ਤੁਸੀਂ ਕਿਹੜੀ ਗੱਲ ਨੂੰ ਪਹਿਲ ਦਿੰਦੇ ਹੋ?
1 ਤੁਸੀਂ ਇਸ ਸਵਾਲ ਦਾ ਕੀ ਜਵਾਬ ਦਿਓਗੇ? ਇਹ ਤਾਂ ਠੀਕ ਹੈ ਕਿ ਅਸੀਂ ਸਾਰੇ ਪਰਮੇਸ਼ੁਰ ਦੇ ਰਾਜ ਦੇ ਕੰਮਾਂ ਨੂੰ ਪਹਿਲ ਦੇਣੀ ਚਾਹੁੰਦੇ ਹਾਂ। (ਮੱਤੀ 6:33) ਪਰ ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ, ‘ਕੀ ਮੇਰੇ ਫ਼ੈਸਲਿਆਂ ਤੋਂ ਦਿੱਸਦਾ ਹੈ ਕਿ ਮੈਂ ਪਰਮੇਸ਼ੁਰ ਦੇ ਕੰਮਾਂ ਨੂੰ ਪਹਿਲ ਦਿੰਦਾ ਹਾਂ?’ ਬਾਈਬਲ ਸਾਨੂੰ ‘ਆਪਣੇ ਆਪ ਨੂੰ ਪਰਖਣ’ ਦਾ ਉਤਸ਼ਾਹ ਦਿੰਦੀ ਹੈ। (2 ਕੁਰਿੰ. 13:5) ਅਸੀਂ ਆਪਣੇ ਆਪ ਨੂੰ ਕਿਵੇਂ ਪਰਖ ਸਕਦੇ ਹਾਂ ਤਾਂਕਿ ਅਸੀਂ ਦੇਖ ਸਕੀਏ ਕਿ ਅਸੀਂ ਪਰਮੇਸ਼ੁਰੀ ਕੰਮਾਂ ਨੂੰ ਪਹਿਲ ਦਿੰਦੇ ਹਾਂ ਜਾਂ ਨਹੀਂ?
2 ਸਾਡਾ ਸਮਾਂ: ਸਭ ਤੋਂ ਪਹਿਲਾਂ ਅਸੀਂ ਦੇਖ ਸਕਦੇ ਹਾਂ ਕਿ ਅਸੀਂ ਆਪਣਾ ਸਮਾਂ ਕਿਵੇਂ ਬਿਤਾਉਂਦੇ ਹਾਂ। (ਅਫ਼. 5:15, 16) ਹਰ ਹਫ਼ਤੇ ਅਸੀਂ ਦੂਜਿਆਂ ਨੂੰ ਮਿਲਣ-ਗਿਲਣ, ਟੈਲੀਵਿਯਨ ਦੇਖਣ, ਇੰਟਰਨੈੱਟ ਉੱਤੇ ਜਾਂ ਕਿਸੇ ਸ਼ੌਕ ਨੂੰ ਪੂਰਾ ਕਰਨ ਵਿਚ ਕਿੰਨਾ ਸਮਾਂ ਬਿਤਾਉਂਦੇ ਹਾਂ? ਜੇ ਅਸੀਂ ਇਨ੍ਹਾਂ ਚੀਜ਼ਾਂ ਉੱਤੇ ਬਿਤਾਏ ਸਮੇਂ ਨੂੰ ਕਾਗ਼ਜ਼ ਉੱਤੇ ਲਿਖ ਲਈਏ ਅਤੇ ਫਿਰ ਇਸ ਦੀ ਤੁਲਨਾ ਪਰਮੇਸ਼ੁਰੀ ਕੰਮਾਂ ਵਿਚ ਲਾਏ ਸਮੇਂ ਨਾਲ ਕਰੀਏ, ਤਾਂ ਨਤੀਜਾ ਸ਼ਾਇਦ ਹੈਰਾਨੀਜਨਕ ਹੋਵੇ। ਕੀ ਅਸੀਂ ਭਗਤੀ ਦੇ ਕੰਮ ਛੱਡ ਕੇ ਓਵਰ-ਟਾਈਮ ਕਰਦੇ ਹਾਂ ਤਾਂਕਿ ਅਸੀਂ ਐਸ਼ੋ-ਆਰਾਮ ਦੀਆਂ ਚੀਜ਼ਾਂ ਖ਼ਰੀਦ ਸਕੀਏ? ਅਸੀਂ ਕਿਤੇ ਘੁੰਮਣ-ਫਿਰਨ ਜਾਣ ਕਰਕੇ ਕਿੰਨੀ ਕੁ ਵਾਰੀ ਸਭਾਵਾਂ ਵਿਚ ਜਾਂ ਪ੍ਰਚਾਰ ਤੇ ਨਹੀਂ ਜਾ ਪਾਉਂਦੇ?
3 ਜ਼ਰੂਰੀ ਕੰਮਾਂ ਨੂੰ ਪਹਿਲ ਦਿਓ: ਸਾਡੇ ਸਾਰਿਆਂ ਕੋਲ ਇੰਨਾ ਸਮਾਂ ਨਹੀਂ ਹੈ ਕਿ ਅਸੀਂ ਆਪਣਾ ਹਰ ਕੰਮ ਪੂਰਾ ਕਰ ਸਕੀਏ। ਇਸ ਲਈ ਪਰਮੇਸ਼ੁਰੀ ਕੰਮਾਂ ਨੂੰ ਪਹਿਲ ਦੇਣ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਕੰਮਾਂ ਦੀ ਜਾਂਚ ਕਰੀਏ ਤੇ ਫਿਰ “ਚੰਗ ਚੰਗੇਰੀਆਂ ਗੱਲਾਂ” ਯਾਨੀ ਜ਼ਰੂਰੀ ਕੰਮਾਂ ਲਈ ਸਮਾਂ ਤੈਅ ਕਰੀਏ। (ਫ਼ਿਲਿ. 1:10) ਇਨ੍ਹਾਂ ਕੰਮਾਂ ਵਿਚ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨਾ, ਪ੍ਰਚਾਰ ਤੇ ਜਾਣਾ, ਪਰਿਵਾਰ ਦੀ ਦੇਖ-ਭਾਲ ਕਰਨੀ ਅਤੇ ਸਭਾਵਾਂ ਵਿਚ ਜਾਣਾ ਸ਼ਾਮਲ ਹੈ। (ਜ਼ਬੂ. 1:1, 2; ਰੋਮੀ. 10:13, 14; 1 ਤਿਮੋ. 5:8; ਇਬ. 10:24, 25) ਹੋਰ ਕੰਮ ਜਿਵੇਂ ਹਲਕੀ-ਫੁਲਕੀ ਕਸਰਤ ਅਤੇ ਵਧੀਆ ਮਨਬਹਿਲਾਵਾ ਕਰਨਾ ਵੀ ਲਾਭਦਾਇਕ ਹੈ। (ਮਰ. 6:31; 1 ਤਿਮੋ. 4:8) ਪਰ ਇਨ੍ਹਾਂ ਘੱਟ ਜ਼ਰੂਰੀ ਕੰਮਾਂ ਨੂੰ ਆਪਣੀ ਥਾਂ ਤੇ ਰੱਖਿਆ ਜਾਣਾ ਚਾਹੀਦਾ ਹੈ।
4 ਇਕ ਨੌਜਵਾਨ ਭਰਾ ਨੇ ਨੌਕਰੀ ਵਾਸਤੇ ਉੱਚੀ ਸਿੱਖਿਆ ਹਾਸਲ ਕਰਨ ਦੀ ਬਜਾਇ ਪਾਇਨੀਅਰੀ ਕਰਨ ਦਾ ਫ਼ੈਸਲਾ ਕੀਤਾ। ਉਸ ਨੇ ਹੋਰ ਭਾਸ਼ਾ ਸਿੱਖੀ ਅਤੇ ਉਸ ਥਾਂ ਚਲਾ ਗਿਆ ਜਿੱਥੇ ਪ੍ਰਚਾਰ ਕਰਨ ਦੀ ਜ਼ਿਆਦਾ ਲੋੜ ਸੀ। ਉਸ ਨੇ ਕਿਹਾ: “ਮੈਂ ਇੱਥੇ ਬਹੁਤ ਹੀ ਖ਼ੁਸ਼ ਹਾਂ। ਇੱਥੇ ਸੇਵਾ ਕਰਨ ਦਾ ਕੁਝ ਅਲੱਗ ਹੀ ਮਜ਼ਾ ਹੈ। ਕਾਸ਼ ਸਾਰੇ ਨੌਜਵਾਨ ਭੈਣ-ਭਰਾ ਮੇਰੇ ਵਰਗਾ ਫ਼ੈਸਲਾ ਕਰਨ ਅਤੇ ਉਹ ਖ਼ੁਸ਼ੀ ਪਾਉਣ ਜੋ ਮੈਨੂੰ ਮਿਲੀ ਹੈ। ਯਹੋਵਾਹ ਦੀ ਦਿਲੋ-ਜਾਨ ਨਾਲ ਸੇਵਾ ਕਰਨ ਨਾਲੋਂ ਬਿਹਤਰ ਕੋਈ ਕੰਮ ਨਹੀਂ।” ਜੀ ਹਾਂ, ਪਰਮੇਸ਼ੁਰੀ ਕੰਮਾਂ ਨੂੰ ਪਹਿਲ ਦੇਣ ਨਾਲ ਸਾਨੂੰ ਕਈ ਬਰਕਤਾਂ ਮਿਲਦੀਆਂ ਹਨ। ਪਰ ਸਭ ਤੋਂ ਵਧੀਆ ਗੱਲ ਇਹ ਹੈ ਕਿ ਸਾਡੇ ਸਵਰਗੀ ਪਿਤਾ ਯਹੋਵਾਹ ਨੂੰ ਖ਼ੁਸ਼ੀ ਹੁੰਦੀ ਹੈ।—ਇਬ. 6:10.