ਯਹੋਵਾਹ ਦੇ ਗੁਣਾਂ ਦਾ ਪ੍ਰਚਾਰ ਕਰੋ
1. ਕਿਹੜੀ ਗੱਲ ਸਾਨੂੰ ਯਹੋਵਾਹ ਦੇ ਗੁਣਾਂ ਦਾ ਪ੍ਰਚਾਰ ਕਰਨ ਲਈ ਪ੍ਰੇਰਦੀ ਹੈ?
1 “ਹੇ ਯਹੋਵਾਹ, ਵਡਿਆਈ ਅਤੇ ਸ਼ਕਤੀ ਅਤੇ ਪ੍ਰਤਾਪ ਅਤੇ ਫਤਹ ਅਤੇ ਮਹਿਮਾ ਤੇਰੀ ਹੀ ਹੈ ਕਿਉਂ ਜੋ ਸੱਭੋ ਕੁਝ ਜਿਹੜਾ ਅਕਾਸ਼ ਅਤੇ ਧਰਤੀ ਦੇ ਵਿੱਚ ਹੈ ਤੇਰਾ ਹੀ ਹੈ।” (1 ਇਤ. 29:11) ਯਹੋਵਾਹ ਪ੍ਰਤੀ ਸਾਡਾ ਪਿਆਰ ਅਤੇ ਸ਼ੁਕਰਗੁਜ਼ਾਰੀ ਸਾਨੂੰ ਕੀ ਕਰਨ ਲਈ ਪ੍ਰੇਰਦੇ ਹਨ? ਅਸੀਂ “ਉਹ ਦਿਆਂ ਗੁਣਾਂ ਦਾ ਪਰਚਾਰ ਕਰਨ” ਲਈ ਪ੍ਰੇਰਿਤ ਹੁੰਦੇ ਹਾਂ ‘ਜਿਹ ਨੇ ਸਾਨੂੰ ਅਨ੍ਹੇਰੇ ਤੋਂ ਆਪਣੇ ਅਚਰਜ ਚਾਨਣ ਵਿੱਚ ਸੱਦ ਲਿਆ।’ (1 ਪਤ. 2:9) ਸਾਡਾ ਦਿਲ ਸਾਨੂੰ ਆਪਣੇ ਮਹਾਨ ਪਰਮੇਸ਼ੁਰ ਬਾਰੇ ਦੂਸਰਿਆਂ ਨੂੰ ਦੱਸਣ ਲਈ ਉਭਾਰਦਾ ਹੈ! ਮਾਰਚ, ਅਪ੍ਰੈਲ ਤੇ ਮਈ ਮਹੀਨਿਆਂ ਵਿਚ ਸਾਡੇ ਕੋਲ ਯਹੋਵਾਹ ਦੀ ਮਹਿਮਾ ਕਰਨ ਦੇ ਕਈ ਵਧੀਆ ਮੌਕੇ ਹਨ।
2. ਯਿਸੂ ਦੀ ਮੌਤ ਦੀ ਵਰ੍ਹੇਗੰਢ ਸੰਬੰਧੀ ਕਿਹੜੀ ਖ਼ਾਸ ਮੁਹਿੰਮ ਚਲਾਈ ਜਾਵੇਗੀ ਅਤੇ ਇਸ ਵਿਚ ਕੌਣ ਹਿੱਸਾ ਲੈ ਸਕਦੇ ਹਨ?
2 ਪ੍ਰਭੂ ਦੀ ਮੌਤ ਦੀ ਵਰ੍ਹੇਗੰਢ ਦੇ ਸੱਦਾ-ਪੱਤਰ ਵੰਡਣ ਦੀ ਖ਼ਾਸ ਮੁਹਿੰਮ: ਸੋਮਵਾਰ 2 ਅਪ੍ਰੈਲ ਨੂੰ ਅਸੀਂ ਯਿਸੂ ਦੀ ਮੌਤ ਦੀ ਵਰ੍ਹੇਗੰਢ ਮਨਾ ਕੇ ਯਹੋਵਾਹ ਦੇ ਗੁਣਾਂ ਦਾ ਗੁਣਗਾਨ ਕਰਾਂਗੇ। ਇਸ ਸਮਾਰੋਹ ਵਿਚ ਲੋਕਾਂ ਨੂੰ ਸੱਦਣ ਲਈ 17 ਮਾਰਚ ਤੋਂ 2 ਅਪ੍ਰੈਲ ਤਕ ਪੂਰੀ ਦੁਨੀਆਂ ਵਿਚ ਲੋਕਾਂ ਨੂੰ ਖ਼ਾਸ ਸੱਦਾ-ਪੱਤਰ ਵੰਡਿਆ ਜਾਵੇਗਾ। ਸਾਰੇ ਇਸ ਮੁਹਿੰਮ ਵਿਚ ਜੀ-ਜਾਨ ਨਾਲ ਹਿੱਸਾ ਲੈਣ। ਜੇ ਤੁਹਾਡੀਆਂ ਬਾਈਬਲ ਸਟੱਡੀਆਂ ਜਾਂ ਬੱਚੇ ਪ੍ਰਚਾਰ ਵਿਚ ਹਿੱਸਾ ਲੈਣਾ ਸ਼ੁਰੂ ਕਰਨ ਦੇ ਚਾਹਵਾਨ ਹਨ, ਤਾਂ ਇਹ ਉਨ੍ਹਾਂ ਲਈ ਵਧੀਆ ਮੌਕਾ ਹੋਵੇਗਾ। ਤੁਸੀਂ ਉਨ੍ਹਾਂ ਬਾਰੇ ਬਜ਼ੁਰਗਾਂ ਨਾਲ ਗੱਲ ਕਰ ਸਕਦੇ ਹੋ।
3. ਸਮਾਰੋਹ ਦਾ ਸੱਦਾ-ਪੱਤਰ ਦਿੰਦੇ ਸਮੇਂ ਅਸੀਂ ਕੀ ਕਹਿ ਸਕਦੇ ਹਾਂ
3 ਇਹ ਮੁਹਿੰਮ ਉਸੇ ਤਰ੍ਹਾਂ ਚਲਾਈ ਜਾਵੇਗੀ ਜਿਵੇਂ “ਸਾਡਾ ਛੁਟਕਾਰਾ ਨੇੜੇ ਹੈ!” ਨਾਮਕ ਜ਼ਿਲ੍ਹਾ ਸੰਮੇਲਨ ਵੇਲੇ ਚਲਾਈ ਗਈ ਸੀ। ਹਰ ਪ੍ਰਕਾਸ਼ਕ ਲਈ 50 ਕਾਪੀਆਂ ਅਤੇ ਪਾਇਨੀਅਰਾਂ ਲਈ 150 ਕਾਪੀਆਂ ਦੇ ਹਿਸਾਬ ਨਾਲ ਕਲੀਸਿਯਾਵਾਂ ਨੂੰ ਸੱਦਾ-ਪੱਤਰ ਭੇਜੇ ਜਾਣਗੇ। ਲੋਕਾਂ ਨੂੰ ਸੱਦਾ-ਪੱਤਰ ਦਿੰਦੇ ਸਮੇਂ ਸਾਨੂੰ ਜ਼ਿਆਦਾ ਕੁਝ ਕਹਿਣ ਦੀ ਲੋੜ ਨਹੀਂ। ਅਸੀਂ ਇੰਨਾ ਕਹਿ ਸਕਦੇ ਹਾਂ: “ਅਸੀਂ ਤੁਹਾਨੂੰ ਇਕ ਅਹਿਮ ਸਾਲਾਨਾ ਸਮਾਰੋਹ ਲਈ ਸੱਦਣਾ ਚਾਹੁੰਦੇ ਹਾਂ। ਇਹ ਸੱਦਾ-ਪੱਤਰ ਤੁਹਾਡੇ ਲਈ ਹੈ। ਇਸ ਵਿਚ ਸਾਰੀ ਜਾਣਕਾਰੀ ਦਿੱਤੀ ਗਈ ਹੈ। ਕਿਰਪਾ ਕਰ ਕੇ ਜ਼ਰੂਰ ਆਉਣਾ।” ਪਰ ਜੇ ਘਰ-ਸੁਆਮੀ ਇਸ ਬਾਰੇ ਸਵਾਲ ਪੁੱਛਦਾ ਹੈ, ਤਾਂ ਅਸੀਂ ਉਸ ਨੂੰ ਇਸ ਸਮਾਰੋਹ ਬਾਰੇ ਹੋਰ ਜ਼ਿਆਦਾ ਦੱਸ ਸਕਦੇ ਹਾਂ। ਅਸੀਂ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੇ ਸਫ਼ੇ 207-209 ਉੱਤੇ ਦਿੱਤੀ ਜਾਣਕਾਰੀ ਵਰਤ ਸਕਦੇ ਹਾਂ। ਸ਼ਨੀਵਾਰ-ਐਤਵਾਰ ਨੂੰ ਅਸੀਂ ਰਸਾਲੇ ਵੰਡਣ ਦੇ ਨਾਲ-ਨਾਲ ਇਹ ਸੱਦਾ-ਪੱਤਰ ਵੀ ਲੋਕਾਂ ਨੂੰ ਦੇ ਸਕਦੇ ਹਾਂ। ਜੇ ਕੋਈ ਹੋਰ ਜਾਣਨ ਵਿਚ ਦਿਲਚਸਪੀ ਦਿਖਾਉਂਦਾ ਹੈ, ਤਾਂ ਉਸ ਦਾ ਨਾਂ-ਪਤਾ ਲਿਖ ਕੇ ਉਸ ਨੂੰ ਦੁਬਾਰਾ ਮਿਲਣ ਜਾਓ।
4. ਅਸੀਂ ਸੱਦਾ-ਪੱਤਰ ਕਿਵੇਂ ਵੰਡਾਂਗੇ?
4 ਹਰ ਘਰ-ਸੁਆਮੀ ਦੇ ਹੱਥ ਵਿਚ ਇਹ ਸੱਦਾ-ਪੱਤਰ ਦੇਣ ਦੀ ਕੋਸ਼ਿਸ਼ ਕਰੋ। ਇਸ ਲਈ ਜਿਨ੍ਹਾਂ ਘਰਾਂ ਵਿਚ ਲੋਕ ਨਹੀਂ ਮਿਲਦੇ, ਉਨ੍ਹਾਂ ਘਰਾਂ ਦੇ ਨੰਬਰ ਵਗੈਰਾ ਨੋਟ ਕਰ ਲਓ। ਫਿਰ ਕਿਸੇ ਹੋਰ ਸਮੇਂ ਤੇ ਉਨ੍ਹਾਂ ਨੂੰ ਮਿਲਣ ਦੀ ਕੋਸ਼ਿਸ਼ ਕਰੋ। ਜਿਨ੍ਹਾਂ ਕਲੀਸਿਯਾਵਾਂ ਕੋਲ ਸੱਦਾ-ਪੱਤਰ ਦੀਆਂ ਕਾਫ਼ੀ ਸਾਰੀਆਂ ਕਾਪੀਆਂ ਬਚ ਗਈਆਂ ਹੋਣ, ਉਹ ਸਮਾਰੋਹ ਤੋਂ ਪਹਿਲਾਂ ਦੇ ਇਕ ਹਫ਼ਤੇ ਦੌਰਾਨ ਉਨ੍ਹਾਂ ਘਰਾਂ ਤੇ ਵੀ ਸੱਦਾ-ਪੱਤਰ ਛੱਡ ਸਕਦੇ ਹੋ ਜਿੱਥੇ ਲੋਕ ਨਹੀਂ ਮਿਲਦੇ। ਪਰ ਇਸ ਤੋਂ ਪਹਿਲਾਂ ਇੱਦਾਂ ਨਹੀਂ ਕੀਤਾ ਜਾਣਾ ਚਾਹੀਦਾ। ਆਪਣੀਆਂ ਪੁਨਰ-ਮੁਲਾਕਾਤਾਂ, ਬਾਈਬਲ ਸਟੱਡੀਆਂ, ਰਿਸ਼ਤੇਦਾਰਾਂ, ਸਹਿਕਰਮੀਆਂ, ਗੁਆਂਢੀਆਂ ਅਤੇ ਹੋਰ ਜਾਣ-ਪਛਾਣ ਵਾਲਿਆਂ ਨੂੰ ਸੱਦਾ-ਪੱਤਰ ਦੇਣਾ ਨਾ ਭੁੱਲੋ।
5. ਸਾਨੂੰ ਹੁਣੇ ਤੋਂ ਹੀ ਔਗਜ਼ੀਲਰੀ ਪਾਇਨੀਅਰੀ ਕਰਨ ਦੀ ਤਿਆਰੀ ਕਿਉਂ ਕਰਨੀ ਚਾਹੀਦੀ ਹੈ?
5 ਔਗਜ਼ੀਲਰੀ ਪਾਇਨੀਅਰੀ: ਕੀ ਤੁਸੀਂ ਮਾਰਚ, ਅਪ੍ਰੈਲ ਤੇ ਮਈ ਮਹੀਨਿਆਂ ਵਿਚ ਔਗਜ਼ੀਲਰੀ ਪਾਇਨੀਅਰੀ ਕਰ ਕੇ ਯਹੋਵਾਹ ਦੇ ਗੁਣਾਂ ਦਾ ਵਧ-ਚੜ੍ਹ ਕੇ ਪ੍ਰਚਾਰ ਕਰ ਸਕਦੇ ਹੋ? ਇਸ ਤਰ੍ਹਾਂ ਕਰਨ ਲਈ ਤੁਹਾਨੂੰ ਸ਼ਾਇਦ ਆਪਣੇ ਰੋਜ਼ਮੱਰਾ ਦੇ ਕੰਮਾਂ-ਕਾਰਾਂ ਵਿਚ ਫੇਰ-ਬਦਲ ਕਰਨਾ ਪਵੇ। (ਅਫ਼. 5:15-17) ਪਰ ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ ਦੀ ਸੇਵਾ ਵਿਚ ਜ਼ਿਆਦਾ ਸਮਾਂ ਬਿਤਾ ਕੇ ਤੁਹਾਨੂੰ ਖ਼ੁਸ਼ੀ ਮਿਲੇਗੀ ਅਤੇ ਯਹੋਵਾਹ ਤੁਹਾਡੀ ਮਿਹਨਤ ਉੱਤੇ ਬਰਕਤਾਂ ਪਾਵੇਗਾ। (ਕਹਾ. 10:22) ਮਾਰਚ ਮਹੀਨਾ ਸ਼ੁਰੂ ਹੋਣ ਵਿਚ ਕੁਝ ਹੀ ਦਿਨ ਰਹਿ ਗਏ ਹਨ, ਸੋ ਔਗਜ਼ੀਲਰੀ ਪਾਇਨੀਅਰੀ ਕਰਨ ਦੀ ਹੁਣੇ ਤੋਂ ਯੋਜਨਾ ਬਣਾਓ।—ਕਹਾ. 21:5.
6. ਪਿਛਲੇ ਸਾਲ ਪਾਇਨੀਅਰੀ ਕਰ ਚੁੱਕੀ ਇਕ 90-ਸਾਲਾ ਭੈਣ ਦੇ ਤਜਰਬੇ ਤੋਂ ਅਸੀਂ ਕੀ ਸਿੱਖਦੇ ਹਾਂ?
6 ਪਿਛਲੇ ਸਾਲ ਇਕ 90 ਸਾਲਾਂ ਦੀ ਭੈਣ ਨੇ ਔਗਜ਼ੀਲਰੀ ਪਾਇਨੀਅਰੀ ਕਰਨ ਦਾ ਲੁਤਫ਼ ਉਠਾਇਆ। ਉਹ ਕਹਿੰਦੀ ਹੈ: “ਭਾਵੇਂ ਕਿ ਮੈਨੂੰ ਬਾਗ਼ਬਾਨੀ ਕਰਨੀ ਬਹੁਤ ਹੀ ਪਸੰਦ ਹੈ ਅਤੇ ਮਾਰਚ ਦਾ ਮਹੀਨਾ ਫੁੱਲ-ਬੂਟੇ ਲਾਉਣ ਦਾ ਸਮਾਂ ਹੁੰਦਾ ਹੈ, ਪਰ ਮੈਂ ਆਪਣੇ ਆਪ ਨੂੰ ਚੇਤੇ ਕਰਾਇਆ ਕਿ ਮੈਨੂੰ ਜ਼ਰੂਰੀ ਕੰਮਾਂ ਨੂੰ ਪਹਿਲ ਦੇਣੀ ਚਾਹੀਦੀ ਹੈ। ਸੋ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦਿੰਦੇ ਹੋਏ ਮੈਂ ਮਾਰਚ ਮਹੀਨੇ ਵਿਚ ਔਗਜ਼ੀਲਰੀ ਪਾਇਨੀਅਰੀ ਕਰਨ ਦਾ ਫ਼ੈਸਲਾ ਕੀਤਾ।” ਕੀ ਉਸ ਨੂੰ ਪਾਇਨੀਅਰੀ ਕਰ ਕੇ ਖ਼ੁਸ਼ੀ ਮਿਲੀ? ਉਹ ਕਹਿੰਦੀ ਹੈ: “ਕਲੀਸਿਯਾ ਦੇ ਭੈਣ-ਭਰਾਵਾਂ ਨਾਲ ਮੇਰੀ ਪੱਕੀ ਦੋਸਤੀ ਹੋ ਗਈ ਜਿਸ ਦੇ ਨਤੀਜੇ ਵਜੋਂ ਮੈਂ ਯਹੋਵਾਹ ਦੇ ਹੋਰ ਨੇੜੇ ਹੋਈ।” ਤਾਂ ਫਿਰ, ਕੀ ਅਸੀਂ ਵੀ ਪਰਮੇਸ਼ੁਰ ਦੇ ਕੰਮ ਨੂੰ ਪਹਿਲ ਦਿੰਦੇ ਹੋਏ ਆਪਣੇ ਰੋਜ਼ਮੱਰਾ ਦੇ ਕੰਮਾਂ-ਕਾਰਾਂ ਵਿਚ ਫੇਰ-ਬਦਲ ਕਰ ਸਕਦੇ ਹਾਂ?
7. ਕੀ ਔਗਜ਼ੀਲਰੀ ਪਾਇਨੀਅਰੀ ਕਰਨੀ ਔਖੀ ਹੈ?
7 ਔਗਜ਼ੀਲਰੀ ਪਾਇਨੀਅਰ ਦੇ ਤੌਰ ਤੇ ਮਹੀਨੇ ਵਿਚ 50 ਘੰਟੇ ਪ੍ਰਚਾਰ ਕਰਨਾ ਇੰਨਾ ਔਖਾ ਨਹੀਂ ਜਿੰਨਾ ਸਾਨੂੰ ਲੱਗਦਾ ਹੈ। ਇਸ ਕੰਮ ਵਿਚ ਸਫ਼ਲ ਹੋਣ ਲਈ ਯਹੋਵਾਹ ਨੂੰ ਪ੍ਰਾਰਥਨਾ ਕਰੋ। ਆਪਣੇ ਰੋਜ਼ਾਨਾ ਦੇ ਕੰਮਾਂ ਬਾਰੇ ਵਿਚਾਰ ਕਰੋ। ਫਿਰ ਉਸ ਅਨੁਸਾਰ ਇਕ ਸਮਾਂ-ਸਾਰਣੀ ਤਿਆਰ ਕਰੋ ਅਤੇ ਕਲੰਡਰ ਤੇ ਲਿਖ ਲਓ। ਤੁਸੀਂ ਆਪਣੇ ਹਾਲਾਤ ਚੰਗੀ ਤਰ੍ਹਾਂ ਜਾਣਦੇ ਹੋ। ਸੋ ਜੇ ਤੁਹਾਡੀ ਤਬੀਅਤ ਖ਼ਰਾਬ ਰਹਿੰਦੀ ਹੈ ਜਾਂ ਤੁਸੀਂ ਛੇਤੀ ਥੱਕ ਜਾਂਦੇ ਹੋ, ਤਾਂ ਤੁਸੀਂ ਹਰ ਦਿਨ ਸਿਰਫ਼ ਦੋ ਘੰਟੇ ਪ੍ਰਚਾਰ ਕਰਨ ਦੀ ਯੋਜਨਾ ਬਣਾ ਸਕਦੇ ਹੋ। ਜੇ ਤੁਸੀਂ ਕੰਮ ਕਰਦੇ ਹੋ ਜਾਂ ਸਕੂਲ ਜਾਂਦੇ ਹੋ, ਤਾਂ ਤੁਸੀਂ ਸ਼ਾਇਦ ਸ਼ਾਮ ਵੇਲੇ ਜਾਂ ਸ਼ਨੀਵਾਰ-ਐਤਵਾਰ ਪ੍ਰਚਾਰ ਕਰ ਕੇ ਘੰਟੇ ਪੂਰੇ ਕਰ ਸਕਦੇ ਹੋ।
8. ਇਕ ਪਤੀ-ਪਤਨੀ ਕਿਵੇਂ ਔਗਜ਼ੀਲਰੀ ਪਾਇਨੀਅਰੀ ਕਰ ਪਾਏ?
8 ਕਈ ਵਾਰ ਪੂਰਾ ਪਰਿਵਾਰ ਮਿਲ ਕੇ ਪਾਇਨੀਅਰੀ ਕਰਦਾ ਹੈ। ਪਿਛਲੇ ਕੁਝ ਸਾਲਾਂ ਤੋਂ ਇਕ ਪਤੀ-ਪਤਨੀ ਔਗਜ਼ੀਲਰੀ ਪਾਇਨੀਅਰੀ ਕਰਨ ਤੋਂ ਹਿਚਕਿਚਾ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਦੇ ਹਾਲਾਤ ਉਨ੍ਹਾਂ ਨੂੰ ਪਾਇਨੀਅਰੀ ਕਰਨ ਦੀ ਇਜਾਜ਼ਤ ਨਹੀਂ ਦਿੰਦੇ। ਉਨ੍ਹਾਂ ਨੇ ਇਸ ਬਾਰੇ ਕੀ ਕੀਤਾ? ਉਹ ਕਹਿੰਦੇ ਹਨ: “ਸਾਡੀ ਹਮੇਸ਼ਾ ਇਹੀ ਇੱਛਾ ਰਹੀ ਸੀ ਕਿ ਅਸੀਂ ਮਿਲ ਕੇ ਪਾਇਨੀਅਰੀ ਕਰੀਏ। ਸੋ ਅਸੀਂ ਯਹੋਵਾਹ ਨੂੰ ਮਿੰਨਤਾਂ ਕੀਤੀਆਂ ਕਿ ਉਹ ਸਾਡੀ ਮੁਰਾਦ ਪੂਰੀ ਕਰੇ।” ਆਪਣੀ ਚੰਗੀ ਯੋਜਨਾਬੰਦੀ ਸਦਕਾ ਉਹ ਦੋਨੋਂ ਪਾਇਨੀਅਰੀ ਕਰ ਸਕੇ। ਆਪਣੀ ਖ਼ੁਸ਼ੀ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ: “ਸਾਨੂੰ ਔਗਜ਼ੀਲਰੀ ਪਾਇਨੀਅਰੀ ਕਰ ਕੇ ਬਹੁਤ ਮਜ਼ਾ ਆਇਆ। ਪਾਇਨੀਅਰੀ ਕਰ ਕੇ ਸਾਨੂੰ ਕਈ ਫ਼ਾਇਦੇ ਵੀ ਹੋਏ। ਤੁਹਾਨੂੰ ਅਸੀਂ ਇਹੋ ਕਹਾਂਗੇ ਕਿ ਤੁਸੀਂ ਵੀ ਔਗਜ਼ੀਲਰੀ ਪਾਇਨੀਅਰੀ ਕਰ ਕੇ ਦੇਖੋ। ਜੇ ਅਸੀਂ ਕਰ ਸਕਦੇ ਹਾਂ, ਤਾਂ ਤੁਸੀਂ ਵੀ ਜ਼ਰੂਰ ਕਰ ਸਕੋਗੇ।”
9. ਅਗਲੇ ਤਿੰਨ ਮਹੀਨਿਆਂ ਵਿਚ ਜ਼ਿਆਦਾ ਪ੍ਰਚਾਰ ਕਰਨ ਲਈ ਤੁਸੀਂ ਅਗਲੇ ਪਰਿਵਾਰਕ ਅਧਿਐਨ ਦੌਰਾਨ ਕੀ ਕਰ ਸਕਦੇ ਹੋ?
9 ਆਪਣੇ ਅਗਲੇ ਪਰਿਵਾਰਕ ਅਧਿਐਨ ਦੌਰਾਨ ਕਿਉਂ ਨਾ ਤੁਸੀਂ ਇਸ ਬਾਰੇ ਗੱਲ ਕਰੋ ਕਿ ਮਾਰਚ, ਅਪ੍ਰੈਲ ਜਾਂ ਮਈ ਵਿਚ ਸਾਰੇ ਜਣੇ ਕਿਵੇਂ ਜ਼ਿਆਦਾ ਪ੍ਰਚਾਰ ਕਰ ਸਕਦੇ ਹਨ? ਜੇ ਪੂਰਾ ਪਰਿਵਾਰ ਔਗਜ਼ੀਲਰੀ ਪਾਇਨੀਅਰੀ ਨਹੀਂ ਕਰ ਸਕਦਾ, ਤਾਂ ਸਾਰਿਆਂ ਦੇ ਸਹਿਯੋਗ ਨਾਲ ਘਰ ਦਾ ਇਕ ਮੈਂਬਰ ਪਾਇਨੀਅਰੀ ਕਰ ਸਕਦਾ ਹੈ। ਜੇ ਇਹ ਵੀ ਸੰਭਵ ਨਹੀਂ ਹੈ, ਤਾਂ ਸਾਰੇ ਜਣੇ ਜ਼ਿਆਦਾ ਘੰਟੇ ਪ੍ਰਚਾਰ ਕਰਨ ਦਾ ਟੀਚਾ ਰੱਖ ਸਕਦੇ ਹਨ।
10. ਸਾਨੂੰ ਔਗਜ਼ੀਲਰੀ ਪਾਇਨੀਅਰੀ ਕਰਨ ਦੀ ਆਪਣੀ ਇੱਛਾ ਬਾਰੇ ਦੂਸਰਿਆਂ ਨਾਲ ਕਿਉਂ ਗੱਲ ਕਰਨੀ ਚਾਹੀਦੀ ਹੈ?
10 ਇਕ-ਦੂਜੇ ਦੀ ਮਦਦ ਕਰੋ: ਸਾਡਾ ਜੋਸ਼ ਦੂਸਰਿਆਂ ਵਿਚ ਵੀ ਜੋਸ਼ ਪੈਦਾ ਕਰ ਸਕਦਾ ਹੈ। ਸੋ ਪਾਇਨੀਅਰੀ ਕਰਨ ਦੀ ਆਪਣੀ ਇੱਛਾ ਬਾਰੇ ਦੂਸਰਿਆਂ ਨੂੰ ਦੱਸੋ। ਤੁਹਾਨੂੰ ਦੇਖ ਕੇ ਉਹ ਵੀ ਸ਼ਾਇਦ ਪਾਇਨੀਅਰੀ ਕਰਨ। ਪਹਿਲਾਂ ਪਾਇਨੀਅਰੀ ਕਰ ਚੁੱਕੇ ਤਜਰਬੇਕਾਰ ਭੈਣਾਂ-ਭਰਾਵਾਂ ਨਾਲ ਵੀ ਗੱਲ ਕਰੋ। ਹੋ ਸਕਦਾ ਕਿ ਉਹ ਤੁਹਾਨੂੰ ਸਮਾਂ-ਸਾਰਣੀ ਬਣਾਉਣ ਜਾਂ ਹੋਰ ਗੱਲਾਂ ਬਾਰੇ ਵਧੀਆ ਸੁਝਾਅ ਦੇਣ। (ਕਹਾ. 15:22) ਜੇ ਤੁਸੀਂ ਪਾਇਨੀਅਰੀ ਕਰਨ ਦੀ ਯੋਜਨਾ ਬਣਾਈ ਹੈ, ਤਾਂ ਕਿਉਂ ਨਾ ਕਿਸੇ ਹੋਰ ਭੈਣ ਜਾਂ ਭਰਾ ਨੂੰ ਵੀ ਆਪਣੇ ਨਾਲ ਪਾਇਨੀਅਰੀ ਕਰਨ ਦਾ ਸੱਦਾ ਦਿਓ?
11. ਪਾਇਨੀਅਰੀ ਲਈ ਦੂਸਰਿਆਂ ਵਿਚ ਜੋਸ਼ ਪੈਦਾ ਕਰਨ ਲਈ ਬਜ਼ੁਰਗ ਕੀ ਕਰ ਸਕਦੇ ਹਨ?
11 ਕਈ ਬਜ਼ੁਰਗ ਆਪਣੇ ਰੋਜ਼ਮੱਰਾ ਦੇ ਕੰਮਾਂ-ਕਾਰਾਂ ਵਿਚ ਫੇਰ-ਬਦਲ ਕਰ ਕੇ ਔਗਜ਼ੀਲਰੀ ਪਾਇਨੀਅਰੀ ਕਰਦੇ ਹਨ। (ਇਬ. 13:7) ਉਨ੍ਹਾਂ ਦੀ ਵਧੀਆ ਮਿਸਾਲ ਦੇਖ ਕੇ ਬਾਕੀਆਂ ਨੂੰ ਵੀ ਪਾਇਨੀਅਰੀ ਕਰਨ ਦੀ ਹੱਲਾਸ਼ੇਰੀ ਮਿਲਦੀ ਹੈ। ਬਜ਼ੁਰਗ ਦੂਸਰਿਆਂ ਵਿਚ ਜੋਸ਼ ਪੈਦਾ ਕਰਨ ਲਈ ਉਨ੍ਹਾਂ ਨਾਲ ਪਾਇਨੀਅਰੀ ਕਰਨ ਬਾਰੇ ਗੱਲਬਾਤ ਕਰ ਸਕਦੇ ਹਨ। ਉਹ ਉਨ੍ਹਾਂ ਨੂੰ ਪਾਇਨੀਅਰੀ ਕਰਨ ਦਾ ਉਤਸ਼ਾਹ ਜਾਂ ਇਸ ਸੰਬੰਧੀ ਕੁਝ ਚੰਗੇ ਸੁਝਾਅ ਦੇ ਸਕਦੇ ਹਨ। ਕੀ ਪਤਾ ਉਨ੍ਹਾਂ ਦੀ ਪ੍ਰੇਰਣਾ ਨਾਲ ਕਈ ਭੈਣ-ਭਰਾ ਔਗਜ਼ੀਲਰੀ ਪਾਇਨੀਅਰੀ ਕਰਨ ਲਈ ਤਿਆਰ ਹੋ ਜਾਣ? ਸੇਵਾ ਨਿਗਾਹਬਾਨ ਵੱਖ-ਵੱਖ ਦਿਨਾਂ ਅਤੇ ਸਮਿਆਂ ਤੇ ਪ੍ਰਚਾਰ ਕਰਨ ਦੇ ਪ੍ਰਬੰਧ ਕਰੇਗਾ। ਕਲੀਸਿਯਾ ਨੂੰ ਹਰ ਹਫ਼ਤੇ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਸੇਵਾ ਨਿਗਾਹਬਾਨ ਦੀ ਕੋਸ਼ਿਸ਼ ਰਹੇਗੀ ਕਿ ਸਾਰੇ ਜਣੇ ਸੇਵਕਾਈ ਵਿਚ ਹਿੱਸਾ ਲੈ ਸਕਣ। ਕੁਝ ਭੈਣ-ਭਰਾ ਕੰਮ ਜਾਂ ਸਕੂਲ ਤੋਂ ਬਾਅਦ ਸੇਵਕਾਈ ਵਿਚ ਹਿੱਸਾ ਲੈ ਸਕਣਗੇ। ਸੇਵਾ ਨਿਗਾਹਬਾਨ ਸਾਰਿਆਂ ਲਈ ਪ੍ਰਚਾਰ ਕਰਨ ਵਾਸਤੇ ਕਾਫ਼ੀ ਸਾਰੇ ਇਲਾਕੇ ਅਤੇ ਸਾਹਿੱਤ ਦਾ ਪ੍ਰਬੰਧ ਕਰੇਗਾ।
12. ਔਗਜ਼ੀਲਰੀ ਪਾਇਨੀਅਰੀ ਨਾ ਕਰ ਸਕਣ ਤੇ ਤੁਸੀਂ ਕੀ ਕਰ ਸਕਦੇ ਹਾਂ?
12 ਜੇ ਤੁਸੀਂ ਪਾਇਨੀਅਰੀ ਨਹੀਂ ਵੀ ਕਰ ਸਕਦੇ, ਤਾਂ ਵੀ ਤੁਸੀਂ ਪਾਇਨੀਅਰਾਂ ਨੂੰ ਉਤਸ਼ਾਹ ਦੇ ਸਕਦੇ ਹੋ ਤੇ ਉਨ੍ਹਾਂ ਲਈ ਦੁਆ ਕਰ ਸਕਦੇ ਹੋ। (ਕਹਾ. 25:11; ਕੁਲੁ. 4:12) ਇਸ ਤੋਂ ਇਲਾਵਾ, ਤੁਸੀਂ ਹਫ਼ਤੇ ਵਿਚ ਇਕ ਦਿਨ ਉਨ੍ਹਾਂ ਨਾਲ ਪ੍ਰਚਾਰ ਕਰਨ ਜਾਂ ਆਮ ਨਾਲੋਂ ਵੱਧ ਸਮੇਂ ਲਈ ਪ੍ਰਚਾਰ ਕਰਨ ਬਾਰੇ ਵੀ ਸੋਚ ਸਕਦੇ ਹੋ।
13. ਭਾਰਤ ਵਿਚ ਕਿੰਨੇ ਔਗਜ਼ੀਲਰੀ ਪਾਇਨੀਅਰਾਂ ਦਾ ਟੀਚਾ ਰੱਖਿਆ ਗਿਆ ਹੈ ਅਤੇ ਇਸ ਨੂੰ ਹਾਸਲ ਕਰਨ ਲਈ ਤੁਹਾਡੀ ਕਲੀਸਿਯਾ ਨੂੰ ਕੀ ਕਰਨਾ ਹੋਵੇਗਾ?
13 ਅਪ੍ਰੈਲ ਲਈ ਸਾਡਾ ਟੀਚਾ—4,500 ਔਗਜ਼ੀਲਰੀ ਪਾਇਨੀਅਰ: ਅਪ੍ਰੈਲ 2006 ਵਿਚ ਭਾਰਤ ਵਿਚ 3,216 ਭੈਣਾਂ-ਭਰਾਵਾਂ ਨੇ ਔਗਜ਼ੀਲਰੀ ਪਾਇਨੀਅਰੀ ਕਰ ਕੇ ਨਵਾਂ ਰਿਕਾਰਡ ਕਾਇਮ ਕੀਤਾ ਸੀ। ਸੋ ਇਸ ਅਪ੍ਰੈਲ ਵਿਚ 4,500 ਔਗਜ਼ੀਲਰੀ ਪਾਇਨੀਅਰਾਂ ਦਾ ਟੀਚਾ ਹਾਸਲ ਕਰਨਾ ਬਹੁਤੀ ਔਖੀ ਗੱਲ ਨਹੀਂ ਹੋਵੇਗੀ। ਇਸ ਟੀਚੇ ਤਕ ਪਹੁੰਚਣ ਲਈ ਜ਼ਰੂਰੀ ਹੈ ਕਿ ਔਸਤਨ ਹਰ ਕਲੀਸਿਯਾ ਵਿਚ 5 ਵਿੱਚੋਂ 1 ਪ੍ਰਕਾਸ਼ਕ ਔਗਜ਼ੀਲਰੀ ਪਾਇਨੀਅਰੀ ਕਰੇ। ਪਰ ਕਈ ਕਲੀਸਿਯਾਵਾਂ ਵਿਚ ਇਸ ਨਾਲੋਂ ਵੀ ਵੱਧ ਪ੍ਰਕਾਸ਼ਕ ਪਾਇਨੀਅਰੀ ਕਰਨੀ ਚਾਹੁਣਗੇ। ਸੋ ਸਾਰੀਆਂ ਕਲੀਸਿਯਾਵਾਂ ਮਿਲ ਕੇ ਇਸ ਟੀਚੇ ਨੂੰ ਸੌਖਿਆਂ ਹੀ ਹਾਸਲ ਕਰ ਲੈਣਗੀਆਂ। ਜ਼ਰਾ ਸੋਚੋ ਕਿ ਇੰਨੇ ਸਾਰੇ ਪਾਇਨੀਅਰ ਹੋਣ ਨਾਲ ਕਲੀਸਿਯਾਵਾਂ ਵਿਚ ਕਿੰਨਾ ਉਤਸ਼ਾਹ ਪੈਦਾ ਹੋਵੇਗਾ ਅਤੇ ਪ੍ਰਚਾਰ ਦਾ ਕੰਮ ਕਿੰਨੇ ਜ਼ੋਰਾਂ-ਸ਼ੋਰਾਂ ਨਾਲ ਕੀਤਾ ਜਾਵੇਗਾ!
14. ਔਗਜ਼ੀਲਰੀ ਪਾਇਨੀਅਰੀ ਕਰਨ ਲਈ ਅਪ੍ਰੈਲ ਵਧੀਆ ਮਹੀਨਾ ਕਿਉਂ ਹੈ?
14 ਅਸੀਂ ਕਿਉਂ ਕਹਿੰਦੇ ਹਾਂ ਕਿ ਔਗਜ਼ੀਲਰੀ ਪਾਇਨੀਅਰੀ ਕਰਨ ਲਈ ਅਪ੍ਰੈਲ ਵਧੀਆ ਮਹੀਨਾ ਹੈ? ਅਪ੍ਰੈਲ ਦੇ ਸ਼ੁਰੂ ਵਿਚ ਮਸੀਹ ਦੀ ਮੌਤ ਦੀ ਵਰ੍ਹੇਗੰਢ ਮਨਾਈ ਜਾਵੇਗੀ। ਸੋ ਜੋ ਲੋਕ ਇਸ ਵਿਚ ਆਉਣਗੇ, ਉਨ੍ਹਾਂ ਨੂੰ ਦੁਬਾਰਾ ਮਿਲਣ ਦਾ ਸਾਡੇ ਕੋਲ ਵਧੀਆ ਮੌਕਾ ਹੋਵੇਗਾ। ਅਪ੍ਰੈਲ ਵਿਚ ਅਸੀਂ ਲੋਕਾਂ ਨੂੰ ਰਸਾਲੇ ਦੇਣੇ ਹਨ। ਜਦੋਂ ਅਸੀਂ ਉਨ੍ਹਾਂ ਨੂੰ ਦੁਬਾਰਾ ਮਿਲਣ ਜਾਵਾਂਗੇ, ਤਾਂ ਅਸੀਂ ਉਨ੍ਹਾਂ ਨੂੰ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੇਣ ਅਤੇ ਸਟੱਡੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਤਰ੍ਹਾਂ ਅਪ੍ਰੈਲ ਵਿਚ ਔਗਜ਼ੀਲਰੀ ਪਾਇਨੀਅਰੀ ਕਰਨ ਨਾਲ ਸਾਨੂੰ ਬਾਈਬਲ ਸਟੱਡੀਆਂ ਸ਼ੁਰੂ ਕਰਨ ਦੇ ਵੀ ਕਈ ਮੌਕੇ ਮਿਲਣਗੇ। ਅਪ੍ਰੈਲ ਮਹੀਨੇ ਵਿਚ ਦਿਨ ਲੰਬੇ ਹੁੰਦੇ ਹਨ ਅਤੇ ਸ਼ਾਮ ਵੇਲੇ ਮੌਸਮ ਵੀ ਵਧੀਆ ਹੁੰਦਾ ਹੈ। ਇਸ ਤੋਂ ਇਲਾਵਾ, ਅਪ੍ਰੈਲ ਵਿਚ ਪੰਜ ਐਤਵਾਰ ਹਨ ਅਤੇ ਸਕੂਲਾਂ ਵਿਚ ਛੁੱਟੀਆਂ ਹੋਣਗੀਆਂ। ਸੋ ਕੰਮਕਾਜੀ ਭੈਣ-ਭਰਾ ਜਾਂ ਸਕੂਲ ਜਾਂਦੇ ਬੱਚੇ ਪਾਇਨੀਅਰੀ ਕਰ ਸਕਣਗੇ।
15. ਸਾਨੂੰ ਮਾਰਚ, ਅਪ੍ਰੈਲ ਤੇ ਮਈ ਮਹੀਨਿਆਂ ਵਿਚ ਕਿਉਂ ਵਧ-ਚੜ੍ਹ ਕੇ ਪ੍ਰਚਾਰ ਕਰਨਾ ਚਾਹੀਦਾ ਹੈ?
15 ਜਿਉਂ-ਜਿਉਂ ਸਾਲ ਬੀਤਦੇ ਜਾਂਦੇ ਹਨ, ਇਸ ਦੁਨੀਆਂ ਦਾ ਅੰਤ ਨੇੜੇ ਆਉਂਦਾ ਜਾਂਦਾ ਹੈ। ਸੋ ਲੋਕਾਂ ਨੂੰ ਸੱਚੇ ਪਰਮੇਸ਼ੁਰ ਬਾਰੇ ਸਿਖਾਉਣ ਦਾ ਸਮਾਂ ਘੱਟਦਾ ਜਾ ਰਿਹਾ ਹੈ। (1 ਕੁਰਿੰ. 7:29) ਆਪਣੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਕਰਨ ਲਈ ਮਾਰਚ, ਅਪ੍ਰੈਲ ਤੇ ਮਈ ਵਧੀਆ ਮਹੀਨੇ ਹਨ। ਇਕ ਵਾਰ ਇਹ ਮੌਕਾ ਹੱਥੋਂ ਨਿਕਲ ਗਿਆ, ਤਾਂ ਇਹ ਸਾਨੂੰ ਦੁਬਾਰਾ ਨਹੀਂ ਮਿਲੇਗਾ। ਆਓ ਆਪਾਂ ਇਨ੍ਹਾਂ ਤਿੰਨਾਂ ਮਹੀਨਿਆਂ ਵਿਚ ਯਹੋਵਾਹ ਦੇ ਗੁਣਾਂ ਦਾ ਪ੍ਰਚਾਰ ਕਰਨ ਲਈ ਹੁਣੇ ਤੋਂ ਤਿਆਰੀਆਂ ਕਰੀਏ!
[ਸਫ਼ੇ 4 ਉੱਤੇ ਡੱਬੀ]
ਕੀ ਅਪ੍ਰੈਲ ਵਿਚ 4,500 ਪ੍ਰਕਾਸ਼ਕ ਔਗਜ਼ੀਲਰੀ ਪਾਇਨੀਅਰੀ ਕਰ ਸਕਦੇ ਹਨ?
◼ ਆਪਣੇ ਰੁਟੀਨ ਬਾਰੇ ਸੋਚ-ਵਿਚਾਰ ਕਰੋ
◼ ਪੂਰਾ ਪਰਿਵਾਰ ਮਿਲ ਕੇ ਗੱਲਬਾਤ ਕਰਨ ਤੋਂ ਬਾਅਦ ਟੀਚੇ ਰੱਖੇ
◼ ਆਪਣੀਆਂ ਯੋਜਨਾਵਾਂ ਬਾਰੇ ਦੂਸਰਿਆਂ ਨਾਲ ਗੱਲ ਕਰੋ