ਯਹੋਵਾਹ ਦੇ ਅਸਚਰਜ ਕੰਮਾਂ ਬਾਰੇ ਦੱਸਦੇ ਰਹੋ
1. ਤੁਸੀਂ ਖ਼ਾਸ ਤੌਰ ਤੇ ਯਹੋਵਾਹ ਦੇ ਕਿਹੜੇ ਕੁਝ ਅਸਚਰਜ ਕੰਮਾਂ ਦੀ ਕਦਰ ਕਰਦੇ ਹੋ?
1 ਕੋਈ ਵੀ ਸਾਡੇ ਮਹਾਨ ਪਰਮੇਸ਼ੁਰ ਯਹੋਵਾਹ ਦੀ ਬਰਾਬਰੀ ਨਹੀਂ ਕਰ ਸਕਦਾ! ਦਾਊਦ ਨੇ ਲਿਖਿਆ: “ਹੇ ਯਹੋਵਾਹ, ਮੇਰੇ ਪਰਮੇਸ਼ੁਰ, ਤੇਰੇ ਅਚਰਜ ਕੰਮ ਜਿਹੜੇ ਤੈਂ ਕੀਤੇ ਬਹੁਤ ਸਾਰੇ ਹਨ, ਨਾਲੇ ਤੇਰੇ ਉਪਾਓ ਜਿਹੜੇ ਸਾਡੇ ਲਈ ਹਨ, ਤੇਰਾ ਸ਼ਰੀਕ [ਬਰਾਬਰੀ ਕਰਨ ਵਾਲਾ] ਕੋਈ ਨਹੀਂ ਹੈ!” (ਜ਼ਬੂ. 40:5) ਯਹੋਵਾਹ ਦੇ ਅਸਚਰਜ ਕੰਮਾਂ ਵਿਚ ਵਿਸ਼ਵ-ਮੰਡਲ ਦੀ ਸ੍ਰਿਸ਼ਟੀ, ਮਸੀਹਾਈ ਰਾਜ, ਉਸ ਦੇ ਆਪਣੇ ਲੋਕਾਂ ਲਈ ਕੀਤੇ ਦਇਆ ਦੇ ਕੰਮ ਅਤੇ ਦੁਨੀਆਂ ਭਰ ਵਿਚ ਕੀਤਾ ਜਾਂਦਾ ਪ੍ਰਚਾਰ ਦਾ ਕੰਮ ਸ਼ਾਮਲ ਹੈ। (ਜ਼ਬੂ. 17:7, 8; 139:14; ਦਾਨੀ. 2:44; ਮੱਤੀ 24:14) ਯਹੋਵਾਹ ਲਈ ਸਾਡਾ ਪਿਆਰ ਅਤੇ ਉਸ ਦੇ ਅਸਚਰਜ ਕੰਮਾਂ ਲਈ ਸਾਡੀ ਕਦਰਦਾਨੀ ਸਾਨੂੰ ਉਸ ਬਾਰੇ ਦੂਜਿਆਂ ਨੂੰ ਦੱਸਣ ਲਈ ਪ੍ਰੇਰਿਤ ਕਰਦੀ ਹੈ। (ਜ਼ਬੂ. 145:5-7) ਮਾਰਚ, ਅਪ੍ਰੈਲ ਅਤੇ ਮਈ ਦੌਰਾਨ ਸਾਡੇ ਕੋਲ ਯਹੋਵਾਹ ਦੇ ਕੰਮਾਂ ਬਾਰੇ ਲੋਕਾਂ ਨੂੰ ਦੱਸਣ ਦਾ ਹੋਰ ਜ਼ਿਆਦਾ ਮੌਕਾ ਹੋਵੇਗਾ।
2. ਸਹਿਯੋਗੀ ਪਾਇਨੀਅਰੀ ਕਰਨ ਨਾਲ ਸਾਨੂੰ ਕੀ ਫ਼ਾਇਦਾ ਹੁੰਦਾ ਹੈ?
2 ਸਹਿਯੋਗੀ ਪਾਇਨੀਅਰ ਵਜੋਂ: ਕੀ ਤੁਸੀਂ ਇਨ੍ਹਾਂ ਮਹੀਨਿਆਂ ਦੌਰਾਨ ਸੇਵਕਾਈ ਵਿਚ 50 ਘੰਟੇ ਬਿਤਾਉਣ ਲਈ ਆਪਣੇ ਰੋਜ਼ਾਨਾ ਦੇ ਕੰਮਾਂ-ਕਾਰਾਂ ਵਿਚ ਫੇਰ-ਬਦਲ ਕਰ ਸਕਦੇ ਹੋ? ਇਸ ਤਰ੍ਹਾਂ ਕਰਨ ਤੇ ਤੁਹਾਨੂੰ ਬਹੁਤ ਫ਼ਾਇਦਾ ਹੋਵੇਗਾ। (ਅਫ਼. 5:16) ਕਈਆਂ ਨੇ ਦੇਖਿਆ ਹੈ ਕਿ ਸਹਿਯੋਗੀ ਪਾਇਨੀਅਰੀ ਕਰਨ ਨਾਲ ਉਨ੍ਹਾਂ ਦੇ ਪ੍ਰਚਾਰ ਕਰਨ ਦੇ ਢੰਗ ਵਿਚ ਸੁਧਾਰ ਹੋਇਆ ਹੈ। ਉਨ੍ਹਾਂ ਨੂੰ ਹੁਣ ਲੋਕਾਂ ਨਾਲ ਗੱਲ ਕਰਨ ਤੋਂ ਇੰਨਾ ਡਰ ਨਹੀਂ ਲੱਗਦਾ ਅਤੇ ਉਹ ਬਾਈਬਲ ਇਸਤੇਮਾਲ ਕਰਨ ਵਿਚ ਵੀ ਮਾਹਰ ਹੋ ਗਏ ਹਨ। ਸੇਵਕਾਈ ਵਿਚ ਜ਼ਿਆਦਾ ਸਮਾਂ ਬਿਤਾਉਣ ਨਾਲ ਉਨ੍ਹਾਂ ਕੋਲ ਪੁਨਰ-ਮੁਲਾਕਾਤਾਂ ਕਰਨ ਲਈ ਕਾਫ਼ੀ ਸਮਾਂ ਹੁੰਦਾ ਹੈ ਅਤੇ ਜਿਨ੍ਹਾਂ ਕੋਲ ਪਹਿਲਾਂ ਕੋਈ ਬਾਈਬਲ ਸਟੱਡੀ ਨਹੀਂ ਸੀ, ਉਨ੍ਹਾਂ ਨੂੰ ਸਹਿਯੋਗੀ ਪਾਇਨੀਅਰੀ ਦੌਰਾਨ ਸਟੱਡੀ ਮਿਲੀ ਹੈ। ਸਹਿਯੋਗੀ ਪਾਇਨੀਅਰੀ ਕਰ ਕੇ ਅਸੀਂ ਦੂਜਿਆਂ ਦਾ ਭਲਾ ਕਰਦੇ ਹਾਂ ਜਿਸ ਕਰਕੇ ਸਾਨੂੰ ਇਸ ਕੰਮ ਤੋਂ ਬਹੁਤ ਖ਼ੁਸ਼ੀ ਮਿਲਦੀ ਹੈ।—ਰਸੂ. 20:35.
3. ਕੁਝ ਭੈਣ-ਭਰਾ ਔਖੇ ਹਾਲਾਤਾਂ ਵਿਚ ਵੀ ਸਹਿਯੋਗੀ ਪਾਇਨੀਅਰੀ ਕਿਵੇਂ ਕਰ ਸਕੇ ਹਨ?
3 ਜਲਦਬਾਜ਼ੀ ਵਿਚ ਇਹ ਸਿੱਟਾ ਨਾ ਕੱਢੋ ਕਿ ਤੁਹਾਡੇ ਹਾਲਾਤ ਅਜਿਹੇ ਹਨ ਕਿ ਤੁਸੀਂ ਸਹਿਯੋਗੀ ਪਾਇਨੀਅਰੀ ਨਹੀਂ ਕਰ ਸਕਦੇ। ਇਕ ਬਜ਼ੁਰਗ ਨੇ ਪਿਛਲੇ ਸਾਲ ਸਹਿਯੋਗੀ ਪਾਇਨੀਅਰੀ ਕੀਤੀ ਜਿਸ ਦੇ ਦੋ ਬੱਚੇ ਹਨ ਤੇ ਉਹ ਸਾਰਾ ਦਿਨ ਕੰਮ ਵੀ ਕਰਦਾ ਹੈ। ਇਸ ਭਰਾ ਨੇ ਸਹਿਯੋਗੀ ਪਾਇਨੀਅਰੀ ਕਰਨ ਲਈ ਸਮਾਂ ਕਿਵੇਂ ਕੱਢਿਆ? ਭਰਾ ਸੋਮਵਾਰ ਤੋਂ ਸ਼ੁੱਕਰਵਾਰ ਤਕ ਕੰਮ ਕਰਦਾ ਹੈ, ਇਸ ਲਈ ਉਸ ਨੇ ਸ਼ਨੀਵਾਰਾਂ ਤੇ ਐਤਵਾਰਾਂ ਨੂੰ ਸੇਵਕਾਈ ਵਿਚ ਜ਼ਿਆਦਾ ਸਮਾਂ ਬਿਤਾਉਣ ਦੀ ਯੋਜਨਾ ਬਣਾਈ। ਉਹ ਹਰ ਸ਼ਨੀਵਾਰ ਸਵੇਰੇ 7 ਵਜੇ ਸੜਕ ਗਵਾਹੀ ਦੇਣ ਨਾਲ ਪ੍ਰਚਾਰ ਸ਼ੁਰੂ ਕਰ ਦਿੰਦਾ ਸੀ। ਕਲੀਸਿਯਾ ਦੇ ਹੋਰ ਵੀ ਕਈ ਭੈਣ-ਭਰਾਵਾਂ ਦੇ ਹਾਲਾਤ ਇਸ ਭਰਾ ਦੇ ਹਾਲਾਤ ਵਰਗੇ ਸਨ। ਉਨ੍ਹਾਂ ਨੇ ਵੀ ਪਾਇਨੀਅਰੀ ਕਰ ਕੇ ਇਕ-ਦੂਜੇ ਦਾ ਸਾਥ ਦਿੱਤਾ ਅਤੇ ਇਕ-ਦੂਜੇ ਨੂੰ ਉਤਸ਼ਾਹਿਤ ਕੀਤਾ। ਇਕ ਹੋਰ ਕਲੀਸਿਯਾ ਦੀ ਇਕ 99 ਸਾਲ ਦੀ ਭੈਣ ਨੇ ਆਪਣੀ ਕੁੜੀ ਨਾਲ ਮਿਲ ਕੇ ਮਈ ਵਿਚ ਪਾਇਨੀਅਰੀ ਕੀਤੀ। ਕਲੀਸਿਯਾ ਦੇ ਦੂਜੇ ਭੈਣ-ਭਰਾ ਇਸ ਬਜ਼ੁਰਗ ਭੈਣ ਨੂੰ ਪਹੀਏਦਾਰ ਕੁਰਸੀ ਤੇ ਬੈਠਾ ਕੇ ਘਰ-ਘਰ ਪ੍ਰਚਾਰ ਕਰਨ ਲਈ ਅਤੇ ਬਾਈਬਲ ਸਟੱਡੀਆਂ ਤੇ ਲੈ ਜਾਂਦੇ ਸਨ। ਇਸ ਭੈਣ ਨੇ ਸੜਕ ਗਵਾਹੀ ਜਾਂ ਟੈਲੀਫ਼ੋਨ ਅਤੇ ਚਿੱਠੀਆਂ ਰਾਹੀਂ ਵੀ ਗਵਾਹੀ ਦਿੱਤੀ। ਉਹ ਮੰਨਦੀ ਹੈ ਕਿ ਇਹ ਸਭ ਉਸ ਨੇ ਆਪਣੀ ਤਾਕਤ ਨਾਲ ਨਹੀਂ, ਸਗੋਂ ਯਹੋਵਾਹ ਦੀ ਮਦਦ ਨਾਲ ਕੀਤਾ ਸੀ।—ਯਸਾ. 40:29-31.
4. ਸਹਿਯੋਗੀ ਪਾਇਨੀਅਰੀ ਕਰਨ ਲਈ ਸਮਾਂ-ਸਾਰਣੀ ਬਣਾਉਂਦੇ ਸਮੇਂ ਅਸੀਂ ਕਿਹੜੀਆਂ ਗੱਲਾਂ ਨੂੰ ਧਿਆਨ ਵਿਚ ਰੱਖ ਸਕਦੇ ਹਾਂ?
4 ਆਪਣੇ ਹਾਲਾਤਾਂ ਨਾਲ ਢੁਕਦੀ ਸਮਾਂ-ਸਾਰਣੀ ਬਣਾਓ। ਇਸ ਅੰਕ ਵਿਚ ਦਿੱਤੀਆਂ ਸਮਾਂ-ਸਾਰਣੀਆਂ ਤੁਹਾਡੇ ਲਈ ਮਦਦਗਾਰ ਹੋ ਸਕਦੀਆਂ ਹਨ। ਕੀ ਤੁਸੀਂ ਪੂਰਾ ਦਿਨ ਕੰਮ ਕਰਦੇ ਹੋ ਜਾਂ ਸਕੂਲ ਜਾਂਦੇ ਹੋ? ਤਾਂ ਫਿਰ ਤੁਹਾਡੇ ਲਈ ਅਜਿਹੀ ਸਮਾਂ-ਸਾਰਣੀ ਵਧੀਆ ਰਹੇਗੀ ਜਿਸ ਅਨੁਸਾਰ ਤੁਸੀਂ ਸ਼ਨੀਵਾਰਾਂ ਅਤੇ ਐਤਵਾਰਾਂ ਨੂੰ ਸੇਵਕਾਈ ਵਿਚ ਜ਼ਿਆਦਾ ਸਮਾਂ ਬਿਤਾਓ। ਜੇ ਤੁਹਾਡੀ ਸਿਹਤ ਠੀਕ ਨਹੀਂ ਰਹਿੰਦੀ ਜਿਸ ਕਰਕੇ ਤੁਸੀਂ ਪੂਰਾ ਦਿਨ ਸੇਵਕਾਈ ਵਿਚ ਨਹੀਂ ਬਿਤਾ ਸਕਦੇ, ਤਾਂ ਤੁਹਾਡੇ ਲਈ ਸ਼ਾਇਦ ਹਰ ਰੋਜ਼ ਥੋੜ੍ਹਾ-ਥੋੜ੍ਹਾ ਸਮਾਂ ਪ੍ਰਚਾਰ ਵਿਚ ਬਿਤਾਉਣਾ ਵਧੀਆ ਰਹੇਗਾ। ਜੇ ਤੁਸੀਂ ਸਹਿਯੋਗੀ ਪਾਇਨੀਅਰੀ ਕਰਨੀ ਚਾਹੁੰਦੇ ਹੋ, ਤਾਂ ਇਸ ਬਾਰੇ ਦੂਜਿਆਂ ਨਾਲ ਗੱਲ ਕਰੋ। ਸ਼ਾਇਦ ਉਹ ਵੀ ਪਾਇਨੀਅਰੀ ਕਰਨ ਦਾ ਟੀਚਾ ਰੱਖ ਲੈਣ।
5. ਮਾਰਚ, ਅਪ੍ਰੈਲ ਅਤੇ ਮਈ ਲਈ ਬੱਚੇ ਕਿਹੜੇ ਟੀਚੇ ਰੱਖ ਸਕਦੇ ਹਨ?
5 ਬੱਚੇ ਕਿਨ੍ਹਾਂ ਤਰੀਕਿਆਂ ਨਾਲ ਹਿੱਸਾ ਲੈ ਸਕਦੇ ਹਨ: ਬੱਚੇ ਜਦੋਂ ਯਹੋਵਾਹ ਦੇ ਅਸਚਰਜ ਕੰਮਾਂ ਬਾਰੇ ਦੂਜਿਆਂ ਨੂੰ ਦੱਸਦੇ ਹਨ, ਤਾਂ ਯਹੋਵਾਹ ਬਹੁਤ ਖ਼ੁਸ਼ ਹੁੰਦਾ ਹੈ। (ਜ਼ਬੂ. 71:17; ਮੱਤੀ 21:16) ਜੇ ਤੁਸੀਂ ਸਕੂਲ ਜਾਂਦੇ ਹੋ ਤੇ ਬਪਤਿਸਮਾ-ਪ੍ਰਾਪਤ ਹੋ, ਤਾਂ ਤੁਸੀਂ ਸ਼ਾਇਦ ਸਕੂਲ ਦੀਆਂ ਛੁੱਟੀਆਂ ਵਾਲੇ ਮਹੀਨੇ ਦੌਰਾਨ ਸਹਿਯੋਗੀ ਪਾਇਨੀਅਰੀ ਕਰ ਸਕਦੇ ਹੋ। ਜੇ ਤੁਸੀਂ ਸਹਿਯੋਗੀ ਪਾਇਨੀਅਰੀ ਨਹੀਂ ਕਰ ਸਕਦੇ, ਤਾਂ ਕੀ ਤੁਸੀਂ ਇਨ੍ਹਾਂ ਮਹੀਨਿਆਂ ਦੌਰਾਨ ਪ੍ਰਚਾਰ ਵਿਚ ਜ਼ਿਆਦਾ ਘੰਟੇ ਬਿਤਾ ਸਕਦੇ ਹੋ ਅਤੇ ਪ੍ਰਚਾਰ ਕਰਨ ਵਿਚ ਹੋਰ ਜ਼ਿਆਦਾ ਅਸਰਕਾਰੀ ਬਣ ਸਕਦੇ ਹੋ? ਜੇ ਤੁਸੀਂ ਆਪਣੇ ਮਾਪਿਆਂ ਨਾਲ ਪ੍ਰਚਾਰ ਕਰਨ ਜਾਂਦੇ ਹੋ ਪਰ ਬਪਤਿਸਮਾ-ਰਹਿਤ ਪ੍ਰਕਾਸ਼ਕ ਨਹੀਂ ਹੋ, ਤਾਂ ਤੁਹਾਡੇ ਲਈ ਪ੍ਰਕਾਸ਼ਕ ਬਣਨ ਦਾ ਇਹ ਚੰਗਾ ਸਮਾਂ ਹੈ। ਤੁਹਾਨੂੰ ਇਹ ਮਹਿਸੂਸ ਕਰਨ ਦੀ ਲੋੜ ਨਹੀਂ ਹੈ ਕਿ ਤੁਹਾਨੂੰ ਬਾਈਬਲ ਸੰਬੰਧੀ ਸਵਾਲਾਂ ਦੇ ਜਵਾਬ ਦੇਣ ਵਿਚ ਮਾਹਰ ਹੋਣਾ ਚਾਹੀਦਾ ਹੈ ਜਾਂ ਕਿ ਵੱਡਿਆਂ ਵਾਂਗ ਤੁਹਾਡੇ ਕੋਲ ਵੀ ਬਹੁਤ ਗਿਆਨ ਹੋਣਾ ਚਾਹੀਦਾ ਹੈ। ਕੀ ਤੁਹਾਨੂੰ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਦੀ ਸਮਝ ਹੈ? ਕੀ ਤੁਸੀਂ ਬਾਈਬਲ ਦੇ ਨੈਤਿਕ ਸਿਧਾਂਤਾਂ ਉੱਤੇ ਚੱਲਦੇ ਹੋ? ਕੀ ਤੁਸੀਂ ਯਹੋਵਾਹ ਦੇ ਗਵਾਹ ਵਜੋਂ ਆਪਣੀ ਪਛਾਣ ਕਰਾਉਣੀ ਚਾਹੁੰਦੇ ਹੋ? ਜੇਕਰ ਹਾਂ, ਤਾਂ ਇਸ ਬਾਰੇ ਆਪਣੇ ਮਾਪਿਆਂ ਨਾਲ ਗੱਲ ਕਰੋ ਤਾਂਕਿ ਉਹ ਬਜ਼ੁਰਗਾਂ ਨੂੰ ਤੁਹਾਡੀ ਇੱਛਾ ਦੱਸ ਸਕਣ। ਫਿਰ ਬਜ਼ੁਰਗ ਤੁਹਾਡੇ ਨਾਲ ਗੱਲ ਕਰ ਕੇ ਪਤਾ ਲਗਾਉਣਗੇ ਕਿ ਤੁਸੀਂ ਪ੍ਰਕਾਸ਼ਕ ਬਣਨ ਦੇ ਲਾਇਕ ਹੋ ਕਿ ਨਹੀਂ।—ਆਪਣੀ ਸੇਵਕਾਈ (ਅੰਗ੍ਰੇਜ਼ੀ), ਸਫ਼ੇ 98-9 ਦੇਖੋ।
6. ਖ਼ੁਸ਼ ਖ਼ਬਰੀ ਦੇ ਪ੍ਰਚਾਰਕ ਬਣਨ ਵਿਚ ਅਸੀਂ ਬਾਈਬਲ ਵਿਦਿਆਰਥੀਆਂ ਦੀ ਮਦਦ ਕਿਵੇਂ ਕਰ ਸਕਦੇ ਹਾਂ?
6 ਪ੍ਰਚਾਰਕ ਬਣਨ ਵਿਚ ਦੂਜਿਆਂ ਦੀ ਮਦਦ ਕਰਨੀ: ਤਰੱਕੀ ਕਰ ਰਹੇ ਬਾਈਬਲ ਵਿਦਿਆਰਥੀਆਂ ਲਈ ਪ੍ਰਕਾਸ਼ਕ ਬਣਨ ਦਾ ਇਹ ਇਕ ਵਧੀਆ ਮੌਕਾ ਹੈ। ਜੇ ਤੁਹਾਡਾ ਬਾਈਬਲ ਵਿਦਿਆਰਥੀ ਚੰਗੀ ਤਰੱਕੀ ਕਰ ਰਿਹਾ ਹੈ, ਤਾਂ ਆਪਣੇ ਪੁਸਤਕ ਅਧਿਐਨ ਨਿਗਾਹਬਾਨ ਜਾਂ ਸੇਵਾ ਨਿਗਾਹਬਾਨ ਦੀ ਮਦਦ ਲਓ। ਉਨ੍ਹਾਂ ਵਿੱਚੋਂ ਇਕ ਜਣਾ ਤੁਹਾਡੇ ਨਾਲ ਸਟੱਡੀ ਤੇ ਜਾ ਕੇ ਦੇਖ ਸਕਦਾ ਹੈ ਕਿ ਵਿਦਿਆਰਥੀ ਨੇ ਕਿੰਨੀ ਕੁ ਤਰੱਕੀ ਕੀਤੀ ਹੈ। ਜੇ ਵਿਦਿਆਰਥੀ ਪ੍ਰਕਾਸ਼ਕ ਬਣਨ ਦੇ ਲਾਇਕ ਹੈ ਤੇ ਉਹ ਪ੍ਰਕਾਸ਼ਕ ਬਣਨਾ ਚਾਹੁੰਦਾ ਹੈ, ਤਾਂ ਪ੍ਰਧਾਨ ਨਿਗਾਹਬਾਨ ਤੁਹਾਨੂੰ ਅਤੇ ਤੁਹਾਡੇ ਵਿਦਿਆਰਥੀ ਨੂੰ ਮਿਲਣ ਲਈ ਦੋ ਬਜ਼ੁਰਗਾਂ ਦਾ ਪ੍ਰਬੰਧ ਕਰੇਗਾ। (ਪਹਿਰਾਬੁਰਜ [ਅੰਗ੍ਰੇਜ਼ੀ], 15 ਨਵੰਬਰ 1988, ਸਫ਼ਾ 17 ਦੇਖੋ।) ਜੇ ਵਿਦਿਆਰਥੀ ਨੂੰ ਸੇਵਕਾਈ ਵਿਚ ਜਾਣ ਦੀ ਇਜਾਜ਼ਤ ਮਿਲ ਜਾਂਦੀ ਹੈ, ਤਾਂ ਫ਼ੌਰਨ ਉਸ ਨੂੰ ਸੇਵਕਾਈ ਵਿਚ ਸਿਖਲਾਈ ਦੇਣੀ ਸ਼ੁਰੂ ਕਰ ਦਿਓ।
7. ਅਨਿਯਮਿਤ ਤੇ ਗ਼ੈਰ-ਸਰਗਰਮ ਪ੍ਰਕਾਸ਼ਕਾਂ ਦੀ ਕਿਵੇਂ ਮਦਦ ਕੀਤੀ ਜਾ ਸਕਦੀ ਹੈ?
7 ਪੁਸਤਕ ਅਧਿਐਨ ਨਿਗਾਹਬਾਨ ਆਪਣੇ ਗਰੁੱਪ ਦੇ ਗ਼ੈਰ-ਸਰਗਰਮ ਜਾਂ ਅਨਿਯਮਿਤ ਪ੍ਰਕਾਸ਼ਕਾਂ ਵੱਲ ਖ਼ਾਸ ਧਿਆਨ ਦੇਣਗੇ। ਉਨ੍ਹਾਂ ਨੂੰ ਆਪਣੇ ਨਾਲ ਪ੍ਰਚਾਰ ਤੇ ਲੈ ਕੇ ਜਾਓ। ਜੇ ਉਹ ਕਾਫ਼ੀ ਸਮੇਂ ਤੋਂ ਪ੍ਰਚਾਰ ਵਿਚ ਹਿੱਸਾ ਨਹੀਂ ਲੈ ਰਹੇ, ਤਾਂ ਚੰਗਾ ਹੋਵੇਗਾ ਕਿ ਪਹਿਲਾਂ ਦੋ ਬਜ਼ੁਰਗ ਉਨ੍ਹਾਂ ਨਾਲ ਗੱਲ ਕਰ ਕੇ ਦੇਖਣ ਕਿ ਉਹ ਪ੍ਰਚਾਰ ਕਰਨ ਦੇ ਲਾਇਕ ਹਨ ਜਾਂ ਨਹੀਂ। (ਨਵੰਬਰ 2000, ਸਾਡੀ ਰਾਜ ਸੇਵਕਾਈ, ਪ੍ਰਸ਼ਨ ਡੱਬੀ ਦੇਖੋ।) ਹੋ ਸਕਦਾ ਇਨ੍ਹਾਂ ਖ਼ਾਸ ਮਹੀਨਿਆਂ ਦੌਰਾਨ ਕਲੀਸਿਯਾ ਦੇ ਜੋਸ਼ ਨੂੰ ਦੇਖ ਕੇ ਇਹ ਪ੍ਰਕਾਸ਼ਕ ਫਿਰ ਤੋਂ ਪ੍ਰਚਾਰ ਵਿਚ ਬਾਕਾਇਦਾ ਹਿੱਸਾ ਲੈਣਾ ਸ਼ੁਰੂ ਕਰ ਦੇਣ।
8, 9. ਬਜ਼ੁਰਗ ਪ੍ਰਚਾਰ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਕਲੀਸਿਯਾ ਵਿਚ ਜੋਸ਼ ਪੈਦਾ ਕਰਨ ਵਾਸਤੇ ਕੀ ਕਰ ਸਕਦੇ ਹਨ?
8 ਜ਼ਿਆਦਾ ਹਿੱਸਾ ਲੈਣ ਲਈ ਹੁਣ ਤੋਂ ਤਿਆਰੀਆਂ ਕਰੋ: ਬਜ਼ੁਰਗੋ, ਹੁਣ ਤੋਂ ਹੀ ਸਹਿਯੋਗੀ ਪਾਇਨੀਅਰੀ ਲਈ ਕਲੀਸਿਯਾ ਵਿਚ ਜੋਸ਼ ਪੈਦਾ ਕਰਨਾ ਸ਼ੁਰੂ ਕਰ ਦਿਓ। ਤੁਸੀਂ ਉਤਸ਼ਾਹਜਨਕ ਟਿੱਪਣੀਆਂ ਦੇ ਕੇ ਅਤੇ ਚੰਗੀ ਮਿਸਾਲ ਕਾਇਮ ਕਰ ਕੇ ਇਸ ਤਰ੍ਹਾਂ ਕਰ ਸਕਦੇ ਹੋ। (1 ਪਤ. 5:3) ਪਿਛਲੀ ਵਾਰ ਕਲੀਸਿਯਾ ਵਿਚ ਸਹਿਯੋਗੀ ਪਾਇਨੀਅਰਾਂ ਦੀ ਸਿਖਰ ਗਿਣਤੀ ਕਿੰਨੀ ਸੀ? ਕੀ ਇਸ ਸਾਲ ਇਸ ਗਿਣਤੀ ਨੂੰ ਵਧਾਇਆ ਜਾ ਸਕਦਾ ਹੈ? ਪੁਸਤਕ ਅਧਿਐਨ ਨਿਗਾਹਬਾਨ ਅਤੇ ਉਨ੍ਹਾਂ ਦੇ ਸਹਾਇਕ ਹਰ ਤਰੀਕੇ ਨਾਲ ਆਪਣੇ ਗਰੁੱਪ ਦੇ ਸਾਰੇ ਭੈਣ-ਭਰਾਵਾਂ ਨੂੰ ਹੱਲਾਸ਼ੇਰੀ ਦੇਣਗੇ ਤਾਂਕਿ ਉਹ ਪ੍ਰਚਾਰ ਵਿਚ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਲੈ ਸਕਣ। ਸੇਵਾ ਨਿਗਾਹਬਾਨ ਖੇਤਰ ਸੇਵਕਾਈ ਦੇ ਕਈ ਪ੍ਰਬੰਧ ਕਰ ਸਕਦਾ ਹੈ। ਕਲੀਸਿਯਾ ਨੂੰ ਪਹਿਲਾਂ ਹੀ ਦੱਸੋ ਕਿ ਪ੍ਰਚਾਰ ਲਈ ਕਿਹੜੇ ਇੰਤਜ਼ਾਮ ਕੀਤੇ ਗਏ ਹਨ। ਇਹ ਵੀ ਧਿਆਨ ਰੱਖੋ ਕਿ ਅਗਵਾਈ ਕਰਨ ਲਈ ਕਾਬਲ ਪ੍ਰਕਾਸ਼ਕਾਂ ਨੂੰ ਨਿਯੁਕਤ ਕੀਤਾ ਜਾਵੇ ਅਤੇ ਖੇਤਰ ਸਭਾਵਾਂ ਸਮੇਂ ਸਿਰ ਸ਼ੁਰੂ ਤੇ ਖ਼ਤਮ ਹੋਣ। (ਸਤੰਬਰ 2001, ਸਾਡੀ ਰਾਜ ਸੇਵਕਾਈ, ਪ੍ਰਸ਼ਨ ਡੱਬੀ ਦੇਖੋ।) ਸੇਵਾ ਨਿਗਾਹਬਾਨ ਨੂੰ ਇਹ ਵੀ ਧਿਆਨ ਰੱਖਣਾ ਪਵੇਗਾ ਕਿ ਪ੍ਰਚਾਰ ਕਰਨ ਲਈ ਕਾਫ਼ੀ ਖੇਤਰ, ਰਸਾਲੇ ਤੇ ਦੂਸਰਾ ਸਾਹਿੱਤ ਉਪਲਬਧ ਹੈ।
9 ਪਿਛਲੇ ਸਾਲ ਇਕ ਕਲੀਸਿਯਾ ਦੇ ਬਜ਼ੁਰਗਾਂ ਨੇ ਜੋਸ਼ ਨਾਲ ਪਹਿਲਾਂ ਤੋਂ ਹੀ ਭੈਣ-ਭਰਾਵਾਂ ਨੂੰ ਸਹਿਯੋਗੀ ਪਾਇਨੀਅਰੀ ਕਰਨ ਲਈ ਹੱਲਾਸ਼ੇਰੀ ਦੇਣੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਵਿੱਚੋਂ ਕਈਆਂ ਨੇ ਆਪ ਵੀ ਸਹਿਯੋਗੀ ਪਾਇਨੀਅਰੀ ਲਈ ਅਰਜ਼ੀਆਂ ਭਰੀਆਂ ਸਨ। ਉਨ੍ਹਾਂ ਨੇ ਵੱਖ-ਵੱਖ ਸਮਿਆਂ ਤੇ ਖੇਤਰ ਸੇਵਕਾਈ ਲਈ ਸਭਾਵਾਂ ਦਾ ਇੰਤਜ਼ਾਮ ਕੀਤਾ। ਇਕ ਸਭਾ ਸੜਕ ਗਵਾਹੀ ਲਈ ਸਵੇਰੇ 5:30 ਵਜੇ, ਦੂਸਰੀ ਸਕੂਲੋਂ ਆਉਣ ਵਾਲਿਆਂ ਲਈ ਦੁਪਹਿਰੇ 3 ਵਜੇ ਅਤੇ ਤੀਸਰੀ ਸਭਾ ਕੰਮ-ਕਾਜੀ ਭੈਣ-ਭਰਾਵਾਂ ਲਈ ਸ਼ਾਮ 6 ਵਜੇ ਰੱਖੀ ਗਈ ਸੀ। ਇਸ ਤੋਂ ਇਲਾਵਾ, ਹਰ ਸ਼ਨੀਵਾਰ ਨੂੰ ਖੇਤਰ ਸੇਵਕਾਈ ਲਈ ਤਿੰਨ ਸਭਾਵਾਂ ਰੱਖੀਆਂ ਗਈਆਂ ਸਨ। ਨਤੀਜੇ ਵਜੋਂ, ਅਪ੍ਰੈਲ ਵਿਚ ਕਲੀਸਿਯਾ ਦੇ 66 ਭੈਣ-ਭਰਾਵਾਂ ਨੇ ਸਹਿਯੋਗੀ ਪਾਇਨੀਅਰੀ ਕੀਤੀ!
10. ਪ੍ਰਚਾਰ ਵਿਚ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਲੈਣ ਲਈ ਪਰਿਵਾਰ ਕਿਵੇਂ ਤਿਆਰੀ ਕਰ ਸਕਦੇ ਹਨ?
10 ਕਿਉਂ ਨਾ ਅਗਲੇ ਪਰਿਵਾਰਕ ਅਧਿਐਨ ਦੌਰਾਨ ਆਪਣੇ ਪਰਿਵਾਰ ਨਾਲ ਚਰਚਾ ਕਰੋ ਕਿ ਆਉਣ ਵਾਲੇ ਮਹੀਨਿਆਂ ਲਈ ਪੂਰਾ ਪਰਿਵਾਰ ਕਿਹੜੇ ਢੁਕਵੇਂ ਟੀਚੇ ਰੱਖ ਸਕਦਾ ਹੈ? ਆਪਸੀ ਸਹਿਯੋਗ ਅਤੇ ਚੰਗੀ ਯੋਜਨਾ ਬਣਾਉਣ ਨਾਲ ਹੋ ਸਕਦਾ ਕਿ ਪਰਿਵਾਰ ਦੇ ਕੁਝ ਮੈਂਬਰ ਜਾਂ ਸਾਰੇ ਜਣੇ ਸਹਿਯੋਗੀ ਪਾਇਨੀਅਰੀ ਕਰ ਸਕਣ। ਜੇ ਇਸ ਤਰ੍ਹਾਂ ਕਰਨਾ ਮੁਮਕਿਨ ਨਹੀਂ ਹੈ, ਤਾਂ ਪ੍ਰਚਾਰ ਵਿਚ ਪਹਿਲਾਂ ਨਾਲੋਂ ਜ਼ਿਆਦਾ ਸਮਾਂ ਬਿਤਾਉਣ ਦੇ ਟੀਚੇ ਰੱਖੋ। ਇਸ ਬਾਰੇ ਪੂਰਾ ਪਰਿਵਾਰ ਮਿਲ ਕੇ ਪ੍ਰਾਰਥਨਾ ਕਰ ਸਕਦਾ ਹੈ। ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ ਤੁਹਾਡੇ ਜਤਨਾਂ ਤੇ ਬਰਕਤ ਪਾਵੇਗਾ।—1 ਯੂਹੰ. 3:22.
11. (ੳ) ਮਸੀਹ ਦੇ ਬਲੀਦਾਨ ਨਾਲ ਕਿਹੜੇ ਅਸਚਰਜ ਕੰਮ ਪੂਰੇ ਹੋਏ? (ਅ) ਤੁਹਾਡੇ ਇਲਾਕੇ ਵਿਚ ਕਿਸ ਸਮੇਂ ਅਤੇ ਕਿਹੜੀ ਥਾਂ ਤੇ ਯਿਸੂ ਦੀ ਮੌਤ ਦੀ ਯਾਦਗਾਰ ਮਨਾਈ ਜਾਵੇਗੀ?
11 ਯਹੋਵਾਹ ਦਾ ਸਭ ਤੋਂ ਅਸਚਰਜ ਕੰਮ: ਯਹੋਵਾਹ ਨੇ ਸਾਡੀ ਖ਼ਾਤਰ ਆਪਣੇ ਪੁੱਤਰ ਦਾ ਬਲੀਦਾਨ ਦੇ ਕੇ ਸਾਡੇ ਲਈ ਆਪਣੇ ਪਿਆਰ ਦਾ ਸਭ ਤੋਂ ਵੱਡਾ ਸਬੂਤ ਦਿੱਤਾ ਹੈ। (1 ਯੂਹੰ. 4:9, 10) ਇਹ ਬਲੀਦਾਨ ਮਨੁੱਖਜਾਤੀ ਨੂੰ ਪਾਪ ਤੇ ਮੌਤ ਤੋਂ ਛੁਡਾਉਣ ਲਈ ਕਾਨੂੰਨੀ ਆਧਾਰ ਬਣਿਆ। (ਰੋਮੀ. 3:23, 24) ਯਿਸੂ ਦੇ ਵਹਾਏ ਗਏ ਲਹੂ ਨੇ ਨਵੇਂ ਨੇਮ ਨੂੰ ਜਾਇਜ਼ ਕਰਾਰ ਦਿੱਤਾ ਜਿਸ ਕਰਕੇ ਨਾਮੁਕੰਮਲ ਇਨਸਾਨਾਂ ਨੂੰ ਪਰਮੇਸ਼ੁਰ ਦੇ ਪੁੱਤਰਾਂ ਦੇ ਤੌਰ ਤੇ ਗੋਦ ਲਿਆ ਗਿਆ ਅਤੇ ਉਹ ਸਵਰਗੀ ਰਾਜ ਵਿਚ ਯਿਸੂ ਨਾਲ ਸ਼ਾਸਨ ਕਰਨਗੇ। (ਯਿਰ. 31:31-34; ਮਰ. 14:24) ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਯਿਸੂ ਨੇ ਪੂਰੀ ਤਰ੍ਹਾਂ ਆਗਿਆਕਾਰ ਰਹਿ ਕੇ ਯਹੋਵਾਹ ਦੇ ਨਾਂ ਨੂੰ ਪਵਿੱਤਰ ਕੀਤਾ। (ਬਿਵ. 32:4; ਕਹਾ. 27:11) ਐਤਵਾਰ, 4 ਅਪ੍ਰੈਲ ਨੂੰ ਸੂਰਜ ਡੁੱਬਣ ਤੋਂ ਬਾਅਦ ਦੁਨੀਆਂ ਭਰ ਵਿਚ ਮਸੀਹ ਦੀ ਮੌਤ ਦੀ ਯਾਦਗਾਰ ਮਨਾਈ ਜਾਵੇਗੀ।
12. ਬਾਹਰ ਦੇ ਲੋਕਾਂ ਨੂੰ ਪ੍ਰਭੂ ਦੀ ਮੌਤ ਦੇ ਯਾਦਗਾਰੀ ਸਮਾਰੋਹ ਵਿਚ ਹਾਜ਼ਰ ਹੋਣ ਨਾਲ ਕੀ ਫ਼ਾਇਦਾ ਹੋ ਸਕਦਾ ਹੈ?
12 ਪ੍ਰਭੂ ਦੀ ਮੌਤ ਦੀ ਯਾਦਗਾਰ ਮਨਾਉਣ ਨਾਲ ਯਹੋਵਾਹ ਦੇ ਸ਼ਾਨਦਾਰ ਕੰਮਾਂ ਦੀ ਵਡਿਆਈ ਹੁੰਦੀ ਹੈ। ਇਸ ਸਮਾਰੋਹ ਵਿਚ ਦਿੱਤਾ ਜਾਣ ਵਾਲਾ ਭਾਸ਼ਣ ਸਾਡੀ ਇਹ ਸਮਝਣ ਵਿਚ ਮਦਦ ਕਰੇਗਾ ਕਿ ਯਹੋਵਾਹ ਨੇ ਸਾਡੀ ਮੁਕਤੀ ਲਈ ਕਿੰਨਾ ਵੱਡਾ ਬਲੀਦਾਨ ਦਿੱਤਾ ਸੀ! ਜੋ ਲੋਕ ਯਹੋਵਾਹ ਦੇ ਗਵਾਹ ਨਹੀਂ ਹਨ, ਉਹ ਇਸ ਸਭਾ ਵਿਚ ਪਰਮੇਸ਼ੁਰ ਦੇ ਹੋਰ ਅਸਚਰਜ ਕੰਮਾਂ ਨੂੰ ਵੀ ਦੇਖ ਸਕਣਗੇ। ਉਹ ਦੇਖ ਸਕਣਗੇ ਕਿ ਯਹੋਵਾਹ ਦੀ ਸਿੱਖਿਆ ਲੈਣ ਨਾਲ ਉਸ ਦੇ ਲੋਕਾਂ ਵਿਚ ਕਿੰਨੀ ਏਕਤਾ ਅਤੇ ਪਿਆਰ ਹੈ! (ਅਫ਼. 4:16, 22-24; ਯਾਕੂ. 3:17, 18) ਇਸ ਮਹੱਤਵਪੂਰਣ ਮੌਕੇ ਤੇ ਹਾਜ਼ਰ ਹੋਣ ਨਾਲ ਲੋਕਾਂ ਦੀ ਸੋਚਣੀ ਉੱਤੇ ਗਹਿਰਾ ਅਸਰ ਪੈ ਸਕਦਾ ਹੈ, ਇਸ ਲਈ ਅਸੀਂ ਚਾਹੁੰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਮੌਕੇ ਤੇ ਹਾਜ਼ਰ ਹੋਣ।—2 ਕੁਰਿੰ. 5:14, 15.
13, 14. ਅਸੀਂ ਯਾਦਗਾਰੀ ਸਮਾਰੋਹ ਲਈ ਕਿਨ੍ਹਾਂ ਨੂੰ ਤੇ ਕਿਵੇਂ ਸੱਦ ਸਕਦੇ ਹਾਂ?
13 ਦੂਜਿਆਂ ਨੂੰ ਸੱਦਾ ਦੇਣਾ: ਹੁਣ ਤੋਂ ਹੀ ਲਿਸਟ ਬਣਾਉਣੀ ਸ਼ੁਰੂ ਕਰ ਦਿਓ ਕਿ ਕਿਨ੍ਹਾਂ ਨੂੰ ਸੱਦਾ ਦੇਣਾ ਹੈ। ਤੁਹਾਡੀ ਲਿਸਟ ਵਿਚ ਪਰਿਵਾਰ ਦੇ ਅਵਿਸ਼ਵਾਸੀ ਮੈਂਬਰਾਂ, ਗੁਆਂਢੀਆਂ, ਕੰਮ ਤੇ ਜਾਂ ਸਕੂਲ ਵਿਚ ਤੁਹਾਡੇ ਵਾਕਫ਼ਾਂ, ਪੁਰਾਣੇ ਤੇ ਨਵੇਂ ਬਾਈਬਲ ਵਿਦਿਆਰਥੀਆਂ ਅਤੇ ਉਨ੍ਹਾਂ ਸਾਰਿਆਂ ਦੇ ਨਾਂ ਸ਼ਾਮਲ ਹੋਣੇ ਚਾਹੀਦੇ ਹਨ ਜਿਨ੍ਹਾਂ ਨਾਲ ਤੁਸੀਂ ਪੁਨਰ-ਮੁਲਾਕਾਤ ਕਰਦੇ ਹੋ। ਪੁਸਤਕ ਅਧਿਐਨ ਨਿਗਾਹਬਾਨਾਂ ਦੀ ਲਿਸਟ ਵਿਚ ਸਾਰੇ ਗ਼ੈਰ-ਸਰਗਰਮ ਪ੍ਰਕਾਸ਼ਕਾਂ ਦੇ ਨਾਂ ਹੋਣੇ ਚਾਹੀਦੇ ਹਨ।
14 ਛਪੇ ਹੋਏ ਸੱਦਾ-ਪੱਤਰਾਂ ਨੂੰ ਵਰਤੋ ਅਤੇ ਇਨ੍ਹਾਂ ਉੱਤੇ ਸਾਫ਼ ਸ਼ਬਦਾਂ ਵਿਚ ਯਾਦਗਾਰੀ ਸਮਾਰੋਹ ਦਾ ਸਮਾਂ ਅਤੇ ਪਤਾ ਲਿਖੋ ਜਾਂ ਟਾਈਪ ਕਰੋ। ਜਾਂ ਤੁਸੀਂ 15 ਮਾਰਚ 2004 ਦੇ ਪਹਿਰਾਬੁਰਜ ਜਾਂ 22 ਮਾਰਚ 2004 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਦਾ ਆਖ਼ਰੀ ਸਫ਼ਾ ਵਰਤ ਸਕਦੇ ਹੋ। ਜਿੱਦਾਂ-ਜਿੱਦਾਂ 4 ਅਪ੍ਰੈਲ ਨੇੜੇ ਆਉਂਦਾ ਜਾਂਦਾ ਹੈ, ਸੱਦੇ ਹੋਏ ਵਿਅਕਤੀਆਂ ਕੋਲ ਆਪ ਜਾ ਕੇ ਜਾਂ ਫ਼ੋਨ ਰਾਹੀਂ ਉਨ੍ਹਾਂ ਨੂੰ ਯਾਦਗਾਰੀ ਸਮਾਰੋਹ ਬਾਰੇ ਚੇਤੇ ਕਰਾਓ।
15. ਯਾਦਗਾਰ ਦੀ ਸ਼ਾਮ ਨੂੰ ਅਸੀਂ ਪਰਾਹੁਣਚਾਰੀ ਕਿਵੇਂ ਦਿਖਾ ਸਕਦੇ ਹਾਂ?
15 ਯਾਦਗਾਰੀ ਸਮਾਰੋਹ: ਯਾਦਗਾਰ ਮਨਾਉਣ ਦੀ ਸ਼ਾਮ ਨੂੰ ਜਲਦੀ ਤੋਂ ਜਲਦੀ ਪਹੁੰਚਣ ਦੀ ਕੋਸ਼ਿਸ਼ ਕਰੋ। ਨਵੇਂ ਲੋਕਾਂ ਨਾਲ ਗੱਲ ਕਰਨ ਦੁਆਰਾ ਪਰਾਹੁਣਚਾਰੀ ਦਿਖਾਓ। (ਰੋਮੀ. 12:13) ਤੁਹਾਨੂੰ ਉਨ੍ਹਾਂ ਲੋਕਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਜਿਨ੍ਹਾਂ ਨੂੰ ਤੁਸੀਂ ਆਪ ਸੱਦਿਆ ਹੈ। ਉਨ੍ਹਾਂ ਦਾ ਸੁਆਗਤ ਕਰੋ ਅਤੇ ਉਨ੍ਹਾਂ ਨੂੰ ਕਲੀਸਿਯਾ ਵਿਚ ਦੂਜਿਆਂ ਨਾਲ ਮਿਲਾਓ। ਤੁਸੀਂ ਸ਼ਾਇਦ ਉਨ੍ਹਾਂ ਨੂੰ ਆਪਣੇ ਨਾਲ ਬਿਠਾ ਸਕਦੇ ਹੋ। ਜੇ ਕਿਸੇ ਕੋਲ ਬਾਈਬਲ ਜਾਂ ਗੀਤ ਗਾਉਣ ਲਈ ਕਿਤਾਬ ਨਹੀਂ ਹੈ, ਤਾਂ ਉਸ ਨੂੰ ਤੁਸੀਂ ਆਪਣੀ ਕਿਤਾਬ ਵਿੱਚੋਂ ਦਿਖਾ ਸਕਦੇ ਹੋ ਜਾਂ ਕਿਸੇ ਹੋਰ ਨੂੰ ਉਸ ਨਾਲ ਕਿਤਾਬ ਸਾਂਝੀ ਕਰਨ ਲਈ ਕਹਿ ਸਕਦੇ ਹੋ। ਯਾਦਗਾਰੀ ਸਮਾਰੋਹ ਤੋਂ ਬਾਅਦ ਉਨ੍ਹਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਲਈ ਤਿਆਰ ਰਹੋ। ਜੇ ਕੁਝ ਲੋਕ ਪਹਿਲੀ ਵਾਰ ਆਏ ਹਨ ਅਤੇ ਉਹ ਪਰਮੇਸ਼ੁਰ ਦੇ ਬਚਨ ਅਤੇ ਉਸ ਦੇ ਮਕਸਦ ਬਾਰੇ ਹੋਰ ਜਾਣਨਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਬਾਈਬਲ ਅਧਿਐਨ ਦੀ ਪੇਸ਼ਕਸ਼ ਕਰੋ।
16. ਯਾਦਗਾਰੀ ਸਮਾਰੋਹ ਵਿਚ ਆਉਣ ਵਾਲੇ ਲੋਕਾਂ ਦੀ ਅਧਿਆਤਮਿਕ ਤੌਰ ਤੇ ਤਰੱਕੀ ਕਰਨ ਵਿਚ ਕਿਵੇਂ ਮਦਦ ਕੀਤੀ ਜਾ ਸਕਦੀ ਹੈ?
16 ਉਨ੍ਹਾਂ ਦੀ ਮਦਦ ਕਰਦੇ ਰਹੋ: ਯਾਦਗਾਰੀ ਸਮਾਰੋਹ ਵਿਚ ਆਉਣ ਵਾਲੇ ਲੋਕਾਂ ਨੂੰ ਸ਼ਾਇਦ ਸਮਾਰੋਹ ਤੋਂ ਬਾਅਦ ਦੇ ਹਫ਼ਤਿਆਂ ਵਿਚ ਅੱਗੋਂ ਤੁਹਾਡੀ ਮਦਦ ਦੀ ਲੋੜ ਪਵੇ। ਇਨ੍ਹਾਂ ਵਿਚ ਸ਼ਾਇਦ ਉਹ ਲੋਕ ਹੋ ਸਕਦੇ ਹਨ ਜੋ ਪਹਿਲਾਂ ਬਾਕਾਇਦਾ ਸਭਾਵਾਂ ਵਿਚ ਆਉਂਦੇ ਸਨ, ਪਰ ਹੁਣ ਉਹ ਕਦੇ-ਕਦੇ ਹੀ ਆਉਂਦੇ ਹਨ। ਬਜ਼ੁਰਗ ਇਸ ਗੱਲ ਦਾ ਧਿਆਨ ਰੱਖਣਗੇ ਕਿ ਇਨ੍ਹਾਂ ਲੋਕਾਂ ਦੀ ਵੀ ਮਦਦ ਕੀਤੀ ਜਾਵੇ। ਉਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਸਕਦੇ ਹਨ ਕਿ ਉਨ੍ਹਾਂ ਨੇ ਅਧਿਆਤਮਿਕ ਤੌਰ ਤੇ ਤਰੱਕੀ ਕਰਨੀ ਕਿਉਂ ਛੱਡ ਦਿੱਤੀ ਸੀ। ਨਾਲੇ ਉਹ ਉਨ੍ਹਾਂ ਨੂੰ ਅਹਿਸਾਸ ਦਿਲਾਉਣ ਦੀ ਕੋਸ਼ਿਸ਼ ਕਰਨਗੇ ਕਿ ਇਸ ਦੁਨੀਆਂ ਦਾ ਨਾਸ਼ ਹੋਣ ਵਿਚ ਬਹੁਤ ਘੱਟ ਸਮਾਂ ਰਹਿ ਗਿਆ ਹੈ। (1 ਪਤ. 4:7) ਸਾਰਿਆਂ ਦੀ ਇਹ ਦੇਖਣ ਵਿਚ ਮਦਦ ਕਰੋ ਕਿ ਬਾਈਬਲ ਦੀ ਸਲਾਹ ਮੁਤਾਬਕ ਪਰਮੇਸ਼ੁਰ ਦੇ ਲੋਕਾਂ ਨਾਲ ਬਾਕਾਇਦਾ ਇਕੱਠੇ ਹੋਣਾ ਬਹੁਤ ਫ਼ਾਇਦੇਮੰਦ ਹੈ।—ਇਬ. 10:24, 25.
17. ਸਾਨੂੰ ਯਹੋਵਾਹ ਦੇ ਅਸਚਰਜ ਕੰਮਾਂ ਬਾਰੇ ਕਿਉਂ ਦੱਸਦੇ ਰਹਿਣਾ ਚਾਹੀਦਾ ਹੈ?
17 ਯਹੋਵਾਹ ਦੇ ਕੰਮ ਇੰਨੇ ਅਸਚਰਜ ਹਨ ਕਿ ਜੇ ਅਸੀਂ ਹਮੇਸ਼ਾ ਲਈ ਜ਼ਿੰਦਾ ਰਹੀਏ, ਤਾਂ ਵੀ ਅਸੀਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਹੀਂ ਜਾਣ ਸਕਾਂਗੇ। (ਅੱਯੂ. 42:2, 3; ਉਪ. 3:11) ਇਸ ਲਈ, ਸਾਡੇ ਕੋਲ ਕਦੇ ਵੀ ਉਨ੍ਹਾਂ ਚੀਜ਼ਾਂ ਦੀ ਘਾਟ ਨਹੀਂ ਹੋਵੇਗੀ ਜਿਨ੍ਹਾਂ ਕਾਰਨ ਅਸੀਂ ਯਹੋਵਾਹ ਦੀ ਵਡਿਆਈ ਕਰਦੇ ਰਹਾਂਗੇ। ਯਾਦਗਾਰੀ ਸਮਾਰੋਹ ਦੇ ਮਹੀਨਿਆਂ ਦੌਰਾਨ ਅਸੀਂ ਸੇਵਕਾਈ ਵਿਚ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਲੈ ਕੇ ਯਹੋਵਾਹ ਦੇ ਅਸਚਰਜ ਕੰਮਾਂ ਲਈ ਕਦਰਦਾਨੀ ਜ਼ਾਹਰ ਕਰ ਸਕਦੇ ਹਾਂ।
[ਸਫ਼ੇ 5 ਉੱਤੇ ਚਾਰਟ]
ਕੀ ਤੁਸੀਂ ਥੱਲੇ ਦਿੱਤੀ ਕੋਈ ਇਕ ਸਮਾਂ-ਸਾਰਣੀ ਇਸਤੇਮਾਲ ਕਰ ਕੇ ਸਹਿਯੋਗੀ ਪਾਇਨੀਅਰੀ ਕਰ ਸਕਦੇ ਹੋ?
ਮਾਰਚ ਐਤ ਸੋਮ* ਮੰਗਲ* ਬੁੱਧ* ਵੀਰ ਸ਼ੁੱਕਰ ਸ਼ਨੀ ਕੁੱਲ ਘੰਟੇ
ਰੋਜ਼ 2 1 1 1 1 1 5 51
ਦੋ ਦਿਨ 0 5 0 5 0 0 0 50
ਸਿਰਫ਼ ਸ਼ਨੀਵਾਰ
ਅਤੇ ਐਤਵਾਰ 5 0 0 0 0 0 8 52
ਸ਼ਨੀਵਾਰ ਤੇ ਐਤਵਾਰ
ਅਤੇ ਹਫ਼ਤੇ ਦੇ ਦੋ ਦਿਨ 2 0 0 2 0 2 6 50
ਅਪ੍ਰੈਲ ਐਤ ਸੋਮ ਮੰਗਲ ਬੁੱਧ ਵੀਰ* ਸ਼ੁੱਕਰ* ਸ਼ਨੀ ਕੁੱਲ ਘੰਟੇ
ਹਰ ਦਿਨ 2 1 1 1 1 1 5 50
ਦੋ ਦਿਨ 0 0 0 0 5 5 0 50
ਸਿਰਫ਼ ਸ਼ਨੀਵਾਰ
ਅਤੇ ਐਤਵਾਰ 5 0 0 0 0 0 8 52
ਸ਼ਨੀਵਾਰ ਤੇ ਐਤਵਾਰ
ਅਤੇ ਹਫ਼ਤੇ ਦੇ ਦੋ ਦਿਨ 2 0 0 2 0 2 6 50
ਮਈ ਐਤ* ਸੋਮ* ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ* ਕੁੱਲ ਘੰਟੇ
ਹਰ ਦਿਨ 2 1 1 1 1 1 4 51
ਦੋ ਦਿਨ 0 5 0 0 0 0 5 50
ਸਿਰਫ਼ ਸ਼ਨੀਵਾਰ
ਅਤੇ ਐਤਵਾਰ 3 0 0 0 0 0 7 50
ਸ਼ਨੀਵਾਰ ਤੇ ਐਤਵਾਰ
ਅਤੇ ਹਫ਼ਤੇ ਦੇ ਦੋ ਦਿਨ 2 0 0 2 0 2 5 51
* ਮਹੀਨੇ ਵਿਚ ਪੰਜ