਲਾਈ ਹੈ।
21 ਕਈਆਂ ਨੇ ਸਾਡੀ ਰਾਜ ਸੇਵਕਾਈ ਵਿਚ “ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ” ਲੇਖ ਲਈ ਆਪਣੀ ਕਦਰਦਾਨੀ ਪ੍ਰਗਟ ਕੀਤੀ ਹੈ। ਕੀ ਤੁਸੀਂ ਰਸਾਲੇ ਪੇਸ਼ ਕਰਨ ਲਈ ਇਨ੍ਹਾਂ ਪੇਸ਼ਕਾਰੀਆਂ ਨੂੰ ਯਾਦ ਕਰ ਕੇ ਇਸ ਪ੍ਰਬੰਧ ਦਾ ਲਾਭ ਉਠਾ ਰਹੇ ਹੋ? ਕਿਉਂ ਨਾ ਤੁਸੀਂ ਹਰ ਹਫ਼ਤੇ ਆਪਣੇ ਪਰਿਵਾਰਕ ਬਾਈਬਲ ਅਧਿਐਨ ਦਾ ਕੁਝ ਸਮਾਂ ਇਨ੍ਹਾਂ ਪੇਸ਼ਕਾਰੀਆਂ ਦਾ ਅਭਿਆਸ ਕਰਨ ਲਈ ਵਰਤੋ?
22 ਇਨ੍ਹਾਂ ਸਮਾਰਕ ਮਹੀਨਿਆਂ ਦਾ ਪੂਰਾ ਲਾਭ ਉਠਾਓ: ਆਓ ਆਪਾਂ ਪੌਲੁਸ ਰਸੂਲ ਵਾਂਗ ਇਨ੍ਹਾਂ ਸਮਾਰਕ ਮਹੀਨਿਆਂ ਲਈ ਕੀਤੇ ਗਏ ਅਧਿਆਤਮਿਕ ਪ੍ਰਬੰਧਾਂ ਨੂੰ ਆਪਣਾ ਪੂਰਾ ਸਹਿਯੋਗ ਦੇ ਕੇ ਦਿਖਾਈਏ ਕਿ ਅਸੀਂ ਯਹੋਵਾਹ ਦੇ “ਉਸ ਦਾਨ ਲਈ ਜਿਹੜਾ ਕਹਿਣ ਤੋਂ ਬਾਹਰ ਹੈ” ਬਹੁਤ ਧੰਨਵਾਦੀ ਹਾਂ। ਅਸੀਂ ਇਨ੍ਹਾਂ ਤਰੀਕਿਆਂ ਨਾਲ ਸਹਿਯੋਗ ਦੇ ਸਕਦੇ ਹਾਂ: (1) ਅਸੀਂ ਵੀਰਵਾਰ, 28 ਮਾਰਚ 2002 ਨੂੰ ਪ੍ਰਭੂ ਦੇ ਸ਼ਾਮ ਦੇ ਭੋਜਨ ਦੀ ਯਾਦ ਵਿਚ ਮਨਾਏ ਜਾਂਦੇ ਸਾਲ ਦੇ ਸਭ ਤੋਂ ਅਹਿਮ ਸਮਾਰੋਹ ਵਿਚ ਹਾਜ਼ਰ ਹੋਵਾਂਗੇ; (2) ਜਿਹੜੇ ਪ੍ਰਕਾਸ਼ਕ ਗ਼ੈਰ-ਸਰਗਰਮ ਹੋ ਚੁੱਕੇ ਹਨ ਉਨ੍ਹਾਂ ਦਾ “ਆਪਣਾ ਪਹਿਲਾ ਪ੍ਰੇਮ” ਮੁੜ ਜਗਾਉਣ ਵਿਚ ਉਨ੍ਹਾਂ ਦੀ ਅਸੀਂ ਮਦਦ ਕਰਾਂਗੇ (ਪਰ. 2:4; ਰੋਮੀ. 12:11); (3) ਜੇ ਸਾਡੇ ਬੱਚੇ ਅਤੇ ਬਾਈਬਲ ਵਿਦਿਆਰਥੀ ਬਪਤਿਸਮਾ-ਰਹਿਤ ਪ੍ਰਕਾਸ਼ਕ ਬਣਨ ਦੇ ਯੋਗ ਹਨ, ਤਾਂ ਅਸੀਂ ਉਨ੍ਹਾਂ ਦੀ ਪ੍ਰਕਾਸ਼ਕ ਬਣਨ ਵਿਚ ਮਦਦ ਕਰਾਂਗੇ; ਅਤੇ (4) ਅਸੀਂ ਪ੍ਰਚਾਰ ਦੇ ਕੰਮ ਵਿਚ ਪੂਰਾ ਹਿੱਸਾ ਲਵਾਂਗੇ ਅਤੇ ਹੋ ਸਕੇ ਤਾਂ ਮਾਰਚ ਵਿਚ ਅਤੇ ਉਸ ਤੋਂ ਬਾਅਦ ਦੇ ਮਹੀਨਿਆਂ ਵਿਚ ਵੀ ਸਹਿਯੋਗੀ ਪਾਇਨੀਅਰੀ ਕਰਾਂਗੇ।—2 ਤਿਮੋ. 4:5.
23 ਸਾਡੀ ਦਿਲੀ ਪ੍ਰਾਰਥਨਾ ਹੈ ਕਿ ਇਨ੍ਹਾਂ ਸਮਾਰਕ ਮਹੀਨਿਆਂ ਦੌਰਾਨ ਅਸੀਂ ਸਾਰੇ ਹੀ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਪੂਰਾ-ਪੂਰਾ ਹਿੱਸਾ ਲਈਏ ਅਤੇ ਦਿਖਾਈਏ ਕਿ ਯਹੋਵਾਹ ਨੇ ਸਾਡੇ ਲਈ ਜੋ ਕੁਝ ਕੀਤਾ ਹੈ, ਉਸ ਲਈ ਅਸੀਂ ਬਹੁਤ ਧੰਨਵਾਦੀ ਹਾਂ।
[ਸਫ਼ੇ 6 ਉੱਤੇ ਡੱਬੀ]
ਮਾਰਚ 2002 ਵਿਚ ਖੇਤਰ ਸੇਵਕਾਈ ਲਈ ਨਿੱਜੀ ਸਮਾਂ-ਸਾਰਣੀ
ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ
1 2
ਰਸਾਲਾ-ਵੰਡਾਈ ਦਿਨ
3 4 5 6 7 8 9
ਰਸਾਲਾ-ਵੰਡਾਈ ਦਿਨ
10 11 12 13 14 15 16
ਰਸਾਲਾ-ਵੰਡਾਈ ਦਿਨ
17 18 19 20 21 22 23
ਰਸਾਲਾ-ਵੰਡਾਈ ਦਿਨ
24 25 26 27 28 29 30
ਸੂਰਜ ਡੁੱਬਣ ਮਗਰੋਂ ਰਸਾਲਾ-ਵੰਡਾਈ ਦਿਨ
ਸਮਾਰਕ ਸਮਾਰੋਹ
31
ਕੀ ਤੁਸੀਂ ਮਾਰਚ ਵਿਚ ਸਹਿਯੋਗੀ ਪਾਇਨੀਅਰੀ ਕਰਨ ਵਿਚ 50 ਘੰਟੇ ਕੱਢ ਸਕਦੇ ਹੋ?